ਸਿੱਖ ਤੇ ਮਾਰਕਸੀ ਚਿੰਤਕ ਅਤੇ ਸਿਆਸੀ ਸੰਘਰਸ਼ਸ਼ੀਲ ਯੋਧਾ ਸੀ ਗੁਰਬਚਨ ਸਿੰਘ

ਅਦਬੀ ਸ਼ਖਸੀਅਤਾਂ

ਡਾ. ਖੁਸ਼ਹਾਲ ਸਿੰਘ*
ਫੋਨ: +91-9316107093
ਜਲੰਧਰ ਸ਼ਹਿਰ ਦੇ ਸਿੱਖ ਪਰਿਵਾਰ ਵਿੱਚ 4 ਨਵੰਬਰ 1950 ਨੂੰ ਜਨਮੇ ਗੁਰਬਚਨ ਸਿੰਘ ਨੂੰ ਸਿੱਖ ਚਿੰਤਨ ਅਤੇ ਸਿੱਖ ਰਾਜਨੀਤੀ ਦੀ ਚਿਣਗ ਸਕੂਲ ਪੜ੍ਹਦਿਆਂ ਹੀ ਲੱਗ ਗਈ ਸੀ। ਉਨ੍ਹਾਂ ਦੇ ਪਿਤਾ ਅਕਾਲੀ ਦਲ ਦੇ ਸਰਗਰਮ ਵਰਕਰ ਤੇ ਲੀਡਰ ਸਨ, ਜਿਸ ਕਰਕੇ ਪੰਜਾਬੀ ਸੂਬੇ ਦੀ ਜੱਦੋ-ਜਹਿਦ ਸਮੇਂ ਮਾਸਟਰ ਤਾਰਾ ਸਿੰਘ ਦਾ ਉਨ੍ਹਾਂ ਦੇ ਘਰ ਆਉਣਾ-ਜਾਣਾ ਬਣਿਆ ਰਹਿੰਦਾ ਸੀ। ਵਿਦਿਆਰਥੀ ਜੀਵਨ ਸਮੇਂ ਕਈ ਵਾਰ ਗੁਰਬਚਨ ਸਿੰਘ ਆਪਣੇ ਪਿਤਾ ਦੀ ਹਦਾਇਤ ’ਤੇ ਜਲੰਧਰ ਸ਼ਹਿਰ ਵਿੱਚ ਮੋਰਚੇ ਲਈ ਇਕੱਠਾ ਕੀਤਾ ਪਾਰਟੀ ਫੰਡ ਅੰਮ੍ਰਿਤਸਰ ਵਿੱਚ ਮਾਸਟਰ ਜੀ ਕੋਲ ਜ੍ਹਮਾਂ ਕਰਵਾਉਣ ਜਾਂਦਾ ਸੀ।

ਇਉਂ ਗੁਰਬਚਨ ਸਿੰਘ ਨੂੰ ਅਕਾਲੀ ਦਲ ਦੀ ਲਿਖਤੀ ਸਮੱਗਰੀ, ਅਖਬਾਰ ਪੜ੍ਹਨ ਦੀ ਚੇਟਕ ਸਕੂਲ ਦੇ ਦਿਨਾਂ ਤੋਂ ਹੀ ਲੱਗ ਗਈ ਸੀ। ਇਸੇ ਕਰਕੇ ਉਸ ਨੂੰ ਸਿੱਖ ਫਲਸਫਾ ਤੇ ਸਹਿਤ ਪੜ੍ਹਨ ਅਤੇ ਖੋਜਣ ਦੀ ਰੁਚੀ ਬਚਪਨ ਤੋਂ ਹੀ ਪਨਪਣ ਲੱਗ ਪਈ ਸੀ। ਅਕਾਲੀ ਮੋਰਚੇ ਸਬੰਧੀ ਅਖਬਾਰਾਂ ਵਿੱਚੋਂ ਖਬਰਾਂ ਪੜ੍ਹਦਿਆਂ ਗੁਰਬਚਨ ਸਿੰਘ ਅੰਦਰ ਸਿਆਸਤ ਅਤੇ ਪੱਤਰਕਾਰੀ ਵੱਲ ਝੁਕਾਅ ਵਧ ਗਿਆ। ਉਹ ਪੜ੍ਹਾਈ ਬੀ.ਐਸਈ. ਨਾਨ ਮੈਡੀਕਲ, ਐਮ.ਏ. ਪੰਜਾਬੀ ਤੇ ਹਿੰਦੀ ਅਤੇ ਬੀ.ਐੱਡ ਕਰਦਿਆਂ ਹੀ ਅਖਬਾਰਾਂ ਰਸਾਲਿਆਂ ਵਿੱਚ ਲਿਖਣ ਲੱਗ ਪਿਆ ਸੀ। ਉਹ ਇਨਕਲਾਬੀ ਮੈਗਜ਼ੀਨਾਂ- ‘ਜ਼ਫਰਨਾਮਾ’ ਤੇ ‘ਜੈਕਾਰਾ’ ਦੇ ਲੇਖਕ ਮੰਡਲਾਂ ਵਿੱਚ ਜੁੜਿਆ ਰਿਹਾ। ਨਕਸਲੀ ਪੈਗਾਮ ਗਰੁੱਪ ਦੇ ਰਸਾਲੇ ‘ਪੈਗਾਮ’ ਦਾ ਕਈ ਸਾਲ ਉਹ ਕਰਤਾ-ਧਰਤਾ ਰਿਹਾ। ਉਸ ਪਿੱਛੋਂ ਕਰੀਬ 15 ਸਾਲ ਉਸ ਨੇ ‘ਦੇਸ਼ ਪੰਜਾਬ’ ਮੈਗਜ਼ੀਨ ਨੂੰ ਬਤੌਰ ਐਡੀਟਰ ਸੰਪਾਦਿਤ ਕੀਤਾ, ਛਪਵਾਇਆ ਅਤੇ ਵੰਡਿਆ। ਗੁਰਬਚਨ ਸਿੰਘ ਨੇ ‘ਅੱਜ ਦੀ ਅਵਾਜ਼’ ਅਖਬਾਰ ਦੇ ਸੰਪਾਦਕੀ ਮੰਡਲ ਦੇ ਮੈਂਬਰ ਦੇ ਤੌਰ `ਤੇ 1990ਵੇਂ ਵਿੱਚ ਕੰਮ ਕੀਤਾ।
ਜਿਵੇਂ 1966 ਵਿੱਚ ਲੰਗੜਾ ਪੰਜਾਬੀ ਸੂਬਾ ਬਣਨ ਤੋਂ ਬਾਅਦ ਉਸ ਸਮੇਂ ਦੇ ਸਿੱਖ ਅਤੇ ਸੰਵੇਦਨਸ਼ੀਲ ਨੌਜਵਾਨ ਚਿੰਤਕਾਂ ਨੂੰ ਭਾਰੀ ਨਿਰਾਸ਼ਾ ਹੋਈ ਸੀ, ਗੁਰਬਚਨ ਸਿੰਘ ਵੀ ਅਜਿਹੀਆਂ ਭਾਵਨਾਵਾਂ ਦੀ ਠੇਸ ਝੱਲਦਿਆਂ ਅਕਾਲੀ ਸਿਆਸਤ ਤੋਂ ਨਿਰਾਸ਼ ਹੋ ਕੇ ਕਿਸੇ ਰਾਜਨੀਤਕ ਬਦਲ ਦੀ ਤਲਾਸ਼ ਵਿੱਚ ਪੈ ਗਿਆ। ਹੋਰਨਾਂ ਸੁਹਿਰਦ ਨੌਜਵਾਨਾਂ ਦੀ ਤਰ੍ਹਾਂ ਉਹ ਵੀ 1967-68 ਵਿੱਚ ਉਭਰ ਰਹੀ ਨਕਸਲਵਾੜੀ ਲਹਿਰ ਵੱਲ ਖਿਚਿਆ ਗਿਆ। ਫਿਰ ਉਹ ਐਫ.ਸੀ.ਆਈ. ਵਿੱਚ ਬਤੌਰ ਕੁਆਲਿਟੀ ਇੰਸਪੈਕਟਰ ਕੰਮ ਕਰਦਿਆਂ ਵੀ ਲਹਿਰ ਦੇ ਕੁਲਵਕਤੀ ਕਾਰਕੁੰਨਾਂ ਵਾਂਗ ਕੰਮ ਕਰਦਾ ਰਿਹਾ। ਨਾਗੀਰੈਡੀ ਨਕਸਲਵਾਦੀ ਪਾਰਟੀ ਦੇ ਹੈੱਡ ਕੁਆਟਰ ਵਿਖੇ ਵੀ ਕੰਮ ਕਰਦਾ ਰਿਹਾ ਅਤੇ ਨਾਲ ਨਾਲ ਇਨਕਲਾਬੀ ਮੈਗਜ਼ੀਨਾਂ ਲਈ ਕੰਮ ਕਰਦਾ ਰਿਹਾ। ਉਹ ਅਣਥੱਕ ਵਰਕਰ ਤੇ ਲਿਖਾਰੀ ਸੀ। ਉਹ ਐਫ.ਸੀ.ਆਈ. ਵਿੱਚ ਪ੍ਰਚੱਲਤ ਭ੍ਰਿਸ਼ਟਾਚਾਰ ਤੋਂ ਪੂਰਨ ਪਾਸਾ ਵੱਟ ਕੇ ਪਾਰਟੀ ਦੇ ਕੰਮਾਂ ਵਿੱਚ ਜੁਟਿਆ ਰਿਹਾ।
ਪਰ ਧਰਮ-ਯੁੱਧ ਮੋਰਚੇ ਸਮੇਂ ਪੰਜਾਬੀ ਕਮਿਊਨਿਸਟ ਜਦੋਂ ਇੰਡੀਆ ਸਟੇਟ ਦੀ ਪੰਜਾਬ ਤੇ ਸਿੱਖ ਵਿਰੋਧੀ ਸਿਆਸਤ ਵੱਲ ਉਲਰ ਗਏ ਤਾਂ ਉਸ ਨੇ ਪ੍ਰਚੱਲਤ ਕਮਿਊਨਿਸਟ ਰਾਜਨੀਤੀ ਤੋਂ ਪਾਸਾ ਵੱਟ ਲਿਆ। ਪੰਜਾਬ ਦੇ ਕਾਮਰੇਡਾਂ ਦੀ ਰਾਸ਼ਟਰਵਾਦੀ ਸਿਆਸਤ ਦਾ ਕੱਟੜ ਵਿਰੋਧੀ ਬਣ ਗਿਆ। ਫਿਰ ਉਹ ਆਪਣੇ ਹਮ-ਖਿਆਲੀ ਗਰੁੱਪ ‘ਪੈਗਾਮ’ ਨਾਲ ਜੁੜ ਗਿਆ। ਸਾਲ 1980ਵੇਂ ਦੇ ਅਖੀਰ ਵਿੱਚ ਪੈਗਾਮ ਗਰੁੱਪ ਦੇ ਢਹਿ ਜਾਣ ਤੋਂ ਪੰਜਾਬੀ ਕਮਿਊਨਿਸਟਾਂ ਤੋਂ ਬਦਜ਼ਨ ਹੋ ਕੇ ਖੱਬੇ ਪੱਖੀ ਸਿਆਸੀ ਧਿਰਾਂ ਤੋਂ ਕਿਨਾਰਾ ਕਰ ਗਿਆ, ਪਰ ਮਾਰਕਸਵਾਦ ਦਾ ਪੱਲਾ ਉਸ ਨੇ ਸਾਰੀ ਉਮਰ ਨਹੀਂ ਛੱਡਿਆ, ਸਗੋਂ ਉਸਨੇ ਮਾਰਕਸ ਅਤੇ ਸਿੱਖ ਫਲਸਫੇ ਦੀ ਡੂੰਘੀ ਸਾਂਝ ਉੱਤੇ ਨਿੱਠ ਕੇ ਕੰਮ ਕੀਤਾ। ਲੇਖ ਲਿਖੇ, ਕਈ ਕਿਤਾਬਾਂ ਛਾਪੀਆਂ ਅਤੇ ਹਰ ਜਨਤਕ ਸਟੇਜ ਉੱਤੇ ਗੁਰਬਚਨ ਸਿੰਘ ਨੇ ਇਸ ਸਾਂਝ ਨੂੰ ਉਭਾਰਿਆ ਤੇ ਪ੍ਰਚਾਰਿਆ।
ਕਿਉਂਕਿ ਗੁਰਬਚਨ ਸਿੰਘ ਨੇ ਬਾਬਾ ਸਾਹਿਬ ਡਾ. ਅੰਬੇਦਕਰ ਦੀਆਂ ਲਿਖਤਾਂ ਦਾ ਵੀ ਖੂਬ ਅਧਿਐਨ ਕੀਤਾ ਸੀ, ਇਸੇ ਕਰਕੇ ਪੈਗਾਮ ਗਰੁੱਪ ਤੋਂ ਬਾਅਦ ਬਹੁਜਨ ਸਮਾਜ ਦੀ ਰਾਜਨੀਤੀ ਦਾ ਤਕਰੀਬਨ ਕੁਲ-ਵਕਤੀ ਕਾਮਾ ਬਣ ਗਿਆ। ਉਸ ਦੀ ਕਾਂਸ਼ੀ ਰਾਮ ਨਾਲ ਵੀ ਇੰਨੀ ਨੇੜਤਾ ਹੋ ਗਈ ਕਿ ਕਾਂਸ਼ੀ ਰਾਮ ਜਲੰਧਰ ਦੀ ਆਪਣੀ ਹਰ ਫੇਰੀ ਸਮੇਂ ਹਰ ਸੰਭਵ ਕੋਸ਼ਿਸ ਕਰਕੇ ਗੁਰਬਚਨ ਸਿੰਘ ਦੇ ਘਰ ਜਾਂਦਾ। ਬਹੁਜਨ ਪਾਰਟੀ ਦੇ ਅਖਬਾਰ ਕੱਢਣ ਲਈ ਕਾਂਸ਼ੀ ਰਾਮ ਨੇ ਗੁਰਬਚਨ ਸਿੰਘ ਨੂੰ ਵੱਡੀ ਰਾਸ਼ੀ ਦੀ ਪੇਸ਼ਕਸ਼ ਵੀ ਕੀਤੀ। ਇਸੇ ਤਰ੍ਹਾਂ ਉਹ ਪੰਜਾਬ ਦੇ ਮਨੁੱਖੀ ਅਧਿਕਾਰਾਂ ਦੇ ਸੰਗਠਨ ਦੇ ਆਗੂ ਪੰਜਾਬ/ਹਰਿਆਣਾ ਹਾਈਕੋਰਟ ਦੇ ਰੀਟਾਇਡ ਜੱਜ ਅਜੀਤ ਸਿੰਘ ਬੈਂਸ ਨਾਲ ਜੁੜ ਕੇ ਦਿਨ ਰਾਤ ਇੱਕ ਕਰ ਦਿੱਤਾ। ਗੁਰਬਚਨ ਸਿੰਘ ਨੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਸਿੱਖ ਨੌਜਵਾਨਾਂ ਦੇ ਕੇਸਾਂ ਦੇ ਦਸਤਾਵੇਜ਼ ਇਕੱਠੇ ਕੀਤੇ ਅਤੇ ਛਪਵਾਏ। ਉਸ ਨੇ ਜਸਟਿਸ ਬੈਂਸ ਅਤੇ ਕਾਂਸ਼ੀ ਰਾਮ ਦੀ ਸਿਆਸੀ ਨੇੜਤਾ ਵਧਾਉਣ ਦੇ ਵੀ ਉਪਰਾਲੇ ਕੀਤੇ। ਗੁਰਬਚਨ ਸਿੰਘ ਨੇ ‘ਪੰਥਕ ਮੋਰਚੇ’ ਦੇ ਆਗੂ ਅਕਾਲ ਤਖ਼ਤ ਦੇ ਜਥੇਦਾਰ ਭਾਈ ਰਣਜੀਤ ਸਿੰਘ ਅਤੇ ਬਾਬਾ ਸਰਬਜੋਤ ਸਿੰਘ ਬੇਦੀ ਨਾਲ ਵੀ ਲੰਬਾ ਸਮਾਂ ਕੰਮ ਕੀਤਾ ਅਤੇ ਮੋਰਚੇ ਦੇ ਪ੍ਰੈਸ ਬਿਆਨ ਤੇ ਹੋਰ ਲਿਖਤਾਂ ਲਿਖਦਾ ਅਤੇ ਜਾਰੀ ਕਰਦਾ ਰਿਹਾ।
ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਫੌਜੀ ਹਮਲੇ ਨੇ ਗੁਰਬਚਨ ਸਿੰਘ ਨੂੰ ਮਾਨਸਿਕ ਤੌਰ `ਤੇ ਝੰਜੋੜ ਕੇ ਰੱਖ ਦਿੱਤਾ। ਬਾਅਦ ਵਿੱਚ ਉੱਠੀ ਸਿੱਖ ਖਾੜਕੂ ਲਹਿਰ ਦੇ ਲੀਡਰਾਂ ਤੋਂ ਇਲਾਵਾ ਉਹ ਪੱਤਰਕਾਰ ਦਲਬੀਰ ਸਿੰਘ (ਅੰਗਰੇਜ਼ੀ ਟ੍ਰਿਬਿਊਨ), ਜਥੇਦਾਰ ਗੁਰਬਚਨ ਸਿੰਘ ਟੌਹੜਾ ਅਤੇ ਜਸਵੰਤ ਸਿੰਘ ਖਾਲੜਾ ਨਾਲ ਨੇੜੇ ਤੋਂ ਜੁੜਿਆ ਹੋਇਆ ਸੀ। ਕਰਮਸ਼ੀਲ ਯੋਧਾ ਗੁਰਬਚਨ ਸਿੰਘ 1990ਵੇਂ ਵਿੱਚ ਸਵਰਗਵਾਸੀ ਪੱਤਰਕਾਰ ਦਲਬੀਰ ਸਿੰਘ ਵਾਗੂੰ ਉਲਝ ਗਈ ਸਿੱਖ ਖਾੜਕੂ ਲਹਿਰ ਨੂੰ ਸਿਆਸੀ ਸੇਧ ਦੇਣਾ ਚਾਹੁੰਦਾ ਸੀ। ਕਈ ਸਾਲ ਦੋਵੇਂ ਇਕੱਠੇ ਹੋ ਕੇ ਹਰ ਸਿੱਖ ਮਸਲੇ ਉੱਤੇ ਪ੍ਰੈਸ ਕਾਨਫਰੰਸਾਂ ਕਰਕੇ ਆਪਣੇ ਰਾਜਨੀਤਿਕ ਵਿਚਾਰ ਪੇਸ਼ ਕਰਦੇ ਰਹੇ। ਦੋਨੋਂ ਹੀ ‘ਖਾਲੜਾ ਮਿਸ਼ਨ’ ਦੇ ਸਰਗਰਮ ਸੰਚਾਲਕ ਸਨ। ਦੋਨੋਂ ਹੀ ਅਕਾਲੀ ਦਲ (ਬਾਦਲ) ਦੀ ਰਾਜਨੀਤੀ ਅਤੇ ਉਨ੍ਹਾਂ ਦੀ ਸਰਕਾਰ ਦੇ ਜਨਤਕ ਪੱਧਰ ਉੱਤੇ ਘੋਰ ਵਿਰੋਧੀ ਸਨ, ਪਰ ਦੋਨਾਂ ਦੇ ਸਿੱਖੀ ਦੇ ਸਿਆਸੀ ਟੀਚੇ ਵਿੱਚ ਭਿੰਨਤਾ ਸੀ। ਗੁਰਬਚਨ ਸਿੰਘ ਦੀ ਸਿੱਖ ਰਾਜਨੀਤਿਕ ਸਮਝ ਸਿੱਖਾਂ ਦੇ ਧਰਮ ਆਧਾਰਤ ਖਾਲਸਾਈ ਅਮਲ ਵਾਲੇ ਖਾਲਿਸਤਾਨ ਉੱਤੇ ਜਾ ਰੁਕਦੀ ਸੀ, ਪਰ ਦਲਬੀਰ ਸਿੰਘ ‘ਸਮਾਜਿਕ ਨਿਆਂ ਤੇ ਸਮਾਜਿਕ ਬਰਾਬਰੀ’ ਉੱਤੇ ਜ਼ੋਰ ਦਿੰਦਾ ‘ਬੇਗਮਪੁਰ’ ਦੇ ਸੰਕਲਪ ਉੱਤੇ ਅੱਪੜ ਜਾਂਦਾ ਸੀ।
ਗੁਰਬਚਨ ਸਿੰਘ 2017-18 ਵਿੱਚ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਚੰਡੀਗੜ੍ਹ ਦੀਆਂ ਗਤੀਵਿਧੀਆਂ ਨਾਲ ਜੁੜ ਗਿਆ। ਉਹ ਸਿੰਘ ਸਭਾ ਦੀ ਪੱਤ੍ਰਿਕਾ ਦਾ ਕਈ ਸਾਲ ਐਡੀਟਰ ਰਿਹਾ। ਉਸ ਨੇ ਸਿੰਘ ਸਭਾ ਵੱਲੋਂ ਸਿੱਖ ਫਲਸਫੇ ਅਤੇ ਇਤਿਹਾਸ ਦੀ ਕਈ ਭੁੱਲੀਆਂ-ਵਿਸਰੀਆਂ ਕਿਤਾਬਾਂ ਨੂੰ ਛਪਵਾਇਆ। ਉਸ ਨੇ ਪਿਛਲੇ ਚਾਰ ਦਹਾਕਿਆਂ ਵਿੱਚ ਘੱਟੋ-ਘੱਟ 50 ਅਣਗੌਲੇ ਜਾਂ ਮਰ ਚੁੱਕੇ ਲੇਖਕਾਂ ਦੇ ਖਰੜਿਆਂ ਨੂੰ ਇਕੱਠਾ ਕਰਕੇ ਆਪਣੇ ਪੱਧਰ ਉੱਤੇ ਹੀ ਪੁਸਤਕਾਂ ਦਾ ਰੂਪ ਦਿੱਤਾ।
ਗੁਰਬਚਨ ਸਿੰਘ ਨੇ ਆਪਣੀ ਸਾਰੀ ਉਮਰ ਸਾਦਾ ਅਤੇ ਮਿਹਨਤੀ ਵਿਅਕਤੀ ਦੇ ਤੌਰ ਉੱਤੇ ਨਿਭਾਈ। ਉਸ ਦੇ ਘਰ ਪਰਿਵਾਰ ਦੀਆਂ ਜ਼ਿਆਦਾ ਜ਼ਿੰਮੇਵਾਰੀਆਂ ਉਸ ਦੀ ਸੁਪਤਨੀ ਮਨਜੀਤ ਕੌਰ ਨੇ ਹੀ ਕੀਤੀਆਂ।
ਸਮਾਜ ਦੀ ਬਿਹਤਰੀ ਨੂੰ ਸਮਰਪਿਤ ਗੁਰਬਚਨ ਸਿੰਘ ਪੱਛਮੀ ਸਭਿਆਚਾਰ, ਵਿਅਕਤੀਵਾਦ ਵਿੱਚ ਪੱਛਮੀ ਸਮਾਜ ਅਤੇ ਆਰਥਿਕ ਮਾਡਲ ਦਾ ਘੋਰ ਵਿਰੋਧੀ ਅਤੇ ਨਿੰਦਕ ਰਿਹਾ, ਜਿਸ ਨੂੰ ਉਹ ਸਾਮਰਾਜ ਵਿਵਸਥਾ ਅਧੀਨ ਚਲ ਰਿਹਾ ਅਣਮਨੁੱਖੀ, ਗ਼ੈਰ-ਮਾਨਵਵਾਦੀ ਅਤੇ ਹੈਵਾਨੀਅਤ ਭਰਿਆ ਪਦਾਰਥਵਾਦੀ ਸਮਾਜ ਕਹਿੰਦਾ ਹੁੰਦਾ ਸੀ। ਕੈਨੇਡਾ, ਅਮਰੀਕਾ ਤੇ ਆਸਟ੍ਰੇਲੀਆ ਦੀਆਂ ਕਈ ਫੇਰੀਆਂ ਨੇ ਸਗੋਂ ਗੁਰਬਚਨ ਸਿੰਘ ਦੇ ਪੱਛਮੀ ਸਭਿਅਤਾ ਵਿਰੋਧੀ ਵਿਚਾਰਾਂ ਨੂੰ ਹੋਰ ਪਰਪੱਕ ਕਰ ਦਿੱਤਾ ਸੀ; ਪਰ ਇਹ ਅਜੀਬ ਮਨੁੱਖੀ ਵਿਡੰਬਨਾ ਹੈ ਕਿ ਗੁਰਬਚਨ ਸਿੰਘ ਦੇ ਦੋਨੋਂ ਪੁੱਤਰ ਵਿਦੇਸ਼ਾਂ ਵਿੱਚ ਰਹਿ ਰਹੇ ਹਨ। ਉਸ ਦਾ ਵੱਡਾ ਪੁੱਤਰ ਜਗਮੀਤ ਸਿੰਘ ਕੈਨੇਡਾ ਵਿੱਚ ਅਤੇ ਛੋਟਾ ਕੰਵਲਪ੍ਰੀਤ ਸਿੰਘ ਆਸਟ੍ਰੇਲੀਆ ਵਿੱਚ ਰਹਿ ਰਿਹਾ ਹੈ। ਗੁਰਬਚਨ ਸਿੰਘ ਅਤੇ ਉਸ ਦੀ ਸੁਪਤਨੀ- ਦੋਨੋਂ ਹੀ ਆਪਣੇ ਪੁਸਤੈਨੀ ਘਰ ਸ਼ਕਤੀ ਨਗਰ ਜਲੰਧਰ ਵਿੱਚ ਰਹਿ ਰਹੇ ਸਨ।
ਇੰਨੇ ਵੱਡੇ ਕਲਮ ਦੇ ਧਨੀ, ਨਿਰਸਵਾਰਥ, ਸਮਾਜ ਸੇਵਕ ਅਤੇ ਸਮਾਜ ਦੀ ਆਰਥਿਕਤਾ ਅਤੇ ਰਾਜਨੀਤਿਕ ਬਿਹਤਰੀ ਲਈ ਨਿਰੰਤਰ ਕੰਮ ਕਰਨ ਵਾਲੇ ਕੁਲ-ਵਕਤੀ ਯੋਧਾ ਗੁਰਬਚਨ ਸਿੰਘ ਨੂੰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਸ਼ਰਧਾਂਜਲੀ ਭੇਟ ਕਰਦੀ ਹੈ।

*ਜਨਰਲ ਸਕੱਤਰ
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ
ਪਲਾਟ ਨੰ. 1, ਸੈਕਟਰ 28-ਏ, ਚੰਡੀਗੜ੍ਹ।

Leave a Reply

Your email address will not be published. Required fields are marked *