ਉਜਾਗਰ ਸਿੰਘ
ਫੋਨ: +91-9417813072
ਕਮਲਜੀਤ ਸਿੰਘ ਬਨਵੈਤ ਮੁਢਲੇ ਤੌਰ ‘ਤੇ ਪੱਤਰਕਾਰ ਹੈ। ਪੱਤਰਕਾਰੀ ਵਿੱਚੋਂ ਸੇਵਾ ਮੁਕਤੀ ਤੋਂ ਬਾਅਦ ਉਹ ਕਾਲਮ ਨਵੀਸ ਅਤੇ ਵਾਰਤਕਕਾਰ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਕਰੀਬ ਕਰੀਬ ਰੋਜ਼ ਹੀ ਉਸ ਦੇ ਲੇਖ ਅਖ਼ਬਾਰਾਂ ਦਾ ਸ਼ਿੰਗਾਰ ਬਣਦੇ ਹਨ। ਅਣਡਿੱਠ ਮੁੱਦਿਆਂ ਨੂੰ ਉਹ ਬੜੀ ਬਾਰੀਕੀ ਨਾਲ ਬਹੁਤ ਥੋੜ੍ਹੇ ਸ਼ਬਦਾਂ ਵਿੱਚ ਲਿਖ ਕੇ ਪਾਠਕਾਂ ਦੇ ਦਿਲਾਂ ਵਿੱਚ ਤੁਣਕੇ ਮਾਰਦਾ ਰਹਿੰਦਾ ਹੈ। ਉਸ ਨੇ ਹੁਣ ਤੱਕ ਇੱਕ ਦਰਜਨ ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਹਨ। ਚਰਚਾ ਅਧੀਨ ਪੁਸਤਕ ‘ਤੋਕੜ’ ਵਿੱਚ ਛੋਟੇ-ਛੋਟੇ 28 ਲੇਖ ਹਨ, ਜਿਨ੍ਹਾਂ ਦੇ ਵਿਸ਼ੇ ਤੇ ਮੁੱਦੇ ਇਨਸਾਨੀਅਤ ਦੀ ਮਾਨਸਿਕਤਾ ਨਾਲ ਸਬੰਧਤ ਹਨ। ਇੱਕ ਸੁਜੱਗ ਕਾਲਮ ਨਵੀਸ ਤੇ ਲੇਖਕ ਹੋਣ ਕਰਕੇ ਉਹ ਵਰਤਮਾਨ ਸਮਾਜ ਦੀ ਮਾਨਸਿਕਤਾ ਨੂੰ ਮਹਿਸੂਸ ਕਰਦਾ ਹੋਇਆ ਲਘੂ ਲੇਖ ਲਿਖਦਾ ਹੈ।
ਪੁਸਤਕ ਦਾ ਨਾਮ ‘ਤੋਕੜ’ ਪੰਜਾਬ ਦੀ ਦਿਹਾਤੀ ਵਿਰਾਸਤ ਵਿੱਚ ਵਰਤਿਆ ਜਾਣ ਵਾਲਾ ਸ਼ਬਦ ਹੈ, ਜਿਸ ਬਾਰੇ ਸ਼ਹਿਰੀ ਸਭਿਅਚਾਰ ਵਾਲੇ ਲੋਕਾਂ ਨੂੰ ਜਾਣਕਾਰੀ ਨਹੀਂ। ਤੋਕੜ ਲੇਖ ਇੱਕ ਬਜ਼ੁਰਗ ਦੇ ਬੁਢਾਪੇ ਵਿੱਚ ਉਸ ਦੇ ਪਰਿਵਾਰ ਵੱਲੋਂ ਅਣਡਿੱਠ ਕਰਨ ਦੀ ਤ੍ਰਾਸਦੀ ਦਾ ਪ੍ਰਗਟਾਵਾ ਹੈ। ਬਜ਼ੁਰਗ ਨੇ ਆਪਣੇ ਪਰਿਵਾਰ ਦਾ ਬਾਖ਼ੂਬੀ ਪਾਲਣ ਪੋਸ਼ਣ ਕੀਤਾ, ਪ੍ਰੰਤੂ ਜਦੋਂ ਉਸ ਨੂੰ ਬੁਢਾਪੇ ਵਿੱਚ ਦੇਖ-ਭਾਲ ਦੀ ਲੋੜ ਪਈ ਤਾਂ ਬੱਚੇ ਉਸ ਨੂੰ ਵਾਧੂ ਭਾਰ ਸਮਝਣ ਲੱਗ ਪਏ। ਅਜਿਹੇ ਸ਼ਬਦਾਂ ਤੇ ਸਿਰਲੇਖਾਂ ਦੀ ਵਰਤੋਂ ਕਰਕੇ ਕਮਲਜੀਤ ਬਨਵੈਤ ਆਧੁਨਿਕ ਸਮੇਂ ਦੀ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਦਾ ਕਾਰਜ ਕਰ ਰਹੇ ਹਨ। ‘ਦਸਵੰਧ’ ਲੇਖ ਦਿਹਾਤੀ ਭਾਈਚਾਰੇ ਦੀ ਸਾਂਝੀਵਾਲਤਾ ਦੀ ਭਾਵਨਾ ਅਤੇ ਹਰ ਝਗੜੇ ਵਿੱਚ ਸਮਝੌਤਾ ਕਰਨ ਦੀ ਸਿਆਣਪ ਦੀ ਪ੍ਰਤੀਕ ਹੈ। ‘ਡੇਰਾ ਸੰਤ ਬਾਬਾ ਰੱਬ ਸਿੰਘ’ ਲੇਖ ਜੁਗਾੜੀ ਅਧਿਕਾਰੀਆਂ ਅਤੇ ਸਿਆਸਤਦਾਨਾਂ ਦਾ ਵੋਟਾਂ ਬਦਲੇ ਗ਼ਲਤ ਕੰਮ ਕਰਨ, ਡੇਰਿਆਂ ਦੀ ਮਹੱਤਤਾ ਅਤੇ ਕਾਨੂੰਨ ਵਿਵਸਥਾ ਬਾਰੇ ਸੁਚੱਜੇ ਢੰਗ ਨਾਲ ਜਾਣਕਾਰੀ ਪ੍ਰਦਾਨ ਕਰਦਾ ਹੈ। ‘ਟੈਰਾਲੀਨ ਦੀ ਸ਼ਰਟ’ ਪੁਰਾਤਨ ਤੇ ਆਧੁਨਿਕ ਜ਼ਿੰਦਗੀ ਦੀਆਂ ਲੋੜਾਂ ਦੇ ਅੰਤਰ ਦਾ ਪ੍ਰਗਟਾਵਾ ਕਰਦੀ ਹੈ।
‘ਬੰਦਾ’ ਲੇਖ ਵਿੱਚ ਉਚੇ ਅਹੁਦਿਆਂ ਵਾਲੇ ਵਿਅਕਤੀ ਹੋਰ ਲੋਕਾਂ ਨੂੰ ਬੰਦਾ ਹੀ ਨਹੀਂ ਸਮਝਦੇ, ਉਨ੍ਹਾਂ ਦੇ ਅਹੁਦਿਆਂ ਦੀ ਹਉਮੈ ਮੂੰਹ ਚੜ੍ਹ ਕੇ ਬੋਲਦੀ ਹੈ। ‘ਇਨਸਾਨੀਅਤ’ ਲੇਖ ਵਿੱਚ ਦਰਸਾਇਆ ਗਿਆ ਹੈ ਕਿ ਸਮੇਂ ਦੇ ਬਦਲਣ ਨਾਲ ਬੀਮਾਰੀਆਂ, ਉਨ੍ਹਾਂ ਦੇ ਇਲਾਜ ਅਤੇ ਇਨਸਾਨ ਬਦਲ ਗਏ ਹਨ। ਮਾਨਵਤਾ ਦੇ ਦਰਦ ਵਾਲਾ ਭਾਵਨਾਤਮਕ ਲੇਖ ਹੈ। ‘ਧਨ ਪਿਰੁ’ ਲੇਖ ਸਾਂਝੇ ਪਰਿਵਾਰਾਂ, ਵੱਡਿਆਂ ਦੀ ਕਦਰ, ਦਾਨ ਕਰਨ ਦਾ ਸਕੂਨ ਅਤੇ ਸਾਦਗੀ ਬਾਰੇ ਚਾਨਣਾ ਪਾਉਂਦਾ ਹੋਇਆ ਇਨਸਾਨੀਅਤ ਦੀ ਕਦਰ ਕਰਨ ਦੀ ਪ੍ਰੇਰਨਾ ਦਿੰਦਾ ਹੈ। ‘ਇੰਝ ਮਿਲੀ ਮੈਨੂੰ ਕਾਰ’ ਲੇਖ ਵਿੱਚ ਪੀ.ਜੀ.ਆਈ. ਵਿੱਚੋਂ ਚੋਰੀ ਹੋਈ ਕਾਰ ਲੱਭਣ ਵਿੱਚ ਪੀ.ਜੀ.ਆਈ. ਸਟਾਫ ਤੇ ਚੰਡੀਗੜ੍ਹ ਪੁਲਿਸ ਦੀ ਚੁਸਤੀ-ਫੁਰਤੀ ਅਤੇ ਪੰਜਾਬ ਪੁਲਿਸ ਦੀ ਅਵੇਸਲੀ ਕਾਰਗੁਜ਼ਾਰੀ ਦਾ ਪ੍ਰਗਟਾਵਾ ਹੈ।
‘ਕੌਕਟੇਲ ਮੌਕਟੇਲ’ ਵਿੱਚ ਦਰਸਾਇਆ ਗਿਆ ਹੈ ਕਿ ਪੁਰਾਣੀ ਸੋਚ ਵਾਲੇ ਮਾਪੇ ਲੜਕੀਆਂ ਨੂੰ ਬਰਾਬਰ ਦੇ ਮੌਕੇ ਦੇਣ ਦੇ ਵਿਰੁੱਧ ਹੁੰਦੇ ਹਨ, ਪ੍ਰੰਤੂ ਜਦੋਂ ਹੋਰ ਲੜਕੀਆਂ ਦੇ ਮਾਪਿਆਂ ਦੀ ਫਰਾਖਦਿਲੀ ਵੇਖਦੇ ਹਨ, ਫਿਰ ਉਨ੍ਹਾਂ ਨੂੰ ਸਮਝ ਆਉਂਦੀ ਹੈ। ‘ਕੀੜੀ ਦਾ ਆਟਾ’ ਲੇਖ ਮਾੜੀ ਮੋਟੀ ਤਕਲੀਫ਼ ਤੋਂ ਬੱਚਿਆਂ ਦਾ ਧਿਆਨ ਹਟਾਉਣ ਲਈ ਅਜਿਹੀ ਗੱਲ ਕਰਕੇ ਬਜ਼ੁਰਗ ਟਾਲ ਦਿੰਦੇ ਸਨ, ਪ੍ਰੰਤੂ ਅੱਜ ਕੱਲ੍ਹ ਦੇ ਲੋਕਾਂ ਵਿੱਚ ਇਹ ਘਾਟ ਮਹਿਸੂਸ ਹੁੰਦੀ ਹੈ, ਉਹ ਲੜਾਈ ਮੁੱਲ ਲੈਣ ਲਈ ਤਿਆਰ ਰਹਿੰਦੇ ਹਨ, ਕਿਉਂਕਿ ਉਨ੍ਹਾਂ ਵਿੱਚ ਬਰਦਾਸ਼ਤ ਕਰਨ ਲਈ ਸਹਿਨਸ਼ੀਲਤਾ ਦੀ ਅਣਹੋਂਦ ਹੈ। ‘ਮੈਂ ਭਿਖਾਰੀ ਨਹੀਂ’ ਲੇਖ ਸਾਈਬਰ ਫਰਾਡ ਅਤੇ ਸੋਸ਼ਲ ਮੀਡੀਆ/ਫੇਸ ਬੁੱਕ ਦੀ ਦੁਰਵਰਤੋਂ ਕਰਨ ਤੋਂ ਬਚਣ ਦੀ ਸਲਾਹ ਦਿੰਦਾ ਹੈ। ‘ਬੇਬੀ’ ਲੇਖ ਪਰਵਾਸ ਦੀ ਜ਼ਿੰਦਗੀ ਦੀ ਤਸਵੀਰ ਖਿੱਚਦਾ ਹੈ, ਜਿਸ ਵਿੱਚ ਪਤੀ-ਪਤਨੀ ਦੀ ਵਫ਼ਦਾਰੀ ਦੀ ਘਾਟ ਮਹਿਸੂਸ ਹੁੰਦੀ ਹੈ। ‘ਕਿਤੇ ਮੈਂ ਮੰਤਰੀ ਨਹੀਂ ਸੰਤਰੀ ਹੁੰਦਾ’ ਸਿਆਸਤਦਾਨਾਂ ਵੱਲੋਂ ਭ੍ਰਿਸ਼ਟਾਚਾਰ ਕਰਨ ਅਤੇ ਫਿਰ ਬਚਣ ਲਈ ਢੰਗ-ਤਰੀਕੇ ਲੱਭਣ ਬਾਰੇ ਜਾਣਕਾਰੀ ਦਿੰਦਾ ਹੈ।
‘ਖਾਲਿਸਤਾਨੀ’ ਲੇਖ ਭਾਰਤ ਵਿੱਚ ਘੱਟ-ਗਿਣਤੀਆਂ ਨਾਲ ਹੋ ਰਹੇ ਵਰਤਾਓ ਦਾ ਪਰਦਾ ਫਾਸ਼ ਕਰਦਾ ਹੈ, ਜਦੋਂ ਇੱਕ ਸਿੱਖ ਕਾਰੋਬਾਰ ਲਈ ਕਲੀਨ ਸ਼ੇਵ ਬਣਦਾ ਹੈ, ਪ੍ਰੰਤੂ ਫਿਰ ਵੀ ਬਚਾਅ ਨਹੀਂ ਹੁੰਦਾ। ‘ਬਾਰ ਪਰਾਏ ਬੈਸਣਾ’ ਵਿੱਚ ਇਸਤਰੀਆਂ ਦਾ ਆਮ ਤੌਰ ‘ਤੇ ਆਪਣੇ ਮਰਦਾਂ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਣਾ, ਲੜਕੀਆਂ ਦੇ ਜੰਮਣ ‘ਤੇ ਇਸਤਰੀਆਂ ਵੱਲੋਂ ਬੁਰਾ ਮਨਾਉਣਾ ਅਤੇ ਇਨਸਾਨ ਦੇ ਮਾੜੇ ਵਕਤ ਵਿੱਚ ਆਪਣਿਆਂ ਦਾ ਬੇਗਾਨੇ ਬਣਨ ਬਾਰੇ ਹੈ। ‘ਗਹੂਣੀਆ ਆਈ.ਏ.ਐਸ.’ ਲੇਖ ਨੌਜਵਾਨ ਵਿਦਿਆਰਥੀਆਂ ਨੂੰ ਮਾਪਿਆਂ ਵੱਲੋਂ ਆਪਣੇ ਅਨੁਸਾਰ ਚਲਾਉਣ ਦੇ ਗ਼ਲਤ ਨਤੀਜੇ ਨਿਕਲਣ ਬਾਰੇ ਚੇਤੰਨ ਕਰਦਾ ਹੈ। ‘ਬਗਲੇ ਭਗਤ’ ਅਤੇ ‘ਮਨ ਮੰਦਰ’ ਲੇਖ ਗੁਰਦੁਆਰਿਆਂ ਦੀ ਬਹੁਤਾਤ, ਸਕੂਲਾਂ ਤੇ ਹਸਪਤਾਲਾਂ ਦੀ ਘਾਟ ਪ੍ਰੰਤੂ ਗੁਰਦੁਆਰੇ ਗੋਲਕ ਦੀ ਮਾਇਆ ਕਰਕੇ ਝਗੜਿਆਂ ਦਾ ਕੇਂਦਰ ਬਣਨ ਬਾਰੇ ਹਨ। ‘ਮਾਂ ਮਰੀ ਨਹੀਂ’ ਲੇਖ ਵਿੱਚ ਕੈਂਸਰ ਦੀ ਬੀਮਾਰੀ ਦਾ ਵਧਣਾ, ਪੀ.ਜੀ.ਆਈ. ਵਿੱਚ ਇਲਾਜ ਲਈ ਖੱਜਲ ਖੁਆਰੀ ਪ੍ਰੰਤੂ ਵਧੀਆ ਇਲਾਜ, ਮੁਫ਼ਤ ਲੰਗਰ ਦੂਜੇ ਪਾਸੇ ਚੋਰੀਆਂ ਦੀ ਬਹੁਤਾਤ ਬਾਰੇ ਹੈ। ਚੋਣਵੇਂ ਪਰਿਵਾਰ ਮੁਫ਼ਤ ਲੰਗਰ ਦੀ ਥਾਂ ਆਪਣੀ ਹੱਕ ਦੀ ਕਮਾਈ `ਤੇ ਵਿਸ਼ਵਾਸ਼ ਕਰਦੇ ਹਨ। ‘ਬਦਲਾਅ’ ਲੇਖ ਪਹਿਲੇ ਸਮੇਂ ਹੱਥੀਂ ਕੰਮ ਕਰਨ ਦੀ ਜਦੋਜਹਿਦ ਬਾਰੇ ਹੈ। ‘ਤੇ ਅੱਕ ਚੱਬਣਾ ਪਿਆ’ ਵਿੱਚ ਸਖ਼ਤ ਮਿਹਨਤ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। ਮਜ਼ਬੂਰੀ ਹਰ ਜਾਇਜ਼-ਨਜ਼ਾਇਜ ਕੰਮ ਕਰਵਾਉਂਦੀ ਹੈ। ‘ਹਵਾ ‘ਚ ਲਟਕਦਾ ਮਨੁੱਖ’ ਵਿੱਚ ਪੁਰਾਣੀਆਂ ਤੇ ਨਵੀਂਆਂ ਪਰੰਪਰਾਵਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ‘ਬੰਦਾ-ਕੁਬੰਦਾ’ ਲੇਖ ਦੋ ਪਰਿਵਾਰਾਂ ਦੀ ਤੁਲਨਾ ਰਾਹੀਂ ਇੱਕ ਪਰਿਵਾਰ ਦਾ ਮਰਦ ਆਪਣੀ ਪਤਨੀ ਲਈ ਅਗਾਊਂ ਸੇਵਾ ਮੁਕਤੀ ਲੈਂਦਾ ਹੈ, ਦੂਜਾ ਪਤਨੀ ਦੀ ਦੇਖਭਾਲ ਦੀ ਥਾਂ ਸੈਰ ਸਪਾਟਾ ਕਰਨ ਨੂੰ ਤਰਜੀਹ ਦਿੰਦਾ ਹੈ।
‘ਪੰਜਾਬ ਡੁੱਬਿਆ’ ਲੇਖ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਦੀ ਤਰ੍ਹਾਂ ਪੰਜਾਬ ਦੇ ਲੋਕ ਕੁਦਰਤੀ ਆਫ਼ਤਾਂ ਦਾ ਖੁਦ ਮੁਕਾਬਲਾ ਕਰਦੇ ਹਨ ਤੇ ਸਰਕਾਰਾਂ ਨੂੰ ਕੋਸਦੇ ਤਾਂ ਹਨ ਪ੍ਰੰਤੂ ਬਹੁਤੀ ਆਸ ਨਹੀਂ ਰੱਖਦੇ। ਹੜ੍ਹਾਂ ਤੋਂ ਪ੍ਰਭਾਵਤ ਲੋਕ ਖੁਦ ਵੀ ਬਹੁਤੇ ਪ੍ਰਭਾਵਤ ਲੋਕਾਂ ਨੂੰ ਲੰਗਰ ਵੰਡਦੇ ਫਿਰਦੇ ਰਹਿੰਦੇ ਹਨ। ਇਹੋ ਸੋਚ ਪੰਜਾਬੀਆਂ ਦੀ ਖਾਸੀਅਤ ਦਾ ਵਰਣਨ ਕਰਦੀ ਹੈ। ਕਰੋਨਾ ਵਿੱਚ ਵੀ ਮਦਦਗਾਰ ਸਾਬਤ ਹੋਏ ਹਨ। ਸਿਆਸੀ ਲੋਕ ਤੇ ਫੁਕਰੇ ਲੋਕ ਵੀਡੀਓਜ਼ ਬਣਾ ਕੇ ਬਿਨਾ ਕੋਈ ਮਦਦ ਕੀਤੇ ਸ਼ਾਹਵਾ ਵਾਹਵਾ ਖੱਟਦੇ ਹਨ। ‘ਮਾਂ ਦਾ ਢਿੱਡ’, ‘ਤੇਰਾਂ-ਤੇਰਾਂ’, ‘ਟੈਡੀ ਬਿਅਰ’ ਲੇਖਾਂ ਵਿੱਚ ਵੀ ਬੜਾ ਕੁਝ ਪੇਸ਼ ਕੀਤਾ ਗਿਆ ਹੈ।