ਰਵਿੰਦਰ ਸਿੰਘ ਸੋਢੀ, ਕੈਨੇਡਾ
ਫੋਨ: 1-604-369-2371
ਕੈਨੇਡਾ ਪਰਵਾਸ ਕਰ ਚੁੱਕਿਆ ਸੁਖਿੰਦਰ 1972 ਤੋਂ ਸਾਹਿਤਕ ਕਾਰਜਾਂ ਵੱਲ ਰੁਚਿਤ ਹੈ ਅਤੇ ਹੁਣ ਤੱਕ ਉਸ ਦੀਆਂ 45 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਸ ਨੇ ਵੱਖ-ਵੱਖ ਸਾਹਿਤਕ ਵਿਧਾਵਾਂ ਦੀ ਰਚਨਾ ਕੀਤੀ ਹੈ। ਕਿਉਂ ਜੋ ਉਹ ਵਿਗਿਆਨ ਦਾ ਵਿਦਿਆਰਥੀ ਰਿਹਾ ਹੈ, ਇਸ ਲਈ ਉਸ ਦੀਆਂ ਪਹਿਲੀਆਂ ਦੋ ਪੁਸਤਕਾਂ ਵਿਗਿਆਨ ਦੇ ਵਿਸ਼ਿਆਂ ਨਾਲ ਹੀ ਸਬੰਧਿਤ ਸਨ। ਵਿਗਿਆਨਕ ਵਿਸ਼ਿਆਂ ਸਬੰਧੀ ਉਸ ਦੀਆਂ ਕੁੱਲ ਤਿੰਨ ਪੁਸਤਕਾਂ ਹਨ।
ਬਾਅਦ ਵਿੱਚ ਉਹ ਕਵਿਤਾ ਦੇ ਖੇਤਰ ਵਿੱਚ ਜ਼ਿਆਦਾ ਵਿਚਰਿਆ ਅਤੇ ਹੁਣ ਤੱਕ ਉਸ ਦੇ 22 ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਚਾਰ ਪੁਸਤਕਾਂ ਆਲੋਚਨਾ ਦੀਆਂ ਹਨ, ਪੰਜ ਵਾਰਤਕ ਦੀਆਂ, ਸੱਤ ਪੁਸਤਕਾਂ ਦਾ ਸੰਪਾਦਨ ਕੀਤਾ ਹੈ, ਦੋ ਨਾਵਲਾਂ ਦੀ ਰਚਨਾ ਤੋਂ ਇਲਾਵਾ ਇੱਕ ਪੁਸਤਕ ਬੱਚਿਆਂ ਲਈ ਵੀ ਹੈ ਅਤੇ ਇੱਕ ਅੰਗਰੇਜ਼ੀ ਕਵਿਤਾਵਾਂ ਦੀ।
ਸੁਖਿੰਦਰ ਇੱਕ ਪੰਜਾਬੀ ਮੈਗਜ਼ੀਨ (ਸੰਵਾਦ) ਦਾ ਸੰਪਾਦਕ ਵੀ ਹੈ ਅਤੇ ਫੇਸਬੁੱਕ `ਤੇ ਵੀ ਬਹੁਤ ਸਰਗਰਮ ਰਹਿੰਦਾ ਹੈ। ਉਸ ਦੀਆਂ ਅਜੋਕੀਆਂ ਕਵਿਤਾਵਾਂ ਵਿੱਚ ਵਿਦਰੋਹ ਦੀ ਸੁਰ ਭਾਰੂ ਹੈ। ਗਲਤ ਵਰਤਾਰਾ ਕਿਸੇ ਵੀ ਖੇਤਰ ਅਤੇ ਪੱਧਰ `ਤੇ ਹੋਵੇ, ਉਹ ਉਸ ਵਿਰੁੱਧ ਜ਼ੋਰਦਾਰ ਢੰਗ ਨਾਲ ਆਵਾਜ਼ ਉਠਾਉਂਦਾ ਹੈ ਅਤੇ ਵਿਅੰਗਾਤਮਕ ਸ਼ੈਲੀ ਵਿੱਚ ਆਪਣੀ ਗੱਲ ਕਰਦਾ ਹੈ। ਕੀ ਵਿਦਰੋਹ ਦੀ ਭਾਵਨਾ ਉਸ ਨੂੰ ਕੁਦਰਤ ਵੱਲੋਂ ਮਿਲੀ ਹੈ ਜਾਂ ਗਲਤ ਵਰਤਾਰਿਆਂ ਵਿਰੁਧ ਚੁੱਪ ਨਾ ਰਹਿ ਸਕਣਾ ਉਸ ਦੇ ਵਿਅਕਤਿਤਵ ਦਾ ਹਿੱਸਾ ਬਣ ਚੁੱਕਿਆ ਹੈ ਜਾਂ ਇਸ ਪਿੱਛੇ ਕੋਈ ਵਿਅਕਤੀਗਤ ਕਾਰਨ ਹੈ, ਇਸ ਦਾ ਜੁਆਬ ਉਹ ਆਪ ਹੀ ਦੇ ਸਕਦਾ ਹੈ। ਕਈ ਵਾਰ ਇੰਜ ਵੀ ਮਹਿਸੂਸ ਹੁੰਦਾ ਹੈ ਕਿ ਜਿਵੇਂ ਹੀ ਉਹ ਕੋਈ ਗੱਲ ਗਲਤ ਹੁੰਦੀ ਦੇਖਦਾ ਹੈ ਤਾਂ ਆਪਾ ਖੋ ਬੈਠਦਾ ਹੈ ਅਤੇ ਆਪਣੀ ਕਲਮ ਨੂੰ ਹਥਿਆਰ ਦੀ ਤਰ੍ਹਾਂ ਵਰਤਦਾ ਹੈ। ਇਹ ਇੱਕ ਜਾਗਰੂਕ ਸਾਹਿਤਕਾਰ ਦੀ ਵਿਲੱਖਣਤਾ ਹੀ ਕਹੀ ਜਾ ਸਕਦੀ ਹੈ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਸਕਦਾ ਕਿ ਉਸਦੀ ਇਹ ਵਿਦਰੋਹੀ ਸੁਰ ਕਈਆਂ ਨੂੰ ਖਟਕਦੀ ਵੀ ਹੈ, ਪਰ ਉਹ ਆਪਣੀ ਵਿਲੱਖਣ ਸ਼ੈਲੀ ਨੂੰ ਤਿਆਗ ਨਹੀਂ ਸਕਦਾ।
‘ਵਾਇਰਸ’ ਸ਼ਬਦ ਕੰਪਿਊਟਰ ਦੇ ਖੇਤਰ ਨਾਲ ਸਬੰਧਿਤ ਹੈ, ਜਿਸ ਦਾ ਭਾਵ ਹੈ ਕਿ ਕੰਪਿਊਟਰ ਵਿੱਚ ਕੋਈ ਖ਼ਰਾਬੀ ਆ ਜਾਣੀ ਜਾਂ ਨੁਕਸ ਪੈ ਜਾਣਾ। ਵਰਤਮਾਨ ਸਮੇਂ ਵਿੱਚ ਪੰਜਾਬੀ ਰਹਿਣ-ਸਹਿਣ, ਬੋਲ-ਚਾਲ, ਰਸਮਾਂ-ਰਿਵਾਜਾਂ, ਖਾਣ-ਪੀਣ, ਸਾਹਿਤਕ ਖੇਤਰ, ਧਾਰਮਿਕ ਅਤੇ ਸਮਾਜਿਕ ਕਦਰਾਂ-ਕੀਮਤਾਂ, ਗੱਲ ਕੀ ਸਮੁੱਚੇ ਤੌਰ `ਤੇ ਪੰਜਾਬੀ ਸਭਿਆਚਾਰ ਹੀ ਨਿਘਾਰ ਵੱਲ ਜਾ ਰਿਹਾ ਹੈ। ਸੁਖਿੰਦਰ ਦੇ ਵਿਚਾਰ ਅਧੀਨ ਕਾਵਿ ਸੰਗ੍ਰਹਿ ਦਾ ਅਧਿਐਨ ਕਰਨ ਉਪਰੰਤ ਇਹ ਗੱਲ ਸਪਸ਼ਟ ਰੂਪ ਵਿੱਚ ਦ੍ਰਿਸ਼ਟੀਗੋਚਰ ਹੁੰਦੀ ਹੈ ਕਿ ਉਹ ਇਨ੍ਹਾਂ ਨਾਂਹ-ਪੱਖੀ ਬਦਲਾਵਾਂ ਵਿਰੁਧ ਜ਼ੋਰਦਾਰ ਆਵਾਜ਼ ਉਠਾਉਂਦਾ ਹੈ। ਉਸ ਦੀਆਂ ਕਵਿਤਾਵਾਂ ਦੇ ਸਿਰਲੇਖ ਪੜ੍ਹ ਕੇ ਹੀ ਇਸਦੀ ਪੁਸ਼ਟੀ ਹੋ ਜਾਂਦੀ ਹੈ। ਮਸਲਨ: ਸਾਹਿਤਕ ਦਲਾਲ, ਧੀਆਂ ਦੇ ਕਾਤਲ, ਪੰਜਾਬੀ ਮਾਨਸਿਕਤਾ, ਸਾਹਿਤਕ ਖਲਨਾਇਕ, ਗੈਂਗਸਟਰ ਗਾਇਕਾਂ ਦੇ ਹਿਮਾਇਤੀ, ਚੋਰਾਂ ਦੇ ਕਿੱਸੇ, ਮੌਜ-ਮੇਲਾ ਸਮਾਰੋਹ, ਬਲਾਤਕਾਰੀ ਕਾਨੂੰਨ ਘਾੜੇ ਅਤੇ ਅਦਾਲਤਾਂ, ਬਾਂਦਰਾਂ ਦੀ ਭੀੜ, ਮੱਠਧਾਰੀ, ਖਲਨਾਇਕ, ਧੜੇਬੰਦਕ ਮੁਖੌਟਿਆਂ ਦੀ ਕੁੱਤਾ-ਝਾਕ, 31 ਕਰੋੜੀ ਲੈਂਪ, ਬਲੈਕ ਲਿਸਟਿਡ ਕਵੀ, ਇੱਕ ਵਿਸ਼ਵ-ਵਿਦਿਆਲੇ ਦੀ ਮੌਤ, ਪਰੌਂਠਾ ਪਾਲਿਟਿਕਸ, ਮੋਇਆਂ ਹੋਇਆਂ ਦੇ ਜਸ਼ਨ, ਡਾਕਟਰ ਦੀ ਡਿਗਰੀ, ਸਾਜਿਸ਼ੀ ਚੁੱਪ ਹੈ ਹਰ ਪਾਸੇ, ਪੰਜਾਬ ਦੀਆਂ ਰਾਜਨੀਤਕ ਭੇਡਾਂ ਦੀ ਬਹਿਸ ਆਦਿ।
ਇਨ੍ਹਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸੁਖਿੰਦਰ ਦੀ ਗਹਿਰੀ ਅੱਖ ਹਰ ਖੇਤਰ ਵਿੱਚ ਫੈਲ ਰਹੇ ਭ੍ਰਿਸ਼ਟਾਚਾਰ ਨੂੰ ਨਿਹਾਰਦੀ ਹੀ ਨਹੀਂ, ਸਗੋਂ ਉਸ ਵਿਰੁਧ ਆਵਾਜ਼ ਉਠਾਉਣ ਦੀ ਹਿੰਮਤ ਵੀ ਰੱਖਦੀ ਹੈ। ਸੁਹਿਰਦ ਸਾਹਿਤਕਾਰ ਇਸ ਉਲਝ ਚੁੱਕੇ ਤਾਣੇ ਦੀ ਹਰ ਤੰਦ ਨੂੰ ਹੀ ਆਪਣੇ ਤੇਜ ਵਿਅੰਗ ਦੀ ਮਾਰ ਹੇਠ ਲੈ ਆਉਂਦਾ ਹੈ। ਅਜਿਹਾ ਕਰਦੇ ਹੋਏ ਉਹ ਇਸ ਦੇ ਪਿਛੋਕੜ ਦੀ ਪੈੜ ਨੱਪਦਾ ਹੋਇਆ ਦੋ ਸੌ ਸਾਲ ਪਿੱਛੇ ਪਹੁੰਚ ਜਾਂਦਾ ਹੈ ਅਤੇ ‘ਕੁਝ ਸ਼ਬਦ ਮੇਰੇ ਵੱਲੋਂ ਵੀ’ ਵਿੱਚ ਲਿਖਦਾ ਹੈ, “ਪਿਛਲੇ ਤਕਰੀਬਨ 200 ਸਾਲ ਤੋਂ ਪੰਜਾਬ, ਪੰਜਾਬੀ ਸਭਿਆਚਾਰ ਅਤੇ ਪੰਜਾਬੀ ਵਿਰਸੇ ਨੂੰ, ਭਾਂਤ-ਭਾਂਤ ਦੇ ਵਾਇਰਸ ਚਿੰਬੜੇ ਹੋਏ ਹਨ। ਇਹ ਵਾਇਰਸ ਰਾਜਨੀਤਿਕ, ਸਮਾਜਿਕ, ਸਭਿਆਚਾਰਕ, ਧਾਰਮਿਕ, ਵਿਦਿਅਕ ਅਤੇ ਨੈਤਿਕ ਖੇਤਰਾਂ ਨਾਲ ਸਬੰਧਿਤ ਹਨ।” ਇਸਦੇ ਨਾਲ ਹੀ ਉਸ ਨੇ ਇਹ ਵੀ ਲਿਖਿਆ ਹੈ ਕਿ ਇਹ ਵਾਇਰਸ ਪੰਜਾਬ ਨੂੰ ਵਾਰ-ਵਾਰ ਟੁਕੜਿਆਂ ਵਿੱਚ ਹੀ ਨਹੀਂ ਵੰਡ ਰਹੇ, ਬਲਕਿ ਪੰਜਾਬੀ ਸਭਿਆਚਾਰ ਅਤੇ ਵਿਰਸੇ ਦੇ ਨਿਰਮਲ ਪਾਣੀਆਂ ਨੂੰ ਗੰਧਲਾ ਵੀ ਕਰ ਰਹੇ ਹਨ। ਇਸ ਪਰਥਾਏ ਪ੍ਰਸਤੁਤ ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ ‘ਵਾਇਰਸ ਪੰਜਾਬ ਦੇ’ ਵਿੱਚ ਉਹ ਲਿਖਦਾ ਹੈ:
“ਪਹਿਲੀ ਵਾਰ ਦੇਸ਼ ਪੰਜਾਬ ਨੂੰ
ਵਾਇਰਸ ਪੰਜਾਬ ਨੇ ਆਪਣੀ
ਜਕੜ ‘ਚ ਉਦੋਂ ਲਿਆ ਜਦੋਂ
ਹਿੰਦੁਸਤਾਨ ‘ਚ ਰਾਜ ਕਰ ਰਹੀ
ਅੰਗਰੇਜ਼ ਹਕੂਮਤ ਨੇ ਸਾਜਿਸ਼ੀ ਢੰਗ ਨਾਲ
ਦੇਸ ਪੰਜਾਬ ‘ਚ ਖ਼ਾਨਾਜੰਗੀ ਸ਼ੁਰੂ ਕਰਾ
ਦੇਸ ਦੀ ਮਾਨਸਿਕਤਾ ਨੂੰ
ਖੇਰੂੰ ਖੇਰੂੰ ਕਰਨ ਦੇ ਇਰਾਦਿਆਂ ਨਾਲ
ਇਸ ਨੂੰ ਜੱਫ਼ਾ ਮਾਰ ਲਿਆ।”
ਇਸ ਤੋਂ ਬਾਅਦ ਕਵੀ ਨੇ ਦੇਸ਼ ਦੀ ਆਜ਼ਾਦੀ ਸਮੇਂ ਪੰਜਾਬ ਦੀ ਵੰਡ, 1961 ਵਿੱਚ ਦੂਜੀ ਵਾਰ ਹੋਈ ਵੰਡ ਅਤੇ ਉਸ ਤੋਂ ਬਾਅਦ ਰਾਜਨੀਤਿਕ ਭ੍ਰਿਸ਼ਟਾਚਾਰ, ਨਸ਼ਿਆਂ ਦਾ ਵੱਧਦਾ ਮੱਕੜ ਜਾਲ, ਗੈਂਗਸਟਰ ਪਸਾਰ, ਪੁਲਿਸ ਦੀ ਦਹਿਸ਼ਤ ਅਤੇ ਵਰਤਮਾਨ ਸਮੇਂ ਦੇ ਹੋਰ ਭੈੜੇ ਵਰਤਾਰੇ ‘ਹੱਸਦੇ-ਵੱਸਦੇ ਹਿੱਸੇ ਨੂੰ ਕਬਰਸਤਾਨ’ ਬਣਾਉਣ ਲਈ ਕਾਹਲੇ ਹਨ, ਆਦਿ ਵਾਇਰਸਾਂ ਦੀ ਗੱਲ ਕੀਤੀ ਹੈ। ਸੁਖਿੰਦਰ ਨੇ ਇਸ ਕਵਿਤਾ ਵਿੱਚ ਪੰਜਾਬ ਦੇ ਦੁਖਾਂਤ ਨੂੰ ਬਾ-ਖ਼ੂਬੀ ਪੇਸ਼ ਕਰ ਦਿੱਤਾ ਹੈ।
ਇਸੇ ਤਰ੍ਹਾਂ ‘ਤੁਹਾਨੂੰ ਕੁਮੈਂਟ ਨਹੀਂ ਕਰਨਾ ਚਾਹੀਦਾ’ ਕਵਿਤਾ ਵਿੱਚ ਵੀ ਕਵੀ ਨੇ ਪੰਜਾਬ ਦੇ ਨੌਜਵਾਨਾਂ ਦਾ ਨਸ਼ਿਆਂ ਵੱਲ ਪ੍ਰੇਰਿਤ ਹੋਣ, ਗੈਂਗਸਟਰ ਗਾਇਕਾਂ ਵੱਲ ਵੱਧਦਾ ਰੁਝਾਨ, ਫਿਰਕਾਪ੍ਰਸਤੀ ਅਤੇ ਅਤਿਵਾਦੀ ਸਰਗਰਮੀਆਂ ਵਿੱਚ ਰੁਚੀ ਲੈਣਾ ਆਦਿ `ਤੇ ਵੀ ਵਿਅੰਗ ਕੀਤਾ ਹੈ।
ਸੁਖਿੰਦਰ ਪੰਜਾਬੀ ਸਾਹਿਤ ਵਿੱਚ ਪ੍ਰਫੁੱਲਤ ਹੋ ਰਹੇ ਮਾਫ਼ੀਆ ਸਭਿਆਚਾਰ ਨੂੰ ਵੀ ਕਰੜੇ ਹੱਥੀਂ ਲੈਂਦਾ ਹੈ। ਪ੍ਰਸਤੁਤ ਕਾਵਿ ਸੰਗ੍ਰਹਿ ਵਿੱਚ ਇਸ ਵਿਸ਼ੇ ਨੂੰ ਪ੍ਰਗਟਾਉਂਦੀਆਂ ਕਈ ਕਵਿਤਾਵਾਂ ਹਨ। ‘ਸਾਹਿਤਕ ਦਲਾਲ’ ਵਿੱਚ ਉਹ ਇਨਾਮਾਂ-ਸਨਮਾਨਾਂ ਲਈ ਹੋ ਰਹੀ ਦੌੜ-ਭੱਜ ਨੂੰ ਨਸ਼ਰ ਕਰਦਾ ਹੋਇਆ ਕਿਤੇ-ਕਿਤੇ ਲੋੜ ਨਾਲੋਂ ਵਧ ਤਿੱਖੀ ਭਾਸ਼ਾ ਦੀ ਵਰਤੋਂ ਕਰ ਜਾਂਦਾ ਹੈ। ਇਹ ਠੀਕ ਹੈ ਕਿ ਇਸ ਪੱਖ ਤੋਂ ਹਾਲਾਤ ਜ਼ਿਆਦਾ ਹੀ ਖ਼ਰਾਬ ਹਨ, ਪਰ ਫੇਰ ਵੀ ਸਾਹਿਤਕਾਰ ਨੂੰ ਭਾਸ਼ਾ ਦੀ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਹੈ। ‘ਸਾਹਿਤਕ ਖਲਨਾਇਕ’ ਵਿੱਚ ਵੀ ਉਹ ਪੰਜਾਬੀ ਸਾਹਿਤ ਵਿੱਚ ਫੈਲੇ ‘ਮੱਠਵਾਦ’ ਦਾ ਭਾਂਡਾ ਭੰਨਦਾ ਹੈ। (“ਸਾਹਿਤਕ ਸਰਗਰਮੀਆਂ ਨੂੰ ਵੀ ਅਸੀਂ ਹੀ/ਗਿਰਗਿਟ ਦੇ ਰੰਗਾਂ ‘ਚ ਰੰਗਦੇ ਹਾਂ।”)
ਸੁਖਿੰਦਰ ਨੇ ਦੇਸ਼ ਵਿੱਚ ਫੈਲੇ ਇੱਕ ਹੋਰ ਭੈੜੇ ਚਲਨ ਵੱਲ ਵੀ ਇਸ਼ਾਰਾ ਕੀਤਾ ਹੈ ਕਿ ਰਾਜਸੀ ਨੇਤਾ ਧਰਮ ਨੂੰ ਆਪਣੇ ਫਾਇਦੇ ਲਈ ਵਰਤਣ ਤੋਂ ਦਰੇਗ ਨਹੀਂ ਕਰਦੇ, ਭਾਵੇਂ ਇਸ ਨਾਲ ਦੇਸ਼ ਦਾ ਮਾਹੌਲ ਖ਼ਰਾਬ ਹੀ ਕਿਉਂ ਨਾ ਹੋ ਜਾਵੇ! ਇਸ ਸਬੰਧੀ ਵੀ ਉਹ ਤਿੱਖੀ ਸੁਰ ਵਿੱਚ ਗੱਲ ਕਰਦਾ ਹੈ। ‘ਧਰਮੀ ਬੇਅਦਬੀਆਂ ਦੀ ਰੁੱਤ’ ਵਿੱਚ ਉਸਦਾ ਵਿਅੰਗ ਪਾਠਕਾਂ ਨੂੰ ਪ੍ਰਭਾਵਿਤ ਕਰਦਾ ਹੈ:
ਧਰਤੀ ਉੱਤੇ ਇੱਕ
ਅਜਿਹਾ ਦੇਸ਼ ਵੀ ਵੱਸਦਾ ਹੈ
ਜਿੱਥੇ ਚੋਣਾਂ ਦੀ ਰੁੱਤ ਆਉਣ ਨਾਲ ਹੀ
ਧਰਮੀ ਬੇਅਦਬੀਆਂ ਦੀ ਰੁੱਤ ਦਾ ਵੀ
ਆਗਮਨ ਹੋ ਜਾਂਦਾ ਹੈ।
ਇਸ ਕਾਵਿ ਸੰਗ੍ਰਹਿ ਦੇ ਇੱਕ ਹੋਰ ਪਹਿਲੂ ਵੱਲ ਮੈਂ ਵਿਦਵਾਨ ਸਾਹਿਤਕਾਰ ਦਾ ਧਿਆਨ ਦ੍ਰਿਸ਼ਟੀਗਤ ਕਰਨਾ ਚਾਹੁੰਦਾ ਹਾਂ ਕਿ ਉਸ ਨੇ ਆਪਣੀਆਂ ਕਵਿਤਾਵਾਂ ਵਿੱਚ ਵਿਸ਼ਰਾਮ ਚਿੰਨ੍ਹ ਕਾਮੇ (,) ਦੀ ਬੇਲੋੜੀ ਵਰਤੋਂ ਕੀਤੀ ਹੈ। ਉਦਾਹਰਣ ਦੇ ਤੌਰ `ਤੇ:
ਕੁਝ, ਸਕੂਲ, ਹਸਪਤਾਲ, ਸ਼ੌਪਿੰਗ ਪਲਾਜ਼ੇ (ਪੰਨਾ 51)
ਆਪਣਾ, ਜਲਵਾ (ਪੰਨਾ 51)
ਉਦੋਂ, ਧਰਮ-ਸਥਾਨਾਂ ਦੀ, ਮਾਣ-ਮਰਿਆਦਾ ਨਹੀਂ ਟੁੱਟਦੀ (ਪੰਨਾ 52)
ਹਕੂਮਤ, ਨੇ ਆਪਣੀ/ ਸ਼ਕਤੀ ਦੇ, ਰੀਮੋਟ ਕੰਟਰੋਲ ਦਾ (ਪੰਨਾ 56)
ਇਸ ਕਾਵਿ ਸੰਗ੍ਰਹਿ ਦੀ ਭੂਮਿਕਾ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਡਾ. ਮੋਹਨ ਸਿੰਘ ਤਿਆਗੀ ਨੇ ਬਹੁਤ ਮਿਹਨਤ ਨਾਲ ਲਿਖੀ ਹੈ, ਜਿਸ ਤੋਂ ਉਨ੍ਹਾਂ ਦੀ ਆਲੋਚਨਾਤਮਕ ਸੋਝੀ ਦਾ ਪਤਾ ਚਲਦਾ ਹੈ। ਉਨ੍ਹਾਂ ਨੇ ਸੁਖਿੰਦਰ ਦੀ ਕਾਵਿ ਕਲਾ ਸਬੰਧੀ ਵਿਸਤਾਰ ਵਿੱਚ ਚਰਚਾ ਕਰਦੇ ਹੋਏ ਸਾਰਥਕ ਸਿੱਟੇ ਵੀ ਕੱਢੇ ਹਨ। ਇਹ ਭੂਮਿਕਾ ਪੜ੍ਹ ਕੇ ਸੁਖਿੰਦਰ ਦੇ ਕਾਵਿ ਸੰਸਾਰ ਨੂੰ ਅਸਾਨੀ ਨਾਲ ਸਮਝਿਆ ਜਾ ਸਕਦਾ ਹੈ। ਅਜਿਹੀ ਭਾਵਪੂਰਤ ਭੂਮਿਕਾ ਲਿਖਣ ਲਈ ਡਾ. ਤਿਆਗੀ ਵਧਾਈ ਦੇ ਹੱਕਦਾਰ ਹਨ।
ਸਮੁੱਚੇ ਰੂਪ ਵਿੱਚ ‘ਵਾਇਰਸ ਪੰਜਾਬ ਦੇ’ ਕਾਵਿ ਸੰਗ੍ਰਹਿ ਸਬੰਧੀ ਕਿਹਾ ਜਾ ਸਕਦਾ ਹੈ ਕਿ ਕਵੀ ਦੇ ਤਿੱਖੇ ਵਿਦਰੋਹੀ ਸੁਰਾਂ ਤੋਂ ਘਬਰਾਉਣ ਦੀ ਲੋੜ ਨਹੀਂ, ਸਗੋਂ ਇਨ੍ਹਾਂ ਤੋਂ ਸਬੰਧਿਤ ਵਰਤਾਰਿਆਂ ਸਬੰਧੀ ਸੰਜੀਦਾ ਹੋ ਕੇ ਸੋਚਣ ਦੀ ਲੋੜ ਹੈ ਅਤੇ ਸਾਰੇ ਪੰਜਾਬ ਹਿਤੈਸ਼ੀਆਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਕਿ ਇਨ੍ਹਾਂ ਦਾ ਯੋਗ ਹੱਲ ਕਿਵੇਂ ਲੱਭਿਆ ਜਾਵੇ?
ਇਹ ਪੁਸਤਕ ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਪੁਸਤਕ ਦੀ ਛਪਾਈ ਅਤੇ ਸਵਰਕ ਵੀ ਪ੍ਰਭਾਵਿਤ ਕਰਦੇ ਹਨ। 192 ਪੰਨਿਆਂ ਦੀ ਇਸ ਪੁਸਤਕ ਵਿੱਚ 81 ਕਵਿਤਾਵਾਂ ਹਨ।