ਪੰਜ ਰਾਜਾਂ ਦੀਆਂ ਚੋਣਾਂ ਵਿੱਚ ਮਿਲੀ ਸਫਲਤਾ ਪਿੱਛੋਂ ਭਾਜਪਾ ਦੀ ਹੈਂਕੜ ਵਧੀ
-ਪੰਜਾਬੀ ਪਰਵਾਜ਼ ਬਿਊਰੋ
ਬੰਦੀ ਸਿੰਘਾਂ ਦੀ ਰਿਹਾਈ ਅਤੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਗੁਮਸ਼ੁਦਗੀ/ਸ਼ਹਾਦਤ ਸਬੰਧੀ ਹਾਲ ਹੀ ਵਿੱਚ ਜਾਰੀ ਹੋਏ ਇੱਕ ਪੜਤਾਲੀਆ ਰਿਪੋਰਟ ਦੇ ਅੰਸ਼ ਰਵਾਇਤੀ ਅਕਾਲੀ ਸਿਆਸੀ ਲੀਡਰਸ਼ਿੱਪ ਲਈ ਵੱਡੀ ਔਕੜ ਬਣਦੇ ਵਿਖਾਈ ਦੇ ਰਹੇ ਹਨ। ਪਿੱਛੇ ਜਿਹੇ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਲੀਡਰਸ਼ਿਪ ਤੋਂ ਜਾਣੇ ਜਾਂ ਅਣਜਾਣੇ ਵਿੱਚ ਹੋਈਆਂ ਗਲਤੀਆਂ ਅਤੇ ਭੁੱਲਾਂ ਦੀ ਮੁਆਫੀ ਮੰਗੀ ਗਈ ਸੀ।
ਇਸ ਤੋਂ ਬਾਅਦ ਕੁਝ ਦਿੱਲੀ ਦੇ ਸਿੱਖ ਆਗੂ ਅਕਾਲੀ ਦਲ ਵਿੱਚ ਪਰਤੇ ਹਨ। ਇਸ ਤੋਂ ਬਾਅਦ ਸੰਯੁਕਤ ਅਕਾਲੀ ਦਲ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਵੀ ਸੁਖਬੀਰ ਵੱਲੋਂ ਮੰਗੀ ਗਈ ਮੁਆਫੀ ਨੂੰ ਹਾਂਮੁਖੀ ਢੰਗ ਨਾਲ ਲਿਆ ਸੀ ਅਤੇ ਅਕਾਲੀ ਦਲ (ਬਾਦਲ) ਨਾਲ ਏਕਤਾ ਦੀ ਗੱਲ ਤੁਰ ਪਈ ਸੀ। ਢੀਂਡਸਾ ਗਰੁੱਪ ਵੱਲੋਂ ਏਕਤਾ ਦੇ ਮੁੱਦੇ ‘ਤੇ ਆਪਣੇ ਕਾਡਰ ਦੀ ਰਾਏ ਲੈਣ ਲਈ ਇੱਕ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ; ਪਰ ਸਿੱਖ ਸਿਆਸਤ ਦੇ ਬਾਅਦ ਵਿੱਚ ਉਧੜੇ ਰਦੇਅਮਲ ਵਿੱਚ ਜਥੇਦਾਰ ਕਾਉਂਕੇ ਨੂੰ ਹਿਰਾਸਤ ਵਿੱਚ ਖੁਰਦ-ਬੁਰਦ ਕਰਨ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਦੇ ਉਭਰ ਆਉਣ ਕਾਰਨ ਅਕਾਲੀ ਏਕਤਾ ਵੱਟੇ-ਖਾਤੇ ਪੈਂਦੀ ਨਜ਼ਰ ਆ ਰਹੀ ਹੈ। ਇਸ ਦਰਮਿਆਨ ਜਥੇਦਾਰ ਕਾਉਂਕੇ ਤੇ ਬੰਦੀ ਸਿੰਘਾਂ ਦਾ ਮਾਮਲਾ ਸਿੱਖ ਸਿਆਸਤ ਦੇ ਕੇਂਦਰੀ ਮੁੱਦੇ ਬਣਦੇ ਨਜ਼ਰ ਆ ਰਹੇ ਹਨ।
ਯਾਦ ਰਹੇ, ‘ਵਾਰਸ ਪੰਜਾਬ ਦੇ’ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਵੱਲੋਂ ਪੰਜ ਸਿੱਖ ਤਖਤਾਂ ‘ਤੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਸਮਾਗਮਾਂ ਦੀ ਲੜੀ ਚਲਾਈ ਗਈ ਸੀ। ਇਹ ਲੜੀ 31 ਦਸੰਬਰ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਕੀਤੀ ਗਈ ਅਰਦਾਸ ਨਾਲ ਮੁਕੰਮਲ ਹੋ ਗਈ। ਪਰਿਵਾਰ ਵੱਲੋਂ ਇਹ ਰੋਸ ਵੀ ਸਾਹਮਣੇ ਆਇਆ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਗਏ ਇਨ੍ਹਾਂ ਅਰਦਾਸ ਸਮਾਗਮਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਕਾਫੀ ਯਤਨ ਕੀਤੇ ਗਏ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪੁਲਿਸ ਦਬਾਅ ਪਾਉਂਦੀ ਰਹੀ ਕਿ ਅਰਦਾਸ ਵੇਲੇ ਬੰਦੀ ਸਿੰਘਾਂ ਦੇ ਨਾਮ ਨਾ ਲਏੇ ਜਾਣ, ਪਰ ਸੰਗਤ ਵੱਲੋਂ ਨਾਮ ਲੈ ਕੇ ਅਰਦਾਸ ਕੀਤੀ ਗਈ। ਸਿੱਖ ਸੰਗਤ ਤਖਤ ਸਾਹਿਬ ਦੇ ਸਨਮੁਖ ਹੋ ਕੇ ਅਰਦਾਸ ਕਰਨਾ ਚਾਹੁੰਦੀ ਸੀ, ਪਰ ਇਸ ਨੂੰ ਪੁਲਿਸ ਵੱਲੋਂ ਰੋਕ ਦਿੱਤਾ ਗਿਆ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮਰਹੂਮ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 31 ਦਸੰਬਰ ਤੱਕ ਅਲਟੀਮੇਟਮ ਦਿੱਤਾ ਹੋਇਆ ਸੀ ਕਿ ਇਸ ਦਿਨ ਤੱਕ ਸ਼੍ਰੋਮਣੀ ਕਮੇਟੀ ਰਹਿਮ ਦੀ ਅਪੀਲ ਦਾ ਕੋਈ ਨਿਪਟਾਰਾ ਨਹੀਂ ਕਰਵਾ ਸਕਦੀ ਤਾਂ ਉਹ ਅਗਲਾ ਐਕਸ਼ਨ ਉਲੀਕਣਗੇ। ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਾਮਲੇ ਨੂੰ ਹੱਲ ਕਰਨ ਲਈ ਬਣਾਈ ਕਮੇਟੀ ਨੂੰ ਕੁਝ ਸਮਾਂ ਹੋਰ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਅਨੁਸਾਰ ਕੇਂਦਰ ਸਰਕਾਰ ਨਾਲ ਖਤੋ ਖਿਤਾਬ ਚੱਲ ਰਹੀ ਹੈ, ਇਸ ਲਈ ਮਾਮਲੇ ਨੂੰ ਨਜਿੱਠਣ ਲਈ ਬਣਾਈ ਗਈ ਕਮੇਟੀ ਨੂੰ ਕੁਝ ਹੋਰ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਇਸ ਦਰਮਿਆਨ ਬਲਵੰਤ ਸਿੰਘ ਰਾਜੋਆਣਾ ਨੇ ਵੀ ਆਪਣੇ ਵੱਲੋਂ ਇੱਕ ਪੱਤਰ ਲਿਖ ਕੇ ਸਮਾਂ ਵਧਾਏ ਜਾਣ ਦੀ ਮੰਗ ਨੂੰ ਸਹਿਮਤੀ ਦੇ ਦਿੱਤੀ ਹੈ।
ਬੰਦੀ ਸਿੰਘਾਂ ਦਾ ਹਾਲ ਇਹ ਹੈ ਕਿ ਪੰਜਾਬ ਦੇ ਹੀ ਕਈ ਸਿਆਸੀ ਕੈਦੀ 30 ਸਾਲਾਂ ਦੀ ਸਜ਼ਾ ਪੂਰੀ ਹੋਣ ਨੂੰ ਟੱਪ ਗਏ ਹਨ ਅਤੇ ਰਿਹਾਈ ਦੀ ਹਾਲੇ ਕਿਧਰੇ ਆਸ ਵੀ ਵਿਖਾਈ ਨਹੀਂ ਦਿੰਦੀ। ਇੱਥੋਂ ਤੱਕ ਕਿ ਮਾਨਸਿਕ ਤੌਰ ‘ਤੇ ਬਿਮਾਰ ਹੋ ਚੁੱਕੇ ਪ੍ਰੋ. ਭੁੱਲਰ ਨੂੰ ਵੀ ਸਰਕਾਰ ਰਿਹਾਅ ਕਰਨ ਲਈ ਤਿਆਰ ਨਹੀਂ।
ਬੰਦੀ ਸਿੰਘਾਂ ਦੀ ਰਿਹਾਈ ਲਈ ਮੁਹਾਲੀ ਵਿੱਚ ਇੱਕ ਮੋਰਚਾ ਵੀ ਚੱਲ ਰਿਹਾ ਹੈ, ਜਿਸ ਨੂੰ ਸਾਲ ਤੋਂ ਉਪਰ ਦਾ ਸਮਾਂ ਹੋ ਚੁੱਕਾ ਹੈ। ਪਰ ਰਾਜ ਅਤੇ ਕੇਂਦਰ ਸਰਕਾਰ ਇਸ ਸਭ ਕੁਝ ਨੂੰ ਅਣਗੌਲਿਆ ਕਰ ਰਹੀਆਂ ਹਨ। ਪਿਛਲੇ ਦਿਨੀਂ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਬਲਵੰਤ ਸਿੰਘ ਰਾਜੋਆਣਾ ਦਾ ਮਾਮਲਾ ਜਦੋਂ ਪਾਰਲੀਮੈਂਟ ਵਿੱਚ ਉਠਾਇਆ ਗਿਆ ਤਾਂ ਕੇਂਦਰੀ ਗ੍ਰਹਿ ਮੰਤਰੀ ਨੇ ਸਾਫ ਕਰ ਦਿੱਤਾ ਕਿ ਰਾਜੋਆਣਾ ਦੇ ਮਾਮਲੇ ਵਿੱਚ ਥਰਡ ਪਾਰਟੀ ਦੀ ਰਹਿਮ ਦੀ ਅਪੀਲ ਨਹੀਂ ਵਿਚਾਰੀ ਜਾ ਸਕਦੀ। ਉਨ੍ਹਾਂ ਹੋਰ ਕਿਹਾ ਕਿ ਜਿਸ ਵਿਅਕਤੀ ਨੂੰ ਆਪਣੇ ਕੀਤੇ ਜ਼ੁਰਮ ‘ਤੇ ਕੋਈ ਪਛਤਾਵਾ ਨਹੀਂ, ਉਸ ਦੀ ਸਜ਼ਾ ਕਿਵੇਂ ਮੁਆਫ ਕੀਤੀ ਜਾ ਸਕਦੀ ਹੈ? ਇਸ ਬਿਆਨ ਤੋਂ ਬਾਅਦ ਇਸੇ ਮਾਮਲੇ ਵਿੱਚ ਬੰਦ ਕੀਤੇ ਗਏ ਦੋ ਹੋਰ ਸਿੱਖ ਕੈਦੀਆਂ- ਜਗਤਾਰ ਸਿੰਘ ਤਾਰਾ ਅਤੇ ਪਰਮਜੀਤ ਸਿੰਘ ਭਿਓਰਾ ਨੇ ਆਪਣੇ ਇੱਕ ਬਿਆਨ ਵਿੱਚ ਸਾਫ ਕੀਤਾ ਕਿ ਉਹ ਆਪਣੇ ਕੀਤੇ ਲਈ ਕੋਈ ਮੁਆਫੀ ਨਹੀਂ ਮੰਗਣਗੇ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹੋ ਬਹੁਤ ਹੈ ਕਿ ਸਾਡੀ ਕੌਮ ਸਾਡੇ ਲਈ ਸੰਘਰਸ਼ ਕਰ ਰਹੀ ਹੈ। ਬਲਵੰਤ ਸਿੰਘ ਰਾਜੋਆਣਾ ਪਹਿਲਾਂ ਹੀ ਆਪਣੀ ਪੁਜੀਸ਼Lਨ ਸਾਫ ਕਰ ਚੁੱਕਾ ਹੈ ਤੇ ਵਾਰ-ਵਾਰ ਜਲਦੀ ਫਾਂਸੀ ਦੇਣ ਦੀ ਮੰਗ ਕਰ ਚੁੱਕਾ ਹੈ।
ਇਸ ਸਾਰੇ ਘਟਨਾਕ੍ਰਮ ਤੋਂ ਲਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਉਲਝਣ ਦੇ ਆਸਾਰ ਹਨ। ਗ੍ਰਹਿ ਮੰਤਰੀ ਦੇ ਉਪਰੋਕਤ ਬਿਆਨ ਤੋਂ ਬਾਅਦ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਨਾਲ ਟੈਲੀਫੋਨ ‘ਤੇ ਸਿੱਧੇ ਤੌਰ ‘ਤੇ ਮਸਲਾ ਉਠਾਇਆ, ਪਰ ਗੱਲ ਕਿਸੇ ਬੰਨੇ ਕੰਢੇ ਨਹੀਂ ਲੱਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਮਾਮਲੇ ‘ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਕਿਸੇ ਸੰਵਿਧਾਨਕ ਅਹੁਦੇਦਾਰ ਨੂੰ ਸਿੱਖ ਕੈਦੀਆਂ ਬਾਰੇ ਇਸ ਕਿਸਮ ਦਾ ਬਿਆਨ ਨਹੀਂ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਵੱਲੋਂ ਸੰਸਦ ਵਿੱਚ ਦਿੱਤੇ ਗਏ ਬਿਆਨ ਨਾਲ ਸਿੱਖ ਮਨਾਂ ‘ਤੇ ਗਹਿਰੀ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀ, ਜਿਸ ‘ਤੇ ਅਮਲ ਨਹੀਂ ਹੋਇਆ। ਐਡਵੋਕੇਟ ਧਾਮੀ ਨੇ ਆਪਣੇ ਇੱਕ ਹੋਰ ਬਿਆਨ ਵਿੱਚ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਅਤੇ ਸਿੱਖ ਸੰਗਤ ਲੜਾਈ ਲੜ ਰਹੀ ਹੈ, ਭੀਖ ਨਹੀਂ ਮੰਗ ਰਹੀ। ਉਨ੍ਹਾਂ ਅਮਿਤ ਸ਼ਾਹ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਇਸ ਮਸਲੇ ਨੂੰ ਗੱਲਬਾਤ ਰਾਹੀਂ ਹੱਲ ਕਰਨ ਦਾ ਯਤਨ ਕਰੇ।
ਇੱਥੇ ਜ਼ਿਕਰਯੋਗ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਬਲਵੰਤ ਸਿੰਘ ਰਾਜੋਆਣਾ ਅਤੇ ਹੋਰ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿੱਚ ਗੱਲਬਾਤ ਅੱਗੇ ਤੋਰਨ ਲਈ ਪੰਜ ਮੈਂਬਰੀ ਕਮੇਟੀ ਕਾਇਮ ਕੀਤੀ ਗਈ ਹੈ। ਇਸ ਕਮੇਟੀ ਦੇ ਦੋ ਮੈਂਬਰਾਂ- ਹਰਮੀਤ ਸਿੰਘ ਕਾਲਕਾ ਅਤੇ ਵਿਰਸਾ ਸਿੰਘ ਵਲਟੋਹਾ ਵਿਚਕਾਰ ਤਿੱਖੇ ਮੱਤਭੇਦ ਪੈਦਾ ਹੋ ਗਏ ਸਨ, ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਦਖਲ ਦੇਣ ‘ਤੇ ਆਪਸੀ ਟਕਰਾਅ ਦੂਰ ਕਰ ਲਿਆ ਗਿਆ ਹੈ।
ਸਮੁੱਚੇ ਘਟਨਾਕ੍ਰਮ ਤੋਂ ਇੰਜ ਜਾਪਦਾ ਹੈ ਕਿ ਹਾਲ ਹੀ ਵਿੱਚ ਪੰਜ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਮਿਲੀ ਵੱਡੀ ਸਫਲਤਾ ਤੋਂ ਪਿੱਛੋਂ ਭਾਜਪਾ ਲੀਡਰਸਿੱLਪ ਅਤਿ ਉਤਸ਼ਾਹੀ ਮੂਡ ਵਿੱਚ ਹੈ। ਇਨ੍ਹਾਂ ਚੋਣਾਂ ਤੋਂ ਪਹਿਲਾਂ ਜਿਹੜੀ ਭਾਜਪਾ ਅਕਲੀ ਦਲ ਨਾਲ ਸਮਝੌਤੇ ਲਈ ਕੁਝ ਨਾ ਕੁਝ ਲੈ-ਦੇ ਕਰਨ ਲਈ ਤਿਆਰ ਸੀ, ਹੁਣ ਉਸ ਤੋਂ ਵੀ ਪਿੱਛੇ ਹਟ ਗਈ ਹੈ। ਭਾਜਪਾ ਨੂੰ ਲੱਗਣ ਲੱਗਾ ਹੈ ਕਿ ਉਹ ਆਪਣੇ ਭਾਈਵਾਲਾਂ ਤੋਂ ਬਿਨਾ ਵੀ ਲੋਕ ਸਭਾ ਚੋਣਾਂ ਜਿੱਤਣ ਦੇ ਸਮਰੱਥ ਹੈ। ਇਸੇ ਕਰਕੇ ਭਾਜਪਾ ਲੀਡਰਸ਼ਿੱਪ ਦੀ ਹੈਂਕੜ ਵਧ ਗਈ ਹੈ। ਇਸ ਕਿਸਮ ਦਾ ਰਵੱਈਆ ਸਿੱਖ ਬੰਦੀਆਂ ਦੀ ਰਿਹਾਈ ਅਤੇ ਮਾਨਵ ਅਧਿਕਾਰਾਂ ਦੀ ਹਿਫਾਜ਼ਤ ਵਾਸਤੇ ਅੰਦੋਲਨ ਨੂੰ ਵੀ ਜਨਮ ਦੇ ਸਕਦਾ ਹੈ।
—————————–
ਬਲਵੰਤ ਸਿੰਘ ਰਾਜੋਆਣਾ ਨੇ ਅਮਿਤ ਸ਼ਾਹ ਦੇ ਬਿਆਨ ਦੇ ਜੁਆਬ ‘ਚ ਚਿੱਠੀ ਲਿਖੀ
ਤੁਹਾਡੀ ਕਹਿਣੀ ਤੇ ਕਰਨੀ ਵਿੱਚ ਜ਼ਮੀਨ ਆਸਮਾਨ ਦਾ ਅੰਤਰ
ਨੱਬੇਵਿਆਂ ਦੇ ਸ਼ੁਰੂ ਵਿੱਚ ਉਸ ਸਮੇਂ ਦੇ ਪੰਜਾਬ ਦੇ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਅਮਿਤ ਸ਼ਾਹ ਦੇ ਉਸ ਬਿਆਨ ਦੇ ਜੁਆਬ ਵਿੱਚ ਇੱਕ ਲੰਮੀ ਚਿੱਠੀ ਜਾਰੀ ਕੀਤੀ ਹੈ, ਜਿਸ ਵਿੱਚ ਉਸ ਨੇ ਮੁੜ ਦੁਹਰਾਇਆ ਹੈ ਕਿ ਜਦੋਂ ਉਸ ਨੇ ਕੋਈ ਗੁਨਾਹ ਹੀ ਨਹੀਂ ਕੀਤਾ ਤਾਂ ਮੁਆਫੀ ਕਿਸ ਗੱਲ ਦੀ? ਯਾਦ ਰਹੇ, 28 ਸਾਲ ਤੋਂ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦਾ ਮਸਲਾ ਹਰਸਿਮਰਤ ਕੌਰ ਨੇ ਪਾਰਲੀਮੈਂਟ ਵਿੱਚ ਉਠਾਇਆ ਸੀ, ਜਿਸ ਦੇ ਜੁਆਬ ਵਿੱਚ ਗ੍ਰਹਿ ਮੰਤਰੀ ਨੇ ਕਿਹਾ ਸੀ ਕਿ ਤੀਜੀ ਧਿਰ ਵੱਲੋਂ ਦਾਖਲ ਕੀਤੀ ਗਈ ਰਹਿਮ ਦੀ ਅਪੀਲ ਸਵੀਕਾਰ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਜਿਸ ਵਿਅਕਤੀ ਨੂੰ ਆਪਣੇ ਕੀਤੇ ਗੁਨਾਹ ‘ਤੇ ਪਛਤਾਵਾ ਹੀ ਨਹੀਂ ਹੈ, ਉਸ ਨੂੰ ਮੁਆਫ ਕਿਵੇਂ ਕੀਤਾ ਜਾ ਸਕਦਾ!
ਭਾਈ ਰਾਜੋਆਣਾ ਨੇ ਆਪਣੀ ਚਿੱਠੀ ਵਿੱਚ ਗ੍ਰਹਿ ਮੰਤਰੀ ਨੂੰ ਸੰਬੋਧਨ ਕਰਦਿਆਂ ਲਿਖਿਆ ਹੈ ਕਿ ਤੁਹਾਡਾ ਇਨਸਾਫ ਦਾ ਤਰਾਜੂ ਇਕਪਾਸੜ ਝੁਕਿਆ ਹੋਇਆ ਹੈ। ਤੁਸੀਂ ਬੰਦੇ ਦਾ ਧਰਮ ਦੇਖ ਕੇ ਫੈਸਲਾ ਕਰਦੇ ਹੋ। ਤੁਸੀਂ ਬਿਲਕਸ ਬਾਨੋ ਰੇਪ ਕੇਸ ਦੇ ਦੋਸ਼ੀ ਮੁਆਫੀ ਮੰਗਾ ਕੇ ਛੱਡੇ ਹਨ? ਦਿੱਲੀ ਦੰਗਿਆਂ ਦੇ ਕਈ ਦੋਸ਼ੀਆਂ ਨੂੰ ਬਿਨਾ ਮੁਆਫੀ ਤੋਂ ਰਿਹਾਈ ਦਿੱਤੀ। ਉਨ੍ਹਾਂ ਲਿਖਿਆ ਹੈ ਕਿ ਤੁਹਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਦਿਵਸ ‘ਤੇ ਸਿੱਖ ਬੰਦੀਆਂ ਨੂੰ ਰਿਹਾਅ ਕਰਨ ਦਾ ਨੋਟੀਫਿਕਸ਼ਨ ਜਾਰੀ ਕੀਤਾ ਸੀ, ਪਰ ਹੁਣ ਉਸ ਤੋਂ ਸਾਫ ਮੁੱਕਰ ਗਏ ਹੋ। ਭਾਈ ਰਾਜੋਆਣਾ ਨੇ ਲਿਖਿਆ ਕਿ ਤੁਹਾਡੀ ਕਹਿਣੀ ਅਤੇ ਕਰਨੀ ਵਿੱਚ ਜ਼ਮੀਨ ਆਸਮਾਨ ਦਾ ਅੰਤਰ ਹੈ। ਇੱਕ ਪਾਸੇ ਤੁਸੀਂ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦਾ ਰਾਗ ਅਲਾਪਦੇ ਹੋ, ਔਰਤ ਨੂੰ ਦੇਵੀ ਆਖਦੇ ਹੋ, ਦੂਜੇ ਪਾਸੇ ਦੇਸ਼ ਲਈ ਮੈਡਲ ਜਿੱਤਣ ਵਾਲੀਆਂ ਪਹਿਲਵਾਨ ਕੁੜੀਆਂ ਦਾ ਜਿਣਸੀ ਸੋਸ਼ਣ ਕਰਨ ਵਾਲੇ ਬਿਰਜ ਭੂਸ਼ਨ ਨਾਲ ਖੜ੍ਹੇ ਨਜ਼ਰ ਆਉਂਦੇ ਹੋ?