ਉਜਾਗਰ ਸਿੰਘ
ਫੋਨ: +91-9417813072
ਭਾਰਤ ਨੂੰ ਹਿੰਦੂਤਤਵ ਦੇਸ਼ ਬਣਾਉਣ ਦਾ ਸਪਨਾ ਲੈਣ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦਿੱਲੀ ਦੀ ਸਰਹੱਦ ‘ਤੇ ਕਿਸਾਨ ਅੰਦੋਲਨ ਦੀ ਸਫ਼ਲਤਾ ਤੋਂ ਬਾਅਦ ਪੰਜਾਬੀਆਂ ਅਤੇ ਸਿੱਖਾਂ ਬਾਰੇ ਆਪਣਾ ਦ੍ਰਿਸ਼ਟੀਕੋਣ ਬਦਲ ਲਿਆ ਹੈ। ਪੰਜਾਬ ਦੀ ਭਾਰਤੀ ਜਨਤਾ ਪਾਰਟੀ ਦੀ ਰਾਜ ਪੱਧਰ ਦੀ ਇਕਾਈ ਅਤੇ ਜ਼ਿਲ੍ਹਾ ਇਕਾਈਆਂ ਵਿੱਚ ਪੰਜਾਬ ਦੀ ਬੈਕ ਬੋਨ ਸਮਝੀ ਜਾਣ ਵਾਲੀ ਸਿੱਖ ਕੌਮ ਨੂੰ ਵਰਣਨਯੋਗ ਪ੍ਰਤੀਨਿਧਤਾ ਦੇ ਕੇ ਦਿਹਾਤੀ ਲੋਕਾਂ ਦੀਆਂ ਵੋਟਾਂ ਵਟੋਰਨ ਦਾ ਤਜਰਬਾ ਕੀਤਾ ਹੈ। ਇਸ ਮੰਤਵ ਲਈ ਪੰਜਾਬ ਵਿੱਚ ਭਾਜਪਾ ਪੱਬਾਂ ਭਾਰ ਹੋਈ ਪਈ ਹੈ। ਸੁਨੀਲ ਕੁਮਾਰ ਜਾਖੜ ਲਈ 2024 ਦੀਆਂ ਲੋਕ ਸਭਾ ਚੋਣਾਂ ਉਸ ਦਾ ਭਵਿਖ ਤੈਅ ਕਰਨਗੀਆਂ। ਭਾਜਪਾ ਨੇ ਸੁਨੀਲ ਕੁਮਾਰ ਜਾਖੜ ਦੇ ਹੱਥ ਪੰਜਾਬ ਇਕਾਈ ਦੀ ਪ੍ਰਧਾਨਗੀ ਦੀ ਵਾਗਡੋਰ ਦੇ ਕੇ ਅਸਲ ਵਿੱਚ ਸਿਆਸੀ ਪੱਤਾ ਖੇਡਿਆ ਹੈ। ਸੁਨੀਲ ਕੁਮਾਰ ਜਾਖੜ ਹਰ ਰੋਜ ਕਿਸੇ ਨਾ ਕਿਸੇ ਸਥਾਨ ‘ਤੇ ਵਰਕਰਾਂ ਦੇ ਸਮਾਗਮ ਕਰਨ ਵਿੱਚ ਰੁਝਿਆ ਹੋਇਆ ਹੈ; ਤੇ ਹੁਣ ਤਾਂ ਪੰਜਾਬ ਭਾਜਪਾ ਦੇ ਟਕਸਾਲੀ ਨੇਤਾਵਾਂ ਨੇ ਵੀ ਸਬਰ ਦਾ ਘੁੱਟ ਭਰ ਲਿਆ ਹੈ।
ਇੰਡੀਆ ਗਠਜੋੜ ਬਣਨ ਤੋਂ ਬਾਅਦ ਭਾਜਪਾ ਨੇ ਮਈ 2024 ਦੀਆਂ ਲੋਕ ਸਭਾ ਚੋਣਾਂ ਹਰ ਹੀਲੇ ਜਿੱਤਣ ਲਈ ਦੇਸ਼ ਵਿੱਚ ਨਵੀਂ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ, ਉਸ ਰਣਨੀਤੀ ਅਧੀਨ ਅਯੁਧਿਆ ਵਿਖੇ ਰਾਮ ਜਨਮ ਭੂਮੀ ‘ਤੇ ਰਾਮ ਮੰਦਰ ਦਾ ਉਦਘਾਟਨ 22 ਜਨਵਰੀ 2024 ਨੂੰ ਕਰਨ ਦਾ ਪ੍ਰੋਗਰਾਮ ਤੈਅ ਕਰ ਲਿਆ ਹੈ। ਉਸੇ ਲੜੀ ਅਧੀਨ ਪੰਜਾਬ ਵਿੱਚ ਭਾਜਪਾ ਨੇ ਖੰਭ ਖਿਲਾਰਨੇ ਸ਼ੁਰੂ ਕਰ ਦਿੱਤੇ ਹਨ। ਪਾਰਟੀ ਦੇ ਰਣਨੀਤੀਕਾਰਾਂ ਨੇ ਪੰਜਾਬ ਦੀਆਂ 13 ਸੀਟਾਂ ਵਿੱਚੋਂ ਵੱਧ ਤੋਂ ਵੱਧ ਸੀਟਾਂ ਨੂੰ ਜਿੱਤਣ ਦੀ ਯੋਜਨਾ ਬਣਾਈ ਹੈ। ਸ਼੍ਰੋਮਣੀ ਅਕਾਲੀ ਦਲ ਨਾਲੋਂ ਕਿਸਾਨ ਮੋਰਚੇ ਦੌਰਾਨ ਨਾਤਾ ਤੋੜਨ ਕਰਕੇ ਇਕੱਲਿਆਂ ਚੋਣ ਲੜਨ ਦੀ ਮੁਸ਼ਕਲ ਨੂੰ ਹੱਲ ਕਰਨ ਦੇ ਇਰਾਦੇ ਨਾਲ ਅਕਾਲੀ ਦਲ ਦੀ ਵੋਟ ਬੈਂਕ ਦੀ ਭਰਪਾਈ ਕਰਨ ਦੀ ਸਕੀਮ ਬਣਾਈ ਗਈ। ਉਸ ਸਕੀਮ ਅਧੀਨ ਕਾਂਗਰਸ ਅਤੇ ਅਕਾਲੀ ਦਲ ਦੇ ਨੇਤਾਵਾਂ ਨੂੰ ਉਨ੍ਹਾਂ ਦੀਆਂ ਪਾਰਟੀਆਂ ਵਿੱਚੋਂ ਅਸਤੀਫ਼ੇ ਦਿਵਾ ਕੇ ਭਾਜਪਾ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਇਸੇ ਲੜੀ ਵਿੱਚ ਪਾਰਟੀ ਸੰਗਠਨ ਨੂੰ ਹੋਰ ਵਧੇਰੇ ਸੁਚੱਜੇ ਢੰਗ ਨਾਲ ਸਰਗਰਮ ਕਰਨ ਲਈ 29 ਦਸੰਬਰ 2023 ਨੂੰ ਪੰਜਾਬ ਦੇ 35 ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿੱਚ ਬਹੁਤ ਸਾਰੇ ਪੁਰਾਣੇ ਪ੍ਰਧਾਨ ਬਦਲ ਕੇ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਦੇ ਪੁਰਾਣੇ ਕਾਂਗਰਸੀਆਂ ਨੂੰ ਅਹੁਦੇ ਦੇ ਕੇ ਨਿਵਾਜਿਆ ਗਿਆ ਹੈ।
ਇਸ ਤੋਂ ਇਲਾਵਾ ਪਿੰਡਾਂ ਵਿੱਚੋਂ ਜੱਟ ਸਿੱਖ ਭਾਈਚਾਰੇ ਦੀਆਂ ਵੋਟਾਂ ਲੈਣ ਲਈ 35 ਜ਼ਿਲ੍ਹਾ ਪ੍ਰਧਾਨਾਂ ਵਿੱਚੋਂ 17 ਪ੍ਰਧਾਨ ਜੱਟ ਸਿੱਖ ਭਾਈਚਾਰੇ ਦੇ ਬਣਾਏ ਗਏ ਹਨ। 18 ਪ੍ਰਧਾਨ ਹਿੰਦੂ ਵਰਗ ਨਾਲ ਸਬੰਧਤ ਹਨ। ਵਿੰਗਾਂ ਅਤੇ ਸੈੱਲਾਂ ਦੇ 13 ਮੁਖੀਆਂ ਵਿੱਚ ਵੀ ਸਿੱਖ ਭਾਈਚਾਰੇ ਦੇ ਤਿੰਨ ਮੈਂਬਰ ਲਏ ਗਏ ਹਨ। ਇਸ ਦਾ ਅਰਥ ਹੈ ਕਿ ਸਿੱਖ ਭਾਈਚਾਰੇ ਨੂੰ ਹਿੰਦੂ ਭਾਈਚਾਰੇ ਦੇ ਬਰਾਬਰ ਪ੍ਰਤੀਨਿਧਤਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਭਾਜਪਾ ਦੀ ਪੰਜਾਬ ਇਕਾਈ ਵਿੱਚ ਕੀਤੀ ਗਈ ਤਬਦੀਲੀ ਦੌਰਾਨ ਸਿੱਖ ਭਾਈਚਾਰੇ ਦੀ ਪ੍ਰਤੀਨਿਧਤਾ 33 ਫ਼ੀਸਦੀ ਸੀ। ਇਹ ਵੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਕੁਮਾਰ ਜਾਖੜ ਵੱਲੋਂ ਭਾਜਪਾ ਵਿੱਚ ਸ਼ਾਮਲ ਹੋਣ ਕਰਕੇ ਹੋਈ ਸੀ। ਇਸ ਤੋਂ ਪਹਿਲਾਂ ਤਾਂ ਗਿਣਵੇਂ-ਚੁਣਵੇਂ ਸਿੱਖ ਹੀ ਭਾਜਪਾ ਦੇ ਸੰਗਠਨ ਵਿੱਚ ਹੁੰਦੇ ਸਨ। ਇਸ ਸੂਚੀ ਵਿੱਚ ਕਾਂਗਰਸ ਪਾਰਟੀ ਵਿੱਚੋਂ ਆਏ ਨੇਤਾਵਾਂ ਨੂੰ ਵਿਸ਼ੇਸ਼ ਪ੍ਰਮੁੱਖਤਾ ਦਿੱਤੀ ਗਈ ਹੈ। ਪਿੰਡਾਂ ਵਿੱਚ ਪਾਰਟੀ ਦਾ ਬੋਲਬਾਲਾ ਬਣਾਉਣ ਲਈ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਖ਼ੋਰਾ ਲਗਾਉਣ ਲਈ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਜੁਲਾਈ 2023 ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਸੁਨੀਲ ਕੁਮਾਰ ਜਾਖੜ ਨੂੰ ਭਾਜਪਾ ਦੀ ਪੰਜਾਬ ਇਕਾਈ ਦਾ ਪ੍ਰਧਾਨ ਬਣਾ ਦਿੱਤਾ ਸੀ। ਸੁਨੀਲ ਕੁਮਾਰ ਜਾਖੜ ਦੀ ਨਿਯੁਕਤੀ ਉਪਰ ਭਾਜਪਾ ਦੇ ਟਕਸਾਲੀ ਨੇਤਾਵਾਂ ਨੇ ਕਿੰਤੂ-ਪ੍ਰੰਤੂ ਵੀ ਕੀਤਾ ਸੀ, ਪ੍ਰੰਤੂ ਕੇਂਦਰੀ ਲੀਡਰਸ਼ਿਪ ਨੇ ਉਨ੍ਹਾਂ ਦੇ ਇਤਰਾਜ਼ ਨੂੰ ਇਸ ਆਸ ਨਾਲ ਦਰਕਿਨਾਰ ਕਰ ਦਿੱਤਾ ਸੀ ਕਿ ਸੁਨੀਲ ਕੁਮਾਰ ਜਾਖੜ ਕਾਂਗਰਸ ਪਾਰਟੀ ਵਿੱਚ ਬਗਾਵਤ ਕਰਵਾ ਕੇ ਭਾਜਪਾ ਵਿੱਚ ਨੇਤਾਵਾਂ ਤੇ ਵਰਕਰਾਂ ਨੂੰ ਸ਼ਾਮਲ ਕਰਵਾ ਲੈਣਗੇ। ਪਹਿਲੇ ਸੱਟੇ ਕੁਝ ਦਿਗਜ ਨੇਤਾਵਾਂ ਨੇ ਭਾਰਤੀ ਜਨਤਾ ਪਾਰਟੀ ਦੀ ਬਾਂਹ ਫੜ ਲਈ ਸੀ, ਪ੍ਰੰਤੂ ਬਾਅਦ ਵਿੱਚ ਕੁਝ ਵਾਪਸ ਕਾਂਗਰਸ ਵਿੱਚ ਚਲੇ ਗਏ।
ਭਾਜਪਾ ਨੂੰ ਹਿੰਦੂ ਵਰਗ ਤੇ ਵਪਾਰੀਆਂ ਦੀ ਪਾਰਟੀ ਕਿਹਾ ਜਾਂਦਾ ਸੀ, ਪ੍ਰੰਤੂ ਰਾਜ ਇਕਾਈ ਦੀ ਨਵੀਂ ਸੂਚੀ ਵਿੱਚ ਸਿੱਖ ਭਾਈਚਾਰੇ ਨੂੰ ਵਧੇਰੇ ਪ੍ਰਤੀਨਿਧਤਾ ਦੇ ਕੇ ਦਿਹਾਤੀ ਇਲਾਕਿਆਂ ਵਿੱਚ ਜਾਲ ਵਿਛਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ, ਕਿਉਂਕਿ ਸ਼ਹਿਰਾਂ ਵਿੱਚ ਤਾਂ ਭਾਜਪਾ ਦਾ ਆਧਾਰ ਮਜ਼ਬੂਤ ਸੀ, ਪ੍ਰੰਤੂ ਪਿੰਡਾਂ ਵਿੱਚ ਉਨ੍ਹਾਂ ਦੀਆਂ ਵੋਟਾਂ ਨਾਮਾਤਰ ਹੀ ਸਨ। ਅਕਾਲੀ ਦਲ ਨਾਲ ਭਾਈਵਾਲੀ ਸਮੇਂ ਵੀ ਭਾਜਪਾ ਪੰਜਾਬ ਵਿੱਚੋਂ ਵੱਧ ਤੋਂ ਵੱਧ 4 ਸੀਟਾਂ ਹੀ ਜਿੱਤ ਸਕੀ ਹੈ। ਪੰਜਾਬ ਇਕਾਈ ਦੇ 12 ਉਪ ਪ੍ਰਧਾਨ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 6 ਜੱਟ ਸਿੱਖ ਭਾਈਚਾਰੇ ਵਿੱਚੋਂ ਹਨ। ਇਸ ਤਰ੍ਹਾਂ 21 ਮੈਂਬਰੀ ਕੋਰ ਕਮੇਟੀ ਵਿੱਚ 7 ਜੱਟ ਸਿੱਖ ਅਤੇ ਪੰਜ ਸੈੱਲਾਂ ਦੇ ਮੁਖੀਆਂ ਵਿੱਚੋਂ 2 ਸਿੱਖ ਭਾਈਚਾਰੇ ਵਿੱਚੋਂ ਲਏ ਗਏ ਸਨ। ਇਸ ਸੂਚੀ ਵਿੱਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸ਼ਹਿਰੀ ਜ਼ਿਲਿ੍ਹਆਂ ਜਿਨ੍ਹਾਂ ਵਿੱਚ ਹਰਵਿੰਦਰ ਸਿੰਘ ਅੰਮ੍ਰਿਤਸਰ ਸ਼ਹਿਰੀ, ਯਾਦਵਿੰਦਰ ਸਿੰਘ ਸ਼ੰਟੀ ਬਰਨਾਲਾ, ਹਰਸਿਮਰਨ ਸਿੰਘ ਵਾਲੀਆ ਬਟਾਲਾ, ਦੀਦਾਰ ਸਿੰਘ ਭੱਟੀ ਫ਼ਤਿਹਗੜ੍ਹ ਸਾਹਿਬ, ਸੁਖਵਿੰਦਰ ਪਾਲ ਸਿੰਘ ਕਾਕਾ ਫ਼ਾਜ਼ਿਲਕਾ, ਸ਼ਮਸ਼ੇਰ ਸਿੰਘ ਫਿਰੋਜ਼ਪੁਰ, ਇੰਦਰਪਾਲ ਸਿੰਘ ਧਾਲੀਵਾਲ ਜਗਰਾਓਂ, ਰਣਜੀਤ ਸਿੰਘ ਪਰਮਾਰ ਜਲੰਧਰ ਨਾਰਥ, ਰਣਜੀਤ ਸਿੰਘ ਖੋਜੇਵਾਲ ਕਪੂਰਥਲਾ, ਭੁਪਿੰਦਰ ਸਿੰਘ ਚੀਮਾ ਖੰਨਾ, ਰਾਜਵਿੰਦਰ ਸਿੰਘ ਲੱਕੀ ਨਵਾਂ ਸ਼ਹਿਰ, ਜਸਪਾਲ ਸਿੰਘ ਗਗਰੌਲੀ ਪਟਿਆਲਾ ਉਤਰ, ਅਜੇਵੀਰ ਸਿੰਘ ਲਾਲਪੁਰਾ ਰੋਪੜ, ਧਰਮਿੰਦਰ ਸਿੰਘ ਸੰਗਰੂਰ-1 ਅਤੇ ਅੰਮ੍ਰਿਤ ਸਿੰਘ ਚੱਠਾ ਸੰਗਰੂਰ-2 ਸ਼ਾਮਲ ਹਨ, ਇਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਨੇ ਸਿੱਖ ਭਾਈਚਾਰੇ ਦੇ ਨੌਜਵਾਨ ਪ੍ਰਧਾਨ ਬਣਾਇਆ ਹੈ। ਪਟਿਆਲਾ ਜ਼ਿਲ੍ਹਾ ਤਾਂ ਸਾਰਾ ਹੀ ਕੈਪਟਨ ਅਮਰਿੰਦਰ ਸਿੰਘ ਦੇ ਹਵਾਲੇ ਕਰ ਦਿੱਤਾ ਹੈ। ਸੰਜੀਵ ਸ਼ਰਮਾ ਬਿੱਟੂ ਨੂੰ ਪਟਿਆਲਾ ਸ਼ਹਿਰੀ ਦਾ ਪ੍ਰਧਾਨ ਬਣਾਇਆ ਹੈ।
ਇਸ ਤੋਂ ਪਹਿਲਾਂ ਅਕਾਲੀ ਦਲ ਦੀ ਆਰ.ਐਸ.ਐਸ. ਵਰਗੀ ਸਿੱਖ ਸਟੂਡੈਂਟ ਫ਼ੈਡਰੇਸ਼ਨ ਦੇ ਨੇਤਾਵਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਹਿੰਦੂ ਵਰਗ ਦੇ ਭਗਤ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ‘ਤੇ ਭਾਜਪਾ ਲਈ ਤਿਆਰ-ਬਰ-ਤਿਆਰ ਬੈਠੇ ਹਨ। ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਉਤੇਜਿਤ ਕਰਕੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਹਿੰਦੂ ਵੋਟਰ ਨੂੰ ਚੁਸਤ-ਫੁਰਸਤ ਕਰਨ ਲਈ ਭਾਜਪਾ ਨੇ ਕੇਂਦਰੀ ਮੰਤਰੀਆਂ ਦੀ ਡਿਊਟੀ ਲਗਾ ਦਿੱਤੀ ਹੈ। ਉਸੇ ਲੜੀ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ‘ਭਾਰਤ ਵਿਕਾਸ ਸੰਕਲਪ’ ਯਾਤਰਾ ਵਾਲੀਆਂ ਗੱਡੀਆਂ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਕੇਂਦਰ ਸਰਕਾਰ ਦੀਆਂ ਵੈਲਫੇਅਰ ਸਕੀਮਾਂ ਦੀ ਲੋਕਾਂ ਨੂੰ ਜਾਣਕਾਰੀ ਦੇਣ ਲਈ ਗਾਹ ਪਾ ਰਹੀਆਂ ਹਨ। ਭਾਰਤੀ ਜਨਤਾ ਪਾਰਟੀ ਦੀ ਯੋਜਨਾ ਹੈ ਕਿ ਦੂਜੇ ਪੜਾਅ ਵਿੱਚ ਪਹਿਲਾਂ ਪ੍ਰਮੁੱਖ ਸ਼ਹਿਰਾਂ ਤੇ ਪਿੰਡਾਂ ਅਤੇ ਤੀਜੇ ਪੜਾਅ ਵਿੱਚ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਵਿਕਾਸ ਸੰਕਲਪ ਯਾਤਰਾ ਦੀਆਂ ਗੱਡੀਆਂ ਰਾਹੀਂ ਪ੍ਰਚਾਰ ਕੀਤਾ ਜਾਵੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ 6 ਰੇਲ ਗੱਡੀਆਂ ਦਾ ਆਗਾਜ਼ ਕੀਤਾ ਹੈ, ਇਸ ਈਵੈਂਟ ਨੂੰ ਭਾਰਤੀ ਜਨਤਾ ਪਾਰਟੀ ਆਪਣੇ ਵਰਕਰਾਂ ਨੂੰ ਲਾਮਬੰਦ ਕਰਨ ਲਈ ਰੇਲਵੇ ਸਟੇਸ਼ਨਾਂ ਤੇ ਇਕੱਠਾ ਕਰ ਰਹੀ ਹੈ। ਇਨ੍ਹਾਂ ਵਿੱਚੋਂ ਇੱਕ ਰੇਲ ਗੱਡੀ ਅੰਮ੍ਰਿਤਸਰ-ਦਿੱਲੀ ਵੀ ਹੈ। ਇਸ ਦੇ ਸਵਾਗਤ ਲਈ ਪੰਜਾਬ ਦੇ ਰਾਜਪਾਲ ਅੰਮ੍ਰਿਤਸਰ ਪਹੁੰਚੇ, ਜਿਥੇ ਪਾਰਟੀ ਦੇ ਵਰਕਰਾਂ ਦਾ ਇਕੱਠ ਰੱਖਿਆ ਗਿਆ। ਜਿਸ ਸਟੇਸ਼ਨ ਤੋਂ ਪੰਜਾਬ ਵਿੱਚ ਗੱਡੀ ਲੰਘੀ, ਉਥੇ ਪਾਰਟੀ ਦੇ ਵਰਕਰਾਂ ਨੇ ਸਵਾਗਤ ਕੀਤਾ। ਕੇਂਦਰੀ ਰੇਲਵੇ ਵਿਭਾਗ ਵੱਲੋਂ ਅੰਮ੍ਰਿਤਸਰ ਲਈ ਇਕ ਬੁਲਟ ਟਰੇਟ ਚਲਾਉਣ ਦੀ ਤਜਵੀਜ਼ ਵੀ ਹੈ।
ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦਾ ਉਤਸ਼ਾਹ ਵਧਾਉਣ ਲਈ ਰਾਮ ਜਨਮ ਭੂਮੀ ਮੰਦਰ ਦੇ ਉਦਘਾਟਨ ਨੂੰ ਵੀ ਸਿਆਸੀ ਹਿਤਾਂ ਲਈ ਵਰਤਿਆ ਜਾ ਰਿਹਾ ਹੈ। ਰਾਮ ਜਨਮ ਭੂਮੀ ਤੀਰਥ ਯਾਤਰਾ ਲਈ ਸੱਦਾ ਪੱਤਰ ਪੰਜਾਬ ਵਿਚਲੇ ਸਾਰੇ ਮੰਦਰਾਂ ਨੂੰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ‘ਅਕਸ਼ਤ ਕਲਸ’ ਅਤੇ ‘ਸ੍ਰੀ ਰਾਮ ਜਨਮ ਭੂਮੀ ਮੰਦਰ ਦੀ ਤਸਵੀਰ’ ਸਾਰੇ ਸ਼ਹਿਰਾਂ ਅਤੇ ਪਿੰਡਾਂ ਦੇ ਮੰਦਰਾਂ ਲਈ ਭੇਜੀ ਗਈ ਹੈ। ਜਿਸ ਇਲਾਕੇ ਵਿੱਚ ਮੰਦਰ ਸਥਿਤ ਹਨ, ਉਨ੍ਹਾਂ ਦੇ ਆਲੇ-ਦੁਆਲੇ ਦੇ ਸਾਰੇ ਘਰਾਂ ਵਿੱਚ ਪਹਿਲੀ ਜਨਵਰੀ ਤੋਂ 15 ਜਨਵਰੀ ਤੱਕ ਅਕਸ਼ਤ ਕਲਸ ਅਤੇ ਸ੍ਰੀ ਰਾਮ ਜਨਮ ਭੂਮੀ ਮੰਦਰ ਦੀਆਂ ਤਸਵੀਰਾਂ ਵੰਡੀਆਂ ਜਾਣਗੀਆਂ। ਇਹ ਸਾਰਾ ਕੰਮ ਸ੍ਰੀ ਰਾਮ ਤੀਰਥ ਖੇਤਰ ਟਰੱਸਟ ਅਯੁਧਿਆ ਵੱਲੋਂ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਰਾਮ ਜਨਮ ਭੂਮੀ ਮੰਦਰ ਦਾ ਉਦਘਾਟਨ 22 ਜਨਵਰੀ 2024 ਨੂੰ ਕੀਤਾ ਜਾਵੇਗਾ। ਇਸ ਸਮਾਗਮ ਨੂੰ ਆਨ ਲਾਈਨ ਵੇਖਣ ਲਈ ਭਾਜਪਾ ਵੱਲੋਂ ਸਾਰੇ ਮੰਦਰਾਂ ਵਿੱਚ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਜੋ ਵੋਟ ਬੈਂਕ ਨੂੰ ਮਜ਼ਬੂਤ ਕੀਤਾ ਜਾ ਸਕੇ।