ਖਿਡਾਰੀ ਪੰਜ-ਆਬ ਦੇ (ਲੜੀ-8)
ਖਿਡਾਰੀ ਹੱਦਾਂ-ਸਰਹੱਦਾਂ ਤੋਂ ਪਾਰ ਹੁੰਦੇ ਹਨ। ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫੇਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਲੜੀਵਾਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ‘ਪਰਾਈਡ ਆਫ਼ ਪ੍ਰਫਾਰਮੈਂਸ’ ਐਵਾਰਡ ਪ੍ਰਾਪਤ ਅਰਸ਼ਦ ਨਦੀਮ ਦੀਆਂ ਪ੍ਰਾਪਤੀਆਂ ਦਾ ਹਵਾਲਾ ਹੈ ਕਿ ਉਸ ਨੇ ਆਪਣਾ ਹੀ ਪ੍ਰਦਰਸ਼ਨ ਲਗਾਤਾਰ ਸੁਧਾਰਦਿਆਂ ਤਿੰਨ ਵਾਰ ਨੈਸ਼ਨਲ ਰਿਕਾਰਡ ਬਣਾਇਆ। ਨਦੀਮ 90 ਮੀਟਰ ਤੋਂ ਵੱਧ ਜੈਵਲਿਨ ਸੁੱਟਣ ਵਾਲਾ ਪਹਿਲਾ ਦੱਖਣ ਏਸ਼ਿਆਈ ਅਥਲੀਟ ਹੈ।
-ਨਵਦੀਪ ਸਿੰਘ ਗਿੱਲ
ਅਰਸ਼ਦ ਨਦੀਮ ਪਾਕਿਸਤਾਨ ਅਥਲੈਟਿਕਸ ਦਾ ਸ਼ਾਹ ਅਸਵਾਰ ਅਥਲੀਟ ਹੈ। ਉਸ ਜਿੰਨੀਆਂ ਪ੍ਰਾਪਤੀਆਂ ਹੋਰ ਕਿਸੇ ਪਾਕਿਸਤਾਨੀ ਅਥਲੀਟ ਦੇ ਹਿੱਸੇ ਨਹੀਂ ਆਈਆਂ। ਨਦੀਮ ਦੱਖਣੀ ਏਸ਼ੀਆ ਦਾ ਇਕਲੌਤਾ ਜੈਵਲਿਨ ਥਰੋਅਰ ਹੈ, ਜਿਸ ਨੇ 90 ਮੀਟਰ ਤੋਂ ਵੱਧ ਜੈਵਲਿਨ ਸੁੱਟੀ ਹੈ। ਬੁਢਾਪੇਸਟ ਵਿਖੇ 2023 ਵਿੱਚ ਹੋਈ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ਵਾਲਾ ਨਦੀਮ ਪਾਕਿਸਤਾਨ ਦਾ ਇਕਲੌਤਾ ਅਥਲੀਟ ਹੈ, ਜਿਸ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਕੋਈ ਤਮਗ਼ਾ ਜਿੱਤਿਆ ਹੈ। 2021 ਵਿੱਚ ਟੋਕੀਓ ਓਲੰਪਿਕ ਖੇਡਾਂ ਵਿੱਚ ਪੰਜਵੇਂ ਸਥਾਨ ਉਤੇ ਆਉਣ ਵਾਲਾ ਨਦੀਮ ਪਾਕਿਸਤਾਨ ਦਾ ਪਹਿਲਾ ਅਥਲੀਟ ਹੈ, ਜਿਸ ਨੇ ਕਿਸੇ ਵੀ ਟਰੈਕ ਜਾਂ ਫੀਲਡ ਈਵੈਂਟ ਵਿੱਚ ਓਲੰਪਿਕਸ ਦੇ ਫ਼ਾਈਨਲ ਲਈ ਕੁਆਲੀਫਾਈ ਕੀਤਾ ਹੋਵੇ। 2022 ਵਿੱਚ ਬਰਮਿੰਘਮ ਕਾਮਨਵੈਲਥ ਗੇਮਜ਼ ਵਿੱਚ ਨਵੇਂ ਗੇਮਜ਼ ਤੇ ਕੌਮੀ ਰਿਕਾਰਡ ਨਾਲ ਸੋਨ ਤਮਗ਼ਾ ਜਿੱਤਣ ਵਾਲਾ ਨਦੀਮ 60 ਵਰਿ੍ਹਆਂ ਬਾਅਦ ਕਾਮਨਵੈਲਥ ਗੇਮਜ਼ ਵਿੱਚ ਸੋਨ ਤਮਗ਼ਾ ਜਿੱਤਣ ਵਾਲਾ ਪਾਕਿਸਤਾਨ ਦਾ ਪਹਿਲਾ ਅਥਲੀਟ ਹੈ। ਪਾਕਿਸਤਾਨ ਨੇ ਅਥਲੈਟਿਕਸ ਖੇਡ ਨੂੰ ਅਬਦੁਲ ਖਾਲਿਕ ਤੇ ਗੁਲਾਮ ਰਜ਼ੀਕ ਜਿਹੇ ਅਥਲੀਟ ਦਿੱਤੇ ਹਨ, ਪਰ ਅਰਸ਼ਦ ਨਦੀਮ ਨੇ ਏਸ਼ੀਅਨ ਤੇ ਕਾਮਨਵੈਲਥ ਗੇਮਜ਼ ਤੋਂ ਅਗਾਂਹ ਵਿਸ਼ਵ ਪੱਧਰ ਉਤੇ ਨਾਮਣਾ ਖੱਟਿਆ ਹੈ।
26 ਵਰਿ੍ਹਆਂ ਦੇ ਨਦੀਮ ਨੇ ਆਪਣੇ ਸੱਤ ਸਾਲ ਦੇ ਛੋਟੇ ਜਿਹੇ ਖੇਡ ਕਰੀਅਰ ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ, ਕਾਮਨਵੈਲਥ ਗੇਮਜ਼ ਵਿੱਚ ਸੋਨੇ, ਏਸ਼ੀਅਨ ਗੇਮਜ਼ ਵਿੱਚ ਕਾਂਸੀ, ਇਸਲਾਮਿਕ ਸੌਲੀਡੈਰਿਟੀ ਗੇਮਜ਼ ਵਿੱਚ ਇੱਕ ਸੋਨੇ ਤੇ ਇੱਕ ਕਾਂਸੀ, ਸੈਫ ਗੇਮਜ਼ ਵਿੱਚ ਇੱਕ ਸੋਨੇ ਤੇ ਇੱਕ ਕਾਂਸੀ, ਇਮਾਮ ਰੀਜ਼ਾ ਕੱਪ ਵਿੱਚ ਸੋਨੇ ਅਤੇ ਏਸ਼ੀਅਨ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ ਹੈ। ਜੈਵਲਿਨ ਥਰੋਅਰ ਨਦੀਮ ਵਿਸ਼ਵ ਅਥਲੈਟਿਕਸ ਵਿੱਚ ਭਾਰਤ ਦੇ ਓਲੰਪਿਕ ਤੇ ਵਿਸ਼ਵ ਚੈਂਪੀਅਨ ਨੀਰਜ ਚੋਪੜਾ ਦਾ ਸਮਕਾਲੀ ਹੈ, ਜਿਸ ਕਾਰਨ ਉਸ ਨੂੰ ਨੀਰਜ ਚੋਪੜਾ ਤੋਂ ਤਕੜੀ ਟੱਕਰ ਮਿਲ ਰਹੀ ਹੈ, ਨਹੀਂ ਤਾਂ ਉਸ ਦੀਆਂ ਪ੍ਰਾਪਤੀਆਂ ਹੋਰ ਵੀ ਵਧੇਰੇ ਹੋਣੀਆਂ ਸਨ।
ਅਰਸ਼ਦ ਨਦੀਮ ਦਾ ਜਨਮ 2 ਜਨਵਰੀ 1997 ਨੂੰ ਲਹਿੰਦੇ ਪੰਜਾਬ ਦੇ ਖਾਨੇਵਾਲ ਜ਼ਿਲ੍ਹੇ ਦੇ ਕਸਬੇ ਮੀਆਂ ਚਾਨੂੰ ਵਿਖੇ ਹੋਇਆ। ਅੱਠ ਭੈਣ-ਭਰਾਵਾਂ ਵਿੱਚੋਂ ਤੀਜੇ ਨੰਬਰ ਉਤੇ ਅਰਸ਼ਦ ਵਿੱਚ ਸਕੂਲੀ ਦਿਨਾਂ ਤੋਂ ਹੀ ਵੱਡਾ ਅਥਲੀਟ ਬਣਨ ਦੀ ਸੰਭਾਵਨਾ ਜਾਪਦੀ ਸੀ। ਉਹ ਸਕੂਲ ਵਿੱਚ ਅਥਲੈਟਿਕਸ ਤੋਂ ਇਲਾਵਾ ਫੁੱਟਬਾਲ, ਕ੍ਰਿਕਟ ਤੇ ਬੈਡਮਿੰਟਨ- ਸਾਰੀਆਂ ਖੇਡਾਂ ਖੇਡਦਾ ਸੀ, ਪਰ ਉਸ ਦੀ ਪਸੰਦੀਦਾ ਖੇਡ ਕ੍ਰਿਕਟ ਸੀ। ਇਸ ਪਿੱਛੇ ਵੱਡਾ ਕਾਰਨ ਉਸ ਵੇਲੇ ਪਾਕਿਸਤਾਨ ਕ੍ਰਿਕਟ ਦੀ ਚੜ੍ਹਤ ਦਾ ਸਮਾਂ ਸੀ। 1992 ਵਿੱਚ ਪਾਕਿਸਤਾਨ ਨੇ ਪਹਿਲੀ ਵਾਰ ਇਮਰਾਨ ਖਾਨ ਦੀ ਕਪਤਾਨੀ ਹੇਠ ਵਿਸ਼ਵ ਕੱਪ ਜਿੱਤਿਆ ਸੀ ਅਤੇ 1996 ਵਿੱਚ ਪਾਕਿਸਤਾਨ ਨੇ ਸਾਂਝੇ ਤੌਰ ਉਤੇ ਕ੍ਰਿਕਟ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ। ਉਸ ਵੇਲੇ ਦੱਖਣੀ ਏਸ਼ੀਆ ਵਿੱਚ ਕ੍ਰਿਕਟ ਖੇਡ ਦਾ ਜਨੂੰਨ ਸਿਖਰ ਉਤੇ ਸੀ। ਅਰਸ਼ਦ ਨਦੀਮ ਨੂੰ ਅਥਲੈਟਿਕਸ ਕਰਦਿਆਂ ਰਾਸ਼ਿਦ ਅਹਿਮਦ ਸਕੀ ਨੇ ਦੇਖ ਲਿਆ ਅਤੇ ਉਸ ਤੋਂ ਬਾਅਦ ਉਸ ਨੂੰ ਉਹ ਆਪਣੇ ਖੇਡ ਵਿੰਗ ਵਿੱਚ ਲੈ ਲਿਆ। ਇੱਥੋਂ ਹੀ ਅਰਸ਼ਦ ਦਾ ਜੀਵਨ ਬਦਲ ਗਿਆ।
ਅਥਲੈਟਿਕਸ ਵਿੱਚ ਥਰੋਅਰ ਵਜੋਂ ਕਰੀਅਰ ਸ਼ੁਰੂ ਕਰਨ ਵਾਲੇ ਨਦੀਮ ਨੇ ਜੈਵਲਿਨ ਥਰੋਅ, ਸ਼ਾਟਪੁੱਟ ਤੇ ਡਿਸਕਸ- ਤਿੰਨੋਂ ਈਵੈਂਟਾਂ ਦਾ ਅਭਿਆਸ ਸ਼ੁਰੂ ਕੀਤਾ। ਪੰਜਾਬ ਯੂਥ ਫੈਸਟੀਵਲ ਵਿੱਚ ਉਸ ਨੇ ਜੈਵਲਿਨ ਥਰੋਅ ਵਿੱਚ ਸੋਨ ਤਮਗ਼ਾ ਜਿੱਤਿਅ, ਜਿਸ ਤੋਂ ਬਾਅਦ ਉਸ ਨੇ ਜੈਵਲਿਨ ਨੂੰ ਹੀ ਆਪਣੇ ਮੁੱਖ ਈਵੈਂਟ ਵਜੋਂ ਚੁਣ ਲਿਆ। ਨਦੀਮ ਦੇ ਪਿਤਾ ਮੁਹੰਮਦ ਅਰਸ਼ਦ ਨੇ ਵੀ ਉਸ ਨੂੰ ਜੈਵਲਿਨ ਥਰੋਅ ਅਪਨਾਉਣ ਲਈ ਕਿਹਾ। ਇੰਟਰ ਬੋਰਡ ਮੀਟ ਵਿੱਚ ਉਹ ਜਲਦ ਹੀ ਕੌਮੀ ਪੱਧਰ ਉਤੇ ਸੁਰਖੀਆਂ ਵਿੱਚ ਆ ਗਿਆ ਅਤੇ ਉਸ ਨੂੰ ਪਾਕਿਸਤਾਨ ਸੈਨਾ, ਹਵਾਈ ਸੈਨਾ ਅਤੇ ਬਿਜਲੀ ਵਿਭਾਗ ਦੇ ਅਦਾਰੇ ਵਾਪਡਾ ਵੱਲੋਂ ਖੇਡਣ ਦੇ ਸੱਦੇ ਆਉਣ ਲੱਗੇ। ਕੌਮੀ ਪੱਧਰ ਉਤੇ ਅਰਸ਼ਦ ਵਾਪਡਾ ਵੱਲੋਂ ਖੇਡਣ ਲੱਗਾ। ਸਾਲ 2015 ਵਿੱਚ ਜੈਵਲਿਨ ਥਰੋਅ ਈਵੈਂਟ ਵਿੱਚ ਅਰਸ਼ਦ ਉਭਰ ਕੇ ਸਾਹਮਣੇ ਆਉਣ ਲੱਗਾ। 2016 ਵਿੱਚ ਉਸ ਨੂੰ ਵਿਸ਼ਵ ਅਥਲੈਟਿਕਸ ਵੱਲੋਂ ਸਕਾਲਰਸ਼ਿਪ ਮਿਲੀ, ਜਿਸ ਨਾਲ ਉਹ ਮੌਰੀਸਸ ਵਿਖੇ ਆਈ.ਏ.ਏ.ਐਫ਼. ਦੇ ਹਾਈ ਪ੍ਰਫਾਰਮੈਂਸ ਟ੍ਰੇਨਿੰਗ ਸੈਂਟਰ ਵਿੱਚ ਤਿਆਰੀ ਲਈ ਯੋਗ ਹੋ ਗਿਆ। ਇਸੇ ਸਾਲ ਉਸ ਨੇ ਗੁਹਾਟੀ ਵਿਖੇ ਹੋਈਆਂ ਸੈਫ ਖੇਡਾਂ ਵਿੱਚ ਕਾਂਸੀ ਦਾ ਤਮਗ਼ਾ ਅਤੇ ਹੋ ਚੀ ਮਿਨ ਵਿਖੇ ਹੋਈ ਏਸ਼ੀਅਨ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ।
ਸਾਲ 2017 ਵਿੱਚ ਅਰਸ਼ਦ ਨੇ ਬਾਕੂ ਵਿਖੇ ਹੋਈਆਂ ਇਸਲਾਮਿਕ ਸੌਲੀਡੈਰਿਟੀ ਗੇਮਜ਼ ਵਿੱਚ 76.33 ਮੀਟਰ ਥਰੋਅ ਨਾਲ ਕਾਂਸੀ ਦਾ ਤਮਗ਼ਾ ਜਿੱਤਿਆ। ਅਪਰੈਲ 2018 ਵਿੱਚ ਗੋਲਡ ਕੋਸਟ ਵਿਖੇ ਹੋਈਆਂ ਕਾਮਨਵੈਲਥ ਗੇਮਜ਼ ਵਿੱਚ ਅਰਸ਼ਦ ਨੇ ਕੁਆਲੀਫਿਕੇਸ਼ਨ ਦੌਰ ਵਿੱਚ 80.45 ਮੀਟਰ ਦੇ ਨਿੱਜੀ ਬਿਹਤਰੀਨ ਪ੍ਰਦਰਸ਼ਨ ਨਾਲ ਦੂਜੇ ਨੰਬਰ ਉਤੇ ਰਹਿੰਦਿਆਂ ਫ਼ਾਈਨਲ ਲਈ ਦਾਖਲਾ ਪਾਇਆ। ਫ਼ਾਈਨਲ ਵਿੱਚ ਉਹ ਅੱਠਵੇਂ ਸਥਾਨ ਉਤੇ ਰਹਿ ਗਿਆ। ਇਸ ਤੋਂ ਬਾਅਦ ਉਹ ਪਿੱਠ ਦੀ ਸੱਟ ਕਾਰਨ ਕੁਝ ਸਮਾਂ ਖੇਡ ਮੈਦਾਨ ਤੋਂ ਬਾਹਰ ਰਿਹਾ। ਅਗਸਤ ਮਹੀਨੇ ਜਕਾਰਤਾ ਵਿਖੇ ਹੋਈਆਂ ਏਸ਼ੀਅਨ ਗੇਮਜ਼ ਵਿੱਚ ਅਰਸ਼ਦ ਨੇ 80.75 ਮੀਟਰ ਥਰੋਅ ਨਾਲ ਕਾਂਸੀ ਦਾ ਤਮਗ਼ਾ ਜਿੱਤਿਆ। ਅਰਸ਼ਦ ਨੇ ਨਵਾਂ ਨੈਸ਼ਨਲ ਰਿਕਾਰਡ ਵੀ ਬਣਾਇਆ। ਨੀਰਜ ਚੋਪੜਾ ਨੇ ਸੋਨੇ ਦਾ ਤਮਗ਼ਾ ਜਿੱਤਿਆ ਸੀ। ਇੱਥੋਂ ਹੀ ਭਾਰਤ-ਪਾਕਿਸਤਾਨ ਦੇ ਦੋ ਮਹਾਨ ਅਥਲੀਟਾਂ ਨੀਰਜ ਦੇ ਨਦੀਮ ਵਿਚਾਲੇ ਸਿਹਤਮੰਦ ਮੁਕਾਬਲੇ ਦੀ ਸ਼ੁਰੂਆਤ ਹੋਈ। ਦੋਵਾਂ ਵਿਚਕਾਰ ਉਸ ਸਮੇਂ ਤੋਂ ਹੀ ਬਹੁਤ ਚੰਗੇ ਦੋਸਤਾਂ ਵਾਲੇ ਸਬੰਧ ਹਨ। ਮੈਡਲ ਸੈਰੇਮਨੀ ਦੌਰਾਨ ਦੋਵੇਂ ਆਪਸ ਵਿੱਚ ਗਲਵੱਕੜੀ ਪਾ ਕੇ ਮਿਲੇ।
ਸਾਲ 2019 ਵਿੱਚ ਅਰਸ਼ਦ ਦੋਹਾ ਵਿਖੇ ਹੋਈ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲਾ ਇਕਲੌਤਾ ਪਾਕਿਸਤਾਨੀ ਅਥਲੀਟ ਸੀ। ਉਸ ਨੇ 81.52 ਮੀਟਰ ਦੀ ਥਰੋਅ ਨਾਲ ਨਵਾਂ ਨੈਸ਼ਨਲ ਰਿਕਾਰਡ ਬਣਾਇਆ। ਨਵੰਬਰ ਮਹੀਨੇ ਅਰਸ਼ਦ ਨੇ ਪੇਸ਼ਾਵਰ ਵਿਖੇ ਹੋਈਆਂ 33ਵੀਂ ਨੈਸ਼ਨਲ ਗੇਮਜ਼ ਵਿੱਚ ਵਾਪਡਾ ਵੱਲੋਂ ਖੇਡਦਿਆਂ 83.65 ਮੀਟਰ ਦਾ ਨਵਾਂ ਨੈਸ਼ਨਲ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਮਗ਼ਾ ਜਿੱਤਿਆ। ਦਸੰਬਰ ਮਹੀਨੇ ਕਾਠਮੰਡੂ ਵਿਖੇ ਹੋਈਆਂ ਸੈਫ ਖੇਡਾਂ ਵਿੱਚ 86.29 ਮੀਟਰ ਦੀ ਥਰੋਅ ਨਾਲ ਨਵਾਂ ਗੇਮਜ਼ ਅਤੇ ਕੌਮੀ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਮਗ਼ਾ ਜਿੱਤਿਆ। ਇੱਕ ਸਾਲ ਵਿੱਚ ਹੀ ਅਰਸ਼ਦ ਨੇ ਆਪਣਾ ਹੀ ਪ੍ਰਦਰਸ਼ਨ ਲਗਾਤਾਰ ਸੁਧਾਰਦਿਆਂ ਤਿੰਨ ਵਾਰ ਨੈਸ਼ਨਲ ਰਿਕਾਰਡ ਬਣਾਇਆ। ਸਾਲ 2020 ਕੋਵਿਡ-19 ਮਹਾਂਮਾਰੀ ਕਾਰਨ ਕੋਈ ਵੱਡਾ ਮੁਕਾਬਲਾ ਨਹੀਂ ਹੋਇਆ।
ਸਾਲ 2021 ਵਿੱਚ ਇਰਾਨ ਵਿਖੇ ਇਮਾਮ ਰੇਜ਼ਾ ਕੱਪ ਵਿੱਚ ਅਰਸ਼ਦ ਨੇ 86.38 ਮੀਟਰ ਦੀ ਥਰੋਅ ਨਾਲ ਇੱਕ ਵਾਰ ਫੇਰ ਨਵਾਂ ਨੈਸ਼ਨਲ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਮਗ਼ਾ ਜਿੱਤਿਆ। ਸਾਲ 2023 ਵਿੱਚ ਟੋਕੀਓ ਵਿਖੇ ਹੋਈਆਂ ਓਲੰਪਿਕ ਖੇਡਾਂ ਵਿੱਚ ਅਰਸ਼ਦ ਨੇ 84.62 ਮੀਟਰ ਦੀ ਥਰੋਅ ਨਾਲ ਫ਼ਾਈਨਲ ਲਈ ਕੁਆਲੀਫ਼ਾਈ ਕੀਤਾ। ਓਲੰਪਿਕ ਖੇਡਾਂ ਦੇ ਫ਼ਾਈਨਲ ਵਿੱਚ ਪਹੁੰਚਣ ਵਾਲਾ ਉਹ ਪਹਿਲਾ ਪਾਕਿਸਤਾਨੀ ਅਥਲੀਟ ਬਣਿਆ। ਫ਼ਾਈਨਲ ਵਿੱਚ ਉਹ ਪੰਜਵੇਂ ਸਥਾਨ ਉਤੇ ਰਿਹਾ। ਭਾਰਤ ਦੇ ਨੀਰਜ ਚੋਪੜਾ ਨੇ ਸੋਨੇ ਦਾ ਤਮਗ਼ਾ ਜਿੱਤਿਆ। ਇੱਥੇ ਅਰਸ਼ਦ ਨੇ ਭਾਰਤੀ ਖੇਡ ਪ੍ਰੇਮੀਆਂ ਦੇ ਦਿਲ ਵੀ ਜਿੱਤੇ, ਜਦੋਂ ਉਸ ਨੇ ਆਪਣੀ ਜੈਵਲਿਨ ਨੀਰਜ ਚੋਪੜਾ ਨੂੰ ਦਿੱਤੀ। ਓਲੰਪਿਕਸ ਦੌਰਾਨ ਅਰਸ਼ਦ ਦੇ ਪਿਤਾ ਨੇ ਕਿਹਾ ਸੀ ਕਿ ਉਸ ਦੇ ਬੇਟੇ ਨੂੰ ਕੋਈ ਵਧੀਆ ਕੋਚਿੰਗ ਅਤੇ ਅਭਿਆਸ ਲਈ ਵਿੱਤੀ ਸਹਾਇਤਾ ਵੀ ਨਹੀਂ ਮਿਲੀ। ਜੇ ਉਸ ਨੂੰ ਤਵੱਜੋਂ ਦਿੱਤੀ ਜਾਂਦੀ ਤਾਂ ਸੰਭਵ ਸੀ ਕਿ ਉਹ ਤਮਗ਼ਾ ਵੀ ਜਿੱਤ ਲੈਂਦਾ।
ਸਾਲ 2022 ਵਿੱਚ ਅਰਸ਼ਦ ਨਦੀਮ ਦੱਖਣੀ ਅਫਰੀਕਾ ਵਿੱਚ ਵਿਸ਼ਵ ਦੇ ਮਹਾਨ ਅਥਲੈਟਿਕਸ ਕੋਚ ਟੈਰਸੀਅਸ ਲੀਬੈਨਬਰਗ ਦੀ ਅਗਵਾਈ ਹੇਠ ਸਿਖਲਾਈ ਹਾਸਲ ਕਰਨ ਗਿਆ। ਅਥਲੈਟਿਕਸ ਫੈਡਰੇਸ਼ਨ ਆਫ ਪਾਕਿਸਤਾਨ ਵੱਲੋਂ ਕੀਤੇ ਇਸ ਉਪਰਾਲੇ ਦਾ ਨਦੀਮ ਦੀ ਖੇਡ ਉਪਰ ਸਾਫ ਫ਼ਰਕ ਨਜ਼ਰ ਆਇਆ। ਯੂਜੀਨ (ਅਮਰੀਕਾ) ਵਿਖੇ ਹੋਈ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 86.16 ਮੀਟਰ ਥਰੋਅ ਨਾਲ ਨਦੀਮ ਪੰਜਵੇਂ ਸਥਾਨ ਉਤੇ ਰਿਹਾ। ਨੀਰਜ ਨੇ ਚਾਂਦੀ ਦਾ ਤਮਗ਼ਾ ਜਿੱਤਿਆ। ਬਰਮਿੰਘਮ ਵਿਖੇ ਹੋਈਆਂ ਕਾਮਨਵੈਲਥ ਖੇਡਾਂ ਵਿੱਚ ਨੀਰਜ ਤੇ ਨਦੀਮ ਵਿਚਾਲੇ ਵੱਡੇ ਮੁਕਾਬਲੇ ਦੀ ਆਸ ਸੀ, ਪਰ ਨੀਰਜ ਦੇ ਸੱਟ ਵੱਜਣ ਕਰਕੇ ਨਾਮ ਵਾਪਸ ਲੈਣ ਕਾਰਨ ਨਦੀਮ ਦਾ ਮੁੱਖ ਮੁਕਾਬਲਾ ਗ੍ਰਨੇਡਾ ਦੇ ਵਿਸ਼ਵ ਚੈਂਪੀਅਨ ਐਂਡਰਸਨ ਪੀਟਰਜ਼ ਨਾਲ ਸੀ। ਨਦੀਮ ਨੇ ਆਪਣੇ ਖੇਡ ਜੀਵਨ ਦਾ ਸਭ ਤੋਂ ਸਿਖਰਲਾ ਪ੍ਰਦਰਸ਼ਨ ਕਰਦਿਆਂ ਪਹਿਲੀ ਵਾਰ 90 ਮੀਟਰ ਦੀ ਹੱਦ ਪਾਰ ਕਰਦਿਆਂ 90.18 ਮੀਟਰ ਦੀ ਥਰੋਅ ਨਾਲ ਪੀਟਰਜ਼ ਨੂੰ ਪਛਾੜਦਿਆਂ ਸੋਨੇ ਦਾ ਤਮਗ਼ਾ ਜਿੱਤਿਆ। ਇਹ ਨਵਾਂ ਗੇਮਜ਼ ਅਤੇ ਪਾਕਿਸਤਾਨ ਦਾ ਨੈਸ਼ਨਲ ਰਿਕਾਰਡ ਸੀ। ਜ਼ਿਕਰਯੋਗ ਹੈ ਕਿ ਨੀਰਜ ਚੋਪੜਾ ਆਪਣੇ ਖੇਡ ਜੀਵਨ ਵਿੱਚ ਕਦੇ ਵੀ 90 ਮੀਟਰ ਦੀ ਹੱਦ ਨਹੀਂ ਪਾਰ ਕਰ ਸਕਿਆ। ਨਦੀਮ ਇਹ ਹੱਦ ਪਾਰ ਕਰਨ ਵਾਲਾ ਪਹਿਲਾ ਦੱਖਣ ਏਸ਼ਿਆਈ ਅਥਲੀਟ ਹੈ। ਸਾਲ 2023 ਵਿੱਚ ਤੁਰਕੀ ਵਿਖੇ ਇਸਲਾਮਿਕ ਸੌਲੀਡੈਰਿਟੀ ਗੇਮਜ਼ ਵਿੱਚ ਨਦੀਮ ਨੇ 88.55 ਮੀਟਰ ਦੀ ਥਰੋਅ ਨਾਲ ਨਵਾਂ ਗੇਮਜ਼ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਮਗ਼ਾ ਜਿੱਤਿਆ।
ਸਾਲ 2022 ਦੇ ਦਸੰਬਰ ਮਹੀਨੇ ਨਦੀਮ ਨੇ ਯੂ.ਕੇ. ਤੋਂ ਆਪਣੀ ਬਾਂਹ ਅਤੇ ਗੋਡੇ ਦੀ ਸੱਟ ਦਾ ਇਲਾਜ ਕਰਵਾਇਆ। ਸਾਲ 2023 ਵਿੱਚ ਨਦੀਮ ਨੇ ਨੈਸ਼ਨਲ ਗੇਮਜ਼ ਵਿੱਚ ਹਿੱਸਾ ਲੈਂਦਿਆਂ ਸੋਨੇ ਦਾ ਤਮਗ਼ਾ ਜਿੱਤਿਆ, ਪਰ ਨੈਸ਼ਨਲ ਗੇਮਜ਼ ਵਿੱਚ ਉਸ ਨੂੰ ਗੋਡੇ ਦੀ ਸੱਟ ਲੱਗ ਜਾਣ ਕਾਰਨ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚੋਂ ਨਾਮ ਵਾਪਸ ਲੈਣਾ ਪਿਆ। ਪਾਕਿਸਤਾਨ ਅਥਲੈਟਿਕਸ ਫੈਡਰੇਸ਼ਨ ਨੇ ਨਦੀਮ ਨੂੰ ਨੈਸ਼ਨਲ ਗੇਮਜ਼ ਵਿੱਚ ਹਿੱਸਾ ਲੈਣ ਲਈ ਮਜਬੂਰ ਕਰਨ ਲਈ ਵਾਪਡਾ ਨੂੰ ਕਸੂਰਵਾਰ ਠਹਿਰਾਇਆ। ਨਦੀਮ ਨੇ ਸੱਟ ਤੋਂ ਵਾਪਸੀ ਕਰਦਿਆਂ ਬੁਢਾਪੇਸਟ ਵਿਖੇ ਹੋਈ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ, ਜਿੱਥੇ ਉਸ ਨੇ 87.82 ਮੀਟਰ ਦੀ ਸੀਜ਼ਨ ਦੀ ਬਿਹਤਰੀਨ ਥਰੋਅ ਸੁੱਟਦਿਆਂ ਚਾਂਦੀ ਦਾ ਤਮਗ਼ਾ ਜਿੱਤਿਆ। ਉਹ ਪਹਿਲਾ ਪਾਕਿਸਤਾਨੀ ਅਥਲੀਟ ਬਣਿਆ, ਜਿਸ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ। ਨੀਰਜ ਨੇ ਸੋਨੇ ਦਾ ਤਮਗ਼ਾ ਜਿੱਤਿਆ। ਦੋਵੇਂ ਗੁਆਂਢੀ ਮੁਲਕਾਂ ਦੇ ਮਿੱਤਰ ਅਥਲੀਟ ਮੈਡਲ ਸੈਰੇਮਨੀ ਤੋਂ ਬਾਅਦ ਗਲਵੱਕੜੀ ਪਾ ਕੇ ਫੋਟੋਗ੍ਰਾਫਰਾਂ ਸਾਹਮਣੇ ਆਏ। ਕਿਸੇ ਵੇਲੇ ਏਸ਼ੀਅਨ ਗੇਮਜ਼ ਵਿੱਚ ਮਿਲਖਾ ਸਿੰਘ-ਅਬਦੁਲ ਖ਼ਾਲਿਕ ਜਾਂ ਗੁਰਬਚਨ ਸਿੰਘ ਰੰਧਾਵਾ-ਗੁਲਾਮ ਰਜ਼ੀਕ ਇੰਝ ਸਿਖਰਲੀਆਂ ਪੁਜੀਸ਼ਨਾਂ ਮੱਲਦੇ ਸਨ ਅਤੇ ਹੁਣ ਵਿਸ਼ਵ ਅਥਲੈਟਿਕਸ ਵਿੱਚ ਇਹ ਪਹਿਲਾ ਮੌਕਾ ਸੀ, ਜਦੋਂ ਸੋਨੇ ਤੇ ਚਾਂਦੀ ਦਾ ਤਮਗ਼ਾ ਭਾਰਤ ਤੇ ਪਾਕਿਸਤਾਨ ਦੇ ਹਿੱਸੇ ਆਇਆ ਹੋਵੇ। ਪੰਜਵੀਂ ਤੇ ਛੇਵੀਂ ਪੁਜੀਸ਼ਨ ਵੀ ਭਾਰਤ ਦੇ ਕਿਸ਼ੋਰ ਜੇਨਾ ਤੇ ਡੀ.ਪੀ. ਮਾਨੂੰ ਹਿੱਸੇ ਆਈ। ਇਸ ਤਰ੍ਹਾਂ ਪਹਿਲੀਆਂ ਛੇ ਪੁਜੀਸ਼ਨਾਂ ਵਿੱਚੋਂ ਚਾਰ ਹਿੰਦ ਮਹਾਂਦੀਪ ਦੇ ਦੋ ਮੁਲਕਾਂ ਹਿੱਸੇ ਆਉਣਾ ਇਸ ਖਿੱਤੇ ਵਿੱਚ ਜੈਵਲਿਨ ਖੇਡ ਦੀ ਮਕਬੂਲੀਅਤ ਦਾ ਲੋਹਾ ਮਨਵਾਉਂਦੀਆਂ ਹਨ। ਜੈਵਲਿਨ ਨੂੰ ਭਾਰਤ ਤੇ ਪਾਕਿਸਤਾਨ ਵਿੱਚ ਮਕਬੂਲ ਕਰਨ ਦਾ ਸਿਹਰਾ ਨੀਰਜ ਦੇ ਨਦੀਮ ਨੂੰ ਜਾਂਦਾ ਹੈ।
ਕਰੀਬ ਸਵਾ ਛੇ ਫੁੱਟ ਲੰਬੇ ਅਥਲੀਟ ਅਰਸ਼ਦ ਨਦੀਮ ਨੂੰ ਖੇਡ ਪ੍ਰਾਪਤੀਆਂ ਬਦਲੇ ਪਾਕਿਸਤਾਨ ਦੇ ਰਾਸ਼ਟਰਪਤੀ ਵੱਲੋਂ ਪਰਾਈਡ ਆਫ਼ ਪ੍ਰਫਾਰਮੈਂਸ ਦਾ ਵੀ ਐਵਾਰਡ ਮਿਲਿਆ। ਇਸ ਤੋਂ ਇਲਾਵਾ ਪਾਕਿਸਤਾਨ ਸਰਕਾਰ, ਪੰਜਾਬ ਸੂਬੇ, ਖੇਡ ਵਿਭਾਗ, ਓਲੰਪਿਕ ਐਸੋਸੀਏਸ਼ਨ, ਵਾਪਡਾ ਸਣੇ ਵੱਖ-ਵੱਖ ਅਦਾਰਿਆਂ ਵੱਲੋਂ ਨਗ਼ਦ ਇਨਾਮਾਂ ਨਾਲ ਵੀ ਸਨਮਾਨ ਮਿਲੇ।