ਇਸ ਲੇਖ ਵਿੱਚ ਲੇਖਕ ਨੇ ਸਰਕਾਰੀ ਤੇ ਗ਼ੈਰ-ਸਰਕਾਰੀ ਸਾਧਨਾਂ ਦੀ ਵਰਤੋਂ ਰਾਹੀਂ ਸਿੱਖਾਂ ਦੀ ਕੀਤੀ ਜਾ ਰਹੀ ਕਿਰਦਾਰਕੁਸ਼ੀ ਵੱਲ ਧਿਆਨ ਦਿਵਾਇਆ ਹੈ, ਜੋ ਸਮੁੱਚੇ ਭਾਈਚਾਰੇ ਦੇ ਗਹਿਰੇ ਧਿਆਨ ਦੀ ਮੰਗ ਕਰਦਾ ਹੈ। ਯੋਜਨਾ-ਬੱਧ ਢੰਗ ਨਾਲ ਸਿੱਖਾਂ ਦੀ ਕਿਰਦਾਰਕੁਸ਼ੀ ਲਈ ਲੰਮੇ ਸਮੇਂ ਤੋਂ ਭਾਰਤੀ ਫ਼ਿਲਮਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਸਰਕਾਰ ਪੱਖੀ ਭਾਰਤੀ ਮੀਡੀਆ ਵੀ ਭਾਈਚਾਰੇ ਦੀ ਕਿਰਦਾਰਕੁਸ਼ੀ ਕਰਨ ਤੋਂ ਪਿੱਛੇ ਨਹੀਂ ਹਟਦਾ। ਇਸ ਵਰਤਾਰੇ ਨੂੰ ਰੋਕਣ ਲਈ ਸਿੱਖ ਸੰਸਥਾਵਾਂ, ਸਿੱਖ ਬੁੱਧੀਜੀਵੀਆਂ, ਸਿੱਖ ਕਾਨੂੰਨਦਾਨਾਂ ਨੂੰ ਮਿਲ ਕੇ ਸਖਤ ਫੈਸਲੇ ਲੈਣ ਦੀ ਲੋੜ ਹੈ।
ਸਤਵਿੰਦਰ ਸਿੰਘ ਫੂਲਪੁਰ*
ਫੋਨ:+91-9914419484
ਕਿਸੇ ਕੌਮੀ, ਨਸਲੀ, ਜਾਤੀ ਜਾਂ ਧਾਰਮਿਕ ਸਮੂਹ ਨੂੰ ਪੂਰਨ ਰੂਪ ਵਿੱਚ ਜਾਂ ਅੰਸ਼ਿਕ ਰੂਪ ਵਿੱਚ ਤਬਾਹ ਕਰਨ ਦੀ ਮਨਸ਼ਾ ਨਾਲ ਕੀਤੀ ਗਈ ਕਾਰਵਾਈ ਜਿਵੇਂ ਕੇ ਉਸ ਸਮੂਹ ਦੇ ਜੀਆਂ ਨੂੰ ਮਾਰਨਾ, ਸਰੀਰਕ ਜਾਂ ਮਾਨਸਿਕ ਦੁੱਖ ਦੇਣਾ, ਤਬਾਹੀ ਦੇ ਇਰਾਦੇ ਨਾਲ ਜਾਣ-ਬੁੱਝ ਕੇ ਉਸ ਸਮੂਹ ਉੱਤੇ ਜੀਊਣ ਦੀਆਂ ਸ਼ਰਤਾਂ ਥੋਪਣੀਆਂ ਆਦਿ ਨਸਲਕੁਸ਼ੀ ਅਖਵਾਉਂਦੀ ਹੈ। ਆਜ਼ਾਦ ਭਾਰਤ ਅੰਦਰ ਨਵੰਬਰ 1984 ਵਿੱਚ ਤਤਕਾਲੀ ਸਰਕਾਰ ਦੁਆਰਾ ਦਿੱਲੀ ਅਤੇ ਹੋਰਨਾਂ ਬਹੁਤ ਸਾਰੇ ਵੱਡੇ ਸ਼ਹਿਰਾਂ ਵਿੱਚ ਸਰਕਾਰੀ-ਤੰਤਰ ਦੀ ਮਦਦ ਨਾਲ ਸਿੱਖਾਂ ਦੇ ਗਲ਼ਾਂ ਵਿੱਚ ਟਾਇਰ ਪਾ ਕੇ ਸਾੜਨਾ; ਬੱਸਾਂ, ਰੇਲਾਂ ਵਿੱਚੋਂ ਕੱਢ-ਕੱਢ ਕੇ ਮਿੱਟੀ ਦਾ ਤੇਲ ਤੇ ਪੈਟਰੋਲ ਪਾ-ਪਾ ਕੇ ਸਿੱਖਾਂ ਨੂੰ ਸਾੜਨਾ, ਸਿੱਖਾਂ ਦੇ ਘਰਾਂ ਵਿੱਚੋਂ ਸਾਮਾਨ ਲੁੱਟ ਕੇ ਉਨ੍ਹਾਂ ਦੇ ਘਰਾਂ ਅਤੇ ਗੁਰਦੁਆਰਾ ਸਾਹਿਬਾਨ ਨੂੰ ਅੱਗਾਂ ਲਾਉਣੀਆਂ; ਸਰਕਾਰ ਦੁਆਰਾ ਸਿੱਖਾਂ ਦੇ ਕਾਤਲਾਂ ਨੂੰ ਰਾਸ਼ਨ ਕਾਰਡ ਅਤੇ ਵੋਟਰ ਸੂਚੀਆਂ ਵਿੱਚੋਂ ਸਿੱਖਾਂ ਦੇ ਘਰਾਂ ਦੀਆਂ ਪਤਾ ਸੂਚੀਆਂ ਮੁਹੱਈਆ ਕਰਵਾਉਣੀਆਂ, ਪੁਲਿਸ ਦੁਆਰਾ ਸਿੱਖਾਂ ਕੋਲੋਂ ਹਥਿਆਰ ਲੈ ਕੇ ਨਿਹੱਥੇ ਸਿੱਖਾਂ ਦੀ ਕਤਲ-ਓ-ਗਾਰਤ ਕਰਨ ਲਈ ਭੀੜਾਂ ਭੇਜਣੀਆਂ- ਇਹ ਸਭ ਦੇਸ਼ ਅੰਦਰ ਸਿੱਖਾਂ ਦੀ ਨਸਲਕੁਸ਼ੀ ਦੀ ਮਨਸ਼ਾ ਨਾਲ ਕੀਤੀ ਗਈ ਕਾਰਵਾਈ ਸੀ। ਇਹ ਦੇਸ਼ ਦੇ ਮੱਥੇ ਉੱਤੇ ਕਦੇ ਨਾ ਮਿਟਣ ਵਾਲਾ ਕਲੰਕ ਹੈ। ਇਹ ਦੁਨੀਆ ਦੇ ਇਤਿਹਾਸ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲੀ ਅਕ੍ਰਿਤਘਣਤਾ ਦੀ ਸਿਖਰ ਸੀ। ਇਹ ਉਨ੍ਹਾਂ ਸਿੱਖਾਂ ਪ੍ਰਤੀ ਦੇਸ਼ ਦੀ ਨਫਰਤ ਦਾ ਮਹਾਂ-ਤਾਂਡਵ ਸੀ, ਜਿਨ੍ਹਾਂ ਨੇ ਆਪਣੀ ਦੋ ਫੀਸਦੀ ਆਬਾਦੀ ਹੋਣ ਦੇ ਬਾਵਜੂਦ ਨੱਬੇ ਫੀਸਦੀ ਕੁਰਬਾਨੀਆਂ/ਸ਼ਹੀਦੀਆਂ ਦੇ ਕੇ ਇਸ ਮੁਲਕ ਨੂੰ ਆਜ਼ਾਦ ਕਰਵਾਇਆ ਸੀ।
ਮੌਜੂਦਾ ਦੌਰ ਵਿੱਚ ਸਿੱਖ ਕੌਮ ਦੇ ਵਿਰੋਧ ਵਿੱਚ ਭੁਗਤਣ ਵਾਲੀਆਂ ਤਾਕਤਾਂ ਬਹੁਤ ਸ਼ਾਤਰ ਹਨ। ਇਨ੍ਹਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਮੁਗ਼ਲ ਹਕੂਮਤ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਪੂਰਾ ਜੋਰ ਲਾ ਕੇ ਹੰਭ ਗਈ, ਇਨ੍ਹਾਂ ਦੇ ਸਿਰਾਂ ਦੇ ਮੁੱਲ ਪਾਏ ਗਏ, ਪਰ ਸਿੱਖ ਕੌਮ ਨੂੰ ਖਤਮ ਨਾ ਕੀਤਾ ਜਾ ਸਕਿਆ। ਇਨ੍ਹਾਂ ਪੰਥ-ਵਿਰੋਧੀ ਤਾਕਤਾਂ ਨੂੰ ਇਹ ਵੀ ਪਤਾ ਹੈ ਕਿ ਸਿੱਖ ਬੜੀ ਬਹਾਦਰ ਅਤੇ ਅਣਖੀ ਕੌਮ ਹੈ। ਇਨ੍ਹਾਂ ਦੀ ਮਿਹਨਤ ਅਤੇ ਇਮਾਨਦਾਰੀ ਦੀ ਪੂਰੀ ਦੁਨੀਆ ਕਾਇਲ ਹੈ। ਵਿਦੇਸ਼ਾਂ ਅੰਦਰ ਇਨ੍ਹਾਂ ਨੂੰ ਬੜੇ ਸਤਿਕਾਰ ਨਾਲ ਵੇਖਿਆ ਜਾਂਦਾ ਹੈ। ਅਸੀਂ ਇਨ੍ਹਾਂ ਸਿੱਖਾਂ ਦੀ ਨਸਲਕੁਸ਼ੀ ਕਰਨ ਵਿੱਚ ਤਾਂ ਕਾਮਯਾਬ ਨਹੀਂ ਹੋ ਸਕੇ ਤੇ ਨਾ ਹੀ ਹੋ ਸਕਦੇ ਹਾਂ, ਫਿਰ ਕਿਉਂ ਨਾ ਆਪਣੇ ਸਰਕਾਰੀ ਤੇ ਗ਼ੈਰ-ਸਰਕਾਰੀ ਸਾਧਨਾਂ ਦੀ ਵਰਤੋਂ ਕਰ ਕੇ ਇਨ੍ਹਾਂ ਦੀ ਕਿਰਦਾਰਕੁਸ਼ੀ ਦਾ ਮਿਸ਼ਨ ਅਰੰਭ ਕੀਤਾ ਜਾਵੇ! ਇਸ ਮਕਸਦ ਲਈ ਪੂਰੇ ਯੋਜਨਾਬੱਧ ਤਰੀਕੇ ਨਾਲ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ। ਇਸ ਲਈ ਅਪਨਾਏ ਗਏ ਬਹੁਤ ਸਾਰੇ ਸਾਧਨਾਂ ਵਿੱਚੋਂ ਦੋ ਵੱਡੇ ਸਾਧਨਾਂ- ਭਾਰਤੀ ਮੀਡੀਆ ਅਤੇ ਫ਼ਿਲਮ ਉਦਯੋਗ ਨੂੰ ਸਿੱਖਾਂ ਨੂੰ ਬਦਨਾਮ ਕਰਨ ਦੀ ਪੂਰੀ ਖੁੱਲ੍ਹ ਦੇ ਦਿੱਤੀ ਗਈ ਹੈ।
ਵੈਸੇ ਤਾਂ ਸਿੱਖਾਂ ਦੀ ਕਿਰਦਾਰਕੁਸ਼ੀ ਵਿੱਚ ਸੰਨ 2014 ਤੋਂ ਬਾਅਦ ਭਾਰੀ ਵਾਧਾ ਵੇਖਣ ਨੂੰ ਮਿਲਿਆ ਹੈ, ਪਰ ਕਿਸਾਨ ਮੋਰਚੇ ਸਮੇਂ ਸਿੱਖਾਂ ਦਾ ਬਹਾਦਰੀ, ਨਿਡਰਤਾ, ਮਨੁੱਖਤਾਵਾਦੀ ਸੇਵਾ ਭਾਵਨਾ ਵਾਲਾ ਜੋ ਉੱਚਾ-ਸੁੱਚਾ, ਕਿਰਦਾਰ ਸਾਰੀ ਦੁਨੀਆ ਨੇ ਵੇਖਿਆ ਹੈ, ਉਸ ਨੇ ਤਾਂ ਪੰਥ-ਵਿਰੋਧੀਆਂ ਅੰਦਰ ਬੁਖਲਾਹਟ ਪੈਦਾ ਕਰ ਦਿੱਤੀ ਹੈ। ਕਿਸਾਨੀ ਮੋਰਚੇ ਦੀ ਫਤਿਹ ਤੋਂ ਬਾਅਦ ਭਾਰਤੀ ਮੀਡੀਆ ਅਤੇ ਭਾਰਤੀ ਫਿਲਮਾਂ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਨਿਗੂਣਾ ਪੇਸ਼ ਕਰਨ ਦੇ ਯਤਨਾਂ ਵਿੱਚ ਭਾਰੀ ਵਾਧਾ ਵੇਖਣ ਨੂੰ ਮਿਲਿਆ ਹੈ। ਗੱਲ ਜੇ ਭਾਰਤੀ ਮੀਡੀਏ ਦੀ ਕਰੀਏ ਤਾਂ ਇਹ ਪੱਬਾਂ ਭਾਰ ਹੋ ਕੇ ਸਿੱਖਾਂ ਨੂੰ ਖ਼ਾਲਿਸਤਾਨੀ, ਅਤਿਵਾਦੀ ਆਖ ਕੇ ਪੂਰਾ ਜ਼ਹਿਰ ਉਗਲਦਾ ਰਿਹਾ ਹੈ ਤੇ ਹੁਣ ਵੀ ਦੋਹਰੇ ਮਾਪਦੰਡ ਅਪਨਾ ਕੇ ਚੱਲ ਰਿਹਾ ਹੈ।
ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਝਰ ਦੇ ਕੀਤੇ ਗਏ ਕਤਲ ਤੋਂ ਬਾਅਦ ਵਾਪਰੇ ਰਾਜਨੀਤਿਕ ਘਟਨਾਕ੍ਰਮ ਤੋਂ ਪਿੱਛੋਂ ਤਾਂ ਭਾਰਤੀ ਮੀਡੀਆ ਨੇ ਸਿੱਖਾਂ ਨੂੰ ਬਦਨਾਮ ਕਰਨ ਵਾਲੀਆਂ ਸਾਰੀਆਂ ਹੱਦ-ਬੰਦੀਆਂ ਪਾਰ ਕਰ ਦਿੱਤੀਆਂ। ਲੱਗਭਗ ਸਾਰੇ ਭਾਰਤੀ ਮੀਡੀਆ ਨੇ ਸਿੱਖਾਂ ਖ਼ਿਲਾਫ ਪੂਰਾ ਜ਼ਹਿਰ ਉਗਲਿਆ। ਇੱਕ ਭਾਰਤੀ ਅੰਗਰੇਜ਼ੀ ਖ਼ਬਰ ਚੈਨਲ ਸਿੱਖ-ਵਿਰੋਧੀ ਇਕਤਰਫ਼ਾ ਸੋਚ ਵਾਲੇ ਤਿੰਨ-ਚਾਰ ਭਾਗੀਦਾਰ ਬਿਠਾ ਕੇ ਬਹਿਸ ਕਰਵਾ ਰਿਹਾ ਸੀ। ਚੈਨਲ ਉੱਪਰ ਇੱਕ ਪਾਸੇ ਲਗਾਤਾਰ ਦਸਤਾਰਧਾਰੀ ਸਿੱਖਾਂ ਦੀਆਂ ਵੀਡੀਓ ਵਿਖਾਈਆਂ ਜਾ ਰਹੀਆਂ ਸਨ। ਉਹ ਸਾਰੇ ਵਾਰ-ਵਾਰ ਜੋ ਸ਼ਬਦ ਵਰਤ ਰਹੇ ਸਨ, ਉਹ ਸਨ- ਕ੍ਰਿਮੀਨਲ ਗੈਂਗਸ, ਸਟਰੀਟ ਵਾਇਲੈਂਸ, ਗੈਂਗ ਵਾਇਲੈਂਸ ਇਨਵੋਲਵਡ ਦੋਜ਼ ਆਰ। ਕਮਿਉਨਿਟੀ ਆਫ ਗੈਂਗਸਟਰਜ਼, ਮਾਫੀਆ ਲਾਈਕ ਓਪਰੇਸ਼ਨ, ਨੋਟੋਰੀਅਸ ਐਕਟੀਵਿਟੀ, ਕੈਨੇਡਾ ਸੇਫ ਹੈਵਨ ਫਾਰ ਗੈਂਗਸਟਰ। ਇਨ੍ਹਾਂ ਸ਼ਬਦਾਂ ਦਾ ਪ੍ਰਯੋਗ ਕਰਦਿਆਂ ਵਾਰ-ਵਾਰ ਟੀ.ਵੀ. ਚੈਨਲ ਉੱਪਰ ਸਿੱਖ ਚਿਹਰੇ ਵਿਖਾਏ ਜਾ ਰਹੇ ਸਨ। ਇਨ੍ਹਾਂ ਖ਼ਬਰ ਚੈਨਲਾਂ ਵਾਲਿਆਂ ਦੀ ਮਨੋਬਿਰਤੀ ਲੋਕਾਂ ਨੂੰ ਇਹ ਦੱਸਣ ਦੀ ਸੀ ਕਿ ਸਿੱਖ ਅਪਰਾਧੀ ਗ੍ਰੋਹ ਹਨ, ਇਹ ਸੜਕਾਂ ਉੱਪਰ ਹਿੰਸਾ ਕਰਦੇ ਹਨ, ਇਹ ਲੋਕ ਅਪਰਾਧਿਕ ਗਤੀਵੀਧੀਆਂ ਵਿੱਚ ਸ਼ਾਮਲ ਹਨ, ਸਿੱਖ ਅਪਰਾਧੀ ਭਾਈਚਾਰਾ ਹੈ, ਇਹ ਮਾਫੀਆ ਵਾਂਗ ਕਾਰਵਾਈ ਕਰਦੇ ਹਨ, ਇਹ ਬਦਨਾਮ ਗਤੀਵੀਧੀਆਂ ਵਿੱਚ ਸ਼ਾਮਲ ਹਨ, ਕੈਨੇਡਾ (ਸਿੱਖ) ਗੈਗਸਟਰਾਂ ਲਈ ਸੁਰੱਖਿਅਤ ਪਨਾਹਗਾਹ ਹੈ, ਆਦਿ।
ਇਹ ਸਾਰਾ ਵਰਤਾਰਾ ਸਿੱਖ ਮਾਨਸਿਕਤਾ ਨੂੰ ਪੀੜ ਪਹੁੰਚਾਉਣ ਵਾਲਾ ਸੀ। ਅਜਿਹਾ ਵਰਤਾਰਾ ਲੱਗਭਗ ਸਾਰੇ ਭਾਰਤੀ ਬਿਜਲਈ ਮੀਡੀਆ ਉੱਪਰ ਲਗਾਤਾਰ ਵਰਤ ਰਿਹਾ ਸੀ। ਇਹ ਸਭ ਸਿੱਖਾਂ ਦੀ ਕਿਰਦਾਰਕੁਸ਼ੀ ਕਰਨ ਲਈ ਸਟੇਟ ਦੀ ਗਿਣੀ-ਮਿਥੀ ਸਾਜ਼ਿਸ਼ ਦਾ ਹਿੱਸਾ ਸੀ ਤੇ ਹੁਣ ਵੀ ਮੌਕਾ-ਬੇਮੌਕਾ ਮੀਡੀਆ ਦਾ ਨਫਰਤੀ ਚਿਹਰਾ ਲੁਕਿਆ ਨਹੀਂ ਰਹਿੰਦਾ।
ਯੂ.ਐਨ.ਓ. ਦੇ ਚਾਰਟਰ ਅਨੁਸਾਰ ਹਰੇਕ ਕੌਮ ਨੂੰ ਆਪਣਾ ਦੇਸ਼ ਮੰਗਣ ਦਾ ਅਧਿਕਾਰ ਹੈ (…੍ਰਗਿਹਟ ਟੋ ਾਰੲੲਲੇ ਚਹੋੋਸੲ ਟਹੲਰਿ ਸੋਵੲਰੲਗਿਨਟੇ ਅਨਦ ੀਨਟੲਰਨਅਟiੋਨਅਲ ਪੋਲਟਿਚਿਅਲ ਸਟਅਟੁਸ ੱਟਿਹ ਨੋ ਨਿਟੲਰਾੲਰੲਨਚੲ)। ਇਸ ਅਨੁਸਾਰ ਕਿਸੇ ਧਰਮ, ਕੌਮ, ਜਾਤੀ ਨੂੰ ਵੱਖਰੇ ਦੇਸ਼ ਦੀ ਮੰਗ ਕਰਨ ’ਤੇ ਅਤਿਵਾਦੀ ਆਖਣਾ ਸਰਾਸਰ ਗ਼ਲਤ ਹੈ, ਕਿਉਂਕਿ ਇਹ ਕਿਸੇ ਧਰਮ-ਕੌਮ ਜਾਤੀ ਦਾ ਅਧਿਕਾਰ ਹੈ; ਪਰ ਦੇਸ਼ ਅੰਦਰ ਇਨ੍ਹਾਂ ਦੀਆਂ ਅਤਿਵਾਦੀ, ਸਤਿਵਾਦੀ ਦੀਆਂ ਆਪਣੀਆਂ ਪਰਿਭਾਸ਼ਾਵਾਂ ਹਨ। ਇਹ ਜਿਸ ਨੂੰ ਚਾਹੁਣ ਅਤਿਵਾਦੀ ਦਾ ਫਤਵਾ ਜਾਰੀ ਕਰ ਸਕਦੇ ਹਨ। ਜੇ ਆਪਣੀ ਹੱਕੀ ਮੰਗ ਉਠਾਉਂਦਿਆਂ ਕਿਸੇ ਵੱਖਰੇ ਮੁਲਕ ਦੀ ਮੰਗ ਕਰਨਾ ਅਤਿਵਾਦ ਹੈ ਤਾਂ ਕਿਸੇ ਬਹੁ-ਧਰਮੀ, ਬਹੁ-ਸਭਿਆਚਾਰੀ ਦੇਸ਼ ਅੰਦਰ ਕਿਸੇ ਇੱਕ ਧਰਮ ਦੇ ਨਾਮ ’ਤੇ ਰਾਸ਼ਟਰ ਦੀ ਮੰਗ ਕਰਨ ਵਾਲੇ ਵੀ ਅਤਿਵਾਦੀ ਹਨ। ਇੱਥੇ ਇੱਕ ਤਬਕਾ ਬੇ-ਕਸੂਰ ਲੋਕਾਂ ਦੇ ਗਲ਼ਾਂ ਵਿੱਚ ਟਾਇਰ ਪਾ ਕੇ ਸਾੜੇ, ਦੇਸ਼ ਦੀ ਜਾਇਦਾਦ ਰੇਲਾਂ-ਬੱਸਾਂ ਸਾੜ ਦੇਵੇ, ਸ਼ਹਿਰਾਂ ਦੇ ਸ਼ਹਿਰ (ਮਨੀਪੁਰ ਵਾਂਗ) ਅੱਗਾਂ ਲਾ ਕੇ ਸਾੜ ਦੇਵੇ, ਲੋਕਾਂ ਦੀਆਂ ਧੀਆਂ-ਭੈਣਾਂ ਦੀ ਇੱਜ਼ਤ ਰੋਲ ਦੇਵੇ- ਉਹ ਤਾਂ ਵੀ ਸਤਿਵਾਦੀ ਹੀ ਰਹਿੰਦੇ ਹਨ। ਦੂਜੇ ਪਾਸੇ ਜਿਨ੍ਹਾਂ ਨੇ ਦੇਸ਼ ਦੀ ਖਾਤਰ ਅਥਾਹ ਕੁਰਬਾਨੀਆਂ ਕੀਤੀਆਂ, ਉਨ੍ਹਾਂ ਨੂੰ ਇਸ ਮੁਲਕ ਵਿੱਚ ਅਤਿਵਾਦੀ, ਵੱਖਵਾਦੀ ਗਰਦਾਨਿਆ ਜਾਂਦਾ ਹੈ।
ਭਾਰਤੀ ਫਿਲਮ ਉਦਯੋਗ ਤਾਂ ਲੰਮੇ ਅਰਸੇ ਤੋਂ ਫਿਲਮਾਂ ਵਿੱਚ ਸਿੱਖਾਂ ਨੂੰ ਮਜ਼ਾਕ ਦੇ ਪਾਤਰ ਬਣਾ ਕੇ ਪੇਸ਼ ਕਰਦਾ ਆ ਰਿਹਾ ਹੈ, ਜਿਸ ਦਾ ਸਮੇਂ ਸਮੇਂ ਵਿਰੋਧ ਵੀ ਹੁੰਦਾ ਰਿਹਾ ਹੈ। ਇੱਕ ਸਰਵੇਖਣ ਅਨੁਸਾਰ ਪਿਛਲੇ ਕੋਈ ਅੱਠ-ਨੌਂ ਸਾਲਾਂ ਤੋਂ ਅਤੇ ਖਾਸਕਰ ਕਿਸਾਨ ਅੰਦੋਲਨ ਦੀ ਸਫਲਤਾ ਤੋਂ ਬਾਅਦ ਬਾਲੀਵੁਡ ਅਤੇ ਕੋਲੀਵੁਡ (ਤਮਿਲ ਦੀਆਂ ਫਿਲਮਾਂ) ਵਿੱਚ ਸਿੱਖ ਕਿਰਦਾਰਕੁਸ਼ੀ ਦਾ ਰੁਝਾਨ ਵਧਿਆ ਹੈ। ਇਨ੍ਹਾਂ ਫਿਲਮਾਂ ਰਾਹੀਂ ਸਿੱਖੀ ਕਿਰਦਾਰ ਦੀਆਂ ਖੂਬੀਆਂ ਨੂੰ ਚੁਣ ਕੇ ਧੁੰਦਲਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਤੱਥ ਨੂੰ ਜੱਗ ਜਾਣਦਾ ਹੈ ਕਿ ਭਾਰਤੀ ਫੌਜ ਵਿੱਚ ਸਿੱਖਾਂ ਨੇ ਬੇ-ਮਿਸਾਲ ਬਹਾਦਰੀ ਵਿਖਾਈ ਹੈ। 1961, 1965 ਅਤੇ 1971 ਦੀ ਲੜਾਈ ਵਿੱਚ ਮੂਹਰੇ ਹੋ ਕੇ ਸਿੱਖ ਫੌਜੀਆਂ/ਜਰਨੈਲਾਂ ਨੇ ਦੇਸ਼ ਦੀ ਆਬਰੂ ਨੂੰ ਬਚਾਇਆ। ਪਾਕਿਸਤਾਨ ਦੀ ਫੌਜ ਨੇ ਵੀ ਇੱਕ ਸਿੱਖ ਜਰਨੈਲ ਦੇ ਅੱਗੇ ਗੋਡੇ ਟੇਕੇ ਸਨ।
ਸਿੱਖ ਕਿਰਦਾਰਕੁਸ਼ੀ ਦੀ ਮਨਸ਼ਾ ਨਾਲ ਬਣਾਈਆਂ ਜਾ ਰਹੀਆਂ ਭਾਰਤੀ ਫ਼ਿਲਮਾਂ ਵਿੱਚੋਂ ਇੱਕ ਫ਼ਿਲਮ ਵਿੱਚ ਇੱਕ ਦ੍ਰਿਸ਼ ਵਿਖਾਇਆ ਗਿਆ ਕਿ ਇੱਕ ਸਿੱਖ ਫੌਜੀ ਦਾ ਪੈਰ ਮਾਈਨ (ਬਾਰੂਦ) ਉੱਪਰ ਰੱਖਿਆ ਜਾਂਦਾ ਹੈ। ਪੈਰ ਥੱਲੇ ਮਾਈਨ ਵੇਖ ਕੇ ਸਿੱਖ ਫੌਜੀ ਨੂੰ ਪਿਸ਼ਾਬ ਆ ਜਾਂਦਾ ਹੈ, ਕਿਸੇ ਕਾਰਨ ਉਹ ਹੱਥ ਦੀ ਵਰਤੋਂ ਨਹੀਂ ਕਰ ਸਕਦਾ ਅਤੇ ਪਿਸ਼ਾਬ ਪੈਂਟ ਵਿੱਚ ਹੀ ਕਰ ਦਿੰਦਾ ਹੈ। ਅਜਿਹੇ ਦ੍ਰਿਸ਼ ਵੇਖ ਕੇ ਜਦੋਂ ਸਿਨੇਮਾ ਹਾਲ ਵਿੱਚ ਤਾੜੀਆਂ ਦੀ ਗੂੰਜ ਪੈਂਦੀ ਹੈ ਤਾਂ ਸੱਚਾਈ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ। ਸਵਾਲ ਹੈ ਕਿ ਅਜਿਹੇ ਦ੍ਰਿਸ਼ ਫਿਲਮਾਉਣ ਲਈ ਸਿੱਖ ਕਿਰਦਾਰ ਦੀ ਹੀ ਚੋਣ ਕਿਉਂ? ਕਿਸ ਦੇ ਕਹਿਣ `ਤੇ?
ਪਹਿਲਾਂ ਸ਼ਾਇਦ ਤਮਿਲ ਫਿਲਮਾਂ ਇਸ ਨਫਰਤੀ ਵਰਤਾਰੇ ਤੋਂ ਅਛੂਤੀਆਂ ਰਹੀਆਂ ਹੋਣ, ਪਰ ਪਿਛਲੇ ਕੁਝ ਸਾਲਾਂ ਤੋਂ ਤਮਿਲ ਫਿਲਮਾਂ ਵਿੱਚ ਵੀ ਲਗਾਤਾਰ ਸਿੱਖ ਕਿਰਦਾਰਕੁਸ਼ੀ ਦੀ ਮਨਸ਼ਾ ਨਾਲ ਸਿੱਖਾਂ ਨੂੰ ਡਰਪੋਕ ਅਤੇ ਗੱਦਾਰ ਦੇ ਕਿਰਦਾਰ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਇਨ੍ਹਾਂ ਨੂੰ ਪਤਾ ਹੈ ਕਿ ਸਿੱਖਾਂ ਨੇ ਸਾਡੇ ਬਹੁਤ ਸਾਰੇ ਇਤਿਹਾਸਕ ਪਾਤਰਾਂ ਵਾਂਗ ਕਦੇ ਦੇਸ਼ ਨਾਲ ਗੱਦਾਰੀ ਨਹੀਂ ਕੀਤੀ, ਪਰ ਅਸੀਂ ਕਿਉਂ ਨਾ ਫਿਲਮਾਂ ਰਾਹੀਂ ਸਿੱਖ ਚਿਹਰਿਆਂ ਉੱਪਰ ਗੱਦਾਰ ਹੋਣ ਦਾ ਧੱਬਾ ਲਾ ਦੇਈਏ! ਮਿਸਾਲ ਵਜੋਂ ਇਨ੍ਹਾਂ ਦੀ ਫਿਲਮ ਇੰਡਸਟਰੀ ਵੱਲੋਂ ਬਣਵਾਈ ਇੱਕ ਫਿਲਮ ਵਿੱਚ ਚਾਰ-ਪੰਜ ਐਨ.ਆਈ.ਏ. (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਦੇ ਅਫ਼ਸਰ (ਕਲਾਕਾਰ) ਕਿਸੇ ਅਤਿਵਾਦੀ ਗਰੁੱਪ ਵਿਰੁੱਧ ਐਕਸ਼ਨ ਕਰਦੇ ਹਨ, ਜਿਸ ਵਿੱਚ ਇੱਕ ਐਨ.ਆਈ.ਏ. ਦਾ ਪਗੜੀਧਾਰੀ ਸਿੱਖ ਅਫ਼ਸਰ ਵੀ ਹੈ। ਉਹ ਸਿੱਖ ਅਫ਼ਸਰ ਆਪਣੀ ਟੀਮ ਨਾਲ ਗੱਦਾਰੀ ਕਰ ਕੇ ਅਤਿਵਾਦੀਆਂ ਦਾ ਸਾਥ ਦਿੰਦਾ ਵਿਖਾਇਆ ਗਿਆ ਹੈ। ਇੱਕ ਹੋਰ ਫਿਲਮ ਵਿੱਚ ਇੱਕ ਜੱਜ ਦੇ ਸੁਰੱਖਿਆ ਦਸਤੇ ਵਿੱਚ ਇੱਕ ਸਿੱਖ ਅਫਸਰ ਹੈ, ਜੋ ਅਤਿਵਾਦੀਆਂ ਨਾਲ ਮਿਲ ਕੇ ਜੱਜ ਨੂੰ ਮਾਰਨ ਦੀ ਯੋਜਨਾ ਵਿੱਚ ਸ਼ਾਮਿਲ ਹੁੰਦਾ ਹੈ। ਮੁੜ ਸਵਾਲ ਹੈ ਕਿ ਅਜਿਹੇ ਦ੍ਰਿਸ਼ ਫਿਲਮਾਉਣ ਲਈ ਸਿੱਖ ਚਿਹਰੇ ਹੀ ਕਿਉਂ? ਕਿਸ ਦੇ ਕਹਿਣ `ਤੇ? ਇਹ ਤਾਂ ਕੇਵਲ ਇੱਕ-ਦੋ ਮਿਸਾਲਾਂ ਹਨ।
ਅਜਿਹੇ ਹੋਰ ਬਹੁਤ ਸਾਰੇ ਦ੍ਰਿਸ਼ ਭਾਰਤੀ ਫਿਲਮਾਂ ਵਿੱਚ ਸਿੱਖਾਂ ਦੀ ਕਿਰਦਾਰਕੁਸ਼ੀ ਦੀ ਮਨਸ਼ਾ ਨਾਲ ਫਿਲਮਾਏ ਜਾ ਰਹੇ ਹਨ, ਜੋ ਗੰਭੀਰ ਮਸਲਾ ਹੈ। ਇਹ ਕੋਈ ਸੁਭਾਵਕ ਵਰਤਾਰਾ ਨਹੀਂ, ਇਹ ਸਿੱਖ ਪੰਥ ਲਈ ਵੰਗਾਰ ਹੈ। ਫ਼ਿਲਮਾਂ ਨੂੰ ਦੇਸ਼ ਅੰਦਰ ਕਰੋੜਾਂ ਲੋਕੀਂ ਵੇਖਦੇ ਹਨ। ਇਸ ਲਈ ਭਾਰਤ ਅੰਦਰ ਯੋਜਨਾ-ਬੱਧ ਢੰਗ ਦੇ ਨਾਲ ਸਿੱਖਾਂ ਦੀ ਕਿਰਦਾਰਕੁਸ਼ੀ ਲਈ ਭਾਰਤੀ ਫ਼ਿਲਮਾਂ ਦਾ ਸਹਾਰਾ ਲੈਣਾ ਬਹੁਤ ਮਾੜੀ ਗੱਲ ਹੈ। ਭਾਰਤੀ ਮੀਡੀਆ ਅਤੇ ਭਾਰਤੀ ਫਿਲਮਾਂ ਰਾਹੀਂ ਹੋ ਰਹੀ ਸਿੱਖਾਂ ਦੀ ਕਿਰਦਾਰਕੁਸ਼ੀ ਨੂੰ ਰੋਕਣ ਲਈ ਸਿੱਖ ਸੰਸਥਾਵਾਂ, ਸਿੱਖ ਬੁੱਧੀਜੀਵੀਆਂ, ਸਿੱਖ ਕਾਨੂੰਨਦਾਨਾਂ ਨੂੰ ਮਿਲ ਕੇ ਸਖਤ ਫੈਸਲੇ ਲੈਣ ਦੀ ਲੋੜ ਹੈ। ਬਾਲੀਵੁਡ, ਕੋਲੀਵੁਡ ਆਦਿ ਫਿਲਮਾਂ ਦੇ ਸੈਂਸਰ ਬੋਰਡ ਵਿੱਚ ਸਿੱਖ ਬੁੱਧੀਜੀਵੀ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ; ਤਾਂ ਜੋ ਸਿੱਖਾਂ ਨਾਲ ਕੀਤੀਆਂ ਜਾ ਰਹੀਆਂ ਅਜਿਹੀਆਂ ਘਿਣਾਉਣੀਆਂ ਹਰਕਤਾਂ ਨੂੰ ਠੱਲ੍ਹ ਪਾਈ ਜਾ ਸਕੇ।
——————————–
*ਸੰਪਾਦਕ, ਗੁਰਮਤਿ ਪ੍ਰਕਾਸ਼ ਅਤੇ ਗੁਰਮਤਿ ਗਿਆਨ।