ਦੁੱਲਾ ਭੱਟੀ ਦੀ ਨਾਬਰੀ ਅਤੇ ਲੋਹੜੀ ਦਾ ਤਿਓਹਾਰ

ਆਮ-ਖਾਸ

ਧਰਮ ਸਿੰਘ ਗੋਰਾਇਆ
ਫੋਨ: 301-653-7029
ਜ਼ਾਲਮ ਹਾਕਮਾਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਬਹਾਦਰ ਲੋਕਾਂ ਨੂੰ ਇਤਿਹਾਸਕਾਰਾਂ ਨੇ ਚੰਗੀ ਪਹਿਚਾਣ ਨਹੀਂ ਦਿੱਤੀ। ਦੁੱਲੇ ਨੂੰ ਚੋਰ-ਉਚੱਕਾ, ਡਾਕੂ, ਮਾਰਖੋਰ, ਧਾੜਵੀ ਬਣਾ ਦਿੱਤਾ। ਕੀ ਕਾਰਨ ਕਿ ਉਹ ਅੱਜ ਵੀ ਲੋਕ-ਚੇਤਿਆਂ ਵਿੱਚ ਜਿਊਂਦਾ ਹੈ? ਕਿਉਂਕਿ ਉਹ ਹੱਕ-ਸੱਚ ਦਾ ਪਹਿਰੇਦਾਰ ਸੀ। ਉਸ ਨੇ ਇੱਕ ਧੀ ਸੁੰਦਰੀ ਦੀ ਇੱਜ਼ਤ ਨਹੀਂ ਸੀ ਬਚਾਈ, ਸਗੋਂ ਲੱਖਾਂ ਹੋਰਨਾਂ ਦੇ ਮਾਣ ਰੱਖਣ ਦਾ ਵਲ ਸਿਖਾਇਆ।

ਮੈਂ ਵੱਢ ਕੇ ਕਾਈਆਂ ਸਰਕੜਾ, ਲਾਂਭੂ ਲਾਊਂ ਲਾਹੌਰ।
ਜਿਨ੍ਹਾਂ ਪਿਓ-ਦਾਦੇ ਨੂੰ ਮਾਰਿਆ, ਰਾਹੇ ਪਾਊਂ ਪਿਸ਼ੌਰ।
ਤੇ ਉਸ ਅਣਖੀਲੇ ਪੰਜਾਬ ਦੇ ਜਾਏ ਦਾ ਨਾਮ ਸੀ ਦੁੱਲਾ ਭੱਟੀ। ਸੋਕਿਆਂ-ਔੜਾਂ ਦੇ ਸਤਾਏ ਰਾਜਪੂਤ ਕਬੀਲੇ ਨੂੰ ਕਰੀਬ ਸੱਤ ਸਦੀਆਂ ਪਹਿਲਾਂ ਰਾਜਸਥਾਨ ਦੇ ਜੈਸਲਮੇਰ ਤੋਂ ਪੰਜਾਬ ਅੰਦਰ ਝਨਾਂ ਦੇ ਕੰਢੇ ਲਿਆ ਬਿਠਾਇਆ।
ਸਾਂਦਲਬਾਰ ਦੇ ਇਲਾਕੇ ਦੀ ਅਹਿਲਕਾਰੀ ਸੇਹੂ ਹੰਜਰਾ ਕੋਲ ਸੀ। ਸੇਹੂ ਹੰਜਰਾ ਨੂੰ ਵੀ ਚੰਗੇ ਖੜਕੇ-ਦੜਕੇ ਵਾਲੇ ਲੋਕਾਂ ਦੀ ਲੋੜ ਸੀ, ਜਿਸ ਦੀ ਵਜ੍ਹਾ ਕਰਕੇ ਜੰਗਜੂ-ਲੜਾਕੇ-ਮਾਰਖੋਰ ਰਾਜਪੂਤਾਂ ਦਾ ਪੱਕਾ ਮੁਕਾਮ ਹੋ ਗਿਆ। ਇਨ੍ਹਾਂ ਨੇ ਚਾਰ-ਚੁਫੇਰੇ ਕਬਜ਼ੇ ਕਰ ਲਏ ਅਤੇ ਦੋ-ਢਾਈ ਸਦੀਆਂ ਬਾਅਦ ਮਾਲਕੀਆਂ ਵੀ ਬਣਾ ਲਈਆਂ। ਆਪਸ ਵਿੱਚ ਹੱਦਾਂ ਬਣਾ ਕੇ ਛੋਟੀਆਂ ਛੋਟੀਆਂ ਰਿਆਸਤਾਂ ਤੈਅ ਕਰ ਲਈਆਂ। ਜੇ ਇਨ੍ਹਾਂ ਦੀ ਪੀੜ੍ਹੀ ਦੀ ਦਰਜਾਬੰਦੀ ਕਰੀਏ ਤਾਂ ਕੁਝ ਇਸ ਤਰ੍ਹਾਂ ਚੱਲਦੀ ਹੈ: ਭੱਟੀ-ਰਾਜਪੂਤ-ਹੰਸਰਾਜ-ਤੰਨੋ-ਉਦੇ-ਲਾਖੜਾਂ-ਚੂੜ-ਧਿੰਗ-ਨੱਥੋ-ਬਿਜਲੀ ਖਾਂ-ਫਰੀਦ ਖਾਂ-ਦੁੱਲਾ ਭੱਟੀ।
ਮੰਗੋਲੀਆ ਤੋਂ ਚੱਲੇ ਆਏ ਮੰਗੋਲਾਂ ਵਿੱਚੋਂ ਚੰਗੇਜ਼ ਖਾਨ ਤੇ ਚੰਗੇਜ਼ ਤੋਂ ਚੁਗੱਤੇ ਰਾਜ ਦੀ ਬਹੁਤ ਲੰਮੀ ਦਾਸਤਾਨ ਹੈ, ਜੋ ਸਿਲਕ ਰੋਡ ਨਾਲ ਵੀ ਆ ਜੁੜਦੀ ਹੈ। ਇਨ੍ਹਾਂ ਦੀ ਪੰਜਾਬ ਨਾਲ ਸਾਂਝ ਦੀ ਗੱਲ 1221 ਤੋਂ ਤੁਰਦੀ ਹੋਈ ਅਖੀਰ ਬਹਾਦਰ ਸ਼ਾਹ ਦੂਜੇ ਭਾਵ 1857 ਵਿੱਚ ਆ ਕੇ ਮੁੱਕਦੀ ਹੈ। ਇਨ੍ਹਾਂ 636 ਸਾਲਾਂ ਦੇ ਇਤਿਹਾਸ ਵਿੱਚ ਬਹੁਤ ਵੱਡੀਆਂ ਘਟਨਾਵਾਂ ਪਨਪਦੀਆਂ ਰਹੀਆਂ, ਪਰ ਜੋ ਘਟਨਾ ਸਾਂਦਲਬਾਰ ਦੀ ਜੂਹ ਅੰਦਰ ਵਾਪਰੀ, ਉਸ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ।
ਹੁਣ ਤੱਕ ਬਿਜਲੀ ਖਾਂ ਵੀ ਆਪਣੇ ਇਲਾਕੇ ਦਾ ਖੁਦਮੁਖਤਾਰ ਬਣ ਚੁਕਾ ਸੀ। ਆਗਰਾ, ਫਤਿਹਪੁਰ ਸੀਕਰੀ, ਦਿੱਲੀ, ਲਾਹੌਰ ਤੋਂ ਕਾਬਲ, ਕੰਧਾਰ, ਤੁਰਕਸਤਾਨ, ਇਰਾਨ ਜਾਣ-ਆਉਣ ਲਈ ਇੱਕ ਰਸਤਾ ਪਿੰਡੀ-ਭੱਟੀਆਂ ਵਿੱਚੋਂ ਵੀ ਗੁਜ਼ਰਦਾ ਸੀ। ਕੁਦਰਤ ਇਸ ਇਲਾਕੇ ਉਪਰ ਬੜੀ ਮਿਹਰਬਾਨ ਸੀ।
ਹਰੀਆਂ-ਭਰੀਆਂ ਫਸਲਾਂ, ਖੁੱਲ੍ਹੀਆਂ ਚਾਰਗਾਹਾਂ, ਜੰਗਲੀ ਜਾਨਵਰਾਂ ਦਾ ਸ਼ਿਕਾਰ, ਮਰਦਾਂ-ਔਰਤਾਂ ਦੇ ਹੁਸਨ ਦੀ ਕਮਾਲ। ਵਪਾਰੀਆਂ-ਸੌਦਾਗਰਾਂ ਦੀ ਆਵਾਜਾਈ, ਮੁਗਲ ਫੌਜਾਂ ਦਾ ਆਉਣਾ-ਜਾਣਾ ਅਤੇ ਇੰਜ ਫਸਲਾਂ ਦਾ ਉਜਾੜਾ, ਲੋਕਾਂ ਦੇ ਘਰਾਂ ਵਿੱਚੋਂ ਧੱਕੇ ਨਾਲ ਅਨਾਜ ਚੁੱਕ ਲੈਣਾ, ਬਹੁ-ਬੇਟੀਆਂ ਨੂੰ ਤੰਗ-ਪ੍ਰੇਸ਼ਾਨ ਕਰਨਾ ਆਮ ਦਾ ਵਰਤਾਰਾ ਬਣ ਗਿਆ।
ਬਿਜਲੀ ਖਾਂ ਨੇ ਆਪਣੀ ਪਰਜਾ ਨਾਲ ਅਹਿਦ ਕੀਤਾ ਕਿ ਕੋਈ ਜ਼ਮੀਨੀ ਮਾਮਲਾ ਲਾਹੌਰ ਨਹੀਂ ਜਾਵੇਗਾ। ਜਿੰਨਾ ਕਿਸੇ ਕੋਲੋਂ ਸਰਦਾ-ਬਣਦਾ ਹੋਵੇ, ਉਹ ਸਾਡੀ ਬਣਾਈ ਸਭਾ ਕੋਲ ਦੇ ਜਾਇਆ ਕਰੇ। ਅਸੀਂ ਤੁਹਾਡੇ ਟੱਬਰਾਂ ਅਤੇ ਮਾਲ-ਡੰਗਰ ਦੀ ਹਿਫਾਜ਼ਤ ਕਰਾਂਗੇ। ਇਕੱਠਾ ਹੋਇਆ ਪੈਸਾ-ਧੇਲਾ-ਅਨਾਜ ਬਿਜਲੀ ਖਾਂ ਆਪਣੇ ਬਣਾਏ ਲੜਾਕੂ ਨੌਜਵਾਨਾਂ ਵਿੱਚ ਤਕਸੀਮ ਕਰ ਦਿੰਦਾ। ਉਸ ਦਾ ਪੁੱਤਰ ਫਰੀਦ ਖਾਂ ਉਸ ਤੋਂ ਵੀ ਜ਼ਿਆਦਾ ਚੇਤੰਨ ਹੋ ਚੁਕਾ ਸੀ।
ਇੰਜ ‘ਰਾਜ ਦੇ ਅੰਦਰ ਰਾਜ’ (ਸਟਅਟੲ ੱਟਿਹਨਿ ਟਹੲ ਸਟਅਟੲ) ਦੀ ਕਸ਼ਮਕਸ਼ ਕਿੰਨਾ ਕੁ ਚਿਰ ਚੱਲਦੀ ਰਹਿੰਦੀ! ਹਕੂਮਤ ਮੁਗਲ-ਚੁਗੱਤਿਆਂ ਦੀ ਹੋਵੇ ਤੇ ਮੁੱਠੀ ਭਰ ਸਾਂਦਲਬਾਰੀਏ ਇਨ੍ਹਾਂ ਦੇ ਕਾਬੂ ਵਿੱਚ ਕਿੰਝ ਨਾ ਆਵਣ! ਪਹਿਲਾਂ ਇਨ੍ਹਾਂ ਨੂੰ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਗਈ, ਪਰ ਇਹ ਪੰਜਾਬ ਦੀ ਮਿੱਟੀ ਤੇ ਝਨਾਂ ਦੇ ਤਾਰੂ ਮੁਗਲਾਂ ਦੀ ਤੱਕੜੀ ਨਾ ਚੜ੍ਹੇ। ਕਿਧਰੇ ਅੱਜ ਵਰਗੇ ਹੁੰਦੇ ਤਾਂ ਘਰ ਦੇ ਘਰ ਭਰ ਲੈਂਦੇ ਤੇ ਫਿਰ ਵੀ ਭੁੱਖੇ ਦੇ ਭੁੱਖੇ ਜਿਵੇਂ ਧੋਬੀ ਦਾ…!
ਮੁਗਲਾਂ ਦੀ ਆਖਰੀ ਚਾਲ। ਪਿਓ-ਪੁੱਤਰ ਫੜ ਕੇ ਲਾਹੌਰ ਲਿਆਂਦੇ ਗਏ। ਸਿਰ ਧੜਾਂ ਤੋਂ ਵੱਖ ਤੇ ਫਿਰ ਧੜਾਂ ਨੂੰ ਲਾਹੌਰੀ ਸ਼ਾਹੀ ਕਿਲੇ ਦੇ ਦਰਵਾਜ਼ੇ ਟੰਗ ਦਿੱਤਾ। ਲੋਕਾਂ ਵਿੱਚ ਖੌਫ਼ ਤੇ ਡਰ ਬਣਾਉਣ ਲਈ, ਤਾਂ ਕਿ ਕੋਈ ਹੋਰ ਨਾ ਸਿਰ ਚੁੱਕ ਸਕੇ।
ਪਰ ਇੰਜ ਨਹੀਂ ਸੀ ਹੋਣਾ। ਅਜੇ ਇਤਿਹਾਸ ਦੇ ਖਾਲੀ ਵਰਕੇ ਫੜ-ਫੜਾਅ ਰਹੇ ਸਨ।
ਪਿਓ-ਦਾਦੇ ਦੇ ਤੁਰ ਜਾਣ ਮਗਰੋਂ ਕਰੀਬ ਚਾਰ ਮਹੀਨੇ ਬਾਅਦ ਦਰਿਆ ਝਨਾਂ ਵਿੱਚੋਂ ਇੱਕ ਕਿਲਕਾਰੀ ਦੀ ਆਵਾਜ਼ ਨੇ ਸਭ ਨੂੰ ਹੈਰਾਨ ਕਰ ਦਿੱਤਾ, ਜਦੋਂ ਬਦਰ ਵਿਖੇ ਮਾਈ ਲੱਧੀ ਨੇ ਬੇੜੀ ਰਾਹੀਂ ਦਰਿਆ ਪਾਰ ਕਰਦਿਆਂ ਦੁੱਲੇ ਨੂੰ ਜਨਮ ਦਿੱਤਾ। ਲੱਧੀ ਨੇ ਝਨਾਂ ਦੇ ਵੱਗਦੇ ਤੇਜ ਪਾਣੀ ਵਿੱਚ ਤਲਵਾਰ ਡੋਬ ਕੇ ਦੁੱਲੇ ਨੂੰ ਗੁੜ੍ਹਤੀ ਦਿੱਤੀ। ਇਸ ਦੀ ਗਵਾਹੀ ਅੱਜ ਵੀ ਪਿੰਡੀ-ਭੱਟੀਆਂ ਵਾਲੇ ਆਪਣੇ ਫਰਜ਼ੰਦਾਂ ਰਾਹੀਂ ਸਹੀ ਪੁਗਾਉਂਦੇ ਹਨ।
ਪਿੰਡ ਬਰ ਨਹੀਂ ਰਿਹਾ, ਪਰ ਉਸ ਦੀ ਥਾਂ ਪਿੰਡ ਚੂਚਕ ਸੋਹਣਾ ਵੱਸਦਾ-ਰੱਸਦਾ ਹੈ। ਪੰਜਾਬ ਦੀ ਮਿੱਟੀ ਦਾ ਜਾਇਆ, ਬੇਖੌਫ, ਦਿਲਦਾਰ, ਸੁਭਾਅ ਦਾ ਅੜੀਅਲ ਆਮ ਪੁਰਾਣੇ ਜ਼ਮਾਨਿਆਂ ਦੇ ਰੀਤੀ-ਰਿਵਾਜ਼ਾਂ ਨਾਲ ਯਾਰਾਂ-ਦੋਸਤਾਂ ਦੀਆਂ ਮਿੱਤਰ-ਮੰਡਲੀਆਂ ਵਿੱਚ ਜੁਆਨ ਹੋਇਆ। ਖੁੱਲ੍ਹਾ ਖਾਣ-ਪੀਣ, ਤੀਰ-ਅੰਦਾਜ਼ੀ, ਘੋੜਿਆਂ ਦੀ ਸਵਾਰੀ, ਝਨਾਂ ਤੋਂ ਰਾਵੀ ਤੱਕ ਦੀਆਂ ਜੂਹਾਂ, ਜਿੱਥੇ ਲੜਦੇ-ਭਿੜਦੇ, ਰੁੱਸਦੇ ਫਿਰ ਮੰਨਦੇ ਜਿਵੇਂ ਆਉਣ ਵਾਲੇ ਸਮੇਂ ਦੇ ਹਾਣੀ ਬਣ ਖਲੋਵਣਾ।
ਪੰਡਤ ਕਹਿੰਦਾ, ਚੰਗੇ ਕੰਮ ਕਰੋ, ਲੋਕ ਯਾਦ ਕਰਨਗੇ, ਮਸ਼ਹੂਰ ਹੋ ਜਾਵੋਗੇ। ਪੰਡਤਾ ਛੇਤੀ ਮਸ਼ਹੂਰ ਕਿੰਝ? ਕਹਿੰਦਾ, ਮਾੜੇ ਕੰਮੀਂ। ਅਗਲੇ ਦਿਨ ਮਦਰੱਸੇ ਜਾ ਕੇ ਮੌਲਵੀ ਕੁੱਟ ਦੇਣਾ। ਦੁੱਲੇ ਨੂੰ ਮੌਲਵੀ ਦੇ ਮੂੰਹੋਂ ਮੁਗਲਾਂ ਦੀ ਤਾਰੀਫ ਚੰਗੀ ਨਾ ਲੱਗੀ। ਚਾਰ-ਚੁਫੇਰੇ ਦੁੱਲਾ-ਦੁੱਲਾ ਹੋ ਉਠਿਆ।
ਮੁਗਲਾਂ ਦੇ ਰਾਹ ਰੋਕੇ ਜਾਣ ਲੱਗੇ। ਲਗਾਨ ਲਾਹੌਰ ਨਹੀਂ, ਪਿੰਡੀ-ਭੱਟੀਆਂ ਆਉਣ ਲੱਗਾ। ਆਪਣੇ ਨਾਨਕੇ ਪਿੰਡ ਚੰਨਿਉਟ ਤੋਂ ਸ਼ੁਰੂਆਤ ਕੀਤੀ। ਮੁਗਲ ਹਕੂਮਤ ਦੇ ਜਗੀਰਦਾਰ ਹੱਥ-ਠੋਕਿਆਂ ਨੂੰ ਲੁੱਟਿਆ ਗਿਆ। ਲੋਕਾਂ ਦੇ ਫੈਸਲੇ ਪਿੰਡੀ-ਭੱਟੀਆਂ ਹੋਣ ਲੱਗੇ।
ਅਲੀ ਸੁਦਾਗਰ ਦੇ ਚੰਗੀ ਨਸਲ ਦੇ 5 ਸੌ ਘੋੜੇ ਜੋ ਕੰਧਾਰ ਤੋਂ ਲਾਹੌਰ ਜਾ ਰਹੇ ਸਨ, ਖੋਹ ਲਏ। ਬਲਖ ਬੁਖਾਰੇ ਤੋਂ ਮੇਦਾ ਖੱਤਰੀ ਦੀਆਂ ਖੱਚਰਾਂ ਉਪਰ ਭਰੀਆਂ ਛੱਟਾਂ ਖੋਹ ਕੇ ਚਾਰ-ਚੁਫੇਰੇ ਦੇ ਗਰੀਬਾਂ ਵਿੱਚ ਵੰਡ ਦਿੱਤੀਆਂ। ਸਾਂਦਲਬਾਰ ਅੰਦਰ ਮੁਗਲਾਂ ਦੀਆਂ ਫੌਜੀ ਟੁਕੜੀਆਂ ਨਾਲ ਆਮ ਕਿਸਾਨਾਂ ਦੇ ਪੁੱਤਰ, ਲੁਹਾਰ-ਤਰਖਾਣ, ਸੋਪੀ, ਮਰਾਸੀ, ਮੁਜਾਂਰੇ ਟੱਕਰਾਂ ਲੈ ਰਹੇ ਸਨ।
ਦੁੱਲਾ ਭੱਟੀ ਦੀ ਮੁਗਲਾਂ ਨਾਲ ਲੜਾਈ ਹੁਣ ਨਿੱਜ ਦੀ ਨਹੀਂ ਸੀ ਰਹਿ ਗਈ। ਇਹ ਲੋਕ ਲਹਿਰ ਦਾ ਰੂਪ ਧਾਰ ਚੁਕੀ ਸੀ। ਆਤਜਿਜ਼ ਅਹਿਸਨ ਨੇ ਇਸ ਲੋਕ ਲਹਿਰ ਨੂੰ ਆਪਣੀ ਕਿਤਾਬ ‘ਸਿੰਧ ਸਾਗਰ’ ਵਿੱਚ ‘ਕਿਸਾਨ ਅੰਦੋਲਨ’ ਲਿਖਿਆ ਹੈ। ਵੱਖ ਵੱਖ ਰੂਪ ਧਾਰਦਾ ਇਹ ਅੰਦੋਲਨ ਕਦੇ ਬੰਦਾ ਸਿੰਘ ਬਹਾਦਰ ਦੀ ‘ਜ਼ਮੀਨ ਹਲ ਵਾਹਕ ਦੀ’, ਕਦੇ ਰਾਇ ਅਹਿਮਦ ਖ਼ਰਲ ਦੀ ਜੰਗ, ਕਦੇ 1948-52 ਤੇਜਾ ਸਿੰਘ ਸੁਤੰਤਰ ਦੀ ਪੈਪਸੂ ਲਹਿਰ ਤੇ ਕਦੇ ਤਿਲੰਗਾਨਾ ਦਾ ਕਿਸਾਨੀ ਘੋਲ।
ਜਗੀਰਦਾਰੀ ਕਲਚਰ ਉਤੇ ਉਦੋਂ ਤਿੱਖੀ ਚੋਟ ਮਾਰੀ, ਜਦ ਸਾਂਦਲਬਾਰ ਅੰਦਰ ਮੁਫਤ ਕੰਮ ਕਰਾਉਣ ਭਾਵ ‘ਬੇਗਾਰ’ ਨੂੰ ਖਤਮ ਕੀਤਾ। ਇੱਕ ਹਿੰਦੂ ਮੂਲ ਚੰਦ ਪਿੰਡ ਕੋਟ ਨੱਕਾਂ ਤੋਂ ਜਿਸ ਦੀ ਖੂਬਸੂਰਤ ਲਕੜੀ ਸੁੰਦਰ ਮੁੰਦਰੀ ਨੂੰ ਆਪਣੀ ਧੀ ਬਣਾ ਕੇ ਹਿੰਦੂ ਪਰਿਵਾਰ ਵਿੱਚ ਵਿਆਹਿਆ ਅਤੇ ਧੱਕੇਸ਼ਾਹੀ ਕਰਦੇ ਜਗੀਰਦਾਰ ਨੂੰ ਸਜ਼ਾ ਦਿੱਤੀ। ਫਿਰ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ? ਉਹ ਦੁੱਲਾ ਭੱਟੀ ਸੀ। ਲੋਹੜੀ `ਤੇ ਇਹ ਗੀਤ ਰੱਜ ਕੇ ਗਾਇਆ ਜਾਂਦਾ ਹੈ ਤੇ ਉਹ ਹੈ:
ਸੁੰਦਰ ਮੁੰਦਰੀਏ, ਹੋ
ਤੇਰਾ ਕੌਣ ਵਿਚਾਰਾ, ਹੋ
ਦੁੱਲਾ ਭੱਟੀ ਵਾਲਾ, ਹੋ
ਦੁੱਲੇ ਧੀ ਵਿਆਹੀ, ਹੋ
ਸੇਰ ਸ਼ੱਕਰ ਆਈ, ਹੋ
ਕੁੜੀ ਦੇ ਬੋਝੇ ਪਾਈ, ਹੋ
ਕੁੜੀ ਦਾ ਲਾਲ ਪਟਾਕਾ, ਹੋ
ਕੁੜੀ ਦਾ ਸ਼ਾਲੂ ਪਾਟਾ, ਹੋ
ਸ਼ਾਲੂ ਕੌਣ ਸਮੇਟੇ, ਹੋ
ਚਾਚਾ ਗਾਨੀ ਦੇਸੇ, ਹੋ
ਚਾਚੇ ਚੂਰੀ ਕੁੱਟੀ, ਹੋ
ਜ਼ਿਮੀਂਦਾਰਾਂ ਲੁੱਟੀ, ਹੋ
ਜ਼ਿਮੀਂਦਾਰ ਸਦਾਏ, ਹੋ
ਗਿਣ ਗਿਣ ਪੌਲੇ ਲਾਏ, ਹੋ…।
ਹਿੰਦੋਸਤਾਨ `ਤੇ ਅਕਬਰ 33 ਸਾਲਾਂ ਤੋਂ ਕਦੇ ਆਗਰਾ, ਕਦੇ ਫਤਿਹਪੁਰ ਸੀਕਰੀ ਤੇ ਕਦੇ ਲਾਹੌਰ ਆਉਂਦਾ ਸੀ। ਲਾਹੌਰ ਦੇ ਨੱਕ ਹੇਠ ਦੁੱਲਾ ਭੱਟੀ ਅਤੇ ਉਸ ਦੇ ਜੁਝਾਰੂ ਯੋਧਿਆਂ ਵੱਲੋਂ ਚਲਾਈ ਬਗਾਵਤ ਦੀ ਅੱਗ ਦੇ ਸੇਕ ਨੇ ਅਕਬਰ ਨੂੰ ਫਤਿਹਪੁਰ ਸੀਕਰੀ ਤੋਂ ਲਾਹੌਰ ਲੈ ਆਂਦਾ। ਪੰਜਾਬ ਦੀ ਗਵਰਨਰੀ ਸ਼ਮਸਉਦ-ਦੀਨ ਦੇ ਹੱਥਾਂ ਵਿੱਚ ਸੀ।
ਜ਼ਮੀਨੀ ਲਗਾਨ ਦਾ ਲਾਹੌਰ ਨਾ ਪਹੁੰਚਣਾ, ਹਕੂਮਤ ਨਾਲ ਸਿੱਧੀ ਟੱਕਰਬਾਜ਼ੀ, ਜਗੀਰਦਾਰਾਂ ਵੱਲੋਂ ਸ਼ਾਹੀ ਕਿਲ੍ਹੇ ਅੰਦਰ ਪਿੰਡੀ-ਭੱਟੀਆਂ ਵਿਰੁੱਧ ਸ਼ਿਕਾਇਤਾਂ ਆਦਿ ਦੇ ਮੱਦੇਨਜ਼ਰ ਅਖੀਰ ਹਕੂਮਤ ਨੇ ਫੈਸਲਾ ਕੀਤਾ- ਜਿਵੇਂ ਵੀ ਹੋਵੇ, ਇਨ੍ਹਾਂ ਨਾਬਰਾਂ ਨੂੰ ਫੜੋ, ਮਾਰੋ, ਕਿਸੇ ਤਰ੍ਹਾਂ ਬਗਾਵਤ ਕੁਚਲੋ। ਮਿਰਜ਼ਾ ਨਿਜ਼ਾਮੂਦੀਨ ਨੂੰ ਕਈ ਹਜ਼ਾਰ ਹਥਿਆਰਬੰਦ ਫੌਜ ਨਾਲ ਪਿੰਡੀ-ਭੱਟੀਆਂ ਤੋਰਿਆ ਗਿਆ। ਤਿੰਨ ਦਿਨ ਲੜਾਈ ਹੁੰਦੀ ਰਹੀ। ਜਦ ਦੁੱਲਾ ਭੱਟੀ ਨਿਜ਼ਾਮੂਦੀਨ ਦਾ ਸਿਰ ਕਲਮ ਕਰਨ ਲੱਗਦਾ, ਉਹ ਮਾਈ ਲੱਧੀ ਨੂੰ ਵਾਸਤਾ ਪਾਉਂਦਾ, ਜਾਨ ਬਖਸ਼ੀ ਲਈ। ਮਾਈ ਲੱਧੀ ਨੇ ਰਾਜਪੂਤ ਰਵਾਇਤ ਨਿਭਾਈ, ਪਰ ਪੁੱਤ ਨੂੰ ਲਾਹੌਰ ਦੇ ਰਾਹੇ ਪਾ ਦਿੱਤਾ। ਪੈਰੀਂ ਪਿਆਂ `ਤੇ ਵਾਰ ਨਹੀਂ ਕਰਦੇ। ਨਿਜ਼ਾਮੂਦੀਨ ਚਾਲ ਖੇਡ ਚੁਕਾ ਸੀ। ਲਾਹੌਰ ਦਰਬਾਰ ਵਿੱਚ ਦੁੱਲਾ ਭੱਟੀ ਨੂੰ ਬਾਗੀ ਕਰਾਰ ਦੇ ਕੇ ਫਾਂਸੀ ਦਾ ਹੁਕਮ ਸੁਣਾ ਦਿੱਤਾ ਗਿਆ।
26 ਮਾਰਚ 1589 ਨੂੰ ਜਦ ਦੁੱਲਾ ਭੱਟੀ ਨੂੰ ਸ਼ਾਹੀ ਕਿਲ੍ਹੇ ਤੋਂ ਕੋਤਵਾਲ ਮਲਿਕ ਅਲੀ ਨੌ ਲੱਖਾ ਬਾਜ਼ਾਰ ਲਿਜਾ ਰਿਹਾ ਸੀ ਤਾਂ ਅਚਾਨਕ ਆਪਣੇ ਰੰਗ ਵਿੱਚ ਝੂਮਦਾ ਸ਼ਾਹ ਹੁਸੈਨ ਆ ਦਸਤਕ ਦਿੰਦਾ। ਮਲਿਕ ਦੇ ਮਾੜੇ ਵਤੀਰੇ ਤੋਂ ਸ਼ਾਹ ਹੁਸੈਨ ਉਸ ਨੂੰ ਬਦਦੁਆ ਵੀ ਦਿੰਦਾ ਅਤੇ ਫਿਰ ਕੁਝ ਬੋਲ:
“ਯਾ ਦਿਲਬਰ ਯਾ ਮਰ ਕੇ ਪਿਆਰਾ
ਦੁੱਲੇ ਦੇ ਲਾਲ ਲਬਾਂ ਦੇ ਲਾਰੇ
ਸੂਲੀ ਪਰ ਚੜ੍ਹ ਲੈ ਹੁਲਾਰੇ
ਆਣ ਮਿਲਾਸੀ ਦਿਲਬਰ ਯਾਰਾ
ਯਾ ਦਿਲਬਰ ਯਾ ਸਰ ਕਰ ਪਿਆਰਾ।”
ਦੁੱਲਾ ਭੱਟੀ ਇਤਿਹਾਸ ਵਿੱਚ ਵੱਖਰੀ ਥਾਂ ਬਣਾ ਗਿਆ। ਲੋਕ ਅੱਜ ਵੀ ਉਸ ਨੂੰ ਆਪਣੇ ਦਿਲਾਂ ਵਿੱਚ ਵਸਾਈ ਬੈਠੇ ਹਨ।
ਦੁੱਲਾ ਨਾਮ ਹੈ ਹੱਕ-ਸੱਚ ਲਈ ਲੜਨ ਦਾ।
ਦੁੱਲਾ ਨਾਮ ਹੈ ਹਾਰੇ-ਥੱਕੇ-ਟੁੱਟੇ ਲੋਕਾਂ ਅੰਦਰ ਨਵਾਂ ਜਜ਼ਬਾ ਦੇਣ ਦਾ।
ਦੁੱਲਾ ਨਾਮ ਹੈ ਭ੍ਰਿਸ਼ਟ ਸਿਸਮਟ ਵਿਰੁੱਧ ਖੜ੍ਹ ਜਾਣ ਦਾ।
ਦੁੱਲੇ ਕਦੇ ਨਹੀਂ ਮਰਦੇ, ਉਹ ਅੱਜ ਵੀ ਜਿਊਂਦੇ ਹਨ।
ਮੈਨੂੰ ਬਹੁਤ ਫਖਰ ਮਹਿਸੂਸ ਹੁੰਦਾ ਹੈ ਕਿ ਮੇਰੀ ਕਿਤਾਬ ‘ਅਣਖੀਲਾ ਧਰਤੀ ਪੁੱਤਰ- ਦੁੱਲਾ ਭੱਟੀ’ ਨੂੰ ਜਦੋਂ ਆਸ਼ਫ ਰਜ਼ਾ ਹੁਰਾਂ ਵੱਲੋਂ ਸ਼ਾਹਮੁਖੀ ਵਿੱਚ ਲਾਹੌਰ ਤੋਂ ਛਾਪ ਕੇ ਮੇਰੇ ਪਿਆਰੇ ਲਹਿੰਦੇ ਪੰਜਾਬੀ ਦੇ ਸਪੁਰਦ ਕੀਤਾ ਤਾਂ ਲਹਿੰਦੇ ਪੰਜਾਬ ਅੰਦਰ ਲੋਹੜੀ ਨੂੰ ਬੜੇ ਜੋਸ਼-ਖਰੋਸ਼ ਨਾਲ ਮਨਾਇਆ ਗਿਆ। ਇਹ ਤਮੰਨਾ ਆਉਣ ਵਾਲੇ ਵਕਤਾਂ ਵਿੱਚ ਜਾਗਦੀ ਰਵ੍ਹੇ।

Leave a Reply

Your email address will not be published. Required fields are marked *