“ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੌਜਵਾਨ ਲੇਖਕ ਅਲੀ ਰਾਜਪੁਰਾ ਦੀ ਭਾਈਚਾਰਕ ਸਾਂਝ ਸਬੰਧੀ ਇੱਕ ਪੜ੍ਹਨਯੋਗ ਪੁਸਤਕ ਹੈ। ਸੁਹਿਰਦ ਪਾਠਕਾਂ ਲਈ ਇਹ ਪੁਸਤਕ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਛਾਪੀ ਜਾ ਰਹੀ ਹੈ। ਇਸ ਅੰਕ ਵਿੱਚ ਨਿਹੰਗ ਖ਼ਾਨ, ਕਰੀਮ ਖ਼ਾਂ ਪਠਾਣ ਅਤੇ ਹਕੀਮ ਅਬੂ ਤ੍ਰਾਬ ਬਾਰੇ ਸੰਖੇਪ ਵੇਰਵਾ ਹੈ…
ਅਲੀ ਰਾਜਪੁਰਾ
ਫੋਨ:+91-9417679302
ਰੋਪੜ (ਰੂਪਨਗਰ) ਤੋਂ ਚੜ੍ਹਦੇ ਪਾਸੇ ਵਸਿਆ ਪਿੰਡ ਹੈ, ਕੋਟਲਾ ਨਿਹੰਗ। ਇਹ ਜ਼ਿਲ੍ਹਾ ਰੂਪਨਗਰ ਦਾ ਮਸ਼ਹੂਰ ਤੇ ਇਤਿਹਾਸਕ ਪਿੰਡ ਹੈ, ਇਸੇ ਪਿੰਡ ਦਾ ਪਠਾਣ ਸ਼ਮਸ ਖ਼ਾਨ ਧਾਰਮਿਕ ਬਿਰਤੀ ਵਾਲ਼ਾ ਇਨਸਾਨ ਸੀ। ਉਹ ਨੇੜੇ-ਤੇੜੇ ਵਾਲੇ ਲਗਭਗ 84 ਪਿੰਡਾਂ ਦਾ ਜ਼ੈਲਦਾਰ ਸੀ। ਉਸ ਕੋਲ਼ ਕੋਈ ਔਲਾਦ ਨਾ ਹੋਣ ਕਰਕੇ ਉਸ ਨੇ ਕਈ ਫ਼ਕੀਰਾਂ ਅਤੇ ਧਾਰਮਿਕ ਥਾਂਵਾਂ ’ਤੇ ਮੱਥਾ ਟੇਕਿਆ, ਪਰ ਕਿਤੋਂ ਵੀ ਕੋਈ ਬਖ਼ਸ਼ਿਸ਼ ਨਾ ਹੋਈ। ਕਿਸੇ ਨੇ ਸ਼ਮਸ ਖ਼ਾਨ ਕੋਲ ਦੱਸ ਪਾਈ ਕਿ ਜੇ ਗੁਰੂ ਹਰਿਗੋਬਿੰਦ ਸਾਹਿਬ ਤੇਰੇ ’ਤੇ ਕ੍ਰਿਪਾ ਕਰਨ ਤਾਂ ਤੇਰੇ ਘਰ ਔਲਾਦ ਪੈਦਾ ਹੋ ਸਕਦੀ ਹੈ। ਉਦੋਂ ਗੁਰੂ ਹਰਿਗੋਬਿੰਦ ਸਾਹਿਬ 52 ਰਾਜਿਆਂ ਤੇ ਹੋਰ ਸੰਗਤਾਂ ਨਾਲ ਕੀਰਤਪੁਰ ਸਾਹਿਬ ਨੂੰ ਜਾ ਰਹੇ ਸਨ। ਜਦੋਂ ਸ਼ਮਸ ਖ਼ਾਨ ਨੂੰ ਗੁਰੂ ਜੀ ਦੇ ਲੰਘਣ ਦਾ ਪਤਾ ਲੱਗਿਆ ਤਾਂ ਉਹ ਰਾਹ ਵਿੱਚ ਗੁਰੂ ਸਾਹਿਬ ਜੀ ਦੇ ਚਰਨਾਂ ’ਚ ਜਾ ਬਿਰਾਜਿਆ ਤੇ ਬੇਨਤੀ ਕੀਤੀ, “ਮੇਰੇ ਘਰ ਆਪਣੇ ਪਵਿੱਤਰ ਚਰਨ ਜ਼ਰੂਰ ਪਾ ਕੇ ਜਾਣਾ।” ਗੁਰੂ ਸਾਹਿਬ ਨੇ ਪਠਾਣ ਸ਼ਮਸ ਖ਼ਾਨ ਦੀ ਬੇਨਤੀ ਖਿੜੇ ਮੱਥੇ ਪ੍ਰਵਾਨ ਕੀਤੀ ਤੇ 52 ਰਾਜਿਆਂ ਸਮੇਤ ਗੁਰੂ ਜੀ ਪਠਾਣ ਸ਼ਮਸ ਖ਼ਾਨ ਦੀ ਹਵੇਲੀ ਵਿੱਚ ਠਹਿਰੇ। ਰਾਤ ਠਹਿਰਣ ਪਿੱਛੋਂ ਜਦੋਂ ਗੁਰੂ ਜੀ ਕੀਰਤਪੁਰ ਵੱਲ ਨੂੰ ਤੁਰਨ ਲੱਗੇ ਸੀ ਤਾਂ ਸ਼ਮਸ ਖ਼ਾਨ ਨੇ ਬੇਨਤੀ ਕੀਤੀ, “ਗੁਰੂ ਜੀ, ਮੇਰੇ ਘਰ ਪੁੱਤਰ ਨਹੀਂ ਤੁਸੀਂ ਮੈਨੂੰ ਪੁੱਤਰ ਦੀ ਦਾਤ ਬਖ਼ਸ਼ੋ…।” ਤਾਂ ਗੁਰੂ ਜੀ ਨੇ ਕਿਹਾ, “ਤੁਸੀਂ ਗੁਰੂ ਘਰ ਦੇ ਸੇਵਕ ਹੋ, ਗੁਰੂ ਦੇ ਸਿੱਖਾਂ ਦੀ ਸੇਵਾ ਕਰਦੇ ਹੋ, ਵਾਹਿਗੁਰੂ ਤੁਹਾਨੂੰ ਜ਼ਰੂਰ ਪੁੱਤਰ ਦੀ ਦਾਤ ਬਖ਼ਸ਼ੇਗਾ…। ਜਦੋਂ ਤੁਹਾਡੇ ਪੁੱਤਰ ਹੋਵੇਗਾ ਤਾਂ ਪੁੱਤਰ ਦੇ ਚਾਲ਼ੀ ਦਿਨ ਹੋਣ ਤੋਂ ਬਾਅਦ ਉਸ ਨੂੰ ਸਾਡੇ ਕੋਲ਼ ਕੀਰਤਪੁਰ ਲੈ ਕੇ ਆਉਣਾ।” ਸ਼ਮਸ ਖ਼ਾਂ ਦੇ ਘਰ ਸਮਾਂ ਪਾ ਕੇ ਪੁੱਤਰ ਨੇ ਜਨਮ ਲਿਆ। ਚਾਲ਼ੀ ਦਿਨਾਂ ਤੋਂ ਬਾਅਦ ਸ਼ਮਸ ਖ਼ਾਨ ਆਪਣੇ ਪੁੱਤਰ ਨੂੰ ਗੁਰੂ ਸਾਹਿਬ ਕੋਲ਼ ਕੀਰਤਪੁਰ ਲੈ ਕੇ ਗਿਆ। ਗੁਰੂ ਜੀ ਨੇ ਚੋਲ਼ਾ ਮੰਗਵਾ ਕੇ ਬੱਚੇ ਨੂੰ ਪਹਿਨਾ ਦਿੱਤਾ। ਉਸੇ ਵਕਤ ਹੀ ਉਸ ਨੂੰ ਨਿਹੰਗ ਖ਼ਾਂ ਦਾ ਨਾਂ ਦਿੱਤਾ। ਇਸ ਤੋਂ ਮਗਰੋਂ ਹੀ ਪਿੰਡ ਦਾ ਨਾਮ ਕੋਟਲਾ ਪਠਾਣ ਤੋਂ ਕੋਟਲਾ ਨਿਹੰਗ ਹੋ ਗਿਆ।
ਉਹ ਵੀ ਆਪਣੇ ਅੱਬਾ ਵਾਂਗ ਧਾਰਮਿਕ ਬਿਰਤੀ ਵਾਲ਼ਾ ਸੀ ਤੇ ਕਿੱਤੇ ਵਜੋਂ ਘੋੜਿਆਂ ਦਾ ਵਪਾਰ ਅਪਨਾ ਲਿਆ। ਇਹ ਚੰਗੀਆਂ ਨਸਲਾਂ ਦੇ ਘੋੜੇ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਕੋਲ਼ ਲੈ ਕੇ ਜਾਂਦਾ ਸੀ, ਇਸ ਤਰ੍ਹਾਂ ਆਉਣੀ-ਜਾਣੀ ਕਰਕੇ ਨਿਹੰਗ ਖ਼ਾਂ ਦਾ ਗੁਰੂ ਜੀ ਨਾਲ ਡੂੰਘਾ ਸਨੇਹ ਪੈ ਗਿਆ ਸੀ; ਦੂਜਾ ਇਹ ਆਪਣੇ ਪਿਤਾ ਵਾਂਗ ਗੁਰੂ ਘਰ ਦਾ ਸ਼ਰਧਾਲੂ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਭੰਗਾਣੀ ਦੀ ਜੰਗ ਜਿੱਤ ਕੇ ਵਾਪਿਸ ਪਰਤ ਰਹੇ ਸਨ ਤਾਂ ਗੁਰੂ ਜੀ ਕੋਟਲਾ ਨਿਹੰਗ ਦੇ ਇੱਕ ਭੱਠੇ ’ਤੇ ਪੁੱਜੇ, ਤਾਂ ਗੁਰੂ ਜੀ ਨੇ ਉੱਥੇ ਕਾਰਿੰਦਿਆਂ ਨੂੰ ਆਰਾਮ ਕਰਨ ਲਈ ਥਾਂ ਪੁੱਛੀ ਸੀ ਤੇ ਕਾਰਿੰਦਿਆਂ ਨੇ ਮਜ਼ਾਕ ’ਚ ਤਪਦੇ ਭੱਠੇ ਵੱਲ ਇਸ਼ਾਰਾ ਕਰ ਦਿੱਤਾ ਸੀ। ਭਾਵੇਂ ਗੁਰੂ ਜੀ ਸਭ ਕਾਸੇ ਬਾਰੇ ਜਾਣੀ-ਜਾਣ ਸਨ, ਪਰ ਉਨ੍ਹਾਂ ਨੇ ਕੁਝ ਵੀ ਬੋਲਣਾ-ਕਹਿਣਾ ਠੀਕ ਨਾ ਸਮਝਿਆ ਤੇ ਆਪ ਘੋੜੇ ਸਮੇਤ ਉਸ ਤਪਦੇ ਭੱਠੇ ’ਤੇ ਜਾ ਚੜ੍ਹੇ ਸਨ। ਜਦੋਂ ਘੋੜੇ ਨੇ ਤਪਦੇ ਭੱਠੇ ’ਤੇ ਪੈਰ ਧਰਿਆ ਤਾਂ ਤਪਦਾ ਭੱਠਾ ਠਰ ਗਿਆ ਸੀ।
ਇੱਕ ਕਾਰਿੰਦੇ ਨੇ ਸਾਰੀ ਘਟਨਾ ਬਾਰੇ ਜਾਣਕਾਰੀ ਨਿਹੰਗ ਖ਼ਾਂ ਨੂੰ ਦਿੱਤੀ ਤਾਂ ਉਸ ਨੂੰ ਮੂਰਖ ਕਾਮਿਆਂ ’ਤੇ ਬੇਅੰਤ ਗੁੱਸਾ ਆਇਆ ਤੇ ਗੁਰੂ ਜੀ ਦੇ ਦਰਸ਼ਨਾਂ ਲਈ ਭੱਜ ਤੁਰਿਆ। ਗੁਰੂ ਜੀ ਨੂੰ ਚੌਂਕੜਾ ਮਾਰੀ ਦੇਖ ਭਰੀਆਂ ਅੱਖਾਂ ਨਾਲ ਮਾਫ਼ੀ ਮੰਗੀ। ਜਦੋਂ ਨਿਹੰਗ ਖ਼ਾਂ ਨੇ ਉਨ੍ਹਾਂ ਕਾਮਿਆਂ ਨੂੰ ਸਜ਼ਾ ਦੇਣ ਦੀ ਗੱਲ ਕੀਤੀ ਤਾਂ, ਗੁਰੂ ਜੀ ਨੇ ਕਿਹਾ, “ਇਹ ਸਭ ਕੁਝ ਮਹਾਰਾਜ ਦੀ ਆਗਿਆ ਨਾਲ ਵਾਪਰ ਰਿਹਾ ਹੈ, ਮੈਂ ਅਕਾਲ ਪੁਰਖ ਦੀ ਰਜ਼ਾ ’ਚ ਰਾਜ਼ੀ ਹਾਂ।” ਨਿਹੰਗ ਖ਼ਾਂ ਗੁਰੂ ਜੀ ਦੇ ਮੂੰਹੋਂ ਇਹ ਕੁਝ ਸੁਣ ਕੇ ਪ੍ਰਭਾਵਿਤ ਹੋ ਉੱਠਿਆ, ਉਸ ਨੇ ਗੁਰੂ ਜੀ ਤੇ ਉਨ੍ਹਾਂ ਦੇ ਸਾਥੀਆਂ ਦੀ ਦਿਲੋਂ ਆਓ ਭਗਤ ਕੀਤੀ। ਨਿਹੰਗ ਖ਼ਾਂ ਦੇ ਲੜਕੇ ‘ਆਲਮ ਖ਼ਾਂ’ ਦੀ ਮੰਗਣੀ ਮੌਕੇ ਗੁਰੂ ਜੀ ਵੀ ਸ਼ਾਮਿਲ ਹੋਏ ਸਨ। ਗੁਰਦੁਆਰਾ ਭੱਠਾ ਸਾਹਿਬ ਵਿਖੇ ਅੱਜ ਵੀ ਘੋੜੇ ਦੇ ਪੈਰਾਂ ਦੇ ਨਿਸ਼ਾਨ ਦੇਖਣ ਨੂੰ ਮਿਲਦੇ ਹਨ।
ਅਨੰਦਪੁਰ ਸਾਹਿਬ ਦੇ ਯੁੱਧ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਜਦੋਂ ਸਰਸਾ ਨਦੀ ਪੁੱਜੇ ਤਾਂ ਆਪਣੇ ਪਰਿਵਾਰ ਨੂੰ ਤਿੰਨ ਥਾਂ ਵੰਡ ਦਿੱਤਾ। ਵੱਡੇ ਸਾਹਿਬਜ਼ਾਦੇ ਤੇ ਹੋਰ ਸਿੰਘਾਂ ਨਾਲ ਗੁਰੂ ਜੀ ਸਰਸਾ ਨਦੀ ਪਾਰ ਕਰਕੇ ਕੋਟਲਾ ਨਿਹੰਗ ਨੂੰ ਚੱਲ ਪਏ ਸਨ। ਜਦੋਂ ਇਹ ਕੋਟਲਾ ਨਿਹੰਗ ਜਾ ਰਹੇ ਸਨ ਤਾਂ ਉਦੋਂ ਹੀ ਭਾਈ ਬਚਿੱਤਰ ਸਿੰਘ ਦੀ ਮਲਕਪੁਰ ਨੇੜੇ ਰੰਘੜਾਂ ਤੇ ਗੁੱਜਰਾਂ ਨਾਲ ਮੁੱਠਭੇੜ ਹੋਈ, ਕਾਫ਼ੀ ਜ਼ਖ਼ਮੀ ਹੋ ਗਏ। ਸਾਹਿਬਜ਼ਾਦਾ ਅਜੀਤ ਸਿੰਘ, ਬਚਿੱਤਰ ਸਿੰਘ ਨੂੰ ਨਿਹੰਗ ਖ਼ਾਂ ਦੇ ਕਿਲ੍ਹੇ ’ਚ ਲੈ ਗਏ ਜਿੱਥੇ ਖ਼ਬਰ ਮਿਲਦਿਆਂ ਹੀ ਗੁਰੂ ਸਾਹਿਬ ਵੀ ਆਣ ਪਹੁੰਚੇ। ਗੁਰੂ ਜੀ ਭਾਈ ਬਚਿੱਤਰ ਸਿੰਘ ਨੂੰ ਨਿਹੰਗ ਖ਼ਾਂ ਦੇ ਸਪੁਰਦ ਕਰਕੇ ਆਪ ਚਮਕੌਰ ਸਾਹਿਬ ਨੂੰ ਕੂਚ ਕਰ ਗਏ। ਜਾਂਦੇ-ਜਾਂਦੇ ਗੁਰੂ ਜੀ ਇਸ ਪਠਾਣ ਪਰਿਵਾਰ ਨੂੰ ਸੌਗਾਤ ਵਜੋਂ ਇੱਕ ਤਲਵਾਰ ਜਿਸ ਉੱਤੇ ਫ਼ਾਰਸੀ ’ਚ ਲਿਖਿਆ ਹੈ, “ਸ਼ਹਿਨਸ਼ਾਹ-ਏ-ਮੀਰ ਮੁਹੰਮਦ ਮੈਮੂੰ ਖ਼ਾਂ” ਅਤੇ ਇੱਕ ਢਾਲ ਦੇ ਗਏ। ਇਹ ਪਠਾਣ ਪਰਿਵਾਰ ਪਾਕਿਸਤਾਨ ਜਾਣ ਵੇਲੇ ਆਪਣੇ ਘਰ ’ਚ ਰਹਿ ਰਹੇ ਪਰਿਵਾਰ ਸਪੁਰਦ ਕਰ ਗਏ ਸੀ। ਅੱਜ ਵੀ 16 ਤੋਂ 18 ਦਸੰਬਰ ਨੂੰ ਭਾਈ ਬਚਿੱਤਰ ਤੇ ਨਿਹੰਗ ਖ਼ਾਂ ਦੀ ਯਾਦ ਵਿੱਚ ਗੁਰੂ ਘਰ ਦਾ ਭਾਰੀ ਇਕੱਠ ਜੁੜਦਾ ਹੈ।
ਜਦੋਂ ਮੁਗ਼ਲਾਂ ਨੂੰ ਭਾਈ ਬਚਿੱਤਰ ਦੀ ਨਿਹੰਗ ਖ਼ਾਂ ਕੋਲ ਹੋਣ ਬਾਰੇ ਸੂਹ ਮਿਲੀ ਤਾਂ ਮੁਗ਼ਲਾਂ ਨੇ ਕਿਲ੍ਹੇ ਦੀ ਘੇਰਾਬੰਦੀ ਕਰ ਲਈ ਤੇ ਨਿਹੰਗ ਖ਼ਾਨ ਨੂੰ ਕਿਹਾ ਕਿ, “ਤੂੰ ਸਿੱਖਾਂ ਦੇ ਗੁਰੂ ਨੂੰ ਆਪਣੇ ਕਿਲ੍ਹੇ ’ਚ ਸ਼ਰਨ ਦਿੱਤੀ ਹੋਈ ਐ। ਅਸੀਂ ਤੇਰੇ ਕਿਲ੍ਹੇ ਦੀ ਤਲਾਸ਼ੀ ਲੈਣੀ ਐ।” ਨਿਹੰਗ ਖ਼ਾਂ ਨੇ ਤਲਾਸ਼ੀ ਦੇਣ ਲਈ ਹਾਮੀ ਭਰ ਦਿੱਤੀ, ਪਰ ਇੱਕ ਕਮਰੇ ਦੀ ਤਲਾਸ਼ੀ ਨਾ ਲੈਣ ਦਿੱਤੀ, ਜਿਸ ਕਮਰੇ ਵਿੱਚ ਉਸ ਦੀ ਸਪੁੱਤਰੀ ਮੁਮਤਾਜ਼ ਭਾਈ ਬਚਿੱਤਰ ਸਿੰਘ ਦੀ ਮਲਹਮ-ਪੱਟੀ ਕਰ ਰਹੀ ਸੀ। ਜਦੋਂ ਫ਼ੌਜ ਦੇ ਮੁਖੀ ਨੇ ਉਸ ਕਮਰੇ ਦੀ ਤਲਾਸ਼ੀ ਨਾ ਦੇਣ ਦਾ ਕਾਰਨ ਪੁੱਛਿਆ ਤਾਂ ਨਿਹੰਗ ਖ਼ਾਂ ਨੇ ਕਿਹਾ, “ਅੰਦਰ ਸਪੁੱਤਰੀ ਤੇ ਮੇਰਾ ਦਾਮਾਦ ਆਰਾਮ ਫਰਮਾ ਰਹੇ ਹਨ।” ਫ਼ੌਜ ਦੇ ਮੁਖੀ ਨੇ ਕਿਹਾ ਕਿ ਉਹ ਆਪਣੀ ਬੇਟੀ ਨੂੰ ਆਵਾਜ਼ ਮਾਰੇ। ਨਿਹੰਗ ਖ਼ਾਂ ਨੇ ਆਪਣੀ ਸਪੁੱਤਰੀ ਨੂੰ ਆਵਾਜ਼ ਮਾਰ ਕੇ ਪੁੱਛਿਆ, “ਮਹਿਮਾਨ ਸੌਂ ਰਹੇ ਹਨ ਕਿ ਜਾਗ ਰਹੇ ਹਨ?” ਮੁਮਤਾਜ਼ ਨੇ ਅੰਦਰੋਂ ਆਵਾਜ਼ ਦਿੱਤੀ, “ਆਰਾਮ ਫਰਮਾ ਰਹੇ ਹਨ।” ਇੰਨਾ ਸੁਣਨ ਤੋਂ ਮਗਰੋਂ ਮੁਗ਼ਲ ਫੌਜਾਂ ਬਿਨਾ ਤਲਾਸ਼ੀ ਲਏ ਚਲੀਆਂ ਗਈਆਂ। ਭਾਈ ਬਚਿੱਤਰ ਸਿੰਘ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ, ਵਾਹਿਗੁਰੂ ਨੂੰ ਪਿਆਰਾ ਹੋ ਗਿਆ। ਸਮਾਂ ਪਾ ਕੇ ਨਿਹੰਗ ਖ਼ਾਂ ਆਪਣੀ ਸਪੁੱਤਰੀ ਦਾ ਵਿਆਹ ਕਰਨ ਲੱਗਿਆ ਤਾਂ ਮੁਮਤਾਜ਼ ਨੇ ਵਿਆਹ ਕਰਵਾਣੋਂ ਇਨਕਾਰ ਕਰ ਦਿੱਤਾ ਅਤੇ ਆਪਣੇ ਅੱਬਾ ਨੂੰ ਕਿਹਾ, “ਆਪ ਨੇ ਖ਼ੁਦ ਭਾਈ ਬਚਿੱਤਰ ਜੀ ਨੂੰ ਮੇਰਾ ਪਤੀ ਆਖਿਆ ਸੀ, ਬਦਕਿਸਮਤੀ ਨਾਲ ਉਹ ਅੱਲ੍ਹਾ ਨੂੰ ਪਿਆਰੇ ਹੋ ਗਏ। ਹੁਣ ਮੈਂ ਉਨ੍ਹਾਂ ਦੀ ਸ਼ਹੀਦ ਬੇਗ਼ਮ ਹਾਂ ਤੇ ਇੱਕ ਵਿਧਵਾ ਹੋਣ ਨਾਤੇ ਮੈਂ ਸ਼ਾਦੀ ਕਰਵਾ ਕੇ ਇਸ ਪਵਿੱਤਰ ਰਿਸ਼ਤੇ ਨੂੰ ਲਾਜ ਨਹੀਂ ਲਾਉਣਾ ਚਾਹੁੰਦੀ।”
ਇਸ ਮਗਰੋਂ ਉਹ ਇਕਾਂਤ ਵਿੱਚ ਰਹਿਣ ਲੱਗੀ। ਜਿਸ ਦੀ ਯਾਦ ਵਿੱਚ ਲਗਭਗ 20 ਕਿਲੋਮੀਟਰ ’ਤੇ ਨਿਹੰਗ ਖ਼ਾਂ ਨੇ ਧੀ ਦੀ ਇੱਛਾ ਅਨੁਸਾਰ ਨਰੰਗਪੁਰ ਬੜੀ ਪਿੰਡ ਵਿਖੇ ਇੱਕ ਉੱਚੀ ਟਿੱਬੀ ’ਤੇ ਕਿਲ੍ਹਾ ਉਸਾਰ ਕੇ ਦਿੱਤਾ, ਜੋ ਅੱਜ ਆਪਣੀ ਹੋਂਦ ਗੁਆ ਚੁੱਕਿਆ ਹੈ, ਜਿੱਥੇ ਸਿਰਫ਼ ਇੱਕ ਅੱਧ-ਪੂਰੀ ਖੂਹੀ ਹੈ ਤੇ ਬੀਬੀ ਮੁਮਤਾਜ਼ ਦੀ ਯਾਦ ਵਿੱਚ ‘ਤਪ ਸਥਾਨ ਮੁਮਤਾਜ਼ਗੜ੍ਹ’ ਗੁਰੂ ਘਰ ਉਸਾਰਿਆ ਗਿਆ ਹੈ। ਇਸ ਦੀ ਸੇਵਾ ਬਾਬਾ ਕਰਤਾਰ ਸਿੰਘ, ਬੀਬੀ ਹਿੰਮਤ ਕੌਰ ਤੇ ਪਰਮਜੀਤ ਸਿੰਘ ਵੱਲੋਂ ਸਹਿਯੋਗ ਦੇ ਕੇ ਕੀਤੀ ਗਈ ਹੈ। ਕੁਝ ਫਰਕ ਉੱਤੇ ਜਾ ਕੇ ਬੀਬੀ ਮੁਮਤਾਜ਼ ਦੀ ਕਬਰ ਵੀ ਮੌਜੂਦ ਹੈ।
ਬਾਬਾ ਜਰਨੈਲ ਸਿੰਘ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾਉਂਦੇ ਹਨ। ਇਨ੍ਹਾਂ ਦੀ ਗ਼ੈਰ-ਹਾਜ਼ਰੀ ਵਿੱਚ ਸ. ਰਣਜੀਤ ਸਿੰਘ ਟਕਸਾਲੀ ਸੇਵਾ ਕਰਦੇ ਹਨ। ਪੰਚਮੀ ਨੂੰ ਇਥੇ ਭਾਰੀ ਸੰਗਤ ਜੁੜਦੀ ਹੈ ਤੇ ਦੀਵਾਨ ਸਜਾਇਆ ਜਾਂਦਾ ਹੈ।
ਕਰੀਮ ਖ਼ਾਂ ਪਠਾਣ
ਕਾਬੁਲ (ਅਫ਼ਗਾਨਿਸਤਾਨ) ਛੋਟੇ-ਛੋਟੇ ਕਬੀਲਿਆਂ ’ਚ ਵੰਡਿਆ ਹੋਇਆ ਸੀ। ਉੱਥੇ ਇੱਕ ਵਾਰ ਇੱਕ ਰਾਜੇ ਦੇ ਮਨ ਵਿੱਚ ਆਪਣੇ ਦੂਜੇ ਭਰਾ ਨੂੰ ਮਾਰ ਕੇ ਰਾਜ ਭਾਗ ਸਾਂਭਣ ਦੀ ਲਾਲਸਾ ਜਾਗ ਪਈ। ਜਦੋਂ ਉਸ ਦੇ ਭਤੀਜੇ ਨੂੰ ਇਸ ਸਭ ਕਾਸੇ ਦੀ ਸੂਹ ਲੱਗੀ ਤਾਂ ਉਹ ਮੌਤ ਦੇ ਡਰੋਂ ਆਪਣੇ ਘਰੋਂ ਜੰਗਲਾਂ ਵਿੱਚ ਆਣ ਪਹੁੰਚਿਆ। ਭੁੱਖ ਪਿਆਸ ਨਾ ਝੱਲਦਾ ਹੋਇਆ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਕੋਲ਼ੋਂ ਗੁਜ਼ਰ ਰਹੇ ਸਿੱਖਾਂ ਦੇ ਇੱਕ ਕਾਫ਼ਲੇ ਦੀ ਨਜ਼ਰ ਪਈ। ਉਨ੍ਹਾਂ ਨੇ ਜਦੋਂ ਯਤਨ ਕਰਕੇ ਬੇਹੋਸ਼ੀ ਦੀ ਹਾਲਤ ’ਚੋਂ ਬਾਹਰ ਕੱਢਿਆ ਤਾਂ ਉਸ ਨੇ ਆਪਣਾ ਨਾਂ ਕਰੀਮ ਖ਼ਾਂ ਦੱਸਿਆ ਤੇ ਆਪਣੀ ਸਾਰੀ ਵਿਥਿਆ ਉਸ ਕਾਫ਼ਲੇ ਨਾਲ ਸਾਂਝੀ ਕੀਤੀ। ਉਹ ਕਾਫ਼ਲਾ ਅਨੰਦਪੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਜਾ ਰਿਹਾ ਸੀ।
ਜਦੋਂ ਅਨੰਦਪੁਰ ਪਹੁੰਚੇ ਤਾਂ ਉਸ ਤੋਂ ਅਗਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਦੀਵਾਨ ਸਜਿਆ, ਜਿੱਥੇ ਸੰਗਤਾਂ ਅਰਦਾਸਾਂ ਕਰ ਰਹੀਆਂ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਕਰੀਮ ਖ਼ਾਂ ਨੂੰ ਕੋਲ਼ ਸੱਦਿਆ। ਕਰੀਮ ਖ਼ਾਂ ਨੇ ਗੁਰੂ ਸਾਹਿਬ ਨੂੰ ਝੁਕ ਕੇ ਫ਼ਤਹਿ ਬੁਲਾਈ। ਗੁਰੂ ਗੋਬਿੰਦ ਜੀ ਨੇ ਕਰੀਮ ਖ਼ਾਂ ਤੋਂ ਦੁੱਖ ਪੁੱਛਿਆ ਤਾਂ ਉਸ ਨੇ ਆਪਣੀ ਸਾਰੀ ਕਹਾਣੀ ਦੱਸੀ- ਰਾਜ ਭਾਗ ਤੋਂ ਲੈ ਕੇ ਅਤੇ ਕਿਹਾ ਕਿ ਉਸ ਦੇ ਸਿਰੋਂ ਮਾਤਾ-ਪਿਤਾ ਦਾ ਸਾਇਆ ਉੱਠਣ ਦੇ ਨਾਲ-ਨਾਲ ਰਾਜ ਭਾਗ ਵੀ ਖੁੱਸ ਗਿਆ ਹੈ। ਗੁਰੂ ਜੀ ਨੇ ਉਸ ਨੂੰ ਹੌਸਲਾ ਦਿੱਤਾ ਕਿ ਗੁਰੂ ਘਰ ਦੇ ਦਰਵਾਜ਼ੇ ਸਾਰੀਆਂ ਕੌਮਾਂ ਲਈ ਹਮੇਸ਼ਾ ਖੁੱਲ੍ਹੇ ਹਨ। ਬੇ-ਫ਼ਿਕਰ ਰਹੋ, ਸਭ ਕੁਝ ਮਿਲੇਗਾ। ਗੁਰੂ ਜੀ ਦੇ ਹੁਕਮ ਨਾਲ ਉਸ ਨੂੰ ਮਕਾਨ, ਘੋੜਾ ਤੇ ਹੋਰ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕੀਤੀਆਂ। ਸਮਾਂ ਪਾ ਕੇ ਉਸ ਦਾ ਇੱਕ ਪਠਾਣ ਦੀ ਧੀ ਨਾਲ ਨਿਕਾਹ ਕਰਵਾਇਆ ਗਿਆ।
ਕਰੀਮ ਖ਼ਾਂ ਦਾ ਜ਼ਿਆਦਾ ਸਮਾਂ ਗੁਰੂ ਘਰ ਬੀਤਣ ਲੱਗਿਆ। ਉਹ ਰੋਜ਼ਾਨਾ ਦੀਵਾਨ ਵਿੱਚ ਆਉਂਦਾ, ਬਾਣੀ ਸੁਣਦਾ। ਬਾਣੀ ਦੇ ਗਿਆਨ ਲਈ ਕਰੀਮ ਖ਼ਾਂ ਨੇ ਭਾਈ ਮਤੀ ਸਿੰਘ ਤੇ ਬਾਬਾ ਦੀਪ ਸਿੰਘ ਦੀ ਸੰਗਤ ਕਰਨੀ ਸ਼ੁਰੂ ਕੀਤੀ। ਹੌਲੀ ਹੌਲੀ ਉਸ ’ਤੇ ਬਾਣੀ ਦਾ ਇੰਨਾ ਪ੍ਰਭਾਵ ਹੋਇਆ ਕਿ ਉਹ ਗੁਰੂ ਦਾ ਸਿੰਘ ਸਜ ਗਿਆ।
ਹਕੀਮ ਅਬੂ ਤ੍ਰਾਬ
ਹਕੀਮ ਅਬੂ ਤ੍ਰਾਬ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਸਭ ਤੋਂ ਵੱਧ ਇਤਬਾਰੀ ਸਿਪਾਹੀਆਂ ’ਚੋਂ ਇੱਕ ਸੀ। ਔਰੰਗਜ਼ੇਬ ਨੇ ਅਬੂ ਤ੍ਰਾਬ ਨੂੰ ਭੇਸ ਬਦਲਾਅ ਕੇ ਅਨੰਦਪੁਰ ਸਾਹਿਬ ਵਿਖੇ ਸੂਹ ਲੈਣ ਲਈ ਤੋਰਿਆ। ਹਕੀਮ ਅਬੂ ਤ੍ਰਾਬ ਗੋਲਕੁੰਡਾ ਰਿਆਸਤ ਵਿੱਚ ਬ੍ਰਾਹਮਣੀ ਖ਼ਾਨਦਾਨ ’ਚੋਂ ਸੀ। ਇਸ ਨੇ ਆਪਣੀ ਰਿਆਸਤ ਦੇ ਗੁਪਤ ਭੇਦ ਦੱਸ ਕੇ ਔਰੰਗਜ਼ੇਬ ਪਾਸੋਂ ਭਾਰੀ ਜਗੀਰ ਹਾਸਲ ਕੀਤੀ। ਜਦੋਂ ਔਰੰਗਜ਼ੇਬ ਨੇ ਇਸ ਨੂੰ ਅਨੰਦਪੁਰ ਸਾਹਿਬ ਵੱਲ ਤੋਰਿਆ ਤਾਂ ਇਹ ਆਪਣੇ ਨਾਲ ਆਪਣੇ ਸੇਵਕ ਗੁਲਾਬਾ ਤੇ ਉਸ ਦੀ ਪਤਨੀ ਗੁਲਾਬੀ ਨੂੰ ਹਿੰਦੂ ਭੇਸ ’ਚ ਬਦਲ ਕੇ ਲੈ ਗਿਆ। ਜਿਨ੍ਹਾਂ ਨੂੰ ਗੁਰੂ ਘਰ ਦੇ ਭੇਦ ਜਾਣਨ ਦਾ ਕੰਮ ਸੌਂਪਿਆ। ਆਪ ਉਹ ਪਿੰਡਾਂ ’ਚ ਫਿਰ ਕੇ ਜਾਸੂਸੀ ਕਰਨ ਲੱਗਿਆ। ਗੁਲਾਬੇ ਨੇ ਭਾਈ ਕੇਸਰ ਸਿੰਘ ਤੋਂ ਸੇਵਾ ਮੰਗੀ ਤਾਂ ਉਨ੍ਹਾਂ ਨੂੰ ਬਾਗ਼ ਦੀ ਦੇਖ-ਰੇਖ ਦੀ ਸੇਵਾ ਸੌਂਪੀ। ਸਮਾਂ ਬੀਤਦਾ ਗਿਆ। ਗੁਲਾਬੇ ਦੇ ਦਿਲ ਉੱਤੇ ਹਕੀਮ ਵੱਲੋਂ ਸੰਭਾਲੀ ਜ਼ਿੰਮੇਵਾਰੀ ਦਾ ਬੋਝ ਚੁੱਕਣਾ ਔਖਾ ਹੋ ਗਿਆ। ਉਹ ਹੁਣ ਭਾਈ ਕੇਸਰ ਸਿੰਘ ਦੇ ਬਹੁਤ ਕਰੀਬ ਹੋ ਗਿਆ ਸੀ। ਆਖ਼ਰ ਇੱਕ ਦਿਨ ਉਸ ਨੇ ਆਪਣੀ ਸਾਰੀ ਕਹਾਣੀ ਤੇ ਮਕਸਦ ਭਾਈ ਕੇਸਰ ਸਿੰਘ ਨੂੰ ਦੱਸਿਆ ਕਿ ਅਸੀਂ ਕਿਸ ਕਾਰਜ ਲਈ ਅਨੰਦਪੁਰ ਸਾਹਿਬ ਪਹੁੰਚੇ ਹਾਂ ਤੇ ਸਾਨੂੰ ਧੱਕੇ ਨਾਲ ਇਸਲਾਮ ਕਬੂਲ ਕਰਵਾਇਆ ਗਿਆ ਹੈ। ਭਾਈ ਕੇਸਰ ਸਿੰਘ ਨੇ ਉਸ ਦੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਕਿਹਾ, “ਹੌਂਸਲਾ ਰੱਖੋ…। ਤੁਸੀਂ ਵੀ ਜਾਣੂੰ ਹੋ ਕਿ ਇੱਥੇ ਕਿਸੇ ਨਾਲ ਕੋਈ ਜਾਤੀ ਤੌਰ ’ਤੇ ਪੱਖਪਾਤ ਨਹੀਂ ਕੀਤਾ ਜਾਂਦਾ। ਹਰ ਮਨੁੱਖ ਗੁਰੂ ਦੇ ਘਰ ਇੱਕ ਸਮਾਨ ਹੈ।”
ਦੂਜੇ ਪਾਸੇ ਹਕੀਮ ਅਬੂ ਤ੍ਰਾਬ ਵੀ ਗੁਰਸਿੱਖਾਂ ਦੀਆਂ ਨਿੱਤ-ਨਵੀਆਂ ਵਡਿਆਈਆਂ ਸੁਣ ਕੇ ਹੈਰਾਨ ਸੀ। ਸਭ ਤੋਂ ਵੱਡੀ ਘਟਨਾ ਉਸ ਨਾਲ ਇਹ ਘਟੀ ਕਿ ਉਸ ਨੂੰ ਤਾਪ ਚੜ੍ਹ ਗਿਆ, ਜੋ ਲੱਥ ਨਹੀਂ ਸੀ ਰਿਹਾ। ਉਸ ਦੇ ਸੇਵਾਦਾਰ ਵੀ ਉਸ ਦਾ ਸਾਥ ਛੱਡ ਗਏ ਸਨ, ਉਹ ਬਿਲਕੁਲ ਇਕੱਲਾ ਰਹਿ ਗਿਆ ਸੀ। ਗੁਲਾਬੇ ਨੂੰ ਹਕੀਮ ਦੀ ਦਸ਼ਾ ਬਾਰੇ ਪਤਾ ਲੱਗਿਆ ਤੇ ਉਸ ਨੇ ਭਾਈ ਕੇਸਰ ਸਿੰਘ ਨੂੰ ਦੱਸਿਆ, “ਹਕੀਮ ਨੂੰ ਕੀਤੀ ਗ਼ਦਾਰੀ ਦੀ ਸਜ਼ਾ ਮਿਲ ਰਹੀ ਹੈ। ਅੱਜ ਉਹ ਬਿਲਕੁਲ ’ਕੱਲ੍ਹਾ ਪੈ ਗਿਆ ਹੈ।” ਭਾਈ ਕੇਸਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ, ਭਾਵੇਂ ਦੁਸ਼ਮਣ ਵੀ ਕਿਉਂ ਨਾ ਹੋਵੇ ਉਸ ਦਾ ਵੀ ਬੁਰਾ ਨਾ ਮਨਾਓ!… ਗੁਰੂ ਮਰਯਾਦਾ ਇਸ ਗੱਲ ਦੀ ਸਖ਼ਤ ਮਨਾਹੀ ਕਰਦੀ ਹੈ। ਕਿਸੇ ਨੂੰ ਮੰਦੇ ਹਾਲ ’ਚ ਇਕੱਲਾ ਨਾ ਛੱਡੋ…।” ਭਾਈ ਕੇਸਰ ਸਿੰਘ ਆਪ ਹਕੀਮ ਦੀ ਸੇਵਾ ਕਰਦੇ। ਗੁਲਾਬਾ ਉਸ ਦੀ ਰੋਜ਼ ਦਵਾ ਦਾਰੂ ਕਰਨ ਲੱਗਾ। ਥੋੜ੍ਹੇ ਸਮੇਂ ਮਗਰੋਂ ਹਕੀਮ ਬਿਲਕੁਲ ਰਾਜ਼ੀ ਹੋ ਗਿਆ। ਉਸ ਨੂੰ ਆਪਣੀ ਕਰਨੀ ’ਤੇ ਸ਼ਰਮ ਆਉਣ ਲੱਗੀ ਕਿ ਉਹ ਗੁਰੂ ਪਿਆਰਿਆਂ ਬਾਰੇ ਕੀ ਸੋਚਦਾ ਸੀ। ਅੰਤ ਉਸ ਦਾ ਸਹਾਰਾ ਵੀ ਗੁਰੂ ਪਿਆਰਾ ਹੀ ਬਣਿਆ। ਜਿੱਥੇ ਉਸ ਦਾ ਸਾਥ ਉਸ ਦੇ ਆਪਣੇ ਛੱਡ ਗਏ ਸਨ, ਉਸ ਮੋੜ ’ਤੇ ਉਸ ਦਾ ਸਾਥ ਪਰਾਇਆਂ ਨੇ ਦਿੱਤਾ। ਉਸ ਨੇ ਗੁਰੂ ਦਾ ਸਿੱਖ ਬਣਨ ਦੀ ਠਾਣ ਲਈ ਸੀ। ਪੋਹ ਸੁਦੀ ਸੱਤਵੀਂ ਨੂੰ ਗੁਰੂ ਜੀ ਦੇ ਜਨਮ ਦਿਹਾੜੇ ਮੌਕੇ ਗੁਲਾਬੇ, ਗੁਲਾਬੀ ਤੇ ਹਕੀਮ ਅਬੂ ਤ੍ਰਾਬ ਨੇ ਅੰਮ੍ਰਿਤ ਛਕਿਆ ਜਿਸ ਪਿੱਛੋਂ ਇਹ ਗੁਲਾਬਾ-ਹੀਰਾ ਸਿੰਘ ਤੇ ਗੁਲਾਬੀ-ਹਰਵੰਤ ਕੌਰ ਬਣੀ ਅਤੇ ਹਕੀਮ ਅਬੂ ਤ੍ਰਾਬ-ਦੁਸ਼ਟ ਦਮਨ ਸਿੰਘ ਬਣਿਆ। ਗੁਰੂ ਜੀ ਨੇ ਦਮਨ ਸਿੰਘ ਨੂੰ ਘੋੜਿਆਂ ਦੇ ਅਸਤਬਲ ਦਾ ਦਰੋਗਾ ਨਿਯੁਕਤ ਕੀਤਾ। ਇਹ ਗੁਰੂ ਘਰ ਦੀ ਸੇਵਾ ਨਿਭਾਉਂਦਾ ਹੋਇਆ ਅਨੰਦਪੁਰ ਸਾਹਿਬ ਦੀ ਲੜਾਈ ਵਿੱਚ ਸ਼ਹੀਦ ਹੋ ਗਿਆ।