ਜ਼ਫ਼ਰਨਾਮਾ: ਸ਼ਮਸ਼ੀਰਾਂ ਦੇ ਜੌਹਰ ਵਿੱਚ ਫ਼ਤਹਿ ਦਾ ਐਲਾਨਨਾਮਾ

ਅਧਿਆਤਮਕ ਰੰਗ

ਡਾ. ਸਵਰਨਜੀਤ ਸਿੰਘ
ਜਦੋਂ ਹਿੰਦੁਸਤਾਨ ਦੀ ਧਰਤੀ ਨੂੰ ਬਾਬਰ ਦੀਆਂ ਬੇਮੁਹਾਰੀਆਂ ਫ਼ੌਜਾਂ ਦੇ ਘੋੜਿਆਂ ਦੇ ਪੌੜਾਂ ਨੇ ਬੜੀ ਬੇਰਹਿਮੀ ਨਾਲ ਮਨੁੱਖਤਾ ਦੀ ਇੱਜ਼ਤ, ਆਬਰੂ ਤੇ ਅਣਖ਼ ਨੂੰ ਲੀਰੋ-ਲੀਰ ਕਰਨ ਦੀ ਹਿਮਾਕਤ ਕੀਤੀ ਤਾਂ ਵਕਤ ਦੀ ਇਸ ਜ਼ਾਲਮ ਹਨੇਰੀ ਝੁਲਾਉਣ ਦੀ ਹਿੰਮਤ ਕਰਨ ਵਾਲੇ ਬਾਬਰ ਨੂੰ ਗੁਰੂ ਨਾਨਕ ਸਾਹਿਬ ਨੇ ਜਾਬਰ ਕਹਿ ਕੇ ਸੰਬੋਧਨ ਕੀਤਾ ਤੇ ਉਸ ਨੂੰ ਆਪਣੀ ਸ਼ਮਸ਼ੀਰ ਦਾ ਰੁਖ ਮਨੁੱਖਤਾ ਦੀ ਭਲਾਈ ਵੱਲ ਮੋੜਨ ਦੀ ਵੰਗਾਰ ਪਾਈ।

ਸ਼ਮਸ਼ੀਰਾਂ ਦੇ ਇਨ੍ਹਾਂ ਹੀ ਜੌਹਰਾਂ ਵਿੱਚ ਜਦੋਂ ਔਰੰਗਜ਼ੇਬ ਨੇ ਜੰਗ ਦੇ ਨਿਯਮਾਂ ਵਿੱਚ ਨੈਤਿਕ ਪਤਨ ਦਾ ਇਤਿਹਾਸ ਸਿਰਜਿਆ ਤਾਂ ਗੁਰੂ ਗੋਬਿੰਦ ਸਿੰਘ ਨੇ ਔਰੰਗਜ਼ੇਬ ਨੂੰ ਵਾਅਦੇ ਮੁਤਾਬਕ ਮਾਲਵੇ ਦੇ ਇਲਾਕੇ ਵਿੱਚ ਗੱਲਬਾਤ ਦੇ ਦੌਰ ਨੂੰ ਅੰਜਾਮ ਦੇਣ ਦਾ ਵਾਅਦਾ ਪੂਰਾ ਕਰਨ ਲਈ ਵੰਗਾਰਿਆ। ਗੁਰੂ ਸਾਹਿਬ ਨੇ ਆਪਣੇ ਸਿੰਘਾਂ ਤੇ ਪਰਿਵਾਰ ਦੀ ਸ਼ਹਾਦਤ ਦਿੰਦਿਆਂ ਵੀ ਜੰਗ ਦੇ ਨੈਤਿਕ ਨਿਯਮਾਂ ਨੂੰ ਕਾਇਮ ਰੱਖਿਆ ਅਤੇ ਔਰੰਗਜ਼ੇਬ ਨੂੰ ਇਸਲਾਮ ਦੇ ਪਵਿੱਤਰ ਭਰੋਸੇ ਤੋਂ ਕੋਹਾ ਦੂਰ ਭਟਕਦਾ ਹੋਇਆ ਸਾਬਤ ਕਰ ਦਿੱਤਾ, ਜਿਸ ਦੀ ਕਹਿਣੀ ਤੇ ਕਰਨੀ ਵਿੱਚ ਇੱਕ ਬਹੁਤ ਵੱਡਾ ਵਿਛੋੜਾ ਹੈ। ਜ਼ਫ਼ਰਨਾਮਾ ਔਰੰਗਜ਼ੇਬ ਨੂੰ ਇਸਲਾਮ ਦੇ ਰਾਹ ਤੋਂ ਭਟਕਿਆ ਹੋਇਆ ਸਾਬਤ ਕਰਦਾ ਉਸ ਨੂੰ ਇਸਲਾਮ ਦੇ ਨਾਂ ‘ਤੇ ਸ਼ਮਸ਼ੀਰਾਂ ਦੇ ਜੌਹਰ ਸਿਰਜਣ ਦੀ ਹਿਮਾਕਤ ਕਰਨ ਤੋਂ ਰੋਕਣ ਦੀ ਆਖਰੀ ਵੰਗਾਰ ਹੈ, ਕਿਉਂਕਿ ਜਿਸ ਤਰ੍ਹਾਂ ਦੇ ਇਸਲਾਮ ਦਾ ਨਕਸ਼ਾ ਉਹ ਧਰਤੀ ਦੀ ਹਿੱਕ ਤੇ ਉਸਾਰਨ ਦੀ ਹਿਮਾਕਤ ਕਰ ਰਿਹਾ ਸੀ, ਉਹ ਮਨੁੱਖਤਾ ਦੇ ਭਲੇ ਵਿੱਚ ਨਹੀਂ ਸੀ ਅਤੇ ਨਾ ਹੀ ਉਹ ਰਾਹ ਬਾਬਾ ਫ਼ਰੀਦ ਜੀ ਦੇ ਸਲੋਕਾਂ ਦੀ ਪਾਕ ਨੁਹਾਰ ਦੀ ਸਿਰਜਣਾ ਕਰਦੇ ਸਨ। ਸਮੁੱਚੀ ਮਨੁੱਖਤਾ ਦੀ ਰਾਖੀ ਦਾ ਦਾਅਵਾ, ਜੰਗ ਦੇ ਨੈਤਿਕ ਨਿਯਮਾਂ ਦੀ ਪਾਲਣਾ ਕਰਨ, ਇਸਲਾਮ ਦੀ ਕਸਮ ਤੇ ਭਰੋਸੇ ਨੂੰ ਕਾਇਮ ਰੱਖਣ ਅਤੇ ਜਨ ਸਮੂਹ ਦੇ ਪਵਿੱਤਰ ਰਿਸ਼ਤਿਆਂ ਦੇ ਘਰ ਨੂੰ ਸਜਾਉਣ ਵਾਲੇ ਗੁਰੂ ਗੋਬਿੰਦ ਸਿੰਘ ਤੇ ਖ਼ਾਲਸੇ ਨੂੰ ਹੀ ਇਹ ਬਖ਼ਸ਼ਿਸ਼ ਨਸੀਬ ਹੋਈ ਹੈ। ਔਰੰਗਜ਼ੇਬ ਦੀ ਸ਼ਮਸ਼ੀਰ ਦਾ ਸਿਦਕ ਇਸਲਾਮ ਦੇ ਪਵਿੱਤਰ ਜਜ਼ਬਿਆਂ ਤੋਂ ਸੱਖਣਾ ਹੋਣ ਕਰਕੇ ਧਰਤੀ ‘ਤੇ ਰੱਬ ਦਾ ਰਾਜ ਪ੍ਰਗਟ ਨਹੀਂ ਕਰ ਸਕਦਾ ਅਤੇ ਰਾਜ ਭਾਗ ਨੂੰ ਮਨੁੱਖਤਾ ਦੇ ਹੱਕ ਵਿੱਚ ਪ੍ਰਗਟ ਕਰਨ ਵਾਲਾ ਇਨਕਲਾਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਮਸ਼ੀਰ ਵਿਚੋਂ ਹੀ ਆ ਸਕਦਾ ਹੈ, ਕਿਉਂਕਿ ਇਸ ਸ਼ਮਸ਼ੀਰ ਦੀ ਸਾਹਾਂ ਦੀ ਤੰਦ ਗੁਰੂ ਗ੍ਰੰਥ ਸਾਹਿਬ ਨਾਲ ਜੁੜੀ ਹੋਈ ਹੈ। ਜ਼ਫ਼ਰਨਾਮਾ ਔਰੰਗਜ਼ੇਬ ਕੋਲੋਂ ਇਸਲਾਮ ਦੀ ਅਗਵਾਈ ਅਤੇ ਜਹਾਦ ਲਈ ਨੱਚਦੀ ਸ਼ਮਸ਼ੀਰ ਨੂੰ ਧੂਹ ਲੈਣ ਦਾ ਸਿੱਧਾ ਐਲਾਨਨਾਮਾ ਹੈ।
ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਲਈ ਕੁਰਾਨ ਦੀ ਜਿਲਦ ‘ਤੇ ਕੀਤੇ ਇਕਰਾਰਨਾਮੇ ਦੀਆਂ ਸ਼ਰਤਾਂ ਦਾ ਜ਼ਿਕਰ ਗੁਰੂ ਸਾਹਿਬ ਜ਼ਫ਼ਰਨਾਮੇ ਵਿੱਚ ਦੁਹਰਾਉਂਦੇ ਹਨ ਤਾਂ ਜੋ ਔਰੰਗਜ਼ੇਬ ਦੀ ਸੁੱਤੀ ਜ਼ਮੀਰ ਜਾਗ ਪਏ:
ਤੁਰਾ ਗਰ ਬਬਾਯਦ ਓ ਕੌਲਿ ਕੁਰਆਂ।
ਬਨਿਜ਼ਦੇ ਸ਼ੁਮਾ ਰਾ ਰਸਾਨਮ ਹਮਾਂ।
(ਜੇ ਤੂੰ ਕੁਰਾਨ ਦੀ ਉਹ ਜਿਲਦ ਵੇਖਣੀ ਚਾਹੁੰਦਾ ਹੈ, ਜਿਸ ‘ਤੇ ਇਕਰਾਰਨਾਮਾ ਲਿਖਿਆ ਹੋਇਆ ਸੀ ਤਾਂ ਮੈਂ ਉਹ ਤੈਨੂੰ ਭੇਜ ਦਿੰਦਾ ਹਾਂ।)
ਕਿਹ ਤਸ਼ਰੀਫ਼ ਦਰ ਕਸਬਹ ਕਾਂਗੜ ਕੁਨੱਦ।
ਵਜ਼ਾਂ ਪਸ ਮੁਲਾਕਾਤ ਬਾਹਮ ਸ਼ਵੱਦ।
(ਤੁਸੀਂ -ਆਨੰਦਪੁਰ ਸਾਹਿਬ ਛੱਡ ਕੇ- ਕਾਂਗੜ ਆ ਜਾਓ। ਇਸ ਪਿਛੋਂ ਆਪਣੀ ਮੁਲਾਕਾਤ ਹੋਵੇਗੀ।)
ਨ ਜ਼ੱਰਾ ਦਰੀਂ ਰਾਹ ਖ਼ਤਰਾ ਤੁਰਾਸਤ।
ਹਮਾ ਕੌਮਿ ਬੈਰਾੜ ਹੁਕਮਿ ਮਰਾਸਤ।
(ਕਾਂਗੜ ਦੇ ਰਾਹ ਵਿੱਚ ਤੁਹਾਨੂੰ ਕੋਈ ਖ਼ਤਰਾ ਨਹੀਂ, ਕਿਉਂਕਿ ਸਾਰੀ ਬਰਾੜ ਕੌਮ ਮੇਰੇ ਹੁਕਮ ਵਿੱਚ ਹੈ।)
ਬਯਾ ਤਾ ਸੁਖ਼ਨ ਖ਼ੁਦ ਜ਼ਬਾਨੀ ਕੁਨੇਮ।
ਬਰੂਏ ਸ਼ੁਮਾ ਮਿਹਰਬਾਨੀ ਕੁਨੇਮ।
(ਤੁਸੀਂ ਏਧਰ ਆਓ ਤਾਂ ਆਹਮੋ ਸਾਹਮਣੇ ਬੈਠ ਕੇ ਗੱਲਾਂ ਕਰੀਏ। ਤੁਹਾਡੇ ਨਾਲ ਮਿਹਰਬਾਨੀ ਭਰਿਆ ਸਲੂਕ ਕੀਤਾ ਜਾਵੇਗਾ।)
ਯਕੇ ਅਸਪ ਸ਼ਾਇਸਤਹ ਏ ਯਕ ਹਜ਼ਾਰ।
ਬਯਾ ਤਾ ਬਗੀਰੀ ਜ਼ਿ ਮਨ ਈਂ ਦਯਾਰ।
(ਤੁਸੀਂ ਏਧਰ ਆਓ ਤੇ ਇਸ ਇਲਾਕੇ ਵਿੱਚ ਤੁਹਾਨੂੰ “ਯਕ ਅਸਪ” ਇੱਕ ਹਜ਼ਾਰੀ ਦਾ ਮਨਸਬ ਵੀ ਪ੍ਰਦਾਨ ਕਰੀਏ। ਮੇਰੇ ਕੋਲੋਂ ਇਹ ਇਲਾਕਾ ਲੈਣ ਲਈ ਤੁਸੀਂ ਆਓ।)
ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਦੀ ਕੀਮਤ ਇਕਰਾਰਨਾਮੇ ਦੀ ਆਖ਼ਰੀ ਮਦ ਹੈ, ਜਿਸ ਵਿੱਚ ਸਿੱਧੇ ਤੌਰ ‘ਤੇ ਔਰੰਗਜ਼ੇਬ ਗੁਰੂ ਸਾਹਿਬ ਨੂੰ ਘੋੜ ਸਵਾਰ ਰੱਖਣ ਤੇ ਇਲਾਕਾ ਦੇਣ ਲਈ ਵਚਨਵੱਧ ਹੈ, ਜੋ ਖ਼ਾਲਸਾ ਜੀ ਦੀ ਪ੍ਰਭੁਸੱਤਾ ਸਪੰਨ ਰਾਜ ਭਾਗ ਦੀ ਗੱਲ ਹੈ। ਇਹ ਇਸਲਾਮਕ ਰਾਜ ਭਾਗ ਦੇ ਅੰਦਰ ਇੱਕ ਖ਼ੁਦਮੁਖਤਿਆਰ ਰਾਜ ਦੀ ਗੱਲ ਹੈ, ਜਿਹੜੀ ਔਰੰਗਜ਼ੇਬ ਦੇਣ ਲਈ ਮਨਜ਼ੂਰ ਕਰਦਾ ਹੈ। ਗੁਰੂ ਸਾਹਿਬ ਔਰੰਗਜ਼ੇਬ ਨੂੰ ਵਾਅਦਾ ਪ੍ਰਸਤ ਹੋਣ ਦੀ ਗੱਲ ਦੁਹਰਾਉਂਦੇ ਹਨ, ਪਰ ਉਹ ਵਾਅਦਾ ਸ਼ਿਕਨ ਨਿਕਲਦਾ ਹੈ। ਗੁਰੂ ਸਾਹਿਬ ਔਰੰਗਜ਼ੇਬ ਨੂੰ ਸ਼ਾਹੀ ਫ਼ੁਰਮਾਨ ਮਿਲਣ ਦੀ ਸੂਰਤ ਵਿੱਚ ਜਾ ਕੇ ਮਿਲਣ ਦਾ ਵਾਅਦਾ ਵੀ ਕਰਦੇ ਹਨ ਤਾਂ ਜੋ ਜੰਗ ਨੂੰ ਰੋਕਿਆ ਜਾ ਸਕੇ। ਇਸ ਬੇਮੁਹਾਰੀ ਜੰਗ ਵਿੱਚ ਗੁਰੂ ਸਾਹਿਬ ਨੂੰ ਜਾਣ ਬੁਝ ਕੇ ਫ਼ਸਾਇਆ ਗਿਆ ਸੀ, ਜਿਸ ਵਿੱਚ ਬੁੱਤ-ਪ੍ਰਸਤ ਪਹਾੜੀ ਰਾਜੇ ਗੁਰੂ ਸਾਹਿਬ ਦੇ ਵਿਰੁੱਧ ਭੁਗਤੇ ਸਨ ਅਤੇ ਇਸ ਜੰਗ ਵਿੱਚ ਸ਼ਹੀਦ ਹੋਏ ਸਿੱਖਾਂ ਦਾ ਦੋਸ਼ੀ ਔਰੰਗਜ਼ੇਬ ਸੀ, ਕਿਉਂਕਿ ਕੁਰਾਨ ਦੀ ਕਸਮ ਚੁੱਕਣ ਤੋਂ ਬਾਅਦ ਨਾ ਕਿਸੇ ਨੂੰ ਕੈਦ ਕੀਤਾ ਜਾ ਸਕਦਾ ਅਤੇ ਨਾ ਹੀ ਮਾਰਿਆ ਜਾ ਸਕਦਾ ਹੈ:
ਹਰਾਂ ਕਸ ਕਿਹ ਕੌਲਿ ਕੁਰਆਂ ਆਯਦਸ਼।
ਨ ਜ਼ੋ ਬਸਤਨੋ, ਕੁਸਤਨੋ ਬਾਯਦਸ਼।
(ਜਿਹੜਾ ਮਨੁੱਖ ਕੁਰਾਨੀ ਕੌਲ ਤੇ ਭਰੋਸਾ ਕਰੇ, ਉਹਨੂੰ ਕੈਦ ਕਰਨਾ ਜਾਂ ਜਾਨੋਂ ਮਾਰਨਾ ਨਹੀਂ ਚਾਹੀਦਾ।)
ਗੁਰੂ ਸਾਹਿਬ ਨੇ ਜ਼ਫ਼ਰਨਾਮਾ ਦੀਨੇ, ਕਾਂਗੜ, ਭਾਈ ਦੇਸਾ ਸਿੰਘ ਦੇ ਘਰ ਬੈਠ ਕੇ ਲਿਖਿਆ, ਜੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਦੀ ਰਚਨਾ ਹੈ। ਇਸ ਜੰਗ ਵਿੱਚ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੇ ਧਰਮ-ਯੁੱਧ ਵਿੱਚ ਸ਼ਹੀਦ ਹੋ ਗਏ ਅਤੇ ਦੋ ਛੋਟੇ ਸਾਹਿਜ਼ਾਦਿਆਂ ਨੂੰ ਸਰਹਿੰਦ ਨੀਂਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ, ਜੋ ਕਿ ਸ਼ਰਾ ਦੇ ਨਿਯਮਾਂ ਦੇ ਖ਼ਿਲਾਫ਼ ਹੋਣ ਕਰਕੇ ਨਵਾਬ ਮਲੇਰਕੋਟਲੇ ਸ਼ੇਰ ਮੁਹੰਮਦ ਖ਼ਾਨ ਦੇ ਵਿਰੋਧ ਦੇ ਬਾਵਜੂਦ ਧੱਕੇਸ਼ਾਹੀ ਦੇ ਜ਼ਰੀਏ ਗੁਰੂ ਪਰਿਵਾਰ ਨੂੰ ਖ਼ਤਮ ਕੀਤਾ ਗਿਆ। ਪਰ ਔਰੰਗਜ਼ੇਬ ਭਵਿੱਖ ਦੇ ਉਸ ਵਰਤਾਰੇ ਤੋਂ ਅਣਜਾਣ ਹੈ ਕਿ ਗੁਰੂ ਦਾ ਪੁੱਤ ਖ਼ਾਲਸਾ ਉਸ ਦੀ ਸਲਤਨਤ ਨੂੰ ਨੇਸਤੋਨਾਬੂਦ ਕਰੇਗਾ। ਭਵਿੱਖ ਦੇ ਆਗਾਜ਼ ਦਾ ਦ੍ਰਿਸ਼ ਜ਼ਫ਼ਰਨਾਮਾ ‘ਚ ਅੰਕਿਤ ਹੈ:
ਚਿਹਾ ਸ਼ੁੱਦ ਕਿ ਚੂੰ ਬੱਚਗਾਂ ਕੁਸ਼ਤਨ ਚਾਰ।
ਕਿ ਬਾਕੀ ਬਿਮਾਂਦਸਤ ਪੇਚੀਦਾ ਮਾਰ।
(ਕੀ ਹੋਇਆ ਜੇ ਮੇਰੇ ਚਾਰ ਬੱਚੇ ਮਾਰੇ ਗਏ ਹਨ, ਅਜੇ ਕੁੰਡਲੀਆ ਸੱਪ (ਖ਼ਾਲਸਾ) ਬਾਕੀ ਹੈ ‘ਤੇਰੇ ਨਾਲ ਸਿੱਝਣ ਲਈ’)
ਅਸਲ ਵਿੱਚ ਔਰੰਗਜ਼ੇਬ ਦੀ ਸਲਨਤਨ ਇਸਲਾਮ ਦੇ ਪਵਿੱਤਰ ਜਜ਼ਬਿਆਂ ਦੇ ਹਾਣ ਦੀ ਨਹੀਂ ਅਤੇ ਨਾ ਹੀ ਔਰੰਗਜ਼ੇਬ ਦਾ ਵਜੂਦ ਇਸਲਾਮ ਦੇ ਪਾਕ ਹੁਸਨ ਨਾਲ ਸਰਸਾਰ ਹੈ। ਉਸ ਦੀ ਸ਼ਮਸ਼ੀਰ ਦਾ ਹੁਸਨ ਕੁਰਾਨ ਦੀਆਂ ਪਵਿੱਤਰ ਆਇਤਾਂ ਤੋਂ ਸੱਖਣਾ ਅਤੇ ਸ਼ਰਾ ਦੇ ਨਿਯਮਾਂ ਦਾ ਪਾਲਣਹਾਰ ਨਹੀਂ ਹੈ।
ਨ ਈਮਾਂ ਪ੍ਰਸੱਤੀ, ਨ ਔਜ਼ਾਇ ਦੀਂ।
ਨ ਸਾਹਿਬ ਸ਼ਨਾਸੀ, ਮੁਹੰਮਦ ਯਕੀਂ।
(ਨਾ ਤੇਰੇ ਪੱਲੇ ਈਮਾਨ ਹੈ, ਤੇ ਨਾ ਹੀ ਧਰਮ ਦਾ ਰਾਹ। ਨਾ ਤੂੰ ਰੱਬ ਨੂੰ ਪਹਿਚਾਣਦਾ ਹੈ ਤੇ ਨਾ ਹੀ ਤੈਨੂੰ ਹਜ਼ਰਤ ਮੁਹੰਮਦ ‘ਤੇ ਭਰੋਸਾ ਹੈ।)
ਔਰੰਗਜ਼ੇਬ ਜਿਸ ਸ਼ਮਸ਼ੀਰ ਨੂੰ ਇਸਲਾਮ ਦੇ ਹੁਸਨ ਨਾਲ ਭਰਪੂਰ ਵੇਖ ਰਿਹਾ, ਉਹ ਤਾਕਤ ਦੇ ਨਸ਼ੇ ਵਿੱਚ ਭੁੱਲ ਗਿਆ ਕਿ ਉਸ ਦੀ ਸ਼ਮਸ਼ੀਰ ਦਾ ਆਗਾਜ਼ ਉਸ ਇਲਾਹੀ ਹੁਸਨ ਦਾ ਮਾਲਕ ਹੀ ਨਹੀਂ ਰਿਹਾ। ਗੁਰੂ ਸਾਹਿਬ ਔਰੰਗਜ਼ੇਬ ਦੀ ਸ਼ਮਸ਼ੀਰ ਦੇ ਇਸ ਵਹਿਣ ਦੇ ਵਿਰੋਧ ਵਿੱਚ ਖੜੇ ਹਨ ਅਤੇ ਜ਼ਫ਼ਰਨਾਮਾ ਦਾ ਰੋਮ ਰੋਮ ਉਸ ਨੂੰ ਆਪਣੇ ਅੰਦਰ ਝਾਤ ਪਾਉਣ ਦਾ ਸੁਨੇਹਾ ਦੇ ਰਿਹਾ ਹੈ। ਇਹ ਆਤਮ ਝਾਤ ਪਵਾਉਣ ਦੀ ਗਾਥਾ ਉਸ ਦੀ ਆਤਮਾ ਨੂੰ ਜਗਾਉਣ ਦੀ ਗੁਰੂ ਦੀ ਅਲੌਕਿਕ ਜੁਗਤ ਹੈ। ਜ਼ਫ਼ਰਨਾਮਾ ਔਰੰਗਜ਼ੇਬ ਉੱਤੇ ਗੁਰੂ ਦੀ ਇੱਕ ਅਜਿਹੀ ਬਖ਼ਸ਼ਿਸ਼ ਹੈ, ਜਿਸ ਨੇ ਉਸ ਨੂੰ ਇਸ ਧਰਤੀ ਦੇ ਹੁਸਨ ਤੋਂ ਵਿਦਾ ਹੋਣ ਤੋਂ ਪਹਿਲਾਂ ਉਸ ਦੀ ਅਸਲੀਅਤ ਦਾ ਨਿਸ਼ਚਾ ਕਰਵਾ ਦਿੱਤਾ ਕਿ ਕੁਲ ਦੁਨੀਆਂ ਵਿੱਚ ਇਨਕਲਾਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਜਜ਼ਬਿਆਂ ਨਾਲ ਸਰਸਾਰ ਖ਼ਾਲਸੇ ਨੂੰ ਬਖ਼ਸ਼ੀ ਸ਼ਮਸ਼ੀਰ ਵਿੱਚੋਂ ਹੀ ਆ ਸਕਦਾ ਹੈ, ਜੋ ਦੁਨੀਆਂ ਦੀਆਂ ਇਕਾਈਆਂ ਨੂੰ ਬਰਾਬਰੀ ਦੇ ਹੱਲ ਵਿੱਚ ਸਿਰਜਦੀ ਹੈ।
ਗੁਰੂ ਸਾਹਿਬ ਨੇ ਰੁਖ਼ਸਤ ਹੋਣ ਤੋਂ ਪਹਿਲਾਂ ਜ਼ੁਲਮ ਦਾ ਨਾਸ਼ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਖ਼ਾਲਸਾ ਰਾਜ ਦੇ ਮਹਿਲ ਉਸਾਰਨ ਲਈ ਪੰਜਾਬ ਵੱਲ ਰੁਖ਼ਸਤ ਕਰ ਦਿੱਤਾ ਅਤੇ ਖ਼ਾਲਸੇ ਦੇ ਇਸ ਆਗਾਜ਼ ਨੇ ਪੰਜਾਬ ਅੰਦਰ ਖ਼ਾਲਸਾ ਰਾਜ ਦੀ ਸਿਰਜਣਾ ਨੂੰ ਸੱਚ ਤੇ ਇਨਸਾਫ਼ ਦੀਆਂ ਨੀਹਾਂ ‘ਤੇ ਉਸਾਰਿਆ।
ਭਾਈ ਕਾਨ੍ਹ ਸਿੰਘ ਨਾਭਾ ਗੁਰੁਸ਼ਬਦ ਰਤਨਾਕਰ ਮਹਾਨ ਕੋਸ਼ ਵਿੱਚ ਜਫਰ, ਜਫਰ ਨਾਮਾ ਅਤੇ ਜਫਰਨਾਮਾ ਸਾਹਿਬ ਦੇ ਤਿੰਨ ਇੰਦਰਾਜ ਮਿਲਦੇ ਹਨ। ਜਫਰ ਨੂੰ ਅਰਬੀ ਭਾਸ਼ਾ ਦਾ ਤਸਲੀਮ ਕਰਦੇ ਇਸ ਦੇ ਅਰਥ ਸੰਗਯਾ ਵਜੋਂ ਫ਼ਤੇ। ਜਿੱਤ ਅਤੇ ਵਿਜਯ ਕਰਦੇ ਹਨ ਅਤੇ ਨਾਲ ਹੀ ਕਾਰਜ ਦੀ ਸਫ਼ਲਤਾ ਅਤੇ ਕਾਮਯਾਬੀ ਕਰਦੇ ਹਨ। ਜਫਰ ਨਾਮਾ ਇੰਦਰਾਜ ਅਧੀਨ ਉਹ ਇਸ ਨੂੰ ਫ਼ਾਰਸੀ ਦੇ ਸ਼ਬਦ ਵਜੋਂ (ਨਾਮਾ) ਲਿਖਦੇ ਜ਼ਫ਼ਰਨਾਮਹ ਲਿਪੀਅੰਤਰਣ ਕਰਦੇ ਵਿਜਯ-ਪਤ੍ਰ, ਫ਼ਤੇ ਦਾ ਖ਼ਤ ਅਰਥ ਕਰਦੇ ਹਨ। ਇਸ ਦੀ ਇਤਿਹਾਸਕਤਾ ਬਾਰੇ ਵਰਨਣ ਕਰਦੇ ਹਨ ਕਿ ਸੰਮਤ 1763 (ਸੰਨ 1706) ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਾਂਗੜ ਗ੍ਰਾਮ ਤੋਂ ਫ਼ਾਰਸੀ ਅਬਯਾਤ (ਬੈਂਤਾਂ) ਦੀ ਚਿੱਠੀ, ਜੋ ਔਰੰਗਜ਼ੇਬ ਨੂੰ ਭਾਈ ਦਯਾ ਸਿੰਘ ਤੇ ਭਾਈ ਧਰਮ ਸਿੰਘ ਦੇ ਹੱਥ ਦੱਖਣ ਭੇਜੀ ਹੈ, ਉਸ ਦਾ ਨਾਮ ਜ਼ਫ਼ਰਨਾਮਾ (ਵਿਜਯਪਤ੍ਰ) ਹੈ। ਇਸ ਵਿੱਚ ਬਾਦਸ਼ਾਹ ਦੇ ਅਨਯਾਯ ਅਤੇ ਅਯੋਗ ਕਰਮਾਂ ਦਾ ਵਰਨਣ ਤਥਾ ਹਿਤਭਰੀ ਸਿਖਯਾ ਹੈ। ਜਫਰਨਾਮਾ ਸਾਹਿਬ ਇੰਦਰਾਜ ਅਧੀਨ ਉਹ ਲਿਖਦੇ ਹਨ ਕਿ ਰਾਜ ਨਾਭੇ ਦੀ ਨਜਾਮਤ ਫ਼ੂਲ ਵਿੱਚ ਪਿੰਡ ਦਿਆਲਪੁਰੇ ਦੀ ਕਾਂਗੜ ਪੱਤੀ ਵਿੱਚ ਇੱਕ ਗੁਰਦੁਆਰਾ, ਜਿਸ ਦੀ ਆਲੀਸ਼ਾਨ ਇਮਾਰਤ ਭਾਈ ਮਨੀ ਸਿੰਘ ਜੀ ਨੇ ਗੁਰਸਿੱਖਾਂ ਨੂੰ ਪ੍ਰੇਰ ਕੇ ਬਣਵਾਈ ਹੈ। ਇੱਥੇ ਵਿਰਾਜ ਕੇ ਕਲਗੀਧਰ ਨੇ ਜਫਰਨਾਮਾ ਲਿਖਿਆ। ਜਦੋਂ ਕਲਗੀਧਰ ਇੱਥੇ ਵਿਰਾਜੇ ਸਨ, ਉਸ ਵੇਲੇ ਦਿਆਲਪੁਰਾ ਆਬਾਦ ਨਹੀਂ ਸੀ, ਇਹ ਜਮੀਨ ਕਾਂਗੜ ਪਿੰਡ ਦੀ ਸੀ।
ਜ਼ਫ਼ਰਨਾਮਾ ਦੀਆਂ ਮਦਾਂ ਅਨੁਸਾਰ ਕਾਂਗੜ ਦਾ ਇਲਾਕਾ ਚੁਣਿਆ ਗਿਆ ਸੀ ਅਤੇ ਇਸ ਚੋਣ ਪਿੱਛੇ ਦੋ ਕਾਰਨ ਨਜ਼ਰ ਆਉਂਦੇ ਹਨ। ਪਹਿਲੇ ਕਾਰਨ ਦੀ ਪੁਸ਼ਟੀ ਕਰਦੇ ਪਿਆਰਾ ਸਿੰਘ ਪਦਮ ਲਿਖਦੇ ਹਨ, “ਕਾਂਗੜ ਕਸਬਾ ਧਾਲੀਵਾਲ ਜੱਟ ਮਹਰ ਮਿੱਠੇ ਦਾ ਨਗਰ ਸੀ, ਜਿਸ ਦੀ ਪੋਤੀ (ਰਾਇਬੇਗ ਦੀ ਪੁੱਤਰੀ ਸ਼ੰਮੀ) ਅਕਬਰ ਨੂੰ ਪ੍ਰਣਾਈ ਗਈ ਸੀ। ਪਿੱਛੋਂ ਇਸ ਦਾ ਪੋਤਰਾ ਰਾਇ ਜੋਧ ਬੜਾ ਸੂਰਮਾ ਹੋਇਆ, ਜੋ ਗੁਰੂ ਹਰਿ ਗੋਬਿੰਦ ਸਾਹਿਬ ਦਾ ਸ਼ਰਧਾਲੂ ਸੇਵਕ ਬਣਿਆ। ਰਾਇ ਜੋਧ ਦੇ ਪੋਤਰੇ ਰਾਇ ਸ਼ਮੀਰ, ਲਖਮੀਰ ਤੇ ਤਖ਼ਤ ਮੱਲ ਸਨ, ਰਾਇ ਸ਼ਮੀਰ ਇਸ ਸਮੇਂ ਕਾਂਗੜ ਦਾ ਚੌਧਰੀ ਸੀ।ਮੁਗ਼ਲਾਂ ਨਾਲ ਸਾਕਾਦਾਰੀ ਹੋਣ ਕਰਕੇ ਇਹ ਸਤਿਗੁਰਾਂ ਲਈ ਵੀ ਆਦਰ-ਸਨਮਾਨ ਰੱਖਦੇ ਸਨ। ਇਸੇ ਕਰਕੇ ਗੁਰੂ ਸਾਹਿਬ ਦੇ ਟਿਕਾਣੇ ਲਈ ਕਾਂਗੜ ਦੀ ਚੋਣ ਕੀਤੀ ਗਈ ਸੀ, ਕਾਂਗੜ ਕਸਬੇ ਦੇ ਇੱਕ ਹਿੱਸੇ ਦਾ ਨਾਂ ਦੀਨਾ ਹੈ, ਜਿਥੇ ਗੁਰੂ ਸਾਹਿਬ ਭਾਈ ਦੇਸਾ ਸਿੰਘ ਤਰਖਾਣ ਦੇ ਚੁਬਾਰੇ ਵਿੱਚ ਦੋ ਤਿੰਨ ਹਫ਼ਤੇ ਠਹਿਰੇ ਸਨ।” ਦੂਜਾ ਕਾਰਨ ਭਾਈ ਰਣਧੀਰ ਸਿੰਘ ਮਆਸਰਿ ਆਲਮਗੀਰੀ ਦੇ ਪੰਨਾ 497 ਦੇ ਹਵਾਲੇ ਨਾਲ ਜ਼ਫ਼ਰਨਾਮਾ ਦੇ 59 ਸ਼ੇਅਰ ਦੀ ਵਿਆਖਿਆ ਦੇ ਪ੍ਰਸੰਗ ਵਿੱਚ ਕਰਦੇ ਹਨ, “ਇਹ ਭਰੋਸਾ, ਬਾਦਸ਼ਾਹ ਨੇ ਬੈਰਾੜਾਂ ਦੀ ਵਧੇਰੇ ਵਸੋਂ ਵਾਲਾ ਇਲਾਕਾ- ‘ਲੱਖੀ ਜੰਗਲ’ ਸਰਕਾਰ ਆਪਣੇ ਵੱਡੇ ਪੋਤ੍ਰੇ-ਮੁਹੰਮਦ ਮੁਇੱਜ਼ੁੱਦੀਨ, ਨਾਇਬ ਸੂਬੇਦਾਰ ਮੁਲਤਾਨ ਨੂੰ ਸੌਂਪ ਕੇ, ਦਿਵਾਇਆ ਸੀ।”
ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ, “ਜਫ਼ਰਨਾਮਹ ਦਾ ਪਾਠ ਅਣਜਾਣ ਲਿਖਾਰੀਆਂ ਨੇ ਬਹੁਤ ਅਸ਼ੁੱਧ ਕਰ ਦਿੱਤਾ ਹੈ।” ਇਸ ਅਸ਼ੁੱਧਤਾ ਦਾ ਜ਼ਿਕਰ ਪਿਆਰਾ ਸਿੰਘ ਪਦਮ ਵੀ ਕਰਦੇ ਹਨ, ਜਿਸ ਦਾ ਅਹਿਸਾਸ ਉਨ੍ਹਾਂ ਨੂੰ ਭਾਈ ਰਣਧੀਰ ਸਿੰਘ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਹੋਇਆ।
ਨਿਰੰਜਨ ਸਿੰਘ ਨੂਰ ਜ਼ਫ਼ਰਨਾਮਾ ਦੇ ਅਨੁਵਾਦ ਵਿੱਚ ਮਿਲੀਆਂ ਤਰੁੱਟੀਆਂ ਤੇ ਛਾਪੇਖ਼ਾਨੇ ਦੀਆਂ ਗ਼ਲਤੀਆਂ ਬਾਰੇ ਲਿਖਦੇ ਹਨ, “ਜ਼ਫ਼ਰਨਾਮੇ ਦਾ ਪੰਜਾਬੀ ਅਨੁਵਾਦ ਕਰਦਿਆਂ ਕੁਝ ਔਕੜਾਂ ਪੇਸ਼ ਆਈਆਂ ਹਨ। ਮੈਨੂੰ ਚਾਰ ਵਿਅਕਤੀਆਂ ਵੱਲੋਂ ਤਰਜਮਾਏ ਜ਼ਫ਼ਰਨਾਮੇ ਪੜ੍ਹਨ ਦਾ ਮੌਕਾ ਮਿਲਿਆ ਹੈ। (ਪਿੰਡੀ ਦਾਸ ਸਰਵਰੀ 1966, ਨਾਨਕ ਚੰਦ ਨਾਜ 1952, ਅਵਤਾਰ ਸਿੰਘ ਆਜ਼ਾਦ, ਪਿਆਰਾ ਸਿੰਘ ਪਦਮ) ਚੌਹਾਂ ਕਿਤਾਬਾਂ ਵਿੱਚ ਹੀ ਲਿਪੀ ਦਾ ਅੰਤਰ ਕਰਦਿਆਂ (ਫ਼ਾਰਸੀ ਤੋਂ ਪੰਜਾਬੀ/ਗੁਰਮਖੀ) ਕਾਫ਼ੀ ਮਾਤ੍ਰਾ ਵਿੱਚ ਸ਼ਬਦ ਐਸੇ ਹਨ, ਜਿਹੜੇ ਜਾਂ ਤਾਂ ਛਾਪੇ ਦੀਆਂ ਗ਼ਲਤੀਆਂ ਕਾਰਨ ਹੋਰ ਦੇ ਹੋਰ ਹੋ ਗਏ ਹਨ। ਸ਼ਬਦਾਰਥ ਕਰਦਿਆਂ ਵੀ ਕੁਝ ਉਕਾਈਆਂ ਰੜਕਦੀਆਂ ਸਨ।”
ਜ਼ਫ਼ਰਨਾਮਾ ਫ਼ਾਰਸੀ ਸ਼ੇਅਰਾਂ ਵਿੱਚ ਲਿਖਿਆ ਗਿਆ ਹੈ। ਦੋ ਸਤਰਾਂ ਦੇ ਇੱਕ ਸ਼ੇਅਰ ਵਾਲੀ ਇਸ ਰਚਨਾ ਦੇ ਕੁਲ 111 ਸ਼ੇਅਰ ਹਨ, ਜਿਸ ਨਾਲ ਭਾਈ ਰਣਧੀਰ ਸਿੰਘ, ਪਿਆਰਾ ਸਿੰਘ ਪਦਮ ਅਤੇ ਨਿਰੰਜਨ ਸਿੰਘ ਨੂਰ ਸਹਿਮਤ ਹਨ ਅਤੇ ਇਨ੍ਹਾਂ ਵਿਦਵਾਨਾਂ ਨੇ ਜ਼ਫ਼ਰਨਾਮਾ ਦੇ ਇਕਰਾਰਨਾਮੇ ਵਾਲੇ ਸ਼ੇਅਰਾਂ ਦੀ ਸਾਰਥਕਤਾ ਲਈ ਵੀ ਸਹਿਮਤੀ ਪ੍ਰਗਟਾਈ ਹੈ, ਪਰ ਅਰਥਾਂ ਦੀ ਵਿਸ਼ਾਲਤਾ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੀਆਂ ਲਿਖਤਾਂ ਤੋਂ ਬਾਅਦ ਨਿਰੰਜਨ ਸਿੰਘ ਨੂਰ ਦੇ ਅਨੁਵਾਦ ਵਾਲੀ ਰਚਨਾਂ ਨੂੰ ਵਰਤਿਆ ਹੈ, ਜਿਸ ਵਿੱਚ ਜ਼ਫ਼ਰਨਾਮਾ ਦੀ ਫ਼ਾਰਸੀ ਭਾਸ਼ਾ ਦਾ ਪੰਜਾਬੀ ਲਿਪੀਅੰਤਰ, ਕਾਵਿਕ ਅਨੁਵਾਦ, ਸ਼ਬਦਾਰਥ, ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਅਨੁਵਾਦ ਕੀਤਾ ਗਿਆ ਹੈ, ਜੋ ਪਾਠਕਾਂ ਦੇ ਦਾਇਰੇ ਨੂੰ ਵਿਸ਼ਾਲਤਾ ਵੀ ਪ੍ਰਦਾਨ ਕਰਦਾ ਹੈ, ਜਿਸ ਵਿੱਚ ਜੰਗ ਦੇ ਨੈਤਿਕ ਨਿਯਮਾਂ ਦੀ ਉਲੰਘਣਾ ਦੇ ਨਾਲ-ਨਾਲ ਗੁਰੂ ਸਾਹਿਬ ਦੇ ਪਰਿਵਾਰ ਦੀਆਂ ਸ਼ਹਾਦਤਾਂ ਤੇ ਜੰਗ ਦੇ ਮੈਦਾਨ ਵਿੱਚ ਵਿਰੋਧੀਆਂ ਦੀਆਂ ਗਤੀਵਿਧੀਆਂ ਦਾ ਇਸ਼ਾਰਿਆਂ ਵਿੱਚ ਜ਼ਿਕਰ ਕੀਤਾ ਗਿਆ ਹੈ। ਚਮਕੌਰ ਦੇ ਯੁੱਧ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਸ਼ਹਾਦਤ ਦਾ ਜਾਮ ਪੀ ਗਏ। ਇਸ ਗੜ੍ਹੀ ਦੀਆਂ ਦੀਵਾਰਾਂ ਨੂੰ ਮੁਗ਼ਲ ਸੈਨਾ ਦੇ ਜਰਨੈਲ ਟੱਪ ਨਾ ਸਕੇ ਅਤੇ ਜਿਹੜਾ ਵੀ ਸਾਹਮਣੇ ਆਇਆਂ ਗੁਰੂ ਸਾਹਿਬ ਦੇ ਤੀਰ ਨਾਲ ਫ਼ੁੰਡਿਆ ਗਿਆ। ਨਵਾਬ ਮਲੇਰਕੋਟਲੇ ਦਾ ਭਰਾ ਨਾਹਰ ਖ਼ਾਂ ਗੁਰੂ ਜੀ ਦੇ ਤੀਰ ਦਾ ਸ਼ਿਕਾਰ ਹੋ ਗਿਆ, ਪਰ ਫ਼ੌਜੀ ਜਰਨੈਲ ਖਵਾਜਾ (ਖ਼ਿਜ਼ਰ ਖ਼ਾਨ) ਸਾਹਮਣੇ ਹੀ ਨਹੀਂ ਆਇਆ, ਜਿਸ ਨੂੰ ਭਾਈ ਰਣਧੀਰ ਸਿੰਘ ਤਵਾਰੀਖ਼ ਖ਼ਾਲਸਾ (ਪੱਥਰ ਛਾਪ- ਪੰਨੇ 324, 373) ਦੇ ਹਵਾਲੇ ਨਾਲ, ਖ਼ਿਜ਼ਰ ਖ਼ਾਨ ਮਲੇਰਕੋਟਲੇ ਵਾਲਾ, ਜੋ ਮਲੇਰੀ-ਜਮੀਅਤ ਦਾ ਸਰਦਾਰ ਸੀ, ਲਿਖਦੇ ਹਨ:
ਹਰਾਂ ਕਸ ਜ਼ਿ ਦੀਵਾਰ ਆਮਦ ਬਰੂੰ।
ਬਖ਼ੁਰਦਨ ਯਕੇ ਤੀਰ ਸ਼ੁਦ ਗ਼ਰਕਿ ਖੂੰ।
ਜਿਹੜਾ ਵੀ ਦੀਵਾਰ (ਚਮਕੌਰ ਦੀ ਗੜ੍ਹੀ) ਦੀ ਓਟ ਤੋਂ ਜ਼ਰਾ ਬਾਹਰ ਆਇਆ, ਇੱਕੋ ਤੀਰ ਖਾ ਕੇ ਖੂਨ ਵਿੱਚ ਡੁੱਬ ਗਿਆ।

ਚੂੰ ਦੀਦਮ ਕਿ ਨਾਹਰ ਬਿਆਮਦ ਬਜੰਗ।
ਚਸ਼ੀਦਹ ਯਕੇ ਤੀਰ ਤਨਿ ਬੇਦਰੰਗ।
ਜਦੋਂ ਮੈਂ ਡਿੱਠਾ ਕਿ ਨਾਹਰ (ਕੋਟਲੇ ਨਵਾਬ ਦਾ ਭਾਈ) ਜੰਗ ਵਿੱਚ ਕੁੱਦਿਆ ਹੈ ਤਾਂ ਉਹਨੇ ਇਕਦਮ ਮੇਰੇ ਤੀਰ ਦਾ ਸੁਆਦ ਚੱਖਿਆ ਜਾਂ ਮਾਰਿਆ ਗਿਆ।

ਕਿ ਆਂ ਖਵਾਜਾ ਮਰਦੂਦ ਜ਼ਿ ਸਾਯਹ ਦੀਵਾਰ।
ਬ ਮੈਦਾਂ ਨਿਆਮਦ ਬ ਮਰਦਾਨਹਵਾਰ।
ਪਰ ਇਸ ਫੌਜ ਦਾ ਪਾਪੀ/ਕਾਇਰ ਜਰਨੈਲ ਗੜ੍ਹੀ ਦੀ ਦੀਵਾਰ ਓਹਲੇ ਹੀ ਰਿਹਾ ਤੇ ਬਹਾਦਰਾਂ ਵਾਂਗ ਮੈਦਾਨ ਵਿੱਚ ਸਾਹਮਣੇ ਨਾ ਆਇਆ।
ਪਰ ਇਸ ਜੰਗ ਦਾ ਨੈਤਿਕ ਪਤਨ ਉਸ ਵਕਤ ਗ਼ਰਕ ਗਿਆ, ਜਦੋਂ ਸ਼ਰਾਂ ਦੇ ਨਿਯਮਾਂ ਨੂੰ ਤੋੜ ਕੇ ਕਾਜ਼ੀ ਨੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਨੂੰ ਨੀਂਹਾਂ ਵਿੱਚ ਜਿਉਂਦੇ ਚਿਣਨ ਦਾ ਹੁਕਮ ਸਾਦਰ ਕਰ ਦਿੱਤਾ, ਜਿਸ ਨੂੰ ਸਿਰੇ ਚਾੜ੍ਹਨ ਲਈ ਬੁੱਤਪ੍ਰਸਤ ਸੁੱਚਾ ਨੰਦ ਨੇ ਹੱਲਾਸ਼ੇਰੀ ਦਿੱਤੀ। ਇੱਕ ਪਾਸੇ ਬੁੱਤਸ਼ਿਕਨ ਕਾਜ਼ੀ, ਵਜ਼ੀਰ ਖਾਨ ਤੇ ਬੁੱਤਪ੍ਰਸਤ ਸੁੱਚਾ ਨੰਦ ਦੀ ਕੁਲਹਿਣੀ ਫ਼ਿਤਰਤ ਨੇ ਆਪਣਾ ਰੰਗ ਵਿਖਾਇਆ ਤਾਂ ਦੂਸਰੇ ਪਾਸੇ ਸਾਹਿਜ਼ਾਦਿਆਂ ਨੂੰ ਦੁੱਧ ਪਿਲਾਉਣ ਵਾਲੇ ਮੋਤੀ ਮਹਿਰਾ ਨੇ ਸ਼ਹਾਦਤ ਦਾ ਜ਼ਾਮ ਪੀਤਾ ਅਤੇ ਦੀਵਾਨ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰਕੇ ਸੰਸਕਾਰ ਵਾਲੀ ਜ਼ਮੀਨ ਦਾ ਮੁੱਲ ਤਾਰਿਆ। ਸਰਹਿੰਦ ਦੀ ਧਰਤੀ ‘ਤੇ ਜ਼ਮੀਨ ਦੇ ਇਸ ਟੁਕੜੇ ਦਾ ਮੁੱਲ ਦੁਨੀਆਂ ਦੀਆਂ ਕੁਲ ਦੌਲਤਾਂ ਤੋਂ ਉੱਪਰ ਤੇ ਨਾ ਖਰੀਦ ਸਕਣ ਦੇ ਕਾਬਲ ਹੈ। ਇਸ ਮਿੱਟੀ ਦਾ ਇਹ ਟੁਕੜਾ ਅਨਮੋਲ ਹੈ। ਇਹ ਜ਼ਮੀਨ ਗ਼ਵਾਹ ਹੈ ਕਿ ਬੁੱਤਸ਼ਿਕਨ ਇਸਲਾਮ ਦੀ ਅਗਵਾਈ ਕਰਨ ਵਾਲੇ ਕਾਜ਼ੀ ਤੇ ਬੁੱਤਪ੍ਰਸਤ ਸੁੱਚਾ ਨੰਦ ਦੇ ਫ਼ਰੇਬ ਦੇ ਦਗੇ ਦਾ ਆਖਰੀ ਵਾਰ ਸੀ, ਜੋ ਖ਼ਾਲਸੇ ਨੂੰ ਵਿਰਾਸਤ ਵਿੱਚ ਮਿਲਿਆ। ਇਹ ਅਜਿਹਾ ਅਕ੍ਰਿਤਘਣ ਸੀ, ਜਿਸ ਨੇ ਜ਼ਫ਼ਰਨਾਮਾ ਦੀ ਪਾਕ ਲਿਖਤ ਨੂੰ ਜਨਮ ਦਿੱਤਾ ਅਤੇ ਖ਼ਾਲਸੇ ਦਾ ਹਲੇਮੀ ਰਾਜ ਕਾਇਮ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵੱਲ ਰੁਖ ਕਰ ਖ਼ਾਲਸਾ ਰਾਜ ਦੀ ਸਥਾਪਨਾ ਕੀਤੀ। ਇਹ ਉਹੋ ਹੀ ਸ਼ਰਤ ਸੀ, ਜਿਸ ਨੂੰ ਮੰਨ ਕੇ ਗੁਰੂੂ ਸਾਹਿਬ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਤੇ ਔਰੰਗਜ਼ੇਬ ਮੌਤ ਦੇ ਮੂੰਹ ਵਿੱਚ ਜਾ ਪੈਣ ਕਾਰਨ ਗੁਰੂ ਸਾਹਿਬ ਨੂੰ ਮਿਲ ਨਾ ਸਕਿਆ, ਪਰ ਬਹਾਦਰ ਸ਼ਾਹ ਵੱਲੋਂ ਗੁਰੂ ਨੂੰ ਭੇਟ ਕੀਤੀ ਸ਼ਮਸ਼ੀਰ ਗਵਾਹ ਹੈ ਕਿ ਬਹਾਦਰ ਸ਼ਾਹ ਨੇ ਉਸ ਸ਼ਰਤ ਨੂੰ ਕਬੂਲ ਕਰ ਪ੍ਰਭੁਸੱਤਾ ਸਪੰਨ ਖਾਲਸੇ ਦਾ ਰਾਜ ਸਵੀਕਾਰ ਕਰ ਲਿਆ ਸੀ, ਜਿਸ ਦੀ ਕਾਇਮੀ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵੱਲ ਆਗਾਜ਼ ਕੀਤਾ। ਇਤਿਹਾਸ ਵਿੱਚ ਇਹ ਇੱਕ ਨਵਾਂ ਜੁੱਗ ਸੀ ਕਿ ਗੁਰੂ ਨੇ ਇੱਕ ਇਸਲਾਮਕ ਰਾਜ ਦੇ ਅੰਦਰ ਸੁਤੰਤਰ ਰਾਜ ਦੀ ਕਾਇਮੀ ਕਰ ਦਿੱਤੀ ਸੀ। ਭਾਵੇਂ ਇਹ ਰਾਜ ਭਾਗ ਬਾਬਾ ਬੰਦਾ ਸਿੰਘ ਦੀ ਸ਼ਹਾਦਤ ਨਾਲ ਮੁਗ਼ਲਾਂ ਨੇ ਹਥਿਆ ਲਿਆ, ਪਰ ਮਿਸਲਾਂ ਦੀਆਂ ਸਰਦਾਰੀਆਂ ਨੇ ਇਸ ਹੱਕ ਨੂੰ ਸਦਾ ਜਿਤਾਇਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਮੁੜ ਇਸ ਰਾਜ ਭਾਗ ਨੂੰ 1799 ਵਿੱਚ ਕਾਇਮ ਕੀਤਾ, ਜੋ ਅੰਗਰੇਜ਼ਾਂ ਦੀਆਂ ਚਲਾਕੀਆਂ ਕਾਰਨ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਗਿਆ ਅਤੇ ਮੁੜ ਇਸ ਨੇ ਧਰਮ ਯੁੱਧ ਦੇ ਰੂਪ ਵਿੱਚ ਨਨਕਾਣਾ ਸਾਹਿਬ ਦੇ ਸਾਕੇ ਵਿੱਚ ਆਗ਼ਾਜ਼ ਕੀਤਾ ਤੇ ਅੰਗਰੇਜ਼ਾਂ ਤੋਂ ਗੁਰਧਾਮਾਂ ਦਾ ਕਬਜ਼ਾ ਲੈ ਕੇ ਸਿੱਖ ਰਾਜ ਦੀ ਸਥਾਪਨਾ ਵੱਲ ਵਧਦਿਆਂ ਅੰਗਰੇਜ਼ ਹਕੂਮਤ ਨਾਲ ਸਮਝੌਤਾ ਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ, ਜੋ ਸਿੱਖ ਰਾਜ ਦੀ ਵੱਖਰੀ ਹੋਂਦ ਨੂੰ ਮੰਨਣਾ ਹੈ। ਮੋਹਨਦਾਸ ਕਰਮਚੰਦ ਗਾਂਧੀ ਨੇ ਇਸ ਨੂੰ ਆਜ਼ਾਦੀ ਦੀ ਪਹਿਲੀ ਲੜਾਈ ਦੀ ਜਿੱਤ ਆਖ ਕੇ ਰਾਸ਼ਟਰੀ ਲੜਾਈ ਦੀ ਰੰਗਤ ਵਿੱਚ ਰੰਗ ਦਿੱਤਾ ਅਤੇ ਸਿੱਖ ਮਾਨਸਿਕਤਾ ਫੇਰ ਉਸ ਜਾਲ ਦੀ ਬੁਣਤ ਦਾ ਸ਼ਿਕਾਰ ਹੋ ਗਈ, ਜੋ ਜਾਲ ਬੁੱਤਪ੍ਰਸਤਾਂ ਨੇ ਸਾਹਿਜ਼ਾਦਿਆਂ ਨੂੰ ਸ਼ਹੀਦ ਕਰਨ ਲਈ ਬੁਣਿਆ ਸੀ ਅਤੇ ਦਸਮ ਪਾਤਸ਼ਾਹ ਨੇ ਪਹਾੜੀ ਬੁੱਤਪ੍ਰਸਤ ਰਾਜਿਆਂ ਨਾਲ ਜੰਗਾਂ ਲੜੀਆਂ ਸਨ। ਇਨ੍ਹਾਂ ਸਮਿਆਂ ਅੰਦਰ ਸਿੱਖਾਂ ਅੰਦਰ ਬਫ਼ਰ ਸਟੇਟ ਦੀ ਮੰਗ ਵੀ ਉੱਠੀ ਅਤੇ ਸਿੱਖ ਹੋਮਲੈਂਡ ਦੀ ਮੰਗ ਨੇ ਜੋਰ ਫੜਿਆ। ਸਿੱਖ ਆਜ਼ਾਦੀ ਦੇ ਚਾਅ ਅਤੇ ਜਵਾਹਰ ਲਾਲ ਨਹਿਰੂ ਦੇ ਇਸ ਛਲਾਵੇ ਵਿੱਚ ਆ ਗਏ ਕਿ ਆਜ਼ਾਦ ਭਾਰਤ ਵਿੱਚ ਸਿੱਖਾਂ ਨੂੰ ਉੱਤਰੀ ਇਲਾਕੇ ਵਿੱਚ ਖਿੱਤਾ ਦਿੱਤਾ ਜਾਵੇਗਾ, ਜਿਸ ਵਿੱਚ ਉਹ ਆਜ਼ਾਦੀ ਦਾ ਸਕੂਨ ਮਾਣ ਸਕਣ, ਪਰ ਆਜ਼ਾਦੀ ਦੇ ਇਸ ਚਾਅ ਵਿੱਚ ਪੰਜਾਬ ਦੇ ਦੋ ਟੁਕੜੇ ਹੋ ਗਏ ਅਤੇ ਹਿੰਦੁਸਤਾਨ ਅੰਦਰਲਾ ਪੰਜਾਬ ਆਪਣੇ ਨਾਲੋਂ ਹਿਮਾਚਲ, ਹਰਿਆਣਾ ਤੇ ਗੰਗਾ ਨਗਰ ਦਾ ਇਲਾਕਾ ਗਵਾ ਬੈਠਾ। ਸਿੱਖਾਂ ਨੇ ਇੱਕ ਵਾਰ ਫੇਰ 1946 ਵਿੱਚ ਸਿੱਖ ਹੋਮਲੈਂਡ ਦੀ ਮੰਗ ਨੂੰ ਉਭਾਰਿਆ।
ਸਵਰਗੀ ਸਿਰਦਾਰ ਕਪੂਰ ਸਿੰਘ ਨੇ 1973 ਵਿੱਚ ਸਿੱਖਾਂ ਲਈ ਆਜ਼ਾਦ ਖ਼ੁਦਮੁਖਤਿਆਰੀ ਦੇ ਮੁੱਦੇ ਨੂੰ ਉਭਾਰਿਆ, ਜਿਸ ਨੂੰ ‘ਆਨੰਦਪੁਰ ਸਾਹਿਬ ਦਾ ਮਤਾ’ ਦੇ ਨਾਂ ਨਾਲ ਇਤਿਹਾਸ ਵਿੱਚ ਜਾਣਿਆ ਜਾਂਦਾ ਹੈ। ਪਰ 1978 ਵਿੱਚ ਇੱਕ ਹੋਰ ਮਤਾ ਲਿਆਦਾ ਜਾਂਦਾ ਹੈ, ਜੋ ਕਿ ਲੁਧਿਆਣਾ ਵਾਲੇ ਮਤੇ ਦੇ ਨਾਂ ਨਾਲ ਸਬੰਧਤ ਹੈ। ਇਨ੍ਹਾਂ ਸਮਿਆਂ ਵਿੱਚ ਹੀ ਪੰਜਾਬ ਦੇ ਪਾਣੀਆਂ ਦਾ ਮਸਲਾ ਉੱਭਰਦਾ ਹੈ ਅਤੇ ਧਰਮ ਯੁੱਧ ਮੋਰਚੇ ਦਾ ਅੰਤ ਦਰਬਾਰ ਸਾਹਿਬ ਤੇ ਹੋਰ ਗੁਰਧਾਮਾਂ ‘ਤੇ 1984 ਦਾ ਕਹਿਰ ਟੁੱਟਦਾ ਹੈ ਤੇ ਨਵੰਬਰ 1984 ਵਿੱਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਜਾਂਦੀ ਹੈ, ਜਿਸ ਨੇ ਔਰੰਗ਼ਜ਼ੇਬ ਦੀ ਸਲਤਨਤ ਦੇ ਨਕਸ਼ ਨੂੰ ਦੁਬਾਰਾ ਜ਼ਮੀਨ ਦੀ ਹੱਕ ‘ਤੇ ਉਤਾਰਿਆ। ਸਾਕਾ ਨੀਲਾ ਤਾਰਾ 1984 ਤੋਂਂ ਬਾਅਦ 1986 ਵਿੱਚ ਦੇਸ਼ ਦੇ ਵਕਤੀ ਪ੍ਰਧਾਨ ਮੰਤਰੀ ਤੇ ਅਕਾਲੀ ਲੀਡਰ ਸੰਤ ਹਰਚੰਦ ਸਿੰਘ ਲੌਂਗੋਵਾਲ ਵਿਚਕਾਰ ਇੱਕ ਸਮਝੌਤਾ ਹੋਇਆ, ਜਿਹੜਾ ਇਤਿਹਾਸ ਦਾ ਸਿਰਫ਼ ਇੱਕ ਬੇਜ਼ਾਨ ਜਿਹਾ ਦਸਤਾਵੇਜ਼ ਬਣ ਕੇ ਰਹਿ ਗਿਆ ਹੈ। 1986 ਦਾ ਖ਼ਾਲਿਸਤਾਨ ਐਲਾਨਨਾਮਾ ਅਤੇ 1994 ਵਿੱਚ ਅਕਾਲ ਤਖ਼ਤ ਸਾਹਿਬ ‘ਤੇ ਕੀਤਾ ਐਲਾਨਨਾਮਾ, ਜਿਸ ਨੂੰ ਅੰਮ੍ਰਿਤਸਰ ਐਲਾਨਨਾਮਾ ਕਿਹਾ ਜਾਂਦਾ ਹੈ, ਇਹ ਉਸੇ ਹੀ ਰਾਜਸੀ ਮੰਜਲ ਦਾ ਆਗ਼ਾਜ਼ ਹੈ, ਜੋ ਜ਼ਫ਼ਰਨਾਮਾ ਵਿੱਚ ਇਕਰਾਰਨਾਮਾ ਦੀ ਆਖ਼ਰੀ ਮਦ ਹੈ ਅਤੇ ਆਜ਼ਾਦੀ ਸਮੇਂ ਨਹਿਰੂ ਵੱਲੋਂ ਕੀਤੇ ਇਕਰਾਰਨਾਮੇ ਦੀ ਮੰਗ ਹੈ। ਧੋਖੇ ਨਾਲ ਹਥਿਆਏ ਸਿੱਖ ਰਾਜ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਮਹਾਰਾਜਾ ਦਲੀਪ ਸਿੰਘ ਯਤਨਾਂ ਦੇ ਬਾਵਜੂਦ ਵਾਪਸ ਨਾ ਲੈ ਸਕਿਆ, ਪਰ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ, ਜਿਸ ਵਿੱਚ ਹਰ ਕੋਈ ਖ਼ੁਸ਼ੀ ਨਾਲ ਵਸਦਾ ਸੀ, ਇੱਕ ਆਜ਼ਾਦ ਸਿੱਖ ਰਾਜ ਸੀ, ਜਿਸ ਨੂੰ ਬਿਨਾਂ ਕਿਸੇ ਮਨਜ਼ੂਰੀ ਤੋਂ ਹਥਿਆਇਆ ਨਹੀਂ ਜਾ ਸਕਦਾ ਸੀ। ਇਹ ਭਵਿੱਖ ਦੀਆਂ ਨਸਲਾਂ ਹੀ ਤੈਅ ਕਰਨਗੀਆਂ ਕਿ ਉਨ੍ਹਾਂ ਨੇ ਕਦੋਂ ਬ੍ਰਿਟੇਨ ਨੂੰ ਸਿੱਖਾਂ ਦੇ ਇਸ ਹੜੱਪੇ ਰਾਜ ਨੂੰ ਵਾਪਸ ਕਰਨ ਲਈ ਦੁਨੀਆਂ ਦੀ ਨਿਆਂ ਪ੍ਰਣਾਲੀ ਵਿੱਚ ਖੜ੍ਹਾ ਕਰਨਾ ਹੈ ਅਤੇ ਬਹੁ-ਭਾਂਤੀ ਸਭਿਆਚਾਰ ਵਾਲੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਮੁੜ ਬਹਾਲ ਕਰਨਾ ਹੈ। ਰਣਜੀਤ ਸਿੰਘ ਨੇ ਆਪਣੇ ਰਾਜ ਨੂੰ ਸਦਾ ਹੀ ਖਾਲਸਾ ਰਾਜ ਦਾ ਨਾਂ ਦਿੱਤਾ ਹੈ। ਖ਼ਾਲਸਾ ਉਹ ਹੈ ਜਿਸ ਦਾ ਕਿਰਦਾਰ ਗੁਰਬਾਣੀ ਵਿੱਚ ਪ੍ਰਗਟ ਕੀਤੇ ਗੁਰਮੁੱਖ ਦੀ ਨੁਹਾਰ ਵਾਲਾ ਹੈ ਅਤੇ ਜਿਸ ਦਾ ਧਰਤੀ ‘ਤੇ ਰਾਜ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਖ਼ਾਲਿਸਹ: ਸ਼ੁੱਧ, ਬਿਨਾ ਮਿਲਾਵਟ ਤੇ ਨਿਰੋਲ ਕਰਦੇ ਹੋਏ ਇਸ ਨੂੰ ਸੰਗਯਾ – ਉਹ ਜ਼ਮੀਨ ਜਾਂ ਮੁਲਕ, ਜੋ ਬਾਦਸ਼ਾਹ ਦਾ ਹੈ, ਜਿਸ ਪੁਰ ਕਿਸੇ ਜਾਗੀਰਦਾਰ ਅਥਵਾ ਜ਼ਿੰਮੀਦਾਰ ਦਾ ਸਵਤਵ ਨਹੀਂ, ਤਸਲੀਮ ਕਰਦੇ ਹਨ।
ਅੱਜ ਦੱਖਣੀ ਏਸ਼ੀਆ ਜਿਸ ਰਾਹ ਵੱਲ ਤੁਰ ਰਿਹਾ ਹੈ, ਉਸ ਵਿੱਚ ਹਿੰਦੁਸਤਾਨ ਦਾ ਭਵਿੱਖ ਇਸ ਨੂੰ ਕਿਸੇ ਵੀ ਦਿਸ਼ਾ ਵਿੱਚ ਮੋੜ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਹੀ ਅਜਿਹਾ ਖ਼ਜ਼ਾਨਾ ਹੈ, ਜਿਹੜਾ ਇਸ ਨੂੰ ਟੁੱਟਣ ਤੋਂ ਬਚਾ ਸਕਦਾ ਹੈ। ਇਹ ਟੁੱਟ ਭੱਜ ਦਾ ਕਹਿਰ ਤਾਂ ਹੀ ਠੱਲ੍ਹ ਸਕਦਾ ਹੈ, ਜੇ ਹਿੰਦੁਸਤਾਨ ਦੀ ਮੁਖ ਧਾਰਾ ਗੁਰੂ ਗ੍ਰੰਥ ਸਾਹਿਬ ਦੀ ਧਾਰਾ ਨੂੰ ਪ੍ਰਣਾ ਲਵੇ, ਜਿਸ ਵਿੱਚ ਸਮੂਹ ਧਰਮਾਂ ਨੂੰ ਨਾਲ ਲੈ ਕੇ ਤੁਰਨ ਦੀ ਤਾਕਤ ਹੈ। ਰੂਸ ਤੇ ਚੀਨ ਦਾ ਮਾਰਕਸਵਾਦੀ ਸਮਾਜਿਕ ਵਰਤਾਰਾ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਜੇ ਵਿਸ਼ਵ ਦੇ ਸਮਾਜਕ ਵਰਤਾਰੇ ਤੋਂ ਕੋਹਾਂ ਦੂਰ ਤੇ ਊਣਾ ਹੈ। ਜਿਸ ਦਿਨ ਇਨ੍ਹਾਂ ਦੇਸ਼ਾਂ ਦੀਆਂ ਮਾਰਕਸਵਾਦੀ ਵਿਚਾਰਧਰਾਵਾਂ ਨੇ ਆਪਣੇ ਸਮਾਜਿਕ ਵਰਤਾਰੇ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਮਾਜਿਕ ਵਰਤਾਰੇ ਵਿੱਚ ਰੰਗ ਲਿਆ, ਉਸ ਦਿਨ ਖ਼ਾਲਸਾ ਜੀ ਦਾ ਸਗਲੀ ਧਰਤੀ ‘ਤੇ ਰਾਜ ਸਥਾਪਤ ਹੋ ਜਾਵੇਗਾ ਅਤੇ ਵਿਸ਼ਵ ਇੱਕ ਸਭਿਆਚਾਰਕ ਇਕਾਈ ਦੀ ਮਾਲਾ ਵਿੱਚ ਪ੍ਰੋਇਆ ਜਾਵੇਗਾ, ਜਿਸ ਦੀ ਨੀਂਹ ਮਨੁੱਖਤਾ ਹੋਵੇਗੀ; ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਮਨੁੱਖਤਾ ਦੇ ਕਲਿਆਣ ਦੀ ਹੀ ਗੱਲ ਕੀਤੀ ਗਈ ਹੈ।
ਪ੍ਰੋ. ਪੂਰਨ ਸਿੰਘ ਸਿੱਖ ਧਰਮ, ਸਿੱਖ ਇਤਿਹਾਸ ਅਤੇ ਸਿੱਖਾਂ ਦੀ ਜਨਮ-ਭੂਮੀ, ਪੰਜਾਬ ਅਤੇ ਇਸ ਦੀ ਸਮੁੱਚੀ ਪ੍ਰਕ੍ਰਿਤੀ ਦੇ ਵਜੂਦ ਦੀ ਸਿੱਖੀ ਨਾਲ ਗਹਿਰੀ ਸਾਂਝ ਨੂੰ ਨਸ਼ਰ ਕਰਦੇ ਹਨ। ਪੰਜਾਬ ਦੇ ਦਰਿਆਵਾਂ ਦੀ ਖ਼ਾਲਸੇ ਨਾਲ ਦੋਸਤੀ, ਪੰਜਾਬ ਦੇ ਜ਼ੱਰੇ-ਜ਼ੱਰੇ ਵਿੱਚ ਗੁਰਬਾਣੀ ਦੀ ਮਹਿਕ ਨਾਲ ਭਰੇ ਹੋਣ ਦੀ ਗਵਾਹੀ ਉਨ੍ਹਾਂ ਦੇ ਕਾਵਿ-ਆਵੇਸ਼ ਵਿੱਚ ਦਰਜ ਹੈ। ਪੰਜਾਬ ਸਬੰਧੀ ਉਹ ਕੇਵਲ ਦੋ ਸਤਰਾਂ ਵਿੱਚ ਫ਼ੈਸਲਾ ਕਰਦੇ ਹਨ ਕਿ ਇਹ ਸਿੱਖ ਗੁਰੂ ਸਾਹਿਬਾਨ ਦਾ ਸਿਰਜਿਆ ਹੋਇਆ ਹੈ ਅਤੇ ਇਹ ਸਿੱਖ-ਪੰਜਾਬ ਹੈ। ਇਸੇ ਦਹਿਲੀਜ਼ ਤੋਂ ਉਹ ਪੰਜਾਬ ਦੇ ਜਿਉਂਣ ਪਿੱਛੇ ਗੁਰੂ ਦੀ ਬਖ਼ਸ਼ਿਸ਼ ਨੂੰ ਵੇਖਦੇ ਹਨ ਅਤੇ ਕਿਸੇ ਮਰਦਿ-ਜਵਾਂ ਨੂੰ ਆਵਾਜ਼ਾਂ ਮਾਰਦੇ ਹਨ, ਜਿਹੜਾ ਉਜੜ ਰਹੇ ਪੰਜਾਬ ਨੂੰ ਗੁਰਬਾਣੀ ਦੇ ਖ਼ਾਲਸ ਰੰਗ ਵਿੱਚ ਰੰਗ ਦੇਵੇ :
ਪੰਜਾਬ ਨਾ ਹਿੰਦੂ ਨਾ ਮੁਸਲਮਾਨ
ਪੰਜਾਬ ਸਾਰਾ ਜੀਂਦਾ ਗੁਰੂ ਦੇ ਨਾਮ ‘ਤੇ।
—0—
ਝਨਾਂ ਤੇ ਰਾਵੀ ਤੇ ਸਤਲੁਜ ਤੇ ਬਿਆਸ ਤੇ
ਜੇਹਲਮ ਤੇ ਕਟਕ ਸਭ ਬਲ ਉੱਠੇ;
ਗੁਰੂ ਦਾ ਜਾਪੁ ਸਾਹਿਬ ਗਾਉਂਦੇ ।
—0—
ਆ ਪੰਜਾਬ-ਪਿਆਰ ਤੂੰ ਮੁੜ ਆ!
ਆ ਸਿੱਖ-ਪੰਜਾਬ ਤੂੰ ਘਰ ਆ!
—0—
ਆ! ਪੰਜਾਬ, ਤੂੰ ਮੁੜ ਆ! ਖਿੜੇ ਖਿੜੇ ਮੱਥੇ ਲਾ,
ਕਰੋੜਾਂ ਪੰਜਾਬ ਆ! ਇੱਕ ਆ, ਹਜ਼ਾਰ ਆ।
ਦਿਲ ਦੇ ਵਿਚਕਾਰ ਆ! ਰੂਹ ਦੀ ਖੁਲ੍ਹੀ ਟੰਕਾਰ ਆ।
ਭੌਰਿਆਂ ਦੀ ਗੁੰਜਾਰ ਆਂ! ਫੁੱਲਾਂ ਦੀ ਗੁਲਜ਼ਾਰ ਆ।
ਧੁਰ ਦੀ ਫੁੰਕਾਰ ਆ! ਆ ਪਿਆਰ ਪੰਜਾਬ ਸਦਕੇ,
ਤੂੰ ਮੁੜ ਆ, ਫਿਰ ਆ।

Leave a Reply

Your email address will not be published. Required fields are marked *