ਸੁਖਬੀਰ ਬਾਦਲ ਦੀ ਮੁਆਫੀ ਦੇ ਸਿਆਸੀ ਮਾਇਨੇ

Uncategorized ਸਿਆਸੀ ਹਲਚਲ ਵਿਚਾਰ-ਵਟਾਂਦਰਾ

ਕਮਲਜੀਤ ਸਿੰਘ ਬਨਵੈਤ
ਫੋਨ: +91-9814734035
ਕਾਂਗਰਸ ਪਾਰਟੀ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ- ਦੋਹਾਂ ਨੇ ਪੰਜਾਬ, ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਸਿੱਖਾਂ ਨਾਲ ਵੱਡਾ ਧਰੋਹ ਕਮਾਇਆ ਹੈ। ਦੋਵੇਂ ਗੁਨਾਹਗਾਰ ਹਨ। ਕਾਂਗਰਸ ਨੇ ਅਕਾਲ ਤਖਤ ਸਾਹਿਬ ਉੱਤੇ ਹਮਲਾ ਕਰਕੇ ਪਾਪ ਕਮਾਇਆ ਸੀ, ਜਦਕਿ ਸ਼੍ਰੋਮਣੀ ਅਕਾਲੀ ਦਲ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਲਈ ਲੋਕਾਂ ਦੀ ਕਚਹਿਰੀ ਵਿੱਚ ਗੁਨਾਹਗਾਰ ਹੈ।

ਕਾਂਗਰਸ ਵੱਲੋਂ ਅਕਾਲ ਤਖਤ ਸਾਹਿਬ `ਤੇ ਟੈਂਕ ਚੜ੍ਹਾਉਣ ਦਾ ਬਦਲਾ ਪੰਜਾਬੀਆਂ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰਕੇ ਲੈ ਲਿਆ ਸੀ। ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਕਚਹਿਰੀ ਵਿੱਚ ਮੁਲਜ਼ਮ ਬਣ ਕੇ ਖੜ੍ਹਾ ਹੈ, ਪਰ ਪੰਜਾਬੀ ਹਾਲੇ ਤੱਕ ਮੁਆਫ ਕਰਨ ਦੇ ਰਾਹ ਵਿੱਚ ਨਹੀਂ ਹਨ। ਸ਼ਾਇਦ ਇਸ ਕਰਕੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਹਾਸ਼ੀਏ ਤੋਂ ਬਾਹਰ ਕਰਕੇ ਉਨ੍ਹਾਂ ਨੂੰ ਹਾਲੇ ਠੰਡ ਨਹੀਂ ਪਈ ਹੈ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸੱਤਾ ਉੱਤੇ ਮੁੜ ਕਾਬਜ ਹੋਣ ਲਈ ਤਰਲੋ ਮੱਛੀ ਹੋ ਰਿਹਾ ਹੈ।
ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦੋ ਵਾਰ ਮੰਗੀ ਮੁਆਫੀ ਇਹੋ ਸੰਕੇਤ ਦੇ ਰਹੀ ਹੈ। ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਅਤੇ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੇ ਭੋਗ ਵੇਲੇ ਮੰਗੀ ਮੁਆਫੀ ਵੇਲੇ ਕਾਫੀ ਅਹੁਲਾ ਰੱਖ ਲਿਆ ਸੀ; ਪਰ ਅਕਾਲ ਤਖਤ ਸਾਹਿਬ ਵਿਖੇ ਆਪਣੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਮੰਗੀ ਮੁਆਫੀ ਵਿੱਚ ਉਨ੍ਹਾਂ ਨੇ ਕਾਫੀ ਹੱਦ ਤੱਕ ਆਪਣੀ ਗੁਸਤਾਖੀ ਮੰਨ ਲਈ ਹੈ। ਹੈਰਾਨੀ ਦੀ ਗੱਲ ਇਹ ਕਿ ਦੋਵੇਂ ਵਾਰ ਮੁਆਫੀ ਮੰਗਣ ਤੋਂ ਪਹਿਲਾਂ ਤੱਕ ਸੁਖਬੀਰ ਸਿੰਘ ਬਾਦਲ ਦੀ ਪਤਨੀ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇਹੋ ਕਹਿੰਦੇ ਆ ਰਹੇ ਸਨ ਕਿ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਸਨ, ਉਨ੍ਹਾਂ ਦਾ ਰਹੇ ਕੁਝ ਨਾ। ਬਹੁਤ ਸਾਰੇ ਲੋਕ ਬਾਦਲਾਂ ਨੂੰ ਸੱਤਾ ਤੋਂ ਲਾਂਭੇ ਕਰਨ ਨੂੰ ਹਰਸਿਮਰਤ ਕੌਰ ਬਾਦਲ ਦੇ ਇਸ ਦਾਅਵੇ ਨਾਲ ਜੋੜ ਕੇ ਦੇਖਦੇ ਆ ਰਹੇ ਹਨ।
ਸੁਖਬੀਰ ਸਿੰਘ ਬਾਦਲ ਦੇ ਮੁਆਫੀ ਮੰਗਣ ਵੇਲੇ ਭਾਸ਼ਣ ਦੀ ਚੀਰ ਫੜ ਕਰੀਏ ਤਾਂ ਉਨ੍ਹਾਂ ਵਿੱਚ ਸੱਤਾ ਦੀ ਲਾਲਸਾ ਸਾਫ ਝਲਕ ਰਹੀ ਸੀ। ਉਹ ਆਪਣੇ ਭਾਸ਼ਣ ਵਿੱਚ ਹੀ ਦਾਅਵਾ ਕਰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਹੋਂਦ ਵਿੱਚ ਆਇਆ ਸੀ, ਉਦੋਂ ਸਰਕਾਰ ਵਿੱਚ ਆਉਣ ਦੀ ਕੋਈ ਮਨਸ਼ਾ ਨਹੀਂ ਸੀ, ਸਗੋਂ ਉਸ ਵੇਲੇ ਦੇ ਮਰਜੀਵੜੇ ਜੁਲਮ ਦੇ ਖਿਲਾਫ ਇੱਕ ਕੰਧ ਬਣ ਕੇ ਖੜ੍ਹਨ ਲਈ ਤਿਆਰ ਹੋਏ ਸਨ। ਫਿਰ ਉਹ ਨਾਲ ਹੀ ਇਹ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਪਿਛਲੀ ਸਰਕਾਰ ਵੇਲੇ ਸਜ਼ਾ ਦੇਣ ਤੋਂ ਉਕ ਗਏ ਸਨ, ਪਰ ਜਦੋਂ ਹੁਣ ਉਨ੍ਹਾਂ ਦੀ ਸਰਕਾਰ ਬਣੇਗੀ ਤਾਂ ਉਹ ਦੋਸ਼ੀਆਂ ਨੂੰ ਸਜ਼ਾ ਵੀ ਦੇਣਗੇ ਅਤੇ ਸਿਆਸਤ ਕਰਨ ਵਾਲਿਆਂ ਨੂੰ ਲੋਕਾਂ ਦੀ ਅਦਾਲਤ ਵਿੱਚ ਨੰਗਾ ਕਰਨਗੇ। ਸ. ਬਾਦਲ ਨੂੰ ਭਾਸ਼ਣ ਲਿਖ ਕੇ ਦੇਣ ਵਾਲੇ ਉਨ੍ਹਾਂ ਦੇ ਸਲਾਹਕਾਰ ਇਹ ਕਿਉਂ ਨਹੀਂ ਕਹਿ ਸਕੇ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਫਿਰ ਕੇਂਦਰ ਅਤੇ ਰਾਜ ਸਰਕਾਰ ਦੀਆਂ ਵਧੀਕੀਆਂ ਖਿਲਾਫ ਡਟੇਗਾ, ਪਰ ਸਰਕਾਰ ਵਿੱਚ ਆਉਣ ਦੀ ਕੋਈ ਲਾਲਸਾ ਨਹੀਂ ਹੈ। ਜੇ ਕਿਤੇ ਉਹ ਇਹ ਵੀ ਕਹਿ ਜਾਂਦੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਦੀ ਸੂਰਤ ਵਿੱਚ ਉਹ ਮੁੱਖ ਮੰਤਰੀ ਦੀ ਕੁਰਸੀ ਦੀ ਝਾਕ ਨਹੀਂ ਰੱਖਣਗੇ, ਤਦ ਉਨ੍ਹਾਂ ਦਾ ਭਾਸ਼ਣ ਵਧੇਰੇ ਅਸਰਦਾਰ ਹੁੰਦਾ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ, ਪਾਰਟੀ ਦੀ ਲੀਡਰਸ਼ਿਪ ਅਤੇ ਵਰਕਰਾਂ ਵੱਲੋਂ ਹੋਈਆਂ ਗਲਤੀਆਂ ਲਈ ਮੁਆਫੀ ਮੰਗੀ ਹੈ। ਨਾਲ ਹੀ ਇਹ ਵੀ ਕਿਹਾ ਹੈ ਕਿ ਜੇ ਕਿਸੇ ਨੂੰ ਸੱਤਾ ਵਿੱਚ ਹੁੰਦਿਆਂ ਦੁੱਖ ਪਹੁੰਚਾਇਆ ਹੋਵੇ, ਤਦ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਕਾਲ ਤਖਤ ਸਾਹਿਬ `ਤੇ ਖੜ੍ਹੇ ਹੋ ਕੇ ਮੁਆਫੀ ਮੰਗਦੇ ਹਨ।
ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਆਪਣੇ ਪਿਤਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੱਲੋਂ ਹੋਈਆਂ ਗਲਤੀਆਂ ਲਈ ਵੀ ਮੁਆਫੀ ਮੰਗੀ ਹੈ। ਉਨ੍ਹਾਂ ਨੇ ਇੱਕ ਹੋਰ ਰਾਜਨੀਤਿਕ ਪੱਤਾ ਖੇਡਣ ਦੀ ਕੋਸ਼ਿਸ਼ ਵੀ ਕੀਤੀ ਕਿ ਵੱਡੇ ਬਾਦਲ ਨੂੰ ਆਪਣੇ ਆਖਰੀ ਸਮੇਂ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦਾ ਝੋਰਾ ਖਾਂਦਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਅਕਾਲੀ ਦਲ ਦੀ ਸਰਕਾਰ ਮੁੜ ਬਣਦੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾ ਦੇਣਾ ਨਹੀਂ ਭੁੱਲੇਗੀ। ਇਸ ਦਾ ਸਿੱਧਾ ਅਰਥ ਦਿਸ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਦਿਲੋਂ ਪਛਤਾਵਾ ਹੋ ਰਿਹਾ ਹੋਵੇ ਜਾਂ ਨਾ, ਪਰ ਉਨ੍ਹਾਂ ਦੀ ਸੱਤਾ ਵਿੱਚ ਆਉਣ ਦੀ ਕਾਹਲ ਅਤੇ ਹਾਸ਼ੀਏ ਤੋਂ ਬਾਹਰ ਰਹਿਣ ਦੀ ਤੜਪ ਸਾਫ ਦਿਸ ਰਹੀ ਸੀ।
ਉਨ੍ਹਾਂ ਦੇ ਭਾਸ਼ਣ ਦੁਆਲੇ ਹੀ ਗੱਲ ਘੁੰਮਦੀ ਰੱਖੀਏ ਤਾਂ ਕੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੀ ਮੁਆਫੀ ਦੇ ਨਾਲ ਹੀ ਡੇਰਾ ਸਿਰਸਾ ਦੇ ਮੁਖੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਂਗ ਰਚਨ ਦੀ ਮੁਆਫੀ ਦੇਣ ਦੀ ਕੁਤਾਹੀ ਨੂੰ ਭੁੱਲ ਜਾਣ? ਕੀ ਅਕਾਲ ਤਖਤ ਸਾਹਿਬ ਸਮੇਤ ਦੂਜੇ ਜਥੇਦਾਰਾਂ ਨੂੰ ਆਪਣੀ ਮਰਜ਼ੀ ਨਾਲ ਵਰਤਣ ਦੀ ਚਾਲ ਨੂੰ ਇੰਝ ਹੀ ਅੱਖੋਂ ਪਰੋਖੇ ਕਰ ਦਿੱਤਾ ਜਾਵੇ?
ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸੱਤਾ ਉੱਤੇ ਕਾਬਜ ਹੋਣ ਲਈ ਜਿੰਨਾ ਕਾਹਲਾ ਹੈ, ਲੋਕ ਉਨਾ ਹੀ ਹਾਲੇ ਪਿੱਛੇ ਨੂੰ ਧੱਕ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਖੇਤਰੀ ਪਾਰਟੀ ਹੈ, ਜਿਹੜੀ ਪੰਜਾਬ ਦੀ ਖੈਰ ਖਵਾਹ ਮੰਨੀ ਜਾਂਦੀ ਹੈ, ਪਰ ਦੁੱਖ ਇਹ ਕਿ ਲੋਕ ਹਾਲੇ ਇਨ੍ਹਾਂ ਉੱਤੇ ਭਰੋਸਾ ਕਰਨ ਨੂੰ ਤਿਆਰ ਨਹੀਂ ਹਨ। ਸ਼੍ਰੋਮਣੀ ਅਕਾਲੀ ਦਲ, ਜਿਸ ਨੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਮਜਬੂਰੀ ਵਜੋਂ ਭਾਰਤੀ ਜਨਤਾ ਪਾਰਟੀ ਨਾਲ ਨਾਤਾ ਤੋੜ ਲਿਆ ਸੀ, ਹੁਣ ਉਸੇ ਪਾਰਟੀ ਨਾਲ ਮੁੜ ਤੋਂ ਸਿਆਸੀ ਗੱਠਜੋੜ ਦੀਆਂ ਕਨਸੋਆਂ ਲੋਕਾਂ ਦੇ ਕੰਨੀ ਪੈਣ ਲੱਗੀਆਂ ਹਨ। ਹਾਂ, ਇੱਕ ਗੱਲ ਪੱਕੀ ਹੈ ਕਿ ਜੇ ‘ਆਪ’ ਅਤੇ ਕਾਂਗਰਸ ਦਾ ਪੰਜਾਬ ਵਿੱਚ ਸਮਝੌਤਾ ਸਿਰੇ ਨਹੀਂ ਚੜ੍ਹਦਾ ਤਾਂ ਅਕਾਲੀ-ਭਾਜਪਾ ਗੱਠਜੋੜ ਕਿਸੇ ਹੱਦ ਤੱਕ ਮਾਅਰਕਾ ਮਾਰ ਸਕਦਾ ਹੈ। ਦੋਹਾਂ ਪਾਰਟੀਆਂ ਦੀ ਇਹ ਮਜਬੂਰੀ ਵੀ ਹੈ। ਜੇ ‘ਆਪ’ ਅਤੇ ਕਾਂਗਰਸ ਦਾ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਚੋਣ ਸਮਝੌਤਾ ਹੋ ਜਾਂਦਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਆਪੋ ਆਪਣੇ ਦਮ `ਤੇ ਚੋਣ ਲੜਦੇ ਹਨ ਤਾਂ ਇਨ੍ਹਾਂ ਪੱਲੇ ਪੈਣ ਵਾਲਾ ਕੁਝ ਨਹੀਂ ਹੈ।
ਇੱਕ ਹੋਰ ਜਰੂਰੀ ਗੱਲ ਇਹ ਕਿ ਸ਼੍ਰੋਮਣੀ ਅਕਾਲੀ ਦਲ ਅੰਦਰੋਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਭੇ ਕਰਨ ਦੀ ਗੱਲ ਚਲਦੀ ਆ ਰਹੀ ਹੈ। ਪਾਰਟੀ ਵਰਕਰਾਂ ਸਮੇਤ ਆਮ ਲੋਕਾਂ ਵਿੱਚ ਇਹ ਚਰਚਾ ਰਹੀ ਹੈ ਕਿ ਸੁਖਬੀਰ ਬਾਦਲ ਜੇ ਕੁਰਸੀ ਦਾ ਮੋਹ ਛੱਡ ਦੇਣ ਤਾਂ ਸ਼੍ਰੋਮਣੀ ਅਕਾਲੀ ਦਲ ਕਾਫੀ ਹੱਦ ਤੱਕ ਮੁੜ ਪੈਰਾਂ ਉੱਤੇ ਖੜ੍ਹਾ ਹੋ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਲੰਮਾ ਸਮਾਂ ਪ੍ਰਧਾਨ ਰਹੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਪਾਰਟੀ ਨੂੰ ਜੋੜ ਕੇ ਰੱਖਣ ਵਾਲਾ ਹਾਲ ਦੀ ਘੜੀ ਕੋਈ ਦਿਸ ਨਹੀਂ ਰਿਹਾ ਹੈ। ਪਿਛਲੇ ਕਈ ਮਹੀਨਿਆਂ ਦੀ ਅਕਾਲੀ ਦਲ ਦੀ ਕਾਰਗੁਜ਼ਾਰੀ ਉੱਤੇ ਝਾਤ ਮਾਰੀਏ ਤਾਂ ਇੰਝ ਲੱਗਣ ਲੱਗਾ ਹੈ ਕਿ ਸੁਖਬੀਰ ਸਿੰਘ ਬਾਦਲ ਦੂਜੇ ਕਿਸੇ ਲੀਡਰ ਦੀ ਨਿਸਬਤ ਦਲ ਨੂੰ ਵਧੇਰੇ ਮਜਬੂਤੀ ਨਾਲ ਪਕੜ ਕੇ ਅੱਗੇ ਹੋ ਸਕਦੇ ਹਨ। ਉਨ੍ਹਾਂ ਕੋਲ ਤਜ਼ਰਬਾ, ਸਾਧਨ ਅਤੇ ਪਕੜ ਕਾਫੀ ਹੱਦ ਤੱਕ ਮਜਬੂਤ ਹੈ। ਉਹ ਆਪਣੇ ਉੱਤੇ ਲੱਗਾ ਤਾਨਾਸ਼ਾਹੀ ਦਾ ਟੈਗ ਵੀ ਧੋਂਦੇ ਨਜ਼ਰ ਆ ਰਹੇ ਹਨ। ਪਾਰਟੀ ਨਾਲ ਸਬੰਧਤ ਕੋਈ ਫੈਸਲਾ ਲੈਣ ਵੇਲੇ ਉਨ੍ਹਾਂ ਨੇ ਸੀਨੀਅਰਾਂ ਦੀ ਸਲਾਹ ਨੂੰ ਵਜਨ ਦੇਣਾ ਵੀ ਸ਼ੁਰੂ ਕੀਤਾ ਹੈ। ਉਨ੍ਹਾਂ ਵੱਲੋਂ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਪ੍ਰਧਾਨ ਦੀ ਨਿਯੁਕਤੀ ਨੂੰ ਜਿਵੇਂ ਲਟਕਾ ਕੇ ਰਗੜਿਆ ਹੈ, ਇਹ ਉਨ੍ਹਾਂ ਦੇ ਪ੍ਰਧਾਨ ਵਜੋਂ ਪਰਪੱਕਤਾ ਦਾ ਇੱਕ ਸਬੂਤ ਹੈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਬ ਪ੍ਰਵਾਣਤ ਰਸਤਾ ਲੱਭਣ ਲਈ ਪੰਜਾਬੀ ਬੁੱਧੀਜੀਵੀਆਂ ਦੀ ਇੱਕ ਮੀਟਿੰਗ ਸੱਦੀ ਗਈ ਸੀ। ਇਸ ਮੀਟਿੰਗ ਵਿੱਚ ਕਾਫੀ ਵਡਮੁੱਲੇ ਵਿਚਾਰ ਆਏ ਸਨ। ਸੁਣਿਆ ਹੈ ਕਿ ਕਈ ਬੁੱਧੀਜੀਵੀਆਂ ਨੇ ਸੁਖਬੀਰ ਨੂੰ ਪਲੋਸਿਆ ਵੀ ਸੀ। ਉਸ ਮੀਟਿੰਗ ਦੇ ਹੱਲ ਤੱਕ ਕੋਈ ਠੋਸ ਨਤੀਜੇ ਸਾਹਮਣੇ ਨਹੀਂ ਆਏ ਲੱਗਦੇ ਹਨ।
ਅਕਾਲੀ ਦਲ ਵੱਲੋਂ ਕੀਤੇ ਗੁਨਾਹਾਂ ਲਈ ਮੁਆਫੀ ਮੰਗਣਾ ਸਭ ਨੂੰ ਚੰਗਾ ਲੱਗਾ ਹੈ, ਪਰ ਇਹੋ ਕੁਝ ਜੇ ਵਿਧਾਨ ਸਭਾ ਦੀਆਂ ਪਿਛਲੀਆਂ ਚੋਣਾਂ ਤੋਂ ਪਹਿਲਾਂ ਕਰ ਲਿਆ ਜਾਂਦਾ ਤਾਂ ਏਡੀ ਵੱਡੀ ਨਮੋਸ਼ੀ ਦਾ ਸਾਹਮਣਾ ਨਹੀਂ ਸੀ ਕਰਨਾ ਪੈਣਾ ਅਤੇ ਨਾ ਹੀ ਆਮ ਲੋਕਾਂ ਅਤੇ ਦਲ ਦੇ ਨੇਤਾਵਾਂ ਵਿੱਚ ਏਨੀ ਦੂਰੀ ਵਧਣੀ ਸੀ; ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬ ਬੇਅਦਬੀ ਸਮੇਤ ਹੋਰ ਘਟਨਾਵਾਂ ਵਾਪਰ ਰਹੀਆਂ ਸਨ ਤਾਂ ਉਸ ਵੇਲੇ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਗ੍ਰਹਿ ਮੰਤਰੀ ਸਨ। ਬਾਦਲਾਂ ਨੂੰ ਮੁਆਫੀ ਮੰਗਣ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਵਿਖੇ ਦਿੱਤੇ ਭਾਸ਼ਣ ਉੱਤੇ ਹੋਰ ਹੋਮ ਵਰਕ ਕਰਨ ਦੀ ਲੋੜ ਸੀ। ਬਗੈਰ ਮਿਹਨਤ ਕੀਤਿਆ ਪ੍ਰੀਖਿਆ ਵਿੱਚ ਬੈਠਣ ਵਾਲੇ ਕਦੇ ਮੈਰਿਟ ਸੂਚੀ ਵਿੱਚ ਸ਼ਾਮਿਲ ਨਹੀਂ ਹੁੰਦੇ।
ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਦਾ ਭਰੋਸਾ ਜਿੱਤਣ ਲਈ ਮੁਆਫੀ ਮੰਗਣ ਤੋਂ ਅੱਗੇ ਜਾ ਕੇ ਅਮਲੀ ਤੌਰ `ਤੇ ਬਹੁਤ ਕੁਝ ਕਰਨ ਦੀ ਲੋੜ ਹੈ। ਸਭ ਤੋਂ ਪਹਿਲਾਂ ਲੋਕਾਂ ਦੇ ਮਨਾਂ ਵਿੱਚ ਇਹ ਵਿਸ਼ਵਾਸ ਕਾਇਮ ਕੀਤਾ ਜਾਵੇ ਕਿ ਉਹ ਸਿੱਖ ਤਖਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ `ਤੇ ਆਪਣਾ ਕਬਜ਼ਾ ਛੱਡ ਦੇਣਗੇ। ਦੂਜੇ ਸ਼ਬਦਾਂ ਵਿੱਚ ਤਖਤਾਂ ਦੇ ਜਥੇਦਾਰ ਅਤੇ ਪ੍ਰਬੰਧਕ ਕਮੇਟੀ ਉਨ੍ਹਾਂ ਦੇ ਆਪਣੇ ਅਤੇ ਪਾਰਟੀ ਦੇ ਹਿੱਤਾਂ ਲਈ ਕੰਮ ਨਹੀਂ ਕਰੇਗੀ। ਇਸ ਤੋਂ ਅੱਗੇ ਪੰਜਾਬ ਨਾਲ ਹੋ ਰਹੇ ਵਿਤਕਰੇ ਦੇ ਖਿਲਾਫ ਹਿੱਕ ਡਾਟ ਕੇ ਖੜ੍ਹਨ ਦੀ ਲੋੜ ਹੈ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਪੰਜਾਬ ਅਤੇ ਸਿੱਖਾਂ ਨਾਲ ਕੇਂਦਰ ਵੱਲੋਂ ਕੀਤੇ ਜਾ ਰਹੇ ਧੱਕੇ ਦਾ ਜ਼ਿਕਰ ਵੀ ਕੀਤਾ ਹੈ। ਰਾਜਾਂ ਲਈ ਵੱਧ ਅਧਿਕਾਰਾਂ ਅਤੇ ਖੁਦ ਮੁਖਤਾਰੀ ਲਈ ਸੰਘਰਸ਼ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦਾ ਲੋਕਾਂ ਵਿੱਚ ਗੁਆਚਿਆ ਭਰੋਸਾ ਕਾਫੀ ਹੱਦ ਤੱਕ ਕਾਇਮ ਕਰਨ ਵਿੱਚ ਸਹਾਈ ਸਿੱਧ ਹੋ ਸਕਦੀ ਹੈ। ਪੰਜਾਬ ਦੇ ਲੋਕ ਹੀ ਨਹੀਂ, ਸਗੋਂ ਸ਼੍ਰੋਮਣੀ ਅਕਾਲੀ ਦਲ ਨਾਲ ਦੂਜੇ ਸੂਬਿਆਂ ਦੀਆਂ ਸਿਆਸੀ ਪਾਰਟੀਆਂ ਵੀ ਜੁੜ ਜਾਣਗੀਆਂ। ਸ਼੍ਰੋਮਣੀ ਅਕਾਲੀ ਦਲ ਆਪਣੀ ਕੌਮੀ ਪੱਧਰ `ਤੇ ਪਛਾਣ ਅਤੇ ਪੈਂਠ ਬਣਾਉਣ ਵਿੱਚ ਕਾਮਯਾਬ ਵੀ ਹੋ ਜਾਵੇਗਾ। ਇਹੋ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਸੁਪਨਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਇਹੋ ਜਿਹੇ ਪ੍ਰਣ ਨਾਲ ਪਾਰਟੀ ਦੇ ਇਤਿਹਾਸ ਵਿੱਚ ਇੱਕ ਸੁਨਹਿਰੀ ਪੰਨਾ ਸਹਿਜੇ ਹੀ ਜੋੜਿਆ ਜਾ ਸਕਦਾ ਸੀ।

Leave a Reply

Your email address will not be published. Required fields are marked *