ਪੁਰਾਣੀ ਸਾਂਝ ਦੇ ਬਾਵਜੂਦ ਫ਼ਰਾਂਸ ਵਿੱਚ ਸੰਘਰਸ਼ਸ਼ੀਲ ਹੀ ਰਹੇ ਹਨ ਪੰਜਾਬੀ

Uncategorized ਸਾਹਿਤਕ ਤੰਦਾਂ

ਪਰਵਾਸ ਲਈ ਪਰਵਾਜ਼ ਭਰਨ ਵਾਲੇ ਪੰਜਾਬੀਆਂ ਨੇ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਜਾ ਕੇ ਉਚੇਰੇ ਮੁਕਾਮ ਹਾਸਿਲ ਕੀਤੇ ਹਨ ਅਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਪੱਗ ਦਾ ਸ਼ਮਲਾ ਉੱਚਾ ਕੀਤਾ ਹੈ। ਫ਼ਰਾਂਸ ਨਾਲ ਵੀ ਪੰਜਾਬੀਆਂ ਦੀ ਸਾਂਝ ਬਹੁਤ ਪੁਰਾਣੀ ਹੈ। ਫ਼ਰਾਂਸ ਦੇ ਫ਼ੌਜੀ ਜਰਨੈਲਾਂ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਚੰਗੀ ਸਾਂਝ ਸੀ। ਕਹਿੰਦੇ ਹਨ ਕਿ ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਹੀ ਮੁਹਿੰਮਾਂ।’ ਫ਼ਰਾਂਸ ਵਿੱਚ ਵੀ ਪੰਜਾਬੀ ਸੰਘਰਸ਼ਸ਼ੀਲ ਰਹੇ ਹਨ। ਪੰਜਾਬੀਆਂ, ਖ਼ਾਸ ਕਰਕੇ ਸਿੱਖਾਂ ਦੀ ਫ਼ਰਾਂਸ ਵਿੱਚ ਆਮਦ ਵੀਹਵੀਂ ਸਦੀ ਦੇ ਆਰੰਭ ਵਿੱਚ ਹੋਈ ਸੀ। ਪੇਸ਼ ਹੈ, ਇਸ ਬਾਰੇ ਇਹ ਲੇਖ…

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ:+91-9781646008

ਫ਼ਰਾਂਸ ਨਾਲ ਪੰਜਾਬੀਆਂ ਦੀ ਸਾਂਝ ਬਹੁਤ ਪੁਰਾਣੀ ਹੈ, ਪਰ ਇੰਗਲੈਂਡ, ਅਮਰੀਕਾ, ਆਸਟਰੇਲੀਆ ਤੇ ਕੈਨੇਡਾ ਦੇ ਮੁਕਾਬਲੇ ਫ਼ਰਾਂਸ ਵਿੱਚ ਰਹਿਣ ਵਾਲੇ ਪੰਜਾਬੀਆਂ ਦੀ ਸੰਖਿਆ ਕਾਫੀ ਘੱਟ ਹੈ। ਫ਼ਰਾਂਸ ਸਰਕਾਰ ਵੱਲੋਂ ਕੁਝ ਸਾਲ ਪਹਿਲਾਂ ਸਿੱਖਾਂ ਦੇ ਦਸਤਾਰ ਬੰਨ੍ਹਣ ’ਤੇ ਲਗਾਈ ਗਈ ਪਾਬੰਦੀ ਨੇ ਫ਼ਰਾਂਸ ਦੇ ਅੰਦਰ ਤੇ ਬਾਹਰ ਰਹਿ ਰਹੇ ਸਿੱਖਾਂ ਅੰਦਰ ਰੋਹ ਜਗਾ ਦਿੱਤਾ ਸੀ ਅਤੇ ਸਮੁੱਚੀ ਦੁਨੀਆ ਦਾ ਧਿਆਨ ਇਸ ਮੁੱਦੇ ਵੱਲ ਖਿੱਚਿਆ ਸੀ।
ਮਹਾਨ ਸਿੱਖ ਸ਼ਾਸਕ ਤੇ ਸੂਰਬੀਰ ਯੋਧੇ ਮਹਾਰਾਜਾ ਰਣਜੀਤ ਸਿੰਘ ਦੇ ਸੁਚੱਜੇ ਅਤੇ ਤਾਕਤਵਰ ਰਾਜ ਭਾਗ ਦੀਆਂ ਗੱਲਾਂ ਅੱਜ ਵੀ ਦੁਨੀਆ ਭਰ ਵਿੱਚ ਹੁੰਦੀਆਂ ਹਨ। ਅੰਗਰੇਜ਼ਾਂ ਵੱਲੋਂ ਧੋਖੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਨੂੰ ਢਾਹ ਲਗਾਉਣ ਅਤੇ ਉਸਦੇ ਪਰਿਵਾਰ ਨੂੰ ਖੇਰੂੰ-ਖੇਰੂੰ ਕਰਨ ਦੀ ਗਾਥਾ ਬਹੁਤੇ ਪੰਜਾਬੀਆਂ ਨੂੰ ਪਤਾ ਹੈ, ਪਰ ਬਹੁਤ ਘੱਟ ਪੰਜਾਬੀ ਜਾਣਦੇ ਹਨ ਕਿ ਫ਼ਰਾਂਸ ਦੇ ਫ਼ੌਜੀ ਜਰਨੈਲਾਂ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਚੰਗੀ ਸਾਂਝ ਸੀ। ਜ਼ਿਕਰਯੋਗ ਹੈ ਕਿ ਫ਼ਰਾਂਸ ਦੇ ਜਨਰਲ ਜੀਨ ਫ੍ਰੈਂਕੋਇਸ ਅਲਾਰਡ ਨੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਸਿੱਖ ਫ਼ੌਜਾਂ ਦੀ ਕਮਾਨ ਸੰਭਾਲੀ ਸੀ। ਉਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦਾ ਪਹਿਲਾ ਵਿਦੇਸ਼ੀ ਜਰਨੈਲ ਹੋਣ ਦਾ ਸ਼ਰਫ਼ ਵੀ ਰੱਖਦਾ ਸੀ ਤੇ ਮਹਾਰਾਜਾ ਨਾਲ ਉਸਦੀ ਵੱਡੀ ਸਾਂਝ ਦਾ ਸਬੂਤ ਫ਼ਰਾਂਸ ਦੇ ਸੇਂਟ ਟ੍ਰੋਪੇਜ਼ ਨਾਮਕ ਸ਼ਹਿਰ ਦੇ ਪਾਰਕ ਵਿੱਚ ਸਥਾਪਿਤ ਮਹਾਰਾਜਾ ਰਣਜੀਤ ਸਿੰਘ ਅਤੇ ਜਨਰਲ ਅਲਾਰਡ ਦਾ ਬੁੱਤ ਹੈ, ਜੋ ਸੰਨ 2016 ਵਿੱਚ ਪੰਜਾਬ ਸਰਕਾਰ ਵੱਲੋਂ ਭੇਟ ਕੀਤਾ ਗਿਆ ਸੀ। ਚੇਤੇ ਰਹੇ, ਜਨਰਲ ਅਲਾਰਡ ਨੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ‘ਫ਼ੌਜ-ਏ-ਖ਼ਾਸ’ ਨਾਂ ਦੀ ਇੱਕ ਸੁਚੱਜੇ ਢਾਂਚੇ ਵਾਲੀ ਬ੍ਰਿਗੇਡ ਤਿਆਰ ਕੀਤੀ ਸੀ, ਜਿਸਨੇ ਪਹਿਲੀ ਐਂਗਲੋ-ਸਿੱਖ ਜੰਗ ਵਿੱਚ ਸਿੱਖਾਂ ਦੇ ਜੇਤੂ ਰਹਿਣ ਵਿੱਚ ਵੱਡਾ ਯੋਗਦਾਨ ਪਾਇਆ ਸੀ। ਦਿਲਚਸਪ ਤੱਥ ਹੈ ਕਿ ਜਨਰਲ ਅਲਾਰਡ ਨੇ ਇਹ ਬ੍ਰਿਗੇਡ ਨੇਪੋਲੀਅਨ ਦੀ ਫੌਜ ਤੋਂ ਪ੍ਰੇਰਨਾ ਲੈ ਕੇ ਤਿਆਰ ਕੀਤੀ ਸੀ।
ਵੀਹਵੀਂ ਸਦੀ ਦੇ ਆਰੰਭ ਵਿੱਚ ਪੰਜਾਬੀਆਂ ਤੇ ਖ਼ਾਸ ਕਰਕੇ ਸਿੱਖਾਂ ਦੀ ਆਮਦ ਫ਼ਰਾਂਸ ਵਿੱਚ ਹੋਈ ਸੀ। ਉਸ ਵੇਲੇ ਫ਼ਰਾਂਸ ਦੀਆਂ ਦੱਖਣ-ਪੂਰਬੀ ਏਸ਼ੀਆ ਵਿੱਚ ਕਈ ਬਸਤੀਆਂ ਸਨ। ਬਹੁਤੇ ਪੰਜਾਬੀਆਂ ਨੇ ਉਸ ਵੇਲੇ ਵੀਅਤਨਾਮ, ਲਾਓਸ ਅਤੇ ਕੰਬੋਡੀਆ ਜਿਹੀਆਂ ਫ਼ਰਾਂਸੀਸੀ ਬਸਤੀਆਂ ਵਿੱਚ ਜਾ ਕੇ ਬਤੌਰ ਸੈਨਿਕ ਜਾਂ ਮਜ਼ਦੂਰ ਸੇਵਾ ਨਿਭਾਈ ਸੀ। ਪਹਿਲੇ ਵਿਸ਼ਵ ਯੁੱਧ ਵਿੱਚ ਫ਼ਰਾਂਸੀਸੀ ਫ਼ੌਜ ਵੱਲੋਂ ਲੜ੍ਹਨ ਵਾਲੇ ਅਨੇਕਾਂ ਸਿੱਖ ਸੈਨਿਕਾਂ ਨੇ ਵਾਪਿਸ ਭਾਰਤ ਪਰਤਣ ਦੀ ਥਾਂ ਫਰਾਂਸ ਵਿੱਚ ਹੀ ਵੱਸ ਜਾਣ ਦੀ ਚੋਣ ਕੀਤੀ ਸੀ। ਇਹ ਪੰਜਾਬੀ ਸਿੱਖ ਪੈਰਿਸ ਅਤੇ ਇੱਕ ਜਾਂ ਦੋ ਹੋਰ ਸ਼ਹਿਰਾਂ ਦੇ ਨੇੜੇ-ਤੇੜੇ ਵੱਸ ਗਏ ਸਨ। ਇਨ੍ਹਾਂ ਸਿੱਖ ਪੰਜਾਬੀਆਂ ਨੂੰ ਇੱਥੇ ਭਾਸ਼ਾਈ ਅਤੇ ਸੱਭਿਆਚਾਰਕ ਭਿੰਨਤਾ ਦੇ ਪੱਖ ਤੋਂ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ, ਪਰ ਇਰਾਦੇ ਦੇ ਪੱਕੇ ਪੰਜਾਬੀਆਂ ਨੇ ਇਥੇ ਗੁਰੂਘਰਾਂ ਦੀ ਸਥਾਪਨਾ ਕਰਕੇ ਹੌਲ੍ਹੀ-ਹੌਲ੍ਹੀ ਫ਼ਰਾਂਸ ਦੇ ਲੋਕਾਂ ਅਤੇ ਸੱਭਿਆਚਾਰ ਵਿੱਚ ਆਪਣੀ ਥਾਂ ਆਖ਼ਿਰ ਬਣਾ ਹੀ ਲਈ ਤੇ ਵੀਹਵੀਂ ਸਦੀ ਤੇ ਮੱਧ ਵਿੱਚ ਹੋਈ ਭਾਰਤ-ਪਾਕਿਸਤਾਨ ਵੰਡ ਪਿੱਛੋਂ ਪੰਜਾਬੀ ਲੋਕ ਕਈ ਮੁਲਕਾਂ ਵੱਲ ਚਲੇ ਗਏ ਸਨ, ਜਿਨ੍ਹਾਂ ਵਿੱਚ ਫ਼ਰਾਂਸ ਵੀ ਸ਼ਾਮਿਲ ਸੀ।
ਵੀਹਵੀਂ ਸਦੀ ਦੇ ਛੇਵੇਂ ਤੇ ਸਤਵੇਂ ਦਹਾਕੇ ਵਿੱਚ ਫ਼ਰਾਂਸ ਅੰਦਰ ਮਿਲਣ ਵਾਲੇ ਕਈ ਆਰਥਿਕ ਮੌਕਿਆਂ ਦੇ ਚਲਦਿਆਂ ਅਨੇਕਾਂ ਪੰਜਾਬੀਆਂ ਨੇ ਪੰਜਾਬ ਛੱਡ ਕੇ ਫਰਾਂਸ ਦਾ ਰੁਖ਼ ਕਰ ਲਿਆ ਸੀ। ਇਹ ਪੰਜਾਬੀ ਲੋਕ ਪਹਿਲਾਂ ਜਰਮਨੀ ਤੇ ਬੈਲਜੀਅਮ ਪੁੱਜੇ ਸਨ ਤੇ ਫਿਰ ਫ਼ਰਾਂਸ ਵੱਲ ਨੂੰ ਹੋਏ ਸਨ। ਸਾਲ 2004 ਦੇ ਅੰਕੜਿਆਂ ਅਨੁਸਾਰ ਫਰਾਂਸ ਵਿੱਚ ਉਸ ਵੇਲੇ ਪੰਜਾਬੀਆਂ ਤੇ ਖ਼ਾਸ ਕਰਕੇ ਸਿੱਖਾਂ ਦੀ ਸੰਖਿਆ ਅੱਠ ਹਜ਼ਾਰ ਦੇ ਕਰੀਬ ਸੀ, ਜਿਨ੍ਹਾਂ ਵਿੱਚੋਂ ਪੰਜ ਹਜ਼ਾਰ ਸਿੱਖ ਤਾਂ ਸਿਰਫ ਪੈਰਿਸ ’ਚ ਹੀ ਰਹਿੰਦੇ ਸਨ, ਪਰ ਸਾਲ 2012 ਦੀ ਜਨਗਣਨਾ ਅਨੁਸਾਰ ਫ਼ਰਾਂਸ ਵਿੱਚ ਪੰਜਾਬੀ ਸਿੱਖਾਂ ਦੀ ਸੰਖਿਆ 30,000 ਤੋਂ ਵੱਧ ਸੀ।
ਫ਼ਰਾਂਸ ਵਿਖੇ ਪੰਜਾਬੀਆਂ ਨੇ ਅਨੇਕਾਂ ਗੁਰਦੁਆਰਾ ਸਾਹਿਬਾਨ ਦੀ ਸਥਾਪਨਾ ਕੀਤੀ ਹੋਈ ਹੈ, ਜਿਨ੍ਹਾਂ ਵਿੱਚ ਗੁਰਦੁਆਰਾ ਸਿੰਘ ਸਭਾ ਬੌਬਿਗਨੀ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪੈਰਿਸ, ਗੁਰਦੁਆਰਾ ਗੁਰੂ ਤੇਗ ਬਹਾਦਰ ਬੌਂਡੀ, ਗੁਰਦੁਆਰਾ ਸਾਹਿਬ ਬੌਰਗੇਟ, ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਲਾ ਕਾਰਨੇਵ ਆਦਿ ਦੇ ਨਾਂ ਪ੍ਰਮੁੱਖ ਹਨ। ਇਨ੍ਹਾਂ ਤੋਂ ਇਲਾਵਾ ਪੰਜਾਬੀਆਂ ਨੇ ਇੱਥੇ ਕਈ ਤਰ੍ਹਾਂ ਦੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਤੇ ਸੰਗਠਨਾਂ ਦੀ ਸਥਾਪਨਾ ਕੀਤੀ ਹੋਈ ਹੈ, ਜਿਨ੍ਹਾਂ ਵਿੱਚ ਸਿੱਖ ਕੌਂਸਲ, ਚੜ੍ਹਦੀ ਕਲਾ ਸੇਵਕ ਜਥਾ, ਨੌਜਵਾਨ ਸਿੱਖ ਸਭਾ, ਇਟਰਨੈਸ਼ਨਲ ਸਿੱਖ ਚੈਰਿਟੀ, ਇੰਟਰਨੈਸ਼ਨਲ ਸਿੱਖ ਕੌਂਸਲ, ਸਿੰਘ ਸਭਾ ਪੈਰਿਸ ਅਤੇ ਸਿੱਖਸ ਡੀ ਫ਼ਰਾਂਸ ਆਦਿ ਦੇ ਨਾਂ ਪ੍ਰਮੁੱਖ ਹਨ। ਪੰਜਾਬੀਆਂ ਦੀ ਬਹੁਤੀ ਆਬਾਦੀ ਪੈਰਿਸ, ਬੌਬਿਗਨੀ ਅਤੇ ਸੇਂਟ ਡੈਨਿਸ ਆਦਿ ਇਲਾਕਿਆਂ ਵਿੱਚ ਵੱਸਦੀ ਹੈ।
ਫ਼ਰਾਂਸ ਸਰਕਾਰ ਨੇ ਸੰਨ 2004 ਵਿੱਚ ਸਿੱਖਾਂ ਦੇ ਦਸਤਾਰ ਸਜਾਉਣ ’ਤੇ ਪਾਬੰਦੀ ਲਗਾ ਦਿੱਤੀ ਸੀ, ਜਿਸਦਾ ਭਾਰੀ ਵਿਰੋਧ ਦੁਨੀਆ ਭਰ ਦੇ ਸਿੱਖਾਂ ਨੇ ਕੀਤਾ ਸੀ। ਪੈਰਿਸ ਦੇ ਸਕੂਲਾਂ ਵਿੱਚੋਂ ਸਿੱਖ ਬੱਚਿਆਂ ਨੂੰ ਪੱਗ ਬੰਨ੍ਹੀ ਹੋਣ ਕਰ ਕੇ ਕੱਢ ਦਿੱਤਾ ਗਿਆ ਸੀ। ਸਿੱਖ ਸੰਗਠਨਾਂ ਨੇ ਇਸ ਪਾਬੰਦੀ ਨੂੰ ਵਾਪਿਸ ਲੈਣ ਲਈ ਫ਼ਰਾਂਸ ਸਰਕਾਰ ਖ਼ਿਲਾਫ਼ ਅਦਾਲਤ ਵਿੱਚ ਵੱਖ-ਵੱਖ ਪਟੀਸ਼ਨਾਂ ਵੀ ਦਾਇਰ ਕੀਤੀਆਂ ਸਨ ਤੇ ਸਰਕਾਰ ਤੇ ਅਦਾਲਤ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਦਸਤਾਰ ਸਿੱਖਾਂ ਦਾ ਪਛਾਣ ਚਿੰਨ੍ਹ ਹੈ ਅਤੇ ਇਸ ਦਾ ਸਿੱਖੀ ਜੀਵਨ ਵਿੱਚ ਇੱਕ ਮਾਣਮੱਤਾ ਇਤਿਹਾਸ ਤੇ ਵਿਸ਼ੇਸ਼ ਮਹੱਤਵ ਹੈ। ਇਹ ਵੀ ਦੱਸਿਆ ਗਿਆ ਸੀ ਕਿ ਪੱਗ/ਪਗੜੀ ਸਿਰਫ ਪੰਜਾਬੀਆਂ ਲਈ ਹੀ ਨਹੀਂ, ਸਗੋਂ ਭਾਰਤ ਅੰਦਰ ਵੱਸਦੇ ਵੱਖ-ਵੱਖ ਧਰਮਾਂ, ਜਾਤਾਂ ਤੇ ਨਸਲਾਂ ਦੇ ਲੋਕਾਂ ਲਈ ਇੱਜ਼ਤ ਅਤੇ ਸਨਮਾਨ ਦਾ ਪ੍ਰਤੀਕ ਹੈ। ਇੱਥੇ ਜ਼ਿਕਰਯੋਗ ਹੈ ਕਿ ਫ਼ਰਾਂਸ ਵਿੱਚ ਹੀ ਬੌਬਗਿਨੀ ਨਿਵਾਸੀ ਸਰਦਾਰ ਰਣਜੀਤ ਸਿੰਘ ਗੋਰਾਇਆ ਨੂੰ ਬੌਬਗਿਨੀ ਦੇ ਪਹਿਲੇ ਸਿੱਖ ਡਿਪਟੀ ਮੇਅਰ ਹੋਣ ਦਾ ਸਰਫ਼ ਹਾਸਿਲ ਹੋਇਆ ਸੀ। ਉਹ ਕੇਵਲ ਬੌਬਗਿਨੀ ਹੀ ਨਹੀਂ, ਸਗੋਂ ਸਮੁੱਚੇ ਫ਼ਰਾਂਸ ਵਿੱਚ ਡਿਪਟੀ ਮੇਅਰ ਚੁਣੇ ਜਾਣ ਵਾਲੇ ਪਹਿਲੇ ਸਿੱਖ ਸਨ।
_____________________________
‘ਬ੍ਰਾਈਟ ਸਟਾਰ ਆਫ਼ ਪੰਜਾਬ’: ਜੀਨ ਫ੍ਰੈਂਕੋਇਸ ਐਲਾਰਡ
ਸੇਂਟ ਟ੍ਰੋਪਜ਼ ਦੇ ਮੂਲ ਨਿਵਾਸੀ ਜੀਨ ਫ੍ਰੈਂਕੋਇਸ ਐਲਾਰਡ ਦਾ ਜਨਮ 1785 ਵਿੱਚ ਹੋਇਆ ਸੀ। ਫੌਜੀ ਜੀਵਨ ਵਿੱਚ ਸਿਖਲਾਈ ਪ੍ਰਾਪਤ ਐਲਾਰਡ ਨੇ ਨੈਪੋਲੀਅਨ ਦੀ ਫੌਜ ਵਿੱਚ ਸਿਪਾਹੀ ਵਜੋਂ ਸੇਵਾ ਕੀਤੀ। ਆਪਣੇ ਅਫਸਰ ਮਾਰਸ਼ਲ ਬਰੂਨ ਦੀ ਮੌਤ ਤੋਂ ਬਾਅਦ ਉਹ ਅਮਰੀਕਾ ਜਾਣ ਦੇ ਵਿਚਾਰ ਨਾਲ ਲੈਗ-ਹੌਰਨ ਚਲਾ ਗਿਆ, ਪਰ ਇੱਕ ਇਤਾਲਵੀ ਅਫਸਰ ਨੇ ਉਸਨੂੰ ਆਪਣੇ ਨਾਲ ਮਿਸਰ ਜਾਣ ਲਈ ਮਨਾ ਲਿਆ। ਜੌਨ ਗੋਰਟਨ ਦੁਆਰਾ ‘ਏ ਜਨਰਲ ਬਾਇਓਗ੍ਰਾਫੀਕਲ ਡਿਕਸ਼ਨਰੀ’ (ਭਾਗ-4) ਅਨੁਸਾਰ ਐਲਾਰਡ ਮਿਸਰ ਵਿੱਚ ਚੰਗੀ ਕਿਸਮਤ ਨਾ ਮਿਲਣ ਤੋਂ ਬਾਅਦ ਪਰਸ਼ੀਆ ਲਈ ਰਵਾਨਾ ਹੋਇਆ ਅਤੇ ਅੱਬਾਸ ਮਿਰਜ਼ਾ ਨੂੰ ਮਿਲਣ ਗਿਆ। ਫਿਰ ਉਹ ਕਾਬੁਲ ਲਈ ਰਵਾਨਾ ਹੋਇਆ, ਜਿੱਥੇ ਉਸ ਦਾ ਸਨਮਾਨ ਕੀਤਾ ਗਿਆ ਸੀ। ਇੱਥੇ ਹੀ ਉਸਨੇ ਲਾਹੌਰ ਵਿੱਚ ਇੱਕ ਦਲੇਰ ਸਰਦਾਰ (ਮਹਾਰਾਜਾ ਰਣਜੀਤ ਸਿੰਘ) ਬਾਰੇ ਸੁਣਿਆ, ਜੋ ਇੱਕ ਰਾਜ ਦੀ ਸਥਾਪਨਾ ਵਿੱਚ ਵਿਅਸਤ ਸੀ।
ਮਹਾਰਾਜਾ ਰਣਜੀਤ ਸਿੰਘ ਦਾ ਜੀਨ ਫ੍ਰੈਂਕੋਇਸ ਐਲਾਰਡ ਨਾਲ ਸਬੰਧ 1822 ਦਾ ਹੈ, ਜਦੋਂ ਉਹ ਸਿੱਖ ਬਾਦਸ਼ਾਹ ਦੀਆਂ ਸੇਵਾਵਾਂ ਵਿਚ ਦਾਖਲ ਹੋਇਆ ਸੀ। ਐਲਾਰਡ ਨੂੰ ਆਪਣੇ ਸਾਥੀ ਜਨਰਲ ਵੈਨਟੂਰਾ (ਇਟਾਲੀਅਨ) ਦੇ ਨਾਲ ਫੌਜ-ਏ-ਖਾਸ ਨੂੰ ਵਧਾਉਣ ਦੇ ਕੰਮ ਨਾਲ ਨਿਯੁਕਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਜਨਰਲ ਦਾ ਦਰਜਾ ਦਿੱਤਾ ਗਿਆ ਸੀ।
ਗੋਰਟਨ ਦੀ ਕਿਤਾਬ ਦੇ ਅਨੁਸਾਰ ਜਨਰਲ ਐਲਾਰਡ ਨੂੰ ਪਹਿਲਾਂ ਕੁਝ ਆਦਮੀਆਂ ਨੂੰ ਅਨੁਸ਼ਾਸਨ ਦੇਣ ਲਈ ਸੈੱਟ ਕੀਤਾ ਗਿਆ ਸੀ, ਜਿਨ੍ਹਾਂ ਨੂੰ ਦੂਜਿਆਂ ਲਈ ਇੰਸਟ੍ਰਕਟਰ ਬਣਾਇਆ ਜਾਣਾ ਸੀ। ਇਸ ਤੋਂ ਬਾਅਦ ਉਸਨੇ ਇੱਕ ਰੈਜੀਮੈਂਟ, ਫਿਰ ਇੱਕ ਬ੍ਰਿਗੇਡ ਅਤੇ ਬਾਅਦ ਵਿੱਚ ਇੱਕ ਡਵੀਜ਼ਨ ਦਾ ਆਯੋਜਨ ਕੀਤਾ। ਫੌਜ ਦੇ ਗਠਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨਾਲ ਸੱਤਾ ਨੂੰ ਲੈ ਕੇ ਵਿਵਾਦ ਕਰਨ ਵਾਲੇ ਵਿਰੋਧੀ ਸਰਦਾਰਾਂ `ਤੇ ਲਗਾਤਾਰ ਹਮਲਾ ਕੀਤਾ ਗਿਆ। ਜਨਰਲ ਐਲਾਰਡ ਦੇ ਯੋਗਦਾਨ ਤੋਂ ਪ੍ਰਭਾਵਿਤ ਹੋ ਕੇ ਸਿੱਖ ਬਾਦਸ਼ਾਹ ਨੇ ਉਸ ਨੂੰ ਸਨਮਾਨਾਂ ਨਾਲ ਲੱਦ ਦਿੱਤਾ। ਕੈਰੀ ਬ੍ਰਾਊਨ ਦੀ ਕਿਤਾਬ ‘ਸਿੱਖ ਆਰਟ ਐਂਡ ਲਿਟਰੇਚਰ’ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਨੇ ਜਨਰਲ ਐਲਾਰਡ ਨੂੰ ‘ਬ੍ਰਾਈਟ ਸਟਾਰ ਆਫ਼ ਪੰਜਾਬ’ ਨਾਲ ਸਨਮਾਨਿਤ ਕੀਤਾ, ਜਿਸ ਨੂੰ ਉਸਨੇ ਬੜੇ ਮਾਣ ਨਾਲ ਆਪਣੇ ‘ਲੀਜਨ ਆਫ਼ ਆਨਰ’ ਤੋਂ ਉੱਪਰ ਪਹਿਨਿਆ ਸੀ, ਜੋ ਉਸਨੂੰ ਨੈਪੋਲੀਅਨ ਬੋਨਾਪਾਰਟ ਦੁਆਰਾ ਸਨਮਾਨਿਤ ਕੀਤਾ ਗਿਆ ਸੀ।
ਜਨਰਲ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਲਈ 1836 ਵਿਚ ਫਰਾਂਸ ਲਈ ਰਵਾਨਾ ਹੋਇਆ, ਪਰ ਰਣਜੀਤ ਸਿੰਘ ਨਾਲ ਕੀਤੇ ਵਾਅਦੇ ਨੂੰ ਮੰਨਦਿਆਂ ਭਾਰਤ ਵਾਪਸ ਆ ਗਿਆ। ਉਹ 1839 ਵਿੱਚ ਟਾਈ ਲੈਟਰ ਦੀ ਮੌਤ ਤੱਕ ਸਿੱਖ ਬਾਦਸ਼ਾਹ ਦੀ ਸੇਵਾ ਕਰਦਾ ਰਿਹਾ। ਜਨਰਲ ਐਲਾਰਡ ਦੀ 1840 ਵਿੱਚ ਸੰਖੇਪ ਬਿਮਾਰੀ ਤੋਂ ਬਾਅਦ ਮੌਤ ਹੋ ਗਈ।

Leave a Reply

Your email address will not be published. Required fields are marked *