ਪੰਜਾਬੀ ਪਰਵਾਜ਼ ਬਿਊਰੋ
ਪਰਦੇਸਾਂ ਵਿੱਚ ਜਾ ਕੇ ਪੜ੍ਹਾਈ ਕਰਨ ਅਤੇ ਫਿਰ ਉੱਥੇ ਸੈਟਲ ਹੋਣ ਦੇ ਲਈ ਤਾਂਘਦੇ ਪੰਜਾਬੀ ਵਿਦਿਆਰਥੀਆਂ ਲਈ ਸੰਕਟ ਆਉਣ ਵਾਲੇ ਸਮੇਂ ਵਿੱਚ ਵਧਣ ਵਾਲੇ ਹਨ; ਜਾਂ ਇਉਂ ਕਹਿ ਲਓ ਕਿ ਹਰ ਆਏ ਦਿਨ ਵਧ ਹੀ ਰਹੇ ਹਨ। ਪਿਛਲੇ ਕੁਝ ਸਮੇਂ ਵਿਚ, ਖਾਸ ਕਰਕੇ ਯੂਕਰੇਨ ਅਤੇ ਰੂਸ ਵਿਚਕਾਰ ਜੰਗ ਲੱਗਣ ਤੋਂ ਬਾਅਦ, ਪਹਿਲਾਂ ਤੋਂ ਚੱਲ ਰਿਹਾ ਆਰਥਕ ਸੰਕਟ ਵਧ ਗਿਆ ਹੈ।
ਹੁਣ ਇਜ਼ਰਾਇਲ ਵੱਲੋਂ ਫਲਿਸਤੀਨ ‘ਤੇ ਕੀਤੇ ਗਏ ਹਮਲੇ ਨਾਲ ਇਹ ਅਮੋੜ ਹੋ ਗਿਆ ਲਗਦਾ ਹੈ। ਪਿਛਲੀ ਸਦੀ ਵਿੱਚ ਆਰਥਿਕ ਤੌਰ ‘ਤੇ ਅੰਤਰ ਨਿਰਭਰ ਹੋ ਗਈ ਦੁਨੀਆਂ ਹੁਣ ਇੱਕ ਜਾਨ ਹੋਣ ਵੱਲ ਵਧ ਰਹੀ ਹੈ। ਇਸ ਹਾਲਤ ਵਿੱਚ ਦੁਨੀਆਂ ਦੇ ਕਿਸੇ ਹਿੱਸੇ ਵਿੱਚ ਜੇ ਪੰਛੀ ਵੀ ਪਰ ਮਾਰਦਾ ਹੈ ਤਾਂ ਇਸ ਦੀ ਆਵਾਜ਼ ਧਰਤੀ ਦੇ ਦੂਜੇ ਪਾਸੇ ਸੁਣਾਈ ਦਿੰਦੀ ਹੈ। ਜੰਗ ਦੇ ਅਸਰਾਂ ਨੇ ਤਾਂ ਪ੍ਰਭਾਵਤ ਕਰਨਾ ਹੀ ਹੋਇਆ।
ਧਰਤੀ ਦੇ ਦੋਵੇਂ ਪਾਸੇ ਲੱਗੀਆਂ ਦੋ ਭਿਆਨਕ ਜੰਗਾਂ ਨੇ ਇੱਕ ਪਾਸੇ ਤਾਂ ਮਨੁੱਖ ਦੇ ਅਖੌਤੀ ਸਭਿਅਕ ਹੋਣ ਦਾ ਜਨਾਜ਼ਾ ਕੱਢ ਦਿੱਤਾ ਹੈ, ਦੂਜੇ ਪਾਸੇ ਇਹ ਵੀ ਦਰਸਾ ਦਿੱਤਾ ਹੈ ਕਿ ਜੰਗਾਂ ਕਾਰਨ ਸਿੱਧੇ ਤੌਰ ‘ਤੇ ਪ੍ਰਭਾਵਤ ਹੋ ਰਹੇ ਲੋਕਾਂ ਤੋਂ ਸਿਵਾਏ ਇਸ ਮਨੁੱਖੀ ਤ੍ਰਾਸਦੀ ਵੱਲੋਂ ਅਸਿਧੇ ਤੌਰ ‘ਤੇ ਕਰੋੜਾਂ ਲੋਕਾਂ ਨੂੰ ਪ੍ਰਭਾਵਤ ਕੀਤਾ ਜਾ ਰਿਹਾ ਹੈ। ਇਨ੍ਹਾਂ ਜੰਗਾਂ ਨਾਲ 2008 ਵਿੱਚ ਸ਼ੁਰੂ ਹੋਇਆ ਆਰਥਕ ਸੰਕਟ (ਰਿਸੈਸ਼ਨ) ਅਮੋੜ ਹੋ ਗਿਆ ਲਗਦਾ ਹੈ। ਇਸੇ ਕਾਰਨ ਸਿੱਕੇ ਦੇ ਫੈਲਾਅ, ਮਹਿੰਗਾਈ, ਬੇਰੁਜ਼ਗਾਰੀ, ਕਾਰੋਬਾਰੀ ਸਪਲਾਈ ਚੇਨਾਂ ਦਾ ਠੱਪ ਹੋਣਾ ਅਤੇ ਕਾਰੋਬਾਰਾਂ ਦਾ ਠੱਪ ਹੋ ਜਾਣਾ ਦੁਨੀਆਂ ਦੇ ਹਰ ਮੁਲਕ ਨੂੰ ਪ੍ਰਭਾਵਤ ਕਰ ਰਿਹਾ ਹੈ। ਇਸ ਤੋਂ ਪਹਿਲਾਂ ਕੋਵਿਡ ਨੇ ਸਾਰੀ ਦੁਨੀਆਂ ਦੀ ਤੋਰ ਇੱਕ ਤਰ੍ਹਾਂ ਨਾਲ ਖੜ੍ਹੀ ਕਰ ਦਿੱਤੀ ਸੀ।
ਪੰਜਾਬ ਵਿੱਚੋਂ ਪਰਦੇਸਾਂ ਵਿੱਚ ਪੜ੍ਹਨ ਜਾਂਦੇ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਇਸ ਦੌਰ ਨੇ ਬੜੀ ਗਹਿਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ। ਕੈਨੇਡਾ ਨੇ ਹਾਲ ਹੀ ਵਿੱਚ ਪੰਜਾਬ/ਭਾਰਤ ਤੋਂ ਪੜ੍ਹਨ ਜਾਂਦੇ ਵਿਦਿਆਰਥੀਆਂ ਦੀ ਖਰਚੇ ਪੱਤੇ ਵਾਲੀ ਰਕਮ ਦੁੱਗਣੀ ਕਰ ਦਿੱਤੀ ਹੈ। ਇਸ ਤੋਂ ਇਲਾਵਾ ਜਾਣਕਾਰਾਂ ਤੋਂ ਇਹ ਵੀ ਪਤਾ ਲੱਗ ਰਿਹਾ ਕਿ ਕੈਨੇਡਾ ਆਉਣ ਵਾਲੇ ਸਮੇਂ ਵਿੱਚ ਆਪਣੀ ਪੜ੍ਹਾਈ ਨੂੰ ਪੂਰੀ ਨਾ ਕਰਨ ਵਾਲੇ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਰਾਹ ਪੈਣ ਵਾਲਾ ਹੈ। ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਵਿੱਚੋਂ ਵੀ ਥੋੜ੍ਹੇ ਹੀ ਕੈਨੇਡਾ ਦੀ ਇਮੀਗਰੇਸ਼ਨ ਲੈ ਸਕਣਗੇ, ਬਾਕੀਆਂ ਨੂੰ ਆਪਣੀ ਪੜ੍ਹਾਈ ਪੂਰੀ ਕਰਕੇ ਵਾਪਸ ਪਰਤਣਾ ਪਵੇਗਾ। ਇੰਗਲੈਂਡ ਵੱਲੋਂ ਇਸ ਕਿਸਮ ਦੇ ਪ੍ਰਬੰਧ ਪਹਿਲਾਂ ਹੀ ਕੀਤੇ ਹੋਏ ਹਨ। ਉਧਰ ਪੀ.ਆਰ. ਦੇਣ ਪੱਖੋਂ ਆਸਟਰੇਲੀਆ ਪਰਦੇਸੀ ਵਿਦਿਆਰਥੀਆਂ ਦੀਆਂ ਲਕੀਰਾਂ ਕਢਾ ਦਿੰਦਾ ਹੈ। ਕੁੱਲ ਮਿਲਾ ਕੇ ਦ੍ਰਿਸ਼ ਧੁੰਦਲਾ ਹੁੰਦਾ ਵਿਖਾਈ ਦੇ ਰਿਹਾ ਹੈ।
ਇਸ ਸਾਰੇ ਸੰਕਟ ਦੇ ਪ੍ਰਭਾਵਾਂ ਦੀ ਤਾਜ਼ਾ ਉਦਾਹਰਣ ਇਹ ਹੈ ਕਿ ਮਾਡਲ ਟਾਊਨ ਜਲੰਧਰ ਤੋਂ ਬਰਤਾਨੀਆ ਪੜ੍ਹਨ ਲਈ ਗਏ ਇੱਕ ਵਿਦਿਆਰਥੀ ਦੀ ਸਮੁੰਦਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਸ਼ਹਿਰ ਦੇ ਪੌਸ਼ ਏਰੀਏ ਦਾ ਰਹਿਣ ਵਾਲਾ ਗੁਰਸ਼ਮਨ ਸਿੰਘ ਨਾਂ ਦਾ ਇਹ ਨੌਜੁਆਨ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਸੀ। ਗੁਰਸ਼ਮਨ ਸਿੰਘ ਦੇ ਪਿਤਾ ਹਰਪ੍ਰੀਤ ਸਿੰਘ ਅਨੁਸਾਰ 15 ਦਸੰਬਰ ਨੂੰ ਉਨ੍ਹਾਂ ਦੇ ਲੜਕੇ ਦਾ ਜਨਮ ਦਿਨ ਸੀ ਅਤੇ ਉਹ ਆਪਣੇ ਦੋਸਤਾਂ ਨਾਲ ਪਾਰਟੀ ‘ਤੇ ਗਿਆ ਹੋਇਆ ਸੀ। ਇਸ ਦੌਰਾਨ ਉਸ ਨੇ ਘਰ ਫੋਨ ਵੀ ਕੀਤਾ ਸੀ। ਜਨਮ ਦਿਨ ਵਾਲੇ ਦਿਨ ਹਰਪ੍ਰੀਤ ਸਿੰਘ ਨੇ ਦੋ ਵਾਰ ਫੋਨ ਕਰਕੇ ਲੜਕੇ ਨੂੰ ਪੁੱਛਿਆ ਵੀ ਸੀ ਕਿ ਉਹ ਕਿੱਥੇ ਹੈ? ਤਾਂ ਉਸ ਨੇ ਕਿਹਾ ਸੀ ਕਿ ਉਹ ਘਰ ਜਾ ਰਿਹਾ ਹੈ। ਪਰ ਉਸ ਵੇਲੇ ਉਹ ਕਿੱਥੇ ਸੀ ਇਸ ਦਾ ਉਸ ਨੂੰ ਪਤਾ ਨਹੀਂ ਸੀ। ਪਰਿਵਾਰ ਨੂੰ ਸ਼ੱਕ ਹੈ ਕਿ ਗੁਰਸ਼ਮਨ ਸਿੰਘ ਦੀ ਹੱਤਿਆ ਕੀਤੀ ਗਈ ਹੈ। ਉਨ੍ਹਾਂ ਦਾ ਆਖਣਾ ਹੈ ਕਿ ਗੁਰਸ਼ਮਨ ਸਿੰਘ ਨੂੰ ਕਿਸੇ ਨੇ ਸਮੁੰਦਰ ਵਿੱਚ ਧੱਕਾ ਦਿੱਤਾ ਹੋਏਗਾ। ਪਰਿਵਾਰ ਨੇ ਲੜਕੇ ਦੀ ਮੌਤ ਦੀ ਬਰਤਾਨਵੀ ਸਰਕਾਰ ਕੋਲੋਂ ਜਾਂਚ ਦੀ ਮੰਗ ਕੀਤੀ ਹੈ।
ਯਾਦ ਰਹੇ, ਕੁਝ ਸਮਾਂ ਪਹਿਲਾਂ ਜਲੰਧਰ ਦੇ ਲਾਗੇ ਵੱਸਦੇ ਪਿੰਡ ਨੌਲੀ ਦੇ ਨੌਜਵਾਨ ਦੀ ਕੈਨੇਡਾ ਜਾਣ ਤੋਂ ਤੀਜੇ-ਚੌਥੇ ਦਿਨ ਬਾਅਦ ਮੌਤ ਹੋ ਗਈ ਸੀ। ਇਸ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਗਿਆ ਸੀ। ਭਾਰਤ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਜਾਰੀ ਕੀਤੇ ਗਏ ਇੱਕ ਅੰਕੜੇ ਅਨੁਸਾਰ 2018 ਤੋਂ ਬਾਅਦ ਵੱਖ-ਵੱਖ ਮੁਲਕਾਂ ਵਿੱਚ ਗਏ 403 ਪਰਵਾਸੀ ਵਿਦਿਆਰਥੀਆਂ ਦੀਆਂ ਮੌਤਾਂ ਹੋਈਆਂ ਹਨ। ਇਨ੍ਹਾਂ ਵਿੱਚੋਂ ਥੋੜ੍ਹੀਆਂ ਜਿਹੀਆਂ ਮੌਤਾਂ ਦੇ ਕਾਰਨ ਹੀ ਕੁਦਰਤੀ ਹਨ, ਬਾਕੀ ਹਾਦਸੇ, ਬਿਮਾਰ, ਖੁਦਕਸ਼ੀ ਜਾਂ ਹੋਰ ਕਿਸੇ ਗੈਰ-ਕੁਦਰਤੀ ਕਾਰਨ ਕਰਕੇ ਮਾਰੇ ਗਏ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਯਾਨਿ 91 ਮੌਤਾਂ ਕੈਨੇਡਾ ਵਿੱਚ ਹੋਈਆਂ ਹਨ। ਇਸ ਤੋਂ ਇਲਾਵਾ ਇੰਗਲੈਂਡ ਵਿੱਚ 48, ਰੂਸ ਵਿੱਚ 40, ਅਮਰੀਕਾ ਵਿੱਚ 36, ਆਸਟਰੇਲੀਆ ਵਿੱਚ 35, ਯੂਕਰੇਨ ਵਿੱਚ 21, ਜਰਮਨੀ ਵਿੱਚ 20 ਤੇ ਸਾਈਪਰਸ ਵਿੱਚ 14 ਅਤੇ ਇਟਲੀ ਤੇ ਫਿਲੀਪੀਨਜ਼ ਵਿੱਚ 10-10 ਵਿਦਿਆਰਥੀਆਂ ਦੀਆਂ ਮੌਤਾਂ ਹੋਈਆਂ ਹਨ।
ਇਨ੍ਹਾਂ ਸਾਰੀਆਂ ਮਾੜੀਆਂ ਖ਼ਬਰਾਂ ਦੇ ਬਾਵਜੂਦ ਪੰਜਾਬੀ ਵਿਦਿਆਰਥੀਆਂ ਦੀ ਪਰਦੇਸਾਂ ਵੱਲ ਜਾਣ ਦੀ ਰੁਚੀ ਘਟੀ ਨਹੀਂ, ਸਗੋਂ ਵਧ ਹੀ ਰਹੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਸਾਲ 2022 ਵਿੱਚ ਅਮਰੀਕਾ ਵੱਲ 4.65 ਲੱਖ ਭਾਰਤੀ ਵਿਦਿਆਰਥੀਆਂ ਨੇ ਪਰਵਾਸ ਕੀਤਾ ਹੈ। ਇਸ ਤੋਂ ਇਲਾਵਾ ਇਸੇ ਸਾਲ ਕੈਨੇਡਾ ਲਈ 1,83,310 ਵਿਦਿਆਰਥੀਆਂ ਨੇ ਪਰਵਾਸ ਕੀਤਾ। ਆਸਟਰੇਲੀਆ ਵਿੱਚ ਇੱਕ ਲੱਖ, ਇੰਗਲੈਂਡ ਵਿੱਚ 55,465 ਅਤੇ ਰੂਸ ਵਿੱਚ 18,039 ਵਿਦਿਆਰਥੀ 2022 ਵਿੱਚ ਪੜ੍ਹਨ ਵਾਸਤੇ ਗਏ।
ਇਸ ਦੌਰ ਵਿੱਚ ਜਦੋਂ ਕੈਨੇਡਾ ਅਤੇ ਅਮਰੀਕਾ ਨਾਲ ਭਾਰਤ ਦੇ ਡਿਪਲੋਮੈਟਿਕ ਸਬੰਧ ਵੀ ਸੁਖਾਵੇਂ ਨਹੀਂ ਹਨ ਅਤੇ ਇਨ੍ਹਾਂ ਮੁਲਕਾਂ ਵਿੱਚ ਲਗਾਤਾਰ ਮਹਿੰਗੀ ਹੋ ਰਹੀ ਸਿੱਖਿਆ ਪ੍ਰਣਾਲੀ, ਬੇਰੁਜ਼ਗਾਰੀ ਦੀ ਵਧ ਰਹੀ ਦਰ, ਵਧ ਰਹੇ ਮਕਾਨਾਂ ਦੇ ਕਿਰਾਏ ਅਤੇ ਸਿੱਕੇ ਦਾ ਫੈਲਾਅ ਆਦਿ ਮਿਲ ਕੇ ਪਰਵਾਸੀ ਵਿਦਿਆਰਥੀਆਂ ਲਈ ਜਾਨ ਦਾ ਖੌਅ ਬਣ ਰਿਹਾ ਹੈ। ਜਿਸ ਪਾਸੇ ਵੱਲ ਦੁਨੀਆ ਤੁਰੀ ਹੋਈ ਹੈ, ਉਧਰ ਤੁਰਦਿਆਂ ਆਰਥਕ ਤੰਗੀਆਂ-ਤੁਰਸ਼ੀਆਂ ਦਾ ਦੌਰ ਜਲਦੀ ਖਤਮ ਹੋਣ ਵਾਲਾ ਨਹੀਂ ਹੈ। ਇਸ ਸੰਦਰਭ ਵਿੱਚ ਆਖਿਰ ਭਾਰਤ ਸਰਕਾਰ ਨੇ ਵੀ ਕੁਝ ਸਤਰਕਤਾ ਵਰਤਣ ਦਾ ਐਲਾਨ ਕੀਤਾ ਹੈ। ਸਰਕਾਰ ਅਨੁਸਾਰ ਵਿਦਿਆਰਥੀਆਂ ਨੂੰ ਉਨ੍ਹਾਂ ਵਿਸ਼ਿਆਂ ਵਿੱਚ ਹੀ ਉੱਚ ਵਿਦਿਆ ਹਾਸਲ ਕਰਨ ਲਈ ਪਰਦੇਸ ਜਾਣਾ ਚਾਹੀਦਾ ਹੈ, ਜਿਸ ਬਾਰੇ ਦੇਸ਼ ਵਿੱਚ ਮਿਆਰੀ ਸੰਸਥਾਵਾਂ ਨਹੀਂ ਹਨ। ਜੇ ਪਰਦੇਸਾਂ ਵਿੱਚ ਵੱਸਣ ਦੀ ਲਾਲਸਾ ਨਾ ਹੋਵੇ ਤਾਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਦੇਸ ਦੀਆਂ ਮਿਆਰੀ ਸੰਸਥਾਵਾਂ ਵਿੱਚ ਹੀ ਸਿੱਖਿਆ ਹਾਸਲ ਕਰ ਸਕਦੇ ਹਨ। ਪਰ ਪਲੱਸ ਟੂ ਤੋਂ ਬਾਅਦ ਵੱਡੀ ਪੱਧਰ ‘ਤੇ ਵਿਦਿਆਰਥੀਆਂ ਦਾ ਬਿਨਾ ਸੋਚੇ ਸਮਝੇ ਪਰਵਾਸ ਕਰ ਜਾਣ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਦੇਸ ਵਿੱਚ ਉਚ ਸਿੱਖਿਆ ਦਾ ਸੌਦਾ ਘਾਟੇ ਦਾ ਸੌਦਾ ਬਣ ਗਿਆ ਹੈ।
ਉਂਝ ਇਸ ਮਾਮਲੇ ਵਿੱਚ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਨੂੰ ਇਸ ਪੱਖ ਤੋਂ ਵੀ ਵਿਚਾਰ ਕਰਨੀ ਪਏਗੀ ਕਿ ਉਚ ਸਿੱਖਿਆ, ਖਾਸ ਕਰਕੇ ਮੈਡੀਕਲ, ਇੰਜੀਨੀਅਰਿੰਗ ਅਤੇ ਤਕਨਾਲੋਜੀ ਖੇਤਰ ਵੀ, ਦੇਸ਼ ਦੇ ਗਰੀਬ ਤੋਂ ਗਰੀਬ ਵਿਦਿਆਰਥੀ ਦੀ ਪਹੁੰਚ ਵਿੱਚ ਰਹੇ। ਮਹਿੰਗੀ ਸਿੱਖਿਆ ਕਾਰਨ ਵੀ ਵਿਦਿਆਰਥੀ ਪਰਵਾਸ ਕਰਦੇ ਹਨ। ਇਸ ਤੋਂ ਇਲਾਵਾ ਡਿਗਰੀਆਂ ਕਰਕੇ ਨਿਕਲਦੇ ਵਿਦਿਆਰਥੀਆਂ ਲਈ ਰੁਜ਼ਗਾਰ ਦੇ ਸੋਮੇ ਵੀ ਵਧਾਉਣੇ ਹੋਣਗੇ। ਭ੍ਰਿਸ਼ਟਾਚਾਰ ਅਤੇ ਪ੍ਰਸ਼ਾਸਨਿਕ ਦਿੱਕਤਾਂ ਵੀ ਵਿਦਿਆਰਥੀਆਂ ਨੂੰ ਪਰਦੇਸਾਂ ਵੱਲ ਭੱਜਣ ਲਈ ਮਜ਼ਬੂਰ ਕਰਦੀਆਂ ਹਨ। ਇਨ੍ਹਾਂ ਨੂੰ ਦਰੁਸਤ ਕਰਨਾ ਵੱਡਾ ਕਦਮ ਹੋਏਗਾ।