ਪਰਮਜੀਤ ਢੀਂਗਰਾ
ਫੋਨ: +91-9417358120
ਕੱਪੜਿਆਂ ਦੀਆਂ ਭਾਂਤ-ਭਾਂਤ ਦੀਆਂ ਕਿਸਮਾਂ ਪੁਰਾਣੇ ਸਮਿਆਂ ਵਿੱਚ ਪ੍ਰਚਲਤ ਸਨ, ਜਿਨ੍ਹਾਂ ਵਿੱਚ ਦਸੂਤੀ, ਟੈਰਾਲੀਨ, ਟੈਰੀਕਾਟ, ਲੱਠਾ, ਸ਼ਨੀਲ, ਕਰਿੰਕਲ ਆਦਿ ਤੋਂ ਇਲਾਵਾ ਟਾਫਟਾ ਤੇ ਕੀਮਖਾਬ ਵੀ ਪ੍ਰਸਿੱਧ ਸਨ। ਚੈਂਬਰਜ਼ ਵਿਓਤਪਤੀ ਕੋਸ਼ ਅਨੁਸਾਰ 1345-49 ਦੇ ਵਿਚਕਾਰ ਨਰਮ ਸਿਲਕ ਦੇ ਚਮਕਦਾਰ ਕੱਪੜੇ ਨੂੰ ਟਾਫੇਟਾ ਕਿਹਾ ਜਾਂਦਾ ਸੀ। 1393-94 ਵਿੱਚ ਪੁਰਾਣੀ ਫਰੈਂਚ ਵਿੱਚੋਂ ਟਆਾੲਟਅਸ ਸ਼ਬਦ ਤੋਂ ਇਹ ਬਣਾਇਆ ਗਿਆ ਸੀ।
ਫਾਰਸੀ ਵਿੱਚ ਰੇਸ਼ਮ ਅਥਵਾ ਲਿੰਨਨ ਲਈ ਤਾਫਤ੍ਹਾ ਸ਼ਬਦ ਵਰਤਿਆ ਜਾਂਦਾ ਸੀ। ਇਸ ਵਿੱਚ ਤਾਪ ਸ਼ਬਦ ਇੰਡੋ-ਯੂਰਪੀਅਨ ਹੈ ਤੇ ਇਹ ਲੈਟਿਨ ਟੲਮਪੁਸ ਭਾਵ ਟਾਈਮ ਦੇ ਅਰਥ ਦਿੰਦਾ ਹੈ। ਲਿਥੂਏਨੀਅਨ ਵਿੱਚ ਇਹਦੇ ਲਈ ਟੲਮਪਟi ਸ਼ਬਦ ਮਿਲਦਾ ਹੈ। ਫਾਰਸੀ ਕੋਸ਼ ਅਨੁਸਾਰ ਤਾਫ਼ਤਾ ਦਾ ਅਰਥ ਹੈ- ਵੱਟਿਆ ਹੋਇਆ, ਪ੍ਰੇਸ਼ਾਨ, ਬੇਕਰਾਰ, ਸੋਗੀ, ਫੀਤਾ, ਇੱਕ ਪ੍ਰਕਾਰ ਦਾ ਚਮਕੀਲਾ ਰੇਸ਼ਮੀ ਕੱਪੜਾ, ਸਫੈਦ ਰੰਗ ਦਾ ਚਮਕੀਲਾ ਘੋੜਾ ਜਾਂ ਕਬੂਤਰ।
ਵਿਓਤਪਤੀ ਕੋਸ਼ ਵਿੱਚ ਵੀ ਟਾਫਟੇ ਦਾ ਅਰਥ ਚਮਕੀਲਾ ਕੱਪੜਾ ਕੀਤਾ ਗਿਆ ਹੈ। ਮੂਲ ਅਰਥ ਹੈ- ਵੱਟਿਆ ਹੋਇਆ ਭਾਵ ਵੱਟੇ ਹੋਏ ਧਾਗੇ ਤੋਂ ਤਿਆਰ ਕੀਤਾ ਕੱਪੜਾ। ਤਾਫ਼ਤਨ- ਵੱਟਣਾ, ਚਮਕਣਾ, ਲਿਸ਼ਕਣਾ। ਪੰਜਾਬੀ ਕੋਸ਼ਾਂ ਵਿੱਚ ਵੀ ਇਹੋ ਜਿਹੇ ਅਰਥ ਮਿਲਦੇ ਹਨ। ਇਸ ਚਮਕਦਾਰ ਕੱਪੜੇ ਨੂੰ ਧੁੱਪ-ਛਾਂ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹਦਾ ਤਾਣਾ ਹੋਰ ਰੰਗ ਦਾ ਹੁੰਦਾ ਹੈ ਤੇ ਪੇਟਾ ਹੋਰ ਰੰਗ ਦਾ। ਰੋਸ਼ਨੀ ਵਿੱਚ ਇਹਦਾ ਰੰਗ ਬਦਲਦਾ ਹੈ। ਮੋਟੇ ਕੱਪੜੇ ਜਾਂ ਪੜਦਿਆਂ/ ਪਰਦਿਆਂ ਨੂੰ ਅੰਗਰੇਜ਼ੀ ਵਿੱਚ ਟੈਪੈਸਰੀ ਕਹਿੰਦੇ ਹਨ। ਇਹਦੇ ਮੂਲ ਵਿੱਚ ਵੀ ਇਹੀ /ਤਾਫਤ:/ ਹੈ, ਜਿਸਦੇ ਮੂਲ ਵਿੱਚ ਫਾਰਸੀ ਤਾਫ਼ਤਾਨ ਹੈ। ਇਸ ਵਿੱਚ ਚਮਕ, ਪ੍ਰਕਾਸ਼, ਲਿਸ਼ਕ ਦਾ ਭਾਵ ਹੈ। ਇਹ ਤਾਬ ਦਾ ਹੀ ਪੂਰਵ ਰੂਪ ਹੈ, ਜਿਸ ਵਿੱਚ ਪ੍ਰਕਾਸ਼ ਜਾਂ ਚਮਕ ਦਾ ਭਾਵ ਹੈ। ਤਾਬ ਦੀ ਸਕੀਰੀ ਸੰਸਕ੍ਰਿਤ ਦੀ /ਤਪੑ/ ਧਾਤੂ ਨਾਲ ਹੈ, ਜਿਸ ਤੋਂ ਬਣਿਆ ਸ਼ਬਦ /ਤਪ:/ ਜਾਂ /ਤਾਪ/ ਹੈ, ਜਿਸਦਾ ਅਰਥ ਹੈ- ਗਰਮੀ, ਸੇਕ, ਰੌਸ਼ਨੀ। ਅੱਗ ਵਿੱਚ ਸੇਕ ਤੇ ਰੌਸ਼ਨੀ ਦੋਵੇਂ ਹਨ। ਇਸੇ ਲਈ ‘ਤਾਪ ਜਾਂ ਤਪ’ ਵਿੱਚ ਚਮਕ, ਰੌਸ਼ਨੀ, ਪ੍ਰਕਾਸ਼ ਦੇ ਭਾਵ ਪਏ ਹਨ। ਫ਼ਾਰਸੀ ਦਾ ਤਾਬ ਵੀ ਇਸੇ ਦਾ ਰੂਪਾਂਤਰ ਹੈ, ਜਿਸ ਵਿੱਚ ਗਰਮੀ, ਆਭਾ, ਚਮਕ, ਮਜਾਲ, ਹਿੰਮਤ ਵਰਗੇ ਭਾਵ ਮਿਲਦੇ ਹਨ। ਸਖਤ ਮਿਹਨਤ ਲਈ ਵੀ ਤਪ ਇਸੇ ਮੂਲ ਦਾ ਸ਼ਬਦ ਹੈ। ਕਰੜੀ ਘਾਲਣਾ ਵਾਲੇ ਨੂੰ ਤਪਸਵੀ ਕਿਹਾ ਜਾਂਦਾ ਹੈ। ਮਿਹਨਤ ਤੋਂ ਪੈਦਾ ਹੁੰਦੀ ਤਾਕਤ ਵਿੱਚ ਵੀ ਚਮਕ ਹੁੰਦੀ ਹੈ। ਸਖਤ ਮਿਹਨਤ ਕਰਨ ਨਾਲ ਵਿਅਕਤੀ ਵਿੱਚ ਚਮਕ ਪੈਦਾ ਹੁੰਦੀ ਹੈ। ਤਾਪ, ਤਪਣਾ, ਤਪਾਉਣਾ ਆਦਿ ਸ਼ਬਦ ਇਸੇ ਤੋਂ ਨਿਰਮਤ ਹੋਏ ਹਨ।
ਫ਼ਾਰਸੀ ਵਿੱਚ ਖਾਣਾ ਬਣਾਉਣ ਵਾਲੇ ਭਾਂਡਿਆਂ ਦੇਗ ਜਾਂ ਹਾਂਡੀ ਨੂੰ ਤਬਾਕæ ਕਿਹਾ ਜਾਂਦਾ ਹੈ। ਸਪੱਸ਼ਟ ਹੈ ਕਿ ਇਨ੍ਹਾਂ ਨੂੰ ਅੱਗ ‘ਤੇ ਚਾੜ੍ਹਿਆ ਜਾਂਦਾ ਹੈ। ਤਾਪ ਜਾਂ ਸੇਕ ਰਾਹੀਂ ਇਸ ਵਿੱਚ ਭੋਜਨ ਪੱਕਦਾ ਹੈ, ਇਸ ਲਈ ਇਹਨੂੰ ਤਬਾਕæ ਕਿਹਾ ਜਾਂਦਾ ਹੈ। ਤਵਾ ਵੀ ਇਸੇ ਮੂਲ ਦਾ ਹੈ। ਤਬਾਕæ ਨੂੰ ਕਈ ਭਾਸ਼ਾਵਾਂ ਵਿੱਚ ਤਬਕੜੀ ਵੀ ਕਿਹਾ ਜਾਂਦਾ ਹੈ। ਸਪਸ਼ਟ ਹੈ ਕਿ ਟਾਫੇਟਾ, ਟਾਫਟਾ, ਟੈਪੈਸਰੀ, ਤਾਫ਼ਤਾ ਜਾਂ ਤਾਫਤ ਵਰਗੇ ਸ਼ਬਦ ਇੱਕ ਖਾਸ ਕਿਸਮ ਦੇ ਕੱਪੜੇ ਲਈ ਵਰਤੇ ਜਾਂਦੇ ਹਨ, ਜਿਸਦੀ ਵਰਤੋਂ ਰੌਸ਼ਨਦਾਨ, ਦਰਵਾਜ਼ਿਆਂ, ਖਿੜਕੀਆਂ ਦੇ ਪੜਦਿਆਂ ਲਈ ਹੁੰਦੀ ਹੈ ਤਾਂ ਕਿ ਦਰਵਾਜ਼ਿਆਂ, ਖਿੜਕੀਆਂ ਦੇ ਖੁੱਲ੍ਹੇ ਰਹਿਣ ‘ਤੇ ਵੀ ਰੌਸ਼ਨੀ ਅੰਦਰ ਆ ਸਕੇ। ਇਸੇ ਲਈ ਇਸ ਕੱਪੜੇ ਵਿੱਚ ਧੁੱਪ-ਛਾਂ ਵਰਗੀ ਚਮਕ ਮਿਲਦੀ ਹੈ, ਜੋ ਇਸਦੇ ਤਾਣੇ-ਪੇਟੇ ਦੇ ਵੱਖ-ਵੱਖ ਰੰਗਾਂ ਕਰਕੇ ਹੈ। ਇਹ ਸਾਰੇ ਸ਼ਬਦ ਸੰਸਕ੍ਰਿਤ ਤਪ: ਤੋਂ ਨਿਰਮਤ ਹੋ ਰਹੇ ਹਨ, ਜਿਸ ਵਿੱਚ ਚਮਕ ਦਾ ਭਾਵ ਹੈ।
ਟਾਫਟੇ ਦੀ ਸਕੀਰੀ ਇੱਕ ਹੋਰ ਕੀਮਤੀ ਕੱਪੜੇ ਕੀਨਖਾਬ ਨਾਲ ਵੀ ਹੈ। ਇਸ ਕੀਮਤੀ ਕੱਪੜੇ ਨੂੰ ਰੇਸ਼ਮ ਤੇ ਸੋਨੇ ਦੀਆਂ ਤਾਰਾਂ ਨਾਲ ਬੁਣਿਆ ਜਾਂਦਾ ਸੀ। ਇਹ ਸ਼ਬਦ ਚੀਨੀ, ਜਾਪਾਨੀ, ਅਰਬੀ, ਤੁਰਕੀ, ਫ਼ਾਰਸੀ, ਉਰਦੂ, ਅੰਗਰੇਜ਼ੀ ਤੇ ਭਾਰਤੀ ਭਾਸ਼ਾਵਾਂ ਵਿੱਚ ਇਸੇ ਰੂਪ ਵਿੱਚ ਵਰਤਿਆ ਜਾਂਦਾ ਹੈ। ਪੱਛਮ ਵਿੱਚ ਇਸ ਨੂੰ ਕਿਨਕਾਬ (ਕਨਿਚੋਬ) ਕਿਹਾ ਜਾਂਦਾ ਹੈ, ਜਿਸਦਾ ਅਰਥ ਹੈ- ਸੋਨੇ ਤੋਂ ਬਣਿਆ ਕੱਪੜਾ। ਚੀਨੀ ਵਿੱਚ ਇਸਨੂੰ ਕਿਨਹੂਆ, ਫ਼ਾਰਸੀ ਵਿੱਚ ਕਿਮਖ਼ਵਾ ਅਤੇ ਪੰਜਾਬੀ ਵਿੱਚ ਕੀਮਖਾਬ ਕਿਹਾ ਜਾਂਦਾ ਹੈ। ਮੂਲ ਰੂਪ ਵਿੱਚ ਇਹ ਚੀਨੀ ਭਾਸ਼ਾ ਦਾ ਸ਼ਬਦ ਹੈ ਤੇ ਸਫਰ ਕਰਦਾ ਇਹ ਦੂਜੀਆਂ ਜ਼ਬਾਨਾਂ ਵਿੱਚ ਪਹੁੰਚਿਆ ਹੈ। ਚੀਨੀ ਵਿੱਚ ‘ਕਿਨ’ ਦਾ ਅਰਥ ਹੈ ਸੋਨਾ ਤੇ ‘ਹੂਆ’ ਦਾ ਅਰਥ ਹੈ ਫੁੱਲ। ਭਾਵ ਸੁਨਹਿਰੀ ਤਾਰਾਂ ਦੀ ਫੁੱਲਕਾਰੀ ਵਾਲਾ ਨਰਮ ਮਹੀਨ ਕੱਪੜਾ। ਜਾਪਾਨ ਵਿੱਚ ਕੀਮਖਾਬ ਨੂੰ ਚਿਨਰੇਨ ਵੀ ਕਿਹਾ ਜਾਂਦਾ ਹੈ। ਇਹ ਵੀ ਚੀਨੀ ਵਿੱਚੋਂ ਗਿਆ ਹੈ। ਇੱਕ ਵਿਚਾਰ ਇਹ ਵੀ ਹੈ ਕਿ ਸ਼ਾਇਦ ਇਹ ਚੀਨੀ ਤੇ ਇੰਡੋ-ਇਰਾਨੀ ਮੂਲ ਤੋਂ ਬਣਿਆ ਸ਼ਬਦ ਹੈ। ਕੀਮਖਾਬ ਵਿੱਚ ਸੋਨੇ ਦੇ ਅਰਥਾਂ ਵਿੱਚ ਕਿਨੑ ਸ਼ਬਦ ਹੈ, ਜਦ ਕਿ ਖੁਆਬ ਦਾ ਰਿਸ਼ਤਾ ਇੰਡੋ-ਇਰਾਨੀ ਪਰਿਵਾਰ ਨਾਲ ਹੈ। ਮੋਨੀਅਰ ਵਿਲੀਅਮ ਮੋਨੀਅਰ ਅਨੁਸਾਰ ਇਹ ਸੰਸਕ੍ਰਿਤ ਦੇ ਸ਼ਬਦ ਸਵਪਸੑ ਵਿੱਚ ਸਵ+ਅਪਸੑ ਤੋਂ ਮਿਲ ਕੇ ਬਣਿਆ ਹੈ, ਜਿਸ ਦਾ ਅਰਥ ਹੈ- ਬਹੁਤ ਚੰਗਾ ਕਰਨਾ, ਕਾਰੀਗਰੀ ਨਾਲ ਬਣਾਉਣਾ। ਸਵਪਸੑ ਦਾ ਅਗਲਾ ਰੂਪ ਅਵੇਸਤਾ ਦਾ ‘ਹਵਪ੍ਹ’ ਹੈ। ਸੰਸਕ੍ਰਿਤ ਦਾ ‘ਸ’ ਅਵੇਸਤਾ ਵਿੱਚ ‘ਹ’ ਵਿੱਚ ਬਦਲ ਜਾਂਦਾ ਹੈ। ਇਹਦਾ ਫ਼ਾਰਸੀ ਰੂਪ ਬਣਦਾ ਹੈ, ਖ਼ਵਾਬ। ਇਸ ਤਰ੍ਹਾਂ ਸੋਨੇ ਦੀ ਮਹੀਨ ਕਾਰੀਗਰੀ ਵਾਲਾ ਕੱਪੜਾ ਬਣਿਆ, ਕੀਮਖਾਬ। ਟਾਫਟਾ ਤੇ ਕੀਮਖਾਬ ਦੋਵੇਂ ਬੜੇ ਕੀਮਤੀ ਕੱਪੜੇ ਸਨ, ਜਿਨ੍ਹਾਂ ਦੀ ਰਾਜ ਦਰਬਾਰਾਂ ਵਿੱਚ ਬੜੀ ਮੰਗ ਹੁੰਦੀ ਸੀ।