ਕੁਸ਼ਤੀ ਵਿੱਚ ਕਮਾਲਾਂ ਕਰਨ ਵਾਲਾ ਕਰਤਾਰ ਸਿੰਘ

Uncategorized ਗੂੰਜਦਾ ਮੈਦਾਨ

ਖਿਡਾਰੀ ਪੰਜ ਆਬ ਦੇ-7
ਖਿਡਾਰੀ ਹੱਦਾਂ-ਸਰਹੱਦਾਂ ਤੋਂ ਪਾਰ ਹੁੰਦੇ ਹਨ। ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫੇਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਲੜੀਵਾਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਇਸ ਕਾਲਮ ਵਿੱਚ ਨਾਮੀ ਪਹਿਲਵਾਨ ਕਰਤਾਰ ਸਿੰਘ ਦੀਆਂ ਕਮਾਲਾਂ ਦਾ ਜ਼ਿਕਰ ਕੀਤਾ ਹੈ।

ਨਵਦੀਪ ਸਿੰਘ ਗਿੱਲ

ਕੁਸ਼ਤੀ ਵਿੱਚ ਕਰਤਾਰ ਸਿੰਘ ਨੇ ਕਮਾਲਾਂ ਹੀ ਕੀਤੀਆਂ ਹਨ। ਸੁਰ ਸਿੰਘ ਤੋਂ ਸਿਓਲ ਤੱਕ ਉਸ ਦੀ ਗੁੱਡੀ ਅਜਿਹੀ ਚੜ੍ਹੀ ਕਿ ਅੱਜ ਉਹ ਭਾਰਤੀ ਕੁਸ਼ਤੀ ਦੇ ਚੋਟੀ ਦੇ ਭਲਵਾਨਾਂ ਵਿੱਚ ਸ਼ਮਾਰ ਹੋ ਗਿਆ। ਦੋ ਵਾਰ ਏਸ਼ਿਆਈ ਖੇਡਾਂ ਦਾ ਚੈਂਪੀਅਨ ਬਣਨ ਵਾਲਾ ਉਹ ਇਕਲੌਤਾ ਭਾਰਤੀ ਪਹਿਲਵਾਨ ਹੈ। ਵੀਹ ਵਾਰ ਵੈਟਰਨ ਵਿਸ਼ਨ ਚੈਂਪੀਅਨ ਬਣਨ ਦਾ ਵਿਸ਼ਵ ਰਿਕਾਰਡ ਵੀ ਉਸ ਦੇ ਨਾਂ ਦਰਜ ਹੈ। ਪੰਜਾਬ ਕੇਸਰੀ ਤੋਂ ਰੁਸਤਮ-ਏ-ਜਮਾਂ, ਜ਼ਿਲ੍ਹਾ ਸਕੂਲੀ ਖੇਡਾਂ ਤੋਂ ਵਿਸ਼ਵ ਚੈਂਪੀਅਨਸ਼ਿਪ ਤੱਕ ਉਸ ਨੇ ਆਪਣੇ ਜ਼ੋਰ ਦਾ ਲੋਹਾ ਮਨਵਾਇਆ। ਵਿਸ਼ਵ ਚੈਂਪੀਅਨਸ਼ਿਪ ਵਿੱਚ ਇੱਕ ਚਾਂਦੀ ਤੇ ਇੱਕ ਕਾਂਸੀ ਦਾ ਤਮਗਾ, ਏਸ਼ਿਆਈ ਖੇਡਾਂ ਵਿੱਚ ਦੋ ਸੋਨੇ ਤੇ ਇੱਕ ਚਾਂਦੀ ਦਾ ਤਮਗਾ, ਰਾਸ਼ਟਰਮੰਡਲ ਖੇਡਾਂ ਵਿੱਚ ਇੱਕ ਚਾਂਦੀ ਤੇ ਇੱਕ ਕਾਂਸੀ ਦਾ ਤਮਗਾ, ਏਸ਼ੀਅਨ ਚੈਂਪੀਅਨਸ਼ਿਪ ਵਿੱਚ ਇੱਕ ਸੋਨੇ ਤੇ ਦੋ ਚਾਂਦੀ ਦੇ ਤਮਗੇ ਜਿੱਤੇ। ਚਾਲੀ ਵਰਿ੍ਹਆਂ ਦੀ ਉਮਰੇ ਜਦੋਂ ਭਲਵਾਨ ਹੱਡ-ਗੋਡਿਆਂ ਦੀਆਂ ਰਗੜਾਂ ਤੋਂ ਬਾਅਦ ਮੰਜੇ ਨੂੰ ਜੁੜ ਜਾਂਦੇ ਹਨ ਤਾਂ ਕਰਤਾਰ ਨੇ ਹੋਰ ਵੀ ਨਿੱਠ ਕੇ ਘੁਲਣਾ ਸ਼ੁਰੂ ਕਰ ਦਿੱਤਾ। ਕੁੱਲ ਦੁਨੀਆਂ ਵਿੱਚ ਕੋਈ ਵੀ ਅਜਿਹਾ ਭਲਵਾਨ ਨਹੀਂ, ਜੋ ਉਸ ਜਿੰਨਾ ਘੁਲਿਆ ਹੋਵੇ। ਕਰਤਾਰ ਨੂੰ ਇੱਕੋ ਰੰਜ ਓਲੰਪਿਕ ਤਮਗੇ ਦਾ ਹੈ, ਜੋ ਉਹ ਨਹੀਂ ਜਿੱਤ ਸਕਿਆ। ਕਰਤਾਰ ਨੇ ਤਿੰਨ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ। ਇੱਕ ਵਾਰ ਉਹ 1984 ਵਿੱਚ ਲਾਸ ਏਂਜਲਸ ਓਲੰਪਿਕਸ ਵਿੱਚ ਪੰਜਵੇਂ ਸਥਾਨ `ਤੇ ਰਿਹਾ। ਕਰਤਾਰ ਸਿੰਘ ਦੀ ਇਹ ਰੀਝ 2008 ਦੀਆਂ ਬੀਜਿੰਗ ਓਲੰਪਿਕ ਖੇਡਾਂ ਵੇਲੇ ਉਸ ਸਮੇਂ ਪੂਰੀ ਹੋਈ, ਜਦੋਂ ਸੁਸ਼ੀਲ ਨੇ ਕਾਂਸੀ ਦਾ ਤਮਗਾ ਜਿੱਤਿਆ ਤਾਂ ਕਰਤਾਰ ਸਿੰਘ ਭਾਰਤੀ ਕੁਸ਼ਤੀ ਟੀਮ ਦਾ ਮੈਨੇਜਰ ਸੀ। ਕਰਤਾਰ ਦੇ ਮੈਨੇਜਰ ਹੁੰਦਿਆਂ ਸੁਸ਼ੀਲ ਨੇ ਮਾਸਕੋ ਵਿਖੇ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਸੀ।
ਕਰਤਾਰ ਅਜਿਹਾ ਵਾਹਦ ਭਲਵਾਨ ਹੈ, ਜਿਸ ਨੇ ਹਰ ਤਰ੍ਹਾਂ ਦੀ ਕੁਸ਼ਤੀ ਲੜੀ ਹੈ। ਮੈਟ ਉਤੇ ਫਰੀ ਸਟਾਈਲ ਅਤੇ ਗਰੀਕੋ ਰੋਮਨ- ਦੋਵਾਂ ਵਿੱਚ ਹੀ ਉਹ ਏਸ਼ੀਆ ਦਾ ਚੈਂਪੀਅਨ ਬਣਿਆ। ਮਿੱਟੀ ਦੀਆਂ ਕੁਸ਼ਤੀਆਂ ਦੇ ਵੀ ਉਸ ਨੇ ਵੱਡੇ ਦੰਗਲ ਜਿੱਤੇ। ਦਾਰਾ ਸਿੰਘ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਨੁਮਾਇਸ਼ੀ ਫਰੀ ਸਟਾਈਲ ਕੁਸ਼ਤੀਆਂ ਵੀ ਲੜੀਆਂ। ਵੱਡੀ ਉਮਰੇ ਉਸ ਨੇ ਵੈਟਰਨ ਮੁਕਾਬਲਿਆਂ ਵਿੱਚ ਸਰਦਾਰੀ ਕੀਤੀ। ਭਲਵਾਨੀ ਦਾ ਜਨੂੰਨ ਹਾਲੇ ਵੀ ਉਸ ਵਿੱਚ ਸਿਖਾਂਦਰੂਆਂ ਵਰਗਾ ਹੈ। 70 ਵਰਿ੍ਹਆਂ ਦੀ ਉਮਰੇ ਵੀ ਕਰਤਾਰ ਰੋਜ਼ਾਨਾ ਦੋ ਘੰਟੇ ਜ਼ੋਰ ਕਰਦਾ ਹੈ। ਹੁਣ ਉਹ ਕੁਸ਼ਤੀ ਮੁਕਾਬਲੇ ਕਰਵਾਉਣ ਅਤੇ ਛਿੰਝ ਅਖਾੜਿਆਂ ਦਾ ਸਰਪ੍ਰਸਤ ਹੈ। ਕਰਤਾਰ ਨੇ ਪਹਿਲਾਂ ਦਾਰਾ ਸਿੰਘ ਨੂੰ ਗੁਰੂ ਧਾਰਿਆ ਅਤੇ ਫੇਰ ਦਾਰਾ ਸਿੰਘ ਦੀ ਪ੍ਰੇਰਨਾ ਨਾਲ ਹੀ ਗੁਰੂ ਹਨੂੰਮਾਨ ਦੀ ਦਸ ਵਰ੍ਹੇ ਸ਼ਾਗਿਰਦੀ ਕੀਤੀ। ਕਰਤਾਰ ਦੇ ਦੋਵੇਂ ਗੁਰੂਆਂ ਨੂੰ ਆਪਣੇ ਇਸ ਚੇਲੇ ਉਤੇ ਮਾਣ ਰਿਹਾ।
ਕੌਮੀ ਪੱਧਰ `ਤੇ ਡੇਢ ਦਹਾਕਾ ਉਸ ਦੇ ਜੋੜ ਦਾ ਕੋਈ ਭਲਵਾਨ ਨਹੀਂ ਹੋਇਆ। 15 ਸਾਲ ਲਗਾਤਾਰ ਉਹ ਕੌਮੀ ਚੈਂਪੀਅਨ ਅਤੇ 13 ਸਾਲ ਆਲ ਇੰਡੀਆ ਪੁਲਿਸ ਖੇਡਾਂ ਦਾ ਚੈਂਪੀਅਨ ਰਿਹਾ। ਦੇਸ਼ ਦਾ ਕੋਈ ਚੋਟੀ ਦਾ ਦੰਗਲ ਜਾਂ ਛਿੰਝ ਨਹੀਂ, ਜਿੱਥੇ ਕਰਤਾਰ ਨੇ ਆਪਣੀ ਝੰਡੀ ਨਾ ਗੱਡੀ ਹੋਵੇ। ਪੰਜਾਬ ਕੇਸਰੀ, ਭਾਰਤ ਕੁਮਾਰ, ਭਾਰਤ ਕੇਸਰੀ, ਮੋਤੀ ਲਾਲ ਨਹਿਰੂ ਟਰਾਫੀ, ਮਹਾਂਪੌਰ ਕੇਸਰੀ, ਬੰਬੇ ਮਹਾਂਪੌਰ ਕੇਸਰੀ, ਭਾਰਤ ਮੱਲ ਸਮਰਾਟ, ਰੁਸਤਮ-ਏ-ਹਿੰਦ, ਰੁਸਤਮ-ਏ-ਜਮਾਂ ਸਭ ਖਿਤਾਬ ਕਰਤਾਰ ਨੇ ਜਿੱਤੇ। ਕੁਸ਼ਤੀ ਦੇ ਸਿਰ `ਤੇ ਉਹ ਪੰਜਾਬ ਪੁਲਿਸ ਦੇ ਆਈ.ਜੀ. ਦੇ ਅਹੁਦੇ ਤੱਕ ਪੁੱਜਿਆ। ਪੰਜਾਬ ਦੇ ਖੇਡ ਵਿਭਾਗ ਦਾ ਡਾਇਰੈਕਟਰ ਅਤੇ ਪੰਜਾਬ ਕੁਸ਼ਤੀ ਸੰਘ ਦਾ ਪ੍ਰਧਾਨ ਤੇ ਭਾਰਤੀ ਕੁਸ਼ਤੀ ਸੰਘ ਦਾ ਜਨਰਲ ਸਕੱਤਰ ਬਣਿਆ। ਪਹਿਲੇ ਏਸ਼ਿਆਈ ਖੇਡਾਂ ਦੇ ਸੋਨ ਤਮਗੇ ਨਾਲ ਉਹ ਬੀ.ਐੱਸ.ਐੱਫ. ਵਿੱਚ ਇੰਸਪੈਕਟਰ ਤੋਂ ਡੀ.ਐੱਸ.ਪੀ. ਬਣਿਆ ਅਤੇ ਦੂਜੇ ਏਸ਼ਿਆਈ ਖੇਡਾਂ ਦੇ ਸੋਨ ਤਮਗੇ ਨਾਲ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਤੋਂ ਡੀ.ਐੱਸ.ਪੀ. ਬਣਿਆ। ਇੰਝ ਉਸ ਨੇ ਆਪਣੇ ਭਲਵਾਨੀ ਦੇ ਜ਼ੋਰ ਨਾਲ ਡੀ.ਐੱਸ.ਪੀ. ਦੀ ਪੋਸਟ ਹਾਸਲ ਕੀਤੀ।
ਭਾਰਤ ਸਰਕਾਰ ਨੇ ਕਰਤਾਰ ਸਿੰਘ ਨੂੰ ਪਦਮਸ੍ਰੀ ਤੇ ਅਰਜੁਨਾ ਐਵਾਰਡ ਨਾਲ ਸਨਮਾਨਿਆ ਅਤੇ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ। 1986 ਵਿੱਚ ਦੂਜੀ ਵਾਰ ਏਸ਼ਿਆਈ ਖੇਡਾਂ ਦਾ ਚੈਂਪੀਅਨ ਬਣ ਕੇ ਆਇਆ ਤਾਂ ਉਸ ਨੂੰ ਇਨਾਮ ਵਿੱਚ ਕਾਰ ਮਿਲੀ। ਕਰਤਾਰ ਭਾਰਤੀ ਖੇਡਾਂ ਵਿੱਚ ਦੰਦ ਕਥਾਵਾਂ ਦਾ ਪਾਤਰ ਹੈ, ਜਿਸ ਦਾ ਨਾਂ ਜ਼ੋਰ ਤੇ ਤਾਕਤ ਦੇ ਸੂਚਕ ਵਜੋਂ ਲਿਆ ਜਾਂਦਾ ਹੈ। ਕਰਤਾਰ ਨੇ ਸਾਧ ਬਣ ਕੇ ਅਖਾੜਿਆਂ ਵਿੱਚ ਤਪੱਸਿਆ ਕੀਤੀ ਅਤੇ ਆਪਣੇ ਜ਼ੋਰ ਤੇ ਜੁਗਤ ਨਾਲ ਕੁੱਲ ਦੁਨੀਆਂ ਜਿੱਤੀ। ਭਾਰਤੀ ਕੁਸ਼ਤੀ ਅੰਬਰ ਦਾ ਉਹ ਚਮਕਦਾ ਸਿਤਾਰਾ ਹੈ, ਜਿਸ ਉਤੇ ਪੂਰੇ ਮੁਲਕ ਨੂੰ ਮਾਣ ਹੈ।
ਕਰਤਾਰ ਸਿੰਘ ਮਾਝੇ ਦੇ ਮਸ਼ਹੂਰ ਪਿੰਡ ਸੁਰ ਸਿੰਘ ਦਾ ਜੰਮਪਲ ਹੈ। ਭਾਈ ਬਿਧੀ ਚੰਦ ਇਸੇ ਪਿੰਡ ਦੇ ਰਹਿਣ ਵਾਲੇ ਸਨ। ਕਰਤਾਰ ਦਾ ਜਨਮ 15 ਜਨਵਰੀ 1953 ਨੂੰ ਕਰਨੈਲ ਸਿੰਘ ਦੇ ਘਰ ਮਾਤਾ ਪ੍ਰੀਤਮ ਕੌਰ ਦੀ ਕੁੱਖੋਂ ਹੋਇਆ। ਕਾਗਜ਼ਾਂ ਵਿੱਚ ਕਰਤਾਰ ਦੀ ਜਨਮ ਤਰੀਕ 7 ਅਕਤੂਬਰ 1953 ਹੈ। ਕਰਤਾਰ ਦੀ ਅਸਲ ਜਨਮ ਤਰੀਕ ਬਾਰੇ ਉਸ ਦੀ ਮਾਤਾ ਵੱਲੋਂ ਦੱਸੇ ਦੇਸੀ ਤਰੀਕੇ ਨਾਲ ਪਤਾ ਲੱਗਦਾ ਹੈ। ਕਰਤਾਰ ਦੀ ਮਾਤਾ ਦੱਸਦੀ ਹੁੰਦੀ ਸੀ ਕਿ ਮਾਘੀ ਤੋਂ ਤੀਜੇ ਦਿਨ ਤਾਰੇ ਦਾ ਜਨਮ ਹੋਇਆ ਸੀ। ਉਸ ਸਾਲ ਲੋਹੜੀ 12 ਜਨਵਰੀ ਤੇ ਮਾਘੀ 13 ਜਨਵਰੀ ਦੀ ਸੀ, ਜਿਸ ਕਾਰਨ ਕਰਤਾਰ ਦਾ ਜਨਮ 15 ਜਨਵਰੀ ਨੂੰ ਮਨਾਇਆ ਜਾਂਦਾ ਹੈ। ਕਰਤਾਰ ਹੋਰੀਂ ਪੰਜ ਭਰਾ ਤੇ ਦੋ ਭੈਣਾਂ ਹਨ। ਕਰਤਾਰ ਨੂੰ ਪਹਿਲਵਾਨੀ ਦਾ ਜਾਗ ਆਪਣੇ ਤਾਏ ਦੇ ਮੁੰਡੇ ਜੋਗਿੰਦਰ ਸਿੰਘ ਨੂੰ ਦੇਖ ਕੇ ਲੱਗਿਆ। ਛੋਟਾ ਹੁੰਦਾ ਉਹ ਆਸ਼ਾ ਸਿੰਘ ਸ਼ਾਹ ਦੀ ਹਵੇਲੀ ਵਿੱਚ ਜੋਗਿੰਦਰ ਕੋਲ ਜੋੜ ਕਰਿਆ ਕਰਦਾ ਸੀ।
ਕਰਤਾਰ ਦਾ ਸਭ ਤੋਂ ਵੱਡੇ ਭਰਾ ਗੁਰਦਿਆਲ ਸਿੰਘ ਤੇ ਅਮਰ ਸਿੰਘ ਪਿਤਾ ਨਾਲ ਖੇਤੀਬਾੜੀ ਵਿੱਚ ਹੱਥ ਵੰਢਾਉਂਦੇ। ਅਮਰ ਸਿੰਘ ਅਖਾੜੇ ਵਿੱਚ ਵੀ ਕਰਤਾਰ ਨੂੰ ਜ਼ੋਰ ਕਰਵਾਉਂਦਾ ਰਿਹਾ। ਕਰਤਾਰ ਆਪਣੇ ਤੋਂ ਵੱਡੇ ਗੁਰਚਰਨ ਦੀ ਦੇਖ-ਰੇਖ ਵਿੱਚ ਹੀ ਸਕੂਲੇ ਪਾਇਆ ਅਤੇ ਉਹ ਹੀ ਉਸ ਨੂੰ ਦੇਸ਼-ਵਿਦੇਸ਼ ਦੇ ਮੁਕਾਬਲਿਆਂ ਵਿੱਚ ਲੈ ਕੇ ਜਾਂਦਾ। ਕਰਤਾਰ ਨੂੰ ਦੇਖੋ-ਦੇਖ ਸਭ ਤੋਂ ਛੋਟੇ ਸਰਵਣ ਸਿੰਘ ਨੇ ਵੀ ਕੁਸ਼ਤੀ ਸ਼ੁਰੂ ਕੀਤੀ, ਜੋ ਬਾਅਦ ਵਿੱਚ ਸ਼ੇਰ-ਏ-ਹਿੰਦ ਬਣਿਆ। ਕਰਤਾਰ ਤੋਂ ਵੱਡਾ ਗੁਰਚਰਨ ਸਿੰਘ ਚੰਗਾ ਕੁਸ਼ਤੀ ਕੋਚ ਅਤੇ ਰੈਫਰੀ ਬਣਿਆ, ਜਿਸ ਨੇ 1984 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਵਿੱਚ ਬਤੌਰ ਆਫੀਸ਼ਲ ਡਿਊਟੀ ਨਿਭਾਈ। ਕਰਤਾਰ ਦਾ ਭਤੀਜਾ ਤੇ ਅਮਰ ਸਿੰਘ ਦਾ ਬੇਟਾ ਰਣਧੀਰ ਧੀਰਾ ਕੁਸ਼ਤੀ ਵਿੱਚ ਜੂਨੀਅਰ ਵਿਸ਼ਵ ਚੈਂਪੀਅਨ ਬਣਿਆ। ਚਾਚੇ-ਭਤੀਜੇ ਦੀ ਜੋੜੀ ਦੀ ਇੱਕ ਹੋਰ ਸਾਂਝ ਵੀ ਹੈ। ਦੋਵੇਂ ਹੀ ਅਰਜੁਨਾ ਐਵਾਰਡੀ ਹਨ ਅਤੇ ਦੋਵਾਂ ਨੇ ਹੀ ਇਕੱਠਿਆਂ ਵੈਟਰਨ ਮੁਕਾਬਲਿਆਂ ਵਿੱਚ ਹਿੱਸਾ ਲੈਂਦਿਆਂ ਵੱਖ-ਵੱਖ ਉਮਰ ਤੇ ਭਾਰ ਵਰਗ ਵਿੱਚ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ। ਕਰਤਾਰ ਦੇ ਪੁੱਤਰ ਗੁਰਪ੍ਰੀਤ ਸਿੰਘ (ਜੀ.ਪੀ.) ਨੇ ਵੀ ਪਹਿਲਵਾਨੀ ਕੀਤੀ ਅਤੇ ਜੂਨੀਅਰ ਵਰਗ ਵਿੱਚ ਸਿੰਗਾਪੁਰ ਵਿਖੇ ਹੋਏ ਮੁਕਾਬਲੇ ਵਿੱਚ ਤਮਗਾ ਜਿੱਤਿਆ, ਪਰ ਉਹ ਆਪਣੇ ਪਿਤਾ ਵਾਂਗ ਕੁਸ਼ਤੀ ਅੱਗੇ ਜਾਰੀ ਨਾ ਰੱਖ ਸਕਿਆ। ਕਰਤਾਰ ਦਾ ਛੋਟਾ ਭਤੀਜਾ ਅਤੇ ਸਰਵਣ ਸਿੰਘ ਦਾ ਪੁੱਤਰ ਗੁਰਪਾਲ ਸਿੰਘ ਵੀ ਨੈਸ਼ਨਲ ਚੈਂਪੀਅਨ ਬਣਿਆ। ਕਰਤਾਰ ਦਾ ਭਤੀਜ ਜੁਆਈ ਜਗਜੀਤ ਸਿੰਘ ਵੀ ਰੁਸਤਮ-ਏ-ਹਿੰਦ ਬਣਿਆ। ਪੂਰਾ ਪਰਿਵਾਰ ਹੀ ਕੁਸ਼ਤੀ ਵਿੱਚ ਗੜੁੱਚ ਹੈ।
ਕਰਤਾਰ ਸਿੰਘ 1968 ਵਿੱਚ 15 ਵਰਿ੍ਹਆਂ ਦੀ ਉਮਰੇ ਅਖਾੜੇ ਵਿਚ ਕੁੱਦਿਆ ਸੀ। ਉਸੇ ਸਾਲ ਉਸ ਨੇ ਸੁੱਖੀ ਨਗਰੀਆ ਨੂੰ ਹਰਾ ਕੇ ਆਪਣੀ ਪਹਿਲੀ ਕੁਸ਼ਤੀ ਜਿੱਤੀ ਸੀ, ਜਿਸ ਤੋਂ ਅਗਲੇ ਦਿਨ ਉਸ ਦੇ ਭਤੀਜੇ ਧੀਰੇ ਦਾ ਜਨਮ ਹੋਇਆ ਸੀ। ਪਰਿਵਾਰ ਵਿੱਚ ਦੋਹਰੀ ਖੁਸ਼ੀ ਦਾ ਮਾਹੌਲ ਸੀ। ਜ਼ੋਨ ਖੇਡਾਂ ਵਿੱਚ ਕਰਤਾਰ ਨੇ ਸਾਰੀਆਂ ਖੇਡਾਂ ਵਿੱਚ ਹੀ ਨਾਂ ਲਿਖਵਾ ਦਿੱਤਾ। ਕੁਸ਼ਤੀ ਤਾਂ ਉਸ ਨੇ ਜਿੱਤ ਹੀ ਲਈ, ਲੱਗਦੇ ਹੱਥ ਹੀ ਸ਼ਾਟਪੁੱਟ ਤੇ ਹੈਮਰ ਥਰੋਅ ਵਿੱਚ ਵੀ ਜਿੱਤ ਗਿਆ। 1500 ਮੀਟਰ ਵਿੱਚ ਉਹ ਹੱਫ ਜਾਣ ਕਾਰਨ ਤਮਗਾ ਜਿੱਤਣ ਤੋਂ ਖੁੰਝ ਗਿਆ। ਫੇਰ ਉਸ ਨੂੰ ਅਹਿਸਾਸ ਹੋਇਆ ਕਿ ਇਕੱਲੀ ਕੁਸ਼ਤੀ ਵੱਲ ਧਿਆਨ ਦਿੱਤਾ ਜਾਵੇ। ਖਾਲਸਾ ਕਾਲਜੀਏਟ ਸਕੂਲ ਅੰਮ੍ਰਿਤਸਰ ਵਿਖੇ ਹੋਈਆਂ ਜ਼ਿਲ੍ਹਾ ਖੇਡਾਂ ਵਿੱਚ ਹਿੱਸਾ ਲੈਣ ਗਏ ਕਰਤਾਰ ਨੇ ਪਹਿਲੀ ਵਾਰ ਅੰਮ੍ਰਿਤਸਰ ਸ਼ਹਿਰ ਦੇਖਿਆ। ਉਥੇ ਉਹ ਫਾਈਨਲ ਵਿੱਚ ਪਰਗਟ ਨਾਂ ਦੇ ਭਲਵਾਨ ਤੋਂ ਹਾਰ ਗਿਆ।
ਪਹਿਲੀ ਹਾਰ ਨੇ ਕਰਤਾਰ ਨੂੰ ਬਹੁਤ ਝੰਜੋੜਿਆ। ਫੇਰ ਉਹ ਵਾਪਸ ਆ ਕੇ ਸਾਰਾ ਦਿਨ ਜ਼ੋਰ ਹੀ ਕਰਦਾ ਰਹਿੰਦਾ। ਘਰ ਵਾਲੇ ਉਸ ਦੀ ਖੁਰਾਕ ਦਾ ਧਿਆਨ ਰੱਖਦੇ। ਸਕੂਲੇ ਗੁਰਚਰਨ ਉਸ ਦਾ ਖਿਆਲ ਰੱਖਦਾ। ਪੇਂਡੂ ਛਿੰਝਾਂ ਵਿੱਚ ਉਸ ਨੇ ਆਪਣੇ ਤੋਂ ਵੱਡੇ ਵਜ਼ਨ ਦੇ ਰੋਡੇ ਭਲਵਾਨ ਨੂੰ ਚਿੱਤ ਕਰਕੇ ਇਲਾਕੇ ਵਿੱਚ ਬੱਲੇ-ਬੱਲੇ ਕਰਵਾਈ। 1970 ਵਿੱਚ ਉਹ ਜ਼ਿਲ੍ਹਾ, ਸਟੇਟ ਚੈਂਪੀਅਨ ਬਣਦਾ ਹੋਇਆ ਸਿੱਧਾ ਨੈਸ਼ਨਲ ਚੈਂਪੀਅਨ ਬਣਿਆ।
ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਡੀ.ਪੀ.ਈ. ਅਜਾਇਬ ਸਿੰਘ ਦੀ ਅਗਵਾਈ ਹੇਠ ਪਹਿਲਾਂ ਯੂਨੀਵਰਸਿਟੀ ਤੇ ਫੇਰ ਆਲ ਇੰਡੀਆ ਇੰਟਰ `ਵਰਸਿਟੀ ਚੈਂਪੀਅਨ ਬਣ ਗਿਆ ਸੀ। 1973 ਵਿੱਚ ਹੀ ਕਰਤਾਰ ਨੇ ਮਾਸਕੋ ਵਿਖੇ ਹੋਈਆਂ ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ ਹਿੱਸਾ ਲਿਆ। ਇਹ ਉਸ ਦਾ ਪਹਿਲਾ ਇੰਟਰਨੈਸ਼ਨਲ ਟੂਰ ਸੀ। 1974 ਵਿੱਚ ਹੀ ਕਰਤਾਰ ਨੇ ਦਿੱਲੀ ਜਾ ਕੇ ਗੁਰੂ ਹਨੂੰਮਾਨ ਦੇ ਅਖਾੜੇ ਵਿੱਚ ਦਾਖਲਾ ਲੈ ਲਿਆ, ਜਿੱਥੇ ਉਸ ਨੇ 10 ਸਾਲ ਅਖਾੜੇ ਵਿੱਚ ਜ਼ੋਰ ਕੀਤਾ। ਇਸ ਦੌਰਾਨ ਕਰਤਾਰ ਨੇ ਟਰਾਇਲਾਂ ਵਿੱਚ ਭਾਰਤ ਦੇ ਪ੍ਰਸਿੱਧ ਪਹਿਲਵਾਨ ਮੁਰਾਰੀ ਨੂੰ ਹਰਾ ਕੇ ਸਨਸਨੀ ਫੈਲਾ ਦਿੱਤੀ। ਮੁਰਾਰੀ 84 ਕਿਲੋ ਭਾਰ `ਚ ਘੁਲਦਾ ਸੀ ਤੇ ਕਰਤਾਰ 74 ਕਿਲੋ ਵਿੱਚ। ਦੋਵਾਂ ਨੇ 82 ਕਿਲੋ ਵਿੱਚ ਕੁਸ਼ਤੀ ਲੜੀ। ਕਰਤਾਰ ਦਾ ਕਹਿਣਾ ਹੈ ਕਿ ਇੱਥੋਂ ਹੀ ਉਸ ਦੀ ਲਾਈਨ ਬਦਲ ਗਈ। 1980 ਵਿੱਚ ਕਰਤਾਰ ਨੇ ਸੋਵੀਅਤ ਰੂਸ ਦੇ ਸ਼ਹਿਰ ਮਿੰਸਕ ਵਿਖੇ ਹੋਈ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਅਤੇ 1982 ਵਿੱਚ ਮੰਗੋਲੀਆ ਵਿਖੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ। 1978 ਦੀਆਂ ਬੈਂਕਾਕ ਤੇ 1986 ਦੀਆਂ ਸਿਓਲ ਏਸ਼ਿਆਈ ਖੇਡਾਂ ਵਿੱਚ ਉਸ ਨੇ ਸੋਨੇ ਦਾ ਤਮਗਾ ਜਿੱਤਿਆ। ਰਾਸ਼ਟਰਮੰਡਲ ਖੇਡਾਂ ਦੇ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਕਰਤਾਰ ਨੇ 1978 ਵਿੱਚ ਐਡਮਿੰਟਨ ਵਿਖੇ ਕਾਂਸੀ ਤੇ 1982 ਵਿਚ ਬ੍ਰਿਸਬੇਨ ਵਿਖੇ ਚਾਂਦੀ ਦਾ ਤਮਗਾ ਜਿੱਤਿਆ। 1979 ਵਿੱਚ ਸ਼ੁਰੂ ਹੋਈ ਪਹਿਲੀ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਉਸ ਨੇ ਸੱਟ ਲੱਗਣ ਦੇ ਬਾਵਜੂਦ ਚਾਂਦੀ ਦਾ ਤਮਗਾ ਜਿੱਤਿਆ। ਕਰਤਾਰ ਸਿੰਘ ਨੇ ਤਿੰਨ ਓਲੰਪਿਕ ਖੇਡਾਂ ਵਿੱਚ ਭਾਰਤ ਕੁਸ਼ਤੀ ਟੀਮ ਦੀ ਅਗਵਾਈ ਕੀਤੀ। 1988 ਦੀਆਂ ਸਿਓਲ ਓਲੰਪਿਕ ਖੇਡਾਂ ਵਿੱਚ ਤਾਂ ਭਾਰਤੀ ਖੇਡ ਦਲ ਦਾ ਝੰਡਾਬਰਦਾਰ ਸੀ।
1992 ਵਿੱਚ ਚਾਲੀ ਵਰਿ੍ਹਆਂ ਨੂੰ ਢੁੱਕੇ ਕਰਤਾਰ ਨੇ ਵੈਟਰਨ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ। ਪਹਿਲੇ ਹੀ ਸਾਲ ਕਰਤਾਰ ਵਿਸ਼ਵ ਚੈਂਪੀਅਨ ਬਣ ਗਿਆ। ਕਰਤਾਰ ਵੀਹ ਵਾਰ ਵਿਸ਼ਵ ਚੈਂਪੀਅਨ ਬਣਿਆ। ਕਰਤਾਰ ਸਿੰਘ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਂ ਉਤੇ ਕੌਮਾਂਤਰੀ ਕੁਸ਼ਤੀ ਟੂਰਨਾਮੈਂਟ ਸ਼ੁਰੂ ਕਰਵਾਇਆ। ਉਹ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਕੁਸ਼ਤੀਆਂ, ਮੰਨਣਹਾਣੇ ਦੀ ਛਿੰਝ ਦੀ ਵੀ ਸਰਪ੍ਰਸਤੀ ਕਰਦਾ। ਪੁਰੇਵਾਲ ਖੇਡਾਂ ਦੌਰਾਨ ਕੁਸ਼ਤੀਆਂ ਮੁਕਾਬਲੇ ਉਸ ਦੀ ਦੇਖ-ਰੇਖ ਹੇਠ ਹੁੰਦੇ ਹਨ। ਸੁਰ ਸਿੰਘ ਉਹ ਸਾਲ ਵਿੱਚ ਦੋ ਵਾਰ ਦੰਗਲ ਕਰਵਾਉਂਦਾ ਹੈ।
ਕਰਤਾਰ ਸਿੰਘ ਦੀਆਂ ਕੁਸ਼ਤੀਆਂ ਨੇ ਚੋਟੀ ਦੇ ਕਹਾਣੀਕਾਰ ਵਰਿਆਮ ਸੰਧੂ ਨੂੰ ਵੀ ਕੀਲ ਲਿਆ। ਕਰਤਾਰ ਦੇ ਗਰਾਈਂ ਵਰਿਆਮ ਸਿੰਘ ਸੰਧੂ ਨੇ ਕਰਤਾਰ ਸਿੰਘ ਦੀ ਜੀਵਨੀ ‘ਕੁਸ਼ਤੀ ਦਾ ਧਰੂ ਤਾਰਾ’ ਲਿਖੀ। ਹਾਲਾਂਕਿ ਵਰਿਆਮ ਸੰਧੂ ਖਿਡਾਰੀਆਂ ਬਾਰੇ ਲਿਖਣ ਨੂੰ ਤਰਜੀਹ ਨਹੀਂ ਦਿੰਦੇ ਸਨ, ਪਰ ਕਰਤਾਰ ਸਿੰਘ ਅੱਗੇ ਉਹ ਛੇਤੀ ਢਹਿ ਗਏ। ਕਰਤਾਰ ਸਿੰਘ ਦੀ ਜੀਵਨੀ ਉਨ੍ਹਾਂ ਨੇ ਅਜਿਹੀ ਸਾਹਿਤਕ ਰੰਗ ਵਿੱਚ ਲਿਖੀ ਕਿ ਅੱਜ ਇਹ ਜੀਵਨੀ ਸਾਹਿਤਕ ਹਲਕਿਆਂ ਵਿੱਚ ਖੇਡ ਹਲਕਿਆਂ ਜਿੰਨੀ ਹੀ ਸ਼ਿੱਦਤ ਨਾਲ ਪੜ੍ਹੀ ਜਾਂਦੀ ਹੈ। ਕਰਤਾਰ ਸਿੰਘ ਅੱਜ ਵੀ ਕੁਸ਼ਤੀ ਅਖਾੜਿਆਂ ਵਿੱਚ ਕੁੱਦਿਆ ਹੋਇਆ ਹੈ। ਕਰਤਾਰ ਸਿੰਘ ਦਾ ਸਮੁੱਚਾ ਖੇਡ ਜੀਵਨ ਨਵੀਂ ਉਮਰ ਦੇ ਭਲਵਾਨਾਂ ਲਈ ਪ੍ਰੇਰਨਾ ਸ੍ਰੋਤ ਹੈ। ਉਨ੍ਹਾਂ ਤੋਂ ਵੱਡਾ ਕੋਈ ਭਲਵਾਨ ਨਹੀਂ ਹੋਇਆ ਅਤੇ ਕਰਤਾਰ ਸਿੰਘ ਦੇ ਸੋਹਲੇ ਜੁੱਗੋ-ਜੁੱਗ ਗਾਏ ਜਾਂਦੇ ਰਹਿਣਗੇ।

Leave a Reply

Your email address will not be published. Required fields are marked *