ਆਪਸੀ ਏਕਤਾ, ਸੀਟਾਂ ਦੀ ਵੰਡ ਅਤੇ ਚੋਣ ਮੈਨੇਜਮੈਂਟ ਦੀ ਹੋਏਗੀ ਕੇਂਦਰੀ ਭੂਮਿਕਾ
-ਜਸਵੀਰ ਸਿੰਘ ਸ਼ੀਰੀ
ਅਠਾਈ ਵਿਰੋਧੀ ਪਾਰਟੀਆਂ ਵੱਲੋਂ ਕਾਇਮ ਕੀਤੇ ਗਏ ਗੱਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲਿਊਸਿਵ ਅਲਾਇੰਸ (ਇੰਡੀਆ) ਦੀ ਮੀਟਿੰਗ ਦਿੱਲੀ ਵਿੱਚ ਹਾਲ ਹੀ ਵਿੱਚ ਆਯੋਜਤ ਕੀਤੀ ਗਈ। ਇਸ ਗੱਠਜੋੜ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਇਹ ਚੌਥੀ ਮੀਟਿੰਗ ਸੀ। ਪਹਿਲੀ ਮੀਟਿੰਗ 23 ਜੂਨ ਨੂੰ ਪਟਨਾ ਵਿੱਚ ਹੋਈ ਸੀ। ਦੂਜੀ 17-18 ਜੁਲਾਈ ਨੂੰ ਬੈਂਗਲੂਰੂ ਵਿੱਚ, ਜਦਕਿ ਤੀਜੀ ਮੀਟਿੰਗ ਅਗਸਤ 31 ਤੇ ਪਹਿਲੀ ਸਤੰਬਰ ਨੂੰ ਮੁੰਬਈ ਵਿੱਚ।
ਐਨ.ਡੀ.ਏ. ਗੱਠਜੋੜ ਦੇ ਭਾਈਵਾਲ ਜਦੋਂ ਪਹਿਲੀਆਂ ਤਿੰਨ ਮੀਟਿੰਗਾਂ ਵਿੱਚ ਮਿਲੇ ਸਨ ਤਾਂ ਕਾਂਗਰਸ ਪਾਰਟੀ ਵਿੱਚ ਕਰਨਾਟਕਾ ਦੀ ਜਿੱਤ ਅਤੇ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਵੱਲੋਂ ਅਰਜਿਤ ਕੀਤੀ ਗਈ ਤਾਜ਼ੀ ਊਰਜਾ ਸੀ, ਪਰ ਹੁਣ ਤਿੰਨ ਵੱਡੇ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਦੀ ਨਿਰਾਸ਼ਾ ਪੱਲੇ ਹੈ। ਇਸ ਦੇ ਅਸਰ ਕਾਂਗਰਸ ਦੇ ਵਿਹਾਰ ਅਤੇ ਸਰੀਰਕ ਭਾਸ਼ਾ (ਬੀਹੇਵੀਅਰ ਐਂਡ ਬੌਡੀ ਲੈਂਗੁਏਜ) ਵਿੱਚੋਂ ਵੀ ਜ਼ਾਹਰ ਹੋਣ ਲੱਗੇ ਹਨ। ਇੰਡੀਆ ਗੱਠਜੋੜ ਦੇ ਭਾਈਵਾਲਾਂ ਵਿੱਚ ਹੋਈ ਤਾਜ਼ਾ ਨੇੜਤਾ ਨੂੰ ਭਾਜਪਾ ਦਾ ਸਭਨਾਂ ਵਿਰੋਧੀਆਂ ਪ੍ਰਤੀ ਪਾਰਲੀਮੈਂਟ ਵਿੱਚ ਅਪਨਾਇਆ ਜਾ ਰਿਹਾ ਹਮਲਾਵਰ ਰਵੱਈਆ ਹੋਰ ਪੱਕਿਆਂ ਕਰਨ ਦਾ ਸਬੱਬ ਬਣ ਰਿਹਾ ਹੈ।
ਹਾਲ ਹੀ ਵਿੱਚ ਹੋਈਆਂ ਪੰਜ ਰਾਜਾਂ ਦੀਆਂ ਅਸੈਂਬਲੀ ਚੋਣਾਂ ਦੌਰਾਨ ਕਾਂਗਰਸ ਨੂੰ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛਤੀਸਗੜ੍ਹ ਵਿੱਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਛਤੀਸਗੜ੍ਹ ਜਿੱਥੇ ਕਾਂਗਰਸ ਪਾਰਟੀ ਨੂੰ ਜਿੱਤਣ ਦੀ ਆਸ ਸੀ, ਉਹ ਵੀ ਉਸ ਦੇ ਹੱਥੋਂ ਖਿਸਕ ਗਿਆ। ਰਾਜਸਥਾਨ ਵੀ ਆਪਣੀ ਸਰਕਾਰ ਦੇ ਹੁੰਦੇ-ਸੁੰਦੇ ਭਾਜਪਾ ਕੋਲ ਚਲਾ ਗਿਆ ਹੈ। ਕਾਂਗਰਸ ਸਿਰਫ ਤਿਲੰਗਾਨਾ ਵਿੱਚ ਜਿੱਤ ਹਾਸਲ ਕਰਨ ਵਿੱਚ ਕਾਮਯਾਬ ਰਹੀ ਹੈ। ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਵਿੱਤੋਂ ਵੱਧ ਆਸ਼ਾਵਾਦੀ ਵਿਖਾਈ ਦੇ ਰਹੀ ਸੀ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ‘ਇੰਡੀਆ’ ਗੱਠਜੋੜ ਵਿੱਚ ਜੁੜੀਆਂ ਕਈ ਪਾਰਟੀਆਂ ਵੀ ਕਾਂਗਰਸ ਨਾਲ ਖਹਿਬੜਦੀਆਂ ਨਜ਼ਰ ਆਈਆਂ। ਪੰਜ ਰਾਜਾਂ ਵਿੱਚ ਹੋਈਆਂ ਇਨ੍ਹਾਂ ਵਿਧਾਨ ਸਭਾ ਚੋਣਾਂ ਨੇ ਵਿਰੋਧੀ ਗੱਠਜੋੜ ਵਿੱਚ ਜੁੜੀਆਂ ਤਕਰੀਬਨ ਸਾਰੀਆਂ ਪਾਰਟੀਆਂ ਨੂੰ ਆਪੋ ਆਪਣੀ ਥਾਂ ਵਿਖਾ ਦਿੱਤੀ ਹੈ। ਵਿਰੋਧੀ ਧੜਿਆਂ ਵਿੱਚ ਸਾਰੀ ਨਿਰਾਸ਼ਾ ਦੇ ਬਾਵਜੂਦ ਇਹੋ ਉਨ੍ਹਾਂ ਲਈ ਹਾਂ-ਮੁਖੀ ਪੱਖ ਹੈ ਕਿ ਭਾਜਪਾ ਹੱਥੋਂ ਮਿਲੀ ਤਾਜ਼ਾ ਹਾਰ ਨੇ ਉਨ੍ਹਾਂ ਨੂੰ ਇੱਕ ਦੂਜੇ ਦੇ ਨੇੜੇ ਹੋਣ ਲਈ ਮਜ਼ਬੂਰ ਕਰ ਦਿੱਤਾ। ਤਿਲੰਗਾਨਾ ਤੋਂ ਇਲਾਵਾ ਰਾਜਸਥਾਨ ਅਤੇ ਛਤੀਸਗੜ੍ਹ ਵਿੱਚ ਵੀ ਜੇ ਕਾਂਗਰਸ ਪਾਰਟੀ ਜਿੱਤ ਜਾਂਦੀ ਤਾਂ ਹੋ ਸਕਦਾ ਹੈ ਕਿ ਇਸ ਦਾ ਉਤਸ਼ਾਹ ‘ਇੰਡੀਆ’ ਗੱਠਜੋੜ ਦੀ ਹੋਂਦ ਨੂੰ ਹੀ ਸਮੇਟ ਦਿੰਦਾ।
ਇਹ ਠੀਕ ਹੈ ਕਿ ਦਿੱਲੀ ਦੇ ਅਸ਼ੋਕਾ ਹੋਟਲ ਵਿੱਚ 19 ਦਸੰਬਰ ਵਾਲੇ ਦਿਨ ਹੋਈ ਕਾਂਗਰਸ ਦੀ ਅਗਵਾਈ ਵਾਲੇ ਇਸ ਗੱਠਜੋੜ ਦੀ ਮੀਟਿੰਗ ਵਿਚੋਂ ਬਹੁਤਾ ਕੁਝ ਕੱਢਣ ਪਾਉਣ ਨੂੰ ਨਹੀਂ ਨਿਕਲਿਆ ਅਤੇ ਮੀਡੀਆ, ਖਾਸ ਕਰਕੇ ਕੁਝ ਮੁਤਬਾਦਲ ਮੀਡੀਆ ਵਿੱਚ ਵੀ ਨਿਰਾਸ਼ਾਮਈ ਸੁਰ ਵੇਖਣ ਨੂੰ ਮਿਲੀ, ਪਰ ਕਈ ਅਦਾਰਿਆਂ ਨੇ ਆਸ ਦਾ ਪੱਲਾ ਫੜੀ ਰੱਖਿਆ ਹੈ। ਕਹਿ ਸਕਦੇ ਹਾਂ ਕੇ ਭਾਜਪਾ ਵਿਰੋਧੀ ਗੱਠਜੋੜ ਦੀ ਪੰਜ ਰਾਜਾਂ ਦੀਆਂ ਚੋਣਾਂ ਤੋਂ ਬਾਅਦ ਹੋਈ ਇਸ ਮੀਟਿੰਗ ਤੋਂ ਬਾਅਦ ਅਗਲੀ ਕਾਰਗੁਜ਼ਾਰੀ ਨੂੰ, ਲੋਕ ਸਭਾ ਚੋਣਾਂ ਦੀ ਦਿਸ਼ਾ ਵਿੱਚ ਜੇ ਤੇਜ਼ ਕਰਦੀ ਹੈ ਤਾਂ ਹਾਂ-ਮੁਖੀ ਸਿੱਟੇ ਨਿਕਲ ਸਕਦੇ ਹਨ। ਕਿਉਂਕਿ ਅਗਲੇ ਸਾਲ ਅਪ੍ਰੈਲ ਵਿੱਚ ਹੋਣ ਵਾਲੀਆਂ ਚੋਣਾਂ ਦੀ ਤਿਆਰੀ ਲਈ ਹੁਣ 100 ਕੁ ਦਿਨ ਦਾ ਸਮਾਂ ਹੀ ਮਸਾਂ ਬਚਿਆ ਹੈ। ਇਸ ਲਈ ਕਾਂਗਰਸ ਪਾਰਟੀ ਅਤੇ ਉਸ ਦੇ ਭਾਈਵਾਲਾਂ ਵਿਚਕਾਰ ਸੀਟਾਂ ਦੀ ਵੰਡ ਅਤੇ ਚੋਣ ਮੁਹਿੰਮ ਨੂੰ ਸਮੇਂ ਸਿਰ ਗੇਅਰ ਵਿੱਚ ਪਾਉਣਾ ਦਾ ਤਤਕਾਲੀ ਕਾਰਜ ਸਿਰ ‘ਤੇ ਖੜ੍ਹਾ ਹੈ। ਇਸ ਤੋਂ ਇਲਾਵਾ ਗੱਠਜੋੜ ਦੇ ਭਾਈਵਾਲਾਂ ਵਿਚਕਾਰ ਪੀਡੀ ਏਕਤਾ, ਵੋਟਾਂ ਦਾ ਤਬਾਦਲਾ ਅਤੇ ਹੇਠਲੇ ਪੱਧਰ ਤੱਕ ਬੂਥ ਮੈਨੇਜਮੈਂਟ ਔਖੇ ਕਾਰਜ ਹੋਣਗੇ। ਅਸਲ ਵਿੱਚ ਇਹ ਚੋਣ ਮੈਨੇਜਮੈਂਟ ਵਾਲਾ ਪੱਖ ਹੀ ਹੈ, ਜਿੱਥੇ ਭਾਜਪਾ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੂੰ ਮਾਤ ਦੇ ਰਹੀ ਹੈ। ਕੇਂਦਰ ਵਿੱਚ ਸੱਤਾ, ਅਥਾਹ ਆਰਥਿਕ ਸੋਮਿਆਂ, ਵੱਡੀ ਕਾਰਪੋਰੇਟ ਲਾਬੀ ਦੀ ਹਮਾਇਤ, ਰਾਜ ਸ਼ਕਤੀ ਦੀ ਵਰਤੋਂ/ਕੁਵਰਤੋਂ ਅਤੇ ਵੋਟ ਫੀਸਦੀ ਪ੍ਰਤੀ ਮਾਈਕਰੋ ਕਿਸਮ ਦੀ ਮੈਨੇਜਮੈਟ ਤੇ ਇਕਜੁੱਟ ਕਮਿੱਟਡ ਕਾਡਰ ਕਾਰਨ ਹੀ ਭਾਜਪਾ ਵਿਰੋਧੀਆਂ ‘ਤੇ ਭਾਰੀ ਪੈ ਰਹੀ ਹੈ।
ਇਸ ਦ੍ਰਿਸ਼ਟੀ ਤੋਂ ਦਿੱਲੀ ਵਾਲੀ ਮੀਟਿੰਗ ਵਿੱਚੋਂ ‘ਇੰਡੀਆ’ ਗੱਠਜੋੜ ਨੂੰ ਕੁਝ ਮਹੱਤਵਪੂਰਨ ਲੈ ਕੇ ਉੱਠਣਾ ਚਾਹੀਦਾ ਸੀ। ਤੇਜ਼ੀ ਨਾਲ ਨਤੀਜਾ ਮੁਖੀ ਕਦਮ ਚੁੱਕੇ ਬਿਨਾ ਆ ਰਹੀਆਂ ਲੋਕ ਸਭਾ ਚੋਣ ਵਿੱਚ ਕਾਂਗਰਸ ਅਤੇ ਉਸ ਦੀ ਭਾਈਵਾਲੀ ਵਾਲੇ ਗੱਠਜੋੜ ਦਾ ਭਵਿੱਖ, ਸਿਰ ਤੋਂ ਪੈਰਾਂ ਤੱਕ ਜਥੇਬੰਦ ਭਾਜਪਾ ਸਾਹਮਣੇ ਬਹੁਤਾ ਲਿਸ਼ਕਵਾਂ ਨਹੀਂ ਹੋਣ ਵਾਲਾ। ਫਿਰ ਵੀ ਇਸ ਪੱਖੋਂ ਸੰਤੁਸ਼ਟੀ ਪ੍ਰਗਟ ਕੀਤੀ ਜਾ ਸਕਦੀ ਹੈ ਕਿ ਪ੍ਰਮੁੱਖ ਭਾਈਵਾਲ, ਮਮਤਾ ਬੈਨਰਜੀ ਨੇ ਪੀ. ਐਮ. ਦੇ ਚਿਹਰੇ ਲਈ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਦਾ ਨਾਂ ਸੁਝਾਇਆ ਹੈ ਅਤੇ ‘ਆਪ’ ਆਗੂ ਅਰਵਿੰਦ ਕੇਜਰੀਵਾਲ ਨੇ ਇਸ ਦੀ ਤਾਈਦ ਕਰ ਦਿੱਤੀ ਹੈ।
ਮੀਟਿੰਗ ਤੋਂ ਬਾਅਦ ਭਾਵੇਂ ਕਈ ਹੋਰ ਪਾਰਟੀਆਂ ਦੇ ਆਗੂ ਵੀ ਪ੍ਰੈਸ ਨਾਲ ਗੱਲਬਾਤ ਕਰਦੇ ਨਜ਼ਰ ਆਏ, ਪਰ ਪ੍ਰਮੁੱਖ ਰੂਪ ਵਿੱਚ ਪ੍ਰੈਸ ਬਰੀਫਿੰਗ ਮਲਿਕਾਰਜੁਨ ਖੜਗੇ ਨੇ ਹੀ ਦਿੱਤੀ। ਰਾਜਨੀਤਿਕ ਵਿਸ਼ਲੇਸ਼ਕਾਂ ਅਨੁਸਾਰ ਕਾਂਗਰਸ ਦੀ ਅਗਵਾਈ ਵਾਲੇ ਗੱਠਜੋੜ ਨੂੰ ਆਪਣੀ ਕੋਆਰਡੀਨੇਸ਼ਨ ਕਮੇਟੀ ਜਾਂ ਕਨਵੀਨਰ ਬਾਰੇ ਵੀ ਫੈਸਲਾ ਜਲਦੀ ਨਾਲ ਨਬੇੜ ਲੈਣਾ ਚਾਹੀਦਾ ਹੈ ਤਾਂ ਕਿ ਵਿਰੋਧੀ ਗੁੱਟਾਂ ਵਿੱਚ ਇੱਕਜੁਟਤਾ ਨਜ਼ਰ ਆਵੇ। ਵਿਰੋਧੀ ਪਾਰਟੀਆਂ ਦਾ ਜਥੇਬੰਦਕ ਢਾਂਚਾ, ਡਸਿਪਲਨ ਅਤੇ ਸਮਰੱਥ ਅਗਵਾਈ ਨਾਲ ਆਮ ਲੋਕਾਂ ਦੀ ਪ੍ਰਸੈਪਸ਼ਨ ਤੇਜ਼ੀ ਨਾਲ ਬਦਲ ਸਕਦੀ ਹੈ। ਜਿਨ੍ਹਾਂ ਤਿੰਨ ਰਾਜਾਂ ਵਿੱਚ ਹਾਲ ਵਿੱਚ ਭਾਰਤੀ ਜਨਤਾ ਪਾਰਟੀ ਜਿੱਤੀ, ਉਨ੍ਹਾਂ ਵਿਚੋਂ ਦੋ ਵਿੱਚ ਵੋਟ ਫੀਸਦੀ ਦਾ ਬਹੁਤਾ ਫਰਕ ਨਹੀਂ ਹੈ, ਚੋਣ ਅਮਲ ਨੂੰ ਅਸਰਦਾਰ ਅਤੇ ਬਾਰੀਕੀ ਨਾਲ ਮੈਨੇਜ ਕਰਨ ਕਰਕੇ ਹੀ ਭਾਜਪਾ ਜਿੱਤੀ ਹੈ। ਇਸ ਤੋਂ ਇਲਾਵਾ ਵੱਡਾ ਮਸਲਾ ਈ.ਵੀ.ਐਮ. ਮਸ਼ੀਨਾਂ ਦਾ ਉਠਾਇਆ ਜਾ ਰਿਹਾ, ਜਿਸ ਬਾਰੇ ਕਾਂਗਰਸ ਦੀ ਅਗਵਾਈ ਵਾਲਾ ਗੱਠਜੋੜ ਬਹੁਤਾ ਕੁਝ ਨਹੀਂ ਬੋਲ ਰਿਹਾ।
ਕੁੱਲ ਹਿੰਦ ਰਾਜਨੀਤੀ ‘ਤੇ ਨੇੜੇ ਤੋਂ ਨਜ਼ਰ ਰੱਖਣ ਵਾਲੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕੇਰਲਾ, ਪੰਜਾਬ, ਪੱਛਮੀ ਬੰਗਾਲ ਜਿਹੇ ਰਾਜਾਂ ਵਿੱਚ ਹੀ ਗੱਠਜੋੜ ਨੂੰ ਸੀਟਾਂ ਦੀ ਵੰਡ ਵਿੱਚ ਕੁੱਝ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਬਾਕੀ ਸਾਰੇ ਕਿਤੇ ਜਿਹੜੀ ਖੇਤਰੀ ਪਾਰਟੀ ਤਾਕਤਵਰ, ਸੱਤਾ ਵਿੱਚ ਹੈ ਜਾਂ ਜਿੱਤਣ ਦੀ ਸਮਰੱਥਾ ਰੱਖਦੀ ਹੈ, ਉਸ ਰਾਜ ਵਿੱਚ ਫੈਸਲਾਕੁੰਨ ਸ਼ਕਤੀ ਉਸ ਕੋਲ ਹੀ ਹੋਏਗੀ। ਇਸ ਬਾਰੇ ਵੀ ਦਿੱਲੀ ਵਾਲੀ ਮੀਟਿੰਗ ਵਿੱਚ ਸਹਿਮਤੀ ਹੋ ਗਈ ਹੈ। ਜਦਕਿ ਸਮੁੱਚੇ ਤੌਰ ‘ਤੇ ਕੌਮੀ ਪੱਧਰ ‘ਤੇ ਕਾਂਗਰਸ ਪਾਰਟੀ ਹੀ ਵੱਡੀ ਮੁਤਬਾਦਲ ਪਾਰਟੀ ਹੈ। ਉਸੇ ਨੂੰ ਸਮੁੱਚੀ ਅਗਵਾਈ ਸਾਂਭਣੀ ਹੋਵੇਗੀ। ਦਿੱਲੀ ਵਾਲੀ ਮੀਟਿੰਗ ਵਿੱਚ ਇਸ ਪੱਖੋਂ ਵੀ ਕਾਂਗਰਸ ਹਰਕਤ ਵਿੱਚ ਨਜ਼ਰ ਆਈ।