*ਛੇ ਜਣੇ ਗ੍ਰਿਫਤਾਰ *ਸਾੜੇ ਗਏ ਫੋਨ ਪੁਲਿਸ ਨੇ ਬਰਾਮਦ ਕੀਤੇ
*ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਦੇ 141 ਐਮ.ਪੀ. ਮੁਅੱਤਲ
ਬੀਤੀ 13 ਦਸੰਬਰ ਨੂੰ ਜਦੋਂ ਸੰਸਦ, ਖ਼ਾਸ ਕਰਕੇ ਸਰਕਾਰੀ ਧਿਰ ਸੰਸਦ ‘ਤੇ ਸਾਲ 2001 ਵਿੱਚ ਹੋਏ ਹਥਿਆਰਬੰਦ ਹਮਲੇ ਨੂੰ ਯਾਦ ਕਰ ਰਹੀ ਸੀ ਤਾਂ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚੋਂ ਇਕੱਠੇ ਹੋਏ 5 ਵਿੱਚੋਂ 2 ਨੌਜੁਆਨਾਂ ਨੇ ਸੰਸਦ ਦੇ ਅੰਦਰ ਵੜ ਕੇ ਧੂੰਆਂ ਪੈਦਾ ਕਰਨ ਵਾਲੇ ਬੰਬ ਚਲਾ ਦਿੱਤੇ। ਦੋ ਹੋਰ ਨੌਜਵਾਨਾਂ ਵੱਲੋਂ ਸੰਸਦ ਦੇ ਬਾਹਰ ਇਸੇ ਕਿਸਮ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਇਨ੍ਹਾਂ ਵਿੱਚੋਂ ਇੱਕ ਨੌਜਵਾਨ ਲਲਿਤ ਝਾਅ, ਜੋ ਸਾਰੀ ਘਟਨਾ ਦੀ ਵੀਡੀਓ ਬਣਾ ਰਿਹਾ ਸੀ ਅਤੇ ਸਾਜ਼ਿਸ਼ਘਾੜਾ ਦੱਸਿਆ ਜਾ ਰਿਹਾ ਹੈ, ਨੇ ਬਾਅਦ ਵਿੱਚ ਦਿੱਲੀ ਪੁਲਿਸ ਕੋਲ ਆਤਮ ਸਮਰਪਣ ਕਰ ਦਿੱਤਾ। ਘਟਨਾ ਤੋਂ ਬਾਅਦ ਲਲਿਤ ਝਾਅ ਨੂੰ ਪਨਾਹ ਦੇਣ ਵਾਲੇ ਇੱਕ ਵਿਅਕਤੀ ਮਹੇਸ਼ ਕੁਮਾਵਤ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ, ਉਸ ਕੋਲੋਂ ਵੀ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਇਸ ਕੇਸ ਵਿੱਚ ਹੁਣ ਤੱਕ ਛੇ ਗ੍ਰਿਫਤਾਰੀਆਂ ਹੋਈਆਂ ਹਨ। ਇਹ ਸਾਰੇ ਪੁਲਿਸ ਰਿਮਾਂਡ ਵਿੱਚ ਹਨ।
ਇਸ ਮਸਲੇ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਹੰਗਾਮੇ ਦੇ ਮੱਦੇਨਜ਼ਰ ਪਾਰਲੀਮੈਂਟ ਦੇ ਦੋਹਾਂ ਸਦਨਾਂ ਦੇ 141 ਐਮ.ਪੀ. ਮੁਅੱਤਲ ਕਰ ਦਿੱਤੇ ਗਏ ਹਨ। ਵਿਰੋਧੀ ਧਿਰਾਂ ਦੇ ਆਗੂ ਇਸ ਨੂੰ ਭਾਜਪਾ ਦੀ ਤਾਨਾਸ਼ਾਹੀ ਅਤੇ ਕਾਲੇ ਦੌਰ ਦਾ ਨਾਂ ਦੇ ਰਹੇ ਹਨ।
ਯਾਦ ਰਹੇ, ਦੋ ਨੌਜਵਾਨ ਜਿਹੜੇ ਪਾਰਲੀਮੈਂਟ ਵਿੱਚ ਦਾਖਲ ਹੋਏ, ਉਨ੍ਹਾਂ ਦੇ ਨਾਂ ਮਨੋਰੰਜਨ ਡੀ. ਅਤੇ ਸਾਗਰ ਸ਼ਰਮਾ ਦੱਸੇ ਗਏ ਹਨ। ਇਸ ਤੋਂ ਇਲਾਵਾ ਹਰਿਆਣਾ ਦੀ ਰਹਿਣ ਵਾਲੀ ਇੱਕ 37 ਸਾਲਾ ਲੜਕੀ ਨੀਲਮ ਅਤੇ ਅਮੋਲ ਛਿੰਦੇ ਨੇ ਰੰਗੀਨ ਧੂੰਏਂ ਦੇ ਕੈਨਿਸਟਰ ਚਲਾ ਕੇ ਪਾਰਲੀਮੈਂਟ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ‘ਤਾਨਾਸ਼ਾਹੀ ਨਹੀਂ ਚਲੇਗੀ’, ‘ਜੈ ਭਾਰਤ, ਜੈ ਭੀਮ’ ਅਤੇ ‘ਭਾਰਤ ਮਾਤਾ ਕੀ ਜੈ’ ਆਦਿ ਨਾਹਰੇ ਵੀ ਲਗਾਏ ਸਨ। ਪੰਜਵਾਂ ਮੈਂਬਰ ਲਲਿਤ ਝਾਅ ਦੋ ਦਿਨ ਬਾਅਦ ਪਲਿਸ ਵੱਲੋਂ ਦਿੱਲੀ ਵਿੱਚੋਂ ਗ੍ਰਿਫਤਾਰ ਕੀਤਾ ਗਿਆ। ਉਸ ਨੂੰ ਪਨਾਹ ਦੇਣ ਵਾਲਾ ਮਹੇਸ਼ ਕੁਮਾਵਤ ਵੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਇਹ ਸਾਰੇ ਨੌਜੁਆਨ ਫੇਸਬੁੱਕ ‘ਤੇ ‘ਭਗਤ ਸਿੰਘ ਫੈਨ ਪੇਜ’ ਦੇ ਜ਼ਰੀਏ ਇੱਕ ਦੂਜੇ ਨਾਲ ਜੁੜੇ ਹਏ ਸਨ। ਇੱਕ ਲੰਮੀ ਯੋਜਨਾਬੰਦੀ ਅਤੇ ਪਾਰਲੀਮੈਂਟ ਦੇ ਵੱਖ-ਵੱਖ ਬੂਹਿਆਂ ਦੀ ਰੈਕੀ ਕਰਨ ਤੋਂ ਬਾਅਦ ਉਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਲਲਿਤ ਝਾਅ, ਜਿਹੜਾ ਪ੍ਰਦਰਸ਼ਨ ਤੋਂ ਬਾਅਦ ਰਾਜਸਥਾਨ ਵੱਲ ਖਿਸਕ ਗਿਆ ਸੀ, ਉਸ ਦੀ ਨਿਸ਼ਾਨਦੇਹੀ ‘ਤੇ, ਜਾਂਚ ਕਰ ਰਹੀ ਪੁਲਿਸ ਟੀਮ ਨੇ ਸਾਰੇ ਗਰੁੱਪ ਦੇ ਸੜੇ ਹੋਏ ਫੋਨ ਰਾਜਸਥਾਨ ਦੇ ਕੁਛਮਾਨ ਵਿੱਚੋਂ ਬਰਾਮਦ ਕਰ ਲਏ ਹਨ। ਪੁਲਿਸ ਅਨੁਸਾਰ ਇੱਕ ਰਾਤ ਹੋਟਲ ਵਿੱਚ ਕੱਟਣ ਤੋਂ ਬਾਅਦ ਲਲਿਤ ਝਾਅ ਨਾਗੌਰ ਵਿੱਚ ਮਹੇਸ਼ ਕੁਮਾਵਤ ਨਾਮ ਦੇ ਇੱਕ ਵਿਅਕਤੀ ਕੋਲ ਰਿਹਾ। ਉਸ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਗ੍ਰਿਫਤਾਰ ਕੀਤਾ ਗਿਆ। ਪੁਲਿਸ ਅਨੁਸਾਰ ਇਹ ਵੀ ਉਕਤ ਪ੍ਰਦਰਸ਼ਨ ਦੀ ਸਾਜ਼ਿਸ਼ ਵਿੱਚ ਸ਼ਾਮਲ ਹੈ।
ਇਹ ਪੱਖ ਵੀ ਸਾਹਮਣੇ ਆਇਆ ਹੈ ਕਿ ਕਥਿਤ ਹਮਲੇ ਵਿੱਚ ਸ਼ਾਮਲ ਪ੍ਰਦਸ਼ਨਕਾਰੀ ਕੋਈ ਨਵੀਂ ਰਾਜਨੀਤਿਕ ਪਾਰਟੀ ਖੜ੍ਹੀ ਕਰਨੀ ਚਾਹੁੰਦੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਪੂਰੇ ਦੇਸ਼ ਦੇ ਲੋਕਾਂ ਦਾ ਧਿਆਨ ਖਿੱਚਣ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ। ਉਧਰ ਇਸ ਘਟਨਾ ਨੂੰ ਲੈ ਕੇ ਵਿਰੋਧੀ ਧਿਰ ਦਾ ਪਾਰਲੀਮੈਂਟ ਵਿੱਚ ਹੰਗਾਮਾ ਜਾਰੀ ਰਿਹਾ। ਵਿਰੋਧੀ ਧਿਰਾਂ ਪਾਰਲੀਮੈਂਟ ਦੇ ਅੰਦਰ-ਬਾਹਰ ਕੀਤੇ ਗਏ ਉਕਤ ਪ੍ਰਦਰਸ਼ਨ ਬਾਰੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵੱਲੋਂ ਪਾਰਲੀਮੈਂਟ ਵਿੱਚ ਬਿਆਨ ਦੇਣ ਦੀ ਮੰਗ ਕਰ ਰਹੀਆਂ ਹਨ, ਜਦਕਿ ਸੱਤਾਧਾਰੀ ਧਿਰ ਆਖ ਰਹੀ ਹੈ ਕਿ ਇਸ ਕਿਸਮ ਦੀ ਬਿਆਨਬਾਜ਼ੀ ਨਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਪ੍ਰਭਾਵਿਤ ਹੋਵੇਗੀ, ਇਸ ਲਈ ਵਿਰੋਧੀ ਧਿਰ ਨੂੰ ਇਸ ਮਸਲੇ ‘ਤੇ ਸਿਆਸਤ ਨਹੀਂ ਕਰਨੀ ਚਾਹੀਦੀ।
ਵਿਰੋਧੀ ਧਿਰ ਵੱਲੋਂ ਪਾਰਲੀਮੈਂਟ ਵਿੱਚ ਕੀਤੇ ਜਾ ਰਹੇ ਪ੍ਰਦਰਸ਼ਨ ਸਦਕਾ ਹੁਣ ਤੱਕ 141 ਪਾਰਲੀਮਾਨੀ ਮੈਂਬਰ ਮੁਅਤੱਲ ਕਰ ਦਿੱਤੇ ਗਏ ਹਨ। ਯਾਦ ਰਹੇ, ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਨੇ ਪਿਛਲੇ ਦਿਨੀਂ ਇਹ ਬਿਆਨ ਦਿੱਤਾ ਸੀ ਕਿ ਪਾਰਲੀਮੈਂਟ ਦੀ ਸੁਰੱਖਿਆ ਨੂੰ ਸੰਨ੍ਹ ਇਸ ਕਰਕੇ ਲੱਗੀ, ਕਿਉਂਕਿ ਦੇਸ਼ ਦੇ ਨੌਜਵਾਨ ਬੇਰੁਜ਼ਗਾਰੀ ਦੀ ਸਮੱਸਿਆ ਨੇ ਭਿਆਨਕ ਰੂਪ ਵਿੱਚ ਸਤਾਏ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡਾ ਮੁੱਦਾ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਾਰਲੀਮੈਂਟ ਦੀ ਸੁਰੱਖਿਆ ਨੂੰ ਸੰਨ੍ਹ ਲੱਗਣ ਦਾ ਮਾਮਲਾ ਬੇਹੱਦ ਗੰਭੀਰ ਹੈ, ਇਸ ‘ਤੇ ਸਿਆਸੀ ਰੇੜ੍ਹਕਾ ਨਹੀਂ ਖੜ੍ਹਾ ਕਰਨਾ ਚਾਹੀਦਾ।
ਇੱਥੇ ਇਹ ਦੱਸਣਾ ਵੀ ਦਿਲਚਸਪ ਰਹੇਗਾ ਕਿ ਪਾਰਲੀਮੈਂਟ ਵਿੱਚ ਜਾਣ ਵਾਲੇ ਵਿਅਕਤੀਆਂ ਨੇ ਅੰਦਰ ਦਾਖਲ ਹੋਣ ਅਤੇ ਦਰਸ਼ਕ ਗੈਲਰੀ ਵਿੱਚ ਬੈਠਣ ਲਈ ਬਾਕਾਇਦਾ ਪਾਸ ਬਣਵਾਏ ਹੋਏ ਸਨ ਅਤੇ ਇਹ ਪਾਸ ਮੈਸੂਰੂ ਦੇ ਪਾਰਲੀਮੈਂਟ ਮੈਂਬਰ ਅਤੇ ਭਾਜਪਾ ਆਗੂ ਪ੍ਰਤਾਪ ਸਿਮਾਹ ਦੇ ਰੈਫਰੈਂਸ ਨਾਲ ਬਣਵਾਏ ਗਏ ਸਨ। ਅੰਦਰ ਗਏ ਨੌਜਵਾਨ ਅਚਾਨਕ ਦਰਸ਼ਕ ਗੈਲਰੀ ਵਿੱਚੋਂ ਛਾਲ ਮਾਰ ਕੇ ਸੰਸਦ ਦੇ ਚੈਂਬਰ ਵਿੱਚ ਦਾਖਲ ਹੋਏ। ਇਨ੍ਹਾਂ ਨੌਜਵਾਨਾਂ ਨੇ ਸਪੀਕਰ ਦੇ ਆਸਣ ਵੱਲ ਵਧਣ ਦਾ ਯਤਨ ਕੀਤਾ। ਇੱਥੇ ਉਨ੍ਹਾਂ ਨਾਹਰੇਬਾਜ਼ੀ ਵੀ ਕੀਤੀ ਅਤੇ ਸੰਸਦ ਅੰਦਰ ਰੰਗੀਨ ਧੂੰਏਂ ਦੀ ਸਪਰੇਅ ਕੀਤੀ। ਸੰਸਦ ਮੈਂਬਰਾਂ ਨੇ ਇਨ੍ਹਾਂ ਨੂੰ ਗਲੀ-ਮੁਹੱਲੇ ਦੀ ਭੀੜ ਵਾਂਗ ਕੁੱਟਿਆ। ਬਾਅਦ ਵਿੱਚ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਸੰਸਦ ਦੇ ਬਾਹਰ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਵੀ ਪੁਲਿਸ ਨੇ ਮੌਕੇ ‘ਤੇ ਗ੍ਰਿਫਤਾਰ ਕੀਤਾ। ਚੈਂਬਰ ਵਿੱਚ ਛਾਲ ਮਾਰਨ ਵਾਲੇ ਦੋ ਨੌਜਵਨਾਂ ਵਿੱਚੋਂ ਮਨੋਰੰਜਨ ਡੀ. ਮਸੂਰੂ ਖੇਤਰ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਦਰਸ਼ਕ ਗੈਲਰੀ ਦਾ ਪਾਸ ਹਾਸਲ ਕਰਨ ਲਈ ਇੱਥੋਂ ਦੇ ਭਾਜਪਾ ਐਮ.ਪੀ. ਦੇ ਦਫਤਰ ਦੇ ਕਈ ਗੇੜੇ ਮਾਰੇ ਅਤੇ ਅਖੀਰ ਇਸ ਵਿੱਚ ਸਫਲ ਰਿਹਾ। ਮਨੋਰੰਜਨ ਡੀ. ਨੂੰ ਸਾਗਰ ਸ਼ਰਮਾ ਨੇ ਆਪਣੇ ਦੋਸਤ ਵਜੋਂ ਮੈਂਬਰ ਪਾਰਲੀਮੈਂਟ ਨੂੰ ਮਿਲਵਾਇਆ ਸੀ। ਇਸ ਦੌਰਾਨ ਭਾਜਪਾ ਐਮ.ਪੀ. ਸਿਮਹਾ ਦੇ ਦਫਤਰ ਨੇ ਆਪਣਾ ਬਚਾਅ ਕਰਦੇ ਹੋਏ ਕਿਹਾ ਕਿ ਮੈਂਬਰ ਪਾਰਲੀਮੈਂਟ ਅਕਸਰ ਆਪਣੇ ਖੇਤਰ ਦੇ ਲੋਕਾਂ ਨੂੰ ਪਾਰਲੀਮਾਨੀ ਕਾਰਵਾਈ ਵੇਖਣ ਲਈ ਪਾਸ ਜਾਰੀ ਕਰਦੇ ਹਨ।
ਪਾਰਲੀਮੈਂਟ ਅੰਦਰ ਅਤੇ ਬਾਹਰ ਕੀਤੇ ਗਏ ਇਸ ਧੂੰਆਂ ਪ੍ਰਦਰਸ਼ਨ ਤੋਂ ਬਾਅਦ ਭਾਜਪਾ ਸਰਕਾਰ ਅਤੇ ਵਿਰੋਧੀ ਪਾਰਟੀਆਂ ਵਿਚਕਾਰ ਪਾਰਲੀਮੈਂਟ ਵਿੱਚ ਤਿੱਖੀ ਬਹਿਸ ਚੱਲ ਪਈ। ਵਿਰੋਧੀ ਧਿਰ ਇਸ ਨੂੰ ਵੱਡੀ ਸੁਰੱਖਿਆ ਕੁਤਾਹੀ ਕਹਿ ਰਹੀ ਹੈ, ਸਰਕਾਰ ਇਸ ਦੀ ਜ਼ਿੰਮੇਵਾਰੀ ਕਾਂਗਰਸ ਅਤੇ ਕਮਿਊਨਿਸਟਾਂ ਵੱਲ ਖਿਸਕਾਉਣ ਦਾ ਯਤਨ ਕਰ ਰਹੀ ਹੈ।
ਭਾਜਪਾ ਦੇ ਆਗੂ ਅਮਿੱਤ ਮਾਲਵੀਆ ਨੇ ਇਸ ਸਬੰਧ ਵਿੱਚ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੰਸਦ ਦੀ ਸੁਰੱਖਿਆ ਵਿੱਚ ਸੰਨ੍ਹ ਲਾਉਣ ਵਾਲੇ ਵਿਅਕਤੀਆਂ ਦਾ ਡੀ.ਐਨ.ਏ. ਕਾਂਗਰਸ-ਕਮਿਊਨਿਸਟ ਵਿਚਾਰਧਾਰਾ ਨਾਲ ਜੁੜਿਆ ਹੋਇਆ ਹੈ। ਮਾਲਵੀਆ ਨੇ ਦੋਸ਼ ਲਾਇਆ ਕਿ ਇਹ ਅਜਿਹੇ ਅਨਸਰ ਹਨ, ਜਿਹੜੇ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਵਿੱਚ ਵੀ ਸ਼ਾਮਲ ਹੋਏ। ਇਨ੍ਹਾਂ ਦੀ ਪਾਰਲੀਮੈਂਟ ਕਾਂਡ ਵਿੱਚ ਵੀ ਸ਼ਾਮੂਲੀਅਤ ਰਹੀ ਹੈ। ਇਸ ਦੌਰਾਨ ਭਾਜਪਾ ਦੇ ਰਾਜ ਸਭਾ ਮੈਂਬਰ ਰਾਕੇਸ਼ ਸਿਨਾਹ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰਾਂ ਸੰਸਦੀ ਲੋਕਤੰਤਰ ਦੀਆਂ ਨੀਂਹਾਂ ਨੂੰ ਕਮਜ਼ੋਰ ਕਰਨ ਦਾ ਯਤਨ ਕਰ ਰਹੀਆਂ ਹਨ।
ਭਾਜਪਾ ਆਗੂ ਅਮਿੱਤ ਮਾਲਵੀਆ ਨੇ ਇੱਕ ਤਸਵੀਰ ਜਾਰੀ ਕੀਤੀ ਹੈ, ਜਿਸ ਵਿੱਚ ਸੰਸਦ ਸਾਹਮਣੇ ਪ੍ਰਦਰਸ਼ਨ ਕਰਨ ਵਾਲੀ ਲੜਕੀ ਕਥਿਤ ਤੌਰ ‘ਤੇ ਕਾਂਗਰਸ ਪਾਰਟੀ ਲਈ ਪ੍ਰਚਾਰ ਕਰਦੀ ਨਜ਼ਰ ਆ ਰਹੀ ਹੈ। ਉਧਰ ਵਿਰੋਧੀ ਧਿਰ ਦੇ ਆਗੂ ਲਗਾਤਾਰ ਮੰਗ ਕਰਦੇ ਰਹੇ ਕਿ ਇਸ ਘਟਨਾ ਸਬੰਧੀ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸਦਨ ਵਿੱਚ ਬਿਆਨ ਦੇਣ, ਜਦਕਿ ਭਾਜਪਾ ਦਾ ਆਖਣਾ ਹੈ ਕਿ ਸਦਨ ਦੀ ਕਾਰਵਾਈ ਸਪੀਕਰ ਦੇ ਅਧੀਨ ਹੁੰਦੀ ਹੈ, ਇਸ ਲਈ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਬਿਆਨ ਦੀ ਕੋਈ ਤੁਕ ਨਹੀਂ ਬਣਦੀ। ਇਸ ਗਤੀਰੋਧ ਦੇ ਜਾਰੀ ਰਹਿੰਦੇ 141 ਵਿਰੋਧੀ ਪਾਰਲੀਮਾਨੀ ਮੈਂਬਰ ਮੁਅਤੱਲ ਹੋ ਗਏ ਹਨ।
ਕਾਂਗਰਸ ਪਾਰਟੀ ਨੇ ਸੰਸਦ ਮੈਂਬਰਾਂ ਦੀ ਇਸ ਮੁਅਤੱਲੀ ਨੂੰ ‘ਜਮਹੂਰੀਅਤ ਦਾ ਕਤਲ’ ਕਰਾਰ ਦਿੱਤਾ ਹੈ। ਕਾਂਗਰਸ ਪਾਰਟੀ ਨੇ ਕਿਹਾ ਕਿ ਭਾਜਪਾ ਨੇ ਸੰਸਦ ਨੂੰ ‘ਰਬੜ ਦੀ ਮੋਹਰ’ ਤੱਕ ਸੀਮਤ ਕਰ ਦਿੱਤਾ ਹੈ। ਪਾਰਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੁਪਾਲ ਨੇ ਕਿਹਾ ਕਿ ਇੱਕ ਪਾਸੇ ਤਾਂ ਜਵਾਬਦੇਹੀ ਦੀ ਮੰਗ ਲਈ ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਦੂਜੇ ਪਾਸੇ ਸ਼ਰਾਰਤੀ ਅਨਸਰਾਂ ਨੂੰ ਲੋਕ ਸਭਾ ਵਿੱਚ ਦਾਖਲ ਹੋਣ ਲਈ ਮਦਦ ਕਰਨ ਵਾਲੇ ਭਾਜਪਾ ਸੰਸਦ ਮੈਂਬਰ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।