ਸੰਤ ਸਿੰਘ ਸੇਖੋਂ ਦਾ ਨਾਟਕ-ਸਿਧਾਂਤ

Uncategorized

ਡਾ. ਰਾਮ ਮੂਰਤੀ
ਆਧੁਨਿਕ ਪੰਜਾਬੀ ਸਾਹਿਤ ਤੇ ਆਲੋਚਨਾ ਦੇ ਇਤਿਹਾਸ ਵਿੱਚ ਸੰਤ ਸਿੰਘ ਸੇਖੋਂ ਨੂੰ ਇੱਕ ਬਹੁ-ਪੱਖੀ ਸਾਹਿਤਕਾਰ ਅਤੇ ਇੱਕ ਪ੍ਰਬੁੱਧ ਆਲੋਚਕ ਵਜੋਂ ਜਾਣਿਆ ਜਾਂਦਾ ਹੈ। ਪੰਜਾਬੀ ਅਦਬ ਦੀ ਸਿਰਜਣਾ ਅਤੇ ਸਮੀਖਿਆ ਦੇ ਖੇਤਰ ਵਿੱਚ ਉਹ ਨਵੀਆਂ ਪੈੜਾਂ ਛੱਡਣ ਵਾਲਾ ਇੱਕ ਇਤਿਹਾਸਕ ਵਿਅਕਤੀ ਸਿੱਧ ਹੋਇਆ ਹੈ। ਸਾਹਿਤ-ਸ਼ਾਸਤਰ ਬਾਰੇ ਲਿਖੀ ਉਸਦੀ ਪੁਸਤਕ ‘ਸਾਹਿਤਿਆਰਥ’ ਅੱਜ ਵੀ ਖੋਜਾਰਥੀਆਂ ਲਈ ਪਵਿੱਤਰ ਗ੍ਰੰਥ ਦਾ ਦਰਜਾ ਰੱਖਦੀ ਹੈ।

ਸਾਹਿਤ ਦੇ ਮਨੋਰਥ, ਸਾਹਿਤ ਵਿੱਚ ਕਲਾ, ਪੁਰਾਣੇ ਤੇ ਨਵੇਂ ਸਾਹਿਤ ਆਦਿ ਪੱਖਾਂ ਬਾਰੇ ਮੌਲਿਕ ਧਾਰਨਾਵਾਂ ਨੂੰ ਪ੍ਰਸਤੁਤ ਕਰਦੀ ਇਸ ਪੁਸਤਕ ਦੇ ਜ਼ਿਕਰ ਤੋਂ ਬਿਨਾਂ ਪੰਜਾਬੀ ਆਲੋਚਨਾ ਦੇ ਇਤਿਹਾਸ ਦੀ ਗੱਲ ਅਧੂਰੀ ਸਮਝੀ ਜਾਂਦੀ ਹੈ।
ਸਿਰਜਣਾ ਦੇ ਖੇਤਰ ਵਿੱਚ ਵੀ ਉਸਨੇ ਨਵੇਂ ਮੀਲ-ਪੱਥਰ ਸਥਾਪਿਤ ਕੀਤੇ ਹਨ। ਪੰਜਾਬੀ ਕਹਾਣੀ ਨੂੰ ਜੋ ਸੂਖਮਤਾ ਉਸ ਨੇ ਬਖਸ਼ੀ ਹੈ, ਵਿਰਕ ਨੂੰ ਛੱਡ ਕੇ ਕਿਸੇ ਹੋਰ ਦੇ ਹਿੱਸੇ ਨਹੀਂ ਆਈ। ਉਹ ਇੱਕ ਸਫ਼ਲ ਨਾਵਲਕਾਰ ਵੀ ਹੈ। ‘ਲਹੂ-ਮਿੱਟੀ’ ਨਾਵਲ ਦੇ ਹਾਣ ਦੀ ਯਥਾਰਥਵਾਦੀ ਰਚਨਾ ਪੰਜਾਬੀ ਨਾਵਲ ਦੇ ਇਤਿਹਾਸ ਵਿੱਚੋਂ ਲੱਭਣੀ ਬੜੀ ਮੁਸ਼ਕਿਲ ਹੈ। ਉਸਦੀ ਪ੍ਰਤੀਬੱਧਤਾ ਲੋਕ-ਕਲਿਆਣ ਨਾਲ ਜੁੜੀ ਹੋਈ ਸੀ, ਇਸੇ ਕਰਕੇ ਉਹ ਸਾਰੀ ਉਮਰ ਮਾਰਕਸਵਾਦੀ ਵਿਚਾਰਧਾਰਾ ਦਾ ਅਨੁਯਾਈ ਤੇ ਪ੍ਰਚਾਰਕ ਰਿਹਾ, ਕਿਉਂਕਿ ਇਹ ਵਿਚਾਰਧਾਰਾ ਸਮਾਜਕ ਬਰਾਬਰੀ ਦੇ ਆਦਰਸ਼ ਨੂੰ ਪ੍ਰਨਾਈ ਹੋਈ ਵਿਚਾਰਧਾਰਾ ਹੈ। ਇਸ ਲਈ ਸੇਖੋਂ ਅਨੁਸਾਰ ਉਹ ਰਚਨਾ ਹੀ ਉੱਤਮ ਤੇ ਅਮਰ ਹੋ ਸਕਦੀ ਹੈ, ਜਿਸ ਦਾ ਕਿਰਦਾਰ ਲੋਕ-ਕਲਿਆਣ ਹੋਵੇ। ਉਸ ਦੀ ਸਾਰੀ ਸਿਰਜਣਾ ਵਿੱਚੋਂ ਇਹੋ ਸਿਧਾਂਤ ਬੋਲਦਾ ਰਿਹਾ। ਉਸ ਦੇ ਨਾਟਕਾਂ ਦਾ ਧੁਰਾ ਵੀ ਇਹੋ ਵਿਚਾਰਧਾਰਾ ਬਣਦੀ ਹੈ।
ਸੰਤ ਸਿੰਘ ਸੇਖੋਂ ਨੇ ‘ਕਲਾਕਾਰ’, ‘ਨਾਰਕੀ’, ‘ਵਾਰਸ’, ‘ਭੂਮੀਦਾਨ’, ‘ਮੋਇਆ ਸਾਰ ਨਾ ਕਾਈ’, ‘ਬੇੜਾ ਬੰਧ ਨਾ ਸਕਿਓ’, ‘ਬਾਬਾ ਬੋਹੜ’, ‘ਦਮਯੰਤੀ’, ‘ਮਿੱਤਰ ਪਿਆਰਾ’, ‘ਸਿਆਲਾਂ ਦੀ ਨੱਢੀ’ ਆਦਿ ਪੂਰੇ ਨਾਟਕਾਂ ਦੀ ਸਿਰਜਣਾ ਕੀਤੀ। ਇਸ ਤੋਂ ਇਲਾਵਾ ‘ਤਪਿਆ ਕਿਉਂ ਖਪਿਆ’, ‘ਨਾਟ ਸੁਨੇਹੇ’, ‘ਸੁੰਦਰਪਣ’, ‘ਛੇ ਘਰ’ ਆਦਿ ਉਸ ਦੇ ਇਕਾਂਗੀ-ਸੰਗ੍ਰਹਿ ਛਪੇ। ਇਸ ਤਰ੍ਹਾਂ ਪੰਜਾਬੀ ਨਾਟਕਾਂ ਤੋਂ ਇਕਾਂਗੀਆਂ ਦੀ ਰਚਨਾ ਉਸ ਨੇ ਵੱਡੀ ਪੱਧਰ ’ਤੇ ਕੀਤੀ ਤੇ ਇੱਕ ਸਮਰੱਥ ਨਾਟਕਕਾਰ ਹੋਣ ਦਾ ਲੋਹਾ ਮਨਵਾਇਆ। ਉਸਦੀਆਂ ਬਾਕੀ ਰਚਨਾਵਾਂ ਵਾਂਗ ਨਾਟਕ ਵਿੱਚੋਂ ਵੀ ਉਸਦਾ ਮੌਲਿਕ ਸਿਧਾਂਤ ਉਭਰ ਕੇ ਸਾਹਮਣੇ ਆਉਂਦਾ ਹੈ। ਉਹ ਹਰ ਕੰਮ ਲੀਹ ਤੋਂ ਹੱਟ ਕੇ ਕਰਦਾ ਰਿਹਾ ਹੈ ਤੇ ਇਹ ਵਰਤਾਰਾ ਉਸਦੀ ਨਾਟਕੀ-ਚੇਤਨਾ ਵਿੱਚ ਵੀ ਕਾਇਮ ਰਹਿੰਦਾ ਹੈ। ਆਪਣੇ ਤੋਂ ਪਹਿਲਾਂ ਭਾਰਤੀ ਤੇ ਪੰਜਾਬੀ ਨਾਟਕ ਦੀ ਇੱਕ ਦੀਰਘ ਪਰੰਪਰਾ ਮੌਜੂਦ ਸੀ, ਪਰ ਉਸ ਨੇ ਇਸਦਾ ਪ੍ਰਭਾਵ ਬਹੁਤਾ ਨਾ ਕਬੂਲਦਿਆਂ ਇੱਕ ਵੱਖਰੀ ਪ੍ਰਕਾਰ ਦਾ ਨਾਟਕ ਲਿਖਿਆ, ਜੋ ਉਸਨੂੰ ਸਮੁੱਚੀ ਪੰਜਾਬੀ ਨਾਟ-ਪਰੰਪਰਾ ਵਿੱਚ ਅਲੱਗ, ਪਛਾਣ ਦਾ ਧਾਰਨੀ ਬਣਾਉਂਦਾ ਹੈ। ਉਸਦੇ ਲਗਭਗ ਸਾਰੇ ਨਾਟਕ ਮਨੁੱਖ ਦੀਆਂ ਬੌਧਿਕ ਸਮੱਸਿਆਵਾਂ ਨਾਲ ਜੁੜੇ ਹੋਏ ਹਨ। ਉਸ ਦੇ ਪ੍ਰਮੁੱਖ ਨਾਟਕਾਂ ਦੇ ਪਾਤਰ ਪੜ੍ਹੇ-ਲਿਖੇ ਤੇ ਬੌਧਿਕ ਸੋਚ ਦੇ ਮਾਲਕ ਹਨ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਆਪਣੀ ਪ੍ਰਕਾਰ ਦੀਆਂ ਹਨ। ਆਪਣੀਆਂ ਇੱਛਾਵਾਂ ਤੇ ਸੁਪਨਿਆਂ ਦੀ ਪੂਰਤੀ ਲਈ ਉਹ ਉਧਾਲਿਆਂ ਵਿੱਚ ਯਕੀਨ ਰੱਖ ਕੇ ਭਾਂਜਵਾਦੀ ਅਖਵਾਉਣ ਦੀ ਥਾਂ ਆਪਣੇ ਬਿਬੇਕ ਦੁਆਰਾ ਸਮੱਸਿਆ ਨੂੰ ਸੁਲਝਾਉਣ ਵਿੱਚ ਕਾਮਯਾਬ ਹੁੰਦੇ ਹਨ।
ਉਸਦੇ ਨਾਟਕ ‘ਕਲਾਕਾਰ’ ਦੀ ਪਾਤਰ ‘ਅਹੱਲਿਆ’ ਆਪਣਾ ਨਗਨ-ਚਿੱਤਰ ਕਲਾਕਾਰ ਇੰਦਰ ਤੋਂ ਬਣਵਾਉਂਦੀ ਹੈ। ਪਰ ਜਦੋਂ ਇਸ ਗੱਲ ਦਾ ਪਤਾ ਉਸਦੇ ਪ੍ਰੋਫੈਸਰ ਲੱਗੇ ਪਤੀ ਗੌਤਮ ਨੂੰ ਲੱਗਦਾ ਹੈ ਤਾਂ ਉਹ ਉਸ ਨਾਲ ਨਾਰਾਜ਼ ਹੋ ਜਾਂਦਾ ਹੈ, ਪਰ ਅਹੱਲਿਆ ਆਪਣੇ ਬਿਬੇਕ ਤੇ ਤਰਕਯੋਗਤਾ ਨਾਲ ਉਸਨੂੰ ਸੰਤੁਸ਼ਟ ਕਰਾ ਦਿੰਦੀ ਹੈ। ਉਹ ਇਹ ਸਿੱਧ ਕਰ ਦਿੰਦੀ ਹੈ ਕਿ ਇੰਦਰ ਤੋਂ ਨਗਨ-ਚਿੱਤਰ ਖਿਚਵਾਉਣ ਨਾਲ ਉਸਦਾ ਆਪਣੇ ਪਤੀ ਪ੍ਰਤੀ ਪਿਆਰ ਘੱਟ ਨਹੀਂ ਹੋਇਆ। ਉਨ੍ਹਾਂ ਦਾ ਦਮਪਤੀ ਰਿਸ਼ਤਾ ਹਾਲੇ ਵੀ ਪਾਕਿ-ਪਵਿੱਤਰ ਹੈ। ਗੌਤਮ ਵੀ ਉਸਦੀਆਂ ਦਿੱਤੀਆਂ ਦਲੀਲਾਂ ਤੋਂ ਪ੍ਰਭਾਵਿਤ ਹੁੰਦਾ ਹੈ ਤੇ ਗੁੱਸਾ ਛੱਡ ਦਿੰਦਾ ਹੈ। ਇਸ ਤਰ੍ਹਾਂ ਇਹ ਨਾਟਕ ਇੱਕ ਸੁਖਾਂਤ-ਨਾਟਕ ਬਣ ਜਾਂਦਾ ਹੈ।
ਇਸ ਨਾਟਕ ਦੀ ਸਮੱਸਿਆ ਪਤੀ-ਪਤਨੀ ਦੇ ਰਿਸ਼ਤੇ ਦੀ ਪਾਕਿ-ਪਵਿੱਤਰਤਾ ਨੂੰ ਆਧੁਨਿਕ ਜੀਵਨ ਤੇ ਆਧੁਨਿਕ ਕਲਾ ਸੰਸਾਰ ਵਿੱਚ ਕਾਇਮ ਰੱਖਦੀ ਹੋਈ ਪਾਠਕ ਨੂੰ ਇਸ ਸਬੰਧੀ ਹੋਰ ਵੀ ਬੜਾ ਕੁਝ ਸੋਚਣ ਲਈ ਮਜ਼ਬੂਰ ਕਰਦੀ ਹੈ। ਪਤਨੀ, ਪਤੀ ਨਾਲ ਪ੍ਰਨਾਈ ਹੋਣ ਦੇ ਬਾਵਜੂਦ ਇੱਕ ਸੁਤੰਤਰ ਮਨੁੱਖੀ ਹੋਂਦ ਵੀ ਹੈ। ਉਸਦਾ ਆਪਣਾ ਅਸਤਿਤਵ, ਸੋਚ ਤੇ ਸੁਪਨੇ ਹਨ ਜੋ ਇਸ ਰਿਸ਼ਤੇ ਦੇ ਬੰਧਨ ਕਰਕੇ ਮਰਨੇ ਨਹੀਂ ਚਾਹੀਦੇ। ਭਾਰਤੀ ਪਤੀ ਨੂੰ ਆਪਣੀ ਪਤਨੀ ਉਪਰ ਯਕੀਨ ਤੇ ਭਰੋਸਾ ਕਰਨਾ ਚਾਹੀਦਾ ਹੈ ਤੇ ਉਸ ਨੂੰ ਇੱਕ ਸੁਤੰਤਰ ਮਨੁੱਖੀ ਹੋਂਦ ਹੋਣ ਦੀ ਮਾਨਤਾ ਦੇਣੀ ਚਾਹੀਦੀ ਹੈ। ਇਸ ਨਾਟਕ ਦਾ ਪਾਤਰ ਗੌਤਮ ਆਪਣੀ ਪਤਨੀ ਅਹੱਲਿਆ ਨੂੰ ਅਜਿਹੀ ਮਾਨਤਾ ਦਿੰਦਾ ਨਜ਼ਰ ਆਉਂਦਾ ਹੈ। ਇਸ ਤਰ੍ਹਾਂ ਸੇਖੋਂ ਦੇ ਇਹ ਪਾਤਰ ਅਗਾਂਹਵਧੂ ਖਿਆਲਾਂ ਦੇ ਧਾਰਨੀ ਬਣ ਕੇ ਪਾਠਕ ਨੂੰ ਕੁਝ ਨਵਾਂ ਸੋਚਣ ਲਈ ਮਜ਼ਬੂਰ ਕਰਦੇ ਹਨ।
ਸੇਖੋਂ ਦੇ ਨਾਟਕਾਂ ਬਾਰੇ ਇਹ ਚਰਚਾ ਆਮ ਕੀਤੀ ਜਾਂਦੀ ਹੈ ਕਿ ਉਸਦੇ ਨਾਟਕ ਰੰਗ-ਮੰਚ ਉੱਪਰ ਖੇਡੇ ਨਹੀਂ ਜਾ ਸਕਦੇ, ਕਿਉਂਕਿ ਉਨ੍ਹਾਂ ਵਿੱਚ ਰੰਗਮੰਚੀ ਤੇ ਕਲਾਤਮਕ ਸੰਭਾਵਨਾਵਾਂ ਦੀ ਕਮੀ ਪਾਈ ਜਾਂਦੀ ਹੈ। ਇਸਦਾ ਕਾਰਨ ਸੇਖੋਂ ਦੇ ਨਾਟਕ-ਸਿਧਾਂਤ ਦੇ ਸਮਾਜ-ਮੁਖੀ ਹੋਣ ਵਿੱਚ ਨਿਹਿਤ ਹੈ। ਉਸਦਾ ਨਾਟਕ ਕਲਾ-ਮੁਖੀ ਨਹੀਂ, ਲੋਕ ਪੱਖੀ ਤੇ ਸਮਾਜ-ਮੁਖੀ ਹੈ। ਪਰ ਉਸਦੇ ਨਾਟਕਾਂ ਵਿੱਚੋਂ ਜੋ ਬੌਧਿਕ-ਸੁਹਜ ਉਤਪੰਨ ਹੁੰਦਾ ਹੈ, ਉਹ ਉਸਦੀ ਸਫ਼ਲਤਾ ਹੈ। ਪਾਠਕ ਨਾਟਕ ਨਾਲ ਜੁੜ ਕੇ ਉਸਨੂੰ ਪੜ੍ਹੇ ਬਗੈਰ ਛੱਡ ਨਹੀਂ ਸਕਦਾ। ਉਹ ‘ਕਲਾਕਾਰ’ ਹੋਵੇ, ‘ਬਾਬਾ ਬੋਹੜ’ ਹੋਵੇ ਜਾਂ ‘ਇੱਕ ਐਤਵਾਰ’ ਹੋਵੇ- ਪਾਠਕ ਨੂੰ ਇੱਕ ਵਿਸ਼ੇਸ਼ ਪ੍ਰਕਾਰ ਦਾ ਰਸ ਮਿਲਦਾ ਹੈ। ਉਸਦਾ ਆਪਣਾ ਵਿਚਾਰ ਹੈ:
ਸਭ ਤੋਂ ਜ਼ਰੂਰੀ ਗੱਲਾਂ ਨਾਟਕ ਲਈ ਦੋ ਹਨ- ਇੱਕ ਸਰੋਤਿਆਂ ਨੂੰ ਰਸ ਦੇਣਾ, ਜੋ ਵਧੇਰੇ ਚੁਸਤ ਤੇ ਚਤੁਰ ਗੱਲ-ਬਾਤ ਨਾਲ ਆਉਂਦਾ ਹੈ। ਦੂਜਾ ਬੁੱਧੀਮਾਨਾਂ ਲਈ ਕਿਸੇ ਕਲਮ-ਵਿਚਾਰ ਨੂੰ ਸਾਕਾਰ ਕਰਨਾ। *1
ਇਸ ਤਰ੍ਹਾਂ ਉਸਦੇ ਨਾਟਕਾਂ ਵਿੱਚੋਂ ਮਿਲਣ ਵਾਲੇ ਰੱਬ ਦੀ ਨਿਸ਼ਪੱਤੀ ਸਾਧਾਰਨ ਕਿਸਮ ਦੀ ਨਹੀਂ, ਬੌਧਿਕ ਪੱਧਰ ਦੀ ਹੈ। ਪੰਜਾਬੀ ਨਾਟਕ ਨੂੰ ਇਹ ਬੌਧਿਕ ਉਚਾਈ ਸੇਖੋਂ ਤੋਂ ਬਿਨਾਂ ਕਿਸੇ ਹੋਰ ਨੇ ਨਹੀਂ ਬਖਸ਼ੀ। ਬੌਧਿਕ-ਵਿਲਾਸ ਮਨੁੱਖ ਦੀ ਸਾਧਾਰਨ ਪ੍ਰਵਿਰਤੀ ਹੈ। ਇਸ ਨੂੰ ਸੰਤੁਸ਼ਟ ਕਰਨਾ ਵੀ ਜ਼ਰੂਰੀ ਹੈ। ਉਸ ਦੇ ਨਾਟਕਾਂ ਦਾ ਇਹੋ ਤੱਤ ਉਸ ਨੂੰ ਪੱਛਮੀ ਨਾਟ-ਸਿਧਾਂਤ, ਨਥਾਰਸਿਸ ਦੇ ਨੇੜੇ ਲੈ ਜਾਂਦਾ ਹੈ। ਉਸ ਦਾ ਨਾਟ-ਸਿਧਾਂਤ ਪਾਠਕ/ਦਰਸ਼ਕ ਦੇ ਖਿਆਲ ਨੂੰ ਬਹੁਤ ਉੱਚਾ ਲਿਜਾਣ ਤੇ ਜੀਵਨ ਦੇ ਉੱਚ-ਸਰੋਕਾਰਾਂ ਨਾਲ ਜੋੜਨ ਵਿੱਚ ਨਿਹਿਤ ਹੈ। ਉਸਦੇ ਨਾਟਕਾਂ ਦੀ ਇਹ ਪ੍ਰਵਿਰਤੀ ਉਸ ਨੂੰ ‘ਬਰਨਾਡ ਸ਼ਾਅ’, ਬਰੈਖਤ ਤੇ ਇਬਸਨ ਦੇ ਨਾਟ-ਸਿਧਾਂਤਾਂ ਦਾ ਧਾਰਨੀ ਬਣਾ ਦਿੰਦੀ ਹੈ। ਡਾ. ਸਤਨਾਮ ਸਿੰਘ ਜੱਸ ਦਾ ਮੱਤ ਹੈ:
ਸੰਤ ਸਿੰਘ ਸੇਖੋਂ ਨੇ ਪੱਛਮੀ ਨਾਟਕ ਕਲਾ ਤੋਂ ਪ੍ਰਭਾਵਿਤ ਹੋ ਕੇ ਪੰਜਾਬੀ ਵਿੱਚ ਨਾਟਕ ਲਿਖਣਾ ਸ਼ੁਰੂ ਕੀਤਾ ਸੀ। ਉਸ ਨੇ ਪੱਛਮੀ ਨਾਟਕ ਕਲਾ ਦਾ ਨਾ ਕੇਵਲ ਧਿਆਨ ਨਾਲ ਅਧਿਐਨ ਹੀ ਕੀਤਾ ਸੀ, ਸਗੋਂ ਉਨ੍ਹਾਂ ਨਾਟਕਾਂ ਤੋਂ ਪ੍ਰਭਾਵਿਤ ਹੋ ਕੇ ਨਾਟਕ ਦੀ ਕਲਾ ਨੂੰ ਆਪਣੇ ਮਨ ਵਿੱਚ ਵੀ ਵਸਾ ਲਿਆ ਸੀ। ਸੰਤ ਸਿੰਘ ਸੇਖੋਂ ਉੱਤੇ ਬਰਨਾਰਡ ਸ਼ਾਅ, ਸ਼ੇਕਸਪੀਅਰ ਅਤੇ ਇਬਸਨ ਦੇ ਨਾਟਕਾਂ ਦਾ ਵਧੇਰੇ ਅਸਰ ਪਿਆ।…ਸੇਖੋਂ ਨੂੰ ਬਰਨਾਰਡ ਸ਼ਾਅ ਦੇ ਨਾਟਕਾਂ ਵਿੱਚ ਬੌਧਿਕਤਾ ਦੇ ਹੋਣ ਨੇ ਬਹੁਤ ਪ੍ਰਭਾਵਿਤ ਕੀਤਾ ਅਤੇ ਇਹ ਪ੍ਰਭਾਵ ਸੇਖੋਂ ਦੇ ਨਾਟਕਾਂ ਵਿੱਚ ਅੰਤ ਤੱਕ ਰਿਹਾ ਹੈ। ਉਸਦੇ ਨਾਟ-ਸਿਧਾਂਤ ਵਿੱਚ ਵਿਚਾਰਾਂ ਨੂੰ ਪਹਿਲ ਦੇਣ ਪਿੱਛੇ ਬਰਨਾਰਡ ਦਾ ਵਿਸ਼ੇਸ਼ ਯੋਗਦਾਨ ਹੈ। ਇਹ ਪ੍ਰਭਾਵ ਉਸਦੀ ਕਲਾ ਉੱਤੇ ਪ੍ਰਤੱਖ ਰੂਪ ਵਿੱਚ ਦੇਖਿਆ ਜਾ ਸਕਦਾ ਹੈ। *2
ਉਪਰੋਕਤ ਖਿਆਲ ਦੀ ਰੌਸ਼ਨੀ ਵਿੱਚ ਉਸਦੇ ਨਾਟਕਾਂ ਨੂੰ ਰੰਗ ਮੰਚੀ ਸਾਰਥਕਤਾ ਦੀ ਦ੍ਰਿਸ਼ਟੀ ਤੋਂ ਉਣੇ ਆਖਣਾ ਇੱਕ ਤਰ੍ਹਾਂ ਦੀ ਬੇਇਨਸਾਫੀ ਹੈ। ਉਸਦਾ ਰੰਗਮੰਚੀ ਸਿਧਾਂਤ ਪੰਜਾਬੀ ਲੋਕ-ਯਾਨ ਤੇ ਲੋਕ-ਪਰੰਪਰਾਵਾਂ ਤੋਂ ਪ੍ਰੇਰਿਤ ਨਹੀਂ। ਪੰਜਾਬੀ ਰੰਗਮੰਚ ਦਾ ਕੋਈ ਵਿਸ਼ੇਸ਼ ਮਾਡਲ ਵੀ ਉਸਦਾ ਆਦਰਸ਼ ਨਹੀਂ। ਉਂਝ ਵੀ ਪੰਜਾਬੀ ਜਨ-ਸਾਧਾਰਨ ਨੂੰ ਬੌਧਿਕ ਸਰੋਕਾਰਾਂ ਨਾਲ ਜੁੜਨ ਦੀ ਆਦਤ ਘੱਟ ਹੈ ਅਤੇ ਪੰਜਾਬੀ ਲੋਕ-ਮਨ ਕਿਸੇ ਉਚੇਰੀ ਕਲਾਤਮਕ ਸੂਝ ਨੂੰ ਬੜੀ ਮੁਸ਼ਕਿਲ ਨਾਲ ਅਪਨਾਉਂਦਾ ਹੈ। ਇਸੇ ਲਈ ਸੇਖੋਂ ਆਖਦਾ ਹੈ ਕਿ ਉਸਦੀ ਕਲਾ ਦੇ ਹਾਣ ਦਾ ਰੰਗ-ਮੰਚ ਪੰਜਾਬੀ ਨਾਟਕ ਵਿੱਚ ਅਜੇ ਸਾਕਾਰ ਹੀ ਨਹੀਂ ਹੋਇਆ। ਇਸ ਸਬੰਧੀ ਨਾਟਕ ‘ਦਮਯੰਤੀ’ ਦੀ ਭੂਮਿਕਾ ਵਿੱਚ ਆਖੀ ਉਸਦੀ ਗੱਲ ਵਿੱਚ ਕਾਫੀ ਵਜ਼ਨ ਹੈ। ਉਹ ਆਖਦਾ ਹੈ, “ਇਸ ਨਾਟਕ ਦੇ ਰੰਗਮੰਚ ਉੱਤੇ ਖੇਡਣ ਬਾਰੇ ਕਈ ਪ੍ਰਕਾਰ ਦੀਆਂ ਕਠਿਨਾਈਆਂ ਪ੍ਰਤੀਤ ਕੀਤੀਆਂ ਜਾ ਸਕਦੀਆਂ ਹਨ, ਪਰ ਇਹ ਕਠਿਨਾਈਆਂ ਨਾਟਕ ਵਿੱਚ ਰੰਗਮੰਚ ਦੀ ਅਨੁਕੂਲਤਾ ਦੀ ਘਾਟ ਦੀਆਂ ਸੂਚਕ ਨਹੀਂ, ਇਹ ਅਸਾਡੀ ਰੰਗਮੰਚ ਦੀਆਂ ਕਮਜ਼ੋਰੀਆਂ ਦਾ ਪਰਿਣਾਮ-ਰੂਪ ਹਨ, ਕਿਉਂਕਿ ਅਸਾਡੀ ਰੰਗਮੰਚ ਪਾਸ ਕਿਸੇ ਵੀ ਵਡੇਰੇ ਦ੍ਰਿਸ਼ ਨੂੰ ਪੇਸ਼ ਕਰਨ ਦੀ ਸਮਰੱਥਾ ਨਹੀਂ।” *3
ਇਹ ਵੀ ਗੱਲ ਧਿਆਨ ਦੇਣਯੋਗ ਹੈ ਕਿ ਉਸ ਦੇ ਨਾਟਕਾਂ ਵਿਚਲੀ ਗਹਿਰ-ਗੰਭੀਰ ਰੰਗਮੰਚਤਾ ਨੂੰ ਜਗਾਉਣ ਵਾਲਾ ਸੂਖ਼ਮ ਭਾਵੀ ਨਿਰਦੇਸ਼ਕ ਵੀ ਹਾਲੇ ਪੈਦਾ ਨਹੀਂ ਹੋਇਆ। ਨਾਟਕ ਵਿਚਲੀ ਰੰਗਮੰਚੀ ਸੰਭਾਵਨਾ ਨੂੰ ਲਿਸ਼ਕਾਉਣ ਤੋਂ ਉਜਾਗਰ ਕਰਨ ਦੀ ਬਹੁਤੀ ਜ਼ਿੰਮੇਵਾਰੀ ਨਿਰਦੇਸ਼ਕ ਦੀ ਹੁੰਦੀ ਹੈ, ਨਾ ਕਿ ਨਾਟਕਕਾਰ ਦੀ। ਨਾਟਕਕਾਰ ਤਾਂ ਇੱਕ ਸਾਹਿਤਕਾਰ ਹੁੰਦਾ ਹੈ ਤੇ ਉਹ ਇੱਕ ਸਾਹਿਤਕ ਕਿਰਤ ਦਾ ਪ੍ਰਤਿਪਾਦਨ ਕਰਦਾ ਹੈ। ਪੰਜਾਬੀ ਨਾਟਕ ਦੇ ਇਤਿਹਾਸ ਵਿੱਚ ਅਜਿਹੀਆਂ ਬੜੀਆਂ ਮਿਸਾਲਾਂ ਹਨ, ਜਦੋਂ ਰੰਗਮੰਚੀ ਸੰਭਾਵਨਾਵਾਂ ਤੋਂ ਸੱਖਣਾ ਕਿਹਾ ਜਾਂਦਾ ਨਾਟਕ ਰੰਗਮੰਚ ਉਤੇ ਸਫ਼ਲਤਾ ਸਹਿਤ ਖੇਡੇ ਜਾਣ ਤੋਂ ਬਾਅਦ ਨਿਰਦੇਸ਼ਕ ਦਾ ਨਾਟਕ ਬਣ ਗਿਆ।
ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਸੇਖੋਂ ਦਾ ਨਾਟਕ ਘਟਨਾ ਪ੍ਰਧਾਨ ਨਹੀਂ, ਵਿਚਾਰ-ਪ੍ਰਧਾਨ ਹੈ। ਪਾਠਕ/ਦਰਸ਼ਕ ਨੂੰ ਘਟਨਾ ਪਰਪੰਚ ਨਾਲ ਜੋੜੀ ਰੱਖਣਾ ਸੌਖਾ ਹੁੰਦਾ ਹੈ, ਪਰ ਵਿਚਾਰ ਨਾਲ ਜੋੜ ਕੇ ਰੱਖਣਾ ਇੱਕ ਦੁਰਗਮ ਕਾਰਜ ਹੁੰਦਾ ਹੈ। ਇਹ ਦੁਰਗਮ ਕਾਰਜ ਸੇਖੋਂ ਨੇ ਸਿਦਕ-ਦਿਲੀ ਤੇ ਦ੍ਰਿੜ੍ਹਤਾ ਨਾਲ ਆਪਣੇ ਨਾਟਕਾਂ ਅਤੇ ਇਕਾਂਗੀਆਂ ਵਿੱਚ ਨਿਭਾਇਆ ਹੈ। ਮਾਰਕਸਵਾਦ ਦੇ ਗੂੜ੍ਹ ਸਿਧਾਂਤਾਂ ਨੂੰ ਇਹ ਪਾਤਰਾਂ ਦੇ ਮੂੰਹੋਂ ਰਸਾਤਮਨ ਤੇ ਦਿਲਚਸਪ ਬਣਾ ਕੇ ਇਸ ਢੰਗ ਨਾਲ ਬੁਲਾਉਂਦਾ ਹੈ ਕਿ ਉਹ ਪਾਠਕ ਦੇ ਜ਼ਿਹਨ ਦਾ ਹਿੱਸਾ ਸਹਿਜ ਰੂਪ ਵਿੱਚ ਹੀ ਬਣ ਜਾਂਦੇ ਹਨ। ਹਾਂ, ਕਿਤੇ ਕਿਤੇ ਪਾਠਕ ਨੂੰ ਗੱਲ ਸਮਝਣ ਲਈ ਆਪਣੇ ਦਿਮਾਗ ’ਤੇ ਜ਼ੋਰ ਵੀ ਦੇਣਾ ਪੈਂਦਾ ਹੈ। ਸਮਾਜਵਾਦੀ ਸਿਧਾਂਤ ਨੂੰ ਪ੍ਰਨਾਈ ਕਲਾ ਦਾ ਇਹ ਖਾਸਾ ਹੁੰਦਾ ਹੈ ਕਿ ਉਹ ਪਾਠਕ/ਦਰਸ਼ਕ ਨੂੰ ਸੋਚਣ ਲਈ ਮਜ਼ਬੂਰ ਕਰ ਦਿੰਦੀ ਹੈ। ਇਸੇ ਤਰ੍ਹਾਂ ਕਲਾ ਦਾ ਸਮਾਜਕ ਉਪਯੋਗ ਬਣਦਾ ਹੈ ਤੇ ਇਹ ਲੋਕ ਕਲਿਆਣ ਵਿੱਚ ਸਹਾਇਕ ਸਿੱਧ ਹੁੰਦੀ ਹੈ।
ਪੰਜਾਬ ਦੇ ਇਤਿਹਾਸ ਅਤੇ ਮਿਥਿਹਾਸ ਨੂੰ ਸੇਖੋਂ ਨੇ ਆਪਣੇ ਨਾਟਕਾਂ ਵਿੱਚ ਅਜੋਕੇ ਸੰਦਰਭਾਂ ਵਿੱਚ ਰੂਪਾਂਤ੍ਰਿਤ ਕਰਕੇ ਨਵੇਂ ਅਰਥਾਂ ਦਾ ਸੰਚਾਰ ਕੀਤਾ ਹੈ। ‘ਕਲਾਕਾਰ’ ਨਾਟਕ ਉਸਦੀ ਮਿੱਥ-ਰੂਪਾਂਤਰਨ ਕਰਨ ਦੀ ਬੇਜੋੜ ਸਮਰੱਥਾ ਦਾ ਲਖਾਇਕ ਹੈ। ਪੁਰਾਤਨ ਮਿੱਥ ਨੂੰ ਵਰਤਦਿਆਂ ਆਧੁਨਿਕ ਸਮੇਂ ਵਿੱਚ ਪਤੀ-ਪਤਨੀ ਦੇ ਰਿਸ਼ਤੇ ਨੂੰ ਪੁਨਰ-ਪਰਿਭਾਸ਼ਤ ਕਰਕੇ ਇਸਤਰੀ ਦੇ ਗੌਰਵਸ਼ੀਲ ਸੁਤੰਤਰ ਅਸਤਿਤਵ ਨੂੰ ਉਭਾਰਨ ਦੇ ਯਤਨ ਵਿੱਚ ਉਹ ਸਫ਼ਲ ਰਿਹਾ ਹੈ। ‘ਦਮਯੰਤੀ’ ਨਾਟਕ ਰਾਹੀਂ ਹੀ ਉਸਨੇ ਮਿਥਿਹਾਸ ਦੀ ਪੁਨਰ-ਵਿਆਖਿਆ ਕਰਨ ਦਾ ਉਪਰਾਲਾ ਕੀਤਾ ਹੈ। ‘ਦਮਯੰਤੀ’ ਦੀ ਕਹਾਣੀ ਦੇ ਆਧਾਰ ’ਤੇ ਉਹ ਕਹਿੰਦਾ ਹੈ, “ਮੇਰੇ ਵਿਚਾਰ ਵਿੱਚ ਇਸ ਕਥਾ ਦਾ ਭਾਵ ਮਨੁੱਖ ਦੀ ਪ੍ਰਕਿਰਤੀ ਦੀਆਂ ਸ਼ਕਤੀਆਂ ਨਾਲ ਇਸ ਧਰਤੀ ਉੱਤੇ ਅਧਿਕਾਰ ਪ੍ਰਾਪਤ ਕਰਨ ਲਈ ਕੀਤੀ ਗਈ ਸਾਧਨਾ ਹੈ। ‘ਨਲ’ ਮਨੁੱਖ ਹੈ ਤੇ ‘ਦਮਯੰਤੀ’ ਧਰਤੀ ਅਤੇ ਦੇਵਤੇ ਪ੍ਰਕਿਰਤੀ ਦੀਆਂ ਵੱਖ-ਵੱਖ ਸ਼ਕਤੀਆਂ।” *4
ਇਸ ਤਰ੍ਹਾਂ ਸੇਖੋਂ ਮਿਥਿਹਾਸ ਨੂੰ ਮਨੁੱਖੀ ਜੀਵਨ ਦਾ ਉਹ ਪੜਾਅ ਮੰਨਦਾ ਹੈ, ਜਿਥੇ ਪ੍ਰਕਿਰਤਕ ਸ਼ਕਤੀਆਂ ਉੱਪਰ ਕਾਬੂ ਪਾਉਣ ਲਈ ਮਨੁੱਖ ਨੂੰ ਸੰਘਰਸ਼ ਕਰਨਾ ਪਿਆ। ਉਹ ਮਿਥਿਹਾਸ ਨੂੰ ਪ੍ਰਗਤੀਵਾਦੀ ਦ੍ਰਿਸ਼ਟੀ ਤੋਂ ਦੇਖਦਿਆਂ ਉਸਦਾ ਪੁਨਰ-ਮੁਲਾਂਕਣ ਕਰਦਾ ਹੈ।
ਇਤਿਹਾਸ ਪ੍ਰਤੀ ਵੀ ਉਸਦੀ ਇਹੋ ਦ੍ਰਿਸ਼ਟੀ ਹੈ। ਉਸਦੇ ਨਾਟਕਾਂ ਵਿਚਲੀ ਇਤਿਹਾਸਕ ਦ੍ਰਿਸ਼ਟੀ ਸਬੰਧੀ ਡਾ. ਗੁਰਦਿਆਲ ਸਿੰਘ ਫੁੱਲ ਲਿਖਦੇ ਹਨ, ‘ਬੇੜਾ ਬੰਧ ਨਾ ਸਕਿਉ’ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਮਗਰੋਂ ਹੋਈ ਬੁਰਛਾ-ਗਰਦੀ ਵਿਖਾਈ ਹੈ। ‘ਮੋਇਆਂ ਸਾਰ ਨਾ ਕਾਈ’ ਵਿੱਚ ਪੰਜਾਬੀ ਕੌਮ ਦਾ ਦੁਖਾਂਤ ਪੇਸ਼ ਕੀਤਾ ਹੈ ਕਿ ਕਿਵੇਂ ਪੰਜਾਬੀ ਕੌਮ ਬਣਦੀ-ਬਣਦੀ ਤਬਾਹ ਹੋ ਗਈ। ਇਹ ਕੌਮ ਮਹਾਰਾਜਾ ਰਣਜੀਤ ਸਿੰਘ ਨੇ ਸਿਰਜੀ ਸੀ, ਜਿਸ ਵਿੱਚ ਹਿੰਦੂ, ਸਿੱਖ, ਮੁਸਲਮਾਨ ਸਭ ਬਰਾਬਰ ਹਨ। ‘ਮਿੱਤਰ ਪਿਆਰਾ’ ਵਿੱਚ ਬਰਤਾਨਵੀ ਸਾਮਰਾਜ ਦੇ ਵਿਰੁੱਧ ਦੇਸ਼ ਭਗਤਾਂ ਤੇ ਇਨਕਲਾਬੀਆਂ ਨੂੰ ਦੇਸ਼ ਦੀ ਆਜ਼ਾਦੀ ਲਈ ਲੜਦਿਆਂ ਦਿਖਾਇਆ ਹੈ, ਜੋ ਵਿਦੇਸ਼ ਦੀ ਸਹਾਇਤਾ ਨਾਲ ਦੇਸ਼ ਦੀ ਆਜ਼ਾਦੀ ਲਈ ਜੂਝ ਰਹੇ ਸਨ ਤੇ ‘ਵਾਰਸ’ ਵਿੱਚ ਮੁਗਲਰਾਜ ਦੇ ਪਤਨ ਤੋਂ ਸਿੰਘਾਂ ਦੀ ਸ਼ਕਤੀ ਤੇ ਚੜ੍ਹਾਅ ਪੇਸ਼ ਕਰਨ ਦਾ ਯਤਨ ਕੀਤਾ ਹੈ। ਸੇਖੋਂ ਇਤਿਹਾਸ ਨੂੰ ਨਿਰਪੱਖਤਾ ਨਾਲ ਮਾਰਕਸਵਾਦੀ ਦ੍ਰਿਸ਼ਟੀ ਤੋਂ ਪ੍ਰਗਟਾਉਂਦਾ ਹੈ। ਇਸ ਲਈ ਉਸ ਦੇ ਇਤਿਹਾਸਕ ਨਾਟਕ ਦਰਸ਼ਨਾਂ ਨੂੰ ਨਿੱਜ ਪ੍ਰਚਾਉਂਦੇ ਹੀ ਨਹੀਂ, ਜੋੜ ਕੇ ਸੋਚਣ ਲਈ ਪ੍ਰੇਰਦੇ ਹਨ।” *5
ਇਸ ਤਰ੍ਹਾਂ ਸੇਖੋਂ ਦੇ ਨਾਟ-ਸਿਧਾਂਤ ਦਾ ਮਿਥਿਹਾਸਕ ਤੇ ਇਤਿਹਾਸਕ ਪੱਖ ਬੜਾ ਮੁੱਲਵਾਨ ਤੇ ਮਜ਼ਬੂਤ ਹੈ।
ਸੰਤ ਸਿੰਘ ਸੇਖੋਂ ਦੇ ਨਾਟਕ-ਸਿਧਾਂਤ ਦਾ ਇੱਕ ਬੜਾ ਮਹੱਤਵਪੂਰਨ ਪਹਿਲੂ ਹੈ, ਜੋ ਧਿਆਨਦੇਣਯੋਗ ਹੈ। ਉਹ ਇੱਕ ਪ੍ਰੋੜ ਕਿਸਮ ਦਾ ਆਲੋਚਕ ਤੇ ਮਾਰਕਸਵਾਦ ਦਾ ਪ੍ਰਚਾਰਕ ਸੀ। ਮਾਰਕਸਵਾਦ ਦੇ ਪ੍ਰਚਾਰ ਦੀ ਇਹ ਧਵਨੀ ਉਸ ਦੇ ਨਾਟਕਾਂ ਤੇ ਇਕਾਂਗੀਆਂ ਵਿੱਚ ਵੀ ਵਿਦਮਾਨ ਰਹਿੰਦੀ ਹੈ। ਇਸ ਲਈ ਉਹ ਆਪਣੇ ਪਾਤਰਾਂ ਦੇ ਮੂੰਹੋਂੇ ਵੀ ਇਸੇ ਵਿਚਾਰਧਾਰਾ ਨਾਲ ਸਬੰਧਤ ਵਾਰਤਾਲਾਪ ਬੁਲਵਾਉਂਦਾ ਹੈ। ਉਸਦੇ ਨਾਟਕਾਂ ਵਿੱਚ ਘਟਨਾਵੀ ਟੱਕਰ ਗੌਣ ਰੂਪ ਵਿੱਚ ਤੇ ਵਿਚਾਰਾਂ ਦੀ ਟੱਕਰ ਉਗਰ ਰੂਪ ਵਿੱਚ ਸਾਹਮਣੇ ਆਉਂਦੀ ਹੈ। ਵਿਚਾਰਾਂ ਦੀ ਇਸ ਟੱਕਰ ਵਿੱਚ ਸਮਾਜਵਾਦੀ ਸੋਚ ਰੱਖਣ ਵਾਲੇ ਪਾਤਰਾਂ ਦੀ ਜਿੱਤ ਹੁੰਦੀ ਹੈ। ਆਪਣੇ ਪਾਤਰਾਂ ਦੇ ਪਿੱਛੇ ਲੁਕ ਕੇ ਬੋਲਦਾ ਸੇਖੋਂ ਸਪੱਸ਼ਟ ਮਾਲੂਮ ਹੁੰਦਾ ਹੈ। ਆਪਣੇ ਇਕਾਂਗੀ ‘ਇੱਕ ਐਤਵਾਰ’ ਵਿੱਚ ਉਹ ‘ਵਕੀਲਾਂ’ ਦਾ ਰੂਪ ਧਾਰ ਕੇ ਨਾਵਲ ਦੀ ਸਮਾਜਕ ਸਾਰਥਕਤਾ ਨੂੰ ਸਿੱਧ ਕਰਦਾ ਹੈ। ‘ਕਲਾਕਾਰ’ ਵਿੱਚ ਉਹ ‘ਇੰਦਰਾ’ ਦੇ ਪਾਤਰ ਰਾਹੀਂ ਕਲਾ ਪ੍ਰਤੀ ਸਮਾਜਵਾਦੀ ਪਹੁੰਚ ਦਾ ਪ੍ਰਚਾਰ ਕਰਦਾ ਹੋਇਆ ਇਸ ਦੀ ਸਮਾਜਕ ਸਾਰਥਕਤਾ ਨੂੰ ਸਿੱਧ ਕਰਨ ਦੇ ਆਹਰ ਵਿੱਚ ਲੱਗਾ ਨਜ਼ਰੀਂ ਪੈਂਦਾ ਹੈ। ਇਸ ਤਰ੍ਹਾਂ ਉਹ ਆਪਣੇ ਨਾਟਕਾਂ ਤੇ ਇਕਾਂਗੀਆਂ ਤੋਂ ਵੀ ‘ਆਲੋਚਨਾ ਸ਼ਾਸਤਰ’ ਦਾ ਕੰਮ ਲੈਂਦਾ ਹੈ। ਉਸਦੇ ਨਾਟਕੀ-ਸਿਧਾਂਤ ਦੀ ਅਜਿਹੀ ਪਹੁੰਚ ਹੇਠਾਂ ਦਿੱਤੇ ਉਦਾਹਰਨਾਂ ਤੋਂ ਭਲੀ ਭਾਂਤ ਸਪੱਸ਼ਟ ਹੋ ਜਾਂਦੀ ਹੈ:
ਅਹੱਲਿਆ: ਪਰ ਕੀ ਇਸ ਸਮਾਜ ਵਿੱਚ ਕਲਾ ਇੱਕ ਸੁੱਚੀ ਕਿਰਤ ਨਹੀਂ ਹੋ ਸਕਦੀ?
ਇੰਦਰ: ਕਿਉਂ ਨਹੀਂ? ਪਰ ਉਹ ਕਲਾ ਇੱਕ ਇਨਕਲਾਬੀ ਕਲਾ ਹੀ ਹੋ ਸਕਦੀ ਹੈ। ਇਸ ਸਮਾਜ ਵਿੱਚ ਸੁਚੀ ਕਿਰਤ ਕੇਵਲ ਤਿੰਨ ਪ੍ਰਚਾਰ ਦੀ ਹੋਵੇਗੀ- ਮਜ਼ਦੂਰੀ, ਕਿਰਸਾਣੀ ਤੇ ਇਨਕਲਾਬੀ ਅਮਲ। ਇਸ ਸਮੇਂ ਕਲਾ ਸੁੱਚੀ ਕਿਰਤ ਉਥੋਂ ਤੱਕ ਹੀ ਹੈ, ਜਿੱਥੋਂ ਤੱਕ ਇਹ ਇੱਕ ਇਨਕਲਾਬੀ ਅਮਲ ਹੈ। *6
ਸਮਾਜਵਾਦੀ ਸਮਾਜ ਵਿੱਚ ਕਲਾ ਦੇ ਮਨੋਰਥ ਪ੍ਰਤੀ ਸੇਖੋਂ ਆਪਣੀ ਪ੍ਰਤੀਨਿਧ ਵਿਚਾਰਧਾਰਾ ਦਾ ‘ਇੰਦਰ’ ਦੇ ਮੂੰਹੋਂ ਇਸ ਤਰ੍ਹਾਂ ਬਖਿਆਨ ਕਮਾਉਂਦਾ ਹੈ:
ਇੰਦਰ: ਸਮਾਜਵਾਦੀ ਸਮਾਜ ਵਿੱਚ ਵੀ ਕਲਾਕਾਰ ਆਪਣੇ ਆਪ ਨੂੰ ਪ੍ਰਗਟ ਕਰੇਗਾ ਤੇ ਜਿਸ ਹੱਦ ਤੱਕ ਉਸਦਾ ਆਪਾ ਸਮੂਹ ਦੀ ਸੇਵਾ ਦੇ ਭਾਵਾਂ ਦਾ ਪਾਤਰ ਹੋਵੇਗਾ, ਉਸ ਹੱਦ ਤੱਕ ਉਸਦੀ ਕਲਾ ਦਾ ਮੁੱਲ ਹੋਵੇਗਾ। ਉਸ ਸਮਾਜ ਵਿੱਚ ਕਲਾ ਜੀਵਨ ਦੀਆਂ ਔਖਿਆਈਆਂ ਤੋਂ ਬਚਣ ਦਾ ਨਹੀਂ, ਜੀਵਨ ਦੇ ਮਨੋਰਥਾਂ ਦੀ ਸਿੱਧੀ ਦਾ ਯਤਨ ਹੋਵੇਗੀ, ਉਸੇ ਤਰ੍ਹਾਂ ਜਿਸ ਤਰ੍ਹਾਂ ਖੇਤੀ ਕਰਨਾ ਜਾਂ ਕਾਰਖਾਨੇ ਵਿੱਚ ਕੰਮ ਕਰਨਾ। ਤੇ ਇਸੇ ਤਰ੍ਹਾਂ ਕਲਾਕਾਰ ਦਾ ਮੁੱਲ ਹੋਵੇਗਾ। ਅੱਜ ਕੱਲ ਕਲਾਕਾਰ ਦਾ ਮੁੱਲ ਕੋਈ ਨਹੀਂ। ਕਲਾਕਾਰੀ ਇੱਕ ਠੱਗੀ ਹੈ, ਜਿੱਥੋਂ ਤੱਕ ਚੱਲ ਗਈ। *7
ਸਮਾਜਵਾਦੀ ਪ੍ਰਬੰਧ ਦੀ ਸਿਧਾਂਤਕ ਪੇਸ਼ਕਾਰੀ ਉਹ ਨਾਟਕ ‘ਕਲਾਕਾਰ’ ਦੇ ਪਾਤਰ ‘ਇੰਦਰ’ ਤੋਂ ਇਸ ਕਦਰ ਕਰਵਾਉਂਦਾ ਹੈ:
ਇੰਦਰ: ਕਮਿਊਨਿਸਟ ਸਮਾਜ ਵਿੱਚ ਦਾਸ ਤੇ ਸਵਾਮੀ ਦਾ ਰਿਸ਼ਤਾ ਹੀ ਨਹੀਂ। ਉਥੇ ਵਿਚਾਰ ਜੀਵਨ ਤੋਂ ਉਪਜਦੇ ਹਨ ਤੇ ਕਰਨੀ ਦਾ ਰੂਪ ਧਾਰਦੇ ਹਨ। ਕਰਨੀ ਕਲਾ ਵਿੱਚ ਪ੍ਰਕਾਸ਼ਮਨ ਹੁੰਦੀ ਹੈ ਤੇ ਇਉਂ ਅਗਲੇ ਜੀਵਨ ਦਾ ਪ੍ਰਕਾਸ਼ ਕਰਦੀ ਹੈ। *8
ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਵਿਚਾਰ-ਪ੍ਰਧਾਨ ਹੋ ਕੇ ਉਸਦਾ ਨਾਟਕ ਦਾਰਸ਼ਨਿਕ-ਨਾਟਕ ਹੋ ਨਿਬੜਦਾ ਹੈ। ਆਪਣੀ ਇਸ ਵਿਸ਼ੇਸ਼ਤਾ ਸਦਕਾ ਉਸਦਾ ਨਾਟਕ ਇੱਕ ਵੱਖਰੀ ਵਿਧਾ ਵਿੱਚ ਢਲ ਜਾਂਦਾ ਹੈ। ਇਸ ਕਿਸਮ ਦੀ ਨਾਟਕੀ-ਵਿਧਾ ਪੰਜਾਬੀ ਨਾਟਕ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਦੀ ਹੈ। ਨਾਟਕੀ-ਵਿਧਾ ਨੂੰ ਦਾਰਸ਼ਨਿਕਤਾ ਦਾ ਜਾਮਾ ਪਹਿਨਾ ਕੇ ਇਸ ਨੂੰ ਨਵਾਂ ਸਰੂਪ ਪ੍ਰਦਾਨ ਕਰਨਾ ਨਿਰਸੰਦੇਹ ਉਸਦੀ ਪ੍ਰਾਪਤੀ ਹੈ, ਪਰ ਇਹ ਵਿਧੀ ਨਾਟਕ ਨੂੰ ਆਲੋਚਨਾ-ਸ਼ਾਸਤਰ ਦੇ ਨੇੜੇ ਲੈ ਜਾਂਦੀ ਹੈ। ਇਸ ਨਾਲ ਨਾਟਕ ਦੀ ਸੁਰਜਾਤਮਿਕਤਾ ਤੇ ਰਸਿਕਤਾ ਨੂੰ ਭਾਰੀ ਸੱਟ ਵੱਜਦੀ ਹੈ। ਬੌਧਿਕਤਾ ਭਾਰੂ ਹੋਣ ਕਾਰਨ ਪਾਠਕਾਂ/ਦਰਸ਼ਕਾਂ ਦਾ ਘੇਰਾ ਹੋਰ ਵੀ ਸੁੰਗੜ ਜਾਂਦਾ ਹੈ।
ਉਪਰੋਕਤ ਚਰਚਾ ਦੇ ਆਧਾਰ ’ਤੇ ਆਖਿਆ ਜਾ ਸਕਦਾ ਹੈ ਕਿ ਸੇਖੋਂ ਦੇ ਨਾਟਕਾਂ ਦਾ ਸੁਭਾ ਬੌਧਿਕ ਹੈ ਤੇ ਇਹ ਵਿਚਾਰ-ਪ੍ਰਧਾਨ ਹੈਨ। ਇਨ੍ਹਾਂ ਨੂੰ ਖੇਡਣ ਲਈ ਰੰਗ-ਮੰਚ ਦੇ ਨਵੇਂ ਸਰੂਪ ਤੋਂ ਸੁਭਾਅ ਦੀ ਲੋੜ ਹੈ। ਸਪੱਸ਼ਟ ਹੈ ਕਿ ਇਹ ਵਧੇਰੇ ਸੂਖਮਭਾਵੀ, ਕਲਾਤਮਿਕ-ਵਿਸ਼ਾਲਤਾ ਤੇ ਉਚੇ ਬੌਧਿਕ ਗਿਆਰਾਂ ਵਾਲਾ ਹੋਵੇਗਾ। ਪੂੰਜੀਵਾਦੀ ਸਮਾਜ ਵਿੱਚ ਕਲਾ ਵਿਲਾਸਤਾ ਦਾ ਸਾਧਨ ਬਣ ਜਾਂਦੀ ਹੈ। ਇਸ ਲਈ ਇਸ ਦੌਰ ਦੀ ਕਲਾ ਉਸਦੇ ਨਾਟਕਾਂ ਦੇ ਮੇਚ ਕਿਵੇਂ ਆ ਸਕਦੀ ਹੈ? ਉਸਦੇ ਨਾਟਕਾਂ ਨੂੰ ਖੇਡਣ ਲਈ ਸਮਾਜਵਾਦੀ ਸੁਭਾਅ ਵਾਲੇ ਰੰਗਮੰਚ ਦੀ ਲੋੜ ਹੈ। ਜਿੱਥੇ ਕਲਾ ਦਾ ਕਿਣਕਾ-ਕਿਣਕਾ ਸਮਾਜ ਉਪਯੋਗੀ ਬਣ ਕੇ ਮਨੁੱਖ ਦੇ ਬੌਧਿਕ ਤੇ ਪਦਾਰਥਕ ਵਿਕਾਸ ਵਿੱਚ ਸਹਾਈ ਹੁੰਦਾ ਹੈ। ਇਸ ਸਭ ਕੁਝ ਦੇ ਨਾਲ ਨਾਲ ਜੇਕਰ ਸੇਖੋਂ ਆਪਣੇ ਨਾਟਕਾਂ ਦੇ ਮਨੋਰੰਜਕ-ਪੱਖ ਨੂੰ ਮਜ਼ਬੂਤ ਕਰਨ ਵਿੱਚ ਸਫ਼ਲ ਹੋ ਜਾਂਦਾ ਤਾਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋਣੀ ਸੀ।
ਹਵਾਲੇ:
1. ਸੰਤ ਸਿੰਘ ਸੇਖੋਂ, ਨਾਟ-ਸੁਨੇਹੇ (ਇਕਾਂਗੀ ਸੰਗ੍ਰਹਿ), ਪੰਨਾ 02
2. ਡਾ. ਸਤਨਾਮ ਸਿੰਘ ਜੱਸਲ, ਸੰਤ ਸਿੰਘ ਸੇਖੋਂ ਦਾ ਨਾਟ-ਸ਼ਾਸਤਰ, ਪੰਨਾ 47
3. ਸੰਤ ਸਿੰਘ ਸੇਖੋਂ, ਦਮਯੰਤੀ, ਪੰਨਾ 04
4. ਸੰਤ ਸਿੰਘ ਸੇਖੋਂ, ਦਮਯੰਤੀ, ਪੰਨਾ 05
5. ਡਾ. ਗੁਰਦਿਆਲ ਸਿੰਘ ਫੁੱਲ, ਪੰਜਾਬੀ ਨਾਟਕ: ਸਰੂਪ ਸਿਧਾਂਤ ਤੇ ਵਿਕਾਸ, ਪੰਨਾ 248
6. ਸੰਤ ਸਿੰਘ ਸੇਖੋਂ ਕਲਾਕਾਰ, ਪੰਨਾ 58
7. ਸੰਤ ਸਿੰਘ ਸੇਖੋਂ ਕਲਾਕਾਰ, ਪੰਨਾ 57
8. ਸੰਤ ਸਿੰਘ ਸੇਖੋਂ ਕਲਾਕਾਰ, ਪੰਨਾ 66

Leave a Reply

Your email address will not be published. Required fields are marked *