“ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੌਜਵਾਨ ਲੇਖਕ ਅਲੀ ਰਾਜਪੁਰਾ ਦੀ ਭਾਈਚਾਰਕ ਸਾਂਝ ਸਬੰਧੀ ਇੱਕ ਪੜ੍ਹਨਯੋਗ ਪੁਸਤਕ ਹੈ। ਅਸੀਂ ਸੁਹਿਰਦ ਪਾਠਕਾਂ ਲਈ ਇਹ ਪੁਸਤਕ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਛਾਪ ਰਹੇ ਹਾਂ। ਇਸ ਅੰਕ ਵਿੱਚ ਸੂਫੀ ਫ਼ਕੀਰ ਭੀਖਣ ਸ਼ਾਹ ਤੇ ਆਰਿਫ਼ ਦੀਨ ਬਾਰੇ ਸੰਖੇਪ ਵੇਰਵਾ ਹੈ…
ਅਲੀ ਰਾਜਪੁਰਾ
ਫੋਨ:+91-9417679302
ਸੂਫੀ ਫ਼ਕੀਰ ਭੀਖਣ ਸ਼ਾਹ
ਕੁਰੂਕਸ਼ੇਤਰ ਜ਼ਿਲ੍ਹੇ ਦਾ ਮਸ਼ਹੂਰ ਪਿੰਡ ਹੈ ਸ਼ੈਦਾਂ ‘ਸਿਆਲਾ’ ਜਿਹੜਾ ਕਿ ਪਿਹੋਵਾ ਤਹਿਸੀਲ ’ਚ ਪੈਂਦਾ ਹੈ। ਪੀਰ ਭੀਖਣ ਸ਼ਾਹ ਦਾ ਇਸ ਪਿੰਡ ’ਚ ਜਨਮ ਚੰਦ ਦੀ ਨੌਵੀਂ ਨੌਂ ਹਜ਼ਬ ਹਿਜਰੀ 1046 ਈ: ਨੂੰ ਹੋਇਆ। ਪਿਤਾ ਦਾ ਨਾਮ ਹਜ਼ਰਤ ਮੌਲਾਨਾ ਮੁਹੰਮਦ ਸ਼ਾਹ ਯੂਸਫ ਸਵਾਲੀਆ ਤੇ ਮਾਤਾ ਦਾ ਨਾਮ ਮਲਕਾਂ ਸੀ। ਪੀਰ ਭੀਖਣ ਸ਼ਾਹ ਨੂੰ ਕਈ ਨਾਂਵਾਂ ਨਾਲ ਨਿਵਾਜਿਆ ਜਾਂਦਾ ਹੈ। ਉਨ੍ਹਾਂ ਦਾ ਮੁਢਲਾ ਸਮਾਂ ਪਿੰਡ ਸੈਦਾਂ ਸਿਆਲਾ ਵਿਖੇ ਗੁਜ਼ਰਿਆ। ਦੱਸਿਆ ਜਾਂਦਾ ਹੈ ਕਿ ਅੱਬਾ ਹਜ਼ਰਤ ਮੌਲਾਨਾ ਮੁਹੰਮਦ ਸ਼ਾਹ ਯੂਸਫ ਸਵਾਲੀਆ ਦੇ ਅੱਲ੍ਹਾ ਨੂੰ ਪਿਆਰੇ ਹੋ ਜਾਣ ਪਿੱਛੋਂ ਉਹ ਪੱਕੇ ਤੌਰ ’ਤੇ ‘ਘੁੜਾਮ’ ਆਣ ਵਸੇ, ਜਿਹੜਾ ਕਿ ਥੋਹ ’ਤੇ ਵਸਿਆ ਹੋਇਆ ਹੈ, ਜਿੱਥੇ ਅੱਜ ਵੀ ਨਾਨਕੀ ਇੱਟਾਂ ਦੀ ਕਿਲ੍ਹਾ ਨੁਮਾ ਇਮਾਰਤ ਨਜ਼ਰ ਪੈਂਦੀ ਹੈ। ਇਹ ਪਿੰਡ ਪਟਿਆਲ਼ਾ ਜ਼ਿਲ੍ਹੇ ਦਾ ਮਸ਼ਹੂਰ ਪਿੰਡ ਹੈ ਤੇ ਪਟਿਆਲ਼ਾ ਤੋਂ ਲਗਭਗ 20-25 ਕਿਲੋਮੀਟਰ ’ਤੇ ਸਥਿਤ ਹੈ।
ਆਪਣੇ ਜ਼ਿਲ੍ਹਾ ਸਹਾਰਨਪੁਰਾ ਦੇ ਮਸ਼ਹੂਰ ਪਿੰਡ ਅੰਬਹਿਦਾ ਦੇ ਅੱਬੁਲ ਮੁਆਲੀ ਸ਼ਾਹ ਨੂੰ ਉਸਤਾਦ ਧਾਰਿਆ, ਜਿੱਥੋਂ ਉਨ੍ਹਾਂ ਨੇ ਇਸਲਾਮਿਕ ਪੜ੍ਹਾਈ ਗ੍ਰਹਿਣ ਕੀਤੀ। ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਵਾਲ਼ੇ ਦਿਨ ਉਨ੍ਹਾਂ ਨੇ ‘ਜੌਹਰ’ ਦੀ ਨਮਾਜ਼ ਚੜ੍ਹਦੇ ਵਾਲੇ ਰੁਖ਼ ਕਰਕੇ ਅਦਾ ਕੀਤੀ। ਇਸਲਾਮਿਕ ਹਲਕਿਆਂ ਵਿੱਚ ਜਦੋਂ ਇਹ ਗੱਲ ਪਹੁੰਚੀ ਤਾਂ ਕਈ ਤਰ੍ਹਾਂ ਦੀਆਂ ਗੱਲਾਂ ਜੁੜੀਆਂ ਭਾਵ ਜਿੰਨੇ ਮੂੰਹ ਓਨੀਆਂ ਗੱਲਾਂ। ਪਰ ਪੀਰ ਜੀ ਇਨ੍ਹਾਂ ਗੱਲਾਂ ਤੋਂ ਬੇਪ੍ਰਵਾਹ ਰਹੇ। ਕੁਝ ਲੋਕਾਂ ਦਾ ਮੰਨਣਾ ਸੀ ਕਿ ਪੀਰ ਜੀ ਨੇ ਇਸਲਾਮ ਦੀ ਸ਼ਰਾ ਤੋਂ ਉਲਟ ਜਾ ਕੇ ਨਮਾਜ਼ ਅਦਾ ਕੀਤੀ ਹੈ। ਕੁਝ ਅਨਸਰ ਉਨ੍ਹਾਂ ਨੂੰ ਕਾਫ਼ਰ (ਸ਼ੈਤਾਨ) ਵੀ ਕਹਿਣ ਲੱਗੇ, ਕਿਉਂਕਿ ਇਸ ਪਾਸੇ ਰੁਖ਼ ਕਰਕੇ ਨਮਾਜ਼ ਤਾਂ ਕਾਫ਼ਰ ਲੋਕ ਪੜ੍ਹਦੇ ਹਨ।
ਇੱਕ ਦਿਨ ਉਨ੍ਹਾਂ ਦੇ ਇੱਕ ਸ਼ਾਗਿਰਦ ਨੇ ਕਿਹਾ, “ਪੀਰ ਜੀ, ਤੁਸੀਂ ਇਸਲਾਮਿਕ ਸ਼ਰਾ ਤੋਂ ਉਲਟ ਨਮਾਜ਼ ਕਿਉਂ ਪੜ੍ਹੀ…?” ਪੀਰ ਜੀ ਨੇ ਆਪਣਾ ਤਰਕ ਸਿੱਧ ਕੀਤਾ ਕਿ ਅਸੀਂ ਮੱਕਾ ਸ਼ਰੀਫ ਵੱਲ ਨਮਾਜ਼ ਇਸ ਲਈ ਪੜ੍ਹਦੇ ਹਾਂ ਕਿ ਲਹਿੰਦੇ ਵਾਲੇ ਪਾਸੇ ਅੱਲ੍ਹਾ ਦਾ ਘਰ ਮੱਕਾ ਸ਼ਰੀਫ ਹੈ, ਜਿਸ ਵਿੱਚ ਅੱਲ੍ਹਾ ਪਾਕ ਦਾ ਵਾਸਾ ਹੈ। ਕਾਦਰ ਦੀ ਕੁਦਰਤ ਨਾਲ ਹਰ ਕਣ-ਕਣ ਵਿੱਚ ਉਸ ਦਾ ਵਾਸਾ ਹੈ। ਤੇ ਮੈਨੂੰ ਪਟਨਾ ਸ਼ਹਿਰ ’ਚ ‘ਅੱਲ੍ਹਾ-ਪਾਕ’ ਦਾ ਨੂਰ ਨਜ਼ਰ ਪਿਆ ਤੇ ਫਿਰ ਮੈਂ ਕਿਉਂ ਨਾ ਚੜ੍ਹਦੇ ਵੱਲ ਰੁਖ਼ ਕਰਕੇ ਨਮਾਜ਼ ਅਦਾ ਕਰਦਾ! ਇੰਨਾ ਸੁਣ ਪੀਰ ਜੀ ਦੇ ਸ਼ਾਗਿਰਦ ਹੱਕੇ-ਬੱਕੇ ਰਹਿ ਗਏ। ਇਕੱਠ ਵਿੱਚੋਂ ਆਵਾਜ਼ ਆਈ, ਇਹ ਕਿਵੇਂ ਹੋ ਸਕਦਾ ਹੈ? ਅਸੀਂ ਵੀ ਦੇਖਣਾ ਚਾਹੁੰਦੇ ਹਾਂ ਅੱਲ੍ਹਾ ਦਾ ਨੂਰ।
ਭੀਖਣ ਸ਼ਾਹ ਜੀ ਨੇ ਪਟਨਾ ਜਾਣ ਦੀ ਤਿਆਰੀ ਆਰੰਭਣ ਲਈ ਕਿਹਾ। ਪੀਰ ਜੀ ਆਪਣੇ ਸ਼ਰਧਾਲੂਆਂ ਸਮੇਤ ਘੁੜਾਮ ਤੋਂ ਚੱਲ ਕੇ ਪਟਨਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਭੂਮੀ ਜਾ ਪਹੁੰਚੇ ਤਾਂ ਮਾਮਾ ਕ੍ਰਿਪਾਲ ਚੰਦ ਜੀ ਨੇ ਸਾਰੀ ਵਿੱਥਿਆ ਦੱਸੀ। ਆਪਣੇ ਸਾਥੀਆਂ ਨੂੰ ਆਖਿਆ ਕਿ ਹੈ ਤਾਂ ਅੱਲ੍ਹਾ ਦਾ ਨੂਰ ਹੀ, ਪਰ ਤੁਹਾਡੀ ਤਸੱਲੀ ਲਈ ਅਸੀਂ ਦੋ ਕੁੱਜੀਆਂ ਅੱਗੇ ਕਰਕੇ ਪਰਖ ਕਰਾਂਗੇ…। ਗੁਰੂ ਜੀ ਦੇ ਮਾਮਾ ਕ੍ਰਿਪਾਲ ਚੰਦ ਜੀ ਗੁਰੂ ਜੀ ਨੂੰ ਕੁੱਛੜ ਚੁੱਕ ਪੀਰ ਜੀ ਕੋਲ਼ ਲੈ ਆਏ ਤਾਂ ਪੀਰ ਭੀਖਣ ਸ਼ਾਹ ਜੀ ਨੇ ਦੋਵੇਂ ਕੁੱਜੀਆਂ ਅੱਗੇ ਵਧਾਈਆਂ ਤਾਂ ਬਾਲ ਗੋਬਿੰਦ ਰਾਇ ਜੀ ਨੇ ਦੋਵੇਂ ਕੁੱਜੀਆਂ ’ਤੇ ਹੱਥ ਧਰ ਕੇ ਸਿੱਧ ਕੀਤਾ ਕਿ ਉਹ ਸਿੱਖਾਂ ਤੇ ਮੁਸਲਮਾਨਾਂ ਦਾ ਸਾਂਝਾ ਗੁਰੂ ਹੈ। ਗੁਰੂ ਸਾਹਿਬ ਦਾ ਨੂਰਾਨੀ ਚਿਹਰਾ ਮੁਸਕਰਾ ਰਿਹਾ ਸੀ। ਸਾਰੇ ਦੇਖ ਕੇ ਦੰਗ ਰਹਿ ਗਏ।
ਪੀਰ ਭੀਖਣ ਸ਼ਾਹ ਜੀ ਨੇ ਆਪਣੇ ਸਾਥੀਆਂ ਸਮੇਤ ਪੰਜਾਬ ਵੱਲ ਨੂੰ ਫੇਰੇ ਪਾ ਦਿੱਤੇ। ਅੰਤਿਮ ਵੇਲ਼ੇ ਜਦੋਂ ਪੀਰ ਸਾਹਿਬ ਦੀ ਸਿਹਤ ਸਾਜ਼ਗਾਰ ਨਾ ਰਹਿਣ ਲੱਗੀ ਤਾਂ ਗੁਰੂ ਗੋਬਿੰਦ ਸਿੰਘ ਜੀ ਦਰਸ਼ਨਾਂ ਲਈ ਘੁੜਾਮ ਆਏ ਸਨ। ਜਿੱਥੇ ਅੱਜ ਕਲ੍ਹ ‘ਮਿਲਾਪ ਸਰ’ ਇਤਿਹਾਸਕ ਗੁਰੂ ਘਰ ਵੀ ਉਸਰਿਆ ਹੋਇਆ ਹੈ। ਇਸ ਪਿੰਡ ਨਾਲ ਇਤਿਹਾਸਕ ਪੱਖੋਂ ਇਹ ਵੀ ਜੁੜਦਾ ਹੈ ਕਿ ਇਹ ਮਾਤਾ ਕੁਸ਼ੱਲਿਆ ਦਾ ਪੇਕਾ ਪਿੰਡ ਵੀ ਹੈ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਹ ਸ੍ਰੀ ਰਾਮਚੰਦਰ ਜੀ ਦੀ ਜਨਮ ਭੂਮੀ ਵੀ ਹੈ। ਅੱਜ ਇਸ ਸਥਾਨ ਦੇ ਬਿਲਕੁਲ ਨਾਲ ਦੋ ਮਸਜਿਦਾਂ, ਮੰਦਿਰ ਅਤੇ ਗੁਰਦੁਆਰਾ ਉਸਰੇ ਹੋਏ ਹਨ।
ਘੁੜਾਮ ਸ਼ਰੀਫ ਦੁਆਰਾ ਪ੍ਰਕਾਸ਼ਿਤ ਪੈਂਫਲਟ ਅਨੁਸਾਰ ਪੀਰ ਜੀ 84 ਸਾਲ ਉਮਰ ਹੰਢਾਅ ਕੇ 5 ਰਮਜ਼ਾਨ 1131 ਹਿਜਰੀ ਨੂੰ ਅੱਲ੍ਹਾ ਪਾਕ ਨੂੰ ਪਿਆਰੇ ਹੋ ਗਏ। ਉਂਜ ਇਸ ਪਿੰਡ ਦਾ ਪ੍ਰਾਚੀਨ ਗ੍ਰੰਥਾਂ ’ਚ ਨਾਂ ‘ਕੋਹਰਾਮ’ ਲਿਖਿਆ ਮਿਲਦਾ ਹੈ। ਹਰ ਸਾਲ ਚੰਦ 1 ਸਥਾਨ ਤੋਂ 14 ਸਥਾਨਾਂ ਤੱਕ ਸਾਲਾਨਾ ਉਰਸ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਹਰ ਮਹੀਨੇ ਚੰਦ ਦੀ ਗਿਆਰ੍ਹਵੀਂ ਨੂੰ ‘ਖ਼ਤਮ-ਦਰੂਦ ਸ਼ਰੀਫ’ ਪੜ੍ਹੇ ਜਾਂਦੇ ਹਨ। ਇਸ ਪਾਕ ਸਥਾਨ ਦੀ ਦੇਖ-ਰੇਖ ਗੱਦੀ ਨਸ਼ੀਨ ਬਾਬਾ ਮਸਤ ਦੀਵਾਨਾ ਬੁੱਲ੍ਹੇ ਸ਼ਾਹ ਜੀ ਅਤੇ ਬੀਬੀ ਮਸਤ ਦੀਵਾਨੀ ਭੋਲੂ ਸ਼ਾਹ ਜੀ ਕਰ ਰਹੇ ਹਨ।
ਪੀਰ ਆਰਿਫ਼ ਦੀਨ
ਪੀਰ ਆਰਿਫ਼ ਦੀਨ ਧਾਰਮਿਕ ਬਿਰਤੀ ਵਾਲ਼ੇ ਨੇਕ ਇਨਸਾਨ ਸਨ, ਇਸਲਾਮਿਕ ਫ਼ਰਜ਼ਾਂ ਦੇ ਪੂਰਕ ਜਿਵੇਂ ਪੰਜ ਵਕਤ ਨਮਾਜ਼ ਦੇ ਪੱਕੇ, ਸਦਕਾ, ਜ਼ਕਾਤ ਰੋਜ਼ਿਆਂ ਦੇ ਪੱਕੇ ਧਾਰਨੀ ਤੇ ਕਰਨਾਲ (ਹਰਿਆਣਾ) ਦੇ ਪੱਕੇ ਬਾਸ਼ਿੰਦੇ ਸਨ।
ਇੱਕ ਵਾਰ ਮਾਤਾ ਗੁਜਰੀ ਜੀ ਨੇ ਪਟਨਾ ਤੋਂ ਅਨੰਦਪੁਰ ਸਾਹਿਬ ਨੂੰ ਜਾਂਦਿਆਂ ਲਖਨੌਰ (ਅੰਬਾਲਾ) ਵਿਖੇ ਠਹਿਰ ਕੀਤੀ ਸੀ, ਤਾਂ ਇੱਕ ਦਿਨ ਬਾਲ ਗੋਬਿੰਦ ਰਾਇ ਜੀ ਆਪਣੇ ਹਮਉਮਰਾਂ ਨਾਲ ਖੇਡ ਰਹੇ ਸਨ ਤੇ ਪੀਰ ਆਰਿਫ਼ ਦੀਨ ਪਾਲਕੀ ’ਚ ਸਵਾਰ ਹੋ ਕੇ ਉੱਥੋਂ ਦੀ ਗੁਜ਼ਰ ਰਹੇ ਸਨ। ਬਾਲ ਗੋਬਿੰਦ ਰਾਇ ਨੂੰ ਦੇਖ ਪੀਰ ਜੀ ਨੇ ਆਪਣੀ ਪਾਲਕੀ ਥਾਂਏਂ ਰਖਾ ਲਈ ਤੇ ਗੋਬਿੰਦ ਰਾਇ ਜੀ ਕੋਲ਼ ਜਾ ਝੁਕ ਕੇ ਸਲਾਮ ਕੀਤਾ ਅਤੇ ਗੋਬਿੰਦ ਰਾਇ ਜੀ ਨੂੰ ਇੱਕ ਪਾਸੇ ਲਿਜਾ ਕੇ ਗੱਲਾਂ ਕਰਨ ਲੱਗੇ। ਗੱਲ-ਬਾਤ ਮੁੱਕਣ ਉਪਰੰਤ ਤੁਰਨ ਲੱਗਿਆਂ ਨੇ ਫਿਰ ਗੋਬਿੰਦ ਰਾਇ ਜੀ ਨੂੰ ਅਦਬ ਨਾਲ ਝੁਕ ਕੇ ਸਲਾਮ ਕੀਤਾ, ਪਰ ਆਪ ਮੁੜ ਪਾਲਕੀ ਵਿੱਚ ਸਵਾਰ ਨਾ ਹੋਏ ਤੇ ਤੁਰਦੇ ਦੂਰ ਨਿਕਲ ਗਏ। ਜਦੋਂ ਬਾਲ ਗੋਬਿੰਦ ਰਾਇ ਜੀ ਆਪ ਨੂੰ ਦਿਸਣੋਂ ਬੰਦ ਹੋਏ ਫਿਰ ਮੁੜ ਪੀਰ ਜੀ ਨੇ ਪਾਲਕੀ ਵਿੱਚ ਸਵਾਰੀ ਕੀਤੀ। ਇਹ ਸਭ ਕੁਝ ਦੇਖ ਪੀਰ ਜੀ ਦੇ ਮੁਰੀਦਾਂ ਨੇ ਸਵਾਲ ਕੀਤਾ, “ਪੀਰ ਜੀ, ਆਪ ਨੇ ਉਸ ਨਿੱਕੇ ਬਾਲ ਨੂੰ ਝੁਕ ਕੇ ਸਲਾਮ ਕਿਉਂ ਕੀਤਾ…?” ਪੀਰ ਜੀ ਨੇ ਸਾਫ਼ ਸ਼ਬਦਾਂ ’ਚ ਕਿਹਾ, “ਮੈਨੂੰ ਉਸ ਬਾਲ ਵਿੱਚ ਅੱਲ੍ਹਾ-ਪਾਕ ਦਾ ਜ਼ਹੂਰ ਨਜ਼ਰ ਆਇਆ… ਤੇ ਅਦਬ ਨਾਲ ਝੁਕ ਕੇ ਸਲਾਮ ਕਰਨਾ ਮੇਰਾ ਫਰਜ਼ ਸੀ।”