ਅਮਰੀਕਾ ਵੱਲੋਂ ਗੁਰਪਤਵੰਤ ਸਿੰਘ ਪੰਨੂੰ ਦੇ ਕਤਲ ਲਈ ਯਤਨਸ਼ੀਲ ਵਿਅਕਤੀ ਖਿਲਾਫ ਕੇਸ ਦਰਜ
ਖਾਲਿਸਤਾਨ ਪੱਖੀ ਸਰਗਰਮੀਆਂ ਕਰਕੇ ਚਰਚਾ ਵਿੱਚ ਰਹਿੰਦੇ ਵਕੀਲ ਗੁਰਪਤਵੰਤ ਸਿੰਘ ਪੰਨੂੰ ਦੇ ਕਤਲ ਦੇ ਸ਼ੜਯੰਤਰ ਨੇ ਭਾਈਚਾਰਕ ਸਫਾਂ ਵਿੱਚ ਗੰਭੀਰ ਚਰਚਾਵਾਂ ਛੇੜ ਦਿੱਤੀਆਂ ਹਨ। ਖਾਲਿਸਤਾਨ ਦੇ ਹਮਾਇਤੀਆਂ ਨੇ ਇਸ ਸ਼ੜਯੰਤਰ ਨੂੰ ਸਮੁੱਚੀ ਸਿੱਖ ਕੌਮ ਦੇ ਖਿਲਾਫ ਭਾਰਤੀ ਏਜੰਸੀਆਂ ਦੀ ਡੂੰਘੀ ਸਾਜ਼ਿਸ਼ ਕਰਾਰ ਦਿੱੱਤਾ ਹੈ, ਜਦਕਿ ਸਿੱਖ ਭਾਈਚਾਰੇ ਵਿੱਚ ਇਹ ਵੀ ਚਰਚਾ ਹੈ ਕਿ ਇਹ ਸਭ ਕਥਿਤ ਗਰਮਖਿਆਲੀਆਂ ਦੀ ਸਿਆਸਤ ਅਤੇ ਖਾਲਿਸਤਾਨ ਪੱਖੀ ਸਰਗਰਮੀਆਂ ਦੇ ਮੱਦੇਨਜ਼ਰ ਹੋ ਰਿਹਾ ਹੈ।
ਗੌਰਤਲਬ ਹੈ ਕਿ ਵਿਦੇਸ਼ਾਂ- ਖਾਸ ਕਰ ਅਮਰੀਕਾ ਤੇ ਕੈਨੇਡਾ ਵਿੱਚ ਵੱਸਦੇ ਸਿੱਖ ਭਾਈਚਾਰੇ ਦੇ ਸਾਰੇ ਲੋਕ ਖਾਲਿਸਤਾਨ ਪੱਖੀ ਨਹੀਂ ਹਨ, ਪਰ ਸਿੱਖ-ਵਿਰੋਧੀ ਕਾਰਵਾਈਆਂ ਨੇ ਭਾਈਚਾਰਕ ਹਲਕਿਆਂ ਵਿੱਚ ਅਸੁਖਾਵਾਂ ਮਾਹੌਲ ਜ਼ਰੂਰ ਪੈਦਾ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਦੋ ਕੁ ਮਹੀਨੇ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਸੀਆਂ ਦੇ ਸੰਭਾਵਿਤ ਰੂਪ ਵਿੱਚ ਸ਼ਾਮਲ ਹੋਣ ਦੇ ਦੋਸ਼ ਤੋਂ ਬਾਅਦ ਹੁਣ ਅਮਰੀਕਾ ਨੇ ਵੀ ਇਸੇ ਕਿਸਮ ਦੇ ਦੋਸ਼ ਭਾਰਤ ਖਿਲਾਫ ਲਗਾਏ ਹਨ। ਦੂਜੇ ਪਾਸੇ ਭਾਰਤੀ ਮੀਡੀਆ ਦੇ ਇੱਕ ਹਿੱਸੇ ਨੇ ਇਸ ਗੱਲ ਨੂੰ ਉਭਾਰਿਆ ਹੈ ਕਿ ਗੁਰਪਤਵੰਤ ਸਿੰਘ ਪੰਨੂੰ ਅਮਰੀਕਾ/ਕੈਨੇਡਾ ਦੀ ਸ਼ਰਨ ਵਿੱਚ ਬੈਠ ਕੇ ਖਾਲਿਸਤਾਨ ਦੇ ਨਾਂ ਉਤੇ ਭਾਰਤ ਖਿਲਾਫ ਭੜਕਾਊ ਬਿਆਨਬਾਜ਼ੀ ਕਰਦਾ ਰਹਿੰਦਾ ਹੈ। ਦਿਲਚਸਪ ਗੱਲ ਹੈ ਕਿ ਪੰਨੂ ਮਾਮਲਾ ਚਰਚਾ `ਚ ਆਉਣ ਕਾਰਨ ਹੁਣ ਵੱਖ ਵੱਖ ਗੁਰੂ ਘਰਾਂ ਦੀਆਂ ਸਟੇਜਾਂ ਤੋਂ ਵੀ ਖਾਲਿਸਤਾਨ ਦੀ ਗੱਲ ਮੁੜ ਤੁਰਨ ਲੱਗੀ ਹੈ। ਇਹ ਵੀ ਸਾਫ ਹੈ ਕਿ ਸਾਰੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਖਾਲਿਸਤਾਨ ਪੱਖੀ ਨਹੀਂ ਹਨ, ਪਰ ਜਿਨ੍ਹਾਂ ਕਮੇਟੀਆਂ ਵਿੱਚ ਖਾਲਿਸਤਾਨ ਪੱਖੀ ਨੁਮਾਇੰਦੇ ਸ਼ਾਮਲ ਹਨ, ਉਥੇ ਸਟੇਜ ਤੋਂ ਖਾਲਿਸਤਾਨ ਲਈ ਤਰੱਦਦ ਹੋਰ ਤੇਜ਼ ਕਰਨ ਦੀਆਂ ਗੱਲਾਂ ਜ਼ਰੂਰ ਹੋਣ ਲੱਗੀਆਂ ਹਨ।
ਗੁਰਪਤਵੰਤ ਸਿੰਘ ਪੰਨੂੰ ਵਾਲੇ ਹਾਲੀਆ ਮਾਮਲੇ ਵਿੱਚ ਮੈਨਹਟਨ ਦੀ ਇੱਕ ਫੈਡਰਲ ਅਦਾਲਤ ਵਿੱਚ ਸਰਕਾਰੀ ਵਕੀਲ ਵੱਲੋਂ ਨਿਖਲ ਗੁਪਤਾ ਖਿਲਾਫ ਜਿਹੜੀ ਕੇਸ ਫਾਈਲ ਦਰਜ ਕੀਤੀ ਗਈ ਹੈ, ਉਸ ਵਿੱਚ ਸਪਸ਼ਟ ਨਾਂ ਤਾਂ ਭਾਵੇਂ ਨਿਖਲ ਗੁਪਤਾ ਦਾ ਹੀ ਬੋਲਦਾ ਹੈ, ਪਰ ਕੋਡ ਅੱਖਰਾਂ ਵਿੱਚ ਕੁਝ ਹੋਰ ਨਾਂ ਵੀ ਸ਼ਾਮਲ ਹਨ, ਜਿਹੜੇ ਮਾਮਲੇ ਨਾਲ ਜੁੜੇ ਹੋਏ ਹਨ। ਭਾਰਤ ਵਿੱਚ ਇੰਡੀਅਨ ਐਕਸਪ੍ਰੈਸ ਦੇ ਸਾਬਕਾ ਐਡੀਟਰ ਸ਼ੇਖਰ ਗੁਪਤਾ ਨੇ ਆਪਣੀ ਪੋਰਟਲ ‘ਤੇ ਬੋਲਦਿਆਂ ਕਿਹਾ ਕਿ ਅਮਰੀਕੀ ਅਧਿਕਾਰੀਆਂ ਵੱਲੋਂ ਦਾਖਲ ਕੀਤੀ ਗਈ ਚਾਰਜਸ਼ੀਟ ਭਾਸ਼ਾਈ ਅਤੇ ਟੈਕਸਚੂਅਲ ਕੁਆਲਿਟੀ ਪੱਖੋਂ ‘ਏ’ ਕਲਾਸ ਹੈ। ਉਨ੍ਹਾਂ ਗੁੱਝੇ ਵਿਅੰਗ ਵਿੱਚ ਇੱਥੋਂ ਤੱਕ ਕਿਹਾ ਕਿ ਇਹ ਲਿਖਤ ਪੱਤਰਕਾਰੀ ਦੇ ਸਕੂਲਾਂ ਵਿੱਚ ਪੜ੍ਹਾਈ ਜਾਣੀ ਚਾਹੀਦੀ ਹੈ।
ਭਾਰਤੀ ਨਾਗਰਿਕ ਨਿਖਿਲ ਗੁਪਤਾ ਜਿਹੜਾ ਕਿ ਕਥਿਤ ਰੂਪ ਵਿੱਚ ਸਿੱਖਸ ਫਾਰ ਜਸਟਿਸ ਦੇ ਆਗੂ ਐਡਵੋਕੇਟ ਗੁਰਪਤਵੰਤ ਸਿੰਘ ਪੰਨੂੰ ਨੂੰ ਮਾਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਦੱਸਿਆ ਜਾਂਦਾ ਹੈ, ਖਿਲਾਫ ਮੈਨਹਟਨ ਦੀ ਇੱਕ ਫੈਡਰਲ ਅਦਾਲਤ ਵਿੱਚ ਮੁਕੱਦਮਾ ਦਾਇਰ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ। ਨਿਖਲ ਗੁਪਤਾ ਗੁਜਰਾਤ ਦਾ ਵਾਸੀ ਹੈ, ਉਹ ਡਰੱਗ ਅਤੇ ਹਥਿਆਰਾਂ ਦੀ ਸਮਗਲਿੰਗ ਦੇ ਧੰਦੇ ਵਿੱਚ ਸ਼ਾਮਲ ਹੈ। ਗੁਜਰਾਤ ਵਿੱਚ ਉਸ ਦੇ ਖਿਲਾਫ ਕਈ ਕੇਸ ਦਰਜ ਹਨ। ਮਿੱਥੇ ਨਿਸ਼ਾਨਿਆਂ ਨੂੰ ਪੂਰਾ ਕਰਨ ‘ਤੇ ਭਾਰਤੀ ਅਧਿਕਾਰੀ (ਸੀ ਸੀ-1) ਵੱਲੋਂ ਉਸ ਖਿਲਾਫ ਕੇਸ ਵਾਪਸ ਲੈਣ ਦਾ ਵਾਆਦਾ ਕੀਤਾ ਗਿਆ ਦੱਸਿਆ ਜਾਂਦਾ ਹੈ। (ਇਹ ਵੀ ਸੁਣਨ ਵਿੱਚ ਆਇਆ ਹੈ ਕਿ ਇਹ ਕੇਸ ਵਾਪਸ ਲੈ ਵੀ ਲਏ ਗਏ ਸਨ)
ਨਿਖਿਲ ਗੁਪਤਾ ਨੂੰ ਅਮਰੀਕਾ ਦੇ ਕਹਿਣ ‘ਤੇ ਬੀਤੇ ਦਿਨੀਂ ਚੈਕ ਗਣਰਾਜ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਵਿਅਕਤੀ ਸੀ ਸੀ-1 ਨਾਂ ਦੇ ਕਿਸੇ ਭਾਰਤੀ ਸਰਕਾਰੀ ਅਧਿਕਾਰੀ ਤੋਂ ਹਦਾਇਤਾਂ ਅਤੇ ਕੈਸ਼ ਵਗੈਰਾ ਹਾਸਲ ਕਰ ਰਿਹਾ ਸੀ। ਪੰਨੂੰ ਦਾ ਕਤਲ ਕਰਨ ਲਈ ਇਸ ਨੇ ਕਿਸੇ ਹਿੱਟਮੈਨ ਨੂੰ 15 ਹਜ਼ਾਰ ਡਾਲਰ ਦਿੱਤੇ ਵੀ ਸਨ। ਇਹ ਸੌਦਾ ਇੱਕ ਲੱਖ ਡਾਲਰ ਵਿੱਚ ਤੈਅ ਕੀਤਾ ਗਿਆ ਸੀ। ਜਿਸ ਵਿਅਕਤੀ (ਯੂ ਸੀ) ਨੂੰ ਪੈਸੇ ਦਿੱਤੇ ਗਏ, ਉਹ ਅਮਰੀਕਾ ਦੀ ਖੁਫੀਆ ਏਜੰਸੀ ਦਾ ਅੰਡਰ ਕਵਰ ਏਜੰਟ ਨਿਕਲਿਆ। ਇਸ ਤਰ੍ਹਾਂ ਸਾਰੇ ਮਾਮਲੇ ਤੋਂ ਪਰਦਾ ਚੁੱਕਿਆ ਗਿਆ। ਸੀ ਸੀ-1 ਵਾਲੇ ਕੋਡ ਨਾਂ ਵਾਲਾ ਅਧਿਕਾਰੀ ਸੀ.ਆਰ.ਪੀ.ਐਫ. ਨਾਲ ਸਬੰਧਤ ਦੱਸਿਆ ਜਾਂਦਾ ਹੈ।
ਅਮਰੀਕਾ ਵੱਲੋਂ ਲਗਾਏ ਗਏ ਦੋਸ਼ਾਂ ਤੋਂ ਬਾਅਦ ਭਾਰਤ ਨੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਅਮਰੀਕਾ ਵੱਲੋਂ ਲਾਏ ਗਏ ਇਲਜ਼ਾਮ ਚਿੰਤਾ ਦਾ ਵਿਸ਼ਾ ਹਨ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਸ ਬਾਰੇ ਆਪਣੇ ਬਿਆਨ ਵਿੱਚ ਕਿਹਾ ਕਿ “ਕੇਸ ਵਿੱਚ ਸ਼ਾਮਲ ਅਧਿਕਾਰੀ ਦਾ ਨਾਂ ਭਾਰਤੀ ਅਧਿਕਾਰੀ ਨਾਲ ਜੁੜਨਾ ਚਿੰਤਾ ਦਾ ਵਿਸ਼ਾ ਹੈ, ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਅਤੇ ਮੁੜ ਦੁਹਰਾਉਂਦੇ ਹਾਂ ਕਿ ਇਹ ਸਾਡੀ ਸਰਕਾਰ ਦੀ ਨੀਤੀ ਨਹੀਂ ਹੈ।” ਭਾਰਤ ਨੇ ਇਸ ਮਾਮਲੇ ਨੂੰ ਸੰਗਠਿਤ ਅਪਰਾਧੀਆਂ ਅਤੇ ਤਸਕਰਾਂ ਨਾਲ ਜੋੜਨ ਦਾ ਯਤਨ ਕਰਦਿਆਂ ਕਿਹਾ ਕਿ ਸੰਗਠਿਤ ਅਪਰਾਧੀਆਂ, ਨਸ਼ਾ ਤਸਕਰਾਂ, ਹਥਿਆਰਾਂ ਦੇ ਸਮਗਲਰਾਂ ਅਤੇ ਕੱਟੜਪੰਥੀਆਂ ਵਿਚਾਲੇ ਕੌਮਾਂਤਰੀ ਪੱਧਰ ‘ਤੇ ਗੱਠਜੋੜ ਬਣ ਗਿਆ ਹੈ, ਇਹ ਸੁਰੱਖਿਆ ਏਜੰਸੀਆਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਉਪਰੋਕਤ ਮਾਮਲੇ ਦੇ ਪ੍ਰਗਟ ਹੋਣ ਤੋਂ ਤੁਰੰਤ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਮਾਮਲੇ ਵਿੱਚ ਭਾਰਤ ਖਿਲਾਫ ਲਗਾਏ ਗਏ ਦੋਸ਼ ਇੱਕ ਵਾਰ ਫਿਰ ਦੁਹਰਾਏ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਲਗਾਏ ਗਏ ਦੋਸ਼ ਕੈਨੇਡਾ ਵੱਲੋਂ ਭਾਰਤੀ ਏਜੰਸੀਆਂ ਖਿਲਾਫ ਲਗਾਏ ਦੋਸ਼ਾਂ ਵਰਗੇ ਹੀ ਹਨ। ਭਾਰਤ ਨੂੰ ਇਨ੍ਹਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਜਾਂਚ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ। ਕੈਨੇਡਾ ਦੇ ਜਨਤਕ ਸੁਰੱਖਿਆ ਬਾਰੇ ਮੰਤਰੀ ਡੌਮੀਨਿਕ ਲੀਬਲਾਂਕ ਨੇ ਕਿਹਾ ਕਿ ਅਮਰੀਕੀ ਕਾਰਵਾਈ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਕੈਨੇਡਾ ਇਸ ਕਿਸਮ ਦੇ ਖਤਰਿਆਂ ਨਾਲ ਨਜਿੱਠਣ ਵਿੱਚ ਇਕੱਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਸਰਕਾਰ, ਰਾਇਲ ਕੈਨੇਡੀਅਨ ਪੁਲਿਸ ਅਤੇ ਖੁਫੀਆ ਸੇਵਾ ਏਜੰਸੀਆਂ ਕੈਨੇਡਾ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਹਰ ਸੰਭਵ ਯਤਨ ਕਰਦੀਆਂ ਹਨ। ਨਾਲ ਹੀ ਉਨ੍ਹਾਂ ਲੋਕਾਂ ਨੂੰ ਵੀ ਜਵਾਬਦੇਹ ਠਹਿਰਾਉਂਦੀਆਂ ਹਨ, ਜਿਨ੍ਹਾਂ ਨੇ ਕੈਨੇਡਾ ਵਿੱਚ ਕੈਨੇਡੀਅਨ ਨਾਗਰਿਕ ਦੀ ਹੱਤਿਆ ਕੀਤੀ।
ਕੈਨੇਡਾ ਦੀ ਵਿਦੇਸ਼ ਮੰਤਰੀ ਮਿਲਾਨੀ ਜੋਲੀ ਨੇ ਕਿਹਾ ਕਿ ਕੈਨੇਡਾ ਸਰਕਾਰ ਆਪਣੇ ਉਨ੍ਹਾਂ ‘ਭਰੋਸੇਯੋਗ ਦੋਸ਼ਾਂ’ ‘ਤੇ ਕਾਇਮ ਹੈ ਕਿ ਕੈਨੇਡਾ ਵਿੱਚ ਕੈਨੇਡਾ ਦੇ ਨਾਗਰਿਕ ਦੀ ਹੱਤਿਆ ਹੋਈ, ਜਿਸ ਦਾ ਲਿੰਕ ਭਾਰਤੀ ਏਜੰਟਾਂ ਨਾਲ ਹੈ। ਉਂਝ ਭਾਰਤ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਇਸ ਦੀ ਜਾਂਚ ਕਰਵਾਉਣ ਦੇ ਐਲਾਨ ਤੋਂ ਬਾਅਦ ਅਮਰੀਕਾ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਅਮਰੀਕਾ ਦੇ ਸਟੇਟ ਸਕੱਤਰ ਐਂਟਨੀ ਬਲਿੰਕਨ ਨੇ ਕਿਹਾ, ‘ਇਹ ਫੈਸਲਾ ਚੰਗਾ ਅਤੇ ਸਹੀ (ਅਪਰੋਪਰੀਏਟ) ਹੈ। ਅਸੀਂ ਵੇਖਾਂਗੇ ਕਿ ਇਸ ਪੜਤਾਲ ਦੇ ਕੀ ਨਤੀਜੇ ਨਿਕਲਦੇ ਹਨ।’
ਇਹ ਵੀ ਸਾਹਮਣੇ ਆ ਰਿਹਾ ਹੈ ਕਿ ਉਪਰਕਤ ਮਸਲੇ ਦੇ ਪ੍ਰਗਟ ਹੋਣ ਤੋਂ ਬਾਅਦ ਅਮਰੀਕਾ ਨੇ ਆਪਣੇ ਦੇਸ਼ ਵਿੱਚ ਨਿਯੁਕਤ ਖੁਫੀਆ ਏਜੰਸੀ ‘ਰਾਅ’ ਦੇ ਅਧਿਕਾਰੀਆਂ ਨੂੰ ਵਾਪਸ ਭੇਜ ਦਿੱਤਾ ਸੀ। ਪਿਛਲੇ ਦਿਨਾਂ ਵਿੱਚ ਇਸ ਮਾਮਲੇ ਨੂੰ ਲੈ ਕੇ ਅਮਰੀਕਾ ਨੇ ਆਪਣੇ ਸੀਨੀਅਰ ਅਧਿਕਾਰੀ ਵੀ ਭਾਰਤ ਭੇਜੇ ਸਨ। ਇਸੇ ਤਰ੍ਹਾਂ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ਦੇ ਸੀਨੀਅਰ ਅਧਿਕਾਰੀ ਵੀ ਭਾਰਤ ਗਏ ਸਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਜੀ-20 ਸੰਮੇਲਨ ਮੌਕੇ ਵੀ ਇਹ ਮਸਲਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਚਾਰਿਆ ਸੀ। ਯਾਦ ਰਹੇ, ਬਹੁਤ ਸਾਰੇ ਅਮਰੀਕੀ ਪੱਤਰਕਾਰ ਵੀ ਉਸ ਮੌਕੇ ਅਮਰੀਕਾ ਦੇ ਰਾਸ਼ਟਰਪਤੀ ਨਾਲ ਭਾਰਤ ਗਏ ਸਨ, ਪਰ ਉਨ੍ਹਾਂ ਨੂੰ ਭਾਰਤ ਵਿੱਚ ਪੈ੍ਰਸ ਕਾਨਫਰੰਸ ਕਰਨ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ। ਉਨ੍ਹਾਂ ਆਪਣੀ ਪ੍ਰੈਸ ਕਾਨਫਰੰਸ ਇਸ ਸੰਮੇਲਨ ਪਿੱਛੋਂ ਵੀਅਤਨਾਮ ਵਿੱਚ ਜਾ ਕੇ ਕੀਤੀ ਸੀ।
ਹਾਲ ਹੀ ਵਿੱਚ ਭਾਰਤ ਦੌਰੇ ‘ਤੇ ਗਏ ਅਮਰੀਕਾ ਦੇ ਡਿਪਟੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੋਨਾਥਨ ਫਾਈਨਰ ਨੇ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ। ਦੋਵੇਂ ਦੇਸਾਂ ਦੇ ਉੱਚ ਅਧਿਕਾਰੀਆਂ ਦੀ ਇਹ ਮੁਲਾਕਾਤ ਉਸ ਸਮੇਂ ਹੋਈ ਹੈ, ਜਦੋਂ ਅਮਰੀਕਾ ਨੇ ਇੱਕ ਸਿੱਖ ਵੱਖਵਾਦੀ ਭਾਵ ਵਕੀਲ ਪੰਨੂ ਨੂੰ ਮਾਰਨ ਦੀ ਸਾਜਿਸ਼ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ। ਅਮਰੀਕਾ ਨੇ ਇਸ ਮਾਮਲੇ ਵਿੱਚ ਇਲਜ਼ਾਮ ਲਾਏ ਸਨ ਕਿ ਨਿਖਿਲ ਗੁਪਤਾ ਭਾਰਤ ਸਰਕਾਰ ਦੇ ਇੱਕ ਅਫ਼ਸਰ ਦੇ ਹੁਕਮਾਂ ‘ਤੇ ਕੰਮ ਕਰ ਰਿਹਾ ਸੀ। ਭਾਰਤ ਨੇ ਇਸ ਦੀ ਜਾਂਚ ਦੇ ਲਈ ਇੱਕ ਉੱਚ ਪੱਧਰੀ ਜਾਂਚ ਕਮੇਟੀ ਵੀ ਗਠਿਤ ਕੀਤੀ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ, “ਗੱਲਬਾਤ ਦੌਰਾਨ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਉੱਪ ਸਲਾਹਕਾਰਾਂ ਨੇ ਮੁੱਖ ਦੁਵੱਲੇ ਮੁੱਦਿਆਂ ਦੀ ਸਮੀਖਿਆ ਕੀਤੀ, ਇਸ ਮੌਕੇ ਦੋਵਾਂ ਨੇ ਖ਼ੇਤਰੀ ਅਤੇ ਸੰਸਾਰ ਪੱਧਰ ਦੇ ਘਟਨਾਕ੍ਰਮਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।”
ਵ੍ਹਾਈਟ ਹਾਊਸ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਵੀ ਇਸਦੀ ਪੁਸ਼ਟੀ ਕੀਤੀ ਗਈ ਹੈ ਕਿ ਦੋਵਾਂ ਦੇਸ਼ਾਂ ਦੇ ਆਗੂਆਂ ਵਿਚਾਲੇ ਸਿੱਖ ਵੱਖਵਾਦੀ ਆਗੂ ਦੇ ਕਤਲ ਦੇ ਮੁੱਦੇ ਉੱਤੇ ਗੱਲਬਾਤ ਹੋਈ। ਇਸ ਬਾਰੇ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਮਾਮਲੇ ਦੀ ਜਾਂਚ ਕਰ ਰਿਹਾ ਹੈ ਅਤੇ ਸਾਨੂੰ ਜਲਦੀ ਇਸ ਦੇ ਨਤੀਜੇ ਆਉਣ ਦੀ ਉਮੀਦ ਹੈ।
ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੈਥਯੂ ਮਿਲਰ ਨੇ ਕਿਹਾ, “ਅਸੀਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਸਰਹੱਦ ਪਾਰ ਜਾ ਕੇ ਅਜਿਹਾ ਜਬਰ ਕੀਤੇ ਜਾਣ ਦੇ ਖ਼ਿਲਾਫ਼ ਹਾਂ, ਚਾਹੇ ਇਹ ਕਿਸੇ ਵੀ ਹਿੱਸੇ ਵਿੱਚ ਹੋਵੇ ਜਾਂ ਕੋਈ ਵੀ ਕਰੇ। ਇਹ ਸਿਰਫ਼ ਭਾਰਤ ਨਾਲ ਜੁੜਿਆ ਨਹੀਂ ਹੈ, ਬਲਕਿ ਦੁਨੀਆ ਦੇ ਕਿਸੇ ਵੀ ਦੇਸ਼ ਦੇ ਲਈ ਇਹੀ ਨੀਤੀ ਹੈ।”
ਮਿਲਰ ਨੇ ਕਿਹਾ, “ਮੈਂ ਬੱਸ ਇਹੀ ਕਹਾਂਗਾ ਕਿ ਜਦੋਂ ਇਹ ਕਥਿਤ ਮਾਮਲੇ ਸਾਡੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਅਸੀਂ ਭਾਰਤ ਸਰਕਾਰ ਨੂੰ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਅਸੀਂ ਅਜਿਹੇ ਮਾਮਲਿਆਂ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੇ ਹਾਂ।”