ਛਤੀਸਗੜ੍ਹ, ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਭਾਜਪਾ ਅਤੇ ਤਿਲੰਗਾਨਾ `ਚ ਕਾਂਗਰਸ ਤੇ ਮਨੀਪੁਰ ‘ਚ ਜ਼ੈਡ.ਪੀ.ਐਮ. ਨੂੰ ਮਿਲੀ ਸਫਲਤਾ
-ਜਸਵੀਰ ਸਿੰਘ ਸ਼ੀਰੀ
ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛਤੀਸਗੜ੍ਹ ਵਿੱਚ ਅਸੈਂਬਲੀ ਚੋਣਾਂ ਜਿੱਤ ਕੇ ਭਾਰਤੀ ਜਨਤਾ ਪਾਰਟੀ ਨੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵੱਲ ਮਜ਼ਬੂਤੀ ਨਾਲ ਕਦਮ ਵਧਾ ਦਿੱਤੇ ਹਨ। ਕਾਂਗਰਸ ਪਾਰਟੀ ਦੇ ਲਈ ਇਹ ਦੂਹਰੀ ਮਾਰ ਹੈ, ਇੱਕ ਪਾਸੇ ਤਾਂ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਵਿੱਚ ਜਿੱਤ ਦੀ ਦਾਅਵੇਦਾਰੀ ਕਮਜ਼ੋਰ ਹੋ ਗਈ ਹੈ, ਦੂਜੇ ਪਾਸੇ ਉਸ ਦੇ ਹੱਥੋਂ ਛਤੀਸਗੜ੍ਹ ਅਤੇ ਰਾਜਸਥਾਨ ਜਿਹੇ ਦੋ ਮਜ਼ਬੂਤ ਗੜ੍ਹ ਵੀ ਨਿਕਲ ਗਏ ਹਨ।
ਚਾਰ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਵੱਖ-ਵੱਖ ਚੈਨਲਾਂ ਵੱਲੋਂ ਚੋਣ ਨਤੀਜਿਆਂ ਦੇ ਸਬੰਧ ਵਿੱਚ ਲਗਾਏ ਗਏ ਅੰਦਾਜ਼ਿਆਂ ਨੂੰ ਵੀ ਦਰਕਿਨਾਰ ਕਰ ਦਿੱਤਾ ਹੈ, ਜਿਹੜੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਕਾਂਗਰਸ ਅਤੇ ਭਾਜਪਾ ਵਿੱਚ ਲਾਗੇ ਚਾਗੇ ਦੀ ਟੱਕਰ ਵੇਖ ਰਹੇ ਸਨ। ਜਦੋਂਕਿ ਛਤੀਸਗੜ੍ਹ ਵਿੱਚ ਕਾਂਗਰਸ ਪਾਰਟੀ ਜਿੱਤਦੀ ਵਿਖਾ ਰਹੇ ਸਨ। ਇੱਕ ਮਾਤਰ ਤਿਲੰਗਾਨਾ ਰਾਜ ਹੈ, ਜਿੱਥੇ ਕਾਂਗਰਸ ਪਾਰਟੀ ਉਥੋਂ ਦੀ ਖੇਤਰੀ ਪਾਰਟੀ ਬੀ.(ਟੀ).ਆਰ.ਐਸ. ਨੂੰ ਮਾਤ ਦੇਣ ਵਿੱਚ ਸਫਲ ਹੋਈ ਹੈ ਅਤੇ ਭਾਜਪਾ ਦੀ ਕਾਰਗੁਜ਼ਾਰੀ ਇੱਥੇ ਬਹੁਤੀ ਚੰਗੀ ਨਹੀਂ ਰਹੀ।
ਮੱਧ ਪ੍ਰਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਅਣਕਿਆਸੀ ਜਿੱਤ ਹਾਸਲ ਕਰਨ ਵਿੱਚ ਕਾਮਯਾਬ ਰਹੀ। ਉਸ ਨੇ 230 ਸੀਟਾਂ ਵਾਲੀ ਰਾਜ ਅਸੈਂਬਲੀ ਵਿੱਚ 163 ਸੀਟਾਂ ਹਾਸਲ ਕੀਤੀਆਂ ਹਨ, ਜਦਕਿ ਕਾਂਗਰਸ ਪਾਰਟੀ ਸਿਰਫ 66 ਸੀਟਾਂ ਹਾਸਲ ਕਰ ਸਕੀ ਹੈ। ਜਿੱਥੋਂ ਤੱਕ ਵੋਟ ਸ਼ੇਅਰ ਦਾ ਸਬੰਧ ਹੈ, ਭਾਰਤੀ ਜਨਤਾ ਪਾਰਟੀ ਲਗਪਗ 9% ਵੋਟ ਸ਼ੇਅਰ ਵਧਾਉਣ ਵਿੱਚ ਕਾਮਯਾਬ ਰਹੀ। ਭਾਰਤੀ ਜਨਤਾ ਪਾਰਟੀ ਨੂੰ ਕੁੱਲ 49 ਫੀਸਦੀ ਦੇ ਕਰੀਬ ਵੋਟ ਮਿਲੇ ਹਨ, ਜਦਕਿ ਕਾਂਗਰਸ ਨੂੰ 41 ਫੀਸਦੀ ਦੇ ਕਰੀਬ ਵੋਟ ਪ੍ਰਾਪਤ ਹੋਏ ਹਨ। ਹੋਰਨਾਂ ਪਾਰਟੀਆਂ ਨੇ 6 ਫੀਸਦੀ ਵੋਟ ਨਾਲ ਮੱਧ ਪ੍ਰਦੇਸ਼ ਵਿੱਚ ਇੱਕ ਸੀਟ ਹਾਸਲ ਕੀਤੀ ਹੈ।
ਕੁੱਲ 199 ਸੀਟਾਂ ਵਾਲੀ ਰਾਜਸਥਾਨ ਅਸੈਂਬਲੀ ਵਿੱਚ ਭਾਰਤੀ ਜਨਤਾ ਪਾਰਟੀ ਨੇ 115 ਸੀਟਾਂ ਹਾਸਲ ਕਰਕੇ ਸਪਸ਼ਟ ਬਹੁਮਤ ਹਾਸਲ ਕਰ ਲਿਆ ਹੈ। ਛੋਟੀਆਂ ਪਾਰਟੀਆਂ ਅਤੇ ਆਜ਼ਾਦ ਰਲ ਕੇ 13 ਸੀਟਾਂ ਜਿੱਤਣ ਵਿੱਚ ਕਾਮਯਾਬ ਰਹੇ ਹਨ। ਬਹੁਜਨ ਸਮਾਜ ਪਾਰਟੀ ਨੇ ਰਾਜਸਥਾਨ ਵਿੱਚ ਦੋ ਸੀਟਾਂ ਹਾਸਲ ਕੀਤੀਆਂ ਹਨ। ਛਤੀਸਗੜ੍ਹ ਵਿੱਚ ਭਾਰਤੀ ਜਨਤਾ ਪਾਰਟੀ ਨੇ 46 ਫੀਸਦੀ ਵੋਟ ਸ਼ੇਅਰ ਨਾਲ 54 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਹੈ ਅਤੇ ਕਾਂਗਰਸ ਨੂੰ 42 ਫੀਸਦੀ ਵੋਟ ਸ਼ੇਅਰ ਨਾਲ 35 ਸੀਟਾਂ ਮਿਲੀਆਂ ਹਨ। ਇੱਕ ਸੀਟ ਕਿਸੇ ਛੋਟੀ ਪਾਰਟੀ ਨੇ ਹਾਸਲ ਕੀਤੀ ਹੈ।
ਜਿੱਤਣ ਵਾਲੇ ਤਿੰਨਾਂ ਰਾਜਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਸਪਸ਼ਟ ਬਹੁਮਤ ਹਾਸਲ ਕੀਤਾ ਹੈ। ਮੱਧ ਪ੍ਰਦੇਸ਼ ਅਸੈਂਬਲੀ ਵਿੱਚ ਬਹੁਮਤ ਲਈ 116 ਸੀਟਾਂ ਦੀ ਲੋੜ ਸੀ। ਇਸੇ ਤਰ੍ਹਾਂ ਰਾਜਸਥਾਨ ਅਤੇ ਛਤੀਸਗੜ੍ਹ ਵਿੱਚ ਕਰਮਵਾਰ 100 ਅਤੇ 46 ਸੀਟਾਂ ਬਹੁਮਤ ਲਈ ਚਾਹੀਦੀਆਂ ਸਨ। ਤਿਲੰਗਾਨਾ ਵਿੱਚ ਕਾਂਗਰਸ ਨੂੰ ਬਹੁਮਤ ਲਈ 60 ਸੀਟਾਂ ਦੀ ਲੋੜ ਸੀ, ਜਦਕਿ ਉਸ ਨੇ 64 ਸੀਟਾਂ ਹਾਸਲ ਕਰ ਲਈਆਂ ਹਨ। ਇੰਝ ਇਨ੍ਹਾਂ ਚਾਰਾਂ ਰਾਜਾਂ ਦੇ ਲੋਕਾਂ ਨੇ ਜਿੱਤਣ ਵਾਲੀਆਂ ਪਾਰਟੀਆਂ ਦੇ ਹੱਕ ਵਿੱਚ ਸਪਸ਼ਟ ਬਹੁਮਤ ਦਿੱਤਾ ਹੈ।
ਚੋਣ ਨਤੀਜਿਆਂ ਤੋਂ ਬਾਅਦ ਗਦ-ਗਦ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਤਿੰਨ ਸੂਬਿਆਂ ਵਿੱਚ ਲਗਾਈ ਗਈ ਜਿੱਤ ਦੀ ਹੈਟ੍ਰਿਕ 2024 ਵਾਲੀ ਹੈਟ੍ਰਿਕ ਦੀ ਗਾਰੰਟੀ ਹੈ। ਨਵੀਂ ਦਿੱਲੀ ਵਿਖੇ ਭਾਜਪਾ ਹੈਡ ਕੁਆਰਟਰ ‘ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ, ‘ਅਬ ਕੀ ਬਾਰ 400 ਪਾਰ।’
ਉਧਰ ਕਾਂਗਰਸ ਦੇ ਪ੍ਰਧਾਨ ਮਲਿਕਾਰੁਜਨ ਖੜਗੇ ਨੇ ਕਿਹਾ ਕਿ ਤਿੰਨ ਰਾਜਾਂ ਵਿੱਚ ਸਾਡੀ ਕਾਰਗੁਜ਼ਾਰੀ ਮਾੜੀ ਰਹੀ ਹੈ, ਪਰ ਅਸੀਂ ਵਾਅਦਾ ਕਰਦੇ ਹਾਂ ਕਿ ਜਲਦੀ ਮੁੜ ਉਭਰਨ ਦਾ ਯਤਨ ਕਰਾਂਗੇ। ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਤਿੰਨ ਰਾਜਾਂ ਵਿੱਚ ਹਾਰ ਨੂੰ ਨਿਮਰਤਾ ਨਾਲ ਕਬੂਲ ਕਰਦੇ ਹਾਂ, ਪਰ ਭਾਜਪਾ ਦੇ ਖਿਲਾਫ ਵਿਚਾਰਧਾਰਕ ਲੜਾਈ ਜਾਰੀ ਰਹੇਗੀ। ਮੱਧ ਪ੍ਰਦੇਸ਼ ਦੇ ਚਾਰ ਵਾਰ ਮੁੱਖ ਮੰਤਰੀ ਰਹੇ ਸ਼ਿਵਰਾਜ ਚੌਹਾਨ ਨੇ ਆਪਣੇ ਰਾਜ ਵਿੱਚ ਮਿਲੀ ਹੂੰਝਾਫੇਰੀ ਜਿੱਤ ਨੂੰ ਮੋਦੀ ਦਾ ਕ੍ਰਿਸ਼ਮਾ ਕਰਾਰ ਦਿੱਤਾ ਹੈ।
ਜਿੱਥੋਂ ਤੱਕ ਤਿੰਨ ਰਾਜਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਮਿਲੀ ਜਿੱਤ ਦਾ ਸਵਾਲ ਹੈ, ਕੁਝ ਨਿਰਪੱਖ ਵਿਸ਼ਲੇਸ਼ਕ ਇਸ ਨੂੰ ਭਾਜਪਾ ਵੱਲੋਂ ਵੱਖ-ਵੱਖ ਰਾਜਾਂ ਵਿੱਚ ਉੱਥੋਂ ਦੇ ਸਥਾਨਕ ਹਾਲਾਤ ਅਨੁਸਾਰ ਅਪਨਾਈ ਗਈ ਚੋਣ ਰਣਨੀਤੀ ਦਾ ਸਿੱਟਾ ਦੱਸ ਰਹੇ ਹਨ। ਇਨ੍ਹਾਂ ਅਨੁਸਾਰ ਭਾਜਪਾ ਨੇ ਜਿੱਥੇ ਕਾਂਗਰਸ ਰੂਲਿੰਗ ਸਟੇਟਾਂ ਵਿੱਚ ਉਥੇ ਰਾਜ ਕਰ ਰਹੀ ਪਾਰਟੀ ਵਿਰੋਧੀ ਹਵਾ ਨੂੰ ਆਪਣੇ ਪੱਖ ਵਿੱਚ ਭੁਗਤਾਉਣ ਲਈ ਪੂਰੀ ਵਾਹ ਲਾਈ, ਉਥੇ ਆਪਣੀ ਪਾਰਟੀ ਦੀ ਅਗਵਾਈ ਵਾਲੇ ਵੱਡੇ ਰਾਜ ਮੱਧ ਪ੍ਰਦੇਸ਼ ਵਿੱਚ ਸਰਕਾਰ ਵਿਰੁਧ ਪੈਦਾ ਹੋਈ ਕੁੜੱਤਣ ਨੂੰ ਖਾਰਜ ਕਰਨ ਲਈ ਮੁਕੰਮਲ ਉਪਰਾਲੇ ਕੀਤੇ। ਇੱਥੋਂ ਤੱਕ ਕੇ ਕੇਂਦਰ ਦੇ ਕਈ ਮੰਤਰੀਆਂ ਅਤੇ ਮੈਂਬਰ ਪਾਰਲੀਮੈਂਟਾਂ ਨੂੰ ਅਸੈਂਬਲੀ ਚੋਣਾਂ ਦੇ ਮੈਦਾਨ ਵਿੱਚ ਉਤਾਰਿਆ। ਖਾਸ ਕਰਕੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਚੋਖੀ ਪੱਧਰ ‘ਤੇ ਅਜਿਹਾ ਕੀਤਾ ਗਿਆ। ਇਸ ਨਾਲ ਆਪਣੀ ਪਾਰਟੀ ਦੀ ਸੱਤਾ ਵਾਲੇ ਰਾਜ, ਮੱਧ ਪ੍ਰਦੇਸ਼ ਵਿੱਚ ਉਸ ਨੂੰ ਸੱਤਾ ਵਿਰੋਧੀ ਭਾਵਨਾ ਨੂੰ ਖਾਰਜ ਕਰਨ ਵਿੱਚ ਮਦੱਦ ਮਿਲੀ। ਸਾਰੀ ਚੋਣ ਮੁਹਿੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ‘ਤੇ ਲੜੀ ਗਈ। ਇਸ ਤੋਂ ਇਲਾਵਾ ਭਾਰਤੀ ਜਨਤਾ ਨੇ ਉਪਰੋਂ ਲੈ ਕੇ ਬੂਥ ਲੈਵਲ ਤੱਕ ਆਪਣੀ ਚੋਣ ਮਹਿੰਮ ਨੂੰ ਮਜ਼ਬੂਤੀ ਨਾਲ ਜਥੇਬੰਦ ਕੀਤਾ।
ਦੂਜੇ ਪਾਸੇ ਕਾਂਗਰਸ ਪਾਰਟੀ ਪ੍ਰਚਾਰ ਅਤੇ ਚੋਣ ਮਹਿੰਮ ਨੂੰ ਮੈਨੇਜ ਕਰਨ ਦੇ ਪੱਖ ਤੋਂ ਭਾਰਤੀ ਜਨਤਾ ਪਾਰਟੀ ਦੇ ਨੇੜੇ-ਤੇੜੇ ਵੀ ਨਹੀਂ ਸੀ। ਮੱਧ ਪ੍ਰਦੇਸ਼ ਵਿੱਚ ਕਮਲ ਨਾਥ ਨੇ ਅਤੇ ਛਤੀਸਗੜ੍ਹ ਵਿੱਚ ਭੁਪੇਸ਼ ਬਘੇਲ ਨੇ ਸੌਫਟ ਹਿੰਦੂਤਵਾ ਦੇ ਨਾਂ ‘ਤੇ ਚੋਣ ਲੜੀ, ਜਿਸ ਵਿੱਚ ਉਹ ਭਾਜਪਾ ਦਾ ਮੁਕਾਬਲਾ ਕਰਨ ਦੇ ਕਾਬਲ ਨਹੀਂ ਸਨ। ਇੱਕ ਭਾਜਪਾ ਆਗੂ ਨੇ ਕਿਹਾ ਕਿ ਕਾਂਗਰਸ ਨੇ ਜੇ ਹਿੰਦੂਤਵਾ ਦੇ ਨਾਂ ‘ਤੇ ਚੋਣਾਂ ਲੜਨੀਆਂ ਹਨ ਤਾਂ ਲੋਕਾਂ ਲਈ ਭਾਜਪਾ ਵਧੇਰੇ ਪ੍ਰਮਾਣਿਕ ਧਿਰ ਹੈ, ਉਹ ਕਾਂਗਰਸ ਵੱਲ ਕਿਉਂ ਜਾਣਗੇ? ਕਾਂਗਰਸ ਦੀ ਲੀਡਰਸ਼ਿਪ ਇਹ ਸਮਝਣ ਵਿੱਚ ਵਾਰ-ਵਾਰ ਨਾਕਾਮ ਰਹਿ ਰਹੀ ਹੈ ਕਿ ਭਾਜਪਾ ਦੀ ਪਿੱਚ ‘ਤੇ ਜਾ ਕੇ ਉਸ ਨੂੰ ਨਹੀਂ ਹਰਾਇਆ ਜਾ ਸਕਦਾ। ਉਸ ਨੂੰ ਨਾਗਰਿਕਤਾ ਆਧਾਰਤ ਬਹੁਧਰਮੀ (ਧਰਮ ਨਿਰਪੱਖ) ਜਮਹੂਰੀਅਤ ਦੇ ਅਸਲ ਬਦਲ ਵੱਲ ਜਿੰਨੀ ਛੇਤੀ ਹੋ ਸਕੇ, ਪਰਤਣਾ ਪਏਗਾ। ਭਾਜਪਾ ਨਾਲੋਂ ਕੱਟੜ ਹਿੰਦੂਤਵੀ ਪੱਤਾ ਖੇਡੇ ਬਿਨਾ ਉਹ ਇਸ ਪਿੱਚ ‘ਤੇ ਨਹੀਂ ਜਿੱਤ ਸਕਦੀ।
ਕਾਂਗਰਸ ਨੂੰ ਮਿਲੀ ਵੱਡੀ ਹਾਰ ਕਾਰਨ ਹੁਣ ਇਸ ਦੇ ‘ਇੰਡੀਆ’ ਗੱਠਜੋੜ ਵੱਲ ਮੁੜ ਪਰਤਣ ਦੇ ਆਸਾਰ ਬਣ ਗਏ ਹਨ। ਯਾਦ ਰਹੇ, ਗੱਠਜੋੜ ਦੀਆਂ ਦੋ ਤਿੰਨ ਕੁ ਮੀਟਿੰਗਾਂ ਤੋਂ ਬਾਅਦ ਉਸ ਨੇ ਇਸ ਗੱਠਜੋੜ ਵਿੱਚ ਦਿਲਚਸਪੀ ਲੈਣੀ ਘਟਾ ਦਿੱਤੀ ਸੀ। ਦੂਜੀਆਂ ਪਾਰਟੀਆਂ ਦੇ ਵਾਰ-ਵਾਰ ਕਹਿਣ ‘ਤੇ ਵੀ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਅਗਾਊਂ ਉਮੀਦਵਾਰਾਂ ਬਾਰੇ ਫੈਸਲਾ ਕਰਨ ਵਿੱਚ ਦਿਲਚਸਪੀ ਨਹੀਂ ਵਿਖਾਈ। ਕਾਂਗਰਸ ਨੂੰ ਸ਼ਾਇਦ ਇਨ੍ਹਾਂ ਚੋਣਾਂ ਵਿੱਚ ਵਧੇਰੇ ਚੰਗੀ ਕਾਰਗੁਜ਼ਾਰੀ ਦੀ ਆਸ ਸੀ। ਲੋਕ ਸਭਾ ਚੋਣਾਂ ਵਿੱਚ ਕਾਂਗਰਸ ‘ਇੰਡੀਆ’ ਗੱਠਜੋੜ ਤੋਂ ਬਿਨਾ ਕੋਈ ਵੱਡੀ ਸਫਲਤਾ ਹਾਸਲ ਨਹੀਂ ਕਰ ਸਕਦੀ। ਤਾਜ਼ਾ ਹਾਰ ਤੋਂ ਬਆਦ ਖੇਤਰੀ ਪਾਰਟੀਆਂ ਦੇ ਆਗੂਆਂ ਦਾ ਭਾਰ ਵੀ ਵਧਣ ਵਾਲਾ ਹੈ। ਖਾਸ ਕਰਕੇ ਮਮਤਾ ਬੈਨਰਜੀ, ਅਖਿਲੇਸ਼ ਯਾਦਵ, ਨਿਤੀਸ਼ ਕੁਮਾਰ ਅਤੇ ਤੇਜਸਵੀ ਯਾਦਵ ਜਿਹੇ ਆਗੂਆਂ ਦੀ ਭੂਮਿਕਾ ਹੁਣ ਮਜ਼ਬੂਤ ਹੋਣ ਵਾਲੀ ਹੈ। ਕਾਂਗਰਸ ਨਾਲ ਸੀਟਾਂ ਦੀ ਲੈਅ ਦੇ ਵਿੱਚ ਵੀ ਹੁਣ ਉਹ ਵਧੇਰੇ ਹਿੱਸਾ ਮੰਗਣਗੇ। ਲੀਡਰਸ਼ਿਪ ਵਿੱਚ ਆਪਣੀ ਹੈਸੀਅਤ ਨੂੰ ਭਾਰੀ ਕਰਨ ਦਾ ਯਤਨ ਕਰਨਗੇ। ਅਜਿਹੇ ਸੰਕੇਤ ਆਉਣ ਵੀ ਲੱਗੇ ਹਨ। ਯਾਦ ਰਹੇ ਕਿ ‘ਇੰਡੀਆ’ ਨਾਂ ਵਾਲੇ ਵਿਰੋਧੀ ਗੱਠਜੋੜ ਨੇ ਚੋਣ ਨਤੀਜਿਆਂ ਅਤੇ ਭਵਿਖੀ ਅਮਲ ਬਾਰੇ ਵਿਚਾਰ ਕਰਨ ਲਈ 6 ਦਸੰਬਰ ਨੂੰ ਮੀਟਿੰਗ ਵੀ ਬੁਲਾਈ ਗਈ।
_______________________
ਮਨੀਪੁਰ ‘ਚ ਜ਼ੈਡ.ਪੀ.ਐਮ. ਨੇ ਚੋਣ ਜਿੱਤੀ
ਮਨੀਪੁਰ ਵਿਧਾਨ ਸਭਾ ਲਈ ਬੀਤੇ ਦਿਨ ਹੋਈ ਵੋਟਾਂ ਦੀ ਗਿਣਤੀ ਵਿੱਚ ਜ਼ੋਰਮ ਪੀਪਲਜ਼ ਮੂਵਮੈਂਟ (ਜ਼ੈਡ.ਪੀ.ਐਮ.) ਨੇ ਚੋਣ ਜਿੱਤ ਲਈ ਹੈ। ਪਿਛਲੀ ਵਾਰ ਸੱਤਾ ਵਿੱਚ ਰਹੇ ਮੀਜ਼ੋ ਨੈਸ਼ਨਲ ਫਰੰਟ ਨੂੰ 10 ਸੀਟਾਂ ‘ਤੇ ਜਿੱਤ ਹਾਸਲ ਹੋਈ ਹੈ। ਇਸ ਤੋਂ ਇਲਾਵਾ ਭਾਜਪਾ ਨੂੰ ਦੋ ਅਤੇ ਕਾਂਗਰਸ ਪਾਰਟੀ ਨੂੰ ਇੱਕ ਸੀਟ ਹਾਸਲ ਹੋਈ ਹੈ।
ਯਾਦ ਰਹੇ, ਮੀਜ਼ੋਰਮ ਵਿੱਚ ਵੋਟਾਂ 7 ਨਵੰਬਰ ਨੂੰ ਪਈਆਂ ਸਨ। ਕਰੀਬ 8.57 ਲੱਖ ਵੋਟਰਾਂ ਵਿੱਚੋਂ 80 ਫੀਸਦੀ ਨੇ ਵੋਟਾਂ ਪਾਈਆਂ ਸਨ। ਆਮ ਆਦਮੀ ਪਾਰਟੀ ਨੇ ਮੀਜ਼ੋਰਮ ਵਿੱਚ ਵੀ ਚਾਰ ਸੀਟਾਂ ‘ਤੇ ਚੋਣ ਲੜੀ ਸੀ, ਪਰ ਪਾਰਟੀ ਦੇ ਹੱਥ ਕੋਈ ਸੀਟ ਨਹੀਂ ਲੱਗੀ। ਜਿੱਤ ਹਾਸਲ ਕਰਨ ਵਾਲੀ ਪਾਰਟੀ ਜ਼ੈਡ.ਪੀ.ਐਮ. ਦੇ ਚੋਣ ਲੜਨ ਵਾਲੇ ਪ੍ਰਮੁੱਖ ਆਗੂਆਂ ਵਿੱਚ ਲਾਲਦੁਹੋਮਾ ਵੀ ਸ਼ਾਮਲ ਸਨ। ਉਨ੍ਹਾਂ ਨੇ ਸੇਰਛਿਪ ਸੀਟ ਤੋਂ ਐਮ.ਐਨ.ਐਫ. ਦੇ ਜੇ ਮਾਲਸਾਵਮਜੁਆਲਾ ਨੂੰ 2982 ਵੋਟਾਂ ਨਾਲ ਮਾਤ ਦਿੱਤੀ। ਚੋਣ ਜਿੱਤਣ ਵਾਲੇ ਉਮੀਦਵਾਰਾਂ ਵਿੱਚ ਤਿੰਨ ਔਰਤਾਂ ਸ਼ਾਮਲ ਹਨ, ਜਦਕਿ ਪਿਛਲੀ ਵਾਰ ਮੁੱਖ ਮੰਤਰੀ ਰਹੇ ਐਮ.ਐਨ. ਮੁਖੀ ਜ਼ੈਡ.ਪੀ.ਐਮ. ਦੇ ਲਾਲਨਥਸਾਂਗ ਤੋਂ 2021 ਵੋਟਾਂ ਨਾਲ ਚੋਣ ਹਾਰ ਗਏ ਹਨ। ਇੰਜ ਮੀਜ਼ੋਰਮ ਵਿੱਚ ਇੱਕ ਖੇਤਰੀ ਪਾਰਟੀ ਨੇ ਹੀ ਦੂਜੀ ਖੇਤਰੀ ਪਾਰਟੀ ਨੂੰ ਹਰਾਇਆ ਹੈ।