ਕਈ ਅਹਿਮ ਬਿਲਾਂ ਦੇ ਪਾਸ ਹੋਣ ਦੀ ਉਡੀਕ
ਪੰਜਾਬੀ ਪਰਵਾਜ਼ ਬਿਊਰੋ
ਭਾਰਤੀ ਸੰਸਦ ਦਾ ਸਰਦ ਰੁੱਤ ਸੈਸ਼ਨ ਆਰੰਭ ਹੋ ਗਿਆ ਹੈ। ਹਰੇਕ ਸੈਸ਼ਨ ਤੋਂ ਪਹਿਲਾਂ ਹੋਣ ਵਾਲੀ ਸਰਬ ਪਾਰਟੀ ਮੀਟਿੰਗ ਇਸ ਵਾਰ ਵੀ ਹੋਈ। ਇਸ ਬੈਠਕ ਵਿੱਚ ਇੱਕ ਪਾਸੇ ਤਾਂ ਹਾਕਮ ਧਿਰ ਵੱਲੋਂ ਇਹ ਕਿਹਾ ਗਿਆ ਕਿ ਉਹ ਸਾਰੇ ਵਿਸ਼ਿਆਂ ‘ਤੇ ਚਰਚਾ ਲਈ ਤਿਆਰ ਹੈ, ਉਥੇ ਹੀ ਵਿਰੋਧੀ ਧਿਰ ਨੇ ਇਸ ਪੱਖ ‘ਤੇ ਜ਼ੋਰ ਦਿੱਤਾ ਕਿ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਲਾਜ਼ਮੀ ਹੋਣੀ ਚਾਹੀਦੀ ਹੈ।
ਇਸ ਸਰਦ ਰੁੱਤ ਇਜਲਾਸ ਵਿੱਚ ਪ੍ਰਸਤਾਵਿਤ ਬਿਲ ਪਾਸ ਹੋ ਸਕਣਗੇ ਜਾਂ ਨਹੀਂ ਅਤੇ ਵੱਖ ਵੱਖ ਵਿਸ਼ਿਆਂ ‘ਤੇ ਕੋਈ ਸਾਰਥਕ ਬਹਿਸ ਹੋ ਸਕੇਗੀ ਜਾਂ ਨਹੀਂ, ਇਸ ਦਾ ਪਤਾ ਲੋਕ ਸਭਾ ਅਤੇ ਰਾਜ ਸਭਾ ਦੀ ਅਗਲੇ ਦਿਨਾਂ ਵਿੱਚ ਹੋਣ ਵਾਲੀ ਕਾਰਵਾਈ ਵਿੱਚ ਲੱਗੇਗਾ। ਆਮ ਤੌਰ ‘ਤੇ ਹੁੰਦਾ ਇਹ ਹੈ ਕਿ ਸੰਸਦੀ ਕਾਰਵਾਈ ਦਾ ਬਹੁਤਾ ਸਮਾਂ ਰੱਟੇ ਵਾਲੇ ਮੁੱਦਿਆਂ ਨੂੰ ਲੈ ਕੇ ਹੰਗਾਮਿਆਂ ਦੀ ਭੇਟ ਚੜ੍ਹ ਜਾਂਦਾ ਹੈ। ਸਰਦ ਰੁੱਤ ਦੇ ਇਜਲਾਸ ਤੋਂ ਪਹਿਲਾਂ ਹੋਈ ਸਰਬ ਪਾਰਟੀ ਮੀਟਿੰਗ ਵਿੱਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਸਰਕਾਰ ਸਾਰੇ ਮੁੱਦਿਆਂ ‘ਤੇ ਬਹਿਸ ਕਰਨ ਲਈ ਤਿਆਰ ਹੈ, ਪਰ ਵਿਰੋਧੀ ਧਿਰ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਚਰਚਾਵਾਂ ਲਈ ਪੂਰਾ ਮਾਹੌਲ ਬਣੇ।
ਲਗਦਾ ਹੈ ਇਸ ਵਾਰ ਵੀ ਸੱਤਾਧਾਰੀ ਧਿਰ ਨੂੰ ਖਦਸ਼ਾ ਹੈ ਕਿ ਵਿਰੋਧੀ ਧਿਰ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਹੰਗਾਮੇ ਖੜ੍ਹੇ ਕਰਨ ਦਾ ਯਤਨ ਕਰੇਗੀ। ਯਾਦ ਰਹੇ, ਸੰਸਦ ਦੇ ਪਿਛਲੇ ਇਜਲਾਸ ਵਿੱਚ ਵੱਡੇ ਹੰਗਾਮੇ ਹੋਏ ਸਨ। ਅੜਿਕਾ ਪੈਣ ਦੇ ਖਦਸ਼ੇ ਦਾ ਇੱਕ ਕਾਰਨ ਇਹ ਵੀ ਹੈ ਕਿ ਲੋਕ ਸਭਾ ਚੋਣਾਂ ਨੇੜੇ ਢੁੱਕ ਰਹੀਆਂ ਹਨ। ਅਸਲ ਵਿੱਚ ਭਾਰਤੀ ਸੰਸਦ ਵਿੱਚ ਵੱਖ-ਵੱਖ ਪਾਰਟੀਆਂ ਦੇ ਆਪਸੀ ਵਿਚਾਰ-ਵਟਾਂਦਰੇ ਦਾ ਪੱਧਰ ਹਾਲੇ ਵੀ ਖਰੇ ਜਮਹੂਰੀ ਮਿਆਰਾਂ ਦੇ ਅਨੁਕੂਲ ਨਹੀਂ ਹੋ ਸਕਿਆ। ਅਸੀਂ ਹਾਲੇ ਵੀ ਜਮਹੂਰੀ ਪ੍ਰਕਿਰਿਆ ਦੇ ਸਿਖਾਂਦਰੂ ਹੀ ਹਾਂ। ਪਿਛਲੀ ਵਾਰ ਦੇ ਹੰਗਾਮੇ ਸ਼ਾਇਦ ਇਸ ਕਰਕੇ ਸਨ ਕਿ ਪੰਜ ਰਾਜਾਂ ਦੀਆਂ ਚੋਣਾਂ ਨੇੜੇ ਆ ਰਹੀਆਂ ਸਨ। ਹੁਣ ਲੋਕ ਸਭਾ ਚੋਣਾਂ ਦਾ ਮੁੱਦਾ ਸਾਰੀਆਂ ਪਾਰਟੀਆਂ ਦੇ ਏਜੰਡੇ ‘ਤੇ ਹੈ। ਪਿਛਲੇ ਸੰਸਦੀ ਇਜਲਾਸ ਵਿੱਚ ਮਨੀਪੁਰ ਨੂੰ ਲੈ ਕੇ ਵੱਡਾ ਵਿਵਾਦ ਹੋਇਆ ਸੀ। ਸਰਕਾਰ ਜਦੋਂ ਮਨੀਪੁਰ ਦੇ ਮੁੱਦੇ ‘ਤੇ ਵਿਚਾਰ ਕਰਨ ਲਈ ਰਾਜ਼ੀ ਨਹੀਂ ਸੀ ਹੋਈ ਤਾਂ ਚਰਚਾ ਦੇ ਮਕਸਦ ਲਈ ਹੀ ਵਿਰੋਧੀ ਧਿਰ ਨੇ ਸਰਕਾਰ ਖਿਲਾਫ ਅਵਿਸ਼ਵਾਸ ਮਤਾ ਲੈ ਆਂਦਾ ਸੀ ਅਤੇ ਇਸ ਨੂੰ ਲੈ ਕੇ ਦੋਹਾਂ ਧਿਰਾਂ ਵਿਚਕਾਰ ਗਹਿਗੱਚ ਮਿਹਣੇਬਾਜ਼ੀ ਹੋਈ ਸੀ। ਮਨੀਪੁਰ ਵਿੱਚ ਹਿੰਸਾ ਹਾਲੇ ਵੀ ਥੰਮੀ ਨਹੀਂ ਹੈ। ਮਨੀਪੁਰ ਦੀ ਮਿਆਮਰ ਨਾਲ ਲਗਦੀ ਸਰਹੱਦ `ਤੇ ਗਨੌਪਾਨ ਜ਼ਿਲ੍ਹੇ ਵਿੱਚ ਦੋ ਦਹਿਸ਼ਤਗਰਦ ਧੜਿਆਂ ਵਿੱਚ ਹੋਈ ਗੋਲੀ ਬਾਰੀ ਵਿੱਚ ਬੀਤੀ 4 ਦਸੰਬਰ ਵਾਲੇ ਦਿਨ 13 ਲੋਕ ਮਾਰੇ ਗਏ ਹਨ। ਇਹ ਘਟਨਾ ਦੁਪਹਿਰ ਵੇਲੇ ਲੀਬੂ ਨਾਂ ਦੇ ਇੱਕ ਪਿੰਡ ਵਿੱਚ ਹੋਈ। ਮਰਨ ਵਾਲਿਆਂ ਦੀ ਸ਼ਨਾਖਤ ਨਹੀਂ ਹੋ ਸਕੀ, ਪਰ ਕਿਹਾ ਜਾ ਰਿਹਾ ਕਿ ਉਹ ਪਾਬੰਦੀਸ਼ੁਦਾ ਜਥੇਬੰਦੀ ਪੀਪਲ ਲਿਬਰੇਸ਼ਨ ਆਰਮੀ ਦੇ ਕਾਰਕੁੰਨ ਸਨ। ਮਨੀਪੁਰ ਵਿਚਲੀ ਹਿੰਸਾ ਦਾ ਅਸਰ ਇਸ ਵਾਰ ਮੀਜ਼ੋਰਮ ਦੀ ਵਿਧਾਨ ਸਭਾ ਚੋਣ ਵਿੱਚ ਵੀ ਵੇਖਣ ਨੂੰ ਮਿਲਿਆ ਹੈ। ਇਸ ਲਈ ਸੰਸਦ ਇਜਲਾਸ ਕਿਸ ਰੁਖ ਤੁਰੇਗਾ, ਕਹਿ ਨਹੀਂ ਸਕਦੇ! ਇਸ ਗੱਲ ਦੇ ਵੀ ਆਸਾਰ ਹਨ ਕਿ ਹਾਲ ਹੀ ਵਿੱਚ ਪੰਜ ਰਾਜਾਂ ਵਿੱਚ ਹੋਈਆਂ ਚੋਣਾਂ ਦੇ ਘਟਨਾਕ੍ਰਮ ਬਾਰੇ ਹੀ ਵਿਰੋਧੀ ਪਾਰਟੀਆਂ ਕੋਈ ਮਸਲੇ ਉਠਾਉਣ ਦਾ ਯਤਨ ਕਰਨ। ਸਰਦ ਰੁੱਤ ਸੈਸ਼ਨ ਵਿੱਚ ਕੁਝ ਪਹਿਲਾਂ ਤੋਂ ਬਕਾਇਆ ਪਏ ਅਤੇ ਕਈ ਨਵੇਂ ਬਿਲ ਪਾਸ ਕਰਵਾਏ ਜਾਣੇ ਹਨ। ਇਨ੍ਹਾਂ ਵਿੱਚੋਂ ਕਈ ਬਿਲ ਖਾਸੇ ਮਹੱਤਵਪੂਰਨ ਹਨ। ਅਜਿਹੇ ਬਿਲਾਂ ‘ਤੇ ਸਾਰਥਕ ਚਰਚਾ ਵੀ ਜ਼ਰੂਰੀ ਹੈ।
ਯਾਦ ਰਹੇ, ਬਜਟ ਇਜਲਾਸ ਵਿੱਚ ਹੰਗਾਮੇ ਕਾਰਨ ਆਮ ਬਜਟ ਨੂੰ ਬਿਨਾ ਬਹਿਸ ਤੋਂ ਹੀ ਪਾਸ ਕਰਨਾ ਪਿਆ ਸੀ। ਮਹੱਤਵਪੂਰਨ ਬਿਲਾਂ ਤੇ ਚਰਚਾ ਇਸ ਲਈ ਨਹੀਂ ਹੋ ਪਾਉਂਦੀ, ਕਿਉਂਕਿ ਹੁਕਮਰਾਨ ਅਤੇ ਵਿਰੋਧੀ ਧਿਰ ਵਿਚਾਲੇ ਆਮ ਸਹਿਮਤੀ ਵਾਲੀ ਸਿਆਸਤ ਦੀ ਗੁੰਜਾਇਸ਼ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ। ਵਿਰੋਧੀ ਧਿਰਾਂ ਹੁਣ ਹਾਕਮ ਧਿਰ ਨੂੰ ਸੁਆਲ ਕਰਨ ਦੇ ਨਾਂ `ਤੇ ਹੰਗਾਮਾ ਕਰਨ ਵੱਲ ਜ਼ਿਆਦਾ ਧਿਆਨ ਦਿੰਦੀਆਂ ਹਨ। ਇਸ ਕਿਸਮ ਦੀ ਸਿਆਸਤ ਦਾ ਅਸਲ ਨਿਸ਼ਾਨਾ ਸਿਰਫ ਅਗਲੇ ਦਿਨ ਅਖਬਾਰਾਂ ਦੀ ਸੁਰਖੀ ਬਣਨ ਤੱਕ ਸੀਮਤ ਹੁੰਦਾ ਹੈ। ਇਸ ਪੱਖੋਂ ਸਰਕਾਰ ਅਤੇ ਵਿਰੋਧੀ ਧਿਰਾਂ- ਦੋਹਾਂ ਨੂੰ ਹੀ ਆਪਣੇ ਆਪ ਨੂੰ ਸੰਕੋਚਣ ਦੀ ਲੋੜ ਹੈ। ਸੰਸਦ ਅਤੇ ਵਿਧਾਨ ਸਭਾ ਦੇ ਸੈਸ਼ਨਾਂ ‘ਤੇ ਬੇਹੱਦ ਪੈਸਾ ਖਰਚ ਹੁੰਦਾ ਹੈ। ਇਸ ਦਾ ਲਾਹਾ ਲਿਆ ਜਾਣਾ ਚਾਹੀਦਾ ਹੈ। ਇਹ ਲੋਕਾਂ ਦੇ ਲਹੂ ਪਸੀਨੇ ਦੀ ਹੀ ਕਮਾਈ ਹੁੰਦੀ ਹੈ, ਜਿਹੜੀ ਟੈਕਸਾਂ ਰਾਹੀਂ ਸਰਕਾਰ ਤੱਕ ਪਹੁੰਚਦੀ ਹੈ।