ਕਮਲਜੀਤ ਸਿੰਘ ਬਨਵੈਤ
ਭਾਰਤੀ ਜਨਤਾ ਪਾਰਟੀ ਨੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚੋਂ ਤਿੰਨ ਸੂਬਿਆਂ- ਮੱਧ ਪ੍ਰਦੇਸ਼, ਛੱਤੀਸਗੜ ਅਤੇ ਰਾਜਸਥਾਨ ਵਿੱਚ ਵੱਡੀ ਜਿੱਤ ਪ੍ਰਾਪਤ ਕਰਕੇ 2024 ਲਈ ਆਪਣਾ ਰਾਹ ਹੋਰ ਮਜ਼ਬੂਤ ਕਰ ਲਿਆ ਹੈ। ਕਾਂਗਰਸ ਨੂੰ ਸਿਰਫ ਤੇਲੰਗਾਨਾ ਵਿੱਚ ਜਿੱਤ ਪ੍ਰਾਪਤ ਹੋਈ ਹੈ, ਜਦਕਿ ਮਿਜ਼ੋਰਮ ਵਿੱਚ ਭਾਜਪਾ ਅਤੇ ਕਾਂਗਰਸ ਦਾ ਖਾਤਾ ਮਸਾਂ ਖੁੱਲਿ੍ਹਆ ਹੈ। ਤੇਲੰਗਾਨਾ ਨੂੰ ਛੱਡ ਕੇ ਦੂਜੇ ਚਾਰ ਰਾਜਾਂ ਵਿੱਚ ਭਾਜਪਾ ਅਤੇ ਕਾਂਗਰਸ ਵਿੱਚ ਮੁੱਖ ਟੱਕਰ ਰਹੀ ਹੈ।
ਚੋਣ ਨਤੀਜਿਆਂ ਮੁਤਾਬਕ ਭਾਜਪਾ ਨੇ ਕਾਂਗਰਸ ਨੂੰ ਬੁਰੀ ਤਰ੍ਹਾਂ ਮਧੋਲ ਕੇ ਰੱਖ ਦਿੱਤਾ ਹੈ। ਦਿਲਚਸਪ ਗੱਲ ਇਹ ਕਿ ਇਨ੍ਹਾਂ ਪੰਜ ਰਾਜਾਂ ਵਿੱਚ ਗਠਬੰਧਨ ਵਿੱਚ ਸ਼ਾਮਿਲ ਪਾਰਟੀਆਂ ਦੀਆਂ ਸਰਕਾਰਾਂ ਹਨ। ਇਨ੍ਹਾਂ ਚੋਣਾਂ ਦੇ ਨਤੀਜਿਆਂ ਨੇ ਇੱਕ ਹੋਰ ਗੱਲ ਸਿੱਧ ਕਰ ਦਿੱਤੀ ਹੈ ਕਿ ਅਗਲੀਆਂ ਚੋਣਾਂ ਵਿੱਚ ਮੁਲਕ ਦੇ ਵੱਡੇ ਰਾਜਾਂ ਜਿਵੇਂ ਯੂ.ਪੀ., ਬਿਹਾਰ ਅਤੇ ਬੰਗਾਲ ਵਿੱਚ ਕਾਂਗਰਸ ਲਈ ਹੋਰ ਵੀ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ।
ਚੋਣ ਨਤੀਜਿਆਂ ਦੇ ਐਲਾਨ ਨਾਲ ਹੀ ਵਿਰੋਧੀਆਂ ਦੇ ਗੱਠਜੋੜ ‘ਇੰਡੀਆ’ ਵਿੱਚ ਸ਼ਾਮਿਲ ਦਲਾਂ ਨੇ ਕਾਂਗਰਸ ਉੱਤੇ ਨਿਸ਼ਾਨਾ ਸਾਧਣਾ ਸ਼ੁਰੂ ਕਰ ਦਿੱਤਾ ਸੀ। ਮੂਲ ਕਾਂਗਰਸ ਦੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਨੂੰ ਭਾਜਪਾ ਦੀ ਜਿੱਤ ਦੀ ਥਾਂ ਕਾਂਗਰਸ ਦੀ ਹਾਰ ਦੱਸਿਆ ਹੈ। ਦੂਜੇ ਬੰਨੇ ਜਨਤਾ ਦਲ (ਯੂ) ਦੇ ਨੇਤਾ ਕੇਸੀ ਤਿਆਗੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਕਾਂਗਰਸ ਆਪਣੇ ਦਮ `ਤੇ ਜਿੱਤਣ ਜੋਗੀ ਨਹੀਂ ਰਹੀ ਹੈ। ਸ਼ਰਦ ਪਵਾਰ ਨੇ ਆਪਣੇ ਬਿਆਨ ਵਿੱਚ ਕਾਂਗਰਸ ਨੂੰ ਜਰੂਰ ਪਲੋਸਿਆ ਹੈ।
ਹੈਰਾਨੀ ਦੀ ਗੱਲ ਇਹ ਕਿ ਜਿਹੜੇ ਮੁੱਦਿਆਂ ਨੂੰ ਲੈ ਕੇ ਕਾਂਗਰਸ ਇਨ੍ਹਾਂ ਚੋਣਾਂ ਵਿੱਚ ਮੈਦਾਨ ਵਿੱਚ ਉਤਰੀ ਸੀ, ਉਹ ਆਪਣੇ ਹੱਕ ਵਿੱਚ ਨਹੀਂ ਭੁਗਤਾ ਸਕੇ, ਸਗੋਂ ਇਨ੍ਹਾਂ ਮੁੱਦਿਆਂ ਦਾ ਫਾਇਦਾ ਭਾਜਪਾ ਲੈਣ ਵਿੱਚ ਸਫਲ ਰਹੀ ਹੈ। ਇਸ ਗੱਲ ਤੋਂ ਵੀ ਨਹੀਂ ਮੁੱਕਰਿਆ ਜਾ ਸਕਦਾ ਕਿ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਗਾਰੰਟੀਆਂ ਦੇ ਤੀਰ ਨੇ ਕਾਂਗਰਸ ਨੂੰ ਸਭ ਤੋਂ ਬੁਰੀ ਤਰ੍ਹਾਂ ਵਿੰਨਿ੍ਹਆ ਹੈ। ਮੋਦੀ ਇਹ ਚੰਗੀ ਤਰ੍ਹਾਂ ਜਾਣ ਚੁੱਕੇ ਹਨ ਕਿ ਸੱਤਾ ਦੀ ਕੁੰਜੀ ਔਰਤਾਂ ਦੇ ਹੱਥ ਹੈ। ਮਹਿੰਗਾਈ ਤੋਂ ਰਾਹਤ ਲਈ ਕੈਸ਼ ਟਰਾਂਸਫਰ ਦਾ ਫੈਸਲਾ ਭਾਜਪਾ ਦੇ ਹੱਕ ਵਿੱਚ ਭੁਗਤਿਆ ਹੈ। ਰਾਮ ਮੰਦਰ ਅਤੇ ਹਿੰਦੂਤਵ ਤਾਂ ਭਾਜਪਾ ਅਤੇ ਸੰਘ ਦਾ ਕੋਰ ਮੁੱਦਾ ਹੈ।
ਕਾਂਗਰਸ ਨੇ ਤਿੰਨ ਰਾਜਾਂ ਵਿੱਚ ਜਾਤੀ ਮਰਦਮਸ਼ੁਮਾਰੀ ਦਾ ਮੁੱਦਾ ਖੂਬ ਚੁੱਕਿਆ, ਪਰ ਕੋਈ ਲਾਭ ਨਹੀਂ ਹੋ ਸਕਿਆ। ਕਾਂਗਰਸ ਦੇ ਏਜੰਡੇ ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਵੀ ਪ੍ਰਮੁੱਖ ਸੀ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਮੁਲਾਜ਼ਮਾਂ ਨੂੰ ਮੁੜ ਵਿਚਾਰ ਕਰਨ ਦਾ ਦਿੱਤਾ ਭਰੋਸਾ ਕਾਂਗਰਸ ਦੇ ਮੈਨੀਫੈਸਟੋ ਉੱਤੇ ਕਾਟ ਕਰ ਗਿਆ। ਕਾਂਗਰਸ ਦੀ ਹਾਰ ਲਈ ਚਾਹੇ ਕਿਸੇ ਇੱਕ ਨੇਤਾ ਨੂੰ ਨਿੱਜੀ ਤੌਰ ਉੱਤੇ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ, ਪਰ ਰਾਹੁਲ ਗਾਂਧੀ ਉੱਤੇ ਸੂਈ ਮੁੱਖ ਤੌਰ `ਤੇ ਧਰੀ ਜਾ ਰਹੀ ਹੈ। ਰਾਹੁਲ, ਜਿਸ ਨੇ ਪਿਛਲੇ ਕੁਝ ਸਮੇਂ ਦੌਰਾਨ ‘ਪੱਪੂ’ ਹੋਣ ਦਾ ਕਲੰਕ ਧੋਤਾ ਸੀ, ਇਨ੍ਹਾਂ ਚੋਣਾਂ ਵਿੱਚ ਨਿਆਣਾਪਣ ਮੁੜ ਤੋਂ ਖਿਲਾਰ ਗਏ ਹਨ। ਸਿਆਸੀ ਪਾਰਟੀਆਂ ਨੇ ਤਾਂ ਕਾਂਗਰਸ ਦੇ ਇੱਕ ਨੇਤਾ ਉੱਤੇ ਹੰਕਾਰੀ ਹੋਣ ਦਾ ਟੈਗ ਵੀ ਲਾ ਦਿੱਤਾ ਹੈ। ਇੰਡੀਆ ਗੱਠਜੋੜ ਦੀ ਨਾਰਾਜ਼ਗੀ ਵੀ ਇਸੇ ਨਾਲ ਜੁੜੀ ਦੱਸੀ ਜਾ ਰਹੀ ਹੈ।
ਚੋਣ ਨਤੀਜਿਆਂ ਦੀ ਗੱਲ ਕਰੀਏ ਤਾਂ ਮੱਧ ਪ੍ਰਦੇਸ਼ ਵਿੱਚ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਜਿੱਤ ਤਾਂ ਗਏ ਹਨ, ਪਰ ਉਨ੍ਹਾਂ ਦੇ 23 ਵਿੱਚੋਂ 12 ਮੰਤਰੀ ਹਾਰ ਗਏ ਹਨ। ਰਾਜਸਥਾਨ ਵਿੱਚ ਅਸ਼ੋਕ ਗਹਿਲੋਤ ਦੀ ਸਰਕਾਰ ਦੇ 25 ਮੰਤਰੀਆਂ ਵਿੱਚੋਂ ਸਿਰਫ ਅੱਠ ਹੀ ਜਿੱਤ ਪ੍ਰਾਪਤ ਕਰ ਸਕੇ ਹਨ। ਛੱਤੀਸਗੜ੍ਹ ਵਿੱਚ ਭੁਪੇਸ਼ ਬਘੇਲ ਦੇ 11 ਮੰਤਰੀਆਂ ਵਿੱਚੋਂ ਅੱਠ ਹੀ ਆਪਣੀ ਸੀਟ ਬਚਾ ਸਕੇ ਹਨ।
ਮੱਧ ਪ੍ਰਦੇਸ਼ ਵਿੱਚ ਭਾਜਪਾ ਨੂੰ ਪਹਿਲਾਂ ਨਾਲੋਂ 54 ਸੀਟਾਂ ਦਾ ਫਾਇਦਾ ਹੋਇਆ ਹੈ ਅਤੇ ਉਸਨੇ 163 ਸੀਟਾਂ ਲੈ ਕੇ ਬਹੁਮਤ ਪ੍ਰਾਪਤ ਕੀਤਾ ਹੈ। ਕਾਂਗਰਸ ਦੇ ਹੱਥੋਂ 48 ਸੀਟਾਂ ਜਾਂਦੀਆਂ ਰਹੀਆਂ ਹਨ। ਰਾਜਸਥਾਨ ਦੀ ਗੱਲ ਕਰੀਏ ਤਾਂ ਭਾਜਪਾ ਨੇ 115 ਸੀਟਾਂ `ਤੇ ਜਿੱਤ ਪ੍ਰਾਪਤ ਕੀਤੀ, ਜਿਹੜੀ ਕਿ ਪਿਛਲੀਆਂ ਵਾਰ ਨਾਲੋਂ 42 ਜ਼ਿਆਦਾ ਹਨ। ਕਾਂਗਰਸ ਨੂੰ 69 ਨਾਲ ਸਬਰ ਕਰਨਾ ਪਿਆ, ਜਦਕਿ 30 ਸੀਟਾਂ ਗਵਾਈਆਂ ਹਨ। ਆਜ਼ਾਦ ਉਮੀਦਵਾਰ ਇਸ ਵਾਰ ਫਾਇਦੇ ਵਿੱਚ ਰਹੇ ਹਨ। ਪਿਛਲੀ ਵਾਰ ਸਿਰਫ ਤਿੰਨ ਨੇ ਜਿੱਤ ਪ੍ਰਾਪਤ ਕੀਤੀ ਸੀ, ਜਦਕਿ ਇਸ ਵਾਰ ਪਹਿਲਾਂ ਨਾਲੋਂ 12 ਵੱਧ ਜਿੱਤੇ ਹਨ। ਛੱਤੀਸਗੜ੍ਹ ਵਿੱਚ ਭਾਜਪਾ ਨੂੰ ਪਹਿਲਾਂ ਨਾਲੋਂ 39 ਸੀਟਾਂ ਉੱਤੇ ਫਾਇਦਾ ਹੋਇਆ ਹੈ ਅਤੇ 54 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ। ਕਾਂਗਰਸ ਨੇ 35 ਸੀਟਾਂ ਲਈਆਂ, ਜਦਕਿ 33 ਉੱਤੇ ਘਾਟਾ ਖਾਧਾ ਹੈ।
ਤੇਲੰਗਾਨਾ ਵਿੱਚ ਕਾਂਗਰਸ 64 ਸੀਟਾਂ ਲੈ ਕੇ ਬਹੁਮਤ ਪ੍ਰਾਪਤ ਕਰ ਗਈ ਅਤੇ ਪਹਿਲਾਂ ਨਾਲੋਂ 45 ਸੀਟਾਂ ਉੱਤੇ ਵੱਧ ਫਾਇਦਾ ਰਿਹਾ ਹੈ। ਇੱਥੇ ਕਾਂਗਰਸ ਦਾ ਮੁਕਾਬਲਾ ਸਥਾਨਕ ਸਿਆਸੀ ਪਾਰਟੀ ਨਾਲ ਸੀ, ਜਦਕਿ ਭਾਜਪਾਈ ਇੱਕ ਤਰ੍ਹਾਂ ਗੇਮ ਵਿੱਚੋਂ ਬਾਹਰ ਰਹੀ। ਇਸੇ ਤਰ੍ਹਾਂ ਮਿਜ਼ੋਰਮ ਵਿਚ ਵੀ ਸਥਾਨਕ ਪਾਰਟੀਆਂ ਨੇ ਦੋਵੇਂ ਕੌਮੀ ਪਾਰਟੀਆਂ ਨੂੰ ਨੇੜੇ ਫਟਕਣ ਨਾ ਦਿੱਤਾ। ਭਾਜਪਾ ਨੂੰ ਦੋ ਸੀਟਾਂ ਮਿਲੀਆਂ ਅਤੇ ਕਾਂਗਰਸ ਇੱਕ ਸੀਟ ਲੈ ਕੇ ਫਾਡੀ ਰਹੀ ਹੈ।
ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਹਰ ਪਾਸਿਓਂ ਮੱਤਾਂ ਮਿਲਣ ਲੱਗੀਆਂ ਹਨ। ਆਮ ਆਦਮੀ ਪਾਰਟੀ ਦੇ ਬੇੜੇ ਵਿੱਚ ਸੁੰਨ ਪਸਰ ਗਈ ਹੈ। ਆਪਣੇ ਸੁਭਾਅ ਦੇ ਉਲਟ ‘ਆਪ’ ਵੱਲੋਂ ਕੋਈ ਟਵੀਟ ਵੀ ਨਹੀਂ ਕੀਤਾ ਗਿਆ ਹੈ। ਰਵਾਇਤੀ ਪਾਰਟੀਆਂ ਦੀ ਤਰ੍ਹਾਂ ‘ਆਪ’ ਨੇ ਜੇਤੂ ਰਹੀਆਂ ਪਾਰਟੀਆਂ ਨੂੰ ਰਸਮੀ ਵਧਾਈ ਦੇਣ ਦੀ ਵੀ ਲੋੜ ਨਹੀਂ ਸਮਝੀ ਹੈ। ਕਾਂਗਰਸ ਦੇ ਨਾਲ ਬਣਦੀ ਨਮੋਸ਼ੀ ਆਮ ਆਦਮੀ ਪਾਰਟੀ ਦੇ ਵੀ ਪੱਲੇ ਪਈ ਹੈ। ਕਾਂਗਰਸ ਦਾ ਪੂਰੇ ਮੁਲਕ ਦੇ ਤਿੰਨ ਰਾਜਾਂ ਉੱਤੇ ਕਬਜ਼ਾ ਰਹਿ ਗਿਆ ਹੈ, ਜਦਕਿ ‘ਆਪ’ ਦੀਆਂ ਦੋ ਰਾਜਾਂ ਵਿੱਚ ਸਰਕਾਰਾਂ ਹਨ। ਚੋਣ ਨਤੀਜਿਆਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਨੋਟਾਂ ਨਾਲੋਂ ਵੀ ਘੱਟ ਵੋਟਾਂ ਪਈਆਂ ਹਨ। ਹੁਣ ਇਸ ਦਾ ਮਤਲਬ ਇਹ ਸਮਝ ਲਿਆ ਜਾਵੇ ਕਿ ਆਮ ਆਦਮੀ ਪਾਰਟੀ ਸਿਰਫ ਦਿੱਲੀ ਅਤੇ ਪੰਜਾਬ ਤੱਕ ਸਿਮਟ ਕੇ ਰਹਿ ਗਈ ਹੈ। ਪਹਿਲਾਂ ਹਿਮਾਚਲ ਅਤੇ ਗੁਜਰਾਤ ਦੀਆਂ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਕੋਈ ਵੱਡਾ ਹੁੰਗਾਰਾ ਨਹੀਂ ਸੀ ਮਿਲਿਆ।
ਇਨ੍ਹਾਂ ਚੋਣ ਨਤੀਜਿਆਂ ਦਾ ਪੰਜਾਬ ਦੀ ਸਿਆਸਤ ਉੱਤੇ ਪ੍ਰਭਾਵ ਪੈਣਾ ਵੀ ਲਾਜ਼ਮੀ ਹੈ। ਚੋਣ ਨਤੀਜਿਆਂ ਦਾ ਐਲਾਨ ਆਉਣ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਮੁੜ ਤੋਂ ਸਿਆਸੀ ਗੱਠਜੋੜ ਹੋਣ ਦੀ ਚਰਚਾ ਛਿੜ ਪਈ ਹੈ। ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਵਰਕਰ ਅੰਦਰੋਂ ਅੰਦਰੀ ਆਪਣੀ ਹੋਂਦ ਬਚਾਉਣ ਲਈ ਇਕੱਠੇ ਹੋਣ ਦੀ ਲੋੜ ਸਮਝਣ ਲੱਗ ਪਏ ਹਨ। ਪੰਜਾਬ ਵਿੱਚ ਕਾਂਗਰਸ ਅਤੇ ‘ਆਪ’ ਦਾ ਸਮਝੌਤਾ ਹੋ ਜਾਂਦਾ ਹੈ ਤਾਂ ਲੋਕ ਸਭਾ ਦੀਆਂ ਅਗਲੀਆਂ ਚੋਣਾਂ ਵਿੱਚ ਨਤੀਜੇ ਹੱਕ ਵਿੱਚ ਭੁਗਤ ਸਕਦੇ ਹਨ, ਨਹੀਂ ਤਾਂ ਅਕਾਲੀ-ਭਾਜਪਾ ਗਠਜੋੜ ਇੱਕ ਦੀਵਾਰ ਬਣ ਕੇ ਖੜ੍ਹ ਸਕਦਾ ਹੈ।
ਲੋਕ ਸਭਾ ਦੀਆਂ ਅਗਲੀਆਂ ਚੋਣਾਂ ਵਿੱਚ ਨਰਿੰਦਰ ਮੋਦੀ ਵੱਲੋਂ ਹੈਟਟ੍ਰਿਕ ਬਣਾਉਣ ਦੇ ਚਰਚੇ ਸ਼ੁਰੂ ਹੋ ਗਏ ਹਨ। ਭਾਜਪਾ ਦੀ ਤੇਜ਼ ਹੋਈ ਲਹਿਰ ਨੂੰ ਰੋਕਣ ਲਈ ਕਾਂਗਰਸ ਵਿਸ਼ੇਸ਼ ਕਰਕੇ ‘ਇੰਡੀਆ’ ਗਠਜੋੜ ਨੂੰ ਹਿੱਕ ਡਾਹ ਕੇ ਖੜ੍ਹਨਾ ਪਵੇਗਾ, ਨਹੀਂ ਤਾਂ ਦੂਜੀ ਵਾਰ ਕਹਿਰ ਵਰਤਣਾ ਸੁਭਾਵਿਕ ਹੈ। ਇਹ ਵੀ ਨਹੀਂ ਕਿ ਵੋਟਰਾਂ ਦਾ ਵੱਡਾ ਹਿੱਸਾ ਭਾਜਪਾ ਦੀਆਂ ਨੀਤੀਆਂ ਤੋਂ ਖੁਸ਼ ਹੈ, ਪਰ ਬਹੁਤ ਵਾਰ ਵਿਰੋਧੀਆਂ ਦੀ ਆਪਣੀ ਲੜਾਈ ਜਿੱਤ ਪਰੋਸ ਕੇ ਦੂਜੇ ਦੀ ਝੋਲੀ ਵਿੱਚ ਪਾ ਦਿੰਦੀ ਹੈ।
ਪੰਜਾਬ ਦੀ ਸਿਆਸਤ ਵਿੱਚੋਂ ਭਾਜਪਾ ਹਾਲੇ ਮਨਫੀ
ਭਾਰਤ ਦੇ ਚਾਰ ਰਾਜਾਂ ਦੀਆਂ ਵਿਧਾਨ ਸਭਾ ਦੇ ਨਤੀਜੇ ਆਉਣ ਪਿੱਛੋਂ ਹੁਣ ਲੋਕ ਸਭਾ ਦੀਆਂ ਅਗਲੀਆਂ ਚੋਣਾਂ ਲਈ ਬਿਗਲ ਵੀ ਵੱਜ ਜਾਣਾ ਹੈ। ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਪਣਾ ਸਿਆਸੀ ਦੁਸ਼ਮਣ ਚੁਣਨ ਵੱਲ ਨੂੰ ਤੁਰਨ ਲੱਗ ਪਈਆਂ ਹਨ। ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਨਿਗਲ ਲਿਆ ਸੀ। ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਚੱਬਣ ਵੱਲ ਵਧ ਰਹੀ ਹੈ। ਪਿਛਲੇ ਇਤਿਹਾਸ ਉੱਤੇ ਜੇ ਝਾਤ ਮਾਰੀਏ ਤਾਂ ਇਹ ਗੱਲ ਹੋਰ ਵੀ ਸਾਫ ਨਜ਼ਰ ਆਉਣ ਲੱਗਦੀ ਹੈ ਕਿ ਚੋਣਾਂ ਤੋਂ ਛੇ ਮਹੀਨੇ ਪਹਿਲਾਂ ਸੱਤਾਧਾਰੀ ਪਾਰਟੀਆਂ ਆਪਣੀ ਦੁਸ਼ਮਣ ਪਾਰਟੀ ਚੁਣਨ ਲੱਗਦੀਆਂ ਹਨ। ਭਾਰਤੀ ਜਨਤਾ ਪਾਰਟੀ ਮੁਲਕ ਪੱਧਰ ‘ਤੇ ‘ਇੰਡੀਆ’ ਨੂੰ ਆਪਣਾ ਮੁੱਖ ਵਿਰੋਧੀ ਸਮਝਣ ਲੱਗੀ ਹੈ, ਜਦਕਿ ਪੰਜਾਬ ਵਿੱਚ ‘ਆਪ’ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਤਕੜਾ ਖੜਕਾ-ਦੜਕਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਵਿੱਚ ‘ਆਪ’ ਨੇ ਆਪਣਾ ਦੁਸ਼ਮਣ ਬਦਲ ਲਿਆ ਹੈ, ਕਿਉਂਕਿ ਕੌਮੀ ਪੱਧਰ ‘ਤੇ ‘ਆਪ’ ਅਤੇ ਕਾਂਗਰਸ ਵਿੱਚ ਸਿਆਸੀ ਗੱਠਜੋੜ ਕਾਫੀ ਹੱਦ ਤੱਕ ਪੱਕਾ ਮੰਨਿਆ ਜਾ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦਾ ਜ਼ਿਕਰ ਨਾ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਟੇਜਾਂ ‘ਤੇ ਕਰ ਰਹੇ ਹਨ ਅਤੇ ਨਾ ਹੀ ਆਪਣੇ ਭਾਸ਼ਣਾਂ ਵਿੱਚ ਕਾਂਗਰਸ ਨੇ ਭਾਜਪਾ ਨੂੰ ਨਿਸ਼ਾਨੇ ‘ਤੇ ਲਿਆ ਹੈ। ਅਕਾਲੀ ਦਲ ਹਾਲ ਦੀ ਘੜੀ ਛੋਟੇ-ਮੋਟੇ ਮੁੱਦਿਆਂ ਨੂੰ ਲੈ ਕੇ ਭਾਜਪਾ ਦੀ ਥਾਂ ਕੇਂਦਰ ਸਰਕਾਰ ਨੂੰ ਜਰੂਰ ਘੇਰ ਰਿਹਾ ਹੈ।
ਭਾਜਪਾ ਦੀਆਂ ਪੰਜਾਬ ਵਿੱਚ ਸਰਗਰਮੀਆਂ ਲਗਭਗ ਠੱਪ ਹਨ। ਟਕਸਾਲੀ ਕਾਂਗਰਸੀ ਆਗੂ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਉਣ ਤੋਂ ਬਾਅਦ ਪਾਰਟੀ ਜਿਵੇਂ ਕੁੰਭ ਕਰਨ ਦੀ ਨੀਂਦੇ ਸੌਂ ਗਈ ਹੋਵੇ! ਭਾਜਪਾ ਹਾਈ ਕਮਾਂਡ ਵੱਲੋਂ ਪੰਜਾਬ ਇਕਾਈ ਦੇ ਨਵੇਂ ਇੰਚਾਰਜ ਲਾਉਣ ਤੋਂ ਬਾਅਦ ਸਥਾਨਕ ਸਰਕਾਰ ਦੀਆਂ ਚੋਣਾਂ ਨੂੰ ਲੈ ਕੇ ਘੁਸਰ-ਮੁਸਰ ਜ਼ਰੂਰ ਹੋਈ ਹੈ, ਪਰ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਜ਼ੀਰੋ ਹਨ। ਪਾਰਟੀ ਅੰਦਰਲਾ ਕੌੜਾ ਸੱਚ ਇਹ ਹੈ ਕਿ ਟਕਸਾਲੀ ਭਾਜਪਾਈ ਹਾਲੇ ਤੱਕ ਤਾਂ ਪ੍ਰਧਾਨ ਸੁਨੀਲ ਜਾਖੜ ਨੂੰ ਆਪਣਾ ਲੀਡਰ ਮੰਨਣ ਲਈ ਤਿਆਰ ਨਹੀਂ ਹਨ। ਸੁਨੀਲ ਜਾਖੜ ਪ੍ਰਧਾਨ ਬਣਨ ਤੋਂ ਬਾਅਦ ਥੋੜ੍ਹੇ ਸਮੇਂ ਲਈ ਸਰਗਰਮ ਜ਼ਰੂਰ ਹੋ ਗਏ ਸਨ, ਪਰ ਜਦੋਂ ਤੋਂ ਕਈ ਕਾਂਗਰਸੀ ਨੇਤਾ ਭਾਜਪਾ ਦੇ ਬੇੜੇ ਵਿੱਚੋਂ ਛਾਲਾ ਮਾਰ ਗਏ ਹਨ, ਉਸ ਤੋਂ ਬਾਅਦ ਇੰਝ ਲੱਗਦਾ ਹੈ ਜਿਵੇਂ ਸੁਨੀਲ ਜਾਖੜ ਇਕੱਲੇ ਰਹਿ ਗਏ ਹੋਣ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ ਨੂੰ ਹਰ ਰੋਜ਼ ਲੰਮੇ ਹੱਥੀਂ ਲਿਆ ਜਾ ਰਿਹਾ ਹੈ। ਕਾਂਗਰਸ ਵੀ ਦੱਬਵੀਂ ਜ਼ੁਬਾਨ ‘ਚ ਨੁਕਤਾਚੀਨੀ ਕਰ ਰਹੀ ਹੈ, ਪਰ ਪੰਜਾਬ ਭਾਜਪਾਈ ਆਪਣੇ ਘਰੀ ਬੈਠੇ ਹਨ। ਇੰਝ ਲੱਗ ਰਿਹਾ ਹੈ, ਜਿਵੇਂ ਭਾਜਪਾ ਹਾਈ ਕਮਾਂਡ ਨੂੰ ਵੀ ਇਹ ਸਮਝ ਲੱਗ ਗਈ ਹੋਵੇ ਕਿ ਪੰਜਾਬੀ ਹਾਲੇ ਦਿਲੋਂ ਨੇੜੇ ਨਹੀਂ ਹੋਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਿਰ ਕੱਢ ਸਿੱਖ ਨੇਤਾਵਾਂ ਨਾਲ ਮਿਲਣੀਆਂ ਵੀ ਦੋਹਾਂ ਧਿਰਾਂ ਨੂੰ ਨੇੜੇ ਨਹੀਂ ਕਰ ਸਕੀਆਂ ਹਨ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਭਾਜਪਾ ਨੂੰ ਪੰਜਾਬ ਵਿੱਚ ਮੁੜ ਤੋਂ ਪੈਰੀਂ ਕਰਨ ਦੀ ਸਮਰੱਥਾ ਤਾਂ ਰੱਖਦੇ ਹਨ, ਪਰ ਇੰਝ ਲੱਗਦਾ ਹੈ ਜਿਵੇਂ ਭਾਜਪਾ ਹਾਈ ਕਮਾਂਡ ਦੇ ਕੰਨੀਂ ਇਹ ਕਿਸੇ ਨੇ ਗੁਰ ਪਾਇਆ ਨਾ ਹੋਵੇ। ਪੰਜਾਬ ਭਾਜਪਾ ਨੂੰ ਕਿਸੇ ਬੇਦਾਗ ਸਿੱਖ ਨੇਤਾ ਦੀ ਲੋੜ ਹੈ। ਸ. ਲਾਲਪੁਰਾ ਇਸ ਕਸਵੱਟੀ ‘ਤੇ ਪੂਰਾ ਉਤਰਦੇ ਹਨ।
ਪੰਜਾਬ ਵਿੱਚ ਨਵਜੋਤ ਸਿੰਘ ਸਿੱਧੂ ਆਪਣੀ ਸਿਆਸਤ ਖੜ੍ਹੀ ਨਹੀਂ ਕਰ ਸਕੇ, ਹਾਲਾਂਕਿ ਲੋਕਾਂ ਨੇ ਉਨ੍ਹਾਂ ਦੇ ਸਿਰ ‘ਤੇ ਤਾਜ ਵੀ ਧਰਿਆ ਸੀ। ਇਸ ਵੇਲੇ ਸਿੱਧੂ ਦੀ ਤਰਜ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਗਰਜ ਰਹੇ ਹਨ। ਮਜੀਠੀਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਰਾਬਰੋ ਬਰਾਬਰੀ ਭਿੜ ਵੀ ਰਹੇ ਹਨ। ਮੁੱਖ ਮੰਤਰੀ ਮਾਨ ਨੇ ਜੇ ਅਰਬੀ ਘੋੜੇ ਜਿਹੜੇ ਕਿ ਮਜੀਠੀਆ ਖਾਨਦਾਨ ਦੇ ਬਜ਼ੁਰਗ ਅਤੇ ਸਾਬਕਾ ਕੇਂਦਰੀ ਮੰਤਰੀ ਸੁਰਜੀਤ ਸਿੰਘ ਮਜੀਠੀਆ ਨੂੰ ਮਿਲੇ ਸਨ, ਦੇ ਥਹੁ-ਪਤੇ ਬਾਰੇ ਪੁੱਛਿਆ ਤਾਂ ਬਿਕਰਮ ਨੇ ਵੀ ਇਹ ਕਿਹਾ ਕਿ ਅਰਬੀ ਘੋੜੇ ਮੁੱਖ ਮੰਤਰੀ ਮਾਨ ਦੀ ਛਾਤੀ ‘ਤੇ ਚੜਨਗੇ। ਬਿਕਰਮ ਸਿੰਘ ਮਜੀਠੀਆ ਉਹ ਨੇਤਾ ਹੈ, ਜੋ ਆਪਣੀ ਗਰਮੋ ਗਰਮ ਭਾਸ਼ਾ ਵਿੱਚ ਪੰਜਾਬ ਸਰਕਾਰ ਅਤੇ ਇਸ ਦੇ ਮੰਤਰੀਆਂ ਦੇ ਪੋਤੜੇ ਫਰੋਲਣ ਵਿੱਚ ਕੋਈ ਢਿੱਲ੍ਹ ਨਹੀਂ ਕਰ ਰਿਹਾ ਹੈ। ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਟੋਨ ਵੀ ਇਹੋ ਹੁੰਦੀ ਸੀ।
ਭਗਵੰਤ ਸਿੰਘ ਮਾਨ ਅਤੇ ਬਿਕਰਮ ਸਿੰਘ ਮਜੀਠੀਆ ਸਿਆਸੀ ਤੌਰ ਉੱਤੇ ਭਿੜਨ, ਕਿਸੇ ਨੂੰ ਕੋਈ ਉਜਰ ਨਹੀਂ, ਪਰ ਦੁੱਖ ਤਾਂ ਉਦੋਂ ਹੁੰਦਾ ਹੈ ਜਦੋਂ ਸ਼ਬਦਾਵਲੀ ਦਾ ਪੱਧਰ ਬਹੁਤ ਹੇਠਾਂ ਕਰ ਦਿੱਤਾ ਜਾਂਦਾ ਹੈ। ਉਂਝ ਇਹ ਪੰਜਾਬ ਵਿੱਚ ਦਹਾਕਿਆਂ ਤੋਂ ਹੁੰਦਾ ਚਲਿਆ ਆ ਰਿਹਾ ਹੈ। ਇੰਝ ਲੱਗ ਰਿਹਾ ਹੈ ਕਿ ਮੁੱਖ ਮੰਤਰੀ ਹੁਣ ਕਾਂਗਰਸ ਨਾਲ ਭਿੜਨ ਜੋਗੇ ਤਾਂ ਰਹੇ ਨਹੀਂ, ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਆਪਣੀ ਦੁਸ਼ਮਣ ਪਾਰਟੀ ਲੱਗਣ ਲੱਗਾ ਹੈ। ਆਮ ਆਦਮੀ ਪਾਰਟੀ ਨੇ ਆਪਣੀ ਸਰਕਾਰ ਕਾਂਗਰਸ ਨਾਲੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਜ਼ਿਆਦਾ ਵੋਟਾਂ ਖਾ ਕੇ ਬਣਾਈ ਸੀ। ਮੁੱਖ ਮੰਤਰੀ ਮਾਨ ਇਹ ਡਰ ਮੰਨ ਰਹੇ ਹਨ ਕਿ ਕਿਧਰੇ ਉਹ ਵੋਟਾਂ ਮੁੜ ਸ਼੍ਰੋਮਣੀ ਅਕਾਲੀ ਦਲ ਦੇ ਖੀਸੇ ਵਿੱਚ ਨਾ ਜਾ ਪੈ ਜਾਣ। ‘ਆਪ’ ਨੂੰ ਭਾਜਪਾ ਤੋਂ ਕੋਈ ਖਤਰਾ ਨਹੀਂ ਲੱਗ ਰਿਹਾ ਹੈ। ਕਾਂਗਰਸ ਪਾਰਟੀ, ਜਿਹਦੇ ਅੱਧੀ ਦਰਜਨ ਨੇਤਾਵਾਂ ਨੂੰ ਭਗਵੰਤ ਮਾਨ ਨੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕਿਆ ਸੀ, ਹੁਣ ਉਹ ‘ਮਿੱਤਰ-ਪਾਰਟੀ’ ਬਣ ਗਈ ਹੈ।
ਇੱਥੇ ਇਹ ਸੋਚਣਾ ਵੀ ਬਣਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਵੋਟਾਂ ਜਿਨ੍ਹਾਂ ਹਾਲਾਤ ਕਾਰਨ ਅਤੇ ਪ੍ਰਸਥਿਤੀਆਂ ਕਰਕੇ ਹੱਥੋਂ ਖਿਸਕੀਆਂ ਸਨ, ਕੀ ਸੁਖਬੀਰ ਸਿੰਘ ਬਾਦਲ ਜਾਂ ਉਨ੍ਹਾਂ ਦੇ ਪਰਿਵਾਰ ਸਮੇਤ ਸੀਨੀਅਰ ਲੀਡਰਸ਼ਿਪ ਵੱਲੋਂ ਉਹ ਗਲਤੀਆਂ ਸੁਧਾਰ ਲਈਆਂ ਗਈਆਂ ਹਨ? ਸ਼੍ਰੋਮਣੀ ਅਕਾਲੀ ਦਲ ਨੇ ਨਾ ਤਾਂ ਆਪਣੀ ਲੀਡਰਸ਼ਿਪ ਵਿੱਚ ਕੋਈ ਤਬਦੀਲੀ ਲਿਆਂਦੀ ਹੈ ਅਤੇ ਨਾ ਹੀ ਆਪਣੀਆਂ ਨੀਤੀਆਂ ਬਦਲੀਆਂ ਹਨ, ਜਿਸ ਕਰਕੇ ਮੁੱਖ ਮੰਤਰੀ ਮਾਨ ਦਾ ਡਰ ਵਾਧੂ ਦਾ ਜਾਪਦਾ ਹੈ। ਬਿਕਰਮ ਸਿੰਘ ਮਜੀਠੀਆ ਦੇ ਗਰਜਣ ਤੋਂ ਇੱਕ ਗੱਲ ਸਮਝ ਜਰੂਰ ਲੱਗ ਰਹੀ ਹੈ ਕਿ ਜੇ ਸੁਖਬੀਰ ਸਿੰਘ ਬਾਦਲ ਨੂੰ ਬਦਲਣ ਦੀ ਨੌਬਤ ਆਈ ਤਾਂ ਪ੍ਰਧਾਨਗੀ ਦਾ ਤਾਜ ਬਿਕਰਮ ਸਿੰਘ ਮਜੀਠੀਆ ਦੇ ਸਿਰ ‘ਤੇ ਸਜਾ ਕੇ ਸਾਰਾ ਕੁਝ ਫਿਰ ਆਪਣੀ ਮੁੱਠੀ ਵਿੱਚ ਹੀ ਰੱਖ ਲਿਆ ਜਾਵੇਗਾ।
ਮੁੱਖ ਮੰਤਰੀ ਮਾਨ ਨੇ ਪਿਛਲੇ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਉੱਤੇ ਹਮਲੇ ਲਗਾਤਾਰ ਜਾਰੀ ਰੱਖੇ ਹਨ। ਆਪਣੇ ਇੱਕ ਭਾਸ਼ਣ ਵਿੱਚ ਉਨ੍ਹਾਂ ਨੇ ਬਾਦਲਕਿਆਂ ਅਤੇ ਮਜੀਠੀਆ- ਦੋਹਾਂ ਨੂੰ ਰਗੜਿਆ ਹੈ। ਇਸ ਵਾਰ ਤਾਂ ਉਨ੍ਹਾਂ ਨੇ ਇਹ ਵੀ ਕਹਿ ਦਿੱਤਾ ਕਿ ਮਰਨ ਤੋਂ ਬਾਅਦ ਆਮ ਕਰਕੇ ਮਨੁੱਖ ਖਾਲੀ ਹੱਥੀ ਜਾਂਦਾ ਹੈ, ਪਰ ਪ੍ਰਕਾਸ਼ ਸਿੰਘ ਬਾਦਲ ਮਾਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਨਾਲ ਹੀ ਲੈ ਗਏ ਹਨ।
ਪੰਜਾਬੀਆਂ ਦੀ ਤਾਸੀਰ ਵੱਖਰੀ ਹੈ। ਜੇ ਉਹ ਕਿਸੇ ਨੂੰ ਪਲਕਾਂ ‘ਤੇ ਬਿਠਾਉਣਾ ਜਾਣਦੇ ਹਨ ਤਾਂ ਪਿੱਠ ਪਰਨੇ ਸੁੱਟਣ ਵਿੱਚ ਵੀ ਦੇਰ ਨਹੀਂ ਲਾਉਂਦੇ। ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਪਾਰਟੀ ਅਤੇ ਭਾਜਪਾ ਨੇ ਤਾਂ ਸਬਕ ਸਿੱਖ ਲਿਆ ਹੈ। ਆਮ ਆਦਮੀ ਪਾਰਟੀ ਨੂੰ ਵੀ ਪੰਜਾਬੀਆਂ ਦੀ ਨਬਜ਼ ਟੋਹ ਕੇ ਚੱਲਣਾ ਪਵੇਗਾ। ਸੰਗਰੂਰ ਦੀ ਜਿਮਨੀ ਲੋਕ ਸਭਾ ਚੋਣ ਵਿੱਚ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਆਪਣੇ ਸੁਭਾਅ ਦੀ ਝਲਕ ਦਿਖਾ ਦਿੱਤੀ ਸੀ।