ਰੈਟ ਮਾਈਨਰਾਂ ਦਾ ਕ੍ਰਿਸ਼ਮਾ
ਜਸਵੀਰ ਸਿੰਘ ਸ਼ੀਰੀ
ਉੱਤਰਾਖੰਡ ਦੇ ਉਤਰਕਾਸ਼ੀ ਵਿੱਚ ਇੱਕ ਸੁਰੰਗ ਵਿੱਚ ਫਸੇ 41 ਵਰਕਰ ਭਾਵੇਂ ਸਹੀ ਸਲਾਮਤ ਬਾਹਰ ਕੱਢ ਲਏ ਗਏ ਹਨ, ਪਰ ਇਸ ਰਾਹਤ ਉਪਰੇਸ਼ਨ ਨੇ ਜਿਹੜੇ ਬਾਰੀਕ ਸਬਕ ਛੱਡੇ ਹਨ, ਉਹ ਸਾਡੀਆਂ ਹਕੂਮਤਾਂ ਸ਼ਾਇਦ ਹੀ ਆਪਣੇ ਪੱਲੇ ਨਾਲ ਘੁੱਟ ਕੇ ਬੰਨ੍ਹ ਸਕਣ! ਕਾਰਨ ਸ਼ਾਇਦ ਇਹ ਹੈ ਕਿ ਵੱਖ-ਵੱਖ ਧਰਮਾਂ/ਨਸਲਾਂ ਦੇ ਮਨੁੱਖਾਂ ਪ੍ਰਤੀ ਨਫਰਤ ਅਤੇ ਦਵੈਸ਼ ਨਾਲ ਦੂਸ਼ਿਤ ਹੋ ਚੁੱਕੀ ਮਾਨਸਿਕਤਾ ਦੀ ਮੈਲ ਦੇ ਧੁਪ ਜਾਣ ਦਾ ਕਾਰਜ ਇੰਨਾ ਸੌਖਾ ਨਹੀਂ। ਤਜ਼ਰਬਾ ਦੱਸਦਾ ਹੈ ਕਿ ਪਵਿੱਤਰ ਪ੍ਰਵਚਨਾਂ ਦੀ ਸਦੀਆਂ ਲੰਮੀ ਧੁੱਪ ਇਨ੍ਹਾਂ ‘ਤੇ ਜ਼ਰਾ ਜਿੰਨੀ ਵੀ ਅਸਰਅੰਦਾਜ਼ ਨਹੀਂ ਹੋ ਸਕੀ।
ਜਦੋਂ ਅਤਿ ਆਧੁਨਿਕ ਤੇ ਦਿਉ ਕੱਦ ਮਸ਼ੀਨਾਂ ਢਹਿ ਗਈ ਪਹਾੜੀ ਨੂੰ ਸੰਨ੍ਹ ਲਾਉਣ ਵਿੱਚ ਅਸਫਲ ਰਹੀਆਂ ਤਾਂ ਉਹ ਲੋਕ ਹੀ ਕੰਮ ਆਏ- ਜਿਨ੍ਹਾਂ ਨੂੰ ਇਸ ਮੁਲਕ ਨੇ ਆਪਣੀ ਪੂਰੀ ਹਯਾਤੀ ਹੀਣ ਭਾਵਨਾ ਨਾਲ ਵੇਖਿਆ, ਜਿਨ੍ਹਾਂ ਨੂੰ ਛੂਹਣਾ ਵੀ ਪਾਪ ਸਮਝਿਆ ਜਾਂਦਾ ਸੀ; ਜਿਨ੍ਹਾਂ ਦੀ ਅੱਜ ਵੀ ਸਥਿਤੀ ਉਹੋ ਹੀ ਹੈ।
ਦੇਸ਼ ਦੀਆਂ ਕੋਲਾ ਖਾਣਾਂ/ਸੀਵਰਾਂ ਵਿੱਚ ‘ਰੈਟ ਮਾਈਨਿੰਗ’ ਕਰਨ ਵਾਲੇ ਇਨ੍ਹਾਂ ਮਜ਼ਦੂਰਾਂ ਨੇ ਉਹ ਕ੍ਰਿਸ਼ਮਾ ਕਰ ਵਿਖਾਇਆ, ਜਿਸ ਤੋਂ ਸਾਰੀ ਦੁਨੀਆਂ ਹੈਰਾਨ ਹੈ। ਪੱਛਮੀ ਮੀਡੀਆ ਵੀ ਇਨ੍ਹਾਂ ਦੀ ਸਿਫਤ ਕੀਤੇ ਬਿਨਾ ਨਹੀਂ ਰਹਿ ਸਕਿਆ। ਆਪਣੇ ਹੀ ਮੁਲਕ ਵਿੱਚ ਵੱਸਦੀ ਵੱਡੀ ਘੱਟਗਿਣਤੀ ਪ੍ਰਤੀ, ਜਿਨ੍ਹਾਂ ਅੰਧ ਭਗਤਾਂ ਦੀਆਂ ਅੱਖਾਂ ‘ਤੇ ਫਿਰਕੂ ਜਹਾਲਤ ਦਾ ਜਾਲਾ ਪੈ ਗਿਆ, ਉਹ ਨਹੀਂ ਤਾਂ ਉਨ੍ਹਾਂ ਦੇ ਸਾਕ ਸਬੰਧੀ, ਰੈਟ ਮਾਈਨਰਾਂ ਦੇ ਇਨ੍ਹਾਂ ਨਾਂਵਾਂ `ਤੇ ਜਰਾ ਧਿਆਨ ਨਾਲ ਝਾਤ ਮਾਰਨ- ਵਕੀਲ ਹਸਨ, ਮੁੰਨਾ ਕੁਰੈਸ਼ੀ, ਫਿਰੋਜ ਕੁਰੈਸ਼ੀ, ਨਾਸਿਰ ਖਾਨ, ਇਰਸ਼ਾਦ ਅਨਸਾਰੀ, ਰਾਸ਼ੀਦ ਅਨਸਾਰੀ, ਨਸੀਮ ਮਲਿਕ, ਮੋਨੂ ਕੁਮਾਰ, ਜਤਿਨ, ਅੰਕੁਰ, ਸੌਰਭ, ਦੇਵੇਂਦਰ ਕੁਮਾਰ।
ਜਦੋਂ ਅਮਰੀਕਾ ਦੀ ਜਮ੍ਹਾਂ ਆਪਣੇ ਸੁਭਾਅ ਵਰਗੀ ਅੜਬ ਮਸ਼ੀਨਰੀ ਹੰਭ ਗਈ ਤਾਂ ਇਹ ਉੱਪਰ ਲਿਖੇ ਨਾਂ ਹੀ ਹਨ, ਜਿਨ੍ਹਾਂ ਨੇ ਢਹਿ ਗਈ ਸੁਰੰਗ ਵਿੱਚ ਫਸੇ 41 ਮਜ਼ਦੂਰਾਂ ਨੂੰ ਬਚਾਉਣ ਲਈ ਢਾਈ ਫੁੱਟ ਵਿਆਸ ਦੀ ਲੰਮੇ ਪੈਣ ਜੋਗੀ 49 ਮੀਟਰ ਲੰਮੀ ਪਾਈਪ ਦੇ ਅੰਦਰ ਜਾਣ ਦਾ ਜੇਰਾ ਕੀਤਾ। ਹੈਂਡ ਟੂਲਜ਼ ਨਾਲ 12 ਮੀਟਰ ਲੰਮੇ ਮਲਬੇ ਦੇ ਢੇਰ ਨੂੰ ਹੱਥੀਂ ਚੀਰਿਆ ਤੇ ਰਾਹਤ ਪਾਈਪ ਨੂੰ ਫਸੇ ਮਜ਼ਦੂਰਾਂ ਤੱਕ ਪੁੱਜਦਾ ਕੀਤਾ।
ਦਿੱਲੀ, ਯੂ.ਪੀ. ਅਤੇ ਹਰਿਆਣਾ ਵਿੱਚ ਮੁਸਲਮਾਨਾਂ ਦੇ ਘਰਾਂ ‘ਤੇ ਬਲਡੋਜਰ ਚਲਾਉਣ ਵਾਲੇ ‘ਕੱਟੜ ਦੇਸ਼ ਭਗਤ’ ਉਪਰੋਕਤ ਨਾਂਵਾਂ ਨੂੰ ਗੌਰ ਨਾਲ ਪੜ੍ਹਨ, ਕੁੱਲ 12 ਵਿੱਚੋਂ 7 ਮੁਸਲਮਾਨ ਹਨ। ਹੁਣੇ ਰਾਜਸਥਾਨ ਵਿੱਚ ਰਾਜ ਵਿਧਾਨ ਸਭਾ ਲਈ ਚੋਣ ਮੁਹਿੰਮ ਚੱਲ ਕੇ ਹਟੀ ਹੈ। ਆਖਰੀ ਤਿੰਨ ਦਿਨ ਕੇਂਦਰ ਵਿੱਚ ਰਾਜ ਕਰ ਰਹੀ ਪਾਰਟੀ ਨੇ ਜਿਹੜਾ ਇਸ਼ਤਿਹਾਰ ਦਿੱਤਾ, ਉਸ ਨੇ ਉਪਰੋਕਤ ਸੱਤਾਂ ਦੇ ਧਰਮ ਭਾਈਆਂ ਖਿਲਾਫ ਦੰਗੇ ਭੜਕਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਸਾਰੀ ਦੁਨੀਆਂ 12 ਨਾਇਕਾਂ ਦੀਆਂ ਸਿਫਤਾਂ ਕਰਦੀ ਨਹੀਂ ਥੱਕੀ, ਜੇ ਕਿਧਰੇ ਆਪਣੇ ਅੰਦਰਲਾ ਬੰਦਾ ਜੀਂਦਾ ਜਾਗਦਾ ਹੁੰਦਾ ਤਾਂ ਸ਼ਰਮ ਨਾਲ ਹੀ ਮਰ ਜਾਂਦੇ? ਜ਼ਹਿਰ ਨਾਲ ਨੁਚੜਦੀਆਂ ਜੀਭਾਂ ਵਾਲੀ ਨਫਰਤ ਦੀ ਦੁਕਾਨ ਵਾਲੇ ਸਿਆਸੀ ਭਾਈਓ, ਸੁਣੋ ਜ਼ਰਾ! ਜਦੋਂ ਫਿਰੋਜ 24 ਘੰਟੇ ਦੀ ਰੈਟ ਮਾਈਨਿੰਗ ਤੋਂ ਪਿੱਛੋਂ ਘਿਰੇ 41 ਵਰਕਰਾਂ ਵਾਲੇ ਪਾਸੇ ਦਾਖਲ ਹੋਇਆ ਤਾਂ ਉਸ ਨੇ ਵਰਕਰਾਂ ਵਿੱਚੋਂ ਇੱਕ ਨੂੰ ਜੱਫੀ ਵਿੱਚ ਘੁੱਟ ਕੇ ਚੁੰਮਿਆ। ਸੁਰੰਗ ਦੀ ਤਿਹਾਈ ਮਿੱਟੀ ਦੋਹਾਂ ਦੇ ਹੰਝੂਆਂ ਨਾਲ ਭਿੱਜ ਗਈ! ਹਰ ਆਏ ਦਿਨ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਫਿਰੋਜ ਕੁਰੈਸ਼ੀ ਦੇ ਭੈਣ-ਭਾਈਆਂ ਖਿਲਾਫ ਹੀ ਨਾਹਰੇ ਲਗਦੇ ਹਨ, ‘ਦੇਸ਼ ਕੇ ਗਦਾਰੋਂ ਕੋ, ਗੋਲੀ ਮਾਰੋ ਸਾਲੋਂ ਕੋ!’
ਇਨ੍ਹਾਂ ਬਾਰਾਂ ਵਰਕਰਾਂ ਨੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹ 24 ਘੰਟੇ ਵਿੱਚ ਆਪਣਾ ਕੰਮ ਪੂਰਾ ਕਰ ਦੇਣਗੇ। ਬਿਲਕੁਲ ਇੰਨਾ ਹੀ ਸਮਾਂ ਲੱਗਿਆ। 28 ਨਵੰਬਰ ਨੂੰ ਸ਼ਾਮ ਸਹੀ ਪੌਣੇ ਅੱਠ ਵਜੇ ਪਹਿਲਾ ਵਰਕਰ ਪਾਈਪ ਦੇ ਵਿੱਚੋਂ ਦੀ ਬਾਹਰ ਆਇਆ। ਉਡੀਕ ਵਿੱਚ ਸੁੱਕੀਆਂ ਅੱਖਾਂ ਵਿੱਚ ਸਿਲ੍ਹੀ ਚਮਕ ਆਈ। ਫਿਰ ਇੱਕ ਇੱਕ ਕਰ ਕੇ ਸਾਰੇ ਬਾਹਰ ਆ ਗਏ। ਜੱਫੀਆਂ ਪੈਣ ਲੱਗੀਆਂ, ਗਲਾਂ ਵਿੱਚ ਹਾਰ ਵੀ। ਰੈਟ ਮਾਈਨਰਾਂ ਵੱਲ ਪਹਿਲੀ ਵਾਰ ਲੋਕ ਭਰੀਆਂ ਅੱਖਾਂ ਨਾਲ ਵੇਖ ਰਹੇ ਸਨ। ਸ਼ੁਕਰਾਨੇ ਦੇ ਸ਼ਬਦ ਓਵਰ ਫਲੋਅ ਕਰਨ ਲੱਗੇ। ਉਤਸ਼ਾਹੀ ਮਾਈਨਰਾਂ ਦੇ ਪੈਰ ਵੀ ਧਰਤੀ ਤੋਂ ਉੱਚੇ ਉੱਠ ਰਹੇ ਸਨ। ਪਹਿਲੀ ਵਾਰ ਇੱਡੀ ਵੱਡੀ ਭੀੜ ਉਨ੍ਹਾਂ ਨੂੰ ਪਿਆਰ ਨਾਲ ਵੇਖ ਰਹੀ ਸੀ।
ਦੇਸ਼ ਵਿੱਚ ਰੈਟ ਮਾਈਨਿੰਗ ਦਾ ਕਿੱਤਾ ਅੱਜ ਕੱਲ੍ਹ ਖਤਰਨਾਕ ਕਰਾਰ ਦੇ ਕੇ ਬੈਨ ਕੀਤਾ ਜਾ ਚੁੱਕਾ ਹੈ, ਪਰ ਫਿਰ ਵੀ ਕਹਿੰਦੇ ਹਨ ਕਿ ਮੇਘਾਲਿਆ ‘ਚ ਰੈਟ ਮਾਈਨਿੰਗ ਹਾਲੇ ਵੀ ਚਲਦੀ ਹੈ। ਕੰਮ ਘਟ ਜਾਣ ਕਾਰਨ ਸ਼ਹਿਰ ਦੇ ਸੀਵਰੇਜ਼ ਦਾ ਕੰਮ ਹੀ ਰੈਟ ਮਾਈਨਰਾਂ ਦੇ ਹਿੱਸੇ ਆਇਆ ਹੈ। ਸਾਡੇ ਲੋਕ ਇਹੋ ਜਿਹੇ ਕਿੱਤਿਆਂ ਦੀ ਕਿੰਨੀ ਕੁ ਇੱਜਤ ਕਰਦੇ ਹਨ, ਫਿਰੋਜ ਕੁਰੈਸ਼ੀ ਤੋਂ ਸੁਣ ਲਉ, “ਸਾਡੇ ਕੰਮ ਦਾ ਮਖੌਲ ਉਡਾਇਆ ਜਾਂਦਾ ਹੈ। ਸਾਨੂੰ ਬੇਇੱਜ਼ਤ ਕੀਤਾ ਜਾਂਦਾ ਹੈ।” ਉਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲ੍ਹੇ ਦੇ ਰਹਿਣ ਵਾਲੇ ਕੁਰੈਸ਼ੀ ਨੇ ਦੱਸਿਆ ਕਿ ‘ਜਿਹੜਾ ਕੰਮ ਅਸੀਂ ਕਰਦੇ ਹਾਂ, ਉਹਦੇ ਕਰਕੇ ਸਾਡੀ ਬੜੀ ਦੁਰਗਤ ਹੁੰਦੀ ਹੈ। ਸਮਾਜ ਸਾਨੂੰ ਚੰਗੀ ਨਿਗਾਹ ਨਾਲ ਨਹੀਂ ਵੇਖਦਾ। ਇੱਥੋਂ ਤੱਕ ਕਿ ਸਾਡੇ ਅਫਸਰ ਵੀ ਸਾਨੂੰ ਬੇਇੱਜ਼ਤ ਕਰਨ ਦੀ ਤਾਕ ਵਿੱਚ ਰਹਿੰਦੇ ਹਨ।’ ਮੋਨੂੰ ਕੁਮਾਰ ਨੇ ਦੱਸਿਆ ਕਿ ਪਹਿਲੀ ਵਾਰ ਉਸ ਦੇ ਗਲ ਵਿੱਚ ਕਿਸੇ ਨੇ ਹਾਰ ਪਾਇਆ ਹੈ।
ਦਸੰਬਰ 2018 ਤੋਂ ਜਨਵਰੀ 2019 ਤੱਕ ਮੇਘਾਲਿਆ ਦੀਆਂ ਮਾਈਨਾਂ ਵਿੱਚ ਫਸ ਕੇ 15 ਰੈਟ ਮਾਈਨਰ ਮਾਰੇ ਗਏ ਸਨ। ਨੈਸ਼ਨਲ ਗਰੀਨ ਟ੍ਰਿਬਿਊਨਲ ਦੀ ਕਾਲ ‘ਤੇ ਸਰਕਾਰ ਨੇ ਇਸ ਕਿੱਤੇ ‘ਤੇ ਪਾਬੰਦੀ ਲਗਾ ਦਿੱਤੀ ਹੈ। ਫਿਰੋਜ ਕੁਰੈਸ਼ੀ ਨੂੰ ਆਸ ਹੈ ਕਿ ਭਵਿੱਖ ਵਿੱਚ ਸਾਡੇ ਕਿੱਤੇ ਪ੍ਰਤੀ ਲੋਕਾਂ ਦਾ ਵਿਹਾਰ ਬਦਲੇਗਾ। ਉੱਤਰਕਾਸ਼ੀ ਵਾਲੀ ਘਟਨਾ ਇਸ ਮਾਮਲੇ ਵਿੱਚ ਅਹਿਮ ਮੋੜ ਸਾਬਤ ਹੋਵੇਗੀ। ਇਹ ਕਹਿੰਦਿਆਂ ਉਹਦੀ ਹਮਦਰਦ ਅੱਖਾਂ ਵਿੱਚ ਭੋਲਾਪਨ ਝਲਕ ਰਿਹਾ ਸੀ, ਜਿਹੜਾ ਚੀੜ੍ਹੇ ਜਾਤੀ ਪ੍ਰਬੰਧ ਤੋਂ ਸ਼ਾਇਦ ਹਾਲਾਂ ਵੀ ਨਾਵਾਕਿਫ ਹੈ; ਪਰ ਇਨ੍ਹਾਂ ਦੇ ਦਿਲਾਂ ਦੀ ਇਸ ਸਾਦਗੀ ਨੂੰ ਅੜਬ ਪਰਬਤਾਂ ਨੇ ਸਲਾਮ ਜ਼ਰੂਰ ਕੀਤੀ ਹੈ।
ਜਿਨ੍ਹਾਂ ਵਰਕਰਾਂ ਨੂੰ ਬਚਾਉਣ ਵਿੱਚ ਉਹ ਕਾਮਯਾਬ ਰਹੇ, ਉਨ੍ਹਾਂ ਵਿੱਚੋਂ 15 ਝਾਰਖੰਡ ਨਾਲ ਸੰਬਧਤ ਹਨ, 8 ਉੱਤਰ ਪ੍ਰਦੇਸ਼ ਦੇ ਹਨ, 5-5 ਬਿਹਾਰ ਅਤੇ ਉੜੀਸਾ ਦੇ ਹਨ। ਤਿੰਨ ਪੱਛਮੀ ਬੰਗਾਲ ਨਾਲ ਸਬੰਧਤ ਹਨ, ਜਦਕਿ ਦੋ-ਦੋ ਉੱਤਰਾਖੰਡ ਅਤੇ ਆਸਾਮ ਨਾਲ ਸਬੰਧ ਰੱਖਦੇ ਹਨ। ਦੀਵਾਲੀ ਵਾਲੇ ਦਿਨ ਤੜਕੇ ਸਾਢੇ ਪੰਜ ਵਜੇ ਸੁਰੰਗ ਦੇ 53 ਮੀਟਰ ਹਿੱਸੇ ਦੀ ਛੱਤ ਵੱਲੋਂ ਮਲਵਾ ਡਿੱਗ ਜਾਣ ਕਾਰਨ ਉਹ ਸੁਰੰਗ ਦੇ ਅੰਦਰ ਹੀ ਫਸ ਗਏ ਸਨ। ਫਿਰ ਪਾਣੀ ਦੀ ਸਪਲਾਈ ਵਾਲੀਆਂ ਪਾਈਪਾਂ ਨਾਲ ਉਨ੍ਹਾਂ ਨੇ ਰਾਹਤਕਾਰੀਆਂ ਨਾਲ ਸੰਪਰਕ ਕੀਤਾ। ਮਗਰੋਂ ਛੇ ਇੰਚ ਦੀ ਇੱਕ ਹੋਰ ਪਾਈਪ ਮਲਬੇ ਵਿੱਚ ਦੀ ਵਰਕਰਾਂ ਤੱਕ ਪਹੁੰਚਾਈ ਗਈ, ਜਿਸ ਨਾਲ ਖੁਰਾਕ, ਪਾਣੀ-ਧਾਣੀ ਅਤੇ ਦਵਾ-ਬੂਟੀ ਦਾ ਕੰਮ ਸਾਹਿਲ ਹੋ ਗਿਆ ਸੀ। ਫੌਜ ਅਤੇ ਸਰਕਾਰ ਦੀਆਂ ਹੋਰ ਵੱਖ-ਵੱਖ ਏਜੰਸੀਆਂ ਵੱਲੋਂ ਪਹਾੜ ਦੇ ਉਪਰੋਂ ਅਤੇ ਆਸੇ-ਪਾਸਿਓਂ ਵੀ ਡਰਿੱਲ ਕਰਕੇ ਮਜ਼ਦੂਰਾਂ ਤੱਕ ਪਹੁੰਚਣ ਦਾ ਯਤਨ ਕੀਤਾ ਜਾ ਰਿਹਾ ਸੀ, ਪਰ ਅੰਤ ਰੈਟ ਮਾਈਨਰਾਂ ਨੇ ਇਸ ਔਖੇ ਕੰਮ ਨੂੰ ਬਿਲਕੁਲ ਆਸਾਨ ਕਰ ਦਿੱਤਾ। ਇਸ ਵੱਡੇ ਬਚਾਓ ਕਾਰਜ ਦੀ ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਵੀ ਸਿਫਤ ਸਲਾਹ ਕੀਤੀ ਹੈ।
ਉਧਰ ਮਸ਼ੀਨਾਂ ਦੇ ਪੁਜਾਰੀ ਪੱਛਮੀ ਮੀਡੀਏ ਵਿੱਚੋਂ ਵੀ ਇਹ ਆਵਾਜ਼ ਆਈ ਕਿ ‘ਮਨੁੱਖੀ ਹੁਨਰ ਮਸ਼ੀਨਾਂ ‘ਤੇ ਭਾਰੀ ਪਿਆ।’ ਕੀ ਪੱਛਮ ਵੀ ਇਹ ਸਬਕ ਸਿੱਖੇਗਾ ਕਿ ਮਸ਼ੀਨ ਕਿੰਨੀ ਵੀ ਉਤਮ ਹੋ ਜਾਵੇ, ਮਨੁੱਖ ਦੇ ਹੱਥਾਂ/ਹੁਨਰ ਦਾ ਮੁਕਾਬਲਾ ਨਹੀਂ ਕਰ ਸਕਦੀ। ਅਰਟੀਫੀਸ਼ੀਅਲ ਇੰਟੈਲੀਜੈਂਸ ਦੇ ਗੋਗੇ ਗਾਉਣ ਵਾਲਿਆਂ ਨੂੰ ਇਸ ਨਾਲ ਕੰਨ ਹੋ ਜਾਣੇ ਚਾਹੀਦੇ ਹਨ।