ਪੰਜਾਬੀਆਂ ਨੇ ਆਸਟਰੇਲੀਆ ਵਿੱਚ ਵੀ ਆਪਣੀ ਧਾਕ ਜਮਾਈ ਹੈ ਤੇ ਨਿਰੰਤਰ ਤਰੱਕੀ ਦੇ ਮਾਰਗ ਦੇ ਪਾਂਧੀ ਹੋ ਨਿੱਬੜੇ ਹਨ। ਪਰਵਾਸ ਲਈ ਪਰਵਾਜ਼ ਭਰਨ ਵਾਲੇ ਪੰਜਾਬੀਆਂ ਨੇ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਜਾ ਕੇ ਉਚੇਰੇ ਮੁਕਾਮ ਹਾਸਿਲ ਕੀਤੇ ਹਨ ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਪੱਗ ਦਾ ਸ਼ਮਲਾ ਉੱਚਾ ਕੀਤਾ ਹੈ। ਇਹ ਸੱਚ ਹੀ ਹੈ ਕਿ ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਹੀ ਮੁਹਿੰਮਾਂ।’ ਪੇਸ਼ ਹੈ, ਆਸਟਰੇਲੀਆ ਵਿੱਚ ਬੜੇ ਸੰਘਰਸ਼ ਨਾਲ ਵਿਗਸੇ ਪੰਜਾਬੀਆਂ ਬਾਰੇ ਇਹ ਲੇਖ…
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ: +91-9781646008
ਪੰਜਾਬ ਦੀ ਮਿੱਟੀ ’ਚ ਜਨਮ ਲੈਣ ਵਾਲੇ ਹਰੇਕ ਪੰਜਾਬੀ ਨੂੰ ਨਿੱਤ ਦਿਨ ਹੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹ ਬਿਲਕੁਲ ਵੀ ਨਾ ਘਬਰਾਉਂਦਿਆਂ ਹੋਇਆਂ ਤਕੜਾ ਹੋ ਕੇ ਔਕੜਾਂ ਖ਼ਿਲਾਫ਼ ਸੰਘਰਸ਼ ਕਰਦਾ ਹੈ ਤੇ ਔਕੜਾਂ ਨੂੰ ਮਾਤ ਦੇ ਕੇ ਹੀ ਮੁੜਦਾ ਹੈ। ਕੁਝ ਇਸੇ ਜਜ਼ਬੇ ਨਾਲ ਪੰਜਾਬੀਆਂ ਨੇ ਦੁਨੀਆਂ ਦੇ ਹੋਰ ਮੁਲਕਾਂ ਦੀ ਤਰ੍ਹਾਂ ਆਸਟਰੇਲੀਆ ਵਿੱਚ ਵੀ ਆਪਣੀ ਧਾਕ ਜਮਾਈ ਹੈ ਤੇ ਨਿਰੰਤਰ ਤਰੱਕੀ ਦੇ ਮਾਰਗ ਦੇ ਪਾਂਧੀ ਹੋ ਨਿੱਬੜੇ ਹਨ।
ਆਸਟਰੇਲੀਆ ਵਿੱਚ ਪੰਜਾਬੀਆਂ ਦੀ ਆਮਦ ਦੀ ਜੇ ਗੱਲ ਕੀਤੀ ਜਾਵੇ ਤਾਂ ਇਤਿਹਾਸ ਦੇ ਪੰਨੇ ਫ਼ਰੋਲਦਿਆਂ ਪਤਾ ਲੱਗਦਾ ਹੈ ਕਿ ਸੰਨ 1830 ਦੇ ਆਸ-ਪਾਸ ਪਹਿਲਾ ਪੰਜਾਬੀ ਸ਼ਖਸ ਆਸਟਰੇਲੀਆ ਪੁੱਜਾ ਸੀ ਤੇ ਉਸਨੂੰ ਹੀ ਆਸਟਰੇਲੀਆ ਦੀ ਧਰਤੀ ’ਤੇ ਪੁੱਜਾ ਪਹਿਲਾ ਭਾਰਤੀ ਵੀ ਮੰਨਿਆ ਜਾਂਦਾ ਹੈ। ਇਹ ਸ਼ਖ਼ਸ ਇੱਥੇ ਨਿਊ ਸਾਊਥ ਵੇਲਜ਼ ਇਲਾਕੇ ਵਿੱਚ ਲਿਆਂਦਾ ਗਿਆ ਇੱਕ ਕਾਨੂੰਨੀ ਸਜ਼ਾਯਾਫ਼ਤਾ ਕੈਦੀ ਸੀ। ਚੇਤੇ ਰਹੇ, ਉਸ ਵਕਤ ਇਸ ਇਲਾਕੇ ਵਿੱਚ ਕੁਈਨਜ਼ਲੈਂਡ ਅਤੇ ਵਿਕਟੋਰੀਆ ਜਿਹੇ ਨਾਮਵਰ ਖੇਤਰ ਵੀ ਸ਼ਾਮਿਲ ਸਨ। ਇੱਥੇ ਮਜ਼ਦੂਰਾਂ ਦੀ ਭਾਰੀ ਘਾਟ ਸੀ ਤੇ ਉਸ ਘਾਟ ਨੂੰ ਪੂਰਾ ਕਰਨ ਹਿਤ ਅੰਗਰੇਜ਼ ਹਾਕਮਾਂ ਨੇ ਇੱਥੇ ਸਿੱਖ ਕੈਦੀਆਂ ਨੂੰ ਲਿਆਂਦਾ ਸੀ। ਇਹ ਸਿੱਖ ਜਾਂ ਪੰਜਾਬੀ ਲੋਕ ਅਸਲ ਵਿੱਚ ਖੇਤੀਬਾੜੀ ਪਿਛੋਕੜ ਵਾਲੇ ਸਨ ਤੇ ਮਿਹਨਤ ਇਨ੍ਹਾਂ ਦੇ ਹੱਡਾਂ ਵਿੱਚ ਰਚੀ ਹੋਈ ਸੀ, ਜਿਸ ਕਰਕੇ ਇਹ ਇੱਥੇ ਖੇਤੀ ਅਤੇ ਪਸ਼ੂ ਪਾਲਣ ਦੇ ਕੰਮਾਂ ਵਿੱਚ ਆਸਾਨੀ ਨਾਲ ਅਤੇ ਸਫ਼ਲਤਾਪੂਰਵਕ ਸੈੱਟ ਹੋ ਗਏ। ਸੰਨ 1861 ਦੀ ਜਨਗਣਨਾ ਦਾ ਅੰਕੜਾ ਇੱਥੇ 200 ਭਾਰਤੀਆਂ ਦੇ ਮੌਜੂਦ ਹੋਣ ਦੀ ਪੁਸ਼ਟੀ ਕਰਦਾ ਹੈ, ਜਿਨ੍ਹਾਂ ਵਿੱਚੋਂ ਵਧੇਰੇ ਕਰਕੇ ਪੰਜਾਬੀ ਹੀ ਸਨ। ਇਸ ਤੋਂ ਬਾਅਦ ਵਾਲੇ ਸਾਲਾਂ ਵਿੱਚ ਪੰਜਾਬੀਆਂ ਦਾ ਇੱਥੇ ਆਉਣ ਦਾ ਸਿਲਸਿਲਾ ਲਗਾਤਾਰ ਚਲਦਾ ਰਿਹਾ ਤੇ ਇਨ੍ਹਾਂ ਪੰਜਾਬੀਆਂ ਨੇ ਇੱਥੇ ਪਿੰਡਾਂ ਤੇ ਸ਼ਹਿਰਾਂ ਦੀਆਂ ਗਲੀਆਂ ਵਿੱਚ ਪੈਦਲ ਹੀ ਫੇਰੀ ਲਾ ਕੇ ਘਰੇਲੂ ਵਰਤੋਂ ਦਾ ਸਮਾਨ ਵੇਚਣਾ ਸ਼ੁਰੂ ਕਰ ਦਿੱਤਾ ਸੀ। ਦਰਅਸਲ ਫੇਰੀ ਲਾ ਕੇ ਸਮਾਨ ਵੇਚਣ ਵਿੱਚ ਲਾਗਤ ਘੱਟ ਆਉਂਦੀ ਸੀ ਤੇ ਮੁਨਾਫ਼ੇ ਦੇ ਚਾਰ ਪੈਸੇ ਬਚ ਜਾਂਦੇ ਸਨ। ਜਿਹੜੇ ਪੰਜਾਬੀ ਨੌਜਵਾਨ ਚੰਦ ਰੁਪਏ ਜਮ੍ਹਾ ਕਰ ਲੈਂਦੇ ਸਨ, ਉਹ ਪੈਦਲ ਫੇਰੀ ਲਾਉਣ ਦੀ ਥਾਂ ਕਿਸੇ ਘੋੜੇ ਜਾਂ ਟਾਂਗੇ ਦੀ ਵਰਤੋਂ ਕਰਕੇ ਪਿੰਡੋ-ਪਿੰਡ ਸਮਾਨ ਵੇਚਦੇ ਸਨ। ਬੜੀ ਹੀ ਦਿਲਚਸਪ ਗੱਲ ਹੈ ਕਿ ਵੇਅਰਹਾਊਸ ਭਾਵ ਮਾਲ ਨਾਲ ਭਰੇ ਗੁਦਾਮਾਂ ਦੇ ਮਾਲਕ ਹੋਲਸੇਲ ਵਾਲਿਆਂ ਨੂੰ ਮਾਲ ਉਧਾਰ ਦਿੰਦੇ ਸਨ। ਹੋਲਸੇਲ ਵਾਲੇ ਅੱਗੋਂ ਫੇਰੀ ਵਾਲਿਆਂ ਨੂੰ ਮਾਲ ਉਧਾਰ ਦਿੰਦੇ ਸਨ ਤੇ ਫੇਰੀ ਵਾਲੇ ਅੱਗੋਂ ਗਾਹਕਾਂ ਨੂੰ ਮਾਲ ਉਧਾਰ ਦੇ ਦਿਆ ਕਰਦੇ ਸਨ। ਫਿਰ ਹੌਲੀ-ਹੌਲੀ ਵਸੂਲੀ ਕਰਕੇ ਮਾਲ ਦੀ ਕੀਮਤ ਵਾਪਿਸ ਤੋਰਦੇ ਸਨ।
ਇਹ ਵਪਾਰ ਤੇ ਕਮਾਈ ਦਾ ਸਿਲਸਿਲਾ ਬੜਾ ਵਧੀਆ ਚੱਲ ਰਿਹਾ ਸੀ ਕਿ ਸੰਨ 1890 ਵਿੱਚ ਸਮੇਂ ਦੀ ਸਰਕਾਰ ਨੇ ਹੁਕਮ ਦੇ ਦਿੱਤਾ ਕਿ ਫੇਰੀ ਲਾ ਕੇ ਸਮਾਨ ਵੇਚਣ ਦਾ ਕੰਮ ਕਰਨ ਲਈ ਲਾਇਸੈਂਸ ਸਿਰਫ ਬਰਤਾਨੀਆ ਨਾਲ ਜੁੜੇ ਵਿਅਕਤੀਆਂ ਨੂੰ ਹੀ ਦਿੱਤਾ ਜਾਵੇਗਾ। ਇਹ ਹੁਕਮ ਪੰਜਾਬੀਆਂ ਲਈ ਦੇਸੀ ਘਿਓ ਵਰਗਾ ਸਾਬਿਤ ਹੋਇਆ, ਕਿਉਂਕਿ ਇਸ ਹੁਕਮ ਕਰਕੇ ਬਰਤਾਨੀਆ ਨਾਲ ਜੁੜੇ ਪੰਜਾਬੀ ਸਿੱਖਾਂ ਨੂੰ ਛੱਡ ਕੇ ਬਾਕੀ ਸਭ ਦੇਸ਼ਾਂ ਤੋਂ ਆਸਟਰੇਲੀਆ ਵਿੱਚ ਆਏ ਵਿਅਕਤੀਆਂ ਲਈ ਫੇਰੀ ਲਾ ਕੇ ਸਮਾਨ ਵੇਚਣ ਦਾ ਕੰਮ ਖ਼ਤਮ ਹੋ ਗਿਆ। ਪੰਜਾਬੀਆਂ ਨੇ ਇਸ ਨੀਤੀ ਦਾ ਲਾਹਾ ਖੱਟਦਿਆਂ ਢੇਰ ਕਮਾਈ ਕੀਤੀ ਤੇ ਇਹ ਵਿਵਸਥਾ ਸੰਨ 1930 ਤੱਕ ਚੱਲਦੀ ਰਹੀ। ਇਸ ਅਰਸੇ ਦੌਰਾਨ ਪੰਜਾਬੀਆਂ ਨੇ ਢੇਰ ਸਾਰਾ ਪੈਸਾ ਪੰਜਾਬ ’ਚ ਰਹਿੰਦੇ ਆਪਣੇ ਪਰਿਵਾਰਾਂ ਨੂੰ ਭੇਜਣ ਦੇ ਨਾਲ-ਨਾਲ ਆਸਟਰੇਲੀਆ ਵਿੱਚ ਹੀ ਵੱਡੇ-ਵੱਡੇ ਸਟੋਰ ਵੀ ਖੋਲ੍ਹ ਲਏ ਤੇ ਖੇਤੀ ਲਈ ਜ਼ਮੀਨਾਂ ਵੀ ਖਰੀਦ ਲਈਆਂ। ਇਨ੍ਹਾਂ ਸਫ਼ਲ ਪੰਜਾਬੀ ਵਪਾਰੀਆਂ ਵਿੱਚੋਂ ਬਾਬਾ ਰਾਮ ਸਿੰਘ ਅਤੇ ਉੱਤਮ ਸਿੰਘ ਦਾ ਜ਼ਿਕਰ ਵਿਸ਼ੇਸ਼ ਤੌਰ ’ਤੇ ਕਰਨਾ ਬਣਦਾ ਹੈ, ਜਿਨ੍ਹਾਂ ਨੇ ਸੰਨ 1890 ਦੇ ਆਸ-ਪਾਸ ਫੇਰੀ ਲਾ ਕੇ ਸਮਾਨ ਵੇਚਣ ਤੋਂ ਸ਼ੁਰੂਆਤ ਕਰਕੇ ਸੰਨ 1907 ਵਿੱਚ ‘ਦਿ ਪੀਪਲਜ਼ ਸਟੋਰ’ ਨਾਮਕ ਸ਼ਾਪਿੰਗ ਮਾਲ ਦੀ ਸਥਾਪਨਾ ਕਰਨ ’ਚ ਸਫ਼ਲਤਾ ਹਾਸਿਲ ਕੀਤੀ ਸੀ।
ਇੱਥੇ ਹੀ ਬਸ ਨਹੀਂ! ਬਾਬਾ ਰਾਮ ਸਿੰਘ ਤਾਂ 106 ਸਾਲ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ ਸਨ, ਪਰ ਆਪਣੇ ਜਾਣ ਤੋਂ ਪਹਿਲਾਂ ਉਹ ਸੰਨ 1920 ਦੇ ਆਸ-ਪਾਸ ਸਭ ਤੋਂ ਪਹਿਲਾਂ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਨੂੰ ਆਸਟਰੇਲੀਆ ਵਿੱਚ ਲਿਆਉਣ ਦਾ ਮਹਾਂਕਾਜ ਨੇਪਰੇ ਚਾੜ੍ਹ ਗਏ ਸਨ। ਸਰਦਾਰ ਉੱਤਮ ਸਿੰਘ ਵੀ ਉਨ੍ਹਾਂ ਵੇਲਿਆਂ ਵਿੱਚ ਆਪਣੀ ਅਣਥੱਕ ਮਿਹਨਤ ਸਦਕਾ ਦਸ ਹਜ਼ਾਰ ਪੌਂਡ ਤੋਂ ਵੀ ਵੱਧ ਦੀ ਰਾਸ਼ੀ ਜਮ੍ਹਾ ਕਰਨ ਵਿੱਚ ਕਾਮਯਾਬ ਰਹੇ ਸਨ। ਇਨ੍ਹਾਂ ਦੋਵਾਂ ਪੰਜਾਬੀਆਂ ਦੇ ਪਰਿਵਾਰ ਪਿੱਛੇ ਭਾਰਤ ਵਿੱਚ ਸਨ, ਇਸ ਲਈ ਇਹ ਅਕਸਰ ਭਾਰਤ ਆਉਂਦੇ-ਜਾਂਦੇ ਰਹਿੰਦੇ ਸਨ। ਆਸਟਰੇਲੀਆ ਆ ਕੇ ਵੱਸਣ ਵਾਲੇ ਸ਼ੁਰੂਆਤੀ ਪੰਜਾਬੀਆਂ ਵਿੱਚੋਂ ਜੇਕਰ ਚੰਦ ਕੁ ਦਾ ਜ਼ਿਕਰ ਕਰਨਾ ਹੋਵੇ ਤਾਂ ਸੰਨ 1885 ਵਿੱਚ ਇੱਥੇ ਪੁੱਜੇ ਜਲੰਧਰ ਜ਼ਿਲੇ ਦੇ ਸੁਰਜਨ ਸਿੰਘ ਤੇ ਮਹਾਂ ਸਿੰਘ ਗਰੇਵਾਲ; ਸੰਨ 1893 ਵਿੱਚ ਆਏ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਭਲੋਜਲਾ ਦੇ ਪ੍ਰੇਮ ਸਿੰਘ ਪੂਨੀ; ਸੰਨ 1890 ਵਿੱਚ ਆਏ ਨਵਾਂ ਸ਼ਹਿਰ ਨੇੜਲੇ ਪਿੰਡ ਮਾਹਿਲਪੁਰ ਅਰਕਾਂ ਦੇ ਊਧਮ ਸਿੰਘ ਅਤੇ ਸੰਨ 1897 ਵਿੱਚ ਇੱਥੇ ਪੁੱਜੇ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਲੱਲੀਆਂ ਦੇ ਵਸਨੀਕ ਜਵਾਲਾ ਸਿੰਘ ਲੱਲੀ ਦਾ ਜ਼ਿਕਰ ਵਿਸ਼ੇਸ਼ ਤੌਰ ’ਤੇ ਕਰਨਾ ਬਣਦਾ ਹੈ।
ਸੰਨ 1901 ਤੋਂ ਬਾਅਦ ਅਤੇ ਸੰਨ 1973 ਤੱਕ ‘ਵਾਈਟ ਆਸਟਰੇਲੀਆ ਪਾਲਿਸੀ’ ਤਹਿਤ ਗ਼ੈਰ-ਗੋਰੇ ਲੋਕਾਂ ਦਾ ਆਸਟਰੇਲੀਆ ਵਿੱਚ ਦਾਖ਼ਲਾ ਬੰਦ ਕਰ ਦਿੱਤਾ ਗਿਆ ਸੀ, ਜਿਸ ਕਰਕੇ ਪੰਜਾਬੀਆਂ ਦਾ ਇੱਥੇ ਆਉਣਾ ਮੁਸ਼ਕਿਲ ਹੋਣ ਲੱਗ ਪਿਆ ਸੀ। ਪੰਜਾਬੀ ਵਿਦਿਆਰਥੀਆਂ ਅਤੇ ਵਪਾਰੀਆਂ ਨੂੰ ਕੁਝ ਇੱਕ ਪਾਬੰਦੀਆਂ ਤਹਿਤ ਥੋੜ੍ਹੇ ਸਮੇਂ ਲਈ ਇੱਥੇ ਆਉਣ ਦੀ ਆਗਿਆ ਸੀ, ਪਰ ਇੱਥੇ ਪਹਿਲਾਂ ਤੋਂ ਵੱਸ ਰਹੇ ਪੰਜਾਬੀਆਂ ਦਾ ਪੰਜਾਬ ਪਰਤਣਾ ਮੁਸ਼ਕਿਲ ਹੋ ਗਿਆ ਸੀ, ਕਿਉਂਕਿ ਆਸਟਰੇਲੀਆ ਤੋਂ ਪੰਜਾਬ ਆ ਕੇ ਵਾਪਿਸ ਆਸਟਰੇਲੀਆ ਜਾਣ ਦੀ ਆਗਿਆ ਨਾ ਮਿਲਣ ਦਾ ਖ਼ਤਰਾ ਸੀ। ਸਿੱਟਾ ਇਹ ਨਿਕਲਿਆ ਕਿ ਸੰਨ 1901 ਦੇ ਆਸ-ਪਾਸ ਆਸਟਰੇਲੀਆ ਵਿੱਚ ਪੰਜਾਬੀਆਂ ਦੀ ਜਿਹੜੀ ਆਬਾਦੀ ਸੱਤ ਹਜ਼ਾਰ ਦੇ ਕਰੀਬ ਸੀ, ਉਹ ਸੰਨ 1911 ਵਿੱਚ ਘਟ ਕੇ 3698 ਤੇ ਸੰਨ 1921 ਵਿੱਚ 2200 ਦੇ ਕਰੀਬ ਰਹਿ ਗਈ ਸੀ।
ਇਸੇ ਦੌਰਾਨ ਪਹਿਲੇ ਵਿਸ਼ਵ ਯੁੱਧ ਦੌਰਾਨ ਸਿੱਖ ਸੈਨਿਕਾਂ ਵੱਲੋਂ ਵਿਖਾਈ ਸੂਰਮਗਤੀ ਤੋਂ ਬਰਤਾਨਵੀ ਹਾਕਮ ਬੜੇ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਬਰਤਾਨਵੀ ਫ਼ੌਜ ਵਿੱਚ ਸਿੱਖਾਂ ਦੀ ਵਿਸ਼ੇਸ਼ ਭਰਤੀ ਕਰਨ ਦੇ ਨਾਲ-ਨਾਲ ‘ਸਿੱਖ ਰੈਜੀਮੈਂਟ’ ਵੀ ਖੜ੍ਹੀ ਕਰ ਦਿੱਤੀ ਤੇ ਫਿਰ ਆਪਣੇ ਸਾਮਰਾਜ ਅਧੀਨ ਆਉਂਦੇ ਮੁਲਕਾਂ ਵਿੱਚ ਸੈੱਟ ਹੋਣ ਦੇ ਮੌਕੇ ਵੀ ਪ੍ਰਦਾਨ ਕੀਤੇ। ਸੰਨ 1925 ਤੋਂ 1929 ਦੇ ਅਰਸੇ ਦੌਰਾਨ ਦੂਜੇ ਏਸ਼ੀਆਈ ਲੋਕਾਂ ਦੇ ਮੁਕਾਬਲਤਨ ਆਸਟਰੇਲੀਆ ਵਿੱਚ ਪੰਜਾਬੀਆਂ ਨੂੰ ਵੱਧ ਸਹੂਲਤਾਂ ਤੇ ਹੱਕ ਪ੍ਰਦਾਨ ਕਰ ਦਿੱਤੇ ਗਏ ਸਨ, ਜਿਨ੍ਹਾਂ ਵਿੱਚ ਜ਼ਮੀਨ-ਜਾਇਦਾਦ ਖ਼ਰੀਦਣ ਅਤੇ ਵੋਟ ਪਾਉਣ ਜਿਹੇ ਮਹੱਤਵਪੂਰਨ ਹੱਕ ਵੀ ਸ਼ਾਮਿਲ ਸਨ।
ਸੰਨ 1930 ਤੋਂ ਬਾਅਦ ਪੰਜਾਬੀਆਂ ਨੇ ਆਸਟਰੇਲੀਆ ਵਿੱਚ ਖੇਤੀਬਾੜੀ, ਉਦਯੋਗਾਂ ਅਤੇ ਰੇਲਵੇ ਨਿਰਮਾਣ ਦੇ ਕਾਰਜਾਂ ਵਿੱਚ ਸਰਗਰਮ ਭੂਮਿਕਾ ਅਦਾ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ ਫਿਰ ਉਹ ਆਸਟਰੇਲੀਆ ਵਿੱਚ ਮਹੱਤਵਪੂਰਨ ਸਮਝੇ ਜਾਂਦੇ ‘ਕੇਲੇ ਦੇ ਵਪਾਰ’ ਵਿੱਚ ਸ਼ਾਮਿਲ ਹੋ ਗਏ। ਸੰਨ 1960 ਤੱਕ ਆਉਂਦਿਆਂ-ਆਉਂਦਿਆਂ ਪੰਜਾਬੀਆਂ ਨੇ ਕੇਲੇ ਦੇ ਆਪਣੇ ਫ਼ਾਰਮ ਸਥਾਪਿਤ ਕਰ ਲਏ ਸਨ, ਪਰ ਇਸ ਦੌਰਾਨ ਸੰਨ 1947 ਵਿੱਚ ਹੋਈ ਭਾਰਤ-ਪਾਕਿ ਵੰਡ ਕਰਕੇ ਕੁਝ ਇੱਕ ਪੰਜਾਬੀਆਂ ਨੂੰ ਆਪਣੇ ਪਰਿਵਾਰਾਂ ਦੀ ਫ਼ਿਕਰਮੰਦੀ ਵਿੱਚ ਭਾਰਤ ਪਰਤਣਾ ਪਿਆ ਸੀ ਤੇ ਆਪਣੇ ਪਰਿਵਾਰਾਂ ਤੇ ਘਰਾਂ ਦੀ ਤਬਾਹੀ ਦੇ ਸਿਆਹ ਮੰਜ਼ਰ ਵੇਖਣੇ ਪਏ ਸਨ। ਜ਼ਿਕਰਯੋਗ ਹੈ ਕਿ ਪੰਜਾਬੀਆਂ ਨੇ ਸੰਨ 1968 ਵਿੱਚ ਆਸਟਰੇਲੀਆ ਦੀ ਕੇਲਾ ਸਨਅਤ ਦੇ ਮੁੱਖ ਸ਼ਹਿਰ ‘ਵੂਲਗੂਲਗਾ’ ਵਿਖੇ ਪਹਿਲੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਕੇ ਇਸ ਵਿਦੇਸ਼ੀ ਧਰਤੀ ’ਤੇ ਖ਼ਾਲਸਾਈ ਪਰਚਮ ਲਹਿਰਾ ਦਿੱਤਾ ਸੀ।
ਸੰਨ 2000 ਦੀ ਜੇ ਗੱਲ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਆਸਟਰੇਲੀਆ ਦਾ ਮੈਲਬੌਰਨ ਖੇਤਰ ਪੰਜਾਬੀਆਂ ਤੇ ਖ਼ਾਸ ਕਰਕੇ ਸਿੱਖ ਵੱਸੋਂ ਦਾ ਗੜ੍ਹ ਬਣਨਾ ਸ਼ੁਰੂ ਹੋ ਗਿਆ ਸੀ। ਇੱਥੇ ਸਟੱਡੀ ਵੀਜ਼ਾ ‘ਤੇ ਆਉਣ ਵਾਲੇ ਪੰਜਾਬੀਆਂ ਦੀ ਵੱਡੀ ਤਾਦਾਦ ਮੌਜੂਦ ਹੈ। ਸਾਲ 2006 ਦੀ ਜਨਗਣਨਾ ਅਨੁਸਾਰ ਆਸਟਰੇਲੀਆ ਵਿੱਚ ਪੰਜਾਬੀਆਂ ਦੀ ਸੰਖਿਆ 26 ਹਜ਼ਾਰ, ਸੰਨ 2011 ਵਿੱਚ 71 ਹਜ਼ਾਰ ਅਤੇ ਸੰਨ 2016 ਵਿੱਚ 1,32,499 ਸੀ। ਸੰਨ 2016 ਵਿੱਚ ਪੰਜਾਬੀਆਂ ਦੀ ਸਭ ਤੋਂ ਵੱਧ ਵੱਸੋਂ ਵਿਕਟੋਰੀਆ ਇਲਾਕੇ ਵਿੱਚ ਸੀ, ਜੋ ਕਿ 56,171 ਸੀ। ਪੰਜਾਬੀਆਂ ਦੀ ਸਭ ਤੋਂ ਘੱਟ ਆਬਾਦੀ ਤਸਮਾਨੀਆ ਵਿੱਚ ਸੀ, ਜੋ ਸਿਰਫ 489 ਸੀ। ਉਸ ਵੇਲੇ ਪੰਜਾਬੀਆਂ ਦੀ ਆਸਟਰੇਲੀਆ ਦੀ ਕੁੱਲ ਆਬਾਦੀ ਵਿੱਚੋਂ 55.6 ਫ਼ੀਸਦੀ ਪੁਰਸ਼ ਅਤੇ 44.4 ਫ਼ੀਸਦੀ ਔਰਤਾਂ ਸਨ ਅਤੇ ਪੰਜਾਬੀਆਂ ਦੀ ਔਸਤਨ ਹਫ਼ਤਾਵਾਰੀ ਆਮਦਨੀ 800 ਤੋਂ 1000 ਡਾਲਰ ਦੇ ਕਰੀਬ ਸੀ। ਪੰਜਾਬੀਆਂ ਦੀ ਕੁੱਲ ਆਬਾਦੀ ਵਿੱਚੋਂ 83 ਫ਼ੀਸਦੀ ਦੇ ਕਰੀਬ ਸਿੱਖ ਸਨ। ਸੰਨ 2021 ਵਿੱਚ ਸਿੱਖਾਂ ਦੀ ਆਬਾਦੀ 2,10,400 ਹੋ ਗਈ ਸੀ, ਜੋ ਕਿ ਆਸਟਰੇਲੀਆ ਦੀ ਕੁੱਲ ਆਬਾਦੀ ਦਾ 0.80 ਫ਼ੀਸਦੀ ਬਣਦੀ ਸੀ ਤੇ ਇੱਥੇ ਸਿੱਖੀ ਪੰਜਵਾਂ ਸਭ ਤੋਂ ਤੇਜ਼ੀ ਨਾਲ ਵਧਦਾ ਧਰਮ ਸੀ। ਸੰਨ 2021 ਵਿੱਚ ਵਿਕਟੋਰੀਆ ਇਲਾਕੇ ਵਿੱਚ ਸਿੱਖਾਂ ਦੀ ਆਬਾਦੀ 91,745 ਸੀ, ਜੋ ਵਿਕਟੋਰੀਆ ਦੀ ਕੁੱਲ ਆਬਾਦੀ ਦਾ 1.41 ਫ਼ੀਸਦੀ ਸੀ।
ਆਸਟਰੇਲੀਆ ਵਿੱਚ ਪੰਜਾਬੀਆਂ ਦੀ ਰਿਹਾਇਸ਼ ਨਾਲ ਜੁੜੇ ਕੁਝ ਹੋਰ ਅਤਿ ਮਹੱਤਵਪੂਰਨ ਤੱਥਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਸੰਨ 1988 ਵਿੱਚ ਇੱਥੇ ‘ਸਿੱਖ ਗੇਮਜ਼’ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਹੁਣ ਇਨ੍ਹਾਂ ਖੇਡਾਂ ਵਿੱਚ ਹਾਕੀ, ਕਬੱਡੀ, ਨੈੱਟਬਾਲ, ਫੁੱਟਬਾਲ, ਕ੍ਰਿਕਟ ਅਤੇ ਰੱਸਾਕਸ਼ੀ ਆਦਿ ਖੇਡਾਂ ਵੀ ਸ਼ਾਮਿਲ ਹਨ। ਇੱਥੇ ਜੇਕਰ ਮਹਾਨ ਸ਼ਖ਼ਸੀਅਤ ਸਰਦਾਰ ਮਨਮੋਹਨ ਸਿੰਘ ਦੀ ਗੱਲ ਨਾ ਕੀਤੀ ਜਾਵੇ ਤਾਂ ਬੜੀ ਹੀ ਨਾਇਨਸਾਫ਼ੀ ਹੋਵੇਗੀ। ਸਰਦਾਰ ਮਨਮੋਹਨ ਸਿੰਘ ਦਰਅਸਲ ਭਾਰਤੀ ਹਵਾਈ ਫ਼ੌਜ ਦੇ ਬੜੇ ਹੀ ਬਹਾਦਰ ਤੇ ਜਾਂਬਾਜ਼ ਪਾਇਲਟ ਅਫ਼ਸਰ ਸਨ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਸਵੈ-ਇੱਛਾ ਨਾਲ ਉਨ੍ਹਾਂ ਨੇ ‘ਰਾਇਲ ਏਅਰ ਫ਼ੋਰਸ’ ਦੀ ‘ਕੋਸਟਲ ਕਮਾਂਡ’ ਵਿੱਚ ਸ਼ਮੂਲੀਅਤ ਕੀਤੀ ਸੀ ਤੇ ‘ਅਟਲਾਂਟਿਕ ਯੁੱਧ’ ਦੌਰਾਨ ਕਮਾਨ ਵੀ ਸੰਭਾਲੀ ਸੀ।
ਫਿਰ ਸੰਨ 1942 ਵਿੱਚ ਉਹ ‘ਬ੍ਰਿਟਿਸ਼ ਏਅਰ ਫੋਰਸ’ ਵਿੱਚ ਆ ਗਏ ਸਨ ਤੇ ਪੱਛਮੀ ਆਸਟਰੇਲੀਆ ਦੇ ਬਰੂਮ ਇਲਾਕੇ ਵਿੱਚ ਪੁੱਜੇ ਸਨ, ਜਿੱਥੇ ਜਾਪਾਨੀ ਫ਼ੌਜ ਦੁਆਰਾ ਕੀਤੇ ਜ਼ਬਰਦਸਤ ਹਮਲੇ ਵਿੱਚ ਉਨ੍ਹਾਂ ਦੀ ਸਾਰੀ ਯੂਨਿਟ ਤਬਾਹ ਹੋ ਗਈ ਸੀ, ਪਰ ਸਰਦਾਰ ਮਨਮੋਹਨ ਸਿੰਘ ਬੜੀ ਬਹਾਦਰੀ ਨਾਲ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਏ ਇਕੱਲੇ ਹੀ ਜ਼ਿੰਦਾ ਬਚੇ ਸਨ। ਉਨ੍ਹਾਂ ਦਾ ਨਾਂ ‘ਡਾਰਵਿਨ ਮਿਲਟਰੀ ਮਿਊਜ਼ੀਅਮ ਮੈਮੋਰੀਅਲ ਵਾੱਲ’ ਉਤੇ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ ਤੇ ਸਿੰਗਾਪੁਰ ਵਿਖੇ ਵੀ ਉਨ੍ਹਾਂ ਦੀ ਇੱਕ ਯਾਦਗਾਰ ਦੇ ਦੀਦਾਰੇ ਕੀਤੇ ਜਾ ਸਕਦੇ ਹਨ। ਸਮੂਹ ਪੰਜਾਬੀਆਂ ਨੂੰ ਉਨ੍ਹਾਂ ’ਤੇ ਬਹੁਤ ਫ਼ਖ਼ਰ ਹੈ।