ਪੰਜਾਬ ਦੀਆਂ ਸੜਕਾਂ ਤੋਂ 13 ਵਰ੍ਹੇ ਗਾਇਬ ਰਿਹਾ ਬੁਲੇਟ ਮੋਟਰਸਾਇਕਲ

Uncategorized

ਗੁਰਪ੍ਰੀਤ ਸਿੰਘ ਮੰਡਿਆਣੀ
ਪੰਜਾਬ ਦੇ ਪਿੰਡਾਂ ’ਚ ਜਦ ਕੋਈ ਮੁੰਡਾ ਮੋਟਰਸਾਇਕਲ ਚਲਾਉਣ ਜੋਗਾ ਹੋ ਜਾਂਦਾ ਤਾਂ ਉਹਦੀ ਪਹਿਲੀ ਤਮੰਨਾ ਮੋਟਰਸਾਇਕਲ ਲੈਣ ਦੀ ਹੁੰਦੀ। ਜੇ ਬਾਪੂ ਮਹਿੰਗੇ ਮੋਟਰਸਾਇਕਲ ਦੀ ਫਰਮਾਇਸ਼ ਪੂਰੀ ਕਰਨ ਜੋਗਾ ਹੋਵੇ ਤਾਂ ਬੁਲੇਟ ਹੀ ਮੰਗਿਆ ਜਾਂਦਾ। ਜੇ ਬੁਲੇਟ ਮਿਲ ਜਾਵੇ ਤਾਂ ਇਸ ’ਤੇ ਬੈਠੇ ਦੀ ਫੋਟੋ ਮੁੰਡੇ ਆਪਣੀ ਫੇਸਬੁੱਕ ’ਤੇ ਪਾਉਂਦੇ। ਨਾਲ ਦੀ ਨਾਲ ਵਧਾਈਆਂ ਅਤੇ ਪਾਰਟੀ ਮੰਗਣ ਵਾਲੇ ਕੁਮੈਂਟ ਧੜਾ-ਧੜ ਪੋਸਟ ਹੋ ਜਾਂਦੇ।

ਇੱਕ ਵਾਰ ਫੇਸਬੁੱਕ `ਤੇ ਇੱਕ ਫੋਟੋ ਦੇਖਣ ਨੂੰ ਮਿਲੀ, ਜੀਹਦੇ `ਚ ਇੱਕ ਮੁੱਛ-ਫੁੱਟ ਗੱਭਰੂ ਨਵੇਂ ਖਰੀਦੇ ਬੁਲੇਟ ਮੋਟਰਸਾਇਕਲ `ਤੇ ਬੈਠਾ ਨਜ਼ਰ ਆ ਰਿਹਾ ਸੀ ਤੇ ਨਾਲ ਹੀ ਓਹਦਾ ਬਾਪੂ ਖੜ੍ਹਾ ਸੀ। ਫੋਟੋ ਨਾਲ ਲਿਖਿਆ ਸੀ, “ਦਾਦੇ-ਪੜਦਾਦੇ ਦੀ ਕਮਾਈ ਵਿੱਚੋਂ ਪਿਉ ਵੱਲੋਂ ਪੁੱਤ ਨੂੰ ਦਿੱਤਾ ਗਿਆ ਤੋਹਫ਼ਾ…੍ਰੋੇਅਲ ਓਨਾਇਲਦ” ਫੋਟੋ ਮਲੇਰਕੋਟਲ਼ਾ ਜ਼ਿਲ੍ਹੇ ਦੇ ਇੱਕ ਕਿਸਾਨ ਨੇ ਆਪਣੀ ਫੇਸਬੁੱਕ `ਤੇ ਚਾੜ੍ਹੀ ਸੀ। ਫੋਟੋ ਦੇਖਣ ਸਾਰ ਹੀ ਮੈਨੂੰ ਆਪਣੇ ਵੇਲੇ ਦੇ ਬੁਲੇਟਾਂ ਦਾ ਖਿਆਲ ਆਇਆ। ਉਦੋਂ ਬੁਲੇਟ ਟਾਵੇਂ-ਟੱਲਿਆਂ ਕੋਲ ਹੁੰਦੇ ਸਨ, ਪਰ 1972 ਵਿੱਚ ਪੰਜਾਬ ’ਚ ਹੋਏ ਝੋਨੇ ਦੀ ਆਮਦ ਨਾਲ ਬੁਲੇਟ ਕਾਫ਼ੀ ਗਿਣਤੀ ਵਿੱਚ ਖਰੀਦੇ ਜਾਣ ਲੱਗੇ। ਬੁਲੇਟ ਮੋਟਰਸਾਇਕਲ ਬਣਾਉਣ ਵਾਲੀ ਕੰਪਨੀ ਰੌਇਲ ਐਨਫੀਲਡ ਸੀ, ਬੁਲੇਟ ਤਾਂ ਮੋਟਰਸਾਇਕਲ ਦੇ ਮਾਡਲ ਦਾ ਨਾਂ ਸੀ। ਜਿਵੇਂ ਮਾਰੂਤੀ-ਸਜ਼ੂਕੀ ਕੰਪਨੀ ਦੇ ਜ਼ੈਨ, ਜਿਪਸੀ, ਆਲਟੋ ਅਤੇ ਸਵਿਫਟ ਮਾਡਲਾਂ ਦੇ ਨਾਂ ਹਨ।
1970 ਵੇਲੇ ਇੰਡੀਆ ’ਚ ਰੌਇਲ ਐਨਫੀਲਡ ਕੰਪਨੀ ਦਾ ਨਾਂ ਇਨਫੀਲਡ ਇੰਡੀਆ ਹੋ ਗਿਆ ਤਾਂ ਬੁਲੇਟ ਨੂੰ ਇਨਫੀਲਡ ਵੀ ਕਿਹਾ ਜਾਣ ਲੱਗਿਆ। ਹੁਣ ਕੁਝ ਸਾਲਾਂ ਤੋਂ ਇਹ ਕੰਪਨੀ ਫਿਰ ਰੌਇਲ ਐਨਫੀਲਡ ਦੇ ਨਾਂ ’ਤੇ ਇੰਡੀਆ ’ਚ ਕੰਮ ਕਰਨ ਲੱਗੀ ਹੈ। ਉਨ੍ਹਾਂ ਵੇਲਿਆਂ ਵਿੱਚ ਇਹ ਰਾਜਦੂਤ ਮੋਟਰਸਾਇਕਲ ਹੁੰਦਾ ਸੀ ਤੇ ਦੂਜਾ ਜਾਵਾ (ਜੈਜ਼ਦੀ)- ਇਹ ਦੋਵੇਂ ਬੁਲੇਟ ਤੋਂ ਸਸਤੇ ਵੀ ਸਨ ਤੇ ਛੋਟੇ ਵੀ। ਦੁੱਗ-ਦੁੱਗ ਕਰਦੇ ਬੁਲੇਟ ਦੀ ਵੱਧ ਟੌਹਰ ਸੀ, ਦੂਜੇ ਮੋਟਰਸਾਇਕਲ ਪਿਟਰ-ਪਿਟਰ ਕਰਦੇ ਸਨ। ਰਾਹ-ਖਹਿੜੇ ਕੱਚੇ ਹੋਣ ਕਰਕੇ ਸਕੂਟਰਾਂ ਦਾ ਬੋਲਬਾਲਾ ਘੱਟ ਸੀ। ਸਕੂਟਰ ਜ਼ਿਆਦਾਤਰ 1980 ਤੋਂ ਆਉਣੇ ਸ਼ੁਰੂ ਹੋਏ। ਬਜਾਜ ਕੰਪਨੀ ਦਾ ਚੇਤਕ ਸਕੂਟਰ ਉਦੋਂ ਡਾਲਰਾਂ ਵਿੱਚ ਮਿਲਦਾ ਸੀ। ਡਾਲਰ ਜਮ੍ਹਾਂ ਕਰਾ ਕੇ ਬੁੱਕ ਕਰਾਉਣਾ ਪੈਂਦਾ ਸੀ ਤੇ ਫਿਰ 5-7 ਸਾਲ ਬਾਅਦ ਇਹਦਾ ਨੰਬਰ ਆਉਂਦਾ ਸੀ।
1982 ’ਚ ਕੰਟਰੋਲ ਰੇਟ ’ਚ ਚੇਤਕ ਦਾ ਮੁੱਲ 8200 ਰੁਪਏ ਸੀ। ਜੇ ਜਦੇ ਲੈਣਾ ਹੋਵੇ ਤਾਂ ਬਲੈਕ ’ਚ ਇਹ 16 ਹਜ਼ਾਰ ਦਾ ਮਿਲਦਾ ਸੀ। ਸਾਰੇ ਪੰਜਾਬ ’ਚ ਇੱਕੋ ਇੱਕ ਸਕੂਟਰਾਂ ਦੀ ਹੱਟੀ ਜਲੰਧਰ ’ਚ ਪੀ.ਐਸ. ਜੈਨ ਵਾਲਿਆਂ ਦੀ ਸੀ। ਹਾਂ! ਗੱਲ ਬੁਲੇਟ ਦੀ ਕਰੀਏ ਤਾਂ ਅੱਜ-ਕੱਲ੍ਹ ਸ਼ਾਇਦ ਹੀ ਕਿਸੇ ਮੁੰਡੇ ਨੂੰ ਇਹ ਪਤਾ ਹੋਣਾ ਹੈ ਕਿ ਬੁਲੇਟ ਮੋਟਰਸਾਇਕਲ ਲਗਭਗ 13-14 ਵਰ੍ਹੇ ਪੰਜਾਬ ਦੀਆਂ ਸੜਕਾਂ ਤੋਂ ਗਾਇਬ ਰਿਹਾ ਸੀ। 1981 ’ਚ ਸ਼ੁਰੂ ਹੋਏ ਖਾੜਕੂਵਾਦ ਦੇ ਦੌਰ ’ਚ ਖਾੜਕੂਆਂ ਨੇ ਬੁਲੇਟ ਮੋਟਰਸਾਇਕਲ ਦੀ ਖ਼ੂਬ ਵਰਤੋਂ ਕੀਤੀ। ਜਾਣਕਾਰੀ ਅਨੁਸਾਰ 9 ਸਤੰਬਰ 1981 ਨੂੰ ਲੁਧਿਆਣਾ ਨੇੜੇ ਅਖ਼ਬਾਰ ‘ਜੱਗ ਬਾਣੀ’ ਦੇ ਮਾਲਕ ਲਾਲਾ ਜਗਤ ਨਰਾਇਣ ਦੇ ਹੋਏ ਕਤਲ ਵਿੱਚ ਖਾੜਕੂਆਂ ਨੇ ਬੁਲੇਟ ਮੋਟਰਸਾਇਕਲ ਦਾ ਪਹਿਲੀ ਵਾਰ ਇਸਤੇਮਾਲ ਕੀਤਾ। ਉਸ ਤੋਂ ਬਾਅਦ ਹੋਏ ਬਹੁਤ ਸਾਰੇ ਗੋਲੀ ਕਾਂਡਾਂ ਵਿੱਚ ਵੀ ਬੁਲੇਟ ਦੀ ਹੀ ਵਰਤੋਂ ਕੀਤੀ ਗਈ। ਉਦੋਂ ਪੰਜਾਬ ’ਚ ਦਰਬਾਰਾ ਸਿੰਘ ਦੀ ਸਰਕਾਰ ਹੁੰਦੀ ਸੀ।
ਪੰਜਾਬ ਸਰਕਾਰ ਨੇ ਬੁਲੇਟਾਂ ’ਤੇ ਚੜ੍ਹਦੇ ਖਾੜਕੂਆਂ ਦਾ ਪਿੱਛਾ ਕਰਨ ਲਈ ਪੰਜਾਬ ਪੁਲਿਸ ਨੂੰ ਨਵੇਂ ਬੁਲੇਟ ਮੋਟਰਸਾਇਕਲ ਖਰੀਦ ਕੇ ਦਿੱਤੇ। ਜਦੋਂ ਬੁਲੇਟ ਮੋਟਰਸਾਇਕਲਾਂ ਵਾਲੇ ਖਾੜਕੂ ਫਿਰ ਵੀ ਕਾਬੂ ਨਾ ਆਏ ਤਾਂ ਸਰਕਾਰ ਨੇ ਬਾਵਰਦੀ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਬਾਕੀ ਸਭ ਵਾਸਤੇ ਸਾਢੇ ਤਿੰਨ ਹਾਰਸ ਪਾਵਰ ਵਾਲੇ ਮੋਟਰਸਾਇਕਲ ਚਲਾਉਣ ’ਤੇ ਪਾਬੰਦੀ ਲਾ ਦਿੱਤੀ। ਸਾਢੇ ਤਿੰਨ ਹਾਰਸ ਪਾਵਰ ਵਾਲੀ ਜੱਦ ਵਿੱਚ ਬੁਲੇਟ ਮੋਟਰਸਾਇਕਲ ਹੀ ਆਉਂਦਾ ਸੀ। ਜਦਕਿ ਦੂਜੇ ਮੋਟਰਸਾਇਕਲ ਇਸ ਤੋਂ ਛੋਟੀ ਪਾਵਰ ਦੇ ਸਨ। ਇਹ ਸੋਚ ਕੇ ਕਿ ਖਾੜਕੂ ਪੁਲਿਸ ਵਰਦੀਆਂ ਵਿੱਚ ਬੁਲੇਟ ਦੀ ਵਰਤੋਂ ਕਰ ਸਕਦੇ ਨੇ, ਸਰਕਾਰ ਨੇ ਪੁਲਿਸ ਦੇ ਮੋਟਰਸਾਇਕਲਾਂ ਨੂੰ ਪੀਲਾ ਰੰਗ ਕਰਾ ਦਿੱਤਾ। ਪ੍ਰਾਈਵੇਟ ਬੰਦਿਆਂ ਦੇ ਮੋਟਰਸਾਇਕਲਾਂ ਨੂੰ ਪੀਲੇ ਰੰਗ ਕਰਾਉਣ ’ਤੇ ਰੋਕ ਲਾ ਦਿੱਤੀ। ਠਾਣਿਆਂ ਵਾਲੇ ਪੀਲੇ ਮੋਟਰਸਾਇਕਲ ਸਿਰਫ਼ ਵਰਦੀ ਧਾਰੀ ਪੁਲਿਸ ਮੁਲਾਜ਼ਮ ਹੀ ਚਲਾ ਸਕਦੇ ਸਨ।
ਏਨੀਆਂ ਪਾਬੰਦੀਆਂ ਤੋਂ ਬਾਅਦ ਖਾੜਕੂ ਸਕੂਟਰਾਂ ਦੀ ਵਰਤੋਂ ਕਰਨ ਲੱਗੇ। ਸਰਕਾਰ ਨੇ ਫਿਰ ਰਾਤ ਨੂੰ ਸਕੂਟਰ ਚਲਾਉਣ ’ਤੇ ਵੀ ਪਾਬੰਦੀ ਲਾਉਣੀ ਸ਼ੁਰੂ ਕਰ ਦਿੱਤੀ। ਇੱਕ ਵੇਲਾ ਇਹ ਵੀ ਆਇਆ ਕਿ ਸਕੂਟਰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਹੀ ਚੱਲ ਸਕਦੇ ਸਨ। ਇਸ ਸਮੇਂ ਦੌਰਾਨ ਵੀ ਜਦੋਂ ਖਾੜਕੂਆਂ ਦੀਆਂ ਵਾਰਦਾਤਾਂ ਨਾ ਰੁਕੀਆਂ ਤਾਂ ਸਕੂਟਰਾਂ ’ਤੇ ਦੂਹਰੀ ਸਵਾਰੀ ਬੈਠਾਉਣ ’ਤੇ ਵੀ ਪਾਬੰਦੀ ਲੱਗਦੀ ਰਹੀ। ਸਕੂਟਰਾਂ `ਤੇ ਵੀ ਮੁਕੰਮਲ ਪਾਬੰਦੀ ਕਦੇ ਖੁੱਲ੍ਹ ਜਾਣੀ ਤੇ ਕਦੇ ਬੰਦ ਹੋ ਜਾਣੀ ਇੱਕ ਆਮ ਗੱਲ ਸੀ। ਜਦੋਂ ਸਕੂਟਰ ਚੱਲਣ ਦੀ ਵੀ ਮਨਾਹੀ ਹੋ ਜਾਂਦੀ ਤਾਂ ਉਦੋਂ ਲੋਕ ਜ਼ਰੂਰੀ ਕੰਮਕਾਜ ਮੋਪਿਡਾਂ (ਸਕੂਟਰੀਆਂ) ’ਤੇ ਕਰਦੇ ਹੁੰਦੇ ਸਨ। ਉਦੋਂ ਸਕੂਟਰੀਆਂ ਅੱਜ-ਕੱਲ੍ਹ ਵਰਗੀਆਂ ਨਹੀਂ ਸਨ ਹੁੰਦੀਆਂ ਬਲਕਿ ਸਾਇਕਲਾਂ ਵਰਗੀਆਂ ਹੀ ਹੁੰਦੀਆਂ ਸਨ। ਇਨ੍ਹਾਂ ਵਿੱਚ ਪੈਡਲ ਮਾਰ ਕੇ ਸਟਾਰਟ ਹੋਣ ਵਾਲੀਆਂ ਟੀ.ਵੀ.ਐਸ., ਲੂਨਾ ਤੇ ਕਿੱਕ ਨਾਲ ਸਟਾਰਟ ਹੋਣ ਵਾਲੀ ਬਜਾਜ ਐਮ-50 ਵਰਗੀਆਂ ਸਕੂਟਰੀਆਂ ਮਸ਼ਹੂਰ ਹੁੰਦੀਆਂ ਸਨ।
ਇੱਕ ਦੌਰ ਐਸਾ ਵੀ ਆਇਆ ਕਿ ਸਕੂਟਰੀਆਂ ’ਤੇ ਵੀ ਪਾਬੰਦੀ ਲੱਗ ਗਈ। ਜਦੋਂ ਰੇਡਿਓ ’ਤੇ ਇਸ ਪਾਬੰਦੀ ਦਾ ਐਲਾਨ ਸੁਣਿਆ ਤਾਂ ਸਵੇਰੇ ਸਕੂਟਰੀਆਂ ਰਾਹੀਂ ਡਿਊਟੀਆਂ ’ਤੇ ਗਏ ਬੰਦੇ ਸ਼ਾਮ ਨੂੰ ਰਿਕਸ਼ਿਆਂ ਜਾਂ ਟਰਾਲੀਆਂ ਵਿੱਚ ਸਕੂਟਰੀਆਂ ਲੱਦ ਕੇ ਘਰੋ-ਘਰੀ ਪਹੁੰਚੇ। ਬੁਲੇਟ ’ਤੇ ਪਾਬੰਦੀ ਤਾਂ ਇਸ ਦੌਰਾਨ ਕਦੇ ਖੁੱਲ੍ਹੀ ਹੀ ਨਹੀਂ। ਲੋਕਾਂ ਨੇ ਬੁਲੇਟ ਮੋਟਰਸਾਇਕਲ ਬਾਹਰਲੇ ਸੂਬਿਆਂ ਵਿੱਚ ਜਾ ਕੇ ਵੇਚਣੇ ਸ਼ੁਰੂ ਕਰ ਦਿੱਤੇ। ਜੇ ਕਿਸੇ ਨੇ ਨਹੀਂ ਵੀ ਵੇਚਿਆ ਤਾਂ ਉਹਨੇ ਬੁਲੇਟ ਨੂੰ ਨੀਰੇ-ਆਲੇ ਯਾਨਿ ਤੂੜੀ ਵਾਲੇ ਕੋਠੇ ਲਾ ਦਿੱਤਾ। 1994-95 ’ਚ ਮਾਹੌਲ ਸ਼ਾਂਤ ਹੋਣ ਤੋਂ ਬਾਅਦ ਪੰਜਾਬ ’ਚ ਬੁਲੇਟਾਂ ਦੀ ਨਵੀਂ ਖਰੀਦ ਸ਼ੁਰੂ ਹੋਈ। ਉਦੋਂ ਇਹਦੀ ਕੀਮਤ 35 ਹਜ਼ਾਰ ਰੁਪਏ ਸੀ।
ਇੱਕ ਗੱਲ ਹੋਰ ਦੱਸ ਦਿਆਂ ਕਿ ਪਹਿਲਾਂ ਬੁਲੇਟ ਮੋਟਰਸਾਇਕਲ ਦੇ ਗੇਅਰ ਸੱਜੇ ਪੈਰ ਥੱਲੇ ਤੇ ਬਰੇਕ ਖੱਬੇ ਪੈਰ ਥੱਲੇ ਹੁੰਦੇ ਸਨ। ਬਾਕੀ ਸਾਰੇ ਮੋਟਰਸਾਇਕਲਾਂ ਦੇ ਗੇਅਰ ਖੱਬੇ ਤੇ ਬਰੇਕ ਸੱਜੇ ਪਾਸੇ ਹੁੰਦੇ ਸਨ। ਸੰਨ 2010 `ਚ ਬੁਲੇਟ ਕੰਪਨੀ ਨੇ ਵੀ ਗੇਅਰ ਤੇ ਬਰੇਕ ਹੋਰ ਕੰਪਨੀਆਂ ਦੇ ਮੋਟਰਸਾਇਕਲਾਂ ਵਾਂਗ ਹੀ ਕਰ ਦਿੱਤੇ। ਸਾਡੇ ਪਿੰਡ ਮੰਡਿਆਣੀ ਦੀ ਤਖਤੂ ਪੱਤੀ `ਚ ਇੱਕ ਨੌਜੁਆਨ ਕਮਲ ਸਿੰਘ ਜੌਹਲ ਕੋਲ ਦੋਵੇਂ ਕਿਸਮ ਦੇ ਬੁਲੇਟ ਮੋਟਰਸਾਇਕਲ ਹੈਗੇ। ਪਹਿਲਾ ਬੁਲੇਟ ਮੋਟਰਸਾਇਕਲ 1978 ਮਾਡਲ ਹੈ, ਜੋ ਕਿ 1982 ਤੋਂ ਲਗਾਤਾਰ 13 ਸਾਲ ਨੀਰੇ-ਆਲੇ ਖੜ੍ਹਾ ਰਿਹਾ ਤੇ 1995 `ਚ ਬਾਹਰ ਕੱਢਿਆ। 1971-72 `ਚ ਸਾਰੇ ਬਜ਼ੁਰਗ ਮੋਟਰਸਾਇਕਲ ਨੂੰ ਭਿਟ-ਭਿਟੀਆ ਹੀ ਕਹਿੰਦੇ ਹੁੰਦੇ ਸਨ।

Leave a Reply

Your email address will not be published. Required fields are marked *