ਧਰਤ ਸੁਹਾਵੀ: ਦੇਸ ਪੰਜਾਬ

Uncategorized

ਹਨਦੀਪ ਸਿੰਘ ਸੰਧੂ
ਫੋਨ: +91-9501109696
ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਹਜ਼ਾਰਾਂ ਸਾਲਾਂ ਤੋਂ ਮਨੁੱਖ ਦੇ ਚੰਗੇ ਰਹਿਣ-ਸਹਿਣ ਤੇ ਸੱਭਿਅਤਾ ਦੇ ਵਿਕਾਸ ਲਈ ਪੰਜਾਬ ਦੀ ਧਰਤੀ ਲੋਕਾਂ ਦੀ ਪਹਿਲੀ ਪਸੰਦ ਰਹੀ ਹੈ। ਉਦਯੋਗਿਕ ਦੌਰ ਨੇ ਦੁਨੀਆਂ ਨੂੰ ਅਥਾਹ ਸੰਭਾਵਨਾਵਾਂ ਦਿੱਤੀਆਂ। ਇਸੇ ਦੌਰ ਨੇ ਮਨੁੱਖਤਾ ਦੇ ਰਹਿਣ-ਸਹਿਣ ਦੇ ਢੰਗ ‘ਚ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ ਹੈ। ਜਿਨ੍ਹਾਂ ਥਾਂਵਾਂ ‘ਤੇ ਬਿਨਾ ਕਿਸੇ ਖਾਸ ਤਿਆਰੀ ਦੇ ਕਦੇ ਪੰਜ ਮਿੰਟ ਵੀ ਰੁਕਿਆ ਨਹੀਂ ਸੀ ਜਾ ਸਕਦਾ,

ਅੱਜ ਉਨ੍ਹਾਂ ਥਾਂਵਾਂ ‘ਤੇ ਵੱਡੀਆਂ ਵੱਡੀਆਂ ਬਸਤੀਆਂ ਬਣੀਆਂ ਹੋਈਆਂ ਹਨ। ਵਿਗਿਆਨਕ ਖੋਜਾਂ ਦੇ ਨਾਮ ‘ਤੇ ਧਰਤੀ ਦੇ ਦੁਰਲਭ ਤੱਤਾਂ ਦੀ ਖੋਜ ਲਈ ਤਕਰੀਬਨ ਹਰੇਕ ਵੱਡੇ ਤੇ ਤਾਕਤਵਰ ਮੁਲਕ ਦੇ ਅੰਟਾਰਟਿਕਾ ‘ਚ ਆਧਾਰ ਬਣੇ ਹੋਏ ਹਨ। ਮਹਾਂਦੀਪ ਦੇ ਸਭ ਤੋਂ ਨੀਂਵੇਂ ਹਿੱਸੇ ਸਮੁੰਦਰੀ ਤਟ ‘ਤੇ ਤਾਪਮਾਨ ਮਨਫੀ 10 ਡਿਗਰੀ ਤੋਂ ਲੈ ਕੇ ਉੱਚੀਆਂ ਪਹਾੜੀਆਂ ਦੇ ਸਿਖਰਾਂ ਤੱਕ ਮਨਫੀ 60 ਡਿਗਰੀ ਤੱਕ ਚਲਾ ਜਾਂਦਾ ਹੈ। ਇਹ ਤਾਂ ਸੀ ‘ਬਹੁਤ ਠੰਡਾ’ ਅਤੇ ਹੁਣ ਦੂਜੇ ਹਿੱਸੇ ‘ਬਹੁਤ ਗਰਮ’ ਦੀ ਗੱਲ ਕਰਦੇ ਹਾਂ।
ਅਰਬੀ ਆਗੂ ਇਹ ਗੱਲ ਜਾਣ ਚੁੱਕੇ ਹਨ ਕਿ ਹੁਣ ਤੱਕ ਉਨ੍ਹਾਂ ਦੀ ਤਰੱਕੀ ਦਾ ਵੱਡਾ ਸਾਧਨ ਰਹੇ ਕੁਦਰਤੀ ਸਰੋਤ ਬਹੁਤ ਨਹੀਂ ਹਨ। ਇਸ ਕਰਕੇ ਕੱਚੇ ਤੇਲ ਤੋਂ ਹੋਈ ਕਮਾਈ ਦਾ ਵੱਡਾ ਹਿੱਸਾ ਅਰਬ ਨੂੰ ਦੁਨੀਆਂ ਦਾ ਮੁੱਖ ਸੈਰ-ਸਪਾਟਾ ਕੇਂਦਰ ਬਣਾਉਣ ਲਈ ਖਰਚਿਆ ਜਾ ਰਿਹਾ ਹੈ। ਇਸਲਾਮ ਦੀ ਮੁਕੱਦਸ ਧਰਤੀ ਮੱਕਾ, ਸਾਊਦੀ ਅਰਬ ‘ਚ ਹੋਣ ਕਾਰਨ ਉਨ੍ਹਾਂ ਲਈ ਤਾਂ ਹੱਜ ਹੀ ਆਮਦਨ ਦਾ ਵੱਡਾ ਜ਼ਰੀਆ ਹੈ, ਪਰ ਇਸ ਇਸਲਾਮਿਕ ਅਮੀਰਾਤ ਦੇ ਬਾਕੀ ਮੁਲਕ ਜੇ ਇਸ ਸਦੀ ਦਾ ਅੰਤ ਦੇਖਣਾ ਚਾਹੁੰਦੇ ਹਨ ਤਾਂ ਕੁਝ ਇਨਕਲਾਬੀ ਤਬਦੀਲੀਆਂ ਲੈ ਕੇ ਆਉਣੀਆਂ ਪੈਣਗੀਆਂ, ਜੋ ਆ ਵੀ ਰਹੀਆਂ ਹਨ। ਦਾਇਰੇ ਤੋਂ ਬਾਹਰ ਜਾ ਕੇ ਸੋਚਣਾ ਇਸੇ ਨੂੰ ਕਹਿੰਦੇ ਹਨ ਕਿ ਸੈਲਾਨੀ ਆਕਰਸ਼ਿਤ ਕਰਨ ਲਈ ਤਕਨੀਕ ਦੀ ਵਰਤੋਂ ਨਾਲ ਕਿਸੇ ਇਮਾਰਤ ਦੇ ਖਾਸ ਕਮਰੇ ‘ਚ ਅੰਟਾਰਟਿਕਾ ਤੋਂ ਵੀ ਠੰਡਾ ਮਾਹੌਲ ਬਣਾਇਆ ਜਾ ਸਕਦਾ। ਨਕਲੀ ਬਰਫਬਾਰੀ ਕੀਤੀ ਜਾ ਸਕਦੀ ਹੈ।
ਆਪਣਾ ਵਿਸ਼ਾ ਭਟਕ ਕੇ ਗੱਲ ਲੰਮੇਰੀ ਤੇ ਹੋਰ ਪਾਸੇ ਚਲੀ ਗਈ ਸੀ। ਗੱਲ ਪੰਜਾਬ ਦੀ ਹੋ ਰਹੀ ਸੀ। ਉੱਪਰ ਜਿਹੜੀਆਂ ਦੋ ਮਿਸਾਲਾਂ ਦਿੱਤੀਆਂ ਹਨ, ਪਹਿਲੀ ਅੰਟਾਰਟਿਕਾ ‘ਚ ਤਾਂ ਜੀਵਨ ਸੰਭਵ ਹੀ ਨਹੀਂ ਸੀ ਤੇ ਦੂਜੇ ਅਰਬ ਮਾਰੂਥਲ ਦੀ ਜ਼ਿੰਦਗੀ ਸਖਤ ਬਹੁਤ ਸੀ। ਉਦਯੋਗਿਕ ਕ੍ਰਾਂਤੀ ਨਾਲ ਹੋਈ ਤਰੱਕੀ ਕਾਰਨ ਹੀ ਇਨ੍ਹਾਂ ਥਾਂਵਾਂ ‘ਤੇ ਰਹਿਣ ਲਈ ਲੋੜੀਂਦੀਆਂ ਸੁੱਖ ਸਹੂਲਤਾਂ ਵਿਕਸਤ ਹੋਈਆਂ। ਹੁਣ ਤੀਜੇ ਪਾਸੇ ਪੰਜਾਬ, ਕਿਆ ਬਾਤ!
ਨਮਕ ਤੋਂ ਬਿਨਾਂ ਹੋਰ ਕਿਹੜੀ ਚੀਜ਼ ਹੈ, ਜੋ ਪੰਜਾਬ ‘ਚ ਪੈਦਾ ਨਹੀਂ ਕੀਤੀ ਜਾ ਸਕਦੀ। ਹਿਮਾਲਿਆ ਪਰਬਤ ਦੇ ਐਨ ਕਦਮਾਂ ‘ਚ ਪੰਜਾਬ ਨਾ ਤਾਂ ਬਹੁਤਾ ਗਰਮ ਹੈ ਤੇ ਨਾ ਹੀ ਠੰਡਾ। ਪੰਜਾਬ ਦਾ ਤਾਪਮਾਨ ਮਨੁੱਖੀ ਜੀਵਨ ਤੇ ਖੇਤੀਬਾੜੀ- ਦੋਹਾਂ ਦੇ ਵਿਕਾਸ ਲਈ ਸਭ ਤੋਂ ਢੁਕਵਾਂ ਹੈ। ਹਿਮਾਲਿਆ ਪਰਬਤਾਂ ਨੂੰ ਪੈਰਾਂ ਕੋਲੋਂ ਕੱਟਦੀਆਂ ਤੇ ਸ਼ੂਕਦੀਆਂ ਨਦੀਆਂ ਪੰਜਾਬ ਦੇ ਮੈਦਾਨੀ ਇਲਾਕੇ ‘ਚ ਦਾਖਲ ਹੁੰਦੇ ਹੀ ਵਿਸ਼ਾਲ ਸਾਗਰਾਂ ਦਾ ਰੂਪ ਧਾਰ ਲੈਂਦੀਆਂ ਸਨ (ਡੈਮ ਲੱਗਣ ਤੋਂ ਪਹਿਲਾਂ)। ਇਸ ਪਾਣੀ ਨਾਲ ਆਉਂਦੀ ਹੈ ਪਹਾੜਾਂ ਤੋਂ ਉਪਜਾਊ ਲਾਲ ਮਿੱਟੀ, ਜੋ ਕਿ ਖੇਤੀਬਾੜੀ ਲਈ ਬਹੁਤ ਜ਼ਰੂਰੀ ਤੇ ਲਾਹੇਵੰਦ ਹੈ। ਹਿਮਾਲਿਆ ਦਾ ਪੰਜਾਬ ਦੀ ਭੂਗੋਲ ‘ਤੇ ਇੱਕ ਹੋਰ ਬਹੁਤ ਵੱਡਾ ਪ੍ਰਭਾਵ ਹੈ। ਉੱਤਰ ਵੱਲੋਂ ਆਉਂਦੀਆਂ ਤੇਜ਼ ਬਰਫਾਨੀ ਹਵਾਵਾਂ ਨੂੰ ਹਿਮਾਲਿਆ ਪੰਜਾਬ ਤੱਕ ਪਹੁੰਚਣ ਹੀ ਨਹੀਂ ਦਿੰਦਾ ਤੇ ਕੰਧ ਬਣ ਆਵਦੀ ਹਿੱਕ ‘ਤੇ ਰੋਕ ਲੈਂਦਾ ਹੈ। ਜੇ ਹਿਮਾਲਿਆ ਨਾ ਹੁੰਦਾ ਤਾਂ ਪੰਜਾਬ ਇੱਕ ਠੰਡਾ ਰੇਗਿਸਤਾਨ ਹੋਣਾ ਸੀ, ਕੈਨੇਡਾ ਦੇ ਕੁਝ ਇਲਾਕਿਆਂ ਵਾਂਗ!
ਇਹ ਕੁਦਰਤੀ ਗੱਲ ਹੈ ਕਿ ਜਿੱਥੇ ਜ਼ਿੰਦਗੀ ਆਰਾਮਦਾਇਕ ਹੋਵੇਗੀ, ਲੋਕ ਉੱਧਰ ਵੱਲ ਨੂੰ ਹੀ ਰੁਖ ਕਰਨਗੇ। ਅਜਿਹੀਆਂ ਥਾਂਵਾਂ ‘ਤੇ ਫਿਰ ਇਸ ਕਾਰਨ ਆਬਾਦੀ ਘਣਤਾ ਵੀ ਦੂਜੇ ਇਲਾਕਿਆਂ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ। ਜੰਗਲੀ ਜੀਵ ਚਾਹੇ ਸ਼ਿਕਾਰੀ ਹੋਣ ਜਾਂ ਸ਼ਿਕਾਰ, ਇਹ ਸਾਰੇ ਸੱਭਿਅਤਾ ਦੇ ਸ਼ੋਰ ਤੋਂ ਦੂਰ ਇਕਾਂਤ ਪਸੰਦ ਕਰਦੇ ਹਨ। ਪਹਿਲੇ ਜ਼ਮਾਨੇ ‘ਚ ਹੁੰਦੇ ਹੋਣਗੇ, ਪਰ ਬਾਅਦ ‘ਚ ਅੰਗਰੇਜ਼ਾਂ ਤੇ ਹਿੰਦੁਸਤਾਨੀ ਰਜਵਾੜਿਆਂ ਨੇ ਏਨਾ ਸ਼ਿਕਾਰ ਕੀਤਾ ਕਿ ਕੁਝ ਪ੍ਰਜਾਤੀਆਂ ਅਲੋਪ ਹੋ ਗਈਆਂ ਤੇ ਕੁਝ ਅਲੋਪ ਹੋਣ ਦੇ ਨੇੜੇ ਪਹੁੰਚ ਗਈਆਂ। ਵੀਹਵੀਂ ਸਦੀ ਦੌਰਾਨ ਹਿੰਦੁਸਤਾਨ ‘ਚ ਕਰੀਬ 1,60,000 ਬਾਘ ਸਨ। ਇਨ੍ਹਾਂ ਦਾ ਏਨਾ ਸ਼ਿਕਾਰ ਕੀਤਾ ਗਿਆ ਕਿ 2006 ‘ਚ ਜੰਗਲੀ ਬਾਘਾਂ ਦੀ ਗਿਣਤੀ ਸਿਰਫ 1411 ਰਹਿ ਗਈ ਸੀ।
ਬ੍ਰਿਟਿਸ਼ ਬਾਦਸ਼ਾਹ ਜੌਰਜ ਪੰਜਵੇਂ ਦੀ ਤਾਜਪੋਸ਼ੀ ਇੰਡੀਆ ‘ਚ ਹੋਈ ਸੀ ਤੇ ਉਸ ਇਕੱਲੇ ਦੇ ਸ਼ਿਕਾਰੀ ਦੌਰੇ ‘ਤੇ 39 ਬਾਘ ਗੋਲੀ ਦਾ ਨਿਸ਼ਾਨਾ ਬਣੇ। ਫਿਰ ਸਰਕਾਰ ਦੀਆਂ ਅੱਖਾਂ ਖੁੱਲ੍ਹੀਆਂ ਤੇ ਬਾਘਾਂ ਦੀ ਸੰਭਾਲ ਲਈ ਚੁੱਕੇ ਗਏ ਕਦਮਾਂ ਕਾਰਨ ਅੱਜ ਇਹ ਗਿਣਤੀ ਤਿੰਨ ਹਜ਼ਾਰ ਤੋਂ ਉੱਪਰ ਹੋ ਚੁੱਕੀ ਹੈ। ਇਸੇ ਤਰ੍ਹਾਂ ਬੱਬਰ ਸ਼ੇਰਾਂ ਨਾਲ ਹੋਇਆ, ਐਨਾ ਸ਼ਿਕਾਰ ਕੀਤਾ ਗਿਆ ਕਿ ਇੱਕ ਸਮੇਂ ਸਾਰੇ ਹਿੰਦੁਸਤਾਨ ‘ਚ ਸਿਰਫ ਦਸ ਬੱਬਰ ਸ਼ੇਰ ਬਚੇ ਸਨ। ਮੌਕਾ ਸਾਂਭ ਕੇ ਇਨ੍ਹਾਂ ਦੀ ਗਿਣਤੀ ਛੇ ਸੌ ਤੋਂ ਉੱਪਰ ਹੋ ਚੁੱਕੀ ਹੈ। ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਬਾਘ, ਤੇਂਦੁਆ, ਬੱਬਰ ਸ਼ੇਰ, ਰਿੱਛ, ਹਾਥੀ, ਹਿੱਪੋ ਵਰਗਾ ਕੋਈ ਵੀ ਸ਼ਿਕਾਰੀ ਜਾਨਵਰ ਮੌਜੂਦ ਨਹੀਂ ਹੈ। ਗੁਆਂਢੀ ਸੂਬੇ ਵਾਂਗ ਪੰਜਾਬ ‘ਚ ਰਾਤ ਨੂੰ ਖੇਤ ਜਾਣਾ ਹੋਵੇ ਤਾਂ ਰਾਈਫਲ ਨਹੀਂ ਚੱਕਣੀ ਪੈਂਦੀ। ਹੋਰ ਤਾਂ ਹੋਰ ਇੱਥੇ ਤਾਂ ਜ਼ਹਿਰੀਲੇ ਸੱਪ ਵੀ ਗਿਣਤੀ ਦੇ ਹੀ ਰਹਿ ਗਏ ਹਨ।
ਪੰਜਾਬ ਨੇ ਨਾ ਤਾਂ ਕਦੇ ਵੱਡੇ ਭੂਚਾਲ ਦਾ ਸਾਹਮਣਾ ਕੀਤਾ ਹੈ ਤੇ ਨਾ ਹੀ ਕਦੇ ਚੱਕਰਵਰਤੀ ਤੂਫਾਨ ਦਾ। ਜਿਸ ਤਰ੍ਹਾਂ ਦਰਿਆਵਾਂ ਦੇ ਕੰਢੇ ਮਾਈਨਿੰਗ ਕਾਰਨ ਖੁਰ ਰਹੇ ਹਨ, ਉਹਦੇ ਨਾਲ ਹੜ੍ਹ ਦਾ ਖਤਰਾ ਤਾਂ ਬਣ ਜਾਂਦਾ ਹੈ, ਪਰ ਫਿਰ ਵੀ ਪੰਜਾਬ ‘ਚ ਅੱਜ ਤੱਕ ਕਦੇ ਕੁਦਰਤੀ ਕਰੋਪੀ ਨਾਲ ਸੱਭਿਅਤਾ ਨੂੰ ਖਤਰਾ ਨਹੀਂ ਪਿਆ। ਪੰਜਾਬ ਨੂੰ ਬੱਸ ਇੱਕੋ ਗੱਲ ਤੋਂ ਖਤਰਾ ਹੁੰਦਾ ਕਾਲ ਪੈਣ ਤੋਂ, ਦਰਿਆਵਾਂ ‘ਤੇ ਬੰਨ੍ਹ ਲਾ ਕੇ ਨਹਿਰਾਂ ਕੱਢ ਕੇ ਪਾਣੀ ਦੀ ਸਮੱਸਿਆ ਵੀ ਹੱਲ ਹੋ ਗਈ ਹੈ।
ਜਦੋਂ ਏਨੇ ਲਾਭ ਹਨ ਇਸ ਖਿੱਤੇ ਕੋਲ ਤਾਂ ਜਾਹਰ ਹੈ ਕਿ ਕੁਝ ਖਾਮੀਆਂ ਵੀ ਹੋਣਗੀਆਂ। ਪੰਜਾਬ ਦੀ ਭੂਗੋਲਿਕ ਸਥਿਤੀ ਦੋਸਤ ਦੇ ਨਾਲ ਨਾਲ ਦੁਸ਼ਮਣ ਵੀ ਬਣ ਬੈਠਦੀ ਹੈ, ਕਿਉਂਕਿ ਪੰਜਾਬ ਬਾਹਰੀ ਹਮਲਾਵਰਾਂ ਲਈ ਹਿੰਦੁਸਤਾਨ ਦਾ ਦਰਵਾਜ਼ਾ ਹੈ। ਹਿੰਦੁਸਤਾਨ ਨੂੰ ਅਕਸਰ ਹੀ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਤੇ ਇਸੇ ਸੋਨੇ ਦੀ ਖਿੱਚ ਈਰਾਨੀ, ਤੁਰਕ, ਮੁਗਲ, ਪਠਾਣ, ਤਾਤਾਰ ਤੇ ਅਰਬ ਵਰਗੀਆਂ ਕੌਮਾਂ ਨੂੰ ਹਿੰਦੁਸਤਾਨ ਦੇ ਰਾਹ ਤੋਰ ਲੈਂਦੀ ਸੀ। ਸੋਨੇ ਦੀ ਚਿੜੀ ਤੋਂ ਬਹੁਤ ਲੋਕਾਂ ਨੂੰ ਭੁਲੇਖਾ ਵੀ ਹੈ ਕਿ ਕਿਤੇ ਆਮ ਹਿੰਦੁਸਤਾਨੀਆਂ ਦੇ ਘਰੇ ਵੀ ਅੱਧਾ ਪੌਣਾ ਕਿੱਲੋ ਦੀ ਸੋਨੇ ਦੀ ਇੱਟ ਪਈ ਹੁੰਦੀ ਸੀ। ਆਮ ਬੰਦੇ ਦੇ ਮੋਢੇ ‘ਤੇ ਤਾਂ ਸੱਜਣੋਂ ਉਹੀ ਕਹੀ ਤੇ ਉਹੀ ਕੁਹਾੜੀ ਹੁੰਦੀ ਸੀ। ਦਰਅਸਲ ਸੋਨਾ, ਚਾਂਦੀ, ਹੀਰੇ, ਜਵਾਹਰਾਤ ਤੇ ਹੋਰ ਕੀਮਤੀ ਪੱਥਰ ਤੇ ਨਗ ਵਗੈਰਾ ਹਿੰਦੂ ਮੰਦਰਾਂ ‘ਚ ਹੁੰਦੇ ਸਨ, ਨੱਕੋ ਨੱਕ ਭਰੇ। ਆਵਦੀ ਨਿਯਮਤ ਫੌਜ ਦੇ ਨਾਲ ਨਾਲ ਇਹ ਧਾੜਵੀ ਜਿੱਥੋਂ ਵੀ ਲੰਘਦੇ, ਉੱਥੋਂ ਦੇ ਮਾਰਸ਼ਲ ਕਬੀਲਿਆਂ ਨੂੰ ਲੁੱਟਮਾਰ ਦੇ ਮਾਲ ‘ਚੋਂ ਹਿੱਸਾ ਦੇਣ ਦੀ ਪੇਸ਼ਕਸ਼ ਕਰਕੇ ਕਿਰਾਏਦਾਰ ਦੇ ਰੂਪ ‘ਚ ਭਰਤੀ ਕਰ ਲਿਆ ਜਾਂਦਾ ਸੀ। ਦਿੱਲੀ ਦਾ ਜਿੰਦਰਾ ਤੋੜ ਕੇ ਅੱਗੇ ਲੰਘਣ ਦਾ ਰਾਹ ਹੀ ਪੰਜਾਬ ਹੁੰਦਾ ਸੀ ਤੇ ਸਾਰਿਆਂ ਤੋਂ ਪਹਿਲਾਂ ਧਾੜਵੀਆਂ ਦੇ ਘੋੜਿਆਂ ਦੀ ਟਾਪ ਪੰਜਾਬੀਆਂ ਨੂੰ ਸੁਣਾਈ ਦਿੰਦੀ। ਜਿਵੇਂ ਲੋਕਾਂ ਦਾ ਸੋਚਣਾ ਕਿ ਆਮ ਹਿੰਦੁਸਤਾਨੀ ਦੀ ਦੌਲਤ ਕਰਕੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਤਾਂ ਇਹ ਗਲਤ ਹੈ। ਜੇ ਕਿਤੇ ਵਾਕਈ ਲੋਕਾਂ ਕੋਲ ਕੁਝ ਸਰਮਾਇਆ ਹੁੰਦਾ ਤਾਂ ਫਿਰ ਹਿੰਦੁਸਤਾਨ ਸੋਨੇ ਦੀ ਚਿੜੀ ਨਹੀਂ, ਸਗੋਂ ਬਾਜ ਹੋਣਾ ਸੀ। ਫਿਰ ਤਾਂ ਇਹ ਲੋਕ ਉਸ ਦੌਲਤ ਨਾਲ ਖੁਦ ਲਈ ਚੰਗਾ ਘੋੜਾ, ਲੰਮੇ-ਛੋਟੇ ਤੇ ਦਰਮਿਆਨੀ ਰੇਂਜ ਦੇ ਹਥਿਆਰ ਅਤੇ ਬਸਤਰ ਵਗੈਰਾ ਖਰੀਦ ਲੈਂਦੇ। ਆਵਦੀਆਂ ਧੀਆਂ, ਭੈਣਾਂ, ਮਾਂਵਾਂ, ਬੇਟੀਆਂ ਚੁੱਕੇ ਜਾਣ ਕਰਕੇ ਸ਼ਰਮ ਨਾਲ ਮਰੇ ਬੈਠੇ ਇਹ ਲੋਕ ਦੋ ਹੱਥ ਕਰਕੇ ਪੂਰੇ ਮੁਕਾਬਲੇ ਨਾਲ ਮਰਨ ਨੂੰ ਤਰਜੀਹ ਦਿੰਦੇ।

Leave a Reply

Your email address will not be published. Required fields are marked *