ਦਿਲਜੀਤ ਸਿੰਘ ਬੇਦੀ
ਸਿੱਖ ਧਰਮ ਪੂਰਨ ਤੌਰ `ਤੇ ਮਨੁੱਖੀ ਜੀਵਨ ਜਾਂਚ ਦਾ ਮਾਰਗ ਹੈ, ਜੋ ਮਨੁੱਖ ਨੂੰ ਉਚੇਚੇ ਅਧਿਆਤਮਕ ਅਨੁਭਵ ਨਾਲ ਜੋੜਦਾ ਹੈ ਅਤੇ ਸੰਤੁਲਿਤ ਸਮਾਜਿਕ ਜੀਵਨ ਜਿਊਣ ਦੀ ਸੋਝੀ ਵੀ ਪ੍ਰਦਾਨ ਕਰਦਾ ਹੈ। ਪ੍ਰਸਿੱਧ ਸਿੱਖ ਵਿਦਵਾਨ ਡਾ. ਬਲਕਾਰ ਸਿੰਘ ਨੇ ਹੱਥਲੀ ਪੁਸਤਕ ਵਿੱਚ ਸਿੱਖ ਇਤਿਹਾਸ, ਗੁਰਇਤਿਹਾਸ, ਕੌਮੀ ਇਤਿਹਾਸ ਦੀਆਂ ਰੋਲ ਮਾਡਲ ਰਹੀਆਂ ਕੋਈ 20 ਕੁ ਮਹਾਨ ਸ਼ਖਸੀਅਤਾਂ ਨੂੰ ਆਪਣੀ ਗੁਰਮਤਿ ਸੋਝੀ ਰਾਹੀਂ ਕਲਮਬੰਦ ਕੀਤਾ ਹੈ।
ਬਾਬਾ ਬੁੱਢਾ ਜੀ, ਭਾਈ ਮਨੀ ਸਿੰਘ ਜੀ, ਭਾਈ ਗੁਰਦਾਸ ਜੀ, ਭਾਈ ਕਨ੍ਹਈਆ ਜੀ, ਭਾਈ ਨੰਦ ਲਾਲ ਜੀ, ਭਾਈ ਮੋਤੀਰਾਮ ਮਹਿਰਾ ਜੀ, ਮਾਤਾ ਸਾਹਿਬ ਕੌਰ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਬੰਦਾ ਸਿੰਘ ਜੀ ਬਹਾਦਰ, ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਜੀ ਰਾਮਗੜ੍ਹੀਆ, ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ, ਮਹਾਂ ਕਵੀ ਭਾਈ ਸੰਤੋਖ ਸਿੰਘ ਜੀ, ਭਾਈ ਵੀਰ ਸਿੰਘ ਜੀ, ਪ੍ਰੋ. ਪੂਰਨ ਸਿੰਘ ਜੀ, ਭਾਈ ਕਾਨ੍ਹ ਸਿੰਘ ਜੀ, ਭਾਈ ਰਣਧੀਰ ਸਿੰਘ ਜੀ, ਪ੍ਰੋ. ਸਾਹਿਬ ਸਿੰਘ ਜੀ, ਬਾਬਾ ਨਿਧਾਨ ਸਿੰਘ ਜੀ, ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਸ਼ਾਮਲ ਹਨ।
ਡਾ. ਬਲਕਾਰ ਸਿੰਘ ਸਿੱਖ ਦਰਸ਼ਨ ਦੀ ਨਿਵੇਕਲੀ ਪਛਾਣ ਨੂੰ ਸਥਾਪਤ ਕਰਨ ਲਈ ਪੂਰਨ ਨਿਸ਼ਠਾ ਤੇ ਸਿਦਕਦਿਲੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦੀ ਲਿਖਤ ਵਿੱਚ ਦਲੀਲ ਦਾ ਸਹਿਜ ਪ੍ਰਗਟਾਵਾ ਹੁੰਦਾ ਹੈ। ਥਾਂ ਪੁਰ ਥਾਂ ਗੁਰਬਾਣੀ ਦੀ ਅਗਵਾਈ ਉਨ੍ਹਾਂ ਦੀ ਦਲੀਲ ਨੂੰ ਪੁਖਤਗੀ ਪ੍ਰਦਾਨ ਕਰਦੀ ਹੈ। ਉਨ੍ਹਾਂ ਦੀਆਂ ਲਿਖਤਾਂ ਗੁਰੂ ਜੋਤਿ ਦਾ ਪ੍ਰਮਾਣਿਕ ਬਿੰਬ ਉਸਾਰਨ ਕਰਕੇ ਅਕਾਦਮਿਕ ਜਗਤ ਵਿੱਚ ਸਤਿਕਾਰੀਆਂ ਜਾਂਦੀਆਂ ਹਨ। ਲੇਖਕ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ। ਦਸ ਪੁਸਤਕਾਂ- ਗੁਰੂ ਤੇਗ਼ ਬਹਾਦਰ ਹਿੰਦ ਦੀ ਚਾਦਰ, ਗੁਰਮਤਿ ਵਿਵੇਚਨ, ਭਗਤ ਨਾਮ ਦੇਵ ਜੀਵਨ ਤੇ ਰਚਨਾ, ਸਿੱਖ ਰਹੱਸਵਾਦ, ਜਿਨ੍ਹਾਂ ਤੋਂ ਵਿਛੋੜਿਆ ਗਿਆ, ਪੰਜਾਬ ਦਾ ਬਾਬਾ ਬੋਹੜ ਗੁਰਚਰਨ ਸਿੰਘ ਟੌਹੜਾ, ਸ਼ਬਦ ਗੁਰੂ ਦਾ ਸਿੱਖ ਸਿਧਾਂਤ, ਠਹੲ Sਪਰਿਟਿੁਅਲ Lਗਿਹਟ ਭੲਅਰੲਰ ੋਾ ਮਅਨਕਨਿਦ, ਅਕਾਲ ਤਖਤ ਸਾਹਿਬ ਜੋਤਿ ਤੇ ਜੁਗਤਿ, ਨਾਨਕ ਚਿੰਤਨ ਪਿਛੋਕੜ ਅਤੇ ਭੂਮਿਕਾ, ਪਾਠਕਾਂ ਤੇ ਵਿਦਵਾਨਾਂ ਦੇ ਪੋਟਿਆਂ `ਤੇ ਹਨ।
ਲੇਖਕ ਵੱਲੋਂ ਇਸ ਪੁਸਤਕ ਵਿੱਚ ਗੁਰੂ ਦਰਸਾਈ ਸਿੱਖੀ ਨੂੰ ਕਮਾਉਣ ਵਾਲੇ 20 ਵਿਰਾਸਤੀ ਪੁਰਖਿਆਂ ਦੇ ਜੀਵਨ, ਸੰਘਰਸ਼, ਕਮਾਈ ਨੂੰ ਦਰਸਾਉਣ ਦਾ ਯੋਗ ਉਪਰਾਲਾ ਕੀਤਾ ਹੈ। ਸਿੱਖੀ ਰੋਲ ਮਾਡਲ ਵਜੋਂ ਸਥਾਪਿਤ ਇਨ੍ਹਾਂ ਪੁਰਖਿਆਂ ਵਿੱਚ ਵਿਦਵਾਨ, ਸ਼ਹੀਦ, ਤੇਗ਼ ਦੇ ਧਨੀ ਸੂਰਮੇ, ਕਵੀ, ਸੇਵਾ ਦੇ ਪੁੰਜ ਤੇ ਸਿਆਸਤ ਦੇ ਮਹਾਂਰਥੀ ਸ਼ਾਮਲ ਹਨ, ਜਿਨ੍ਹਾਂ ਨੇ ਪੰਜ ਸਦੀਆਂ ਦੇ ਇਤਿਹਾਸ ਦੀ ਸਿਰਜਣਾ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਉਲਾਰ ਸਥਿਤੀਆਂ ਵਿਚਕਾਰਲਾ ਸੰਤੁਲਿਤ ਰਾਹ ਕਿਵੇਂ ਕੰਮ ਆਉਂਦਾ ਹੈ, ਇਸ ਅਮਲ ਵਿੱਚ ਜਿਊਣ ਵਾਲੇ ਪੁਰਖਿਆਂ ਦੀ ਦਾਸਤਾਨ ਹੀ ਹੈ ,ਇਹ ਹੱਥਲੀ ਪੁਸਤਕ ਹੈ।
ਸਾਰੇ ਵਿਸ਼ਵ ਵਿੱਚ ਫੈਲ ਰਹੇ ਸਿੱਖਾਂ ਨੂੰ ਦੇਸ਼ ਤੇ ਵਿਦੇਸ਼ਾਂ ਵਿੱਚ ਕਈ ਚੁਣੌਤੀਆਂ ਤੇ ਵੰਗਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਦੇ ਸਰਲੀਕਰਨ ਲਈ ਵਿਰਾਸਤੀ ਪੁਰਖਿਆਂ ਵੱਲੋਂ ਪਾਏ ਪੂਰਨੇ ਸਾਡਾ ਮਾਰਗ ਦਰਸ਼ਨ ਕਰ ਸਕਦੇ ਹਨ।
ਗਾਥਾ ਪੁਰਖਿਆਂ ਦੀ: ਇਸ ਹਥਲੀ ਪੁਸਤਕ ਵਿੱਚ ਜਥੇਦਾਰ ਤੋਤਾ ਸਿੰਘ ਨੇ ਨਾ ਸਿਰਫ ਆਪਣੇ ਪੁਰਖਿਆਂ ਦੇ ਵਰੋਸਾਏ ਦੋ ਪਿੰਡਾਂ- ਦੀਦਾਰ ਸਿੰਘ ਵਾਲਾ ਅਤੇ ਪੱਤੋ ਦੀਦਾਰ ਸਿੰਘ ਵਾਲਾ ਦੇ ਅਤੀਤ ਨੂੰ ਫਰੋਲਦਿਆਂ ਸਭਨਾਂ ਦੇ ਸਨਮੁਖ ਕੀਤਾ ਹੈ, ਬਲਕਿ ਪੁਰਾਤਨ ਸਮੇਂ ਦੇ ਸਮਾਜਿਕ ਤਾਣੇ-ਬਾਣੇ, ਲੋਕਾਂ ਦੇ ਜੀਵਨ, ਉਨ੍ਹਾਂ ਦੇ ਕੰਮ-ਧੰਦੇ ਅਤੇ ਸੋਚ ਵਿਚਾਰਾਂ ਨੂੰ ਵੀ ਇਤਿਹਾਸ ਦੇ ਰੂਪ ਵਿੱਚ ਕਲਮਬੰਦ ਕੀਤਾ ਹੈ। ਪਿੰਡ ਦੀਦਾਰ ਸਿੰਘ ਵਾਲਾ ਦਾ ਇਤਿਹਾਸ ਪੰਜਾਬ ਦੇ ਪੁਰਾਤਨ ਪੇਂਡੂ ਸਭਿਆਚਾਰ ਦਾ ਸ਼ੀਸ਼ਾ ਹੈ। ਪੇਂਡੂ ਕਿਰਸਾਨੀ ਦੀਆਂ ਅਜਿਹੀਆਂ ਕਦਰਾਂ-ਕੀਮਤਾਂ ਅੰਕਿਤ ਹਨ, ਜੋ ਆਪੋ-ਧਾਪੀ, ਨਿੱਜਪ੍ਰਸਤੀ ਦੇ ਯੁੱਗ ਵਿੱਚ ਵੀ ਰਾਹ ਦਸੇਰਾ ਹੋ ਸਕਦੀਆਂ ਹਨ ਅਤੇ ਨਵੀਂ ਪੀੜ੍ਹੀ ਨੂੰ ਹੱਥੀਂ ਕਿਰਤ ਕਰਕੇ ਜੀਵਨ ਸਫਲਾ ਕਰਨ ਦੇ ਰਾਹ ਪਾ ਸਕਦੀਆਂ ਹਨ। ਸਾਰੀਆਂ ਬੁਰਾਈਆਂ ਕੁਰੀਤੀਆਂ ਦੀ ਜੜ੍ਹ ਕਿਰਤ ਤੋਂ ਤੋੜ ਵਿਛੋੜਾ ਹੈ। ਵਿਹਲੜ ਜੁਆਨੀ ਨਸ਼ੇਖੋਰੀ ਤੇ ਨਿਰਾਸ਼ਾ ਵਿੱਚ ਡੁੱਬੀ ਆਤਮਘਾਤ ਦੇ ਰਾਹ ਪਈ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਉਤੇ ਅਮਲ ਕਰਨ ਨਾਲ ਹੀ ਭਲਾ ਹੋ ਸਕਦਾ।
ਕਿਤਾਬ ਨੂੰ ਲੇਖਕ ਨੇ 37 ਭਾਗਾਂ ਵਿੱਚ ਵੰਡਿਆਂ ਹੈ। ਲੇਖਕ ਦੀ ਦਿਲੀ ਇੱਛਾ ਹੈ ਕਿ ਹਰ ਘਰ ਆਪਣੇ ਵੱਡ-ਵਡੇਰਿਆਂ, ਪੁਰਖਿਆਂ, ਰਿਸ਼ਤੇਦਾਰਾਂ ਅਤੇ ਭਾਈਚਾਰੇ ਤੋਂ ਨਾ ਸਿਰਫ ਜਾਣੂੰ ਹੋਏ, ਬਲਕਿ ਉਨ੍ਹਾਂ ਦੇ ਨੇੜੇ ਵੀ ਹੋਏ। ਸਾਰੇ ਇੱਕ-ਦੂਜੇ ਨਾਲ ਪੀਢੀ ਸਾਂਝ ਰੱਖਣ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਦਾਦੇ-ਪੜਦਾਦੇ, ਨਾਨੇ-ਨਾਨੀਆਂ, ਪੜਦਾਦਿਆਂ ਦੇ ਨਾਮ ਨਹੀਂ ਪਤਾ। ਹਰ ਪਿੰਡ ਦਾ ਇਤਿਹਾਸ ਲਿਖਿਆ ਜਾਣਾ ਚਾਹੀਦਾ ਹੈ। ਲੇਖਕ ਨੇ ਪੱਤੀ ਵਾਰ ਅਤੇ ਜਾਤੀ ਆਧਾਰਤ ਕੁਰਸੀਨਾਮੇ ਸਹਿਤ ਪਿੰਡ ਦੀਦਾਰ ਸਿੰਘ ਵਾਲੇ ਦੇ ਪੁਰਖਿਆਂ ਨਾਲ ਸਾਂਝ ਪੁਆਈ ਹੈ। ਪੰਨਾ 226 ਤੋਂ 254 ਤੀਕ ਕੁਰਸੀਨਾਮੇ ਹਨ, ਫਿਰ ਪਿੰਡ ਦੇ ਸ਼ਹੀਦਾਂ ਦੀ ਤਫਸੀਲ, ਵੱਖ-ਵੱਖ ਮੋਰਚਿਆ ਸਮੇਂ ਗ੍ਰਿਫਤਾਰ ਹੋਣ ਵਾਲੇ ਵਿਅਕਤੀਆਂ ਦੀਆਂ ਤਸਵੀਰਾਂ ਸਮੇਂ ਜਾਣਕਾਰੀ। ਸਾਂਝੇ ਪੰਜਾਬ ਸਮੇਂ ਜ਼ਿਲ੍ਹਾ ਫਿਰੋਜਪੁਰ ਦਾ ਪੁਰਾਤਨ ਨਕਸ਼ਾ, ਪੰਨਾ 171 ਤੋਂ 194 ਤੀਕ ਹੱਥ ਲਿਖਤ ਬੰਦੋਬਸਤ ਪਿੰਡ ਦੀਦਾਰ ਸਿੰਘ ਵਾਲਾ ਦੀ ਉਰਦੂ ਵਿੱਚ ਦਰਜ ਕੀਤੀ ਹੈ। ਇਹ ਪਿੰਡ ਦੀਦਾਰ ਸਿੰਘ ਵਾਲਾ ਸਬੰਧੀ ਹਵਾਲਾ ਪੁਸਤਕ ਹੈ। ਅਜਿਹੀਆਂ ਪੁਸਤਕਾਂ ਪਿੰਡਾਂ ਬਾਰੇ ਲਿਖੀਆਂ ਜਾਣੀਆਂ ਚਾਹੀਦੀਆਂ ਹਨ। ਲੇਖਕ ਜਥੇਦਾਰ ਤੋਤਾ ਸਿੰਘ ਨੇ ਆਪਣੇ ਪੁਰਖਿਆਂ ਨੂੰ ਸੂਚੀਬੱਧ ਤੇ ਇਤਿਹਾਸਕ ਤੌਰ `ਤੇ ਸਾਂਭਣ ਲਈ ਜੋ ਉਪਰਾਲਾ ਕੀਤਾ ਹੈ, ਪ੍ਰਸ਼ੰਸਾਯੋਗ ਹੈ। ਉਨ੍ਹਾਂ ਦੀਆਂ ਆਉਣ ਵਾਲੀਆਂ ਨਸਲਾਂ ਇਸ ਕਿਤਾਬ ਤੋਂ ਸੇਧ ਲਂੈਦੀਆਂ ਰਹਿਣਗੀਆਂ।
ਮੇਰਾ ਪਿੰਡ ਖੋਟੇ: ਕਰਨਲ (ਸੇਵਾਮੁਕਤ) ਜਗਦੀਸ਼ ਸਿੰਘ ਬਰਾੜ ਨੇ ਆਪਣੇ ਪਿੰਡ ਨੂੰ ਮੁੱਢ ਬਣਾ ਕੇ ਪੰਜਾਬ ਦੀ ਸਿਆਸੀ ਅਤੇ ਸੱਭਿਆਚਾਰਕ ਪਿਛੋਕੜ ਤੇ ਇਤਿਹਾਸ ਦੀ ਝਲਕ ਪੇਸ਼ ਕਰਦੀ ਹੈ। ਹੱਥਲੀ ਕਿਤਾਬ ਲੇਖਕ ਨੇ ਆਪਣੇ ਪਿੰਡ ਨੂੰ ਕੇਂਦਰ ਬਣਾ ਕੇ ਲਿਖੀ ਹੈ, ਪਰ ਦਰਅਸਲ ਇਹ ਕਿਤਾਬ ਪੰਜਾਬ ਦੇ ਕੁੱਝ ਸਦੀਆਂ ਪੁਰਾਣੇ ਪਿਛੋਕੜ ਦੀ ਡੂੰਘੀ ਝਲਕ ਪ੍ਰਗਟਾਉਂਦੀ ਹੈ। ਪੰਜਾਬ ਹਰ ਸਮੇਂ ਪੱਛਮ ਵੱਲੋਂ ਹੁੰਦੇ ਹਮਲਾਵਰਾਂ ਦੇ ਹਮਲਿਆਂ ਦੀ ਪਹਿਲੀ ਢਾਲ ਬਣਦਾ ਰਿਹਾ ਹੈ ਅਤੇ ਉਨ੍ਹਾਂ ਦੀ ਮਾਰ ਸਹਿੰਦਾ ਰਿਹਾ ਹੈ। ਇਹੀ ਵਜ੍ਹਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਪੰਜਾਬ ਵਿੱਚ ਕੋਈ ਵਰਨਣਯੋਗ ਇਤਿਹਾਸਕ ਇਮਾਰਤ ਨਹੀਂ ਹੈ, ਕਿਉਂਕਿ ਪੰਜਾਬ ਦੇ ਲੋਕ ਆਪਣੇ ਜਨ-ਜੀਵਨ ਦਾ ਹਮਲਿਆਂ ਨੂੰ ਹਿੱਸਾ ਬਣਾਉਂਦੇ ਹੋਏ ਕੱਚੇ ਘਰਾਂ ਵਿੱਚ ਹੀ ਵਾਸ ਕਰਨ ਦੇ ਆਦੀ ਬਣ ਗਏ ਸਨ। ਹਮਲੇ ਦੀ ਖਬਰ ਮਿਲਦੇ ਹੀ ਘਰਾਂ ਨੂੰ ਛੱਡ ਕੇ ਜੰਗਲਾਂ ਵਿੱਚ ਆਪਣੀ ਛਿੱਪਣਗਾਹ ਬਣਾ ਕੇ ਹਮਲਿਆਂ ਦੀ ਮਾਰ ਤੋਂ ਬਚ ਜਾਂਦੇ ਸਨ ਅਤੇ ਹਮਲਾਵਰਾਂ ਦੇ ਵਾਪਸ ਮੁੜਨ ਦੇ ਸਮੇਂ ਏਹੀ ਲੋਕ ਮੌਕਾ ਮਿਲਣ `ਤੇ ਉਨ੍ਹਾਂ ਨੂੰ ਨੁਕਸਾਨ ਹੀ ਨਹੀਂ ਪਹੁੰਚਾਉਂਦੇ ਸਨ, ਬਲਕਿ ਲੁੱਟ ਵੀ ਲੈਂਦੇ ਸਨ।
ਲੇਖਕ ਨੇ ਪੰਜਾਬ ਦੀ ਧਰਤੀ `ਤੇ ਜੰਮੇ ਦੇਸ਼-ਪ੍ਰੇਮੀਆਂ, ਸਮਾਜਿਕ ਨਿਖਾਰ ਕਰਨ ਵਾਲੇ ਸੁਧਾਰਕਾਂ ਦੀ ਅਣ-ਗਿਣਤ ਲੜੀ ਦਾ ਜ਼ਿਕਰ ਕੀਤਾ ਹੈ, ਜਿਸ ਦੀ ਝਲਕ ਇਸ ਕਿਤਾਬ ਵਿੱਚ ਮਿਲਦੀ ਹੈ। ਲੇਖਕ ਨੇ ਸੱਥ ਵਿੱਚ ਹੋਣ ਵਾਲੇ ਚਰਚਿਆਂ ਦਾ ਵੀ ਬਾਖੂਬੀ ਜ਼ਿਕਰ ਕੀਤਾ ਹੈ ਕਿ ਕਿਸ ਤਰ੍ਹਾਂ ਸੱਥ ਦੀ ਚਰਚਾ ਹਰ ਇਨਸਾਨ ਦੇ ਮਨੋਵਿਗਿਆਨ `ਤੇ ਕਿੰਨਾ ਵੱਡਾ ਅਸਰ ਕਰਦੀ ਹੈ ਅਤੇ ਏਹੀ ਚਰਚਾ ਦਾ ਹਰ ਇਨਸਾਨ ਦੀ ਵਿਚਾਰਧਾਰਾ ਵਿੱਚ ਵੱਡਮੁੱਲਾ ਯੋਗਦਾਨ ਹੁੰਦਾ ਹੈ। ਸਮੁੱਚੀ ਕਿਤਾਬ ਨੂੰ ਦ੍ਰਿਸ਼ਟੀ ਨਾਲ ਵਾਚਿਆਂ ਇਹ ਮਹਿਸੂਸ ਹੁੰਦਾ ਹੈ ਕਿ ਲੇਖਕ ਨੇ ਪੰਜਾਬ ਦੇ ਪਿਛੋਕੜ ਨੂੰ ਬਹੁਤ ਡੂੰਘਾਈ ਨਾਲ ਅਤੇ ਬਹੁਪੱਖੀ ਪਹਿਲੂ ਤੋਂ ਵਾਚਣ ਉਪਰੰਤ ਪੰਜਾਬ ਦੀ ਬਹੁਤ ਖੁੱਲ੍ਹੀ ਝਲਕ ਦਿਖਾਈ ਹੈ, ਜਿਸ ਵਿੱਚ ਜਨ-ਜੀਵਨ ਦੇ ਹਰ ਪੱਖ ਨੂੰ ਖੰਘਾਲਿਆ ਹੈ ਅਤੇ ਪੰਜਾਬ ਦੇ ਸਮੇਂ ਸਮੇਂ ਸਿਰ ਸੱਭਿਆਚਾਰਕ ਸਿਆਸੀ ਤੇ ਪੇਂਡੂ ਪੱਧਰ `ਤੇ ਆਏ ਬਦਲਾਅ ਦੀ ਵਿਆਖਿਆ ਕੀਤੀ ਹੈ। ਇਸ ਕਿਤਾਬ ਨੂੰ ਪੜ੍ਹਨ ਉਪਰੰਤ ਇੱਕ ਡੂੰਘੀ ਚੀਸ ਵੀ ਮਹਿਸੂਸ ਹੁੰਦੀ ਹੈ ਕਿ ਹਿੰਦੁਸਤਾਨ ਦੇ ਸੂਬਿਆਂ ਦੇ ਗਠਨ ਉਪਰੰਤ ਪੰਜਾਬ ਨੂੰ ਆਪਣੀ ਪਹਿਚਾਣ ਖੁੱਸਦੀ ਹੋਈ ਨਜ਼ਰ ਆ ਰਹੀ ਹੈ।
ਭਾਸ਼ਾ ਵਿਭਾਗ ਨੇ ਪਿੰਡਾਂ-ਸ਼ਹਿਰਾਂ `ਤੇ ਸਰਵੇ ਕਿਤਾਬਾਂ ਲੇਖਕਾਂ ਤੋਂ ਤਿਆਰ ਕਰਵਾ ਕੇ ਛਾਪੀਆਂ ਹਨ, ਹੁਣ ਕਈ ਲੇਖਕਾਂ ਨੇ ਆਪੋ ਆਪਣੇ ਪਿੰਡਾਂ `ਤੇ ਵੀ ਖੋਜ ਭਰਪੂਰ ਕਿਤਾਬਾਂ ਲਿਖੀਆਂ ਹਨ, ਜਿਵੇਂ ਕਿ ਜਥੇਦਾਰ ਤੋਤਾ ਸਿੰਘ ਤੇ ਲੈਫ਼. ਕਰਨਲ ਜਗਦੀਸ਼ ਸਿੰਘ ਬਰਾੜ ਨੇ ਪਿੰਡ ਖੋਟੇ `ਤੇ ਵਿਸਥਾਰਤ ਕਿਤਾਬ ਪੇਸ਼ ਕੀਤੀ ਹੈ।
ਸੌ ਸਾਲ ਤੋਂ ਵੱਧ ਜਿਊਣ ਵਾਲੇ ਵਿਅਕਤੀਆਂ ਦੀਆਂ ਫੋਟੋਆਂ, ਪਿੰਡ ਦੀ ਪੰਚਾਇਤ ਦੇ ਮੁਖੀ ਸਰਪੰਚਾਂ, ਪਤਵੰਤੇ ਸੱਜਣਾਂ ਸਕੂਲ ਦੇ ਅਧਿਆਪਕਾਂ ਅਤੇ ਸਕੂਲ ਦੀਆਂ ਕੁਝ ਫੋਟੋਆਂ, ਪਿੰਡ ਦੀਆਂ ਯਾਦਗਾਰਾਂ ਅਤੇ ਪਿੰਡ ਦਾ ਪੱਤੀ ਅਨੁਸਾਰ ਕੁਰਸੀਨਾਮਾ ਮਿਹਨਤ ਭਰਪੂਰ ਕਾਰਜ ਸ਼ਾਮਲ ਹੈ। ਕਿਤਾਬ ਦੇ 35 ਭਾਗ ਬਣਾਏ ਗਏ ਹਨ। ਲੇਖਕ ਨੇ ਆਪਣੇ ਪਰਿਵਾਰ ਦਾ ਕੁਰਸੀਨਾਮਾ, ਪਿੰਡ ਖੋਟੇ ਬੱਜਣ ਸਮੇਂ ਦਾ ਨਕਸ਼ਾ ਅਤੇ ਪੁਰਾਤਨ ਉਰਦੂ ਫਾਰਸੀ ਲਿਖਤ, ਪਿੰਡ ਦੀਆਂ ਉਚ ਸਿਖਿਅਤ 13 ਨੂੰਹਾਂ, 15 ਧੀਆਂ, 27 ਪੁੱਤਰਾਂ, ਦੇਸ ਦੀਆਂ ਸਰਹੱਦਾਂ ਅਤੇ ਅਮਨ ਕਾਨੂੰਨ ਦੇ ਰਾਖਿਆਂ ਦੀਆਂ ਫੋਟੋਆਂ ਤੇ ਵੇਰਵੇ, ਪਿੰਡ ਦੀਆਂ ਪੱਤੀਆਂ ਦੇ ਕੁਰਸੀਨਾਮੇ ਸ਼ਾਮਲ ਕੀਤੇ ਹਨ, ਜੋ ਵੱਖ-ਵੱਖ ਜਾਤਾਂ ਨਾਲ ਸਬੰਧਤ ਹਨ।
ਲੇਖਕ ਨੇ ਹੱਥਲੀ ਕਿਤਾਬ ਆਪਣੇ ਮਾਤਾ-ਪਿਤਾ ਅਤੇ ਉਨ੍ਹਾਂ ਮਹਾਨ ਸਮੂਹ ਸ਼ਹੀਦਾਂ, ਜਿਨ੍ਹਾਂ ਨੇ ਆਪਣੇ ਦੇਸ਼ ਵਾਸੀਆਂ ਦੀ ਸਮਾਜਿਕ, ਆਰਥਿਕ ਤੇ ਧਾਰਮਿਕ ਆਜ਼ਾਦੀ ਦੀ ਪ੍ਰਾਪਤੀ ਲਈ ਕੁਰਬਾਨੀਆਂ ਦਿੱਤੀਆਂ ਅਤੇ ਉਨ੍ਹਾਂ ਲੋਕਾਂ ਨੂੰ ਜਿਹੜੇ ਔਰਤ ਦੇ ਹੱਕਾਂ, ਸਮਾਜਿਕ ਬਰਾਬਰਤਾ ਤੇ ਧਰਮ ਨਿਰਪੱਖਤਾ ਲਈ ਜੂਝ ਰਹੇ ਹਨ, ਨੂੰ ਸਮਰਪਿਤ ਕੀਤੀ ਹੈ। ਕਿਤਾਬ ਵਿੱਚ ਹਰੀਸ਼ ਰਾਏ, ਪ੍ਰਿੰ. ਬਹਾਦਰ ਸਿੰਘ ਅਤੇ ਸ੍ਰੀ ਜਸਵੰਤ ਸਿੰਘ ਜੀਰਖ ਦੀਆਂ ਵੀ ਵੱਖ-ਵੱਖ ਰਾਵਾਂ ਸਾਮਲ ਹਨ, ਜੋ ਕਿਤਾਬ ਨੂੰ ਹੋਰ ਵੀ ਪ੍ਰਭਾਵੀ ਦਿੱਖ ਦਿੰਦੀਆਂ ਹਨ।
ਗੁਰੂ ਕੇ ਬਾਗ ਵਿੱਚ ਗੋਰੇਸ਼ਾਹੀ ਤੂਫਾਨ: ਸੁਤੰਤਰਤਾ ਸੰਗਰਾਮ ਵਿੱਚ ਗੁਰੂ ਕਾ ਬਾਗ ਦੇ ਮੋਰਚੇ ਦਾ ਵਿਲੱਖਣ ਅਤੇ ਉੱਚਾ ਸਥਾਨ ਹੈ। ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਜਦੋਂ ਅਜੇ ਅੰਗਰੇਜ਼ ਸਰਕਾਰ ਵਿਰੁੱਧ ਸ਼ਾਂਤਮਈ ਅੰਦੋਲਨ ਸ਼ੁਰੂ ਕਰਨ ਲਈ ਵਿਚਾਰ-ਵਟਾਂਦਰਾ ਹੀ ਕਰ ਰਹੀ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰæੋਮਣੀ ਅਕਾਲੀ ਦਲ ਨੇ ਗੁਰੂ ਕਾ ਬਾਗ ਦੇ ਮੋਰਚੇ ਦੌਰਾਨ ਇਸ ਨੂੰ ਅਮਲੀ ਰੂਪ ਵਿੱਚ ਅਪਨਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਮੋਰਚਾ ਤਿੰਨ ਮਹੀਨੇ ਜਾਰੀ ਰਿਹਾ। ਇਸ ਅਰਸੇ ਦੌਰਾਨ ਸਾਢੇ ਪੰਜ ਹਜ਼ਾਰ ਤੋਂ ਵੱਧ ਸਿੱਖਾਂ ਨੇ ਗ੍ਰਿਫਤਾਰੀ ਦਿੱਤੀ, ਜੋ ਆਪਣੇ ਆਪ ਵਿੱਚ ਬੇਮਿਸਾਲ ਸੀ। ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ਾਂਤਮਈ ਰਹਿਣ ਦਾ ਪ੍ਰਣ ਕਰਕੇ ਸਤਿਆਗ੍ਰਹਿ ਲਈ ਰਵਾਨਾ ਹੋਣ ਵਾਲੇ ਜਥਿਆਂ ਨੇ ਬਿਨਾ ਸੀ ਕੀਤਿਆਂ ਪੁਲਿਸ ਦੇ ਜ਼ੁਲਮ ਨੂੰ ਸਹਿਣ ਕੀਤਾ, ਜਿਸ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਕਾਂਗਰਸ ਅਤੇ ਖਿਲਾਫਤ ਪਾਰਟੀ ਨਾਲ ਸਬੰਧਤ ਕੌਮੀ ਆਗੂਆਂ ਦੇ ਪ੍ਰਤੀਨਿਧਾਂ ਨੇ ਅਕਾਲੀ ਲਹਿਰ ਦੇ ਪੱਖ ਵਿੱਚ ਆਵਾਜ਼ ਉਠਾਈ। ਸਮੁੱਚੀ ਅਕਾਲੀ ਲਹਿਰ ਵਿੱਚ ਇਹ ਮੋਰਚਾ ਲਹਿਰ ਦਾ ਸਿਖਰ ਹੋ ਨਿਬੜਿਆ। ਇਸ ਵਿਚਾਰ ਵਿੱਚੋਂ ‘ਰੋਜ਼ਨਾਮਚਾ ਮੋਰਚਾ ਗੁਰੂ ਕਾ ਬਾਗ’ ਪੁਸਤਕ ਤਿਆਰ ਹੋਈ।
ਗਿਆਨੀ ਨਿਰੰਜਨ ਸਿੰਘ ‘ਸਰਲ` ਦੀ ਰਚਨਾ ‘ਗੁਰੂ ਕੇ ਬਾਗ ਵਿੱਚ ਗੋਰੇਸ਼ਾਹੀ ਤੂਫਾਨ’ ਨੂੰ ਡਾ. ਗੁਰਦੇਵ ਸਿੰਘ ਸਿੱਧੂ ਨੇ ਸੰਪਾਦਕ ਕੀਤਾ ਹੈ। ਭਾਵੇਂ ਹੱਥਲੀ ਪੁਸਤਕ ਦਾ ਮੁੱਖ ਭਾਗ ਗਿਆਨੀ ਨਿਰੰਜਨ ਸਿੰਘ ‘ਸਰਲ` ਦੀ ਰਚਨਾ ‘ਗੁਰੂ ਕੇ ਬਾਗ ਵਿੱਚ ਗੋਰੇਸ਼ਾਹੀ ਤੂਫਾਨ’ ਹੀ ਹੈ। ਇਸ ਵਿੱਚ ਰਚਨਾਵਾਂ ਦੋ ਪ੍ਰਕਾਰ ਦੀਆਂ ਹਨ: ਪਹਿਲੀਆਂ ਪੈਂਫਲਿਟਾਂ ਦੇ ਰੂਪ ਵਿੱਚ ਪ੍ਰਕਾਸ਼ਿਤ ਹੋਈਆਂ ਰਚਨਾਵਾਂ ਅਤੇ ਦੂਜੀਆਂ ਫੁਟਕਲ ਕਵਿਤਾਵਾਂ, ਜੋ ਸਮੇਂ ਸਮੇਂ ਸਮਕਾਲੀ ਅਖਬਾਰਾਂ ਵਿੱਚ ਛਪੀਆਂ। ਇਨ੍ਹਾਂ ਨੂੰ ਵਿਭਿੰਨ ਸਰੋਤਾਂ ਤੋਂ ਇਕੱਤਰ ਕਰਕੇ ਇਸ ਸੰਗ੍ਰਹਿ ਵਿੱਚ ਸਥਾਨ ਦਿੱਤਾ ਗਿਆ ਹੈ। ਸਿੱਖ ਜਗਤ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਅਕਾਲੀ ਲਹਿਰ ਦੌਰਾਨ ਹੋਈ ਅਤੇ 1922 ਵਿੱਚ ਲੱਗਾ ਗੁਰੂ ਕੇ ਬਾਗ ਦਾ ਮੋਰਚਾ ਇਸ ਲਹਿਰ ਦਾ ਅਹਿਮ ਪੜਾਅ ਸੀ।
ਅਕਾਲੀਆਂ ਦੇ ਸਾਮਰਾਜੀ ਅੰਗਰੇਜ਼ ਸਰਕਾਰ ਵਿਰੁੱਧ ਕੀਤੇ ਸੰਘਰਸ਼ ਬਾਰੇ ਦਸੰਬਰ 1922 ਵਿੱਚ ਪ੍ਰੋ. ਰੁਚੀ ਰਾਮ ਸਾਹਨੀ ਨੇ ਇਉਂ ਲਿਖਿਆ ਸੀ, ਸਿੱਖਾਂ ਵਿੱਚ ਆਈ ਮਾਅਰਕੇ ਦੀ ਸੱਜਰੀ ਜਾਗ੍ਰਿਤੀ, ਆਪਣੇ ਇਤਿਹਾਸਿਕ ਧਰਮ ਅਸਥਾਨਾਂ ਦੇ ਸੁਧਾਰ ਤੇ ਮੁਕਤੀ ਲਈ ਉਨ੍ਹਾਂ ਦੇ ਸੰਘਰਸ਼, ਉਨ੍ਹਾਂ ਦੀਆਂ ਜਿੱਤਾਂ ਅਤੇ ਨਿਰਾਸ਼ਤਾਵਾਂ ਦੀ ਕਹਾਣੀ ਹਰ ਥਾਂ ਬੜੇ ਧਿਆਨ ਤੇ ਦਿਲਚਸਪੀ ਨਾਲ ਪੜ੍ਹੀ ਜਾਵੇਗੀ। ਵੀਹਵੀਂ ਸਦੀ ਦੇ ਮਹਾਂ-ਕਾਵਿ ਦੇ ਨਾਇਕ ਸਾਨੂੰ ਅਕਾਲੀ ਜਥਿਆਂ ਵਿੱਚ ਸ਼ਾਮਲ ਮੁੱਖ ਤੌਰ ਉੱਤੇ ਸਧਾਰਨ ਪੇਂਡੂ ਦਿਖਾਈ ਦਿੱਤੇ ਹਨ। ਇਹ ਸਾਰੀ ਗਾਥਾ ਸਚੁਮੱਚ ਹੀ ਸਾਡੀ ਸਿਮਰਤੀ ਵਿੱਚ ਉਨੇ ਹੀ ਪਿਆਰ, ਸਤਿਕਾਰ ਅਤੇ ਸ਼ਲਾਘਾ ਨਾਲ ਸੰਭਾਲਣਯੋਗ ਹੈ, ਜਿਵੇਂ ਪੁਰਾਤਨ ਮਹਾਂ-ਕਾਵਿ ਸੰਭਾਲੇ ਗਏ ਹਨ। ਉਹ ਦਿਨ ਦੂਰ ਨਹੀਂ, ਜਦੋਂ ਸ਼ਾਨਦਾਰ ਆਦਰਸ਼ਵਾਦ ਤੋਂ ਪ੍ਰੇਰਿਤ ਨਾਇਕਤਵ ਦੀ ਵਿਥਿਆ ਨੂੰ ਕੋਈ ਉਚ ਕੋਟੀ ਦਾ ਕਵੀ ਆਪਣੀ ਰਚਨਾ ਸਦਕਾ ਅਮਰ ਬਣਾ ਦੇਵੇਗਾ।
ਸੰਪਾਦਕ ਖੋਜੀ ਬਿਰਤੀ ਦਾ ਮਾਲਕ ਹੈ, ਉਸ ਨੂੰ ਇਸ ਸਬੰਧੀ ਖੋਜ ਕਰਦਿਆਂ ਤਿੰਨ ਵੱਡੇ ਕਾਵਿ ਗ੍ਰੰਥ ਕ੍ਰਮਵਾਰ ਗਿਆਨੀ ਨਿਰੰਜਨ ਸਿੰਘ ‘ਸਰਲ’, ਗਿਆਨੀ ਕਰਤਾਰ ਸਿੰਘ ਕਲਾਸਵਾਲੀਆ ਅਤੇ ਗਿਆਨੀ ਬਿਸ਼ਨ ਸਿੰਘ ਦੇ ਲਿਖੇ ਪ੍ਰਾਪਤ ਹੋਏ ਹਨ। ਗਿਆਨੀ ਨਿਰੰਜਨ ਸਿੰਘ ‘ਸਰਲ` ਨੇ ਸਰਗਰਮੀ ਨਾਲ ਮੋਰਚੇ ਵਿੱਚ ਭਾਗ ਲਿਆ ਸੀ, ਗਿਆਨੀ ਕਰਤਾਰ ਸਿੰਘ ਕਲਾਸਵਾਲੀਆ ਸ੍ਰੀ ਦਰਬਾਰ ਸਾਹਿਬ ਵਿਖੇ ਸਨ ਅਤੇ ਗਿਆਨੀ ਬਿਸ਼ਨ ਸਿੰਘ ਖਾਲਸਾ ਸਕੂਲ ਅਧਿਆਪਕ ਸੀ। ਇਸ ਮੋਰਚੇ ਬਾਰੇ ਬਹੁਤ ਸਾਰੀ ਫੁਟਕਲ ਕਵਿਤਾ ਵੀ ਲਿਖੀ ਗਈ, ਜੋ ਉਨ੍ਹੀਂ ਦਿਨੀਂ ਛਪਦੇ ਅਖਬਾਰਾਂ ਅਤੇ ਰਸਾਲਿਆਂ ਦਾ ਸ਼ਿੰਗਾਰ ਬਣੀ। ਉਨ੍ਹੀਂ ਦਿਨੀਂ ‘ਤੇਰਾ ਬਾਗ ਹੋ ਰਿਹਾ ਵੈਰਾਨ ਬਾਬਾ’ ਅਤੇ ‘ਸਾਡਾ ਗੁਰੂ ਤੇ ਗੁਰੂ ਕਾ ਬਾਗ ਸਾਡਾ’ ਬੜੀ ਪ੍ਰਚੱਲਤ ਹੋਈ। ਕਵੀ ਦਰਬਾਰਾਂ ਵਿੱਚ ਅਕਸਰ ਹੀ ਅਜਿਹੀਆਂ ਲਿਖੀਆਂ ਕਵਿਤਾਵਾਂ ਪੜ੍ਹੀਆਂ ਜਾਂਦੀਆਂ ਸਨ। ਨਿਰਸੰਦੇਹ ਇਹ ਰਚਨਾਵਾਂ ਇਤਿਹਾਸਕ ਮਹੱਤਵ ਰੱਖਦੀਆਂ ਹਨ। ਹੱਥਲੀ ਪੁਸਤਕ ਸਾਹਿਤਕ ਪੱਖੋਂ ਵੀ ਬਹੁਮੁੱਲੀ ਅਤੇ ਪਾਠਕਾਂ ਲਈ ਲਾਹੇਵੰਦੀ ਹੈ।