ਪੰਜਾਬੀਆਂ ਨੇ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਜਾ ਕੇ ਉਚੇਰੇ ਮੁਕਾਮ ਹਾਸਿਲ ਕੀਤੇ ਹਨ ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਪੱਗ ਦਾ ਸ਼ਮਲਾ ਉੱਚਾ ਕੀਤਾ ਹੈ। ਕੈਨੇਡਾ ਤੇ ਅਮਰੀਕਾ ਵਿੱਚ ਆਪਣੇ ਭਾਈਚਾਰੇ ਦਾ ਜ਼ਿਕਰ ਬੁਲੰਦ ਕਰਨ ਵਾਲੇ ਪੰਜਾਬੀਆਂ ਦੀ ਗੱਲ ਕਰਨ ਤੋਂ ਬਾਅਦ ਇਸ ਲੇਖ ਵਿੱਚ ਲੇਖਕ ਨੇ ਯੂ.ਕੇ. ਵਿੱਚ ਪੰਜਾਬੀਆਂ ਦੇ ਪਰਵਾਸ ਦਾ ਕਿੱਸਾ ਛੋਹਿਆ ਹੈ। ਪੇਸ਼ ਹੈ, ਯੂ.ਕੇ. ਵਿੱਚ ਆ ਵੱਸਣ ਅਤੇ ਸਖਤ ਘਾਲਣਾ ਘਾਲ ਕੇ ਆਪਣਾ ਮੁਕਾਮ ਪਾਉਣ ਵਾਲੇ ਪੰਜਾਬੀਆਂ ਬਾਰੇ ਇਹ ਲੇਖ…
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ: +91-9781646008
ਪੰਜਾਬੀ ਲੋਕ ਬੜੇ ਹੀ ਹਿੰਮਤੀ ਅਤੇ ਅੰਤਾਂ ਦੇ ਮਿਹਨਤੀ ਹਨ। ਇਨ੍ਹਾਂ ਨੇ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਜਾ ਕੇ ਉਚੇਰੇ ਮੁਕਾਮ ਹਾਸਿਲ ਕੀਤੇ ਹਨ ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਪੱਗ ਦਾ ਸ਼ਮਲਾ ਉੱਚਾ ਕੀਤਾ ਹੈ। ਕੈਨੇਡਾ ਤੋਂ ਬਾਅਦ ਪੰਜਾਬੀਆਂ ਦੀ ਸਭ ਤੋਂ ਵੱਧ ਵੱਸੋਂ ਯੂ.ਕੇ. ਵਿੱਚ ਹੀ ਪਾਈ ਜਾਂਦੀ ਹੈ। ਦਿਲਚਸਪ ਤੱਥ ਇਹ ਹੈ ਕਿ ਪੰਜਾਬੀ ਲੋਕ ਕੈਨੇਡਾ ਤੋਂ ਪਹਿਲਾਂ ਯੂ.ਕੇ. ਵਿਖੇ ਗਏ ਸਨ। ਯੂ.ਕੇ. ਵਿੱਚ ਪੰਜਾਬੀਆਂ ਦੀ ਸੰਖਿਆ ਸੱਤ ਲੱਖ ਤੋਂ ਵੱਧ ਹੈ, ਜਿਨ੍ਹਾਂ ਵਿੱਚੋਂ 5,24529 ਦੇ ਕਰੀਬ ਸਿੱਖ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਸਿੱਖਾਂ ਦੀ ਇਹ ਆਬਾਦੀ ਸੰਨ 2021 ਦੀ ਜਨਗਣਨਾ ਅਨੁਸਾਰ ਬਰਤਾਨੀਆਂ ਦੀ ਕੁੱਲ ਆਬਾਦੀ ਦਾ 0.85 ਫ਼ੀਸਦੀ ਬਣਦੀ ਹੈ, ਹਾਲਾਂਕਿ ਇਸ ਵਿੱਚ ਸਕਾਟਲੈਂਡ ਵਿਖੇ ਵੱਸਦੇ ਸਿੱਖਾਂ ਦੀ ਗਿਣਤੀ ਸ਼ਾਮਿਲ ਨਹੀਂ ਹੈ। ਜ਼ਿਕਰਯੋਗ ਹੈ ਕਿ ਉਕਤ ਜਨਗਣਨਾ ਅਨੁਸਾਰ ਬਰਤਾਨੀਆ ਵਿੱਚ ਸਿੱਖਾਂ ਦੀ ਕੁੱਲ ਆਬਾਦੀ ਵਿੱਚੋਂ 5,20092 ਸਿੱਖ ਇੰਗਲੈਂਡ, 4048 ਸਿੱਖ ਵੇਲਜ਼ ਅਤੇ 389 ਸਿੱਖ ਉੱਤਰੀ ਆਇਰਲੈਂਡ ਵਿੱਚ ਵੱਸਦੇ ਹਨ (ਹੁਣ ਵੱਧ ਹਨ)। ਸਿੱਖਾਂ ਦੀ ਸਭ ਤੋਂ ਵੱਧ ਜਨਸੰਖਿਆ ‘ਗ੍ਰੇਟਰ ਇੰਗਲੈਂਡ’ ਅਤੇ ‘ਪੱਛਮੀ ਮਿਡਲੈਂਡ’ ਇਲਾਕਿਆਂ ਵਿੱਚ ਵੱਸਦੀ ਹੈ।
ਇਤਿਹਾਸ ਦੇ ਪੰਨੇ ਫ਼ਰੋਲਦਿਆਂ ਪਤਾ ਲੱਗਦਾ ਹੈ ਕਿ ਯੂ.ਕੇ. ਵਿੱਚ ਪੰਜਾਬੀਆਂ ਦੀ ਆਮਦ ਪੰਜਾਬ ਵਿੱਚ ਸਿੱਖ ਰਾਜ ਦੇ ਆਖ਼ਰੀ ਵਾਰਿਸ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਵੱਲੋਂ ਬੜੇ ਹੀ ਸ਼ਾਤਿਰਾਨਾ ਢੰਗ ਅਤੇ ਚਾਲ ਨਾਲ ਸੰਨ 1853 ਵਿੱਚ ਇੰਗਲੈਂਡ ਵਿਖੇ ਲੈ ਕੇ ਆਉਣ ਨਾਲ ਅਰੰਭ ਹੋਈ ਸੀ। ਇਸਦਾ ਇਹ ਤੱਤ ਵੀ ਕੱਢਿਆ ਜਾ ਸਕਦਾ ਹੈ ਕਿ ਯੂ.ਕੇ. ਪੁੱਜਣ ਵਾਲਾ ਪਹਿਲਾ ਪੰਜਾਬੀ ਸ਼ਖ਼ਸ ਇੱਕ ਸਿੱਖ ਸੀ ਤੇ ਉਹ ਮਹਾਰਾਜਾ ਦਲੀਪ ਸਿੰਘ ਸੀ। ਮਹਾਰਾਜਾ ਦਲੀਪ ਸਿੰਘ ਦੀ ਪਤਨੀ ਬੰਬਾ ਮੂਲਰ ਤੋਂ ਪੈਦਾ ਹੋਈ ਉਸਦੀ ਧੀ ਸੋਫ਼ੀਆ ਦਲੀਪ ਸਿੰਘ ਨੇ ਇੰਗਲੈਂਡ ਵਿੱਚ ਔਰਤਾਂ ਦੇ ਹੱਕਾਂ ਲਈ ਬੜੀ ਹੀ ਬੇਬਾਕੀ ਨਾਲ ਆਵਾਜ਼ ਬੁਲੰਦ ਕੀਤੀ ਸੀ। ਆਪਣੀ ਜਨਮ ਭੋਇੰ ਪੰਜਾਬ ਆਉਣ ਲਈ ਤਰਸਦੇ ਮਹਾਰਾਜਾ ਦਲੀਪ ਸਿੰਘ ਦਾ 22 ਅਕਤੂਬਰ 1893 ਨੂੰ ਸਿਰਫ 55 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ 19ਵੀਂ ਸਦੀ ਦੇ ਅਖੀਰ ਅਤੇ 20ਵੀਂ ਸਦੀ ਦੇ ਅਰੰਭ ਵਿੱਚ ਯੂ.ਕੇ. ਵਿਖੇ ਪੁੱਜਣ ਵਾਲੇ ਪੰਜਾਬੀਆਂ ਵਿੱਚ ਵਧੇਰੇ ਸੰਖਿਆ ਘਰਾਂ ਵਿੱਚ ਕੰਮ ਲਈ ਲੋੜੀਂਦੇ ਸੇਵਾਦਾਰਾਂ, ਵਿਦਿਆਰਥੀਆਂ, ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਦੇ ਅਧਿਕਾਰੀਆਂ ਜਾਂ ਫਿਰ ਬਰਤਾਨਵੀ ਸਮੁੰਦਰੀ ਜਹਾਜ਼ਾਂ ‘ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਸੀ। ਚੇਤੇ ਰੱਖਣਯੋਗ ਤੱਥ ਹੈ ਕਿ ਭਾਰਤ ਦੀ ਆਜ਼ਾਦੀ ਦੀ ਲੜਾਈ ਹਿਤ ਆਪਣੇ ਪ੍ਰਾਣ ਨਿਛਾਵਰ ਕਰਨ ਵਾਲਾ ਪੰਜਾਬੀ ਨੌਜਵਾਨ ਮਦਨ ਲਾਲ ਢੀਂਗਰਾ ਸੰਨ 1906 ਵਿੱਚ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਲੰਦਨ ਗਿਆ ਸੀ ਤੇ ਜੱਲਿ੍ਹਆਂਵਾਲਾ ਬਾਗ਼ ਕਾਂਡ ਦਾ ਬਦਲਾ ਲੈਣ ਵਾਲਾ ਸ਼ਹੀਦ ਊਧਮ ਸਿੰਘ ਸੰਨ 1934 ਵਿੱਚ ਲੰਦਨ ਪੁੱਜਿਆ ਸੀ।
ਪੰਜਾਬੀਆਂ ਦਾ ਯੂ.ਕੇ. ਵਿੱਚ ਵੱਡੀ ਮਾਤਰਾ ਵਿੱਚ ਪਰਵਾਸ ਸੰਨ 1950 ਦੇ ਕਰੀਬ ਹੋਇਆ ਸੀ, ਜਦੋਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂ.ਕੇ. ਅੰਦਰ ਮਜ਼ਦੂਰਾਂ ਦੀ ਭਾਰੀ ਕਮੀ ਆ ਗਈ ਸੀ ਤੇ ਇਸ ਕਮੀ ਨੂੰ ਪੂਰਨ ਲਈ ਅੰਗਰੇਜ਼ਾਂ ਨੇ ਪੰਜਾਬ ਸਣੇ ਹੋਰ ਰਾਜਾਂ ਅਤੇ ਮੁਲਕਾਂ ਤੋਂ ਮਜ਼ਦੂਰ ਭਰਤੀ ਕਰ ਲਏ ਸਨ। ਪੰਜਾਬ ਤੋਂ ਆਏ ਇਹ ਮਜ਼ਦੂਰ ਯੂ.ਕੇ. ਦੇ ਵੱਖ-ਵੱਖ ਕਾਰਖ਼ਾਨਿਆਂ, ਕੱਪੜਾ ਮਿੱਲਾਂ ਅਤੇ ਘਰਾਂ ਵਿੱਚ ਕੰਮ ‘ਤੇ ਲੱਗੇ ਸਨ। ਜ਼ਿਆਦਾਤਰ ਪੰਜਾਬੀ ਕਿਉਂਕਿ ਸਾਊਥਹਾਲ ਦੇ ਇਲਾਕੇ ‘ਚ ਵੱਸਣੇ ਸ਼ੁਰੂ ਹੋਏ ਸਨ, ਇਸ ਲਈ ਇਹ ਇਲਾਕਾ ਹੌਲੀ-ਹੌਲੀ ਪੰਜਾਬੀਆਂ ਦਾ ਗੜ੍ਹ ਜਾਂ ਫਿਰ ਅੱਗੇ ਜਾ ਕੇ ਇੱਕ ਤਰ੍ਹਾਂ ਦਾ ‘ਮਿੰਨ੍ਹੀ ਪੰਜਾਬ’ ਹੋ ਨਿੱਬੜਿਆ ਸੀ। ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਵਿੱਚ ਜਦ ਪੂਰਬੀ ਅਫ਼ਰੀਕਾ ਦੇ ਕੀਨੀਆ ਅਤੇ ਯੂਗਾਂਡਾ ਨੂੰ ਬਰਤਾਨਵੀ ਸ਼ਾਸ਼ਨ ਤੋਂ ਆਜ਼ਾਦੀ ਮਿਲੀ ਸੀ ਤਾਂ ਉੱਥੇ ਵੱਸਦੇ ਪੰਜਾਬੀ ਵੱਡੀ ਗਿਣਤੀ ਵਿੱਚ ਹਿਜਰਤ ਕਰਕੇ ਯੂ.ਕੇ. ਆ ਗਏ ਸਨ। ਇਨ੍ਹਾਂ ਵਿੱਚੋਂ ਵਧੇਰੇ ਪੰਜਾਬੀ ਵੱਡੇ ਵਪਾਰੀ, ਅਫ਼ਸਰ ਜਾਂ ਫ਼ਨਕਾਰ ਸਨ ਤੇ ਇਹ ਲੋਕ ਯੂ.ਕੇ. ਆ ਕੇ ਛੇਤੀ ਹੀ ਸਥਾਪਿਤ ਹੋ ਗਏ ਸਨ।
ਅਜੋਕੇ ਯੂ.ਕੇ. ‘ਚ ਜੇਕਰ ਪੰਜਾਬੀ ਭਾਸ਼ਾ ਜਾਂ ਪੰਜਾਬੀਆਂ ਦੀ ਗੱਲ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਇੱਥੇ ਪੰਜਾਬੀ ਭਾਸ਼ਾ, ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚੋਂ ਤੀਜੇ ਸਥਾਨ ‘ਤੇ ਹੈ। ਸਾਲ 2011 ਦੀ ਜਨਗਣਨਾ ਅਨੁਸਾਰ ਯੂ.ਕੇ. ਵਿੱਚ ਵੱਸਦੇ ਭਾਰਤੀ ਪੰਜਾਬੀਆਂ ਦੀ ਗਿਣਤੀ 4,66503 ਦੇ ਕਰੀਬ ਸੀ, ਜੋ ਕਿ ਯੂ.ਕੇ. ਵਿੱਚ ਵੱਸਦੇ ਕੁੱਲ ਭਾਰਤੀਆਂ ਦਾ 45 ਫ਼ੀਸਦੀ ਬਣਦੀ ਸੀ। ਇਨ੍ਹਾਂ ਪੰਜਾਬੀਆਂ ਵਿੱਚ ਵੀ ਵੱਡੀ ਗਿਣਤੀ ਸਿੱਖ ਪਰਿਵਾਰਾਂ ਦੀ ਸੀ, ਜੋ ਭਾਰਤੀ ਪੰਜਾਬ ਦੇ ਜਲੰਧਰ, ਲੁਧਿਆਣਾ, ਕਪੂਰਥਲਾ, ਹੁਸ਼ਿਆਰਪੁਰ, ਨਵਾਂ ਸ਼ਹਿਰ, ਮੋਗਾ ਅਤੇ ਬਠਿੰਡਾ ਖੇਤਰਾਂ ਨਾਲ ਸਬੰਧ ਰੱਖਦੇ ਸਨ।
ਅੰਗਰੇਜ਼ ਵਿਦਵਾਨ ਬ੍ਰਾਇਨ ਕੀਥ ਐਕਸਲ ਆਪਣੀ ਪੁਸਤਕ ‘ਦਿ ਨੇਸ਼ਨਜ਼ ਟਾਰਚਰਡ ਬਾੱਡੀ’ ਵਿੱਚ ਜ਼ਿਕਰ ਕਰਦਾ ਹੈ ਕਿ ਜਦੋਂ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ ਪੰਜਾਬ ਨੂੰ ਬਰਤਾਨਵੀ ਰਾਜ ਦਾ ਹਿੱਸਾ ਬਣਾ ਕੇ 11 ਸਾਲ ਦੀ ਉਮਰ ਦੇ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਲੈ ਆਂਦਾ ਸੀ ਤਾਂ ਫਿਰ 19ਵੀਂ ਸਦੀ ਦੇ ਦੂਜੇ ਅੱਧ ਵਿੱਚ ਪੰਜਾਬ ਤੋਂ ਸਿੱਖਾਂ ਦਾ ਯੂ.ਕੇ. ਵੱਲ ਆਉਣਾ ਅਰੰਭ ਹੋ ਗਿਆ ਸੀ ਤੇ ਇੱਥੇ ਆਉਣ ਵਾਲੇ ਸਿੱਖਾਂ ਦੇ ਮਨ ਵਿੱਚ ਇਹ ਦੁਖਦਾਇਕ ਗੱਲ ਸਦਾ ਵੱਸੀ ਰਹੀ ਸੀ ਕਿ ਦਲੀਪ ਸਿੰਘ ‘ਬਿਨਾ ਰਾਜ ਦਾ ਰਾਜਾ’ ਰੱਖਿਆ ਗਿਆ ਸੀ ਤੇ ਉਹ ‘ਆਪਣਿਆਂ ਤੋਂ ਵਿਛੋੜਿਆ ਹੋਇਆ ਇੱਕ ਲਾਚਾਰ ਸਿੱਖ’ ਸੀ।
ਇਥੇ ਆਉਣ ਵਾਲੇ ਸਿੱਖ ਅਸਲ ਵਿੱਚ ਉਹ ਪੰਜਾਬੀ ਸੈਨਿਕ ਸਨ, ਜਿਨ੍ਹਾਂ ਨੂੰ ਬਰਤਾਨਵੀ ਸ਼ਾਸਕਾਂ ਨੇ ‘ਬ੍ਰਿਟਿਸ਼ ਇੰਡੀਅਨ ਆਰਮੀ’ ਵਿੱਚ ਭਰਤੀ ਕਰਕੇ ਪਹਿਲਾਂ ਪੰਜਾਬ ਤੋਂ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਤੇ ਫਿਰ ਭਾਰਤ ਤੋਂ ਯੂ.ਕੇ. ਲਿਆਂਦਾ ਸੀ। ਇੱਥੋਂ ਫਿਰ ਵੱਡੀ ਗਿਣਤੀ ਵਿੱਚ ਕੁਸ਼ਲ ਮਜ਼ਦੂਰਾਂ ਨੂੰ ਬਰਤਾਨਵੀ ਸ਼ਾਸ਼ਨ ਅਧੀਨ ਆਉਂਦੇ ‘ਪੂਰਬੀ ਅਫ਼ਰੀਕਾ’ ਵਿਖੇ ਰੇਲਵੇ ਲਾਈਨ ਵਿਛਾਉਣ, ਬਾਂਸ ਦੀ ਖੇਤੀ ਕਰਨ ਅਤੇ ਊਠ ਪਾਲਣ ਜਿਹੇ ਹੋਰ ਕੰਮ ਕਰਨ ਲਈ ਭੇਜ ਦਿੱਤਾ ਗਿਆ ਸੀ।
ਉਧਰ ਯੂ.ਕੇ. ਦੀ ‘ਟੀਸਾਈਡ ਯੂਨੀਵਰਸਿਟੀ’ ਵੱਲੋਂ ਕੀਤੀ ਗਈ ਇੱਕ ਖੋਜ ਵਿੱਚ ਪਤਾ ਲੱਗਾ ਹੈ ਕਿ ਯੂ.ਕੇ. ਵਿੱਚ ਵੱਸਦੇ ਪੰਜਾਬੀ ਪਰਿਵਾਰ ਬੇਹੱਦ ਪੜ੍ਹੇ-ਲਿਖੇ ਅਤੇ ਸਫ਼ਲ ਪਰਿਵਾਰ ਹਨ। ਪੰਜਾਬੀਆਂ ਨੇ ਇੱਥੇ ਆਪਣੇ ਮਿਹਨਤੀ ਸੁਭਾਅ, ਉੱਚ ਵਿੱਦਿਆ, ਚੰਗੇ ਆਚਰਣ, ਰੰਗਲੇ ਸੱਭਿਆਚਾਰ, ਸੁਆਦਲੇ ਖਾਣ-ਪੀਣ ਅਤੇ ਪੱਬ ਚੱਕਵੇਂ ਸੰਗੀਤ ਨਾਲ ਯੂ.ਕੇ. ਦੇ ਸੱਭਿਆਚਾਰ ਨੂੰ ਬੇਹੱਦ ਮੁਤਾਸਿਰ ਕੀਤਾ ਹੈ। ਪੰਜਾਬੀ ਲੋਕ ਨਾਚ ‘ਭੰਗੜਾ’, ਪੰਜਾਬੀ ਲੋਕ ਸੰਗੀਤ ਤੇ ਪੰਜਾਬੀ ਪੌਪ ਅਤੇ ਖਾਣੇ ਵਿੱਚ ‘ਚਿਕਨ ਟਿੱਕਾ ਮਸਾਲਾ’ ਨੇ ਤਾਂ ਯੂ.ਕੇ. ਵਾਸੀਆਂ ਨੂੰ ਪੂਰੀ ਤਰ੍ਹਾਂ ਦੀਵਾਨਾ ਬਣਾਇਆ ਹੋਇਆ ਹੈ।
ਇੱਥੋਂ ਦੇ ਸਫ਼ਲ ਪੰਜਾਬੀ ਵਪਾਰੀਆਂ ਵਿੱਚ ਜਿੱਥੇ ਸ੍ਰੀ ਸੁਰਿੰਦਰ ਅਰੋੜਾ ਜਿਹੇ ਅਰਬਪਤੀ ਅਤੇ ਅਵਤਾਰ ਲਿਟ, ਦੁਬਿੰਦਰਜੀਤ ਸਿੰਘ, ਜਸਮਿੰਦਰ ਸਿੰਘ, ਕੁਲਵੀਰ ਰੰਗੜ, ਪਰਮ ਸਿੰਘ ਆਦਿ ਉਦਯੋਗਪਤੀਆਂ ਦੇ ਨਾਂ ਸ਼ਾਮਿਲ ਹਨ, ਉਥੇ ਹੀ ਲੋਕ ਭਲਾਈ ਕਾਰਜਾਂ ਲਈ ਦਾਨ ਦੇਣ ਵਾਲੇ ਪੰਜਾਬੀਆਂ ਵਿੱਚ ਦਲਜੀਤ ਸਿੰਘ ਸ਼ੇਰਗਿੱਲ, ਈਮਾਨਦੀਪ ਕੌਰ, ਬਲਵੰਤ ਕੌਰ, ਮਹਿੰਦਰ ਸਿੰਘ ਆਹਲੂਵਾਲੀਆ, ਨਿੱਡਰ ਸਿੰਘ ਨਿਹੰਗ ਅਤੇ ਖ਼ਾਲਸਾ ਏਡ ਦੇ ਸ. ਰਵੀ ਸਿੰਘ ਆਦਿ ਹਸਤੀਆਂ ਦੇ ਨਾਂ ਪ੍ਰਮੁੱਖ ਹਨ। ਵਿਦਿਅਕ ਖੇਤਰ ਦੀਆਂ ਸਿਰਮੌਰ ਸ਼ਖ਼ਸੀਅਤਾਂ ਵਿੱਚ ਪ੍ਰੋ. ਜਗਜੀਤ ਚੱਢਾ, ਡਾ. ਹਰਮਿੰਦਰ ਦੁਆ, ਪ੍ਰੋ. ਕੁਲਵੰਤ ਭੁਪਾਲ, ਉਪ ਕੁਲਪਤੀ ਸ. ਸੁਖਬੀਰ ਸਿੰਘ ਕਪੂਰ, ਪ੍ਰੋ. ਤੇਜਿੰਦਰ ਸਿੰਘ ਵਿਰਦੀ ਅਤੇ ਕਾਨੂੰਨ ਦੇ ਖੇਤਰ ਵਿੱਚ ਸ. ਅਨੂਪ ਸਿੰਘ ਚੌਧਰੀ, ਬਬਲ ਚੀਮਾ, ਜਸਵੀਰ ਸਿੰਘ, ਮੋਤਾ ਸਿੰਘ, ਜੋਅ ਸਿੱਧੂ ਅਤੇ ਰਬਿੰਦਰ ਸਿੰਘ ਆਦਿ ਦੇ ਨਾਂ ਬੜੇ ਫ਼ਖ਼ਰ ਨਾਲ ਲਏ ਜਾਂਦੇ ਹਨ।
ਯੂ.ਕੇ. ਨਾਲ ਜੁੜੇ ਮਨੋਰੰਜਨ ਜਗਤ ਦੇ ਪ੍ਰਮੁੱਖ ਚਿਹਰਿਆਂ ਵਿੱਚ ਮੈਂਡੀ ਤੱਖਰ, ਗੁਰਿੰਦਰ ਚੱਢਾ, ਅਮਿਤ ਚਾਨਾ, ਚੰਨਦੀਪ ਉੱਪਲ, ਹਰਨਾਮ ਕੌਰ, ਜੱਸਾ ਆਹਲੂਵਾਲੀਆ, ਨੀਲਮ ਗਿੱਲ, ਪਰਮਿੰਦਰ ਨਾਗਰਾ ਤੇ ਸੰਜੀਵ ਕੋਹਲੀ ਅਤੇ ਸੰਗੀਤ ਜਗਤ ਵਿੱਚ ਅਮਨ ਹੇਅਰ, ਸੁਖਸ਼ਿੰਦਰ ਸ਼ਿੰਦਾ, ਬੈਲੀ ਸੱਗੂ, ਹਾਰਡ ਕੌਰ, ਜੈਜ਼ੀ ਬੀ, ਜੱਸੀ ਸਿੱਧੂ, ਮਲਕੀਤ ਸਿੰਘ, ਪ੍ਰੋ. ਸੁਰਿੰਦਰ ਸਿੰਘ ਮਠਾਰੂ ਤਾਂ ਬੇਹੱਦ ਮਕਬੂਲ ਰਹੇ ਹਨ। ਯੂ.ਕੇ. ‘ਚ ਰਹਿੰਦੇ ਆਤਮਾ ਸਿੰਘ, ਦਿਲਜੀਤ ਰਾਣਾ, ਗੁਰਿੰਦਰ ਜੋਸਨ, ਹਰਦਿਆਲ ਢੀਂਡਸਾ, ਨੀਨਾ ਗਿੱਲ, ਉਂਕਾਰ ਸਹੋਤਾ, ਪਰਮਜੀਤ ਢਾਂਡਾ, ਪਰਮਜੀਤ ਸਿੰਘ ਗਿੱਲ, ਪ੍ਰੀਤ ਗਿੱਲ, ਪਿਆਰਾ ਖਾਂਬੜਾ ਅਤੇ ਤਨਮਨਜੀਤ ਸਿੰਘ ਢੇਸੀ ਆਦਿ ਤਾਂ ਸਿਆਸੀ ਖੇਤਰ ਦੀਆਂ ਵੱਡੀਆਂ ਸ਼ਖ਼ਸੀਅਤਾਂ ਬਣਨ ਦਾ ਮਾਣ ਹਾਸਿਲ ਕਰ ਚੁੱਕੀਆਂ ਹਨ, ਜਦੋਂ ਕਿ ਬਜ਼ੁਰਗ ਐਥਲੀਟ ਬਾਪੂ ਫ਼ੌਜਾ ਸਿੰਘ, ਮੋਂਟੀ ਪਨੇਸਰ, ਅਮਨ ਦੁਸਾਂਝ ਅਤੇ ਕਾਸ਼ ਗਿੱਲ ਨੇ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਕੇ ਪੰਜਾਬੀਆਂ ਦਾ ਮਾਣ ਪੂਰੇ ਵਿਸ਼ਵ ਵਿੱਚ ਵਧਾਇਆ ਹੈ ਤੇ ਪੰਜਾਬੀਆਂ ਨੂੰ ਚੰਗੀ ਪਛਾਣ ਦਿਵਾਈ ਹੈ।
ਬਰਤਾਨੀਆ ਵਿੱਚ ਰਹਿੰਦੇ ਸਿੱਖਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਇੱਥੇ ਵੱਸਦੇ ਸਿੱਖਾਂ ਦੀ ਕੁੱਲ ਆਬਾਦੀ ‘ਚੋਂ 65 ਫ਼ੀਸਦੀ ਸਿੱਖ ਗ੍ਰੈਜੂੲੈਟ ਹਨ ਅਤੇ ਅੱਠ ਫ਼ੀਸਦੀ ਤਾਂ ਪੀਐਚ.ਡੀ. ਤੱਕ ਦੀ ਵਿੱਦਿਆ ਹਾਸਿਲ ਕਰ ਚੁੱਕੇ ਹਨ। ਪੜ੍ਹੇ-ਲਿਖੇ ਪੰਜਾਬੀ ਸਿੱਖਾਂ ਵਿੱਚੋਂ 48 ਫ਼ੀਸਦੀ ਔਰਤਾਂ ਅਤੇ 42 ਫ਼ੀਸਦੀ ਪੁਰਸ਼ ਡਿਗਰੀ ਹੋਲਡਰ ਹਨ। ਇਨ੍ਹਾਂ ਸਿੱਖਾਂ ਵਿੱਚੋਂ 87 ਫ਼ੀਸਦੀ ਦੇ ਕੋਲ ਆਪਣਾ ਖ਼ੁਦ ਦਾ ਘਰ ਹੈ। 10 ਫ਼ੀਸਦੀ ਦੇ ਕਰੀਬ ਸਿੱਖ ਸਿਹਤ ਸੇਵਾਵਾਂ, 8 ਫ਼ੀਸਦੀ ਸੂਚਨਾ ਅਤੇ ਤਕਨਾਲੋਜੀ, 9 ਫ਼ੀਸਦੀ ਅਧਿਆਪਨ ਅਤੇ 7 ਫ਼ੀਸਦੀ ਸਿੱਖ ਵਿੱਤ ਤੇ ਲੇਖਾ ਸੇਵਾਵਾਂ ਵਿੱਚ ਸੇਵਾ ਨਿਭਾਅ ਰਹੇ ਹਨ। ਸਿੱਖਾਂ ਦੀ ਕੁੱਲ ਆਬਾਦੀ ਵਿੱਚੋਂ 60 ਫ਼ੀਸਦੀ ਸਿੱਖ ਸਵੈ-ਇੱਛਾ ਨਾਲ ‘ਜਨ ਸੇਵਾ’ ਦੇ ਕਾਰਜ ਕਰਦੇ ਹਨ ਤੇ 93 ਫ਼ੀਸਦੀ ਸਿੱਖ ਹਰ ਮਹੀਨੇ ਸੌ ਪੌਂਡ ਦੇ ਆਸ-ਪਾਸ ਰਾਸ਼ੀ ਲੋੜਵੰਦਾਂ ਲਈ ਕਰਵਾਏ ਜਾਂਦੇ ਦਾਨ ਕਾਰਜਾਂ ਉੱਤੇ ਖ਼ਰਚ ਕਰਦੇ ਹਨ। ਸਿੱਖਾਂ ਅੰਦਰ ਵੱਸੀ ਹੋਈ ਨਿਸ਼ਕਾਮ ਸੇਵਾ ਦੀ ਭਾਵਨਾ ਦਾ ਪ੍ਰਮਾਣ ਇਹ ਹੈ ਕਿ ਯੂ.ਕੇ. ਦੇ ਸਿੱਖ ਕੁੱਲ ਮਿਲਾ ਕੇ 125 ਮਿਲੀਅਨ ਪੌਂਡ ਨਕਦ ਅਤੇ ਸੇਵਾ ਦੇ 65 ਮਿਲੀਅਨ ਘੰਟੇ ਹਰ ਸਾਲ ਲੋੜਵੰਦਾਂ ਦੀ ਖ਼ਾਤਿਰ ਅਰਪਣ ਕਰਦੇ ਹਨ।
ਸੰਨ 2021 ਦੀ ਜਨਗਣਨਾ ਅਨੁਸਾਰ ਸਿੱਖਾਂ ਦੀ ਸਭ ਤੋਂ ਵੱਧ ਆਬਾਦੀ 1,72398 ਹੈ, ਜੋ ਪੱਛਮੀ ਮਿੱਡਲੈਂਡ ਵੱਸਦੀ ਹੈ, ਜਦੋਂ ਕਿ ਲੰਦਨ ਵਿੱਚ 1,44543; ਦੱਖਣ ਪੂਰਬੀ ਇਲਾਕੇ ਵਿੱਚ 74,348; ਉੱਤਰ ਪੱਛਮ ਵਿੱਚ 11, 862; ਦੱਖਣ ਪੱਛਮ ਵਿੱਚ 7465 ਅਤੇ ਉੱਤਰ ਪੂਰਬ ਵਿਖੇ 7206 ਪੰਜਾਬੀ ਸਿੱਖ ਵੱਸਦੇ ਹਨ। ਦਸਤਾਰ ਬੰਨ੍ਹਣ ਵਾਲੇ ਸਿੱਖਾਂ ਨੂੰ ਯੂ.ਕੇ. ਅੰਦਰ ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਪਹਿਨਣ ਤੋਂ ਛੋਟ ਹਾਸਿਲ ਹੈ। ਸਿੱਖ ਬੱਚੇ ਅਤੇ ਨੌਜਵਾਨ ਸਕੂਲਾਂ ਤੇ ਹੋਰ ਜਨਤਕ ਥਾਂਵਾਂ ‘ਤੇ ਕਿਰਪਾਨ ਵੀ ਧਾਰਨ ਕਰ ਸਕਦੇ ਹਨ। ਯੂ.ਕੇ. ਦੇ ਪਹਿਲੇ ਏਸ਼ੀਅਨ ਜੱਜ ਸਰ ਮੋਤਾ ਸਿੰਘ ਨੇ ਸਕੂਲਾਂ ਅਤੇ ਹੋਰ ਜਨਤਕ ਥਾਂਵਾਂ ‘ਤੇ ਬਰਤਾਨਵੀ ਸਰਕਾਰ ਵੱਲੋਂ ਲਗਾਈ ਗਈ ਕਿਰਪਾਨ ਪਹਿਨਣ ਦੀ ਪਾਬੰਦੀ ਦੇ ਖ਼ਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਸੀ। ਸਿੱਖਾਂ ਅਤੇ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਉੱਘੇ ਇਤਿਹਾਸਕਾਰ ਮੈਕਸ ਆਰਥਰ ਮੈਕਾਲਿਫ਼, ਨਾਮਵਰ ਸੰਗੀਤਕਾਰ ਵਿਕ ਬ੍ਰਿਗਜ਼ ਉਰਫ਼ ਵਿਕਰਮ ਸਿੰਘ ਖ਼ਾਲਸਾ ਅਤੇ ਅਦਾਕਾਰਾ ਅਲੈਗਜ਼ੈਂਡਰ ਐਟਕਿਨ ਨੇ ਸਿੱਖ ਧਰਮ ਧਾਰਨ ਕਰ ਲਿਆ ਸੀ। ਵਿਕਰਮ ਸਿੰਘ ਖ਼ਾਲਸਾ ਨੂੰ ਤਾਂ ਸਚੱਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਕਰਨ ਵਾਲਾ ਅਜਿਹਾ ਪਹਿਲਾ ਸ਼ਖ਼ਸ ਹੋਣ ਦਾ ਸ਼ਰਫ਼ ਹਾਸਿਲ ਹੈ, ਜੋ ਕਿ ਗ਼ੈਰ-ਏਸ਼ੀਆਈ ਹੈ।
ਵਰਤਮਾਨ ਸਮੇਂ ਵਿੱਚ ਭਾਰਤ-ਕੈਨੇਡਾ ਸਬੰਧਾਂ ਵਿੱਚ ‘ਖ਼ਾਲਿਸਤਾਨ’ ਦੇ ਮੁੱਦੇ ਨੂੰ ਲੈ ਕੇ ਚੱਲ ਰਹੀ ਤਕਰਾਰ ਨੂੰ ਧਿਆਨ ‘ਚ ਰੱਖਦਿਆਂ ਇੱਥੇ ਇਹ ਦੱਸਣਾ ਬਣਦਾ ਹੈ ਕਿ ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਦੇ ਅਖ਼ੀਰ ਵਿੱਚ ਯੂ.ਕੇ. ਅਤੇ ਕੈਨੇਡਾ ਵਿਖੇ ਵੱਸਦੇ ਕੁਝ ਲੋਕਾਂ ਨੇ ‘ਖ਼ਾਲਿਤਸਾਨ’ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਸਨ ਅਤੇ 12 ਅਕਤੂਬਰ 1971 ਨੂੰ ਤਾਂ ਯੂ.ਕੇ. ਵਾਸੀ ਜਗਜੀਤ ਸਿੰਘ ਚੌਹਾਨ ਨੇ ਅਮਰੀਕਾ ਦੇ ‘ਦਿ ਨਿਊ ਯਾਰਕ ਟਾਈਮਜ਼’ ਅਖ਼ਬਾਰ ਵਿੱਚ ਇਸ਼ਤਿਹਾਰ ਛਾਪ ਕੇ ਸਿੱਖਾਂ ਲਈ ‘ਖ਼ਾਲਿਤਸਾਨ’ ਦੇ ਰੂਪ ਵਿੱਚ ਇੱਕ ਵੱਖਰੀ ‘ਹੋਮਲੈਂਡ’ ਬਣਾਉਣ ਦੀ ਮੰਗ ਕੀਤੀ ਸੀ, ਪਰ ਉਸਦੀ ਇਸ ਮੰਗ ਨੂੰ ਆਮ ਸਿੱਖਾਂ ਨੇ ਕੋਈ ਅਹਿਮੀਅਤ ਨਹੀਂ ਦਿੱਤੀ ਸੀ (ਖਾਲਿਸਤਾਨ ਸਬੰਧੀ ਹੁਣ ਤੱਕ ਵੀ ਸਿੱਖ ਭਾਈਚਾਰੇ ਦੇ ਲੋਕਾਂ ਵੀ ਆਪੋ-ਆਪਣੀ ਰਾਏ ਹੈ)।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਯੂ.ਕੇ. ਦੀ ਅਥਾਹ ਤਰੱਕੀ ਵਿੱਚ ਪੰਜਾਬੀਆਂ ਦਾ ਵੱਡਾ, ਵਡਮੁੱਲਾ ਤੇ ਮਹੱਤਵਪੂਰਨ ਯੋਗਦਾਨ ਹੈ।