ਪਰਮਜੀਤ ਢੀਂਗਰਾ
ਫੋਨ: +91-9417358120
ਮਜਬੂਤੀ ਦੇ ਅਰਥਾਂ ਵਿੱਚ ਪੱਕਾ ਸ਼ਬਦ ਦੀ ਵਰਤੋਂ ਹੁੰਦੀ ਹੈ। ਇਸ ਪੱਕਾ ਸ਼ਬਦ ਦੀ ਸਕੀਰੀ ਪਕੌੜੀ ਨਾਲ ਹੈ। ਪਹਿਲੀ ਨਜ਼ਰੇ ਇਹ ਰਿਸ਼ਤਾ ਬੜਾ ਅਜੀਬ ਜਿਹਾ ਲੱਗਦਾ ਹੈ, ਪਰ ਅਸੀਂ ਅੱਗੇ ਜਾ ਕੇ ਦੇਖਾਂਗੇ ਕਿ ਇਹ ਰਿਸ਼ਤਾ ਕਿੰਨਾ ਪੁਖਤਾ ਹੈ। ਜੇ ਪੰਜਾਬੀ ਕੋਸ਼ਾਂ ਵਿੱਚ ਦੇਖੀਏ ਤਾਂ ਪੱਕ/ਪੱਕਾ/ਪੱਕੀ ਦਾ ਲੰਮਾ ਚੌੜਾ ਵਿਸਥਾਰ ਨਜ਼ਰ ਆਉਂਦਾ ਹੈ। ਪੱਕ- ਭਾਵ ਕਰੜੀ ਧਰਤੀ, ਪੱਕਣ ਦੀ ਕਿਰਿਆ, ਸੱਚ-“ਸ਼ਹਜਾਦੇ ਇਹ ਗੱਲਾਂ ਸੁਣ ਕੇ ਸ਼ਾਇਦ ਪੱਕ ਪਛਾਤਾ” (ਸੈਫ਼ੂ)।
ਇਸ ਨਾਲ ਜੁੜੇ ਕਈ ਮੁਹਾਵਰੇ ਵੀ ਮਿਲਦੇ ਹਨ: ਪੱਕ ਹੋਣਾ-ਨਿਸਚਾ ਹੋਣਾ, ਪੱਕ ਕਰਨਾ, ਪੱਕ ਜਾਣਾ, ਪੱਕ-ਠੱਕ, ਪੱਕ ਦੱਸਣਾ, ਪੱਕ ਪਕਾਉਣਾ, ਪੱਕ ਦਿਲੀ, ਪੱਕ ਪਕਾ, ਪਕਿਆਈ, ਪੱਕਣਾ-ਫਲ ਦਾ ਪੱਕਣਾ, ਅੱਗ ਦੇ ਸੇਕ ਨਾਲ ਗਲਣਾ, ਜ਼ਖਮ ਵਿੱਚ ਪੀਕ ਪੈ ਜਾਣੀ, ਚੌਪੜ ਦੀ ਖੇਡ ਵਿੱਚ ਨਰਦ ਦਾ ਪੁਗਣਾ, ਸੌਦਾ ਹੋ ਜਾਣਾ, ਸਲਾਹ ਕਰਨਾ, ਯਾਦ ਹੋਣਾ ਆਦਿ। ਉਮਰ ਪੱਕਣਾ, ਵਾਲ ਪੱਕਣਾ, ਸਹਿਜ ਪੱਕੇ ਸੋ ਮੀਠਾ ਹੋਇ, ਪੱਕ ਤ੍ਰੇੜ-ਮਿੱਟੀ ਦਾ ਭਾਂਡਾ ਪਕਾਉਣ ਲੱਗਿਆਂ ਪਈ ਤ੍ਰੇੜ, ਪਕਰੋੜ-ਪੱਕਾ, ਸਿਆਣਾ, ਪੀਢਾ, ਪਕਵੱਈਆ-ਪਕਾਉਣ ਵਾਲਾ, ਪਕਵਾਨ, ਪਕਵਾਈ, ਉੱਚੀ ਦੁਕਾਨ ਫਿੱਕਾ ਪਕਵਾਨ, ਪੱਕਾ-ਕੱਸਿਆ ਹੋਇਆ, ਦ੍ਰਿੜ, ਮਜਬੂਤ, ਹੰਢਣਸਾਰ, ਇਤਬਾਰੀ, ਭਰੋਸੇਯੋਗ, ਠੋਸ, ਨਿੱਗਰ, ਪੱਕਾ ਸੇਰ, ਪੱਕਾ ਆਦਮੀ, ਪੱਕਾ ਹਿਸਾਬ, ਪੱਕਾ ਹੱਥ ਪਾਉਣਾ, ਪੱਕਾ ਹੋ ਜਾਣਾ, ਪੱਕਾ ਕਰਨਾ, ਪੱਕਾ ਕਾਗਜ਼, ਪੱਕਾ ਕੋਠਾ, ਪੱਕਾ ਗਾਹਕ, ਪੱਕਾ ਗਾਣਾ, ਪੱਕਾ ਘਰ, ਪੱਕਾ ਚੋਰ, ਪੱਕਾ ਡੇਰਾ ਲਾਉਣਾ, ਪੱਕਾ ਤੋਲ, ਪੱਕਾ ਦਾਅਵਾ, ਪੱਕਾ ਦੋਸਤ, ਪੱਕਾ ਪਕਾਇਆ, ਪੱਕਾਪਣ, ਪੱਕਾ ਪਲੱਸਤਰ, ਪੱਕਾ ਪੀਠਾ, ਪੱਕਾ ਪੀਢਾ, ਪੱਕਾ ਪੀਲਾ, ਪੱਕਾ ਮਿੱਠਾ, ਪੱਕਾ ਮੇਚਾ, ਪੱਕਾ ਯਾਰ, ਪੱਕਾ ਰੰਗ, ਪੱਕਾ ਰਾਗ, ਪੱਕਾ ਰੋਗੀ- ‘ਜਿਉ ਪੱਕਾ ਰੋਗੀ ਵਿਲਲਾਇ’ (ਧਨਾਸਰੀ ਮਹਲਾ ੧)
ਪੱਕਿਆਂ ਫੋੜਿਆਂ ਨੂੰ ਠਕੋਰਣਾ, ਕੌਲ ਦਾ ਪੱਕਾ, ਜ਼ਬਾਨ ਦਾ ਪੱਕਾ, ਰਿੱਧਾ ਪੱਕਾ, ਪੱਕੀ, ਪੱਕੀਆਂ ਖਾਣਾ, ਪੱਕੀਆਂ ਗੰਢੀਂ ਘੱਤਣਾ, “ਆਖ ਗ਼ੁਲਾਮ ਓਏ ਨਾਲ ਖਰਲ ਦੇ ਗੰਢੀਂ ਪੱਕੀਆਂ ਘੱਤੀਆਂ”; ਪੱਕੀਆਂ ਪਕਾਉਣਾ-ਪੱਟੀਆਂ ਪੜ੍ਹਾਉਣਾ, ਪੱਕੀਆਂ ਪਕਾਈਆਂ ਖਾਣਾ, ਪੱਕੀ ਇੱਟ, ਪੱਕੀ ਸਹੇਲੀ, ਪੱਕੀ ਸੰਗਤ, ਪੱਕੀ ਸਲਾਹ, ਪੱਕੀ ਸੜਕ, ਪੱਕੀ ਕਰਨਾ, ਪੱਕੀ ਖੇਤੀ- ‘ਪੱਕੀ ਖੇਤੀ ਵੇਖ ਕੇ ਗਰਬ ਕਰੇ ਕਿਰਸਾਨ’ (ਚਾਤ੍ਰਿਕ); ਪੱਕੀ ਚੁੱਪ ਧਾਰਨੀ, ਪੱਕੀ ਜ਼ਬਾਨ, ਪੱਕੀ ਤਰਕਾਰੀ, ਪੱਕੀ ਨੌਕਰੀ, ਪੱਕੀ ਪਹਿਲੀ, ਪੱਕੀ ਪਕਾਉਣਾ, ਪੱਕੀ ਪਕਾਈ `ਤੇ ਆ ਜਾਣਾ, ਪੱਕੀ ਪੇਸ਼ੀ, ਪੱਕੀ ਫਲੀ ਤੋੜਨਾ, ਪੱਕੀ ਰਫਲ, ਪੱਕੀ ਰਸੋਈ, ਪੱਕੀ ਰੋਕੜ, ਪੱਕੀ ਰੋਟੀ, ਬਾਬਾ ਅਟੱਲ ਪੱਕੀ ਪਕਾਈ ਘੱਲ, ਪੱਕੇ ਪੈਰ ਧਰਨਾ, ਪੱਕੇ ਹਿੰਦਸੇ, ਪੱਕੇ ਤੰਬੂ ਗੱਡਣਾ, ਪੱਕੇ ਦਿਲ ਵਾਲਾ, ਪੱਕਾ ਮੋਰਚਾ, ਪੱਕੇ ਭਾਂਡੇ ਪੈਣਾ, ਪੱਕੇ ਵਾਲ, ਪਕੇਰਾ- ‘ਸਤਾਂ `ਤੇ ਮੁਹਕਮ ਆਹੇ ਕੁਫ਼ਲ ਪਕੇਰੇ ਲੱਗੇ’ (ਸ਼ਾਹ ਬਹਿਰਾਮ-ਅਮਾਮ ਬਖਸ਼); ਪਕਾਊ, ਪਕਾਈ, ਪਕਾਵਣ, ਪਕਾਵਾ, ਪਕਿਅੱਤ, ਪਕਿਆਈ, ਪਕੌੜਾ, ਪਕੌੜੀਆਂ, ਥੁੱਕੀਂ ਪਕੌੜੇ ਤਲਣਾ ਆਦਿ।
ਨਵੇਂ ਮਹਾਨ ਕੋਸ਼ ਅਨੁਸਾਰ-ਪਕਾਇਆ ਭਾਵ ਸਲਾਹ ਕੀਤੀ, ਪਕਾਈ, ਪਕਾਈਆ, ਪਕਾਏ- “ਸੁਣਿ ਸਖੀਏ ਇਹ ਭਲੀ ਬਿਨੰਤੀ ਏਹੁ ਮਤਾਂਤੁ ਪਕਾਈਐ”, “ਨਾਨਕ ਭੁਸਰੀਆ ਪਕਾਈਆ ਪਾਈਆ ਥਾਲੈ ਮਾਹਿ”, ਪੱਕਾ ਸਾਹਿਬ ਨਾਂ ਦੇ ਦੋ ਗੁਰਦੁਆਰੇ ਹਨ-ਇੱਕ ਪਿੰਡ ਹੰਡਿਆਏ ਕੋਲ ਤੇ ਦੂਜਾ ਪਿੰਡ ਮਧੇਕੇ ਜ਼ਿਲ੍ਹਾ ਮੋਗਾ, ਪੱਕਾ ਕਲਾਂ ਜ਼ਿਲ੍ਹਾ ਬਠਿੰਡੇ ਦਾ ਇੱਕ ਪਿੰਡ; ਪਕਾਵੈ, ਪਕਿਆ- “ਨਾਨਕ ਕਚੜਿਆ ਸਿਉ ਤੋੜਿ, ਢੂਢਿ ਸਜਣ ਸੰਤ ਪਕਿਆ”; ਪਕੀਆਂ- “ਫਰੀਦਾ ਰੱਬ ਖਜੂਰੀ ਪਕੀਆਂ”, ਪੱਕੀ ਰਸੋਈ-ਬ੍ਰਾਹਮਣੀ ਮੱਤ ਅਨੁਸਾਰ ਉਹ ਭੋਜਨ ਜੋ ਸਿਰਫ਼ ਘਿਓ, ਦੁੱਧ ਜਾਂ ਅੱਗ ਨਾਲ ਪਕਾਇਆ ਜਾਵੇ। ਪਕੌਰਿ/ਪਕੌਰੀ/ਪਕੌੜਾ/ਪਕੌੜੀ-ਸੰ. ਪਕਵੑ= ਪੱਕੀ ਹੋਈ+ਵਟਿਕਾ=ਵੜੀ, ਟਿੱਕੀ, ਘਿਓ ਵੇਸਣ ਵਿੱਚ ਤਲੀ ਹੋਈ।
ਇਸ ਲੰਮੇ ਚੌੜੇ ਵੇਰਵੇ ਤੋਂ ਸਪੱਸ਼ਟ ਹੈ ਕਿ ਪੱਕਾ, ਪੱਕੀ, ਪਕਾਈ, ਪਕੌੜਾ, ਪਕੌੜੀ ਆਦਿ ਦਾ ਵੱਡਾ ਤੇ ਮਹੱਤਵਪੂਰਨ ਕੁਨਬਾ ਹੈ। ਪਕੌੜੀ/ਪਕੌੜੇ ਤੇ ਕੁੱਕਰ ਦੀ ਸਕੀਰੀ ਵੀ ਦਿਲਚਸਪ ਹੈ। ਇਨ੍ਹਾਂ ਦੋਹਾਂ ਸ਼ਬਦਾਂ ਦਾ ਜਨਮ ਇੱਕੋ ਧਾਤੂ ਤੋਂ ਹੋਇਆ ਹੈ। ਭਾਸ਼ਾ ਵਿਗਿਆਨੀਆਂ ਨੇ ਇੰਡੋ-ਯੂਰਪੀ ਪਰਿਵਾਰ ਵਿੱਚ ਇੱਕ ਧਾਤੂ ਖੋਜੀ ਹੈ- ‘ਪੇਕਵ’ ਜਿਸਦਾ ਅਰਥ ਹੈ, ਪੱਕਣਾ ਜਾਂ ਪਕਾਉਣਾ। ਲੈਟਿਨ ਵਿੱਚ ਇਹਦਾ ਰੂਪ ਹੈ- ਕੋਕੁਸ, ਜੋ ਕੋਕਸ ਤੋਂ ਹੁੰਦਾ ਅੰਗਰੇਜ਼ੀ ਵਿੱਚ ਕੋਕ ਵਿੱਚ ਢਲ ਗਿਆ ਤੇ ਫਿਰ ਇਹਨੇ ਕੁੱਕ ਭਾਵ ਖਾਣਾ ਬਣਾਉਣ ਦਾ ਰੂਪ ਧਾਰ ਲਿਆ। ਸਪੱਸ਼ਟ ਹੈ, ਕੁੱਕਰ ਉਹ ਭਾਂਡਾ ਹੈ ਜਿਸ ਵਿੱਚ ਖਾਣਾ ਜਲਦੀ ਪੱਕਦਾ ਹੈ।
ਪੇਕਵ ਦੀ ਤੁਲਨਾ ਸੰਸਕ੍ਰਿਤ ਦੇ ‘ਪੱਕਵੑ’ ਨਾਲ ਕੀਤੀ ਜਾ ਸਕਦੀ ਹੈ, ਜਿਸਦਾ ਅਰਥ ਹੈ- ਪਕਾਇਆ ਹੋਇਆ। ਪੱਕਵੑ ਸ਼ਬਦ ਬਣਿਆ ਹੈ- ਪੱਚੑ ਧਾਤੂ ਤੋਂ, ਜਿਸ ਵਿੱਚ ਗਰਮ ਕਰਨ, ਭੁੰਨਣ, ਪੱਕਣ ਦੇ ਭਾਵ ਪਏ ਹਨ। ਪੱਚੑ ਧਾਤੂ ਤੋਂ ਪਾਚਣ ਸ਼ਬਦ ਬਣਿਆ ਹੈ, ਜਿਸਦੀ ਸਕੀਰੀ ਭੋਜਨ ਨਾਲ ਜੁੜਦੀ ਹੈ। ਪਕਾਉਣਾ ਜੇ ਕਿਰਿਆ ਹੈ ਤਾਂ ਉਹਦੀ ਸੰਪੂਰਨਤਾ ਉਹਦੇ ਪਚਣ ਵਿੱਚ ਪਈ ਹੈ। ਇਸੇ ਤਰ੍ਹਾਂ ਪਕੌੜੀ ਸ਼ਬਦ ਬਣਿਆ ਹੈ-/ਪਕਵੑ+ਵੱਟੀ~ਪਕਾਉਡੜੀ~ਪਕੌੜੀ/ਵੱਟੀ ਸ਼ਬਦ ਓਸੇ ਵੱਟ ਤੋਂ ਬਣਿਆ ਹੈ ਭਾਵ ਵੱਟਣਾ, ਵੱਟ ਚਾੜ੍ਹਨਾ, ਗੋਲ ਗੋਲ ਕਰਨਾ, ਘੇਰਨਾ ਆਦਿ। ਪਕਵਾਨ ਸ਼ਬਦ ਵੀ ‘ਪਕਵੑ+ਅੰਨ’ ਤੋਂ ਬਣਿਆ ਹੈ, ਜਿਸਦਾ ਅਰਥ ਹੈ ਘਿਓ, ਤੇਲ ਆਦਿ ਨਾਲ ਤਲਿਆ ਜਾਂ ਭੁੰਨਿਆ ਪਦਾਰਥ।
ਪੱਕੇ ਦੇ ਬਰਾਬਰ ਦਾ ਫਾਰਸੀ ਵਿੱਚ ਸ਼ਬਦ ਹੈ- ਪੁਖਤਾ ਭਾਵ ਮਜਬੂਤ, ਪੱਕਾ ਹੋਇਆ, ਟਿਕਾਊ, ਪਾਏਦਾਰ, ਦਮਦਾਰ ਆਦਿ। ਪੁਖਤਾ ਸ਼ਬਦ ਬਣਿਆ ਹੈ ਫਾਰਸੀ ਦੇ ਪੁਖਤ: ਤੋਂ ਜਿਸਦੇ ਮੂਲ ਵਿੱਚ ਅਵੇਸਤਾ ਦੀ ਧਾਤੂ ‘ਪੱਚ’ ਪਈ ਹੈ, ਇਸ ਵਿੱਚ ਪੱਕਣ-ਪਕਾਉਣ ਦਾ ਭਾਵ ਪਿਆ ਹੈ। ‘ਦਮਪੁਖਤ’ ਇੱਕ ਅਜਿਹੀ ਹੀ ਕਿਰਿਆ ਹੈ, ਜੋ ਆਮ ਤੌਰ ਉਤੇ ਮੀਟ ਨੂੰ ਕੁੱਕਰ ਵਰਗੇ ਭਾਂਡੇ ਵਿੱਚ ਭਾਫ ਦੀ ਗਰਮੀ ਨਾਲ ਪਕਾਉਣ ਲਈ ਵਰਤੀ ਜਾਂਦੀ ਹੈ। ਅਫਗਾਨਿਸਤਾਨ ਦੀ ਪਸ਼ਤੋ ਵਿੱਚ ਸੰਸਕ੍ਰਿਤ ਦੀ ‘ਪਸ਼ੑ’ ਧਾਤੂ ਮਿਲਦੀ ਹੈ, ਜਿਸਦਾ ਅਰਥ ਹੈ- ਦ੍ਰਿੜ, ਮਜਬੂਤ, ਉੱਚਾ, ਬੁਲੰਦ। ਪਖਤੂਨਿਸਤਾਨ ਸਾਰਾ ਪਹਾੜੀ ਇਲਾਕਾ ਹੈ। ਇਥੇ ਪਸ਼ੑ ਧਾਤੂ ਵਿੱਚ ਪਹਾੜ ਦੀ ਮਜਬੂਤੀ ਤੇ ਬੁਲੰਦੀ- ਦੋਵੇਂ ਅਰਥ ਪਏ ਹਨ। ਫਾਰਸੀ ਦੇ ਇਸੇ ਮੂਲ ਵਿੱਚੋਂ ਨਿਕਲਿਆ ਇੱਕ ਸ਼ਬਦ ਹੈ-ਪਜ਼, ਜਿਸਦਾ ਅਰਥ ਹੈ ਪੱਕਿਆ ਹੋਇਆ, ਮਜਬੂਤ ਜੋ ਪਸ਼ੑ ਦਾ ਹੀ ਰੂਪ ਹੈ। ਸਾਡੀਆਂ ਭਾਸ਼ਾਵਾਂ ਵਿੱਚ ਜਿਹੜਾ ਪੱਸ ਸ਼ਬਦ ਮਿਲਦਾ ਹੈ, ਉਹਦੀ ਸਕੀਰੀ ਫੋੜੇ ਦੇ ਪੱਕਣ ਨਾਲ ਹੈ। ਇਸ ਤਰ੍ਹਾਂ ਇਹ ਸਾਰੇ ਸ਼ਬਦ ਇੱਕ ਤੋਂ ਦੂਜੀ ਭਾਸ਼ਾ ਵਿੱਚ ਪੁਰਾਤਨ ਸਮਿਆਂ ਤੋਂ ਰਿਸ਼ਤਿਆਂ ਵਿੱਚ ਬੱਝੇ ਨਜ਼ਰ ਆਉਂਦੇ ਹਨ।