ਤਰਲੋਚਨ ਸਿੰਘ ਭੱਟੀ
(ਸਾਬਕਾ ਪੀ. ਸੀ. ਐਸ. ਅਧਿਕਾਰੀ)
ਗਲੀਆਂ-ਬਾਜ਼ਾਰਾਂ ਵਿੱਚ ਗਸ਼ਤ ਲਾਉਂਦੀ, ਸੜਕੀ ਨਾਕਿਆਂ ‘ਤੇ ਚੈਕਿੰਗ ਕਰਦੀ ਅਤੇ ਅਪਰਾਧੀਆਂ ਨੂੰ ਫੜਨ ਲਈ ਰੇਡ ਕਰਦੀ ਪੰਜਾਬ ਪੁਲਿਸ ਆਪਣੀ ਹਾਜ਼ਰੀ ਲਵਾਉਂਦੀ ਰਹਿੰਦੀ ਹੈ। ਅਜੋਕੇ ਡਿਜ਼ੀਟਲ ਦੌਰ ਵਿੱਚ ਪੰਜਾਬ ਪੁਲਿਸ ਨੇ ਸ਼ੋਸ਼ਲ ਮੀਡੀਆ ਉਤੇ ਵੀ ਆਪਣੀ ਦਸਤਕ ਦਿੱਤੀ ਹੈ। ਆਪਣੇ ਵੈਬ ਪੋਰਟਲ ਰਾਹੀਂ ਪੰਜਾਬ ਪੁਲਿਸ ਨੇ ਆਪਣੇ ਬਾਰੇ, ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਸਮੁੱਚੇ ਪੁਲਿਸ ਪ੍ਰਸ਼ਾਸਨ ਬਾਰੇ ਜਾਣਕਾਰੀ ਉਪਲੱਬਧ ਕੀਤੀ ਹੈ।
ਐਸਾ ਹੀ ਪੋਰਟਲ ਖੇਤਰੀ ਅਧਿਕਾਰੀਆਂ ਵਲੋਂ ਪੁਲਿਸ ਜ਼ਿਲਿ੍ਹਆਂ, ਪੁਲਿਸ ਕਮਿਸ਼ਨਰੇਟਾਂ ਅਤੇ ਪੰਜਾਬ ਪੁਲਿਸ ਦੇ ਹੋਰ ਵਿਸ਼ੇਸ਼ ਯੂਨਿਟਾਂ ਵੱਲੋਂ ਲੋਕਾਂ ਦੀ ਜਾਣਕਾਰੀ ਹਿੱਤ ਉਪਲਬੱਧ ਹੈ। ਇਸ ਪੋਰਟਲ ਦਾ ਪੇਸ਼ੇਵਰ ਮੁਹਾਂਦਰਾ ਬਣਾਉਣ ਲਈ ਵਿਸ਼ੇਸ਼ ਪੇਸ਼ੇਵਰ ਮਾਹਿਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਵੈਬ ਪੋਰਟਲ ਤੋਂ ਇਲਾਵਾ ਸ਼ੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ– ਫੇਸਬੁੱਕ, ਯੂਟਿਊਬ, ਇੰਸਟਾਗ੍ਰਾਮ, ਸ਼ੇਅਰ ਚੈਟ, ਟਿੱਕ ਟੌਕ, ਐਕਸ (ਟਵੀਟਰ), ਵ੍ਹੱਟਸਐਪ ਆਦਿ ਉਤੇ ਵੀ ਪੰਜਾਬ ਪੁਲਿਸ ਸਰਗਰਮ ਹੈ। ਸ਼ੋਸ਼ਲ ਮੀਡੀਆ ਉਤੇ ਪੁਲਿਸ ਦੀ ਹਾਜ਼ਰੀ ਤੋਂ ਲਗਦਾ ਹੈ ਕਿ ਉਹ ਆਪਣੀ ਗੱਲ ਕਹਿਣ ਅਤੇ ਆਪਣੀਆਂ ਉਪਲਬਧੀਆਂ ਨੂੰ ਜੱਗ ਜਾਹਰ ਕਰਨ ਲਈ ਸ਼ੋਸ਼ਲ ਮੀਡੀਆ ਨੂੰ ਇਸ ਪ੍ਰਚਾਰ ਮਾਧਿਅਮ ਵਜੋਂ ਵਰਤ ਰਹੀ ਹੈ। ਮੰਨਣਾ ਪਵੇਗਾ ਕਿ ‘ਪੰਜਾਬ ਪੁਲਿਸ! ਹਾਜ਼ਰ ਹੈ ਜਨਾਬ।’
ਸ਼ੋਸ਼ਲ ਮੀਡੀਆ `ਤੇ ਉਪਲਬਧ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਨੇ ਆਪਣੇ 1861 ਪੁਲਿਸ ਐਕਟ ਵਾਲੇ ਮੁਹਾਂਦਰੇ ਨੂੰ ਸੁਧਾਰਨ ਲਈ ਅਤੇ ਪੰਜਾਬ ਪੁਲਿਸ ਐਕਟ 2007 ਦੇ ਹਾਣੀ ਬਣਨ ਲਈ 2018 ਵਿੱਚ ਆਪਣੇ ਸ਼ੋਸ਼ਲ ਮੀਡੀਆ ਸੈੱਲ ਦਾ ਗਠਨ ਕੀਤਾ ਸੀ, ਜੋ ਯਤਨਸ਼ੀਲ ਹੈ ਕਿ ਪੰਜਾਬ ਪੁਲਿਸ ਦੇ ਅਕਸ ਨੂੰ ਲੋਕ ਪੱਖੀ ਕਮਿਉਨਿਟੀ ਪੁਲਿਸਿੰਗ ਦਾ ਬਣਾਉਂਦੇ ਹੋਏ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾਵੇ ਅਤੇ ਪੁਲਿਸ ਵੱਲੋਂ ਦਿੱਤੀ ਜਾ ਰਹੀ ਪ੍ਰਮਾਣਿਤ ਜਾਣਕਾਰੀ ਲੋਕਾਂ ਤੱਕ ਥੋੜ੍ਹੇ ਸਮੇਂ ਵਿੱਚ ਪਹੁੰਚਾਈ ਜਾਵੇ। ਪੰਜਾਬ ਪੁਲਿਸ ਵੱਲੋਂ ਕਲੇਮ ਕੀਤਾ ਗਿਆ ਹੈ ਕਿ ਸ਼ੋਸ਼ਲ ਮੀਡੀਆ ਸੈੱਲ ਵੱਲੋਂ ਲਗਭਗ 66 ਨੌਜਵਾਨ ਪੜ੍ਹੇ-ਲਿਖੇ ਅਤੇ ਹੁਨਰਮੰਦ ਦੇ ਇੱਕ ਹੋਰ ਗਰੁੱਪ ਨੂੰ ਰੇਂਜ ਲੈਵਲ ਆਈ.ਟੀ. ਸਿਖਲਾਈ ਕੇਂਦਰਾਂ ਵਿੱਚ ਸਿਖਲਾਈ ਦੇਣ ਲਈ ਟਰੇਨਰ ਵਜੋਂ ਚੁਣਿਆ ਗਿਆ ਹੈ।
ਮਾਰਚ 2020 ਤੱਕ 45,547 ਅਧਿਕਾਰੀਆਂ ਨੂੰ ਸੀ.ਸੀ.ਟੀ.ਐਨ.ਐਸ. (ਅਪਰਾਧ ਅਤੇ ਅਪਰਾਧਿਕ ਟਰੇਨਿੰਗ ਨੈੱਟਵਰਕ ਤੇ ਸਿਸਟਮ) ਪ੍ਰੋਜੈਕਟ ਅਧੀਨ 26,658 ਅਧਿਕਾਰੀਆਂ ਨੂੰ ਆਈ.ਟੀ. ਨਾਲ ਸਬੰਧਤ ਹੋਰ ਕੋਰਸਾਂ ਵਿੱਚ ਅਤੇ 1018 ਅਧਿਕਾਰੀਆਂ ਨੂੰ ਈ-ਆਫ਼ਿਸ ਪ੍ਰੋਜੈਕਟ ਵਿੱਚ ਸਿਖਲਾਈ ਦਿੱਤੀ ਗਈ ਹੈ। ਪੁਲਿਸ ਦੇ ਡਿਜੀਟਲ ਕਲੇਮ ਤੋਂ ਲਗਦਾ ਹੈ ਕਿ ਹੁਣ ਤੱਕ 80% ਤੋਂ 90% ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡਿਜ਼ੀਟਲ ਪੱਖੋਂ ਸਮੇਂ ਦਾ ਹਾਣੀ ਬਣਨ ਲਈ ਸੂਚਨਾ ਤਕਨਾਲੋਜੀ ਦੇ ਵੱਖ ਵੱਖ ਖੇਤਰਾਂ ਵਿੱਚ ਟਰੇਨਿੰਗ ਤੇ ਮੁਹਾਰਤ ਹਾਸਲ ਕਰ ਲਈ ਹੈ, ਜਿਸ ਦੀ ਪੁਸ਼ਟੀ ਪੰਜਾਬ ਪੁਲਿਸ ਦੀ ਸ਼ੋਸ਼ਲ ਮੀਡੀਆ ਉਤੇ ਵੱਧ ਰਹੀ ਸਰਗਰਮੀ ਅਤੇ ਪ੍ਰਚਾਰ ਤੋਂ ਲਗਦਾ ਹੈ ਕਿ ਪੰਜਾਬ ਪੁਲਿਸ ਪੰਜਾਬ ਵਿੱਚ ਅਮਨ ਕਾਨੂੰਨ ਨੂੰ ਬਹਾਲ ਰੱਖਣ ਅਤੇ ਅਪਰਾਧੀਆਂ ਨੂੰ ਖੋਜਣ ਤੇ ਫੜਨ ਦੇ ਮੁੱਖ ਫਰਜ਼ਾਂ ਦੇ ਨਾਲ ਨਾਲ ਸ਼ੋਸ਼ਲ ਮੀਡੀਆ ਸਾਧਕ ਵੀ ਬਣ ਰਹੀ ਹੈ।
ਨਸ਼ਿਆਂ ਦੀ ਮਹਾਂਮਾਰੀ ਦਾ ਸ਼ਿਕਾਰ ਹੋਏ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਲਈ 18 ਅਕਤੂਬਰ 2023 ਨੂੰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ ਵਿਖੇ ‘ਅਰਦਾਸ ਕਰੋ, ਹਲਫ ਲਉ ਅਤੇ ਖੇਡੋ’ ਮੁਹਿੰਮ ਚਲਾਈ ਗਈ ਹੈ। ਇਸੇ ਤਰ੍ਹਾਂ 16 ਨਵੰਬਰ 2023 ਨੂੰ ਲੁਧਿਆਣਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਅਤੇ ‘ਨਸ਼ਾ ਮੁਕਤ ਪੰਜਾਬ’ ਨੂੰ ਸਮਰਪਿਤ ਵੱਡੀ ਸਾਇਕਲ ਰੈਲੀ ‘ਯੂਥ ਅਗੇਂਸਟ ਡਰੱਗਜ਼’ ਦਾ ਆਯੋਜਨ ਕੀਤਾ ਗਿਆ ਹੈ, ਜਿਸਦਾ ਮੁੱਖ ਮਕਸਦ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਸ ਮੁਹਿੰਮ ਦਾ ਪ੍ਰਚਾਰ ਪੰਜਾਬ ਪੁਲਿਸ ਵੱਲੋਂ ਆਪਣੇ ਹਰੇਕ ਪੋਰਟਲ ਅਤੇ ਸ਼ੋਸ਼ਲ ਮੀਡੀਆ ਪਲੇਟਫਾਰਮ ਉਤੇ ਕੀਤਾ ਜਾ ਰਿਹਾ ਹੈ। ਨਸ਼ਿਆਂ ਵਿਰੁੱਧ ਸਾਇਕਲ ਰੈਲੀ ਅਤੇ ਹੋਰ ਸਰਗਰਮੀਆਂ ਰਾਹੀਂ ਚੱਲ ਰਹੀ ਮੁਹਿੰਮ ਪੰਜਾਬ ਵਿੱਚੋਂ ਨਸ਼ਾ ਰੋਕਣ ਵਿੱਚ ਕਿੰਨੀ ਕੁ ਕਾਮਯਾਬ ਹੁੰਦੀ ਹੈ, ਇਹ ਤਾਂ ਸਮਾਂ ਹੀ ਦੱਸੇਗਾ।
ਪੁਲਿਸ ਐਕਟ 1861 ਨੇ ਪੰਜਾਬ ਪੁਲਿਸ ਦਾ ਇੱਕ ਸੰਸਥਾ ਅਤੇ ਫੋਰਸ ਵਜੋਂ ਪਹਿਚਾਣ ਦਿੱਤੀ ਹੈ, ਜਦਕਿ ਪੰਜਾਬ ਪੁਲਿਸ ਐਕਟ 2007 ਨੇ ਪੰਜਾਬ ਪੁਲਿਸ ਦੀ ਭੂਮਿਕਾ, ਕੰਮਕਾਰ ਅਤੇ ਫ਼ਰਜਾਂ ਨੂੰ ਮੁੜ-ਪ੍ਰਭਾਸ਼ਿਤ ਕੀਤਾ ਗਿਆ ਹੈ। ਇਸ ਅਨੁਸਾਰ ਅਪਰਾਧਾਂ ਨੂੰ ਰੋਕਣ ਤੇ ਖੋਜਣ ਦੇ ਨਾਲ ਨਾਲ ਲੋਕਾਂ ਦੇ ਜੀਵਨ, ਆਜ਼ਾਦੀ ਅਤੇ ਜਾਇਦਾਦ, ਮਨੁੱਖੀ ਗੌਰਵ ਤੇ ਅਧਿਕਾਰਾਂ ਦੀ ਰਾਖੀ, ਕੁਦਰਤੀ ਅਤੇ ਮਾਨਵੀ ਆਫਤਾਂ ਕਾਰਨ ਪ੍ਰਭਾਵਿਤ ਲੋਕਾਂ ਨੂੰ ਬਿਨਾ ਰਿਸ਼ਵਤ ਹਰ ਸੰਭਵ ਮਦਦ ਦੇਣਾ, ਲੋਕਾਂ ਅਤੇ ਮੋਟਰ ਗੱਡੀਆਂ ਦੀ ਸੜਕਾਂ ਤੇ ਹਾਈਵੇਅ ਉਤੇ ਨਿਰਵਿਘਨ ਅਤੇ ਬਿਨਾ ਜ਼ੋਖ਼ਮ ਦੇ ਆਵਾਜਾਈ ਲਈ ਚਾਲੂ ਰੱਖਣਾ ਆਦਿ। ਪੁਲਿਸ ਕਾਨੂੰਨ 2007 ਅਨੁਸਾਰ ਹਰੇਕ ਪੁਲਿਸ ਅਫ਼ਸਰ ਦਾ ਫ਼ਰਜ਼ ਹੈ ਕਿ ਉਹ ਲੋਕਾਂ ਨਾਲ ਹਲੀਮੀ ਅਤੇ ਸਦਭਾਵਨਾ ਨਾਲ ਪੇਸ਼ ਆਵੇ, ਜਨਤਕ ਥਾਂਵਾਂ `ਤੇ ਬੱਚਿਆਂ ਅਤੇ ਔਰਤਾਂ ਨੂੰ ਪ੍ਰੇਸ਼ਾਨ ਹੋਣ ਤੋਂ ਬਚਾਇਆ ਜਾਵੇ। ਮੰਨਿਆ ਜਾਂਦਾ ਹੈ ਕਿ ਹਰੇਕ ਪੁਲਿਸ ਅਫ਼ਸਰ ਹਰ ਸਮੇਂ ਡਿਊਟੀ ਉਤੇ ਹਾਜ਼ਰ ਹੈ। ਪੰਜਾਬ ਪੁਲਿਸ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਇਸ ਦਾ ਹੇਠਾਂ ਤੋਂ ਉੱਪਰ ਤੱਕ ਆਧੁਨਿਕੀਕਰਨ ਜਰੂਰੀ ਹੈ।
ਅਜੋਕੇ ਦੌਰ ਵਿੱਚ ਜਦਕਿ ਸਮਾਜ ਵਿੱਚ ਹਿੰਸਾ ਅਤੇ ਸੰਗਠਨ ਅਪਰਾਧਾਂ ਦੇ ਵਧਣ ਦੇ ਨਾਲ ਨਾਲ ਗੈਂਗਸਟਰ, ਸਮਗਲਰ ਅਤੇ ਸਮਾਜ ਵਿਰੋਧੀ ਅਨਸਰ ਅਤੀ-ਆਧੁਨਿਕ ਹਥਿਆਰਾਂ ਅਤੇ ਡਿਜੀਟਲ ਤਕਨੀਕਾਂ ਨਾਲ ਲੈਸ ਹਨ। ਇਸ ਦੇ ਨਾਲ ਹੀ ਸਾਈਬਰ ਕ੍ਰਾਈਮ ਵਿੱਚ ਵੀ ਚੋਖਾ ਵਾਧਾ ਹੋ ਰਿਹਾ ਹੈ।
ਗੈਂਗਸਟਰ ਤੇ ਸਮਗਲਰ ਅਤੇ ਸਮਾਜ ਵਿਰੋਧੀ ਤੱਤ ਸ਼ੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਧੇਰੇ ਵਰਤੋਂ ਕਰਨ ਲੱਗ ਪਏ ਹਨ। ਬਿਸ਼ਨੋਈ, ਸੰਪਤ ਨਹਿਰਾ, ਅਰਸ਼ਦੀਪ ਡੱਲਾ, ਲੱਕੀ ਪਟਿਆਲ ਆਦਿ ਗੈਂਗਸਟਰ ਸ਼ੋਸ਼ਲ ਮੀਡੀਆ ਦੇ ਨਾਲ ਨਾਲ ਇਲੈਕਟ੍ਰੋਨਿਕ ਮੀਡੀਆ (ਟੀ.ਵੀ., ਯੂਟਿਊਬ, ਫੇਸਬੁੱਕ) ਉਪਰ ਸਰਗਰਮ ਹਨ। ਸਾਲ 2020 ਤੋਂ ਸਤੰਬਰ 2023 ਤੱਕ ਪੰਜਾਬ ਪੁਲਿਸ ਵਲੋ ਗੈਂਗਸਟਰਾਂ ਦੇ 6000 ਸ਼ੋਸ਼ਲ ਮੀਡੀਆ ਅਕਾਊਂਟ/ਲਿੰਕ ਬੰਦ ਕਰਵਾਏ ਗਏ ਅਤੇ ਜਿਸ ਵਿੱਚ 4185 ਫੇਸਬੁੱਕ, 513 ਟਵੀਟਰ, 118 ਇੰਸਟਾਗ੍ਰਾਮ, 14 ਕਲੱਬ ਹਾਊਸ, 30 ਸਟੈਂਪ ਕੈਟ, ਸਿਗਨਲ ਸ਼ਾਮਲ ਹਨ।
ਨੈਸ਼ਨਲ ਜੁਡੀਸ਼ੀਅਲ ਡੈਟਾ ਗਰਿੱਡ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬ ਰਾਜ ਨਾਲ ਸਬੰਧਤ ਵੱਖ ਵੱਖ ਅਦਾਲਤਾਂ ਵਿੱਚ ਕੁੱਲ 8,66,113 ਕੇਸ ਪੈਂਡਿੰਗ ਹਨ, ਜਿਨ੍ਹਾਂ ਵਿੱਚੋਂ 4,81,263 ਕ੍ਰਿਮੀਨਲ ਅਤੇ 3,84,850 ਸਿਵਲ ਕੇਸ ਹਨ। ਜੇਕਰ ਕ੍ਰਿਮੀਨਲ ਕੇਸਾਂ ਦੀ ਗੱਲ ਕੀਤੀ ਜਾਵੇ ਤਾਂ ਅਦਾਲਤਾਂ ਵਿੱਚ 80.74% ਅਸਲ ਕੇਸ, 5.26% ਅਪੀਲ ਕੇਸ ਅਤੇ 14% ਆਮ ਅਰਜੀਆਂ ਵਾਲੇ ਕੇਸ ਹਨ।
83.59% ਕੇਸਾਂ ਵਿੱਚ ਵਰੰਟ ਜਾਂ ਸੰਮਨ ਜਾਰੀ ਹੋਣੇ ਹਨ, 16.09% ਸ਼ੈਸ਼ਨ ਕੇਸ ਹਨ, 56.31% ਕੇਸਾਂ ਇੱਕ ਸਾਲ ਤੋਂ ਘੱਟ ਸਮੇਂ ਵਾਲੇ, 26.93% ਇੱਕ ਤੋਂ ਤਿੰਨ ਸਾਲ ਪੁਰਾਣੇ, 13.91% ਤਿੰਨ ਤੋਂ ਪੰਜ ਸਾਲ ਪੁਰਾਣੇ, 2.71% 5 ਤੋਂ 10 ਸਾਲ ਪੁਰਾਣੇ ਹਨ। 39.79% ਕੇਸਾਂ ਵਿੱਚ ਧਿਰਾਂ ਦੀ ਅਦਾਲਤਾਂ ਵਿੱਚ ਹਾਜ਼ਰੀ ਲਈ ਸਰਵਿਸ ਨਹੀਂ ਹੋਈ, 50% ਬਹਿਸ/ਫੈਸਲੇ ਕਾਰਨ ਪੈਡਿੰਗ ਹਨ, 7.38% ਕੇਸਾਂ ਵਿੱਚ ਅਜੇ ਚਾਰਜ ਫਰੇਮ ਨਹੀਂ ਹੋਏ, 40.35% ਕੇਸਾਂ ਵਿੱਚ ਮੁਜਰਮਾਂ ਨੂੰ ਅਦਾਲਤ ਵਿੱਚ ਅਜੇ ਪੇਸ਼ ਨਹੀਂ ਕੀਤਾ ਗਿਆ। 35.73% ਕੇਸਾਂ ਵਿੱਚ ਅਦਾਲਤਾਂ ਵੱਲੋਂ ਸਟੇਅ ਮਿਲਿਆ ਹੈ। 7.26% ਕੇਸਾਂ ਵਿੱਚ ਅਦਾਲਤਾਂ ਵਿੱਚ ਪੁਲਿਸ ਵੱਲੋਂ ਰਿਕਾਰਡ ਪੇਸ਼ ਨਹੀਂ ਕੀਤਾ ਗਿਆ। ਯਾਦ ਰੱਖਣਾ ਹੋਵੇਗਾ ਕਿ ਲੰਬਤ ਅਪਰਾਧਿਕ ਕੇਸਾਂ ਵਿੱਚ 46,188 ਔਰਤਾਂ ਵੱਲੋਂ ਅਤੇ 18,080 ਕੇਸ ਬਜ਼ੁਰਗਾਂ ਵਲੋਂ ਅਦਾਲਤਾਂ ਵਿੱਚ ਦਰਜ ਕਰਵਾਏ ਗਏ ਹਨ। ਪੰਜਾਬ ਪੁਲਿਸ ਨੂੰ ਸ਼ੋਸ਼ਲ ਮੀਡੀਆ ਉਤੇ ਸਰਗਰਮ ਹੋਣ ਨਾਲ ਅਦਾਲਤਾਂ ਵਿੱਚ ਪੈਂਡਿੰਗ ਅਪਰਾਧਿਕ ਕੇਸਾਂ ਦੀ ਪੈਰਵੀ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਨਸ਼ਿਆਂ ਦੀ ਮਹਾਂਮਾਰੀ ਦੇ ਨਾਲ ਨਾਲ ਪੰਜਾਬ ਲਈ ਵਾਤਾਵਰਨ ਪ੍ਰਦੂਸ਼ਣ ਵੀ ਚਿੰਤਾ ਦਾ ਵਿਸ਼ਾ ਹੈ। ਨੈਸ਼ਨਲ ਪੁਲਿਸ ਅਕਾਦਮੀ ਵੱਲੋਂ ਨਿਖਿਲ ਜੈ ਪ੍ਰਕਾਸ਼ ਆਈ.ਪੀ.ਐਸ. ਦਾ ਵਾਤਾਵਰਨ ਪੁਲਿਸਿੰਗ ਬਾਰੇ ਖੋਜ ਪੱਤਰ ਆਪਣੇ ਜਨਰਲ ਵਿੱਚ ਛਾਪਿਆ ਹੈ, ਜਿਸ ਵਿੱਚ ਵਾਤਾਵਰਨ ਪ੍ਰਦੂਸ਼ਨ ਨਾਲ ਨਜਿੱਠਣ ਲਈ ਜੈ ਪ੍ਰਕਾਸ਼ ਵਲੋ ‘ਵਾਤਾਵਰਨ ਪੁਲਿਸਿੰਗ’ ਦੇ ਗਠਨ ਦਾ ਸੁਝਾਅ ਦਿੱਤਾ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀਆਂ ਰਿਪੋਰਟਾਂ ਅਨੁਸਾਰ ਵਾਤਾਵਰਨ ਪ੍ਰਦੂਸ਼ਣ ਦੇ ਅਪਰਾਧ ਦਿਨੋ ਦਿਨ ਵੱਧ ਰਹੇ ਹਨ।