ਜੁਗ ਜੁਗ ਜੀਓ…(3)
ਡਾ. ਹਰਬੰਸ ਕੌਰ ਦਿਓਲ
ਸਵੇਰ ਦੀ ਬੱਦਲਵਾਈ ਤੋਂ ਬਾਅਦ ਵਧੀਆ ਧੁੱਪ ਨਿਕਲ ਆਈ ਸੀ। ਨਿੱਘਾ ਨਿੱਘਾ ਜਿਹਾ ਦਿਨ ਸੀ, ਧੀਮੀ ਹਵਾ ਅਤੇ ਪੱਤਿਆਂ ਦੀ ਹਲਕੀ ਖੜਖੜਾਹਟ ਸੁਣਾਈ ਦੇ ਰਹੀ ਸੀ, ਜਿਵੇਂ ਕੋਈ ਮਸ਼ਵਰਾ ਕਰ ਰਹੇ ਹੋਣ। ਚੰਨੀ ਡੂੰਘੇ ਖਿਆਲਾਂ ਵਿੱਚ ਮਸਤ ਸੈਰ ਕਰਦੀ ਕਰਦੀ ਕਾਫੀ ਦੂਰ ਨਿਕਲ ਗਈ। ਬਿਲਕੁਲ ਸ਼ਾਂਤੀ ਸੀ ਆਲੇ-ਦੁਆਲੇ। ਉਹ ਆਪਣਾ ਨਾਮ ਸੁਣ ਕੇ ਇੱਕ ਦਮ ਚਹਿਕ ਪਈ। ਉਸ ਨੇ ਮੁੜ ਕੇ ਦੇਖਿਆ ਤਾਂ ਚਾਚੀ ਆਪਣੇ ਵੱਲ ਆਉਂਦੀ ਦਿਖਾਈ ਦਿੱਤੀ।
“ਚਾਚੀ ਜੀ, ਤੁਸੀਂ ਕਿੱਥੋਂ ਆ ਰਹੇ ਹੋ?” ਚੰਨੀ ਨੇ ਪੁੱਛਿਆ।
“ਇਹੀ ਤਾਂ ਮੈਂ ਤੈਨੂੰ ਪੁੱਛਣ ਵਾਲੀ ਸੀ, ਬਸ ਮੈਂ ਤਾਂ ਦੁੱਧ ਫੜਨ ਗਈ ਸੀ ਦੁਕਾਨ ਤੋਂ। ਚੱਲ ਘਰ ਚੱਲੀਏ, ਬਹਿ ਕੇ ਗੱਲਾਂ ਕਰਦੇ ਆਂ। ਹਰ ਵਾਰੀ ਜਦੋਂ ਤੂੰ ਆਉਂਦੀ ਏਂ, ਮੈਂ ਦੌਰੇ `ਤੇ ਚੜ੍ਹੀ ਹੁੰਦੀ ਆਂ। ਹੁਣ ਤੱਕ ਤਾਂ ਪ੍ਰੀਤ ਵੀ ਘਰ ਆ ਗਈ ਹੋਣੀ ਐ। ਮੈਂ ਤਾਂ ਥੱਕ ਗਈ ਉਸ ਤੋਂ ਮਿਠਾਈਆਂ ਦੇ ਡੱਬੇ ਲੁਕਾਉਂਦੀ। ਅੱਜ ਕੱਲ੍ਹ ਕਿਸੇ ਦੇ ਮੁੰਡਾ ਜੰਮਿਆ, ਕਿਸੇ ਦੇ ਵਿਆਹ ਅਤੇ ਕਿਸੇ ਦੀ ਮੰਗਣੀ ਜਾਂ ਰੋਕਾ ਹੁੰਦਾ ਰਹਿੰਦਾ ਐ। ਕੀ ਕਰਾਂ! ਮੈਨੂੰ ਉਸ `ਤੇ ਤਰਸ ਵੀ ਆਉਂਦਾ ਏ, ਪਰ ਇਸ ਵਿੱਚ ਉਸ ਦਾ ਭਲਾ ਈ ਹੈ, ਇਹ ਸੋਚ ਕੇ ਮੈਂ ਆਪਣੇ ਦਿਲ ਨੂੰ ਧਰਵਾਸ ਦੇ ਲੈਨੀ ਆਂ। ਕੱਲ੍ਹ ਥੋੜ੍ਹੀ ਉਦਾਸ ਜਿਹੀ ਸੀ, ਤੈਨੂੰ ਦੇਖ ਕੇ ਤਾਂ ਉਨ੍ਹੇ ਖਿੜ ਪੈਣੈ!”
“ਪ੍ਰੀਤ, ਦੇਖ ਕੌਣ ਆਇਐ!” ਚਾਚੀ ਨੇ ਅੰਦਰ ਲੰਘਦਿਆਂ ਕਿਹਾ।
“ਵਾਹ ਜੀ, ਪ੍ਰੀਤ ਤੂੰ ਤਾਂ ਕਮਾਲ ਕਰ ਦਿੱਤੀ ਐ ਬਈ।” ਚੰਨੀ ਨੇ ਪ੍ਰੀਤ ਵੱਲ ਨਜ਼ਰ ਮਾਰਦਿਆਂ ਕਿਹਾ।
“ਤੁਸੀਂ ਅਤੇ ਚਾਚੀ ਜੀ ਇੱਥੇ ਬੈਠੋ, ਮੈਂ ਪੀਣ ਨੂੰ ਕੁਝ ਲੈ ਕੇ ਆਉਂਨੀ ਆਂ।” ਪ੍ਰੀਤ ਨੇ ਖੁਸ਼ੀ ਖੁਸ਼ੀ ਰਸੋਈ ਵੱਲ ਜਾਂਦਿਆਂ ਕਿਹਾ।
“ਚਾਚੀ ਜੀ, ਮੰਨਣਾ ਪਊ ਨੂੰਹ ਤੁਹਾਨੂੰ ਬਹੁਤ ਵਧੀਆ ਮਿਲੀ ਹੈ। ਗੱਲ ਸੁਣਦੀ ਵੀ ਐ ਅਤੇ ਅਮਲ ਵੀ ਕਰਦੀ ਐ। ਦੇਖੋ ਕਿੰਨਾ ਭਾਰ ਘਟਾ ਲਿਆ ਹੈ, ਤੇ ਉਤੋਂ ਕੋਈ ਸ਼ਿਕਾਇਤ ਵੀ ਨਹੀਂ ਕਰਦੀ। ਹੁਣ ਤਾਂ ਫੇਰ ਵਧੀਆ ਲੱਗਣ ਲੱਗ ਪਈ ਹੈ।”
“ਹਾਂ ਚੰਨੀਏ, ਤੂੰ ਠੀਕ ਕਹਿੰਦੀ ਐ। ਮੈਂ ਤਾਂ ਰੱਬ ਦਾ ਸ਼ੁਕਰ ਕਰਦੀ ਆਂ ਦੋਨੋਂ ਵੇਲੇ। ਅੱਜ ਕੱਲ੍ਹ ਦੀਆਂ ਤਾਂ ਐਵੇਂ ਈ ਮਾਣ ਨਹੀਂ। ਅੱਗੋਂ ਦਸ ਸਵਾਲ-ਜਵਾਬ ਕਰਦੀਆਂ ਨੇ। ਦੋ-ਚਾਰ ਜਮਾਤਾਂ ਪੜ੍ਹ ਕੀ ਲੈਂਦੀਆਂ ਨੇ, ਜਿਵੇਂ ਅਸਮਾਨ `ਤੇ ਪਹੁੰਚ ਗਈਆਂ ਹੋਣ! ਮੈਂ ਇਸ (ਪ੍ਰੀਤ) ਨੂੰ ਨਹੀਂ ਦੱਸਦੀ, ਕਿਤੇ ਜ਼ਿਆਦਾ ਦਿਮਾਗ ਨਾ ਗਰਮ ਹੋ ਜਾਵੇ ਇਹਦਾ ਅਤੇ ਸਿਰ ਚੜ੍ਹ ਜਾਵੇ।”
“ਚਾਚੀ, ਜੇ ਤੁਸੀਂ ਇਸ ਦੀ ਵਡਿਆਈ ਕਰੋਗੇ ਤਾਂ ਉਹ ਉਸ ਤੋਂ ਵੀ ਚੰਗੀ ਬਨਣ ਦੀ ਕੋਸ਼ਿਸ਼ ਕਰੇਗੀ। ਆਪਾਂ ਸਾਰਿਆਂ ਨੂੰ ਥੋੜ੍ਹੀ ਬਹੁਤੀ ਹੱਲਾਸ਼ੇਰੀ ਚਾਹੀਦੀ ਹੁੰਦੀ ਐ ਕਦੇ ਕਦੇ।”
ਐਨੇ ਨੂੰ ਪ੍ਰੀਤ ਚਾਹ ਲੈ ਕੇ ਆ ਗਈ।
“ਦੀਦੀ, ਮੈਨੂੰ ਪਤਾ ਸੀ ਅੱਜ ਤੁਸੀਂ ਆਓਗੇ, ਦੇਖੋ ਮੈਂ 16 ਪੌਂਡ ਭਾਰ ਘਟਾ ਲਿਐ ਅਤੇ ਬਹੁਤ ਅੱਛਾ ਵੀ ਮਹਿਸੂਸ ਕਰਦੀ ਆਂ। ਐਨਰਜ਼ੀ ਵੀ ਜ਼ਿਆਦੈ! ਦੇਖ ਰਹੇ ਓਂ ਜੱਟੀ ਨੂੰ ਵੰਗਾਰਨ ਦਾ ਨਤੀਜਾ!”
“ਤੂੰ ਵਾਕਿਆ ਈ ਕਮਾਲ ਕਰ ਦਿੱਤੀ ਹੈ।”
“ਦੀਦੀ, ਪਿਛਲੀ ਵਾਰੀ ਆਪਣੀ ਹੈਲਥੀ ਲਾਈਫ ਸਟਾਈਲ ਵਾਲੀਆਂ ਗੱਲਾਂ ਵਿਚਾਲੇ ਹੀ ਰਹਿ ਗਈਆਂ ਸਨ। ਕੋਈ ਹੋਰ ਨੁਸਖੇ ਦੱਸੋ ਅੱਜ। ਮੈਂ ਤਾਂ ਆਪਣੀ ਪੂਰੀ ਤਿਆਰੀ ਕੀਤੀ ਹੋਈ ਐ।”
“ਪ੍ਰੀਤ, ਤੈਨੂੰ ਇੰਨਾ ਲਾਲਚ ਹੈ ਚੰਨੀ ਤੋਂ ਲਾਹਾ ਲੈਣ ਦਾ, ਨੀਂ ਤੂੰ ਇਹਨੂੰ ਚਾਹ ਤਾਂ ਪੀ ਲੈਣ ਦੇ।”
“ਅਸੀਂ ਤਾਂ ਗੱਲਾਂ ਕਰਦਿਆਂ ਹੀ ਚਾਹ ਪੀ ਲੈਣੀ ਐਂ।”
“ਚਾਚੀ ਜੀ, ਇਹਨੇ ਤਾਂ ਆਪਣੀ ਚਾਹ ਦਾ ਭਾੜਾ ਜੋ ਲੈਣਾ ਏ ਮੇਰੇ ਤੋਂ!” ਚੰਨੀ ਨੇ ਪ੍ਰੀਤ ਨੂੰ ਟੀਜ਼ ਕਰਦਿਆਂ ਕਿਹਾ।
“ਦੀਦੀ, ਤੁਹਾਨੂੰ ਪਤਾ ਹੈ ਮੇਰਾ ਇਹ ਮਤਲਬ ਨਹੀਂ ਸੀ। ਮੈਂ ਨਹੀਂ ਚਾਹੁੰਦੀ ਤੁਹਾਨੂੰ ਜਾਣ ਵੇਲੇ ਹਨੇਰਾ ਹੋ ਜਾਵੇ।” ਪ੍ਰੀਤ ਨੇ ਆਪਣੀ ਸਫਾਈ ਪੇਸ਼ ਕਰਦਿਆਂ ਕਿਹਾ।
ਤੁਸੀਂ ਕਿਹਾ ਸੀ, ਰਸੋਈ ‘ਚ ਕੁਝ ਗੱਲਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ, ਕਿਉਂ ਨਾ ਆਪਾਂ ਉਥੋਂ ਹੀ ਸ਼ੁਰੂ ਕਰੀਏ।”
“ਚੱਲ ਸੁਣ ਫੇਰ:
1. ਪਹਿਲਾ, ਐਲੂਮੀਨੀਅਮ ਫੁਆਇਲ (Aluminum Foil) ਦਾ ਇਸਤੇਮਾਲ ਖਾਣਾ ਬਣਾਉਣ ਵੇਲੇ ਨਾ ਕਰੋ। ਕਦੇ ਵੀ ਖੁਰਾਕ ਫੁਆਇਲ ਨਾਲ ਕੰਟੈਕਟ ਵਿੱਚ ਨਹੀਂ ਆਉਣੀ ਚਾਹੀਦੀ, ਕਿਉਂਕਿ ਐਲੂਮੀਨੀਅਮ ਫੁਆਇਲ ਤੋਂ ਐਬਜੌLਰਬ ਹੋ ਕੇ ਦਿਮਾਗ ‘ਤੇ ਬੁਰਾ ਅਸਰ ਕਰਦੀ ਹੈ। ਇਸ ਦੀ ਥਾਂ ਪਾਰਚਮੈਂਟ ਪੇਪਰ (parchment paper) ਦਾ ਇਸਤੇਮਾਲ ਕਰੋ। ਓਵਨ ਵਿਚ ਵੀ ਪਾਰਚਮੈਂਟ ਪੇਪਰ ਦਾ ਇਸਤੇਮਾਲ 400 ਡਿਗਰੀ ਫਾਰਨਹੀਟ ਤੱਕ ਕਰ ਸਕਦੇ ਹੋ। ਧਿਆਨ ਰੱਖਣਾ ਪੇਪਰ ਪੈਨ ਦੇ ਵਿੱਚ ਵਿੱਚ ਹੀ ਰੱਖੋ। ਓਵਨ ਦੇ ਹੋਰ ਕਿਸੇ ਹਿੱਸੇ ਦੇ ਨਾਲ ਟੱਚ ਨਾ ਕਰੇ।
ਕਦੇ ਕਦਾਈਂ ਜੇ ਗਰਿੱਲ ਕਰਨਾ ਹੋਵੇ ਤਾਂ ਵੀ ਐਲੂਮੀਨੀਅਮ ਫੁਆਇਲ ਦੀ ਥਾਂ ਸੀਡਰ ਰੈਪਸ (cedar wraps) ਵਰਤੋ, ਇਹ ਐਮਾਜ਼ੋਨ ਤੋਂ ਮਿਲ ਜਾਂਦੇ ਨੇ।
2. ਖਾਣਾ ਬਣਾਉਣ ਲਈ ਐਲੂਮੀਨੀਅਮ ਦੇ ਭਾਂਡੇ ਵੀ ਨਾ ਵਰਤੋ।
3. ਤੀਜਾ, ਟੈਫਲਾਨ ਕੋਟਿਡ, ਬਿਨਾ ਸਟਿਕ ਹੋਣ ਵਾਲੇ ਭਾਂਡੇ ਵਿੱਚ ਖਾਣਾ ਨਾ ਬਣਾਓ, ਕਿਉਂਕਿ ਹੌਲੀ ਹੌਲੀ ਟੈਫਲਾਨ ਘੁਲ਼ ਕੇ ਖੁਰਾਕ ਰਾਹੀਂ ਸਾਡੇ ਸਰੀਰ ਵਿੱਚ ਜਾ ਕੇ ਜ਼ਹਿਰ ਵਰਗਾ ਅਸਰ ਕਰਦੀ ਹੈ।
4. ਤਾਂਬੇ ਅਤੇ ਲੋਹੇ ਦੇ ਬਰਤਨ ਖੁਰਾਕ ਬਣਾਉਣ ਲਈ ਕਦੇ ਕਦੇ ਇਸਤੇਮਾਲ ਕਰਨ ਦਾ ਕੋਈ ਹਰਜ ਨਹੀਂ, ਪਰ ਬਹੁਤੀ ਵਾਰੀ ਵਿਸ਼ੇਸ਼ ਕਰਕੇ ਖਟਾਈ ਵਾਲੀਆਂ ਚੀਜ਼ਾਂ ਬਣਾਉਣ ਤੋਂ ਪਰਹੇਜ਼ ਹੀ ਕਰੋ।”
“ਦੀਦੀ ਫਿਰ ਕਿਸ ਤਰ੍ਹਾਂ ਦੇ ਬਰਤਨ ਵਰਤਣੇ ਚਾਹੀਦੇ ਹਨ?”
“5. ਸਟੀਲ, ਗਲਾਸ, ਸਰੈਮਕ ਅਤੇ ਸਰੈਮਕ ਕੋਟਿੰਗ ਵਾਲੇ ਬਰਤਨ ਬੇਫਿਕਰ ਹੋ ਕੇ ਇਸਤੇਮਾਲ ਕਰੋ।
6. ਮਾਈਕਰੋਵੇਵ ਨੂੰ ਜਾਂ ਤਾਂ ਬਿਲਕੁਲ ਇਸਤੇਮਾਲ ਨਾ ਕਰੋ ਜਾਂ ਬਹੁਤ ਹੀ ਘੱਟ।
7. ਪਲਾਸਟਿਕ ਦੀਆਂ ਬੋਤਲਾਂ ਪਾਣੀ ਲਈ ਜਾਂ ਡੱਬੇ ਖਾਣਾ ਸਟੋਰ ਕਰਨ ਲਈ ਨਹੀਂ ਵਰਤਣੇ ਚਾਹੀਦੇ, ਕਿਉਂਕਿ ਮਾਈਕਰੋਪਲਾਸਟਿਕਜ਼ ਖਾਣੇ ਵਿੱਚ ਘੁਲ ਜਾਂਦੇ ਨੇ, ਇਹ ਸਰੀਰ ਵਿੱਚ ਇਨਫਲੇਮੇਸ਼ਨ ਕਰਦੇ ਹਨ।
8. ਟੇਬਲ ਸਾਲਟ ਵਿੱਚ ਮਾਈਕਰੋਪਲਾਸਟਿਕਜ਼, ਐਲੂਮੀਨੀਅਮ ਅਤੇ ਸ਼ੂਗਰ ਹੁੰਦੀ ਹੈ। ਉਸ ਦੀ ਥਾਂ ਹਿਮਾਲਿਅਨ ਸਾਲਟ ਜਾਂ ਸੈਲਟਿਕ ਸੀ ਸਾਲਟ (Celtic Sea salt) ਦਾ ਇਸਤੇਮਾਲ ਹੀ ਕਰਨਾ ਜਿਆਦਾ ਅੱਛਾ ਹੈ।”
“ਦੀਦੀ, ਕਈ ਵਾਰੀ ਮੈਂ ਸੁਣਿਆ ਕਿ ਜੇ ਤੁਸੀਂ ਘੱਟ ਕਾਰਬਜ਼ ਵਾਲੀ ਖੁਰਾਕ ਖਾਂਦੇ ਹੋ ਤਾਂ ਮਸਲ ਕਰੈਪਸ ਹੋ ਜਾਂਦੀਆਂ ਨੇ।”
“ਪ੍ਰੀਤ ਉਨ੍ਹਾਂ ਲੋਕਾਂ ਨੂੰ ਥੋੜ੍ਹਾ ਜ਼ਿਆਦਾ ਨਮਕ ਖਾਣ ਦੀ ਜ਼ਰੂਰਤ ਹੈ, ਮਸਲ ਕਰੈਪਸ ਹੋਰ ਕਈ ਗੱਲਾਂ ਕਰਕੇ ਵੀ ਹੋ ਸਕਦੇ ਨੇ- ਜਿਵੇਂ ਐਕਸਰਸਾਈਜ਼ ਤੋਂ ਬਾਅਦ ਗਰਮੀ ਦੇ ਮੌਸਮ ਵਿੱਚ ਜ਼ਿਆਦਾ ਪਸੀਨਾ ਆਉਣ ਕਰਕੇ ਪਾਣੀ ਦੀ ਕਮੀ ਹੋ ਜਾਂਦੀ ਹੈ। ਕੁਝ ਇਲੈਕਟਰੋਲਾਈਟਜ਼ ਜਿਵੇਂ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦੀ ਘਾਟ ਕਰਕੇ ਵੀ।”
“ਹੁਣ ਸਮਝ ਆਈ! ਇਹਦਾ ਮਤਲਬ ਕੁਝ ਇਲਾਜ ਹੋ ਸਕਦਾ ਹੈ। ਮੈਨੂੰ ਤਾਂ ਚਾਚੀ ਨੇ ਡਰਾ ਦਿੱਤਾ ਸੀ, ਕਹਿੰਦੇ ਕਿਸੇ ਨੇ ਟੂਣਾ ਟੱਪਾ ਕੀਤਾ ਹੋਣਾ ਅਤੇ ਮੈਂ ਉੱਤੋਂ ਦੀ ਲੰਘ ਗਈ ਹੋਵਾਂਗੀ, ਮੈਨੂੰ ਹੁਣ ਕਿਸੇ ਹਥੌਲਾ ਕਰਨ ਵਾਲੇ ਕੋਲ ਜਾਣਾ ਪਵੇਗਾ।”
“ਪ੍ਰੀਤ, ਤੂੰ ਇਨ੍ਹਾਂ ਗੱਲਾਂ ਨੂੰ ਮੰਨਦੀ ਐਂ?”
“ਨਹੀਂ ਦੀਦੀ, ਪਰ ਮੈਨੂੰ ਤਾਂ ਸਮਝ ਨਹੀਂ ਸੀ ਪੈਂਦੀ ਕਿ ਕੀ ਕਰਾਂ! ਹੁਣ ਤਾਂ ਤਰੀਕਾ ਪਤਾ ਲੱਗ ਗਿਐ। ਮੇਰੀ ਇੱਕ ਹੋਰ ਬਹੁਤ ਵੱਡੀ ਮੁਸ਼ਕਿਲ ਹੈ, ਉਸ ਦੇ ਵਿੱਚ ਮੇਰੀ ਮਦਦ ਕਰੋ।”
“ਕੀ ਪ੍ਰੀਤ?”
“ਤੁਸੀਂ ਕਿਹਾ ਸੀ ਕਿ ਸ਼ੂਗਰ ਨਾ ਖਾਓ ਅਤੇ ਆਰਟੀਫਿਸ਼ਅਲ ਸਵੀਟਨਰਜ਼ ਵੀ ਨਾ ਖਾਓ ਜਿਵੇਂ ਨਿਉਟਰਾ ਸਵੀਟ (nutrasweet), ਈਕੁਲ, ਸਵੀਟ ਐਂਡ ਲੋ, ਸਪਲੈਂਡਾ, ਨਿਉਟੇਮ। ਇਹ ਹਾਨੀਕਾਰਕ ਨੇ ਲਿਵਰ ਡੈਮੇਜ, ਲਿਵਰ ਕੈਂਸਰ, ਹਾਜ਼ਮੇ ਦੀ ਸਮੱਸਿਆ, ਕਰੇਵਿੰਗਜ਼, ਭਾਰ ਵਧਾਉਣਾ, ਜ਼ਿਆਦਾ ਸ਼ੂਗਰ ਅਤੇ ਜ਼ਿਆਦਾ ਬਲੱਡ ਪ੍ਰੈਸ਼ਰ ਵੀ ਕਰਦੇ ਹਨ।”
“ਜੇ ਕਦੀ ਮਿੱਠਾ ਖਾਣ ਨੂੰ ਜੀ ਕਰੇ, ਹੈ ਕੋਈ ਚਾਰਾ?”
“ਹਾਂ ਕੁਝ ਆਪਸ਼ਨਜ਼ (options) ਹਨ- ਫਲ ਖਾ ਕੇ ਦੇਖੋ ਜਿਨ੍ਹਾਂ ਵਿੱਚ ਜ਼ਿਆਦਾ ਮਿਠਾਸ ਨਹੀਂ ਪਰ ਕਰੇਵਿੰਗ ਘਟਾ ਦਿੰਦੇ ਨੇ ਜਿਵੇਂ ਐਪਲ, ਪੇਅਰ, ਬੈਰੀਜ਼।”
“ਦੀਦੀ, ਤੁਹਾਡਾ ਕੀ ਖਿਆਲ ਹੈ, ਰਾਅ ਹਨੀ (row honey) ਅਤੇ ਸ਼ੂਗਰ ਫਰੀ ਮੇਪਲ ਸਿਰਪ (maple syrup) ਬਾਰੇ?”
“ਦੇਖ ਬਈ, ਰਾਅ ਹਨੀ ਵਿੱਚ ਸ਼ੂਗਰ ਤਾਂ ਕਾਫੀ ਹੁੰਦੀ ਹੈ, ਜੇ ਆਪਾਂ ਇੱਕ ਚਮਚ ਸ਼ਹਿਦ ਖਾ ਲਈਏ, ਉਹਦੇ ਵਿੱਚ ਡੇਢ ਚਮਚ ਜਿੰਨੀ ਸ਼ੂਗਰ ਹੁੰਦੀ ਹੈ, ਪਰ ਉਹਦੇ ਵਿੱਚ ਧਾਤਾਂ ਅਤੇ ਵਿਟਾਮਿਨ ਜਿਵੇਂ ਆਇਰਨ ਅਤੇ ਵਿਟਾਮਿਨ ਸੀ ਹੁੰਦੇ ਹਨ, ਇਸ ਲਈ ਸ਼ੂਗਰ ਨਾਲੋਂ ਚੰਗਾ ਹੈ। Sugar free maple syrup ਦਾ ਇਸਤੇਮਾਲ ਠੀਕ ਹੈ। ਹੋਰ ਵੀ ਹਨ ਸ਼ੂਗਰ ਦੇ ਬਦਲ (substitutes), ਜਿਵੇਂ ਸਟੇਵੀਆ (stevia) ਜੋ ਕਾਫੀ ਦੇਰ ਤੋਂ ਇਸਤੇਮਾਲ ਕੀਤਾ ਜਾ ਰਿਹਾ ਹੈ, ਠੀਕ ਹੈ; ਪਰ ਕਈ ਲੋਕਾਂ ਨੂੰ ਆਫਟਰ ਟੇਸਟ ਮਹਿਸੂਸ ਹੁੰਦਾ ਹੈ। ਇਹ ਵੀ ਕਹਿਣਾ ਹੈ ਕਿ ਜੇ ਤੁਸੀਂ ਲਿਕੁਇਡ ਫਾਰਮ ਇਸਤੇਮਾਲ ਕਰੋ ਤਾਂ ਆਫਟਰ ਟੇਸਟ ਨਹੀਂ ਮਹਿਸੂਸ ਹੁੰਦਾ। ਲਿਕੁਇਡ ਸਟੇਵੀਆ ਨੂੰ ਚਾਹ ਜਾਂ ਕੌਫੀ ਵਿੱਚ ਪਾ ਸਕਦੇ ਹੋ। ਮੈਂ ਕਦੇ ਵਰਤ ਕੇ ਨਹੀਂ ਦੇਖਿਆ। ਰਾਅ ਹਨੀ ਇੱਕ ਸਾਲ ਤੋਂ ਘੱਟ ਉਮਰ ਵਾਲੇ ਬੱਚੇ ਨੂੰ ਨਹੀਂ ਦੇਣਾ ਚਾਹੀਦਾ, ਕਿਉਂਕਿ ਬੋਟੂਲਿਜ਼ਮ (botulism) ਹੋਣ ਦਾ ਡਰ ਹੁੰਦਾ ਹੈ।
ਮਿੱਠੇ ਯਾਨਿ ਸ਼ੂਗਰ ਦੇ ਹੋਰ ਬਦਲ ਵੀ ਹਨ- ਅਰਿਥਰੀਟੌਲ (erythritol), ਮੰਕ ਫਰੂਟ (monk fruit), ਐਲੂਲੋਜ਼ (allulose) ਅਤੇ ਜਾਇਲੀਟੌਲ (xylitol); ਇਹ ਥੋੜ੍ਹੇ ਜਿਹੇ ਮਹਿੰਗੇ ਨੇ ਅਤੇ ਉਨੀ ਰੀਸਰਚ ਨਹੀਂ, ਜਿੰਨੀ ਸਟੇਵੀਆ ‘ਤੇ ਹੋਈ ਹੈ। ਮੰਕ ਫਰੂਟ ਅਤੇ ਐਲੂਲੋਜ਼ ਦਾ ਸਵਾਦ ਸ਼ੂਗਰ ਵਰਗਾ ਹੀ ਹੈ। ਜਾਇਲੀਟੌਲ ਪੈਟਸ ਲਈ ਹਾਨੀਕਾਰਕ ਹੈ। ਬੱਚਿਆਂ ਦੇ ਦੰਦਾਂ ਨੂੰ ਕੈਵਿਟੀਜ (cavities) ਤੋਂ ਬਚਾਉਂਦੀ ਹੈ, ਪਰ ਸ਼ੁਗਰ ਹੁੰਦੀ ਹੈ ਥੋੜ੍ਹੀ ਜਿਹੀ ਇਸ ਵਿੱਚ।”
“ਦੀਦੀ ਕੀ ਇਨ੍ਹਾਂ ਨੂੰ ਵਰਤ ਕੇ ਬੇਸਨ ਦੀ ਬਰਫੀ ਬਣ ਸਕਦੀ ਏ?”
“ਤੂੰ ਅਤੇ ਤੇਰੀ ਬੇਸਨ ਦੀ ਬਰਫੀ! ਹਾਂ, ਬਣ ਸਕਦੀ ਏ। ਮੈਂ ਤਾਂ ਭੁੱਲ ਹੀ ਗਈ ਸੀ, ਮੈਂ ਤੇਰੇ ਲਈ ਮਿੰਟੂ ਤੋਂ ਲੌਲੀਪੌਪ (lollipop) ਲੈ ਕੇ ਆਈ ਹਾਂ। ਚਾਚੀ ਕਹਿੰਦੀ ਸੀ, ਤੂੰ ਸਵੇਰੇ ਰੋਂਦੀ ਸੀ ਮਿਠਾਈ ਖਾਣ ਲਈ। ਮੈਂ ਸੋਚਿਆ, 25 ਸਾਲ ਦੀ ਬੱਚੀ ਨੂੰ ਲੌਲੀਪੌਪ ਦੇ ਕੇ ਚੁੱਪ ਕਰਾ ਲਾਵਾਂਗੇ। ਲੈ ਫੜ, ਨਾਲ ਹੈ ਟਿਸ਼ੂ ਦਾ ਡੱਬਾ ਵੀ, ਹੰਝੂ ਪੂੰਝਣ ਲਈ।”
“ਦੀਦੀ, ਤੁਸੀਂ ਵੀ ਚਾਚੀ ਜੀ ਦੇ ਨਾਲ ਰਲ ਗਏ, ਨਾਲੇ ਕਹਿੰਦੇ ਹੋ ਸ਼ੂਗਰ ਨਹੀਂ ਖਾਣੀ, ਉੱਤੋਂ ਲੌਲੀਪੌਪ ਲੈ ਕੇ ਆਉਂਦੇ ਹੋ।” ਪ੍ਰੀਤ ਨੇ ਡੱਬਾ ਖੋਲ੍ਹਦਿਆਂ ਕਿਹਾ।
“ਪਰ ਦੀਦੀ ਇਹਦੇ ਵਿੱਚ ਤਾਂ ਕੁਕੀਜ਼ ਨੇ, ਮੈਨੂੰ ਤੁਸੀਂ ਮਨ੍ਹਾਂ ਕੀਤਾ ਹੋਇਆ।” ਪ੍ਰੀਤ ਨੇ ਰੋਣਹਾਕੀ ਹੋ ਕੇ ਕਿਹਾ।
“ਪ੍ਰੀਤ ਇਹ ਤਾਂ ਤੁਸੀਂ ਖਾ ਸਕਦੇ ਹੋ, ਇਹ ਤੇਰੇ ਲਈ ਸਪੈਸ਼ਲ ਮੈਂ ਬਣਾਈਆਂ ਨੇ ਅਤੇ ਹੈਨ ਵੀ ਸ਼ੂਗਰ ਫਰੀ।”
“OMG” ਪ੍ਰੀਤ ਨੇ ਕੁਕੀ ਖਾਂਦਿਆਂ ਕਿਹਾ, “ਇਹ ਤਾਂ ਬਿਲਕੁਲ ਅਸਲੀ ਲੱਗਦੀਆਂ ਨੇ। ਬਹੁਤ ਹੀ ਸਵਾਦ ਅਤੇ ਨਰਮ ਹਨ, ਇਹ ਤਾਂ ਨੰਬਰ ਵਨ ਹਨ, ਸਭ ਤੋਂ ਵਧੀਆ ਤੋਹਫਾ ਦਿੱਤਾ ਹੈ ਤੁਸੀਂ।”
“ਨਹੀਂ, ਇਹ ਤਾਂ ਨੰਬਰ-2 ਹੈ, ਪਰ ਨੰਬਰ-1 ਤਾਂ ਤੇਰੀ ਬੇਸਨ ਦੀ ਬਰਫੀ ਹੋਵੇਗੀ।” ਚੰਨੀ ਨੇ ਕਿਹਾ।
“ਹਾਂ ਜੀ, ਤੁਹਾਡੀ ਗੱਲ ਤਾਂ 16 ਆਨੇ ਸੱਚੀ ਹੈ। ਅੱਜ ਤਾਂ ਸਵਾਦ ਈ ਆ ਗਿਆ। ਮੇਰੀ ਸ਼ੂਗਰ ਤਾਂ ਨਹੀਂ ਵਧੇਗੀ?”
“ਨਹੀਂ, ਇਹ ਸ਼ੂਗਰ ਫਰੀ ਨੇ।”
“ਦੀਦੀ ਇਹਦੀ ਰੈਸਪੀ (recipe) ਦੇ ਦੋ ਮੈਨੂੰ।”
“ਲੈ ਲਿਖ ਲੈ:
-ਐਲਮੰਡ ਆਟਾ ਢਾਈ ਕੱਪ
-ਮੰਕ ਫਰੂਟ ਸਵੀਟਨਰ (monk fruit sweetener) 3/4 ਕੱਪ। ਮੈਂ ਦੋ ਟੀ-ਸਪੂਨ ਘੱਟ ਹੀ ਰੱਖੇ ਸੀ।
-ਬੇਕਿੰਗ ਪਾਊਡਰ ਇੱਕ ਚਮਚ
-ਨਮਕ 1/4 ਚਮਚ।
ਇਨ੍ਹਾਂ ਸਾਰਿਆਂ ਨੂੰ ਵਿਸਕ (whisk) ਨਾਲ ਮਿਲਾ ਲਵੋ।
ਇੱਕ ਅਲੱਗ ਬਰਤਨ ਵਿੱਚ ਅੱਧਾ ਕੱਪ ਮੈਲਟ ਕੀਤਾ ਹੋਇਆ ਬਟਰ ਲਓ, ਪਰ ਗਰਮ ਨਾ ਹੋਵੇ- ਨਮਕ ਤੋਂ ਬਿਨਾ
ਅੰਡਾ ਇੱਕ- ਰੂਮ ਟੈਂਪਰੇਚਰ ‘ਤੇ
ਵਨੀਲਾ- ਇੱਕ ਚਮਚ
ਇਨ੍ਹਾਂ ਸਾਰਿਆਂ ਨੂੰ ਮਿਲਾ ਲਓ ਅਤੇ ਪਹਿਲੇ ਬਰਤਨ, ਜਿਸ ਵਿੱਚ ਆਟਾ ਹੈ, ਮਿਲਾ ਦੇਵੋ ਹਲਕੇ ਜਿਹੇ। ਹੁਣ ਅੱਧਾ ਕੱਪ ਸ਼ੂਗਰ ਫਰੀ ਚੌਕਲੇਟ ਚਿਪਸ, 1/4 ਕੱਪ ਕੱਟੇ ਹੋਏ (chopped) ਪੀਕਾਂਨਜ਼ ਮਿਲਾ ਕੇ ਫਰਿਜ਼ ਵਿੱਚ ਇੱਕ ਘੰਟੇ ਲਈ ਰੱਖ ਦੇਵੋ। ਆਟੇ ਨੂੰ ਓਵਰ ਮਿਕਸ ਨਹੀਂ ਕਰਨਾ, ਨਟਜ਼ ਤੁਸੀਂ ਆਪਣੀ ਮਰਜ਼ੀ ਦੇ ਪਾ ਸਕਦੇ ਹੋ।
ਓਵਨ ਦਾ ਤਾਪਮਾਨ 350 ਡਿਗਰੀ ਫਾਰਨਹੀਟ ਕਰਕੇ ਆਨ ਕਰ ਦੇਵੋ। ਹੁਣ ਕੁਕੀਜ਼ ਦੇ ਲਈ ਛੋਟੀਆਂ ਛੋਟੀਆਂ ਬਾਲਜ਼ (balls) ਬਣਾ ਕੇ ਪਾਰਚਮੈਂਟ ਪੇਪਰ ਤੇ ਕੁਕੀ ਪੈਨ ਵਿੱਚ ਰੱਖ ਲਵੋ ਅਤੇ ਹੱਥ ਨਾਲ ਥੋੜ੍ਹੇ ਪ੍ਰੈਸ ਕਰੋ। ਕੁਕੀਜ਼ ਜ਼ਿਆਦਾ ਸਪਰੈਡ ਨਹੀਂ ਹੁੰਦੀਆਂ, ਜਦੋਂ ਵੀ ਇਹ ਕਿਨਾਰਿਆਂ ਤੋਂ ਹਲਕੀ ਜਿਹੀ ਲਾਲੀ ਮਾਰਨ ਲੱਗਣ, ਓਵਨ ‘ਚੋਂ ਕੱਢ ਲਵੋ। ਇਹ ਕਾਫੀ ਸੌਫਟ ਅਤੇ ਚਿੱਟੀਆਂ ਜਿਹੀਆਂ ਹੀ ਹੋਣਗੀਆਂ।
ਇਨ੍ਹਾਂ ਨੂੰ 10-15 ਮਿੰਟ ਹਿਲਾਓ ਨਾ, ਸੌਲਿਡ ਹੋ ਜਾਣਗੀਆਂ। ਮੇਰੇ ਓਵਨ ਵਿੱਚ ਅੱਠ ਕੁ ਮਿੰਟ ਹੀ ਲੱਗਦੇ ਨੇ, ਤੁਹਾਡੇ ਓਵਨ ਵਿੱਚ ਵੱਧ-ਘੱਟ ਸਮਾਂ ਹੋ ਸਕਦਾ ਹੈ।”
ਚੰਨੀ ਨੇ ਕੁਕੀਜ਼ ਬਣਾਉਣ ਦੀ ਵਿਧੀ ਦੱਸਣ ਸਾਰ ਹੀ ਸੁਚੇਤ ਵੀ ਕਰ ਦਿੱਤਾ, “ਹੁਣ ਇੱਕ ਗੱਲ ਯਾਦ ਰੱਖੀਂ, ਸਾਰਾ ਦਿਨ ਕੁਕੀਜ਼ ਈ ਨਾ ਖਾਈ ਜਾਈਂ, ਇਹ ਕਦੇ ਕਦਾਈਂ ਜਦੋਂ ਜੀ ਕਰੇ, ਮੌਡਰੇਸ਼ਨ ਵਿੱਚ। ਇਨ੍ਹਾਂ ਵਿੱਚ ਕਾਰਬਜ ਨਹੀਂ, ਪਰ ਫੈਟ ਤਾਂ ਹੈ ਭਾਰ ਵਧਾਉਣ ਲਈ, ਸਮਝੀ!”
“ਜੀ ਹਜ਼ੂਰ।”
“ਚੱਲ ਫੇਰ ਗੁੱਡ ਲੱਕ। ਸਤਿ ਸ੍ਰੀ ਅਕਾਲ। ਮੈਂ ਚਲਦੀ ਆ ਹੁਣ, ਫਿਰ ਮਿਲਾਂਗੇ ਅਗਲੀ ਵਾਰ…।”