“ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੌਜਵਾਨ ਲੇਖਕ ਅਲੀ ਰਾਜਪੁਰਾ ਦੀ ਭਾਈਚਾਰਕ ਸਾਂਝ ਸਬੰਧੀ ਇੱਕ ਪੜ੍ਹਨਯੋਗ ਪੁਸਤਕ ਹੈ। ਅਸੀਂ ਸੁਹਿਰਦ ਪਾਠਕਾਂ ਲਈ ਇਹ ਪੁਸਤਕ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਛਾਪ ਰਹੇ ਹਾਂ। ਇਸ ਅੰਕ ਵਿੱਚ ਨਵਾਬ ਸੈਫ਼ ਖ਼ਾਨ, ਮੁਹੰਮਦ ਖ਼ਾਂ ਪਠਾਣ ਤੇ ਪੀਰ ਦਰਗਾਹੀ ਸ਼ਾਹ ਬਾਰੇ ਸੰਖੇਪ ਵੇਰਵਾ ਹੈ…
ਅਲੀ ਰਾਜਪੁਰਾ
ਫੋਨ:+91-9417679302
ਨਵਾਬ ਸੈਫ਼ ਖ਼ਾਨ ਉਰਫ਼ ਸੈਫ਼ੂਦੀਨ ਅਹਿਮਦ ਫ਼ਕੀਰਰੁੱਲਾ
ਨਵਾਬ ਸੈਫੂਦੀਨ ਅਹਿਮਦ ਫ਼ਕੀਰਰੁੱਲਾ ਮੁਗ਼ਲਾਂ ਦੇ ਸਮੇਂ ਦਾ ਇੱਕ ਪ੍ਰਮੁੱਖ ਸਰਦਾਰ ਤੇ ਸ਼ਾਹਜਹਾਂ ਦਾ ਸਾਂਢੂ ਸੀ। ਉਸ ਦੇ ਵੱਡੇ ਭਾਈ ਨਵਾਬ ਫਿਦਾਈ ਖ਼ਾਂ ਅਤੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਇੱਕੋ ਦਾਈ ਨੇ ਪਾiਲ਼ਆ ਸੀ। ਫ਼ਖਰੂਦੀਨ ਅਹਿਮਦ ਬਖ਼ਸ਼ੀ ਜਹਾਂਗੀਰ ਦੇ ਸਮੇਂ ਤੁਰਕਿਸਤਾਨ ਤੋਂ ਭਾਰਤ ਆਇਆ। ਜਦ ਸ਼ਾਹਜਹਾਂ ਬਾਦਸ਼ਾਹ ਬਣਿਆ ਤਾਂ ਉਸ ਨੇ ਉਸ ਨੂੰ ਤਰਬੀਅਤ ਖ਼ਾਂ ਦਾ ਖਿਤਾਬ ਦਿੱਤਾ। ਸ਼ਾਹਜਹਾਂ ਦੇ ਰਾਜਕਾਲ ਦੇ ਅੰਤਲੇ ਦਿਨਾਂ ਵਿੱਚ ਸੈਫ਼ੂਦੀਨ ਨੂੰ ਸੱਤ ਸੌ ਦਾ ਮਨਸੂਬੇਦਾਰ ਬਣਾਇਆ ਗਿਆ ਅਤੇ ਸੌ ਘੋੜ ਸਵਾਰ ਉਸ ਦੇ ਮੁਤਹਿਤ ਕੀਤੇ ਗਏ। ਜਦੋਂ ਸ਼ਾਹਜਹਾਂ ਦੇ ਪੁੱਤਰਾਂ ਵਿੱਚਾਲੇ ਤਖ਼ਤ ਨਸ਼ੀਨੀ ਨੂੰ ਲੈ ਕੇ ਜੰਗ ਆਰੰਭ ਹੋਈ ਤਾਂ ਸੈਫ਼ੂਦੀਨ ਨੂੰ ਰਾਜਾ ਜਸਵੰਤ ਸਿੰਘ ਨਾਲ ਮਾਲਵੇ ਵਿੱਚ ਔਰੰਗਜ਼ੇਬ ਦਾ ਮੁਕਾਬਲਾ ਕਰਨ ਲਈ ਭੇਜ ਦਿੱਤਾ। ਰਾਜਾ ਜਸਵੰਤ ਸਿੰਘ ਦੇ ਲਸ਼ਕਰ ਦੇ ਪੈਰ ਥਿੜਕਦੇ ਦੇਖ ਕੇ ਸੈਫ਼ ਖ਼ਾਨ, ਔਰੰਗਜ਼ੇਬ ਨਾਲ ਰਲ਼ ਗਿਆ। ਉਸ ਨੂੰ ਔਰੰਗਜ਼ੇਬ ਨੇ ਤੁਰੰਤ ਪੰਦਰਾਂ ਸੌ ਦਾ ਮਨਸੂਬੇਦਾਰ ਬਣਾ ਦਿੱਤਾ ਅਤੇ ਉਸ ਨੂੰ ਸੈਫ਼ ਖ਼ਾਨ ਦੀ ਉਪਾਧੀ ਬਖ਼ਸ਼ੀ। ਇਹ ਸੈਫ਼ੂਦੀਨ ਦੀ ਚਾਲ ਸੀ। ਉਹ ਸੱਚੇ ਦਿਲੋਂ ਔਰੰਗਜ਼ੇਬ ਦੇ ਨਾਲ ਨਹੀਂ ਸੀ। ਔਰੰਗਜ਼ੇਬ ਨੇ ਇਸ ਨੂੰ ਗੁਜ਼ਾਰੇ ਲਈ 12 ਪਿੰਡਾਂ ਦਾ ਖ਼ੁਸ਼ਕ ਜਿਹਾ ਇਲਾਕਾ ਦੇ ਦਿੱਤਾ ਸੀ। ਉਸ ਨੇ ਇਸ ਇਲਾਕੇ ਵਿੱਚ ਪਟਿਆਲ਼ੇ ਤੋਂ ਲਗਭਗ 8 ਕਿਲੋਮੀਟਰ ਦੂਰ ਪਟਿਆਲ਼ਾ-ਰਾਜਪੁਰਾ ਸੜਕ ਉੱਤੇ ਆਪਣੇ ਨਾਮ ਉੱਤੇ ਸੈਫ਼ਾਬਾਦ (ਕਿਲ੍ਹਾ ਬਹਾਦਰ ਗੜ੍ਹ) ਨਾਮੀ ਇੱਕ ਨਗਰ ਆਬਾਦ ਕੀਤਾ ਅਤੇ ਇੱਕ ਕਿਲ੍ਹਾ ਬਣਾਇਆ। ਉਹ ਸਤਸੰਗੀ ਅਤੇ ਧਾਰਮਿਕ ਬਿਰਤੀ ਵਾਲ਼ਾ ਹੋਣ ਦੇ ਨਾਲ ਇੱਕ ਸਿਆਣਾ ਰਾਜਨੀਤਕ ਵੀ ਸੀ। ਉਸ ਦੀ ਮਿਹਨਤ ਨਾਲ ਇਲਾਕੇ ਵਿੱਚ ਬਹਾਰਾਂ ਲੱਗ ਗਈਆਂ। ਪੀਰ ਭੀਖਣ ਸ਼ਾਹ ਦੇ ਸੰਪਰਕ ਵਿੱਚ ਆਉਣ ਨਾਲ ਇਨ੍ਹਾਂ ਦੀ ਇੱਕੋ ਜਮਾਤ ਹੀ ਬਣ ਗਈ ਸੀ।
ਗੁਰੂ ਤੇਗ਼ ਬਹਾਦਰ ਸਾਹਿਬ ਜਦੋਂ ਅਨੰਦਪੁਰ ਸਾਹਿਬ ਤੋਂ ਆਪਣੇ ਸ਼ਰਧਾਲੂਆਂ ਦੇ ਜਥੇ ਨਾਲ ਧਰਮ ਪ੍ਰਚਾਰ ਕਰਦੇ ਹੋਏ ਕੀਰਤਪੁਰ, ਘਨੌਲੀ, ਰੋਪੜ, ਅਨੰਦਪੁਰ, ਕਨੌਜ, ਉਗਾਣਾਂ, ਸਰਾਏ, ਨੌ ਲੱਖਾ, ਲਹਿਲਪੁਰਾ ਪੁੱਜੇ ਤਾਂ ਮੁੱਸਾ ਰੋਪੜੀ ਨੇ ਸੈਫ਼ ਖ਼ਾਨ ਨੂੰ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਮਹਿਮਾ ਸੁਣਾਈ ਅਤੇ ਜਦੋਂ ਸੈਫ਼ ਖ਼ਾਨ ਨੇ ਗੁਰੂ ਤੇਗ਼ ਬਹਾਦਰ ਜੀ ਦੇ ਪੁੱਜਣ ਬਾਰੇ ਸੁਣਿਆ ਤਾਂ ਉਹ ਬੇਅੰਤ ਖ਼ੁਸ਼ ਹੋਇਆ ਤੇ ਗੁਰੂ ਸਾਹਿਬ ਨੂੰ ਆਪਣੇ ਬਾਗ਼ ਵਿੱਚ ਲੈ ਗਿਆ। ਉਸ ਨੇ ਮੇਵਿਆਂ ਦੀਆਂ ਡਾਲੀਆਂ ਤੇ ਹੋਰ ਖਾਣ-ਪੀਣ ਦੀਆਂ ਵਸਤਾਂ ਮੰਗਵਾਈਆਂ ਅਤੇ ਬਾਗ਼ ਵਿੱਚ ਗੁਰੂ ਜੀ ਅੱਗੇ ਪੇਸ਼ ਕੀਤੀਆਂ ਤੇ ਕਿਹਾ ਸੀ, “ਗੁਰੂ ਜੀ ਅੱਜ ਮੇਰਾ ਜੀਵਨ ਸਫ਼ਲ ਹੋਇਆ ਹੈ।”
ਸੈਫ਼ ਖ਼ਾਨ ਦੇ ਬਾਗ਼ ਵਿੱਚ ਗੁਰੂ ਜੀ ਨੇ ਠਹਿਰ ਕੀਤੀ। ਜਿੱਥੇ ਗੁਰੂ ਸਾਹਿਬ ਬਿਰਾਜਮਾਨ ਹੋਏ ਸਨ, ਉਹ ਚੌਂਤਰਾ ਅੱਜ ਵੀ ਸਾਂਭਿਆ ਹੋਇਆ ਹੈ। ਇਸ ਬਾਰੇ ਲਿਖਿਆ ਮਿਲਦਾ ਹੈ ਕਿ ਇਹ ਬਾਗ਼ ਸੁੰਦਰ ਸਥਾਨ ਸੀ। ਸੈਫ਼ ਖ਼ਾਨ ਇੱਕ ਨੇਕ ਇਨਸਾਨ, ਦਿਲ ਦਾ ਸਾਫ਼ ਸੀ। ਉਹ ਅਕਸਰ ਕਿਹਾ ਕਰਦਾ ਸੀ, “ਚਰਚਾ ਵਿੱਚ ਖਿਝਣਾ ਅਤੇ ਦੂਜਿਆਂ ਨੂੰ ਚੋਟਾਂ ਨਹੀਂ ਮਾਰਨੀਆਂ ਚਾਹੀਦੀਆਂ। ਤੁਸੀਂ ਜੇਕਰ ਚਾਹੁੰਦੇ ਹੋ ਕਿ ਅਗਲਾ ਠੀਕ ਰਹੇ ਤਾਂ ਉਸ ਦੀ ਗੱਲ ਮੰਨਦੇ ਰਹੋ। ਕੋਸ਼ਿਸ਼ ਜ਼ਰੂਰ ਕਰੋ ਸਮਝਾਉਣ ਦੀ, ਜੇਕਰ ਉਹ ਫੇਰ ਵੀ ਨਾ ਮੰਨੇ ਤਾਂ ਸਮਝੋ ਉਹ ਜੋ ਕੁਝ ਵੀ ਕਹਿ ਰਿਹਾ ਹੈ, ਉਹ ਠੀਕ ਹੀ ਹੈ।”
ਗੁਰੂ ਜੀ ਨੂੰ ਬਾਗ਼ ਵਿੱਚ ਲਿਜਾ ਕੇ ਸੈਫ਼ ਖ਼ਾਨ ਕਹਿਣ ਲੱਗਾ, “ਮੇਰਾ ਜੀਵਨ ਅੱਜ ਸਫ਼ਲ ਹੋ ਗਿਆ ਹੈ।” ਉਸ ਨੇ ਗੁਰੂ ਸਾਹਿਬ ਨੂੰ ਇੰਨਾ ਸਤਿਕਾਰ ਦਿੱਤਾ ਕਿ ਗੁਰੂ ਜੀ ਨੂੰ ਘੋੜੇ ਤੋਂ ਥੱਲੇ ਪੈਰ ਨਾ ਲਾਉਣ ਦਿੱਤਾ। ਸਗੋਂ ਆਪ ਘੋੜੇ ਦੀ ਰਕਾਬ ਫੜ ਕੇ ਪੈਦਲ ਤੁਰਿਆ। ਗੁਰੂ ਜੀ ਸੈਫ਼ੂ ਖ਼ਾਨ ਦੇ ਘਰ ਚਾਰ ਵਾਰ ਆਏ ਸਨ। ਗੁਰੂ ਜੀ ਨੇ ਜਦੋਂ ਸ਼ਹਾਦਤ ਦੇਣ ਲਈ ਦਿੱਲੀ ਵੱਲ ਜਾਂਦੇ ਹੋਏ ਸੈਫ਼ੂਦੀਨ ਦੇ ਘਰ ਠਾਹਰ ਕੀਤੀ ਤਾਂ ਇਹ ਖਬਰ ਮੁਗ਼ਲਾਂ ਨੂੰ ਮਿਲੀ ਤੇ ਮੁਗ਼ਲ ਫੌਜਾਂ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਲਈ ਸੈਫ਼ੂਦੀਨ ਦੇ ਘਰ ਪਹੁੰਚੀਆਂ। ਸੈਫ਼ੂਦੀਨ ਨੇ ਇਹ ਕਹਿ ਕੇ ਗੁਰੂ ਜੀ ਨਾਲ ਵਫ਼ਾ ਨਿਭਾਈ ਕਿ ਗੁਰੂ ਜੀ ਤਾਂ ਦਿੱਲੀ ਵੱਲ ਨੂੰ ਨਿਕਲ ਤੁਰੇ ਹਨ…। ਸੈਫ਼ੂਦੀਨ ਨਹੀਂ ਚਾਹੁੰਦਾ ਸੀ ਕਿ ਗੁਰੂ ਜੀ ਉਸ ਦੇ ਘਰੋਂ ਗ੍ਰਿਫਤਾਰ ਹੋਣ। ਗੁਰੂ ਜੀ ਤੇ ਸੈਫ਼ੂਦੀਨ ਦੀ ਇੰਨੀ ਗੂੜ੍ਹੀ ਮਿੱਤਰਤਾ ਸੀ ਕਿ ਗੁਰੂ ਜੀ ਜਦੋਂ ਪੂਰਵ ਦਿਸ਼ਾ ਵੱਲ ਨੂੰ ਨਿਕਲੇ ਤਾਂ ਸੈਫ਼ੂਦੀਨ ਨੂੰ ਯਾਦ ਕਰਦੇ ਰਹਿੰਦੇ ਸਨ। ਜੇ ਕੋਈ ਚੰਗੀ ਵਸਤੂ ਸੁਗਾਤ ਮਿਲਦੀ ਤਾਂ ਉਹ ਸਿੱਖ ਹੱਥ ਭੇਜ ਕੇ ਗੁਰੂ ਜੀ ਸੈਫ਼ੂਦੀਨ ਦਾ ਮਾਣ ਕਰਦੇ।
ਭਾਈ ਦਇਆਲ ਦਾਸ, ਭਾਈ ਰਾਮ ਰਾਇ ਅਤੇ ਹੋਰ ਸਿੱਖਾਂ ਦੇ ਨਾਮ ਸੰਦੇਸ਼ ਵਿੱਚ ਵਿਸ਼ੇਸ਼ ਜ਼ਿਕਰ ਮਿਲਦਾ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਸੈਫ਼ੂਦੀਨ ਸ਼ਾਸਤਰੀ ਸੰਗੀਤ ਦੇ ਗਿਆਨੀ ਵੀ ਸਨ। ਇੱਕ ਫ਼ਕੀਰ ਹੋਣ ਦੇ ਨਾਲ-ਨਾਲ ਗਵਾਲੀਅਰ ਦੇ ਰਾਜਾ ਮਾਨ ਸਿੰਘ (1486-1517) ਦੇ ਰਚਿਤ ਹਿੰਦੀ ਗ੍ਰੰਥ ‘ਮਾਨਕ ਤੁਹਲ’ ਦਾ ਫ਼ਾਰਸੀ ਅਨੁਵਾਦ ਵੀ ਸੈਫ਼ੂਦੀਨ ਨੇ ਹੀ ਕੀਤਾ ਸੀ। 26 ਅਗਸਤ 1684 ਈ. ਸੈਫ਼ੂਦੀਨ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ।
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੀ ਖ਼ਬਰ ਸੁਣ ਕੇ ਉਸ ਨੇ ਸਵਾ ਮਹੀਨਾ ਕਾਲ਼ੇ ਕੱਪੜਿਆਂ ਦਾ ਮਾਤਮੀ ਲਿਬਾਸ ਪਾ ਰੱਖਿਆ ਸੀ। ਇਨ੍ਹਾਂ ਦੀ ਯਾਦ ਵਿੱਚ ਰੋਜ਼ਾ ਸ਼ਰੀਫ਼ ਨਵਾਬ ਬਾਬਾ ਸੈਫ਼ੂਦੀਨ ਬਣਿਆ ਹੋਇਆ ਹੈ ਅਤੇ ਅੱਜ ਇਸ ਜਗ੍ਹਾ ’ਤੇ ਗੁਰਦੁਆਰਾ ਬਹਾਦਰ ਗੜ੍ਹ ਵੀ ਬਣਿਆ ਹੋਇਆ ਹੈ। ਪਟਿਆਲ਼ਾ ਦੇ ਮਹਾਰਾਜਾ ਕਰਮ ਸਿੰਘ ਵੱਲੋਂ 1883 ਈ. ਵਿੱਚ ਬਾਬਾ ਜੀ ਦੀ ਮਜ਼ਾਰ ਨੂੰ 300 ਵਿਘੇ ਜ਼ਮੀਨ ਦਾਨ ਵਜੋਂ ਭੇਟ ਕੀਤੀ ਸੀ। ਅੱਜਕਲ੍ਹ ਇਸ ਜਗ੍ਹਾ ਉੱਤੇ 36ਵੀਂ ਬਟਾਲੀਅਨ ਪੰਜਾਬ ਆਰਮਡ ਪੁਲੀਸ ਦਾ ਹੈਡਕੁਆਰਟਰ ਬਣਿਆ ਹੋਇਆ ਹੈ।
ਮੁਹੰਮਦ ਖ਼ਾਂ ਪਠਾਣ
ਮੁਹੰਮਦ ਖ਼ਾਂ ਪਿੰਡ ਗੜ੍ਹੀ ਨਜ਼ੀਰ (ਕੈਥਲ) ਦੇ ਰਹਿਣ ਵਾਲੇ ਜਗੀਰਦਾਰ ਸਨ। ਇਹ ਧਾਰਮਿਕ ਬਿਰਤੀ ਵਾਲ਼ਾ ਵਿਅਕਤੀ ਸੀ। ਇਸ ਦੀ ਗੁਰੂ ਘਰ ਪ੍ਰਤੀ ਅੰਤਾਂ ਦੀ ਸ਼ਰਧਾ ਸੀ। ਇਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਰਧਾਲੂ ਸੀ। ਜਦੋਂ ਸ਼ਹਾਦਤ ਦੇਣ ਲਈ ਗੁਰੂ ਤੇਗ਼ ਬਹਾਦਰ ਜੀ ਦਿੱਲੀ ਵੱਲ ਨੂੰ ਜਾ ਰਹੇ ਸਨ ਤਾਂ ਗੜ੍ਹੀ ਨਜ਼ੀਰ ਪੁੱਜੇ ਸਨ। ਇਹ ਖ਼ਬਰ ਮਿਲਦਿਆਂ ਹੀ ਮੁਹੰਮਦ ਖ਼ਾਂ ਪਠਾਣ ਗੁਰੂ ਜੀ ਪਾਸ ਆਣ ਪੁੱਜਾ ਸੀ ਦਰਸ਼ਨ ਲਈ। ਬੜੇ ਤਪਾਕ ਨਾਲ ਸੀਸ ਨਿਵਾ ਕੇ ਗੁਰੂ ਜੀ ਦੇ ਚਰਨੀਂ ਲੱਗਿਆ ਤੇ ਆਦਰ ਸਹਿਤ ਬੇਨਤੀ ਕੀਤੀ ਸੀ, “ਮੇਰੀ ਹਵੇਲੀ ’ਚ ਵੀ ਆਪਣੇ ਚਰਣ ਪਾਓ…।” ਗੁਰੂ ਜੀ ਜਗੀਰਦਾਰ ਮੁਹੰਮਦ ਖ਼ਾਨ ਦੀ ਬੇਨਤੀ ਪ੍ਰਵਾਨ ਕਰਕੇ ਉਸ ਦੀ ਹਵੇਲੀ ਪੁੱਜੇ। ਉਸ ਨੇ ਗੁਰੂ ਜੀ ਦੀ ਬਹੁਤ ਆਓ-ਭਗਤ ਕੀਤੀ, ਗੁਰੂ ਜੀ ਨਾਲ ਵਾਰਤਾਲਾਪ ਦੌਰਾਨ ਕਿਹਾ, “ਭਾਵੇਂ ਮੈਂ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦਾ ਥਾਪਿਆ ਹੋਇਆ ਜਗੀਰਦਾਰ ਹਾਂ, ਪਰ ਮੇਰੀ ਆਤਮਾ ਔਰੰਗਜ਼ੇਬ ਦੇ ਕੀਤੇ ਜਾ ਰਹੇ ਜ਼ੁਲਮਾਂ ਤੋਂ ਬਹੁਤ ਤੰਗ ਹੈ, ਉਸ ਮੁਕਾਬਲੇ ਮੇਰੀ ਤਾਕਤ ਕਮਜ਼ੋਰ ਹੈ, ਇਸ ਲਈ ਮੈਂ ਉਸ ਦਾ ਵਿਰੋਧ ਨਹੀਂ ਕਰ ਸਕਦਾ। ਹਿੰਦੂ ਧਰਮ ਦੀ ਰੱਖਿਆ ਲਈ ਤੁਸੀਂ ਦਿੱਲੀ ਕੁਰਬਾਨੀ ਦੇਣ ਜਾ ਰਹੇ ਹੋ ਇਹ ਕੋਈ ਸੌਖਾ ਕਾਰਜ ਨਹੀਂ…। ਭਾਗਾਂ ਵਾiਲ਼ਆਂ ਦੇ ਹਿੱਸੇ ਹੀ ਆਉਂਦਾ ਹੈ ਇਹ ਨੇਕ ਕਾਰਜ, ਕਿਉਂਕਿ ਇਹ ਕੁਰਬਾਨੀ ਕੋਈ ਰੱਬ ਦਾ ਭੇਜਿਆ ਦੂਤ ਹੀ ਦੇ ਸਕਦਾ ਹੈ।” ਗੁਰੂ ਜੀ ਨੇ ਖ਼ੁਸ਼ ਹੋ ਕੇ ਮੁਹੰਮਦ ਖ਼ਾਂ ਨੂੰ ਆਪਣੀਆਂ ‘ਖੜਾਵਾਂ’ ਭੇਟ ਕੀਤੀਆਂ। ਦੇਸ਼ ਦੀ ਵੰਡ ਦੌਰਾਨ ਇਸ ਦਾ ਪਰਿਵਾਰ ਪਾਕਿਸਤਾਨ ਜਾ ਵਸਿਆ ਸੀ ਅਤੇ ਇਸ ਦੀ ਹਵੇਲੀ ਵਾਲ਼ੀ ਥਾਂ ਅੱਜਕਲ੍ਹ ਗੁਰਦੁਆਰਾ ਪਾਤਸ਼ਾਹੀ ਨੌਵੀਂ ਗੜ੍ਹੀ ਸਾਹਿਬ ਬਣਿਆ ਹੋਇਆ ਹੈ।
ਪੀਰ ਦਰਗਾਹੀ ਸ਼ਾਹ
ਪੀਰ ਦਰਗਾਹੀ ਸ਼ਾਹ ਦਾ ਪਿੰਡ ਨਾਭਾ (ਅੱਜ ਕਲ੍ਹ ਰਾਜਪੁਰਾ ਤੋਂ ਜ਼ੀਰਕਪੁਰ) ਦੇ ਬਾਹਰ ਝੁੱਗੀ ਵਿੱਚ ਵਾਸਾ ਸੀ। ਉਨ੍ਹਾਂ ਦੀ ਸ਼ਖ਼ਸੀਅਤ ਰੱਬੀ ਰੰਗ ਵਿੱਚ ਰੰਗੀ ਹੋਈ ਸੀ। ਇਸਲਾਮਿਕ ਫ਼ਰਜ਼ਾਂ ਦੇ ਪੂਰਕ ਸਨ। ਉਨ੍ਹਾਂ ਦਾ ਜ਼ਿਆਦਾ ਸਮਾਂ ਤਸਬੀ ਫੇਰਦਿਆਂ ਦਾ ਗੁਜ਼ਰਦਾ।
ਇਹ ਗੱਲ ਲਗਭਗ ਨਵੰਬਰ 1675 ਦੀ ਹੈ, ਜਦੋਂ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਔਰੰਗਜ਼ੇਬ ਦੇ ਜ਼ੁਲਮ ਨੂੰ ਠੱਲ੍ਹ ਪਾਉਣ ਦਾ ਬੀੜਾ ਚੁੱਕਿਆ ਸੀ। ਗੁਰੂ ਸਾਹਿਬ ਦਾ ਸੀਸ ਭਾਈ ਜੈਤਾ ਜੀ ਲੈ ਕੇ ਆਏ ਸਨ। ਉਦੋਂ ਇੱਕ ਤਾਂ ਭਾਈ ਜੈਤਾ ਜੀ ਨੇ ਸੋਨੀਪਤ, ਪਾਨੀਪਤ, ਕਰਨਾਲ ਲੰਘ ਕੇ ਤਰਾਵੜੀ ਅਰਾਮ ਕੀਤਾ ਸੀ ਤੇ ਦੂਜਾ ਅਗਲੇ ਦਿਨ ਅੰਬਾਲਾ ਸ਼ਹਿਰ ਕੈਥ ਮਾਜਰੀ ਵਿੱਚੋਂ ਤਬਲਕ ਸ਼ਾਹ ਦੀ ਮਸੀਤ ਵਿੱਚ ਠਹਿਰ ਕੀਤੀ। ਫੇਰ ਅੰਬਾਲਾ ਤੋਂ ਚੱਲ ਦਰਗਾਹੀ ਸ਼ਾਹ ਜੀ ਪਾਸ ਰਾਤ ਕੱਟਣ ਲਈ ਆਣ ਬੇਨਤੀ ਕੀਤੀ ਤਾਂ ਦਰਗਾਹੀ ਸ਼ਾਹ ਜੀ ਨੇ ਭਾਈ ਜੈਤਾ ਜੀ ਦੀ ਬੇਨਤੀ ਨੂੰ ਹੁਕਮ ਵਾਂਗ ਖਿੜੇ ਮੱਥੇ ਪ੍ਰਵਾਨ ਕੀਤਾ। ਪੀਰ ਜੀ ਨੇ ਜੈਤਾ ਜੀ ਦੀ ਰੱਜ ਕੇ ਆਓ ਭਗਤ ਕੀਤੀ। ਫਿਰ ਪੀਰ ਜੀ ਨੇ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਇੱਛਾ ਜਤਾਈ। ਜਦੋਂ ਇਨ੍ਹਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤਾਂ ਪੀਰ ਜੀ ਦੀਆਂ ਅੱਖਾਂ ਡੁੱਲ੍ਹ ਤੁਰੀਆਂ ਤੇ ਜਦੋਂ ਜੈਤਾ ਜੀ ਨੇ ਹੌਸਲਾ ਰੱਖਣ ਲਈ ਕਿਹਾ ਤਾਂ ਵੀ ਇਨ੍ਹਾਂ ਦਾ ਮਨ ਭਰਨੋਂ ਨਾ ਹਟਿਆ। ਸੁਭਾਵਿਕ ਹੀ ਪੀਰ ਜੀ ਦੇ ਮੂੰਹੋਂ ਨਿਕਲਿਆ, “ਜਾਹ ਓਏ ਔਰੰਗਿਆ! ਬਾਬੇ ਬਕਾਲੇ ਤਪੱਸਵੀ ਨੂੰ ਤੇ ਦਿੱਲੀ ਦੇ ਆਬਾਦ ਸਰਮਦ ਨੂੰ ਕਤਲ ਕਰਕੇ ਕੀ ਤੂੰ ਅੱਲਾ ਪਾਕ ਦੀ ਦਰਗਾਹ ’ਚ ਜਾਣ ਜੋਗਾ ਰਹੇਂਗਾ…? ਤੂੰ ਆਹ ਕੁਝ ਕਰਕੇ ਬਹਿਸ਼ਤ ਦੇ ਸੁਪਨੇ ਲੈਂਦਾ ਏਂ…? ਤੂੰ ਦੋਜ਼ਖ਼ ਦਾ ਭਾਗੀਦਾਰ ਏਂ…।” ਭਰੇ ਗਲ਼ੇ ਨਾਲ ਭਾਈ ਜੈਤੇ ਨਾਲ ਵਾਰਤਾਲਾਪ ਨਾਲ ਦੱਸਣ ਲੱਗੇ ਕਿ ਜਿਹੜਾ ਬੰਦਾ ਆਪਣੀ ਮਾਂ ਜਾਏ ਨੂੰ ਕਤਲ ਕਰਕੇ, ਪਿਉ ਨੂੰ ਕੈਦ ਕਰਕੇ ਤਖ਼ਤ ਲੈਂਦਾ ਹੈ ਅਤੇ ਅਜਿਹੇ ਮਹਾਪੁਰਸ਼ਾਂ, ਬੇਕਸੂਰਾਂ ’ਤੇ ਹੱਥ ਚੁੱਕਦਾ ਏ, ਉਹ ਦੋਜ਼ਖ਼ ਦਾ ਭਾਗੀਦਾਰ ਨਹੀਂ ਤਾਂ ਹੋਰ ਜੰਨਤ ਜਾਵੇਗਾ!
ਜਦੋਂ ਸਵੇਰੇ ਭਾਈ ਜੈਤਾ ਜੀ ਨੇ ਚਾਲੇ ਪਾਏ ਤਾਂ ਪੀਰ ਜੀ ਕਹਿਣ ਲੱਗੇ, “ਮੇਰਾ ਇੱਕ ਸੁਨੇਹਾ ਗੁਰੂ ਗੋਬਿੰਦ ਸਿੰਘ ਨੂੰ ਦੇਣਾ, ਆਖਣਾ ਕਿ ਦਰਗਾਹੀਆ ਬੁੱਢਾ ਹੋ ਗਿਆ ਏ, ਉਸ ਦੀਆਂ ਅੱਖਾਂ ਦੀ ਜੋਤ ਜਾਂਦੀ ਰਹੀ ਆ, ਪੈਰ ਵੀ ਜਵਾਬ ਦਈ ਜਾਂਦੇ ਆ, ਤੇ ਮੇਰਾ ਚਿੱਤ ਉਨ੍ਹਾਂ ਦੇ ਦਰਸ਼ਨਾਂ ਲਈ ਉਤਸੁਕ ਹੋਇਆ ਪਿਆ ਏ; ਪਰ ਮੈਂ ਬੇਵਸ ਹਾਂ, ਆਪ ਚੱਲ ਕੇ ਆਉਣ ਲਈ। ਮੈਂ ਅਰਜ਼ੋਈ ਕਰਦਾ ਹਾਂ ਕਿ ਉਹ ਇੱਕ ਵਾਰ ਮੇਰੀ ਕੁਟੀਆ ਵਿੱਚ ਆਪਣੇ ਚਰਨ ਜ਼ਰੂਰ ਪਾਉਣ। ਮੈਨੂੰ ਆਸ ਐ ਕਿ ਉਹ ਮੇਰੇ ’ਤੇ ਜ਼ਰੂਰ ਕ੍ਰਿਪਾ ਕਰਨਗੇ।”
ਅਨੰਦਪੁਰ ਸਾਹਿਬ ਪਹੁੰਚ ਕੇ ਸੀਸ ਦੇ ਸਸਕਾਰ ਪਿੱਛੋਂ ਭਾਈ ਜੈਤਾ ਜੀ ਨੇ ਦਸਮ ਪਿਤਾ ਜੀ ਨੂੰ ਦਰਗਾਹੀ ਸ਼ਾਹ ਜੀ ਦਾ ਸੁਨੇਹਾ ਦਿੱਤਾ ਕਿ ਉਹ ਤੁਹਾਡੇ ਦਰਸ਼ਨਾਂ ਲਈ ਵੈਰਾਗ ਵਿੱਚ ਹਨ ਤੇ ਸਾਰੀ ਵਿੱਥਿਆ ਦੱਸੀ। ਭਾਈ ਜੈਤਾ ਜੀ ਤੋਂ ਸੁਣ ਗੁਰੂ ਸਾਹਿਬ ਨੇ ਕਿਹਾ, “ਜਦੋਂ ਆਪਾਂ ਉਸ ਪਾਸੇ ਜਾਵਾਂਗੇ ਤਾਂ ਸਾਨੂੰ ਯਾਦ ਕਰਾਈਂ ਅਸੀਂ ਜ਼ਰੂਰ ਜਾ ਕੇ ਆਵਾਂਗੇ।” 1688 ਈ. ਤੱਕ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਵਿਖੇ ਰਹੇ। ਉਸ ਮਗਰੋਂ ਕਪਾਲ ਮੋਚਨ, ਸੰਢੌਰਾ, ਟੋਕਾ, ਰਾਇਪੁਰ ਰਾਣੀਆਂ ਅਤੇ ਨਾਢਾ ਸਾਹਿਬ, ਢਕੌਲੀ ਹੁੰਦੇ ਹੋਏ ਜਦੋਂ ਲੋਹਗੜ੍ਹ (ਜ਼ੀਰਕਪੁਰ) ਪਹੁੰਚੇ ਤਾਂ ਭਾਈ ਜੈਤਾ ਜੀ ਨੇ ਗੁਰੂ ਜੀ ਨੂੰ ਯਾਦ ਕਰਾਇਆ ਸੀ, “ਹਜ਼ੂਰ ਸਾਈਂ ਦਰਗਾਹੀ ਸ਼ਾਹ ਜੀ ਜਿਨ੍ਹਾਂ ਪਾਸ ਉਦੋਂ ਮੈਂ ਠਹਿਰ ਕੀਤੀ ਸੀ, ਉਨ੍ਹਾਂ ਦਾ ਰੈਣ-ਬਸੇਰਾ ਇਥੋਂ ਨੇੜੇ ਈ ਹੈ।” ਉਨ੍ਹਾਂ ਵੱਲੋਂ ਘੱਲਿਆ ਸੁਨੇਹਾ ਵੀ ਯਾਦ ਕਰਵਾਇਆ।
ਗੁਰੂ ਜੀ ਏਨਾ ਸੁਣ ਦਰਗਾਹੀ ਸ਼ਾਹ ਜੀ ਦੇ ਦਰਸ਼ਨਾਂ ਨੂੰ ਤੁਰ ਪਏ। ਜਦੋਂ ਭਾਈ ਜੈਤਾ ਜੀ ਤੇ ਗੁਰੂ ਸਾਹਿਬ, ਪੀਰ ਜੀ ਦੀਆਂ ਬਰੂਹਾਂ ’ਤੇ ਅੱਪੜੇ ਤਾਂ ਜੈਤਾ ਜੀ ਨੇ ਪੀਰ ਜੀ ਨੂੰ ਦੱਸਿਆ ਕਿ ਗੁਰੂ ਸਾਹਿਬ ਤਸ਼ਰੀਫ ਲਿਆਏ ਹਨ। ਇੰਨਾ ਸੁਣ ਦਰਗਾਹੀ ਸ਼ਾਹ ਜੀ ਨੇ ਗੁਰੂ ਜੀ ਨੂੰ ਝੁਕ ਕੇ ਸਲਾਮ ਕੀਤਾ ਤੇ ਆਖਣ ਲੱਗੇ, ਧੰਨ ਭਾਗ ਨੇ ਮੇਰੇ ਕਿ ਤੁਸੀਂ ਮੇਰੇ ’ਤੇ ਕ੍ਰਿਪਾ ਕੀਤੀ ਆ। ਕਿੰਨਾ ਕਸ਼ਟ ਝੱਲਣਾ ਪਿਆ ਮੇਰੇ ਲਈ, ਤੁਸੀਂ ਗ਼ਰੀਬ ਦੀ ਕੁੱਲੀ ਨੂੰ ਭਾਗ ਲਾ ਦਿੱਤੇ ਆਪਣੇ ਚਰਣ ਪਾ ਕੇ। ਖ਼ਾਸਾ ਸਮਾਂ ਵਾਰਤਾਲਾਪ ਚਲਦੀ ਰਹੀ। ਸਾਈਂ ਜੀ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, “ਪਾਤਸ਼ਾਹ ਇਹ ਚੋਲਾ ਪੁਰਾਣਾ ਹੋ ਗਿਆ ਹੈ, ਮੈਂ ਚਾਹੁੰਦਾ ਹਾਂ ਕਿ ਹੁਣ ਚੋਲਾ ਨਵਾਂ ਪਾਵਾਂ ਤੇ ਮੇਰੀ ਇੱਕ ਇਹ ਵੀ ਇੱਛਾ ਹੈ ਕਿ ਅੰਤਿਮ ਵੇਲ਼ੇ ਮੈਨੂੰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋਣ।”
ਗੁਰੂ ਜੀ ਨੇ ਸਾਈਂ ਜੀ ਨੂੰ ਆਖਿਆ ਕਿ ਅਜੇ ਸਮਾਂ ਬਾਕੀ ਹੈ, ਤੁਸੀਂ ਖ਼ੁਦਾ ਦੀ ਬੰਦਗੀ ਕਰੋ, ਅਸਾਂ ਸਮਾਂ ਆਉਣ ’ਤੇ ਆਪ ਅੱਪੜਾਂਗੇ। ਸਮਾਂ ਲੰਘਦਾ ਗਿਆ। ਇੱਕ ਰੋਜ਼ ਦਰਗਾਹੀ ਸ਼ਾਹ ਜੀ ਅੱਲਾ ਨੂੰ ਪਿਆਰੇ ਹੋ ਗਏ। ਗੁਰੂ ਸਾਹਿਬ ਨੇ ਹੋਰ ਸਿੱਖਾਂ ਨੂੰ ਨਾਲ ਲੈ ਕੇ ਇਸ਼ਨਾਨ ਕਰਵਾਇਆ, ਗੁਸਲ ਕਰਵਾਇਆ, ਕਬਰ ਕਢਵਾਈ, ਆਪ ਹੀ ਦਫ਼ਨਾਇਆ ਸੀ। ਇੱਥੋਂ ਗੁਰੂ ਜੀ ਕੀਰਤਪੁਰ ਸਾਹਿਬ ਨੂੰ ਹੁੰਦੇ ਹੋਏ ਅਨੰਦਪੁਰ ਸਾਹਿਬ ਪਹੁੰਚੇ।
ਨਾਭਾ ਸਾਹਿਬ (ਜ਼ੀਰਕਪੁਰ) ਵਿਖੇ ਇਤਿਹਾਸਕ ਗੁਰੂ ਘਰ ਉਸਾਰਿਆ ਗਿਆ ਹੈ, ਜਿਸ ਦੀ ਦੇਖ ਰੇਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ ਅਤੇ ਗੁਰੂ ਘਰ ਤੋਂ ਬਾਹਰ ਦਰਗਾਹੀ ਸ਼ਾਹ ਦੀ ਦਰਗਾਹ ਕਬਰ ਦੇ ਰੂਪ ਵਿੱਚ ਸਾਂਭੀ ਹੋਈ ਹੈ, ਜਿਸ ਦੀ ਸਾਂਭ-ਸੰਭਾਲ ਸਵ. ਮੁੰਨਸ਼ੀ ਖਾਨ ਸਪੁਤਰ ਕਰਮ ਬਖ਼ਸ਼ ਦੀ ਪੰਜਵੀਂ ਪੀੜ੍ਹੀ `ਚੋਂ ਤਾਜ ਮੁਹੰਮਦ ਸਪੁੱਤਰ ਮੰਗਤ ਖਾਨ ਕਰਦੇ ਹਨ। ਇਸ ਦਰਗਾਹ ਉੱਤੇ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਬੁੱਧਵਾਰ ਅਤੇ ਵੀਰਵਾਰ ਨੂੰ ਸਾਲਾਨਾ ਉਰਸ ਮਨਾਇਆ ਜਾਂਦਾ ਹੈ।