ਕੁਲਜੀਤ ਦਿਆਲਪੁਰੀ
ਸ਼ਿਕਾਗੋ: ਸਥਾਨਕ ਗੁਰਦੁਆਰਾ ਪੈਲਾਟਾਈਨ ਦੇ ਗੁਰਮਤਿ ਸਕੂਲ ਦੇ ਵਿਦਿਆਰਥੀਆਂ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਲੰਘੇ ਐਤਵਾਰ ਨੂੰ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਆਪੋ ਆਪਣੀ ਪ੍ਰਤਿਭਾ ਤੇ ਸਮਰੱਥਾ ਮੁਤਾਬਕ ਗੁਰੂ ਨਾਨਕ ਦੇਵ ਜੀ ਦੇ ਜੀਵਨ ਫਲਸਫ਼ੇ ਸਮੇਤ ਉਨ੍ਹਾਂ ਦੀ ਬਾਣੀ ਦਾ ਸੰਦੇਸ਼ ਸੰਗਤ ਨਾਲ ਸਾਂਝਾ ਕੀਤਾ। ਇਸ ਤੋਂ ਇਲਾਵਾ ਸ਼ਬਦ ਗਾਇਨ ਕੀਤਾ ਅਤੇ ਨਿੱਕੀਆਂ ਨਿੱਕੀਆਂ ਤਕਰੀਰਾਂ ਤੇ ਧਾਰਮਿਕ ਕਵਿਤਾਵਾਂ ਰਾਹੀਂ ਗੁਰਪੁਰਬ ਦੀਆਂ ਖੁਸ਼ੀਆਂ ਮਨਾਈਆਂ।
ਉਂਜ ਤਾਂ ਆਪੋ ਆਪਣੇ ਪੱਧਰ ਉੱਤੇ ਪੇਸ਼ ਸਾਰੀਆਂ ਵੰਨਗੀਆਂ ਬਾਖੂਬ ਸੁਨੇਹਾ ਦੇ ਰਹੀਆਂ ਸਨ, ਪਰ ਬੱਚਿਆਂ ਵੱਲੋਂ ਜਪੁਜੀ ਸਾਹਿਬ ਦੇ ਪਾਠ ਦਾ ਸਮੂਹਿਕ ਰੂਪ ਵਿੱਚ ਕੀਤਾ ਗਿਆ ਗਾਇਨ ਬਹੁਤ ਰਸਭਿੰਨਾ ਤੇ ਅਨੰਦਮਈ ਸੀ। ਦਿਲਚਸਪ ਇਹ ਸੀ ਕਿ ਬਹੁਤੀ ਸੰਗਤ ਵੀ ਨਾਲ ਨਾਲ ਜਪੁਜੀ ਸਾਹਿਬ ਦਾ ਪਾਠ ਪੜ੍ਹ ਤੇ ਗਾ ਰਹੀ ਸੀ। ਗੁਰਮਤਿ ਸਕੂਲ ਦੇ ਲੈਵਲ 7 ਅਤੇ 8 ਦੇ ਵਿਦਿਆਰਥੀਆਂ ਦੀ ਇਸ ਪਿੱਛੇ ਸਮਰਪਣ ਭਰਪੂਰ ਭਾਵਨਾ ਤੇ ਲੰਮੇ ਸਮੇਂ ਲਈ ਕੀਤਾ ਰਿਆਜ਼ ਸਪਸ਼ਟ ਮਹਿਸੂਸ ਹੋ ਰਹੇ ਸਨ।
ਸਮਾਗਮ ਗੁਰੂ ਘਰ ਦੇ ਦੀਵਾਨ ਹਾਲ ਵਿੱਚ ਕੀਤਾ ਗਿਆ। ਵਿਸ਼ੇਸ਼ ਇਹ ਵੀ ਸੀ ਕਿ ਸਾਰੇ ਬੱਚੇ ਸਫੈਦ ਪਹਿਰਾਵੇ ਵਿੱਚ ਸਨ। ਕੁਝ ਨੇ ਨੀਲਾ ਬਾਣਾ ਵੀ ਪਹਿਨਿਆ ਹੋਇਆ ਸੀ। ਕੁੜੀਆਂ ਨੇ ਸਿਰ ਉੱਤੇ ਚੁੰਨੀਆਂ ਤੇ ਕੇਸਕੀਆਂ ਸੁਚੱਜੇ ਢੰਗ ਨਾਲ ਸਜਾਈਆਂ ਹੋਈਆਂ ਸਨ, ਜਦਕਿ ਮੁੰਡੇ ਪਟਕੇ, ਕੇਸਕੀਆਂ ਤੇ ਦਸਤਾਰਾਂ ਸਜਾ ਕੇ ਆਏ ਹੋਏ ਸਨ। ਗੁਰਮਤਿ ਸਕੂਲ ਦੇ ਬੱਚਿਆਂ ਦੀ ਮਿਹਨਤ ਅਤੇ ਲਗਨ ਸਦਕਾ ਪ੍ਰੋਗਰਾਮ ਬਹੁਤ ਹੀ ਯਾਦਗਾਰੀ ਹੋ ਨਿਬੜਿਆ। ਵਿਦਿਆਰਥੀਆਂ ਤੋਂ ਇਲਾਵਾ ਸਕੂਲ ਦੇ ਅਧਿਆਪਕਾਂ ਤੇ ਮਾਪਿਆਂ ਦੀ ਮਿਹਨਤ ਵੀ ਸਪਸ਼ਟ ਝਲਕ ਰਹੀ ਸੀ। ਸਮਾਗਮ ਪ੍ਰਤੀ ਗੁਰਮਤਿ ਸਕੂਲ ਤੇ ਪ੍ਰਬੰਧਕ ਕਮੇਟੀ ਅਤੇ ਬੱਚਿਆਂ ਦੇ ਮਾਪਿਆਂ ਤੇ ਸੰਗਤ ਦੀ ਪ੍ਰਤੀਕਿਰਿਆ ਵੇਖਣ ਵਾਲੀ ਸੀ।
ਸਮਾਗਮ ਲਈ ਗੁਰਮਤਿ ਸਕੂਲ ਦੇ ਵੱਖ ਵੱਖ ਪੱਧਰਾਂ/ਲੈਵਲਾਂ ਦੀਆਂ ਕਲਾਸਾਂ ਦੇ ਵਿਦਿਆਰਥੀ ਪਿਛਲੇ ਕਈ ਹਫਤਿਆਂ ਤੋਂ ਸਕੂਲ ਵਿੱਚ ਅਤੇ ਆਪੋ ਆਪਣੇ ਘਰਾਂ ਵਿੱਚ ਬੜੀ ਜ਼ਿੰਮੇਵਾਰੀ ਤੇ ਦਿਲਚਸਪੀ ਨਾਲ ਮਿਹਨਤ ਕਰ ਰਹੇ ਸਨ। ਆਪਣੀ ਆਪਣੀ ਕਲਾਸ ਦੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਹੋਰ ਨਿਖਾਰਨ ਲਈ ਅਧਿਆਪਕਾਂ ਨੇ ਵੀ ਬੱਚਿਆਂ ਨੂੰ ਤਕਰੀਰਾਂ ਕਰਨ, ਗੁਰਬਾਣੀ ਸ਼ਬਦ ਗਾਇਨ ਤੇ ਵਿਆਖਿਆ ਕਰਨ ਅਤੇ ਗੁਰੂ ਸਾਹਿਬ ਦੀ ਜੀਵਨ ਜਾਂਚ ਨੂੰ ਆਪਣੀ ਜ਼ਿੰਦਗੀ ਵਿੱਚ ਅਪਨਾਉਣ ਸਬੰਧੀ ਪੇਸ਼ਕਾਰੀਆਂ ਲਈ ਉਚੇਚਾ ਸਹਿਯੋਗ ਦਿੱਤਾ।
ਸਮਾਗਮ ਦੌਰਾਨ ਆਪੋ ਆਪਣੀ ਵਾਰੀ ਉੱਤੇ ਇੱਕ ਇੱਕ ਕਰਕੇ ਅਤੇ ਸਮੂਹਿਕ ਰੂਪ ਵਿੱਚ ਬੱਚੇ ਸੰਗਤ ਦੇ ਰੂਬਰੂ ਹੁੰਦੇ ਰਹੇ। ਐਤਵਾਰ ਦਾ ਲਗਭਗ ਸਾਰਾ ਸਮਾਗਮ ਬੱਚਿਆਂ ਵੱਲੋਂ ਕੀਤਾ ਗਿਆ ਸੀ। ਹਾਰਮੋਨੀਅਮ ਤੇ ਤਬਲਾ ਵਜਾਉਣ ਦੀ ਜ਼ਿੰਮੇਵਾਰੀ ਨਿਭਾਉਣ ਦੇ ਨਾਲ ਨਾਲ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਵਾਰੀ ਵਾਰੀ ਚੌਰ ਕਰਨ ਦੀ ਸੇਵਾ ਵੀ ਨਿਭਾਈ।
ਗੁਰਮਤਿ ਸਕੂਲ ਦੇ ਪ੍ਰੀ-ਕੇ ਤੋਂ ਲੈ ਕੇ ਲੈਵਲ-8 ਤੱਕ ਦੇ ਸਾਰੇ ਬੱਚੇ ਪਹਿਲਾਂ ਸਕੂਲ ਵਿੱਚ ਇਕੱਤਰ ਹੋਏ ਅਤੇ ਅਧਿਆਪਕਾਂ ਵੱਲੋਂ ਦਿੱਤੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਗੁਰਮਤਿ ਮਰਿਆਦਾ ਤੇ ਸਹਿਜ-ਸਲੀਕੇ ਨਾਲ ਦੀਵਾਨ ਹਾਲ ਵਿੱਚ ਪੁੱਜੇ। ਸਕੂਲ ਅਧਿਆਪਕ ਤੇ ਵਾਲੰਟੀਅਰ ਉਨ੍ਹਾਂ ਦੀ ਅਗਵਾਈ ਕਰ ਰਹੇ ਸਨ। ਬੱਚਿਆਂ ਨੇ ਗੁਰਪੁਰਬ ਦੀ ਵਧਾਈ ਵਾਲਾ ਬੈਨਰ ਅਤੇ ਨਿਸ਼ਾਨ ਸਾਹਿਬ ਫੜੇ ਹੋਏ ਸਨ। ਬੱਚਿਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਣ ਪਿੱਛੋਂ ਪ੍ਰੋਗਰਾਮ ਦੀ ਉਲੀਕੀ ਗਈ ਰੂਪ ਰੇਖਾ ਮੁਤਾਬਕ ਗੁਰਮਤਿ ਸਕੂਲ ਦੇ ਪ੍ਰਿੰਸੀਪਲ ਬੀਬੀ ਸਲਵਿੰਦਰ ਕੌਰ ਸੰਧੂ ਤੇ ਗੁਰਤੇਜ ਸਿੰਘ ਨੇ ਪ੍ਰੋਗਰਾਮ ਬਾਰੇ ਸੰਗਤ ਨੂੰ ਜਾਣੂ ਕਰਵਾਇਆ।
ਉਪਰੰਤ ਬੱਚਿਆਂ ਨੇ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਦਾ ਪਾਠ ਕੀਤਾ। ਉਨ੍ਹਾਂ ਗੁਰੂ ਸਾਹਿਬਾਨ, ਪੰਜ ਪਿਆਰਿਆਂ ਤੇ ਚਾਰ ਸਾਹਿਬਜ਼ਾਦਿਆਂ ਦੇ ਨਾਂ ਦੱਸੇ। ਨਾਮ ਸਿਮਰਨ ਆਦਿ ਬਾਰੇ ਸੰਖੇਪ ਤਕਰੀਰਾਂ ਕਰਨ ਤੋਂ ਇਲਾਵਾ ਸ਼ਬਦ ‘ਅਪਨੀ ਭਗਤੀ ਲਾਇ’ ਦਾ ਗਾਇਨ ਕੀਤਾ। ਇਹ ਸਭ ਪ੍ਰੀ-ਕੇ ਦੇ ਬੱਚਿਆਂ ਨੇ ਕੀਤਾ। ਲੈਵਲ-1 ਦੇ ਬੱਚਿਆਂ ਨੇ ‘ਕਰਤਾ ਘਰ ਆਇਆ’ ਸ਼ਬਦ ਦਾ ਗਾਇਨ ਕੀਤਾ। ਲੈਵਲ-2 ਦੇ ਵਿਦਿਆਰਥੀਆਂ ਨੇ ਮੂਲ ਮੰਤਰ ਅਤੇ ਤਕਰੀਰਾਂ; ਲੈਵਲ-3 ਦੇ ਬੱਚਿਆਂ ਨੇ ‘ਨਾਮ ਵਿਟਹੁ ਕੁਰਬਾਨ’ ਸ਼ਬਦ ਦਾ ਗਾਇਨ ਕਰਨ ਤੋਂ ਇਲਾਵਾ ਤਕਰੀਰਾਂ ਤੇ ਕਵਿਤਾ ਦਾ ਪਾਠ ਕੀਤਾ।
ਲੈਵਲ-4 ਦੇ ਬੱਚਿਆਂ ਨੇ ‘ਤੇਰੇ ਗੁਣ ਗਾਵਾ’ ਸ਼ਬਦ ਦਾ ਗਾਇਨ ਕੀਤਾ ਤੇ ਕਵਿਤਾ ਪੜ੍ਹੀ। ਲੈਵਲ-5 ਦੇ ਬੱਚਿਆਂ ਨੇ ‘ਸਤਿਗੁਰ ਨਾਨਕ ਪ੍ਰਗਟਿਆ’ ਅਤੇ ਲੈਵਲ-6 ਦੇ ਬੱਚਿਆਂ ਨੇ ਸ਼ਬਦ ‘ਚੰਦ ਚੜਿਆ’ ਤੇ ‘ਕਲੁ ਤਾਰਣਿ ਗੁਰੂ ਨਾਨਕ ਆਇਆ’ ਦਾ ਗਾਇਨ ਕਰਕੇ ਗੁਰਪੁਰਬ ਮਨਾਇਆ। ਬੱਚਿਆਂ- ਪ੍ਰਭਗੁਨ, ਸੁਖਮਨੀ ਕੌਰ, ਅਗਮ ਸਿੰਘ ਤੇ ਹੋਰ ਬੱਚਿਆਂ ਨੇ ਤਕਰੀਰਾਂ ਕੀਤੀਆਂ, ਜਦਕਿ ਹਰਜੋਬਨ ਸਿੰਘ ਤੇ ਏਕਮ ਸਿੰਘ ਨੇ ਗੁਰਪੁਰਬ ਸਬੰਧੀ ਕਵਿਤਾਵਾਂ ਪੇਸ਼ ਕੀਤੀਆਂ। ਗੁਰਮਨ ਕੌਰ ਤੇ ਰਨਸ਼ੇਰ ਸਿੰਘ ਨੇ ਆਨੰਦ ਸਾਹਿਬ ਦਾ ਪਾਠ ਕੀਤਾ।
ਇਸ ਮੌਕੇ ਬੋਲਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜੈਰਾਮ ਸਿੰਘ ਕਾਹਲੋਂ, ਗੁਰਮਤਿ ਸਕੂਲ ਦੇ ਪ੍ਰਿੰਸੀਪਲ ਬੀਬੀ ਸਲਵਿੰਦਰ ਕੌਰ ਸੰਧੂ, ਗੁਰੂ ਘਰ ਦੇ ਧਾਰਮਿਕ ਸਕੱਤਰ ਸ. ਤਰਲੋਚਨ ਸਿੰਘ ਮੁਲਤਾਨੀ ਤੇ ਨੌਜਵਾਨ ਵਾਲੰਟੀਅਰ ਸੀਰਤ ਕੌਰ ਕਲੇਰ ਨੇ ਬੱਚਿਆਂ ਦੇ ਇਸ ਉਪਰਾਲੇ ਦੀ ਭਰਵੀਂ ਤਾਰੀਫ ਕੀਤੀ ਅਤੇ ਆਪਣੇ ਭਾਵ ਪ੍ਰਗਟਾਉਂਦਿਆਂ ਕਿਹਾ ਕਿ ਬੱਚਿਆਂ ਤੇ ਅਧਿਆਪਕਾਂ ਨੇ ਬਹੁਤ ਮਿਹਨਤ ਕੀਤੀ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਗੁਰੂ ਘਰ ਲੈ ਕੇ ਆਉਣ ਅਤੇ ਆਪਣੀ ਵਿਰਾਸਤ ਨਾਲ ਜੋੜਨ, ਕਿਉਂਕਿ ਭਵਿੱਖ ਵਿੱਚ ਇਨ੍ਹਾਂ ਨੇ ਹੀ ਪੰਥ ਦੀ ਵਾਗਡੋਰ ਸੰਭਾਲਣੀ ਹੈ। ਬੁਲਾਰਿਆਂ ਅਨੁਸਾਰ ਬੱਚਿਆਂ ਦੀ ਮਿਹਨਤ ਅਤੇ ਪ੍ਰੋਗਰਾਮ ਉਲੀਕਣ ਵਾਲਿਆਂ ਦਾ ਧੰਨਵਾਦ ਕਰਨ ਲਈ ਉਨ੍ਹਾਂ ਕੋਲ ਸ਼ਬਦ ਨਹੀਂ। ਉਚੇਚਾ ਬੱਚਿਆਂ ਨੂੰ ਸੰਬੋਧਨ ਹੁੰਦਿਆਂ ਉਨ੍ਹਾਂ ਕਿਹਾ ਕਿ ਵਾਹਿਗੁਰੂ ਇਸੇ ਤਰ੍ਹਾਂ ਮਿਹਰ ਦਾ ਹੱਥ ਸਾਰਿਆਂ ਉੱਤੇ ਰੱਖੇ। ਜਿਸ ਮਾਰਗ ਉੱਤੇ ਤੁਸੀਂ ਚੱਲ ਰਹੇ ਹੋ, ਉਸ ਉੱਤੇ ਚਲਦਿਆਂ ਬੁਲੰਦੀਆਂ ਨੂੰ ਛੂਹੋ।
ਸਮਾਗਮ ਦੇ ਪ੍ਰਬੰਧਕਾਂ ਨੇ ਸੰਗਤ ਨੂੰ ਇਹ ਵੀ ਦੱਸਿਆ ਕਿ ਕੁਝ ਬੱਚੇ ਅਜਿਹੇ ਹਨ, ਜਿਨ੍ਹਾਂ ਨੇ ਗੁਰਪੁਰਬ ਸਮਾਗਮ ਵਿੱਚ ਪਹਿਲੀ ਵਾਰ ਹਿੱਸਾ ਲਿਆ ਹੈ। ਉਹ ਪਹਿਲਾਂ ਅੰਦਰੋਂ ਥੋੜ੍ਹੇ ਥੋੜ੍ਹੇ ਡਰੇ ਹੋਏ ਸਨ, ਪਰ ਮਾਹੌਲ ਸੁਖਾਵਾਂ ਬਣ ਜਾਣ ਕਾਰਨ ਉਨ੍ਹਾਂ ਅਭਿਆਸ ਵੀ ਕੀਤਾ ਅਤੇ ਸਮਾਗਮ ਵਿੱਚ ਪੇਸ਼ਕਾਰੀ ਵੀ। ਸੰਗਤ ਨੂੰ ਅਜਿਹੇ ਸਮਾਗਮਾਂ ਲਈ ਉਤਸ਼ਾਹ ਦਿਖਾਉਣ ਅਤੇ ਬੱਚਿਆਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਤਾਂ ਜੋ ਉਨ੍ਹਾਂ ਦਾ ਝਾਕਾ ਖੁੱਲ੍ਹ ਸਕੇ।
ਇਸੇ ਦੌਰਾਨ ਗੁਰਮਤਿ ਸਕੂਲ ਦੀ ਪ੍ਰਿੰਸੀਪਲ ਬੀਬੀ ਸਲਵਿੰਦਰ ਕੌਰ ਸੰਧੂ ਨੇ ‘ਪੰਜਾਬੀ ਪਰਵਾਜ਼’ ਨਾਲ ਗੱਲ ਕਰਦਿਆਂ ਕਿਹਾ ਕਿ ਗੁਰਪੁਰਬ ਨੂੰ ਮੁੱਖ ਰੱਖਦਿਆਂ ਬੱਚਿਆਂ ਨੂੰ ਦੇਸੀ ਮਹੀਨੇ ਕੱਤਕ ਦੀਆਂ ਧਾਰਮਿਕ, ਇਤਿਹਾਸਕ ਤੇ ਮੌਸਮੀ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਹਾਲ ਹੀ ਵਿੱਚ ਬੱਚਿਆਂ ਨੇ ਪੱਤਝੜ ਬਾਰੇ ਆਪਣੀਆਂ ਕਲਾ ਕ੍ਰਿਤਾਂ ਤਿਆਰ ਕਰ ਕੇ ਵਾਹ ਵਾਹ ਖੱਟੀ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਸਕੂਲ ਵਿੱਚ ਸਿੱਖ ਇਤਿਹਾਸ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਅਰਦਾਸ ਵਿੱਚ ਕੀ ਕੀ ਆਉਂਦਾ ਹੈ ਅਤੇ ਅਰਦਾਸ ਕਿਉਂ ਤੇ ਕਿਵੇਂ ਕਰਨੀ ਹੈ, ਬਾਰੇ ਵੀ ਬੱਚਿਆਂ ਨੂੰ ਸਿਖਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਲੈਵਲ-8 ਇਸੇ ਸਾਲ ਤੋਂ ਸ਼ੁਰੂ ਕੀਤਾ ਗਿਆ ਹੈ। ਗੁਰੂਘਰ ਵੱਲੋਂ ਸਹਿਜ ਪਾਠ ਅਤੇ ਜਪੁਜੀ ਸਾਹਿਬ ਕਰਨ ਸਬੰਧੀ ਸਕਾਲਰਸ਼ਿਪ ਵੀ ਦਿੱਤੀ ਗਈ ਹੈ। ਕਥਾਵਾਚਕ ਭਾਈ ਲਖਵਿੰਦਰ ਸਿੰਘ ਬੱਚਿਆਂ ਨੂੰ ਮਰਿਆਦਾ ਅਨੁਸਾਰ ਸਹਿਜ ਪਾਠ ਕਰਨ ਵਿੱਚ ਸਹਿਯੋਗ ਕਰਦੇ ਹਨ ਅਤੇ ਕੀਰਤਨੀਏ ਭਾਈ ਵੀਰ ਸਿੰਘ ਤੇ ਉਨ੍ਹਾਂ ਦੇ ਤਬਲਾਵਾਦਕ ਸਾਥੀ ਬੱਚਿਆਂ ਨੂੰ ਗੁਰਬਾਣੀ ਕੀਰਤਨ ਕਰਨਾ ਸਿਖਾਉਂਦੇ ਹਨ। ਜ਼ਿਕਰਯੋਗ ਹੈ ਕਿ ਗੁਰਮਤਿ ਸਕੂਲ ਵਿੱਚ ਵੱਖ ਵੱਖ ਲੈਵਲ ਦੀਆਂ ਕਲਾਸਾਂ ਵਿੱਚ ਡੇਢ ਸੌ ਦੇ ਕਰੀਬ ਬੱਚੇ ਪੜ੍ਹਦੇ ਹਨ ਅਤੇ ਡੇਢ ਦਰਜਨ ਦੇ ਕਰੀਬ ਅਧਿਆਪਕ ਤੇ ਸਹਾਇਕ ਅਧਿਆਪਕ ਸੇਵਾ ਨਿਭਾਅ ਰਹੇ ਹਨ।