ਗੁਰਦੁਆਰਾ ਕਰਤਾਰਪੁਰ ਸਾਹਿਬ ਕੰਪਲੈਕਸ ਵਿੱਚ ਸ਼ਰਾਬ/ਨਾਚ ਪਾਰਟੀ ਦਾ ਮਾਮਲਾ ਉਭਰਿਆ

Uncategorized

ਪਰਵਾਸੀ ਸਿੱਖਾਂ ਤੋਂ ਫੀਸ ਲੈਣ ਦਾ ਸ਼੍ਰੋਮਣੀ ਕਮੇਟੀ ਵੱਲੋਂ ਵਿਰੋਧ
ਕਰਤਾਰਪੁਰ: ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਕੰਪਲੈਕਸ ਜਾਂ ਇਸ ਦੇ ਲਾਗੇ, ਇੱਥੋਂ ਦੇ ਚੀਫ ਅਗਜ਼ੈਕਟਿਵ ਅਫਸਰ ਵੱਲੋਂ ਆਯੋਜਿਤ ਕੀਤੀ ਗਈ ਇੱਕ ਕਥਿਤ ਸ਼ਰਾਬ ਪਾਰਟੀ ਦੇ ਮਸਲੇ ਨੇ ਸਾਰੀ ਦੁਨੀਆਂ ਦੇ ਸਿੱਖ ਮਸਤਕਾਂ ‘ਤੇ ਚਿੰਤਾ ਦੀਆਂ ਲਕੀਰਾਂ ਉਭਾਰ ਦਿੱਤੀਆਂ ਹਨ। ਇਸ ਪਾਰਟੀ ਸਬੰਧੀ ਸੋਸ਼ਲ ਮੀਡੀਆ ‘ਤੇ ਘੁੰਮ ਰਹੀ ਇੱਕ ਵੀਡੀਓ ਵਿੱਚ ਕਿਹਾ ਗਿਆ ਹੈ ਕਿ ਇਹ ਸ਼ਰਾਬ ਅਤੇ ਡਾਂਸ ਪਾਰਟੀ ਦਾ ਆਯੋਜਨ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਕੀਤਾ ਗਿਆ।

ਇਸੇ ਦੌਰਾਨ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਗਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਇਸ ਕਿਸਮ ਦੀ ਕੋਈ ਪਾਰਟੀ ਨਹੀਂ ਹੋਈ। ਉਨ੍ਹਾਂ ਦੀ ਹਾਜ਼ਰੀ ਵਿੱਚ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਗੋਬਿੰਦ ਸਿੰਘ ਨੇ ਵੀ ਇਸ ਕਿਸਮ ਦੀ ਕਿਸੇ ਪਾਰਟੀ ਤੋਂ ਇਨਕਾਰ ਕੀਤਾ ਹੈ।
ਭਾਈ ਗੋਬਿੰਦ ਸਿੰਘ ਨੇ ਕਿਹਾ ਕਿ ਅਜਿਹੀ ਕੋਈ ਪਾਰਟੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵਿੱਚ ਨਹੀਂ ਹੋਈ, ਸਗੋਂ ਗੁਰਦੁਆਰਾ ਸਾਹਿਬ ਦੀ ਹਦੂਦ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ ਆਯੋਜਤ ਕੀਤੀ ਗਈ। ਇਸ ਪਾਰਟੀ ਵਿੱਚ ਗੋਸ਼ਤ ਤਾਂ ਭਾਵੇਂ ਪਰੋਸਿਆ ਗਿਆ, ਪਰ ਸ਼ਰਾਬ ਜਾਂ ਨਾਚ-ਗਾਣਾ ਆਦਿ ਨਹੀਂ ਸੀ। ਯਾਦ ਰਹੇ, ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਈ ਗੋਬਿੰਦ ਸਿੰਘ ਵੀ ਇਸ ਪਾਰਟੀ ਵਿੱਚ ਹਾਜ਼ਰ ਸਨ।
ਇਸ ਮਾਮਲੇ ਦੇ ਉਭਰਨ ਤੋਂ ਬਾਅਦ ਪੂਰਬੀ ਪੰਜਾਬ ਵਾਲੇ ਪਾਸੇ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਇਸ ‘ਤੇ ਨਾਰਾਜ਼ਗੀ ਪਰਗਟ ਕੀਤੀ ਜਾ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 20 ਨਵੰਬਰ ਨੂੰ ਹੋਈ ਆਪਣੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਇਸ ਦੀ ਨਿੰਦਾ ਕੀਤੀ ਗਈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਸਲੇ ਨੂੰ ਪਾਕਿਸਤਾਨ ਦੇ ਹਾਈ ਕਮਿਸ਼ਨਰ ਕੋਲ ਚੁਕਿਆ ਹੈ ਅਤੇ ਮਸਲੇ ਨੂੰ ਪਾਕਿਸਤਾਨ ਸਰਕਾਰ ਕੋਲ ਉਠਾਉਣ ਲਈ ਕਿਹਾ ਹੈ ਤਾਂ ਕਿ ਸਬੰਧਤ ਮੁਲਜ਼ਮਾਂ ਨੂੰ ਸਜ਼ਾ ਦਿੱਤੀ ਜਾ ਸਕੇ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਨੇ ਪਾਕਿਸਤਾਨੀ ਰਾਜਦੂਤ ਨੂੰ ਸੌਂਪੇ ਪੱਤਰ ਵਿੱਚ ਦੱਸਿਆ ਕਿ ਇਹ ਪਾਰਟੀ 18 ਨਵੰਬਰ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਸਿੱਖ ਧਰਮ ਅਸਥਾਨ ਦੀ ਬੇਹੁਰਮਤੀ ਹੈ। ਪਾਰਟੀ ਕਰਤਾਰਪੁਰ ਸਾਹਿਬ ਦੇ ਚੀਫ ਅਗਜ਼ੈਕਟਿਵ ਅਫਸਰ ਸਈਅਦ ਅਬੂ-ਬਕਰ ਕੁਰੈਸ਼ੀ ਵੱਲੋਂ ਦਿੱਤੀ ਗਈ। ਇਸ ਪਾਰਟੀ ਵਿੱਚ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਨਾਰੋਵਾਲ (ਕਰਤਾਰਪੁਰ ਇਸੇ ਜ਼ਿਲ੍ਹੇ ਵਿੱਚ ਸਥਿਤ ਹੈ) ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਮੁਖੀ ਸਮੇਤ 80 ਵਿਅਕਤੀ ਸ਼ਾਮਲ ਹੋਏ ਦੱਸੇ ਜਾਂਦੇ ਹਨ।
ਇੱਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਸ ਮਾਮਲੇ ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਅਤੇ ਪਾਕਿਸਤਾਨ ਦੇ ਸਬੰਧਤ ਮੰਤਰਾਲੇ ਕੋਲ ਉਠਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਲੈ ਕੇ ਪਾਕਿਸਤਾਨ ਦੇ ਸਬੰਧਤ ਮੰਤਰਾਲੇ ਅਤੇ ਓਕਾਫ ਬੋਰਡ ਦੇ ਮੁਖੀ ਨੂੰ ਖ਼ਤ ਲਿਖਿਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਰਵਾਸੀ ਸਿੱਖਾਂ ਤੋਂ ਕਰਤਾਰਪੁਰ ਦੇ ਦਰਸ਼ਨਾਂ ਵਾਸਤੇ ਲਈ ਜਾਂਦੀ 5 ਡਾਲਰ ਦੀ ਫੀਸ ਦਾ ਵੀ ਵਿਰੋਧ ਕੀਤਾ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਇਸ ਮਾਮਲੇ ਨਾਲ ਸਬੰਧਤ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕੀਤਾ ਜਾਵੇ।
ਉਧਰ ਪਾਕਿਸਤਾਨੀ ਅਧਿਕਾਰੀਆਂ ਦਾ ਆਖਣਾ ਹੈ ਕਿ ਪਾਰਟੀ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ ਕੀਤੀ ਗਈ, ਇਸ ਲਈ ਬੇਅਦਬੀ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।
ਇਸੇ ਦੌਰਾਨ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਕਰਤਾਰਪੁਰ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਗੋਬਿੰਦ ਸਿੰਘ ਨਾਲ ਸਾਂਝੀ ਲਾਈਵ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਕੋਈ ਪਾਰਟੀ ਨਹੀਂ ਹੋਈ। ਜਿਸ ਪਾਰਟੀ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਉਹ ਗੁਰਦੁਆਰਾ ਸਾਹਿਬ ਤੋਂ ਤਕਰੀਬਨ ਦੋ ਕਿਲੋਮੀਟਰ ਦੀ ਦੁਰੀ ‘ਤੇ ਆਯੋਜਤ ਕੀਤੀ ਗਈ। ਸ. ਸੰਧਵਾਂ ਨੇ ਵੀ ਭਾਈ ਗੋਬਿੰਦ ਸਿੰਘ ਦਾ ਪੱਖ ਪੂਰਦਿਆਂ ਕਿਹਾ ਕਿ ਸਿੰਘ ਸਾਹਿਬ ਵਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ ਵਿੱਚ ਜੋ ਕੁਝ ਕਿਹਾ ਜਾ ਰਿਹਾ ਹੈ, ਉਹ ਬਿਲਕੁਲ ਠੀਕ ਹੈ, ਇਸ ਲਈ ਇਸ ਮਸਲੇ ਨੂੰ ਹੁਣ ਖਤਮ ਹੋਇਆ ਸਮਝ ਲੈਣਾ ਚਾਹੀਦਾ ਹੈ।
ਯਾਦ ਰਹੇ, ਸ. ਸੰਧਵਾਂ, ਡਿਪਟੀ ਸਪੀਕਰ ਜੈਸ਼ੰਕਰ ਰੋੜੀ ਅਤੇ ਦੋ ਕੈਬਨਿਟ ਮੰਤਰੀਆਂ ਸਮੇਤ 500 ਸਿੰਘਾਂ ਦਾ ਜੱਥਾ ਬੀਤੇ ਸੋਮਵਾਰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਿਆ ਸੀ। ਉਨ੍ਹਾਂ ਵੱਲੋਂ ਗੁਰਦੁਆਰਾ ਸਾਹਿਬ ਜਾ ਕੇ ਸਾਰੀ ਸਥਿਤੀ ਸਾਫ ਕਰਨ ਲਈ ਸਿੰਘ ਸਾਹਿਬ ਭਾਈ ਗੋਬਿੰਦ ਸਿੰਘ ਨਾਲ ਉਪਰੋਕਤ ਲਾਈਵ ਵੀਡੀਓ ਜਾਰੀ ਕੀਤੀ ਗਈ। ਇਸ ਦੌਰਾਨ ਭਾਈ ਗੋਬਿੰਦ ਸਿੰਘ ਨੇ ਇਹ ਵੀ ਕਿਹਾ ਕਿ ਗੁਰਦੁਆਰਾ ਸਾਹਿਬ ਖਿਲਾਫ ਨਾਂਹਮੁਖੀ ਪ੍ਰਚਾਰ ਦੇ ਮਕਸਦ ਨਾਲ ਉਪਰੋਕਤ ਵੀਡੀਓ ਵਾਇਰਲ ਕੀਤੀ ਗਈ ਹੈ। ਸ. ਸੰਧਵਾਂ ਅਤੇ ਭਾਈ ਗੋਬਿੰਦ ਸਿੰਘ ਨੇ ਕਿਹਾ ਕਿ ਨਵੇਂ ਨਵੇਂ ਵਿਵਾਦ ਪੈਦਾ ਕਰਨ ਨਾਲੋਂ ਦੋਹਾਂ ਪੰਜਾਬਾਂ ਦੀ ਸਾਂਝ ਬਣਨ ਅਤੇ ਵਧਣ ਫੁੱਲਣ ਵੱਲ ਤਵੱਕੋ ਦਿੱਤੀ ਜਾਣੀ ਚਾਹੀਦੀ ਹੈ।

Leave a Reply

Your email address will not be published. Required fields are marked *