ਨਵੀਆਂ ਖੋਜਾਂ, ਨਵੇਂ ਤੱਥ
ਕਿਸੇ ਨੇ ਖੂਬ ਲਿਖਿਆ ਹੈ ਕਿ ਜਿਉਂ ਜਿਉਂ ਸੰਸਾਰ ਵੱਡਾ ਹੁੰਦਾ ਜਾ ਰਿਹਾ ਹੈ, ਭਾਵ ਜਨਸੰਖਿਆ ਵਧਦੀ ਜਾ ਰਹੀ ਹੈ, ਤਿਉਂ ਤਿਉਂ ਮਨੁੱਖ ਇਕੱਲਾ ਹੁੰਦਾ ਜਾ ਰਿਹਾ ਹੈ। ਪਦਾਰਥਵਾਦੀ ਸੰਸਾਰ ਦੇ ਅਜਿਹੇ ਸ਼ੀਸ਼ੇ ਵਿੱਚ ਵੇਖਿਆਂ ਸਾਨੂੰ ਵੱਖ ਵੱਖ ਅਕਸ ਸਹਿਜੇ ਹੀ ਦਿਸ ਪੈਂਦੇ ਹਨ; ਤੇ ਮਾਇਆ-ਛਾਇਆ ਦਾ ਵਰਤਾਰਾ ਦੇਖ ਕੇ ਸਾਡਾ ਮਨ ਪੀੜ ਪੀੜ ਹੋ ਜਾਂਦਾ ਹੈ। ਖੈਰ! ਅਜਿਹੇ ਹਾਲਾਤ ਵਿੱਚ ਵੀ ਆਪਣੀ ਜ਼ਿੰਦਗੀ ਨੂੰ ਖੁਸ਼ੀਆਂ ਭਰਪੂਰ ਬਣਾਉਣ ਲਈ ਡਾ. ਡੀ. ਪੀ. ਸਿੰਘ ਨੇ ਕੁਝ ਨੁਕਤੇ ਸੁਝਾਏ ਹਨ। ਉਮੀਦ ਹੈ, ਪਾਠਕ ਪਸੰਦ ਕਰਨਗੇ ਅਤੇ ਇਨ੍ਹਾਂ ਨੂੰ ਆਪਣੀ ਰੋਜ਼ਮੱਰ੍ਹਾ ਜ਼ਿੰਦਗੀ ਵਿੱਚ ਥਾਂ ਵੀ ਦੇਣਗੇ।
ਡਾ. ਡੀ. ਪੀ. ਸਿੰਘ, ਕੈਨੇਡਾ
ਦਰਦਪਸਨ@ਗਮਅਲਿ।ਚੋਮ
ਖੁਸ਼ੀ, ਮਾਨਸਿਕ ਅਰੋਗਤਾ ਦਾ ਚਿੰਨ੍ਹ ਹੈ। ਜੀਵਨ ਦੀ ਜੱਦੋ-ਜਹਿਦ ਦੌਰਾਨ ਸਾਨੂੰ ਉਦਾਸੀ ਤੇ ਚਿੰਤਾਵਾਂ ਅਕਸਰ ਘੇਰ ਲੈਂਦੀਆਂ ਹਨ। ਇਸੇ ਲਈ ਮਾਨਸਿਕ ਤੌਰ ਉੱਤੇ ਹਮੇਸ਼ਾ ਤੰਦਰੁਸਤ ਰਹਿਣਾ ਆਮ ਕਰਕੇ ਔਖਾ ਲੱਗਦਾ ਹੈ, ਪਰ ਅਸਲ ਵਿੱਚ ਮਾਨਸਿਕ ਤੰਦਰੁਸਤੀ ਪ੍ਰਾਪਤ ਕਰਨਾ ਬਹੁਤ ਹੀ ਸੌਖਾ ਹੈ। ਇਹ ਬਿਲਕੁਲ ਓਨਾ ਹੀ ਸੌਖਾ ਹੈ, ਜਿੰਨਾ ਖੁਸ਼ ਰਹਿਣਾ ਤੇ ਹੱਸਣਾ। ਅਰੋਗ ਮਾਨਸਿਕ ਹਾਲਤ ਸਾਨੂੰ ਹੋਰਨਾਂ ਨਾਲ ਚੰਗੇ ਰਿਸ਼ਤੇ ਬਣਾਉਣ, ਚਿੰਤਾ ਘਟਾਉਣ ਅਤੇ ਸਾਡੇ ਸਵੈ-ਭਰੋਸੇ ਨੂੰ ਵਧਾਉਣ ਵਿੱਚ ਮਦਦ ਕਰਦੀ ਹੈ।
ਆਪਣੀ ਮਾਨਸਿਕ ਸਿਹਤ ਸੁਧਾਰਨ ਲਈ ਸਾਨੂੰ ਹਜ਼ਾਰਾਂ ਲੱਖਾਂ ਰੁਪਏ ਖਰਚਣ ਦੀ ਲੋੜ ਨਹੀਂ ਹੈ। ਸਿਰਫ਼ ਆਪਣੀਆਂ ਰੋਜ਼ਾਨਾ ਆਦਤਾਂ ਵਿੱਚ ਕੁਝ ਕੁ ਸੁਯੋਗ ਤਬਦੀਲੀਆਂ ਕਰ ਕੇ ਅਸੀਂ ਅਜਿਹੀ ਹਾਲਤ ਪ੍ਰਾਪਤ ਕਰ ਸਕਦੇ ਹਾਂ। ਜ਼ਿੰਦਗੀ ਵਿੱਚ ਖੁਸ਼ੀਆਂ ਖੇੜਿਆਂ ਦੇ ਵਾਧੇ ਲਈ ਹੇਠ ਲਿਖੀਆਂ ਸੱਤ ਆਦਤਾਂ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਅੰਗ ਬਣਾ ਕੇ ਅਜਿਹਾ ਸਹਿਜੇ ਹੀ ਸੰਭਵ ਹੈ। ਇੰਝ ਅਸੀਂ ਬਿਨਾ ਦਵਾਈ ਦੀ ਵਰਤੋਂ ਦੇ ਚਿੰਤਾ ਤੇ ਉਦਾਸੀ ਤੋਂ ਕੁਦਰਤੀ ਤੌਰ ਉੱਤੇ ਛੁਟਕਾਰਾ ਪ੍ਰਾਪਤ ਕਰ ਸਕਦੇ ਹਾਂ ਅਤੇ ਆਪਣੀ ਮਾਨਸਿਕ ਸਿਹਤ ਨੂੰ ਵਧੇਰੇ ਚੰਗਾ ਬਣਾ ਸਕਦੇ ਹਾਂ।
ਚੰਗੀ ਮਾਨਸਿਕ ਸਿਹਤ ਲਈ ਸੱਤ ਮਹੱਤਵਪੂਰਣ ਆਦਤਾਂ
1. ਆਰਾਮ ਕਰਨ ਦੀ ਆਦਤ ਬਣਾਓ।
ਜ਼ਿੰਦਗੀ ਵਿੱਚ ਅਨੇਕ ਉਤਾਰ-ਚੜ੍ਹਾਅ ਅਕਸਰ ਵਾਪਰਦੇ ਰਹਿੰਦੇ ਹਨ, ਜਿਨ੍ਹਾਂ ਕਾਰਨ ਅਸੀਂ ਕਈ ਵਾਰ ਬਹੁਤ ਮਾਨਸਿਕ ਤਣਾਅ ਮਹਿਸੂਸ ਕਰਦੇ ਹਾਂ। ਅਜਿਹੀ ਹਾਲਤ ਵਿੱਚ ਅਸੀਂ ਕਈ ਵਾਰ ਗਲਤ ਫੈਸਲੇ ਵੀ ਲੈ ਲੈਂਦੇ ਹਾਂ, ਜੋ ਬਹੁਤ ਨੁਕਸਾਨ ਦਾ ਕਾਰਨ ਬਣਦੇ ਹਨ। ਦੁਰਘਟਨਾਵਾਂ ਦਾ ਵਾਪਰਨਾ ਅਜਿਹੇ ਤਣਾਅਪੂਰਨ ਪਲਾਂ ਵਿੱਚ ਲਏ ਗਲਤ ਫੈਸਲਿਆਂ ਦਾ ਨਤੀਜਾ ਹੀ ਹੁੰਦਾ ਹੈ, ਪਰ ਅਜਿਹੇ ਤਣਾਅ ਉੱਤੇ ਕਾਬੂ ਪਾਉਣਾ ਸੰਭਵ ਹੈ। ਆਰਾਮ ਕਰਨ ਦੇ ਢੰਗਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਪਨਾ ਕੇ ਅਸੀਂ ਤਣਾਅਪੂਰਨ ਹਾਲਤਾਂ ਦਾ ਹੱਲ ਸਹਿਜੇ ਹੀ ਪ੍ਰਾਪਤ ਕਰ ਸਕਦੇ ਹਾਂ।
ਆਰਾਮ ਕਰਨ ਦਾ ਇੱਕ ਪ੍ਰਸਿੱਧ ਤਰੀਕਾ ਹੈ ਧਿਆਨ ਲਗਾਉਣਾ (ਮੲਦਟਿਅਟiੋਨ) ਜਾਂ ਭਗਤੀ। ਅਜਿਹੀ ਕ੍ਰਿਆ ਸਾਨੂੰ ਸ਼ਾਂਤੀ ਪ੍ਰਾਪਤ ਕਰਨ, ਤਣਾਅ ਘਟਾਉਣ ਅਤੇ ਮਿਜ਼ਾਜ਼ ਨੂੰ ਬਿਹਤਰ ਕਰਨ ਵਿੱਚ ਮਦਦ ਕਰਦੀ ਹੈ। ਕਈ ਲੋਕ ਤਾਂ ਆਪਣੇ ਧਿਆਨ ਸਮੇਂ ਮਨ ਦੀ ਇਕਾਗਰਤਾ ਲਈ ਸੰਗੀਤ ਦੀ ਵਰਤੋਂ ਵੀ ਕਰਦੇ ਹਨ। ਜੇ ਧਿਆਨ ਲਾਉਣਾ ਤੁਹਾਨੂੰ ਪਸੰਦ ਨਹੀਂ, ਤਾਂ ਮਨਪਸੰਦ ਕਿਤਾਬ ਪੜ੍ਹਨਾ, ਲੰਮੇ ਸਾਹ ਲੈਣਾ ਜਾਂ ਸੈਰ ਕਰਨਾ ਵੀ ਆਰਾਮ ਕਰਨ ਦੇ ਪ੍ਰਚਲਿਤ ਢੰਗ ਹਨ। ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਆਰਾਮ ਕਰਨ ਦਾ ਕਿਹੜਾ ਢੰਗ ਚੁਣਦੇ ਹੋ, ਬੱਸ ਇਸ ਨੂੰ ਇੱਕ ਆਦਤ ਬਣਾਓ।
2. ਹੋਰਨਾਂ ਨਾਲ ਸੁਹਿਰਦਤਾ ਭਰਿਆ ਮੇਲ-ਮਿਲਾਪ ਰੱਖੋ।
ਹੋਰਨਾਂ ਨਾਲ ਮੇਲ-ਮਿਲਾਪ ਅਕਸਰ ਸਾਡੇ ਮੂਡ ਨੂੰ ਚੰਗਾ ਬਣਾਉਣ ਜਾਂ ਹਾਲਾਤ ਬਾਰੇ ਸਾਡਾ ਨਜ਼ਰੀਆ ਬਦਲਣ ਵਿੱਚ ਸਾਡੀ ਮਦਦ ਕਰਦਾ ਹੈ। ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਉਣ ਨਾਲ, ਅਸੀਂ ਇਕੱਲ ਦੀ ਭਾਵਨਾ ਤੋਂ ਛੁਟਕਾਰਾ ਪਾ ਸਕਦੇ ਹਾਂ। ਇਸ ਦੇ ਨਾਲ ਹੀ ਸਾਨੂੰ ਭਰੋਸਾ ਹੋ ਜਾਂਦਾ ਹੈ ਕਿ ਲੋੜ ਸਮੇਂ ਸਾਡੇ ਸਨੇਹੀ ਸਾਡੇ ਕੋਲ ਹੀ ਹਨ। ਜੇਕਰ ਬਾਕਾਇਦਾ ਤੌਰ `ਤੇ ਅਸੀਂ ਨਿੱਜੀ ਰੂਪ ਵਿੱਚ ਨਹੀਂ ਮਿਲ ਸਕਦੇ, ਤਾਂ ਲਿਖਤੀ ਸੁਨੇਹੇ ਅਤੇ ਜ਼ੂਮ-ਕਾਲ ਦੀ ਵਰਤੋਂ ਨਾਲ ਅਸੀ ਹੋਰਨਾਂ ਨਾਲ ਸੁਚੱਜਾ ਤਾਲਮੇਲ ਰੱਖ ਸਕਦੇ ਹਾਂ।
ਲੋੜ੍ਹੋਂ ਵੱਧ ਮੇਲ-ਮਿਲਾਪ ਵੀ ਲਾਭਕਾਰੀ ਨਹੀਂ ਹੁੰਦਾ। ਅਜਿਹੀਆਂ ਕਾਰਵਾਈਆਂ ਵਿੱਚ ਸੰਤੁਲਨ ਹੋਣਾ ਜ਼ਰੂਰੀ ਹੈ। ਮਨ ਦੀ ਹਾਲਤ ਅਨੁਸਾਰ ਕਦੇ ਕਦਾਈਂ ਅਜਿਹੇ ਮੇਲ-ਮਿਲਾਪ ਤੋਂ ਗੁਰੇਜ਼ ਕਰਨਾ ਵੀ ਸਹੀ ਹੁੰਦਾ ਹੈ।
3. ਸਰੀਰਕ ਤੰਦਰੁਸਤੀ ਦਾ ਖਿæਆਲ ਰੱਖੋ।
ਮਾਨਸਿਕ ਤੰਦਰੁਸਤੀ ਦਾ ਸਰੀਰਕ ਤੰਦਰੁਸਤੀ ਨਾਲ ਗੂੜ੍ਹਾ ਸਬੰਧ ਹੈ। ਦੋਵੇਂ ਹੀ ਇੱਕ ਦੂਸਰੇ ਬਿਨਾ ਅਧੂਰੇ ਹਨ। ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਤਿੰਨ ਚੀਜ਼ਾਂ ਜਿਵੇਂ ਕਿ ਨੀਂਦ, ਪੌਸ਼ਟਿਕ ਭੋਜਨ ਅਤੇ ਕਸਰਤ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਆਉ ਇਨ੍ਹਾਂ ਤਿੰਨਾਂ ਚੀਜ਼ਾਂ ਵਾਰੇ ਥੋੜ੍ਹਾ ਹੋਰ ਜਾਣੀਏ।
*ਨੀਂਦ: ਸਾਡੀ ਮਾਨਸਿਕ ਤੰਦਰੁਸਤੀ ਸਾਡੀ ਨੀਂਦ ਦਾ ਅਸਰ ਕਬੂਲਦੀ ਹੈ। ਜੇਕਰ ਅਸੀਂ ਲੋੜ ਅਨੁਸਾਰ ਸਹੀ ਸਮੇਂ ਲਈ ਸੌਂ ਨਹੀਂ ਸਕਦੇ, ਤਾਂ ਸਾਡੇ ਦਿਮਾਗ ਨੂੰ ਆਰਾਮ ਕਰਨ ਅਤੇ ਤਰੋ-ਤਾਜ਼ਾ ਹੋਣ ਦਾ ਮੌਕਾ ਨਹੀਂ ਮਿਲਦਾ। ਉਨੀਂਦਰਾ ਚਿੜਚਿੜੇ ਸੁਭਾਅ ਦੀ ਜੜ੍ਹ ਹੈ। ਨੀਂਦ ਦੀ ਘਾਟ ਸਾਨੂੰ ਭਾਵਨਾਵਾਂ ਨੂੰ ਕਾਬੂ ਹੇਠ ਰੱਖਣ ਅਤੇ ਤਣਾਅ ਨੂੰ ਘੱਟ ਕਰਨ ਵਿੱਚ ਅੜ੍ਹਚਣ ਬਣਦੀ ਹੈ। ਫਲਸਰੂਪ ਮਾਨਸਿਕ ਅਰੋਗਤਾ ਭੰਗ ਹੋ ਜਾਂਦੀ ਹੈ। ਸਮੇਂ ਸਿਰ ਸੌਣਾ ਤੇ ਸਹੀ ਮਾਤਰਾ ਵਿੱਚ ਨੀਂਦ ਲੈਣਾ, ਮਾਨਸਿਕ ਤੰਦਰੁਸਤੀ ਦੇ ਬਣੇ ਰਹਿਣ ਲਈ ਇੱਕ ਸਧਾਰਨ ਤੇ ਸਹਿਜ ਤਰੀਕਾ ਹੈ।
*ਪੌਸ਼ਟਿਕ ਭੋਜਨ: ਸਾਡੇ ਸਰੀਰ ਦੇ ਸਹੀ ਢੰਗ ਨਾਲ ਕੰਮ ਕਰਨ ਲਈ ਪੌਸ਼ਟਿਕ ਭੋਜਨ ਅਤੇ ਪਾਣੀ ਦੀ ਲੋੜ ਅਤਿ ਜ਼ਰੂਰੀ ਹੈ। ਤੰਦਰੁਸਤ ਸਰੀਰ ਹੀ ਤੰਦਰੁਸਤ ਮਨ ਦਾ ਟਿਕਾਣਾ ਹੁੰਦਾ ਹੈ। ਸੰਤੁਲਿਤ ਭੋਜਨ ਖਾਣ ਦੇ ਨਾਲ ਨਾਲ ਮਨ-ਭਾਉਂਦੇ ਖਾਣੇ ਦਾ ਸੇਵਨ ਸਾਡੀ ਖੁਸ਼ੀ ਵਿੱਚ ਵਾਧਾ ਕਰਦਾ ਹੈ। ਧਿਆਨ ਰੱਖੋ ਕਿ ਕਿ ਤੁਸੀਂ ਕਾਫ਼ੀ ਪਾਣੀ ਪੀਂਦੇ ਹੋ। ਸਰੀਰ ਵਿੱਚ ਪਾਣੀ ਦੀ ਸਹੀ ਮਾਤਰਾ ਚਿੰਤਾ ਅਤੇ ਉਦਾਸੀ ਨੂੰ ਘੱਟ ਕਰਦੀ ਹੈ।
*ਕਸਰਤ: ਚੁਸਤੀ-ਫੁਰਤੀ ਸਾਡੀ ਮਨੋਦਸ਼ਾ ਨੂੰ ਚੰਗਾ ਬਣਾਉਣ ਅਤੇ ਸਾਨੂੰ ਚੰਗਾ ਮਹਿਸੂਸ ਕਰਾਉਣ ਵਿੱਚ ਮਦਦ ਕਰਦੀ ਹੈ। ਹਰ ਦਿਨ ਕਸਰਤ ਕਰਨ ਨਾਲ ਜਿੱਥੇ ਸਿਹਤ ਠੀਕ ਰਹਿੰਦੀ ਹੈ, ਉਥੇ ਹੋਰਨਾਂ ਨਾਲ ਮੇਲ-ਮਿਲਾਪ ਕਰਨ ਲਈ ਜੀਅ ਕਰਦਾ ਹੈ। ਚਿੰਤਾ ਘਟਦੀ ਹੈ ਤੇ ਆਤਮ ਵਿਸ਼ਵਾਸ ਵਿੱਚ ਵਾਧਾ ਹੁੰਦਾ ਹੈ। ਸਾਧਾਰਨ ਕਰ ਕੇ ਭਾਰੀ ਲਿਫਟਿੰਗ ਜਾਂ ਤੀਬਰ ਕਸਰਤ ਕਰਨ ਦੀ ਲੋੜ ਨਹੀਂ ਹੁੰਦੀ। ਨਿਯਮਿਤ ਸੈਰ ਜਾਂ ਸਾਈਕਲ ਦੀ ਸਵਾਰੀ ਵੀ ਸਾਡੀ ਮਾਨਸਿਕ ਸਿਹਤ ਨੂੰ ਚੰਗਾ ਬਣਾਉਣ ਦੇ ਸਮਰਥ ਹੁੰਦੀ ਹੈ।
4. ਸੋਸ਼ਲ ਮੀਡੀਆ ਦੀ ਵਰਤੋਂ ਦਾ ਸਮਾਂ ਸੀਮਤ ਰੱਖੋ।
ਮੋਬਾਇਲ ਫ਼ੋਨ ਸਾਡੇ ਰੋਜ਼ਾਨਾ ਜੀਵਨ ਦਾ ਇੱਕ ਅਹਿਮ ਅੰਗ ਬਣ ਚੁਕਾ ਹੈ। ਬਹੁਤ ਸਮਾਂ, ਉਹ ਸਾਡੇ ਕੋਲ ਹੀ ਹੁੰਦੇ ਹਨ ਅਤੇ ਕਾਲਾਂ, ਟੈਕਸਟ ਅਤੇ ਸੋਸ਼ਲ ਮੀਡੀਆ ਰਾਹੀਂ ਸਾਨੂੰ ਬਾਹਰੀ ਦੁਨੀਆ ਨਾਲ ਜੋੜ੍ਹੀ ਰੱਖਦੇ ਹਨ। ਸੋਸ਼ਲ ਮੀਡੀਆ ਨੂੰ ਸਕ੍ਰੋਲ ਕਰਨ ਵਿੱਚ ਬਿਤਾਇਆ ਸਮਾਂ, ਲੋਕਾਂ ਵਲੋਂ ਪੋਸਟ ਕੀਤੇ ਗਏ ਸੁਨੇਹੇ, ਰਚਨਾਵਾਂ, ਖ਼ਬਰਾਂ ਤੇ ਟਿਕਟਾਕ ਆਦਿ ਸਾਡੀ ਸੋਚ ਤੇ ਵਿਚਾਰਾਂ ਨੂੰ ਪ੍ਰਭਾਵਿਤ ਕਰਦੇ ਹਨ। ਸੋਸ਼ਲ ਮੀਡੀਆ ਨੂੰ ਜਾਂਚਣ ਲਈ ਇਸ ਵਿੱਚ ਲੋੜ੍ਹੋਂ ਵੱਧ ਬਿਤਾਇਆ ਸਮਾਂ ਸਾਡੀ ਮਾਨਸਿਕ ਤੰਦਰੁਸਤੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਸੋਸ਼ਲ ਮੀਡੀਆ ਦੀ ਵਧੇਰੇ ਵਰਤੋਂ ਕਰਨ ਵਾਲੇ ਲੋਕਾਂ ਵਿੱਚ ਚਿੰਤਾ, ਉਦਾਸੀ, ਦਿਮਾਗੀ ਪ੍ਰੇਸ਼ਾਨੀ, ਬੁਰੀਆਂ ਆਦਤਾਂ, ਅਸਫਲ਼ਤਾ ਦੀ ਭਾਵਨਾ ਅਤੇ ਨੀਂਦ ਨਾ ਆਉਣ ਵਰਗੇ ਲੱਛਣ ਅਕਸਰ ਦੇਖੇ ਗਏ ਹਨ।
ਲੋੜ ਹੈ ਕਿ ਸੋਸ਼ਲ ਮੀਡੀਆ ਦੀ ਵਰਤੋਂ ਅਜਿਹੇ ਤਰੀਕੇ ਨਾਲ ਕੀਤੀ ਜਾਵੇ, ਜਿਸ ਨਾਲ ਮਾਨਸਿਕ ਸਿਹਤ ਖਰਾਬ ਨਾ ਹੋਵੇ। ਸੋਸ਼ਲ ਮੀਡੀਆ ਦੀ ਵਰਤੋਂ ਹੇਠ ਲਿਖੇ ਢੰਗ ਨਾਲ ਕਰਨੀ ਲਾਭਕਾਰੀ ਹੁੰਦੀ ਹੈ:
*ਸੋਸ਼ਲ ਮੀਡੀਆ ਦੀ ਵਰਤੋਂ ਦੇ ਸਮੇਂ ਨੂੰ ਸੀਮਤ ਰੱਖੋ।
*ਆਪਣੇ ਦਿਨ ਦੀ ਸ਼ੁਰੂਆਤ ਜਾਂ ਅੰਤ ਸੋਸ਼ਲ ਮੀਡੀਆ ਦੀ ਵਰਤੋਂ ਨਾਲ ਨਾ ਕਰੋ।
*ਸੋਸ਼ਲ ਮੀਡੀਆ ਦੀ ਵਰਤੋਂ ਤੋਂ ਬਚਾਏ ਸਮੇਂ ਨੂੰ ਕੁਝ ਅਜਿਹਾ ਕਰਨ ਲਈ ਵਰਤੋ, ਜਿਸ ਨਾਲ ਤੁਹਾਨੂੰ ਖੁਸ਼ੀ ਜਾਂ ਆਰਾਮ ਮਿਲੇ।
5. ਰੋਜ਼ਾਨਾ ਡਾਇਰੀ ਲਿਖਣ ਦਾ ਸ਼ੌਕ ਬਣਾਓ।
ਮਾਨਸਿਕ ਤੰਦਰੁਸਤੀ ਵਿੱਚ ਗੜਬੜੀ ਦੀ ਰੋਕਥਾਮ ਲਈ ਆਪਣੀਆਂ ਭਾਵਨਾਵਾਂ ਤੇ ਵਿਚਾਰਾਂ ਨੂੰ ਲਿਖਤੀ ਰੂਪ ਦੇਣਾ ਇੱਕ ਲਾਭਦਾਇਕ ਢੰਗ ਹੈ। ਸੰਨ 2018 ਵਿੱਚ ਕੀਤੇ ਗਏ ਖੋਜ ਕਾਰਜਾਂ ਤੋਂ ਪਤਾ ਲੱਗਾ ਹੈ ਕਿ ਹਰ ਰੋਜ਼ 15 ਮਿੰਟ ਲਈ ਡਾਇਰੀ ਲਿਖਣ ਨਾਲ ਤਣਾਅ ਅਤੇ ਚਿੰਤਾ ਦੀਆਂ ਭਾਵਨਾਵਾਂ ਵਿੱਚ ਕਾਫ਼ੀ ਕਮੀ ਆਉਂਦੀ ਹੈ। ਕੁਝ ਹੋਰ ਖੋਜਾਂ ਤੋਂ ਪਤਾ ਲੱਗਾ ਹੈ ਕਿ ਅਜਿਹਾ ਕਾਰਜ ਸਦਮੇ ਵਿੱਚੋਂ ਨਿਕਲਣ ਤੇ ਉਦਾਸੀ ਘੱਟ ਕਰਨ ਵਿੱਚ ਮਦਦ ਕਰਦਾ ਹੈ।
ਡਾਇਰੀ ਲਿਖਣ ਦਾ ਕੋਈ ਸਹੀ ਜਾਂ ਗਲਤ ਤਰੀਕਾ ਜਾਂ ਸਮਾਂ ਨਹੀਂ ਹੁੰਦਾ। ਬਹੁਤ ਸਾਰੇ ਲੋਕ ਹਰ ਰੋਜ਼ ਡਾਇਰੀ ਲਿਖਦੇ ਹਨ। ਕਈ ਲੋਕ ਉਦੋਂ ਹੀ ਡਾਇਰੀ ਲਿਖਦੇ ਹਨ, ਜਦੋਂ ਉਹ ਤਣਾਅ ਵਾਲੀ ਹਾਲਤ ਵਿੱਚ ਹੁੰਦੇ ਹਨ ਜਾਂ ਉਹ ਆਪਣੀਆਂ ਚਿੰਤਾਵਾਂ ਨੂੰ ਜ਼ਾਹਿਰ ਕਰਨਾ ਚਾਹੁੰਦੇ ਹਨ। ਭਾਵੇਂ ਕੋਈ ਕਿਵੇਂ ਵੀ ਇਸ ਢੰਗ ਦੀ ਵਰਤੋਂ ਕਰੇ, ਪਰ ਇਸ ਤਰੀਕੇ ਦੀ ਵਰਤੋਂ ਨਾਲ ਉਹ ਸਮੇਂ ਦੇ ਗੁਜ਼ਰਨ ਨਾਲ ਆਪਣੀ ਮਾਨਸਿਕ ਹਾਲਤ ਵਿੱਚ ਤਬਦੀਲੀ ਦੀ ਨਜ਼ਰਸਾਨੀ ਕਰ ਸਕਦਾ ਹੈ।
6. ਸ਼ੁਕਰਾਨੇ ਵਾਲਾ ਰਵੱਈਆ ਅਪਨਾਓ।
ਸ਼ੁਕਰਾਨੇ ਵਾਲਾ ਰਵੱਈਆ, ਸਾਨੂੰ ਜੀਵਨ ਬਾਰੇ ਸਾਕਾਰਾਤਮਕ ਨਜ਼ਰੀਏ ਦਾ ਧਾਰਨੀ ਬਣਾਉਂਦਾ ਹੈ। ਅਜਿਹਾ ਨਜ਼ਰੀਆ ਮਾਨਸਿਕ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ। ਸ਼ੁਕਰਾਨੇ ਵਾਲਾ ਰਵਈਆ ਮਾਨਸਿਕ ਤਣਾਅ ਘੱਟ ਕਰਨ, ਉਦਾਸੀ ਦੂਰ ਕਰਨ ਅਤੇ ਸਾਡੀ ਮਨੋਦਸ਼ਾ ਨੂੰ ਵਧੀਆ ਕਰਨ ਵਿੱਚ ਮਦਦ ਕਰਦਾ ਹੈ। ਸ਼ੁਕਰਾਨੇ ਦੀ ਭਾਵਨਾ ਰੱਖਣਾ ਇੱਕ ਸੌਖੀ ਜਿਹੀ ਗੱਲ ਜਾਪਦੀ ਹੈ, ਪਰ ਕਈ ਵਾਰ ਇਸ ਨੂੰ ਕਾਇਮ ਰੱਖਣਾ ਕਾਫ਼ੀ ਔਖਾ ਲਗਦਾ ਹੈ। ਕਦੇ ਕਦੇ ਸਵੈ-ਚਿੰਤਨ ਜ਼ਰੂਰ ਕਰੋ ਅਤੇ ਆਪਣੇ ਇਰਦ-ਗਿਰਦ ਦੇ ਲੋਕਾਂ ਨਾਲ ਆਪਣੀ ਸ਼ੁਕਰਗੁਜ਼ਾਰੀ ਜਰੂਰ ਸਾਂਝੀ ਕਰੋ। ਜੇ ਤੁਸੀਂ ਲਿਖਣਾ ਪਸੰਦ ਕਰਦੇ ਹੋ, ਤਾਂ ਬਾਕਾਇਦਗੀ ਨਾਲ ਉਨ੍ਹਾਂ ਚੀਜ਼ਾਂ ਦੀ ਸੂਚੀ ਬਣਾਓ, ਜਿਨ੍ਹਾਂ ਲਈ ਤੁਸੀਂ ਸ਼ੁਕਰਗੁਜ਼ਾਰ ਹੋ।
7. ਕਦੇ ਕਦੇ ਹੱਸਣਾ ਜ਼ਰੂਰ ਚਾਹੀਦਾ।
ਹਾਸਾ ਸਭ ਤੋਂ ਵਧੀਆ ਦਵਾਈ ਹੈ। ਜਦੋਂ ਤੁਸੀਂ ਤਣਾਅ ਜਾਂ ਉਦਾਸੀ ਮਹਿਸੂਸ ਕਰ ਰਹੇ ਹੋ, ਤਾਂ ਅਜਿਹੇ ਸਮੇਂ ਅਜਿਹੇ ਕੰਮ ਕਰੋ ਜੋ ਤੁਹਾਨੂੰ ਹੱਸਣ ਦਾ ਮੌਕਾ ਦੇਣ। ਆਪਣਾ ਮੂਡ ਠੀਕ ਕਰਨ ਲਈ ਮਨਪਸੰਦ ਟੀ.ਵੀ. ਸ਼ੋਅ ਜਾਂ ਫ਼ਿਲਮ ਦੇਖੋ। ਜਾਂ ਮਨਚਾਹਿਆ ਕੋਈ ਹੋਰ ਕੰਮ ਵੀ ਕਰ ਸਕਦੇ ਹੋ ਜਿਵੇਂ ਕਿ ਕਲੱਬ ਜਾਣਾ ਜਾਂ ਦੋਸਤਾਂ ਦੀ ਮਹਿਫ਼ਿਲ ਦਾ ਆਨੰਦ ਮਾਨਣਾ। ਨਹਾਉਂਦੇ ਸਮੇਂ ਗਾਣਾ ਗਾ ਕੇ ਅਤੇ ਘਰ ਦੀ ਸਫਾਈ ਕਰਦੇ ਸਮੇਂ ਡਾਂਸ ਕਰ ਕੇ ਵੀ ਮਨ ਨੂੰ ਚੜ੍ਹਦੀ ਕਲਾ ਵਿੱਚ ਲਿਆ ਸਕਦੇ ਹੋ। ਡਾਂਸ ਕਰਨ ਨਾਲ ਸਰੀਰ `ਚ ਤਣਾਅ ਵਾਲੇ ਹਾਰਮੋਨ (ਕੋਰਟੀਸੋਲ) ਘੱਟ ਜਾਂਦੇ ਹਨ।
ਮਾਨਸਿਕ ਸਿਹਤ ਨੂੰ ਸੁਧਾਰਨਾ ਇੱਕ ਲਗਾਤਾਰ ਕੋਸ਼ਿਸ਼ ਹੈ; ਇਹ ਰਾਤੋ ਰਾਤ ਨਹੀਂ ਵਾਪਰਦੀ। ਆਪਣੀਆਂ ਆਦਤਾਂ ਵਿੱਚ ਸੁਯੋਗ ਤਬਦੀਲੀ ਕਰਦੇ ਹੋਏ ਅਸੀਂ ਆਪਣੀ ਸਰੀਰਕ ਤੇ ਮਾਨਸਿਕ ਸਿਹਤ ਵਿੱਚ ਸਥਾਈ ਸੁਧਾਰ ਕਰ ਸਕਦੇ ਹਾਂ।