ਉੱਤਰਕਾਸ਼ੀ ਦੀ ਸੁਰੰਗ ਵਿੱਚ ਫਸੇ 41 ਮਜ਼ਦੂਰਾਂ ਦੇ ਬਚਾਅ ਲਈ ਰਾਹਤ ਕਾਰਜ ਜਾਰੀ

Uncategorized

-ਮਜ਼ਦੂਰਾਂ ਤੱਕ ਰਾਹਤ ਪਹੁੰਚਾਉਣ ਲਈ ਛੇ ਇੰਚ ਚੌੜੀ ਪਾਈਪ ਪਾਈ
-ਸੁਰੰਗ ਬਣਾ ਰਹੀ ਕੰਪਨੀ ਵੱਲੋਂ ਕੀਤੀਆਂ ਗਈਆਂ ਵੱਡੀਆਂ ਅਣਗਹਿਲੀਆਂ
ਜਸਵੀਰ ਸਿੰਘ ਸ਼ੀਰੀ
ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਇੱਕ ਸੁਰੰਗ ਵਿੱਚ ਫਸੇ 41 ਮਜ਼ਦੂਰਾਂ ਨੂੰ ਇਹ 11ਵਾਂ ਦਿਨ (23 ਨਵੰਬਰ) ਹੋ ਗਿਆ ਹੈ, ਹਾਲੇ ਵੀ ਉਨ੍ਹਾਂ ਨੂੰ ਬਾਹਰ ਕੱਢਣ ਵਿੱਚ ਜੁਟੇ ਅਧਿਕਾਰੀ ਇਹ ਨਹੀਂ ਦੱਸ ਪਾ ਰਹੇ ਕਿ ਅੰਦਰ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਕਿੰਨੇ ਦਿਨ ਲੱਗਣਗੇ! ਫਿਰ ਵੀ ਇਹ ਰਾਹਤ ਵਾਲੀ ਸੂਚਨਾ ਹੈ ਕਿ ਸੁਰੰਗ ਵਿੱਚ ਫਸੇ ਮਜ਼ਦੂਰਾਂ ਤੱਕ ਖਾਣ-ਪੀਣ ਦਾ ਸਮਾਨ ਪਹੁੰਚਾਉਣ ਅਤੇ ਉਨ੍ਹਾਂ ਨਾਲ ਸੰਪਰਕ ਕਾਇਮ ਰੱਖਣ ਲਈ ਬਚਾਅ ਕਾਰਜਾਂ ਵਿੱਚ ਲੱਗੇ ਅਧਿਕਾਰੀ 53 ਮੀਟਰ ਲੰਬੀ ਅਤੇ ਛੇ ਇੰਚ ਚੌੜੀ ਪਾਈਪ ਪਾਉਣ ਵਿੱਚ ਕਾਮਯਾਬ ਹੋ ਗਏ ਹਨ।

ਯਾਦ ਰਹੇ, ‘ਦੋ’ ਇੰਚ ਚੌੜੀ ਇੱਕ ਪਾਈਪ ਦੀ ਪਹਿਲਾਂ ਹੀ ਮਜ਼ਦੂਰਾਂ ਤੱਕ ਪਹੁੰਚ ਹੈ, ਜਿਸ ਰਾਹੀਂ ਅਧਿਕਾਰੀ ਉਨ੍ਹਾਂ ਨੂੰ ਪਾਣੀ-ਧਾਣੀ ਪਹੁੰਚਾ ਰਹੇ ਹਨ ਅਤੇ ਸੰਪਰਕ ਬਣਾ ਕੇ ਰੱਖ ਰਹੇ ਹਨ। ਉੱਤਰਕਾਸ਼ੀ ਦੇ ਸਿਕਲਿਆਰਾ ਤੋਂ ਬਾਰਕੋਟ ਤੱਕ ਚਾਰ ਮਾਰਗੀ ਨੈਸ਼ਨਲ ਹਾਈਵੇ ‘ਤੇ ਭੁਰਪੁਰੀਆਂ ਪਹਾੜੀਆਂ ਦੇ ਹੇਠੋਂ ਦੀ ਬਣਾਈ ਜਾ ਰਹੀ ਇਸ ਸੁਰੰਗ ਦਾ ਇੱਕ ਹਿੱਸਾ 12 ਨਵੰਬਰ ਨੂੰ ਦੀਵਾਲੀ ਵਾਲੇ ਦਿਨ ਹੇਠਾਂ ਡਿੱਗ ਪਿਆ ਸੀ। ਸਿਕਲਿਆਰਾ ਵਾਲੇ ਪਾਸੇ ਦੇ ਦਰਵਾਜ਼ੇ (ਮੁਹਾਨੇ) ਤੋਂ 210 ਮੀਟਰ ਦੂਰ ਸੁਰੰਗ ਦੀ ਛੱਤ ਦਾ ਮਲਬਾ ਹੇਠਾਂ ਡਿੱਗ ਗਿਆ, ਜਿਸ ਕਾਰਨ ਸੁਰੰਗ ਦੋਨੋਂ ਪਾਸੇ ਤੋਂ ਬੰਦ ਹੋ ਗਈ।
ਕਿਹਾ ਜਾ ਰਿਹਾ ਹੈ ਕਿ ਨੀਮ ਹਿਮਾਲਿਅਨ ਖੇਤਰ ਵਿੱਚ ਬਣਾਈ ਜਾ ਰਹੀ ਇਹ ਸਭ ਤੋਂ ਚੌੜੀ ਸੁਰੰਗ ਹੈ। ਸਾਢੇ ਚਾਰ ਕਿਲੋਮੀਟਰ ਵਿੱਚ ਬਣਾਈ ਜਾਣ ਵਾਲੀ ਇਸ ਸੁਰੰਗ ਦਾ ਬਾਰਕੋਟ ਵਾਲੇ ਪਾਸੇ ਤੋਂ ਸਿਰਫ 500 ਮੀਟਰ ਦਾ ਖੇਤਰ ਹਾਲੇ ਬਣਾਇਆ ਜਾਣਾ ਬਾਕੀ ਸੀ। ਇੰਜ ਅੰਦਰ ਤਕਰੀਬਨ ਦੋ ਕਿਲੋਮੀਟਰ ਦਾ ਖੇਤਰ ਹੈ, ਜਿਸ ਵਿੱਚ ਮਜ਼ਦੂਰ ਫਸੇ ਹੋਏ ਹਨ। ਸੁਰੰਗ ਅੰਦਰ ਬਿਜਲੀ ਵਗੈਰਾ ਦਾ ਪ੍ਰਬੰਧ ਹੈ। ਬਾਰਡਰ ਰੋਡ ਆਰਗੇਨਾਈਜੇਸ਼ਨ, ਰੇਲਵੇ ਵਿਕਾਸ ਨਿਗਮ, ਟੀ. ਐਚ. ਡੀ. ਸੀ. ਅਤੇ ਐਨ. ਐਚ. ਡੀ. ਸੀ. ਜਿਹੇ ਵਿਭਾਗ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ। ਰਾਹਤ ਕਾਰਜਾਂ ਵਿੱਚ ਭਾਰਤੀ ਫੌਜ ਦੀ ਵੀ ਮਦਦ ਲਈ ਜਾ ਰਹੀ ਹੈ।
ਆਪਣੀ ਪਹਿਲੀ ਕੋਸ਼ਿਸ਼ ਵਿੱਚ ਅਧਿਕਾਰੀਆਂ ਨੇ ਇੱਕ ਮੀਟਰ ਚੌੜੀ ਪਾਈਪ ਢੱਠੀ ਸੁਰੰਗ ਦੇ ਮਲਬੇ ਵਿੱਚੋਂ ਦੀ ਅੰਦਰ ਭੇਜਣ ਦਾ ਯਤਨ ਕੀਤਾ, ਪਰ ਇਹ ਕੋਸ਼ਿਸ਼ ਸਫਲ ਨਾ ਹੋ ਸਕੀ। ਕੋਈ ਵੱਡਾ ਪੱਥਰ ਅੱਗੇ ਆ ਜਾਣ ਕਾਰਨ ਬੋਰਿੰਗ ਮਸ਼ੀਨ ਟੁੱਟ ਗਈ। ਇੱਕ ਹੋਰ ਮਸ਼ੀਨ ਜਿਹੜੀ ਘਟਨਾ ਸਥਾਨ ਵੱਲ ਟਰੱਕ ਵਿੱਚ ਲੱਦ ਕੇ ਲਿਆਂਦੀ ਜਾ ਰਹੀ ਸੀ, ਪਹਾੜੀ ਖੱਡ ਵਿੱਚ ਡਿੱਗਣ ਕਾਰਨ ਤਬਾਹ ਹੋ ਗਈ। ਇਸ ਮਸ਼ੀਨ ਦਾ ਉਪਰੇਟਰ ਵੀ ਇਸ ਹਾਦਸੇ ਵਿੱਚ ਮਾਰਿਆ ਗਿਆ ਹੈ।
ਆਪਣੇ ਅਗਲੇ ਯਤਨਾਂ ਵਜੋਂ ਬਚਾਅ ਅਧਿਕਾਰੀਆਂ ਵੱਲੋਂ ਪੰਜ ਪਾਸਿਆਂ ਤੋਂ ਮਜ਼ਦੂਰਾਂ ਤੱਕ ਪਹੁੰਚਣ ਦੇ ਯਤਨ ਆਰੰਭੇ ਗਏ ਹਨ। ਇੱਕ ਪਾਸੇ ਤਾਂ ਸਿਕਲਿਆਰਾ ਵਾਲੇ ਪਾਸਿਉਂ ਅੱਧ-ਪਚੱਧੀ ਅੰਦਰ ਗਈ ਇੱਕ ਮੀਟਰ ਘੇਰੇ ਵਾਲੀ ਪਾਈਪ ਨੂੰ ਇੱਕ ਵਾਰ ਫਿਰ ਅੰਦਰ ਧੱਕਣ ਦਾ ਯਤਨ ਕੀਤਾ ਜਾਵੇਗਾ। ਦੂਜੇ ਪਾਸੇ ਬਾਰਕੋਟ ਵਾਲੇ ਪਾਸੇ ਤੋਂ 500 ਮੀਟਰ ਪੈਂਡੇ ਵਿੱਚ ਦੀ ਛੋਟੇ ਘੇਰੇ ਵਾਲੀ ਸੁਰੰਗ ਬਣਾਉਣ ਦੇ ਯਤਨ ਆਰੰਭੇ ਗਏ ਹਨ। ਇਸ ਤੋਂ ਇਲਾਵਾ ਸੁਰੰਗ ਦੇ ਦੋਹਾਂ ਪਾਸਿਆਂ ਅਤੇ ਛੱਤ ਵਾਲੇ ਪਾਸੇ ਤੋਂ ਪਾਹਾੜੀ ਵਿੰਨ੍ਹ ਕੇ ਅੰਦਰ ਜਾਣ ਦੇ ਯਤਨ ਕੀਤੇ ਜਾ ਰਹੇ ਹਨ। ਰਾਹਤ ਭੇਜਣ ਵਾਲੀ ਛੇ ਇੰਚ ਚੌੜੀ ਪਾਈਪ ਪਾਉਣ ਤੋਂ ਪਿੱਛੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਉਪਰੇਸ਼ਨ ਦੀ ਅਗਵਾਈ ਕਰ ਰਹੇ ਕਰਨਲ ਦੀਪਕ ਪਾਟਿਲ ਨੇ ਕਿਹਾ ਕਿ ਮਜ਼ਦੂਰਾਂ ਨੂੰ ਸਹੀ ਸਲਾਮਤ ਬਾਹਰ ਕੱਢਣ ਦਾ ਅਗਲਾ ਕਾਰਜ ਵਧੇਰੇ ਮਹੱਤਵਪੂਰਨ ਹੈ।
ਇਸ ਹਾਦਸੇ ਦੇ ਸਬੰਧ ਵਿੱਚ ਗੱਲ ਕਰਦਿਆਂ ਕੁਝ ਮਾਹਿਰਾਂ ਦਾ ਆਖਣਾ ਹੈ ਕਿ ਜਿਸ ਪਹਾੜੀ ਖੇਤਰ ਵਿੱਚ ਇਹ ਸੁਰੰਗ ਬਣਾਈ ਜਾ ਰਹੀ ਹੈ, ਉਹ ਭੁਚਾਲ ਦੀ ਸੰਭਾਵਨਾ ਵਾਲਾ ਇਲਾਕਾ ਹੈ। ਇੱਥੇ ਪਹਾੜਾਂ ਦੇ ਪੱਥਰਾਂ ਵਿੱਚ ਮਿੱਟੀ ਦੀ ਮਿਲਾਵਟ ਹੈ। ਇਹ ਭੁਰਪੁਰੇ ਪਹਾੜ ਹਨ। ਅਜਿਹੇ ਖੇਤਰ ਵਿੱਚ ਏਨੀ ਵੱਡੀ ਸੁਰੰਗ ਬਣਾਏ ਜਾਣ ਤੋਂ ਪਹਿਲਾਂ ਜੀਓਲੋਜੀਕਲ ਸਰਵੇ ਕਰਵਾਉਣਾ ਅੱਤਿ ਅਹਿਮ ਹੁੰਦਾ ਹੈ। ਇਸ ਖੇਤਰ ਵਿੱਚ ਭੁਚਾਲ ਦਾ ਕਾਰਨ ਬਣਨ ਵਾਲੀਆਂ ਧਰਤੀ ਅੰਦਰਲੀਆਂ ਪਲੇਟਾਂ ਆਪਸ ਵਿੱਚ ਟਕਰਾਉਂਦੀਆਂ ਹਨ। ਇਸ ਕਰਕੇ ਭੁਚਲਾ-ਮੁਖ ਇਲਾਕਾ ਹੈ। ਇਨ੍ਹਾਂ ਪਲੇਟਾਂ ਦੇ ਟਕਰਾ ਵਿੱਚੋਂ ਹੀ ਇਹ ਪਹਾੜ ਬਣੇ ਹਨ।
ਇੱਕ ਹੋਰ ਮਾਹਿਰ ਅਨੁਸਾਰ ਧਰਤੀ ਹੇਠ ਸੁਰੰਗਾਂ ਦੋ ਤਰ੍ਹਾਂ ਨਾਲ ਬਣਾਈਆਂ ਜਾਂਦੀਆਂ ਹਨ- ਇੱਕ ਟਨਲ ਬੋਰਿੰਗ ਮਸ਼ੀਨ (ਟੀ. ਬੀ. ਐਮ.) ਰਾਹੀਂ ਅਤੇ ਦੂਜਾ ਤਰੀਕਾ ਹੈ ਡਰਿੱਲ ਐਂਡ ਬਲਾਸਟਿੰਗ (ਡੀ. ਬੀ. ਐਮ.) ਵਾਲਾ ਤਰੀਕਾ। ਇਹ ਟਨਲ ਦੂਜੇ ਤਰੀਕੇ ਨਾਲ ਬਣਾਈ ਜਾ ਰਹੀ ਸੀ, ਜਦਕਿ ਇਸ ਨੂੰ ਟਨਲ ਬੋਰਿੰਗ ਮਸ਼ੀਨ ਨਾਲ ਬਣਾਇਆ ਜਾਣਾ ਚਾਹੀਦਾ ਸੀ, ਕਿਉਂਕਿ ਪਹਾੜ ਬਹੁਤੇ ਸਖਤ ਨਹੀਂ ਹਨ। ਡਰਿਲ ਐਂਡ ਬਲਾਸਟ ਮੈਥਡ ਨਾਲ ਜਦੋਂ ਪਹਾੜੀ ਤੋੜਨ ਲਈ ਧਮਾਕਾ ਕੀਤਾ ਜਾਂਦਾ ਹੈ ਤਾਂ ਇਸ ਵਿੱਚ ਮਿੱਥੇ ਨਾਲੋਂ ਵੱਧ ਖੇਤਰ ਪ੍ਰਭਾਵਤ ਹੋ ਜਾਂਦਾ ਹੈ। ਭਾਵ ਕਿਸੇ ਧਮਾਕੇ ਨਾਲ ਛੱਤ ਕਮਜ਼ੋਰ ਹੋ ਸਕਦੀ ਹੈ। ਸੁਰੰਗ ਬਣਾਉਂਦਿਆਂ ਇਸ ਦੇ ਅੰਦਰਲੇ ਫਰਸ਼, ਆਸੇ-ਪਾਸੇ ਅਤੇ ਛੱਤ ਦੀ ਲਾਈਨਿੰਗ ਵੀ ਨਾਲ-ਨਾਲ ਪੱਕੀ ਕੀਤੀ ਜਾਂਦੀ ਹੈ। ਇਸ ਨਾਲ ਸੁਰੰਗ ਨੂੰ ਸਥਿਰ ਕੀਤਾ ਜਾਂਦਾ ਹੈ। ਸਭ ਤੋਂ ਮਹੱਤਵਪੂਰਨ ਪੱਖ ਇਹ ਹੈ ਕਿ ਜਦੋਂ ਵੱਡੀਆਂ ਸੁਰੰਗਾਂ ਖੋਦੀਆਂ ਜਾਂਦੀਆਂ ਹਨ ਤਾਂ ਅੰਦਰ ਕੰਮ ਕਰ ਰਹੇ ਮਜ਼ਦੂਰਾਂ ਦੀ ਸੁਰੱਖਿਆ ਲਈ ਮੁੱਖ ਸੁਰੰਗ ਦੇ ਆਸੇ-ਪਾਸੇ ਨਿਕਾਸੀ ਸੁਰੰਗਾਂ (ਐਸਕੇਪ ਟਨਲਜ਼) ਬਣਾਈਆਂ ਜਾਂਦੀਆਂ ਹਨ। ਜਦਕਿ ਸੁਰੰਗ ਬਣਾ ਰਹੀ ਕੰਪਨੀ ਵੱਲੋਂ ਅਜਿਹਾ ਕੁਝ ਵੀ ਨਹੀਂ ਕੀਤਾ ਗਿਆ। ਇਸ ਤਰ੍ਹਾਂ ਬਣਾਈ ਜਾ ਰਹੀ ਸੁਰੰਗ ਵਿੱਚ ਛੱਤ ਵੱਲੋਂ ਮਲਬੇ ਦਾ ਗਿਰਨਾ ਦਰਸਾਉਂਦਾ ਹੈ ਕਿ ਕੰਪਨੀ ਵੱਲੋਂ ਸੁਰੰਗ ਅੰਦਰਲੀ ਲਾਈਨਿੰਗ ਵੀ ਚੱਜ ਨਾਲ ਨਹੀਂ ਕੀਤੀ ਗਈ। ਲੇਬਰ ਦੀ ਸੁਰੱਖਿਆ ਲਈ ਬਣਦੇ ਕਦਮ ਨਹੀਂ ਚੁੱਕੇ ਗਏ। ਹਾਦਸਾ ਕਿਸੇ ਵੀ ਕਾਰਜ ਵਿੱਚ ਵਾਪਰ ਸਕਦਾ ਹੈ, ਪਰ ਕਿਸੇ ਉਸਾਰੀ ਕਾਰਜ ਲਈ ਸੁਝਾਏ ਅਤੇ ਬਣਦੇ ਸੁਰੱਖਿਆ ਉਪਾਅ ਵੀ ਨਾ ਕਰਨਾ ਇੱਕ ਵੱਡੀ ਮਨੁੱਖੀ ਅਣਗਹਿਲੀ ਹੈ। ਇਹ ਕੁਦਰਤੀ ਵਾਪਰਿਆ ਹਾਦਸਾ ਨਹੀਂ, ਸਗੋਂ ਸੁਰੰਗ ਬਣਾ ਰਹੀ ਕੰਪਨੀ ਵੱਲੋਂ ਕੀਤੀ ਗਈ ਮਨੁੱਖੀ ਗਲਤੀ ਦਾ ਸਿੱਟਾ ਹੈ। ਸੁਰੰਗ ਬਣਾਉਣ ਦੇ ਕਾਰਜ ਨੂੰ ਸਿਰਫ ਮਜ਼ਦੂਰਾਂ ਅਤੇ ਠੇਕੇਦਾਰਾਂ ‘ਤੇ ਨਹੀਂ ਛੱਡਿਆ ਜਾ ਸਕਦਾ। ਇਸ ਦੀ ਦੇਖ-ਰੇਖ ਸੀਨੀਅਰ ਜੀਓਲੋਜੀਕਲ ਮਾਹਿਰ ਨੇ ਕਰਨੀ ਹੁੰਦੀ ਹੈ। ਇਹ ਸ਼ਰਤ ਵੀ ਪੂਰੀ ਨਹੀਂ ਕੀਤੀ ਗਈ। ਹੁਣ ਹਾਲਤ ਇਹ ਹੈ ਕਿ ਜੇ ਮਜ਼ਦੂਰ ਸਹੀ ਸਲਾਮਤ ਬਚਾਅ ਵੀ ਲਏ ਜਾਂਦੇ ਹਨ ਤਾਂ ਵੀ ਇਹ ਯਕੀਨੀ ਨਹੀਂ ਕਿ ਇਹ ਸੁਰੰਗ ਚਾਲੂ ਹੋਵੇਗੀ, ਕਿਉਂਕਿ ਜਿਸ ਹਿੱਸੇ ਵਿੱਚ ਮਲਬਾ ਡਿੱਗਿਆ ਹੈ, ਉਹ ਪੰਜਾਹ ਮੀਟਰ ਤੋਂ ਉੱਪਰ ਹੈ। ਇੱਥੋਂ ਮਲਬਾ ਹਟਾਉਣ ‘ਤੇ ਹੋਰ ਮਲਬਾ ਗਿਰ ਸਕਦਾ ਹੈ। ਹੋ ਸਕਦਾ ਕਿ ਸਾਰੀ ਸੁਰੰਗ ਕਿਸੇ ਹੋਰ ਪਾਸੇ ਦੀ ਨਵੇਂ ਸਿਰੇ ਤੋਂ ਬਣਾਉਣੀ ਪਵੇ।

Leave a Reply

Your email address will not be published. Required fields are marked *