ਅੱਜ ਵੀ ਬਾਬਾ ਨਾਨਕ ਖੇਤੀ ਕਰਦਾ ਹੈ!

Uncategorized

ਗੁਰਜੰਟ ਕਲਸੀ
ਬਾਬਾ ਨਾਨਕ ਅਤੇ ਰਾਇ ਬੁਲਾਰ ਖ਼ਾਨ ਸਾਹਿਬ…!
ਰਾਏ ਬੁਲਾਰ ਦੇ ਵਾਰਿਸਾਂ ਨੇ ਜਮੀਨ ਦੇ ਲਾਲਚ ਵਿੱਚ ਅਦਾਲਤ ਵਿੱਚ ਮੁਕੱਦਮਾ ਕਰ ਦਿੱਤਾ ਕਿ ਸਾਡੇ ਬਜ਼ੁਰਗ ਰਾਏ ਬੁਲਾਰ ਦਾ ਦਿਮਾਗ ਉਦੋਂ ਸਹੀ ਨਹੀਂ ਸੀ, ਜਦ ਉਸਨੇ ਆਪਣੀ ਅੱਧੀ ਜਮੀਨ ਗੁਰੂ ਨਾਨਕ ਸਾਹਿਬ ਦੇ ਨਾਂ ਲਵਾਈ ਸੀ ਤੇ ਹੁਣ ਉਹ ਪੈਲੀ ਸਾਨੂੰ ਮਿਲਣੀ ਚਾਹੀਦੀ ਹੈ-ਇਸ ਮਗਰੋਂ ਜੋ ਕੁਝ ਹੋਇਆ, ਉਹ ਜਾਨਣ ਲਈ ਇਹ ਲੇਖ ਪੜ੍ਹੋ। ਕਮਾਲ -ਕਮਾਲ-ਵਿਸਮਾਦ!

ਰਾਇ ਬੁਲਾਰ ਖ਼ਾਨ ਸਾਹਿਬ ਨਾਲ ਗੁਰੂ ਨਾਨਕ ਦੇਵ ਜੀ ਦੀ ਇੱਕ ਸਾਂਝ ਦਾ ਜ਼ਿਕਰ ਸਾਡੀਆਂ ਸਾਖੀਆਂ ਵਿੱਚ ਨਹੀਂ ਆਉਂਦਾ। ਵੱਡੀ ਘਟਨਾ ਵਾਪਰੀ, ਪਰ ਸਾਖੀਆਂ ਵਿੱਚ ਦਰਜ ਨਹੀਂ ਕੀਤੀ ਗਈ। ਇਹ ਸਾਖੀ ਮੈਨੂੰ ਗੁਰੂ ਨਾਨਕ ਗੌਰਮਿੰਟ ਡਿਗਰੀ ਕਾਲਜ ਨਨਕਾਣਾ ਸਾਹਿਬ ਦੇ ਠੇਕੇਦਾਰ ਨੇ ਸੁਣਾਈ।
ਹੋਇਆ ਇੰਜ ਕਿ 10 ਅਪਰੈਲ 1993 ਨੂੰ ਨਨਕਾਣਾ ਸਾਹਿਬ ਮੱਥਾ ਟੇਕਿਆ, ਕੀਰਤਨ ਸੁਣਿਆ ਤੇ ਲੰਗਰ ਛਕਿਆ। ਸੋਚਿਆ ਕਿ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਮਿਲਾਂ, ਗੱਲਾਂ ਕਰਾਂ। ਕਾਲਜ ਤਾਂ ਹੋਣਾ ਨਹੀਂ ਇੱਥੇ, ਸਕੂਲ ਹੋਏਗਾ। ਕਿਸੇ ਮਾਸਟਰ ਨੂੰ ਮਿਲੀਏ। ਪੁਲੀਸ ਅਫ਼ਸਰ ਨੂੰ ਦੱਸਿਆ ਕਿ ਮੈਂ ਪ੍ਰੋਫੈਸਰ ਹਾਂ। ਕਿਸੇ ਪ੍ਰੋਫ਼ੈਸਰ ਜਾਂ ਮਾਸਟਰ ਨੂੰ ਮਿਲਣਾ ਚਾਹੁੰਦਾ ਹਾਂ। ਡੀ.ਐੱਸ.ਪੀ. ਨੇ ਦੱਸਿਆ, “ਅਹਿ ਇੱਧਰ ਦੋ ਕੁ ਫਰਲਾਂਗ ’ਤੇ ਕਾਲਜ ਹੈ, ਚਲੇ ਜਾਓ।” ਤੁਰਦਾ ਗਿਆ। ਅੱਗੇ ਗੇਟ ਆ ਗਿਆ। ਅੰਗਰੇਜ਼ੀ ਅਤੇ ਉਰਦੂ ਅੱਖਰਾਂ ਵਿੱਚ ਲਿਖਿਆ ਹੋਇਆ ਸੀ- ਗੁਰੂ ਨਾਨਕ ਗੌਰਮਿੰਟ ਡਿਗਰੀ ਕਾਲਜ ਨਨਕਾਣਾ ਸਾਹਿਬ। ਅੰਦਰ ਲੰਘਿਆ, ਕੋਈ ਦਿਸਿਆ ਨਹੀਂ। ਚੌਕੀਦਾਰ ਨੇ ਸਲਾਮਾਲੇਕਮ ਆਖਿਆ ਤੇ ਕਿਹਾ, “ਜੀ ਖਿਦਮਤ?” ਮੈਂ ਕਿਹਾ, “ਕੋਈ ਪ੍ਰੋਫ਼ੈਸਰ ਹੈ?” ਉਸ ਨੇ ਕਿਹਾ, “ਹਨ, ਇਮਤਿਹਾਨ ਹੋ ਰਹੇ ਹਨ। ਡਿਊਟੀਆਂ ’ਤੇ ਹਨ। ਕੰਮ ਹੈ ਤਾਂ ਜਿਸ ਨੂੰ ਕਹੋ ਬੁਲਾ ਲਿਆਉਂਦਾ ਹਾਂ।” ਮੈਂ ਕਿਹਾ, “ਕੰਮ ਤਾਂ ਕੋਈ ਨਹੀਂ। ਘੰਟੇ ਨੂੰ ਬਾਅਦ ਫੇਰ ਆ ਜਾਵਾਂਗਾ ਪੰਜ ਵਜੇ।” ਵਾਪਸ ਤੁਰ ਪਿਆ। ਸਾਢੇ ਛੇ ਫੁੱਟ ਲੰਮਾ 65-70 ਸਾਲ ਦਾ ਬਜ਼ੁਰਗ ਸਲਵਾਰ ਕਮੀਜ਼ ਦਸਤਾਰ ਪਹਿਨੀ ਮੇਰੇ ਵੱਲ ਤੇਜ਼ੀ ਨਾਲ ਆਇਆ, “ਸਰਦਾਰ ਜੀ ਸਤਿ ਸ੍ਰੀ ਅਕਾਲ। ਪਰਤ ਕਿਉਂ ਚਲੇ? ਮੈਂ ਤੁਹਾਨੂੰ ਦੇਖਿਆ ਤਾਂ ਲੇਬਰ ਨੂੰ ਛੁੱਟੀ ਦੇ ਦਿੱਤੀ। ਮੈਂ ਠੇਕੇਦਾਰ ਹਾਂ। ਮੁੰਡਿਆਂ ਲਈ ਹੋਸਟਲ ਬਣਾ ਰਿਹਾ ਹਾਂ। ਆਓ ਇੱਧਰ ਬੈਠੀਏ। ਗੱਲਾਂ ਕਰਾਂਗੇ।”
ਦੋ-ਤਿੰਨ ਕੁਰਸੀਆਂ ਮੰਗਵਾ ਲਈਆਂ। ਕੋਈ ਮਜ਼ਦੂਰ ਛੁੱਟੀ ਕਰਕੇ ਘਰ ਨਹੀਂ ਗਿਆ, ਸਾਰੇ ਸਾਡੇ ਇਰਦ-ਗਿਰਦ ਜ਼ਮੀਨ ਉਪਰ ਬੈਠ ਗਏ। ਗੱਲਾਂ ਦੌਰਾਨ ਮੈਂ ਪੁੱਛਿਆ, “ਗੁਰਦੁਆਰਾ ਸਾਹਿਬ ਦੇ ਨਾਮ ਕਿੰਨੀ ਜ਼ਮੀਨ ਹੈ ਇੱਥੇ?” ਉਸ ਨੇ ਕਿਹਾ, “ਜੀ ਕਿਉਂ ਪੁੱਛੀ ਇਹ ਗੱਲ? ਰਹਿਣ-ਸਹਿਣ ਖਾਣ-ਪੀਣ ਵਿੱਚ ਕੋਈ ਦਿੱਕਤ ਆਈ?” ਮੈਂ ਕਿਹਾ, “ਨਹੀਂ। ਕੋਈ ਕਮੀ ਨਹੀਂ ਰਹੀ। ਇਹ ਮੇਰੇ ਬਾਬੇ ਦਾ ਜਨਮ ਸਥਾਨ ਹੈ ਨਾ। ਇਸ ਵਾਸਤੇ ਕੀ ਮੇਰਾ ਫ਼ਿਕਰਮੰਦ ਹੋਣ ਦਾ ਹੱਕ ਨਹੀਂ?” ਉਸ ਨੇ ਕਿਹਾ, “ਬਿਲਕੁਲ ਨਹੀਂ। ਫ਼ਿਕਰ ਕਰਨ ਦਾ ਹੱਕ ਵੱਡਿਆਂ ਦਾ ਹੈ। ਸਾਡਾ ਤੁਹਾਡਾ ਹੱਕ ਬੰਦਗੀ ਕਰਨ ਦਾ ਹੈ। ਹਜ਼ਰਤ ਬਾਬਾ ਨਾਨਕ ਅਲਹਿ ਸਲਾਮ ਸਾਡਾ ਫ਼ਿਕਰ ਕਰਦਾ ਹੈ।”
ਮੈਂ ਕਿਹਾ, “ਦਰੁਸਤ। ਅੱਛਾ ਇਹ ਦੱਸੋ ਕਿ ਜਾਣਨ ਦਾ ਹੱਕ ਤਾਂ ਹੈ?” ਉਸ ਨੇ ਕਿਹਾ, “ਹਾਂ, ਜਾਣਨ ਦਾ ਹੱਕ ਹੈ। ਸਾਢੇ ਸੱਤ ਸੌ ਮੁਰੱਬਾ ਜ਼ਮੀਨ ਗੁਰਦੁਆਰੇ ਦੇ ਨਾਮ ਹੈ।” ਫਿਰ ਪੁੱਛਿਆ, “ਕੀ ਮਹਾਰਾਜਾ ਰਣਜੀਤ ਸਿੰਘ ਨੇ ਲੁਆਈ ਸੀ ਇਹ ਜ਼ਮੀਨ?” ਠੇਕੇਦਾਰ ਨੇ ਕਿਹਾ, “ਬਿਲਕੁਲ ਨਹੀਂ। ਇੰਨੀ ਜ਼ਮੀਨ ਕਿਸੇ ਗੁਰਦੁਆਰੇ ਦੇ ਨਾਮ ਮਹਾਰਾਜੇ ਨੇ ਨਹੀਂ ਲੁਆਈ। ਇਹ ਸਾਡੇ ਭੱਟੀਆਂ ਦੇ ਸਰਦਾਰ ਨੇ ਲੁਆਈ ਸੀ।”
ਮੈਂ ਫਿਰ ਪੁੱਛਿਆ, “ਭੱਟੀਆਂ ਦਾ ਸਰਦਾਰ ਕੌਣ?” ਉਸ ਨੇ ਕਿਹਾ, “ਭੱਟੀਆਂ ਦੇ ਸਰਦਾਰ ਨੂੰ ਨਹੀਂ ਜਾਣਦੇ? ਇੱਥੇ ਪੰਜਾਹ ਪਿੰਡਾਂ ਵਿੱਚ ਬੱਚੇ-ਬੱਚੇ ਨੂੰ ਉਸ ਦਾ ਤੇ ਬਾਬੇ ਦੇ ਨਾਮ ਦਾ ਪਤਾ ਹੈ। ਉਸ ਦਾ ਨਾਮ ਸੀ ਰਾਇ ਬੁਲਾਰ ਖ਼ਾਨ ਸਾਹਿਬ। ਇੱਥੇ ਬੜੇ ਪਿੰਡ ਹਨ ਜੀ ਭੱਟੀਆਂ ਦੇ। ਤੁਸਾਂ ਨਹੀਂ ਸਰਦਾਰ ਦਾ ਨਾਮ ਸੁਣਿਆ?” ਮੈਂ ਕਿਹਾ, “ਇਸ ਸਰਦਾਰ ਦਾ ਨਾਮ ਤਾਂ ਸਾਡੇ ਕਣ-ਕਣ ਵਿੱਚ ਰਸਿਆ ਹੋਇਆ ਹੈ ਭਰਾ, ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਰਾਇ ਸਾਹਿਬ ਭੱਟੀ ਸਨ।”
ਠੇਕੇਦਾਰ ਨੇ ਕਿਹਾ, “ਜੀ ਅਸੀਂ ਭੱਟੀ, ਆਮ ਨਹੀਂ ਹਾਂ। ਮੈਂ ਵੀ ਭੱਟੀ ਹਾਂ। ਸਾਰਿਆਂ ਜਹਾਨਾਂ ਦੇ ਮਾਲਕ ਗੁਰੂ ਬਾਬੇ ਨੂੰ ਸਭ ਤੋਂ ਪਹਿਲਾਂ ਸਾਡੇ ਸਰਦਾਰ ਨੇ ਪਛਾਣਿਆ ਸੀ। ਇੱਕ ਕੋਹਿਨੂਰ ਦੀ ਸ਼ਨਾਖਤ ਕਰ ਲਈ ਸੀ…! ਭੱਟੀ ਸਰਦਾਰ ਨੇ ਉਦੋਂ ਹੀ, ਜਦੋਂ ਉਹ ਬਚਪਨ ਵਿੱਚ ਸੀ।
ਹੁਣ ਸੁਣੋ ਜ਼ਮੀਨ ਦੇਣ ਦੀ ਗੱਲ। ਰਾਇ ਬੁਲਾਰ ਖ਼ਾਨ ਪੰਦਰਾਂ ਸੌ ਮੁਰੱਬਿਆਂ ਦਾ ਤਕੜਾ ਰਈਸ ਅਤੇ ਖ਼ੁਦਦਾਰ ਇਨਸਾਨ ਸੀ, ਪਰ ਸੀ ਨੇਕੀ ਦਾ ਮੁਜੱਸਮਾ। ਬਾਬਾ ਜੀ ਦਾ ਕਦਰਦਾਨ ਸੀ ਪੂਰਾ। ਉਸ ਦੀ ਉਮਰ ਚਾਲੀਆਂ ਤੋਂ ਟੱਪ ਚੱਲੀ, ਪਰ ਔਲਾਦ ਨਹੀਂ ਸੀ। ਘੋੜੇ ’ਤੇ ਸਵਾਰ ਹੋ ਕੇ ਮੁਰੱਬਿਆਂ ਦਾ ਦੌਰਾ ਕਰਨ ਗਿਆ। ਗੁਰੂ ਬਾਬੇ ਦੀ ਉਮਰ 12-13 ਸਾਲ ਸੀ। ਬਾਬਾ ਮੱਝਾਂ ਚਾਰ ਰਿਹਾ ਸੀ। ਰਾਇ ਸਾਹਿਬ ਘੋੜੇ ਤੋਂ ਉਤਰੇ। ਜੋੜੇ ਉਤਾਰੇ। ਬਾਬਾ ਜੀ ਦੇ ਨਜ਼ਦੀਕ ਹੱਥ ਜੋੜ ਕੇ ਖਲੋ ਗਏ ਤੇ ਕਿਹਾ- ਬਾਬਾ ਮੇਰੀ ਮੁਰਾਦ ਪੂਰੀ ਕਰ।
ਬਾਬਾ ਜੀ ਨੇ ਅਸੀਸਾਂ ਦਿੱਤੀਆਂ ਅਤੇ ਕਿਹਾ- ਰਾਇ ਤੁਸਾਂ ਦੀ ਮੁਰਾਦ ਪੂਰੀ ਹੋਈ, ਸ਼ੱਕ ਨਾ ਕਰਨਾ।
ਸਾਲ ਬਾਅਦ ਰਾਇ ਸਾਹਿਬ ਦੇ ਘਰ ਬੇਟੇ ਦਾ ਜਨਮ ਹੋਇਆ। ਸਰਦਾਰ ਏਨਾ ਖ਼ੁਸ਼ ਕਿ ਬੜੀ ਵੱਡੀ ਦਾਅਵਤ ਦਿੱਤੀ। ਜੀ ਨਵਾਬ ਦੌਲਤ ਖ਼ਾਨ ਸਾਹਿਬ ਖ਼ੁਦ ਆਏ ਸਨ ਇਸ ਜਸ਼ਨ ਵਿੱਚ ਸ਼ਿਰਕਤ ਕਰਨ। ਪਿੰਡਾਂ ਦੇ ਪਿੰਡ ਆਣ ਉਤਰੇ ਸਨ। ਇਸ ਭਾਰੀ ਇਕੱਠ ਵਿੱਚ ਸ਼ੁਕਰਾਨਾ ਕਰਨ ਮਗਰੋਂ ਰਾਇ ਸਾਹਿਬ ਨੇ ਆਪਣੀ ਅੱਧੀ ਜ਼ਮੀਨ ਹਜ਼ਰਤ ਬਾਬਾ ਨਾਨਕ ਦੇ ਨਾਮ ਇੰਤਕਾਲ ਤਬਦੀਲ ਕਰ ਦੇਣ ਦਾ ਐਲਾਨ ਕੀਤਾ। ਸੋ ਉਦੋਂ ਸਾਢੇ ਸੱਤ ਸੌ ਮੁਰੱਬੇ ਬਾਬਾ ਜੀ ਦੇ ਨਾਮ ਹੋਏ, ਜੋ ਹੁਣ ਤਕ ਤੁਰੇ ਆਂਵਦੇ ਹਨ। ਸਾਡੇ ਖਿਆਲ ਵਿੱਚ ਇਹ ਗੱਲ ਆਈ ਪਈ ਮਾਲਕ ਅਸੀਂ, ਕਾਬਜ਼ ਅਸੀਂ, ਕਾਸ਼ਤਕਾਰ ਅਸੀਂ ਪਰ ਨਾਮ ਸਾਡਾ ਮਾਲ ਰਿਕਾਰਡ ਵਿੱਚ ਬੋਲਦਾ ਨਹੀਂ। ਅਸੀਂ ਇਸ ਜ਼ਮੀਨ ਉਪਰ ਕਬਜ਼ੇ ਪੁਸ਼ਤਾਂ ਤੋਂ ਕੀਤੇ ਹੋਏ ਹਨ। ਸੌ ਕੁ ਕਿੱਲੇ ਜ਼ਮੀਨ ਬਚੀ ਹੋਈ ਹੈ ਗੁਰਦਵਾਰੇ ਦੇ ਕਬਜ਼ੇ ਵਿੱਚ। ਬਾਕੀ ਦੀ ਭੱਟੀ ਵਾਹੁੰਦੇ ਬੀਜਦੇ ਹਨ।
ਅਸੀਂ ਸ਼ੇਖਪੁਰੇ ਅਦਾਲਤ ਵਿੱਚ ਮੁਕੱਦਮਾ ਦਾਇਰ ਕਰ ਦਿੱਤਾ ਕਿ ਪਿਛਲੀ ਉਮਰੇ ਸਾਡੇ ਬਜ਼ੁਰਗਾਂ ਦੇ ਬਜ਼ੁਰਗ ਰਾਇ ਬੁਲਾਰ ਸਾਹਿਬ ਦਾ ਦਿਮਾਗ਼ ਹਿੱਲ ਗਿਆ ਸੀ। ਉਸ ਨੇ ਅੱਧੀ ਜ਼ਮੀਨ ਇੱਕ ਫ਼ਕੀਰ ਨਾਨਕ ਦੇ ਨਾਮ ਕਰਵਾ ਦਿੱਤੀ, ਪਰ ਉਸ ਦੇ ਹੱਕਦਾਰ ਅਸੀਂ ਹਾਂ। ਕਾਬਜ਼ ਕਾਸ਼ਤਕਾਰ ਵੀ ਖ਼ੁਦ ਹਾਂ। ਸਾਡੇ ਨਾਮ ਇੰਤਕਾਲ ਤਬਦੀਲ ਹੋਵੇ। ਲਉ ਜੀ ਤਲਬੀਆਂ, ਇਤਲਾਹਾਂ, ਰਿਕਾਰਡ, ਬਹਿਸਾਂ ਸਭ ਹੋ ਗਈਆਂ। ਚਾਰ ਸਾਲ ਮੁਕੱਦਮੇ ਦੀ ਕਾਰਵਾਈ ਚੱਲੀ। ਫ਼ੈਸਲੇ ਦੀ ਤਰੀਕ ਆਈ ਤਾਂ ਫ਼ੈਸਲਾ ਸਾਡੇ ਖ਼ਿਲਾਫ਼। ਇੰਤਕਾਲ ਤਬਦੀਲ ਨਹੀਂ ਹੋ ਸਕਦਾ। ਅਸੀਂ ਲਾਹੌਰ ਹਾਈਕੋਰਟ ਵਿੱਚ ਅਪੀਲ ਦਾਇਰ ਕਰ ਦਿੱਤੀ। ਤਿੰਨ ਚਾਰ ਸਾਲ ਉਥੇ ਸੁਣਵਾਈ ਹੁੰਦੀ ਰਹੀ। ਜੱਜਮੈਂਟ ਹੋਈ, ਇੰਤਕਾਲ ਤਬਦੀਲ ਨਹੀਂ ਹੋ ਸਕਦਾ। ਅਪੀਲ ਖਾਰਜ ਦਾਖ਼ਲ ਦਫ਼ਤਰ। ਅਸੀਂ ਜੀ ਸੁਪਰੀਮ ਕੋਰਟ ਇਸਲਾਮਾਬਾਦ ਅਪੀਲ ਦਾਇਰ ਕੀਤੀ। ਤਿੰਨ ਸਾਲ ਸੁਣਵਾਈ ਹੋਈ। ਅਖ਼ੀਰ ਜਦੋਂ ਫ਼ੈਸਲਾ ਸੁਣਾਉਣ ਦਾ ਵਕਤ ਆਇਆ ਤਾਂ ਬੈਂਚ ਨੇ ਕਿਹਾ- ਆਪਣੇ ਪੰਜ ਚਾਰ ਮੁਹਤਬਰ ਬੰਦੇ ਲੈ ਕੇ ਆਉਣਾ। ਵਕੀਲਾਂ ਨੂੰ ਨਹੀਂ ਲਿਆਉਣਾ। ਕੋਈ ਜ਼ਰੂਰੀ ਗੱਲ ਕਰਨੀ ਹੈ। ਅਸੀਂ ਪੁੱਛਿਆ, ਜੀ ਕੀ ਗੱਲ ਕਰਨੀ ਹੈ, ਰਤਾ ਦੱਸੋ ਤਾਂ ਕਿ ਤਿਆਰੀ ਕਰਕੇ ਆਈਏ। ਆਪਸ ਵਿੱਚ ਸਲਾਹ ਜੋ ਕਰਨੀ ਹੋਈ। ਸਾਂਝਾ ਕੰਮ ਹੈ। ਜੱਜਾਂ ਨੇ ਕਿਹਾ, ਤੁਸੀਂ ਇਹ ਮੁਕੱਦਮਾ ਕਰਕੇ ਚੰਗਾ ਕੰਮ ਨਹੀਂ ਕੀਤਾ। ਇਹ ਦੱਸਣਾ ਹੈ। ਮਹੀਨਾ ਤਾਰੀਕ ਪਾ ਦਿੱਤੀ।
ਪਿੰਡਾਂ ਦੇ ਆਪਣੇ-ਆਪਣੇ ਇਕੱਠ ਹੋਏ। ਫਿਰ ਸਾਂਝੇ ਇਕੱਠ ਹੋਏ। ਅੱਠ ਬੰਦੇ ਚੁਣੇ ਗਏ, ਜਿਹੜੇ ਬੈਂਚ ਨਾਲ ਗੱਲ ਕਰਨ ਅਦਾਲਤ ਜਾਣਗੇ। ਤਰੀਕ ਆ ਗਈ। ਸੈਂਕੜੇ ਬੰਦੇ ਅਦਾਲਤ ਦੇ ਬਾਹਰ ਪੁੱਜ ਗਏ। ਸਾਡੀ ਵਾਰੀ ਆਈ ਤਾਂ ਅੰਦਰ ਦਾਖਲ ਹੋਏ। ਇੱਕ ਮੈਂ ਵੀ ਸਾਂ। ਜੱਜਾਂ ਨੇ ਇੱਕ ਘੰਟੇ ਲਈ ਅਦਾਲਤ ਮੁਲਤਵੀ ਕਰ ਦਿੱਤੀ। ਸਾਨੂੰ ਪਿਛਲੇ ਕਮਰੇ ਵਿੱਚ ਲੈ ਗਏ। ਚਾਹ ਪਾਣੀ ਮੰਗਵਾ ਲਿਆ। ਫਿਰ ਗੱਲ ਤੋਰੀ। ਜੱਜ ਸਾਹਿਬਾਨ ਨੇ ਕਿਹਾ, ਅਸੀਂ ਬੜੀ ਬਾਰੀਕੀ ਨਾਲ ਕੇਸ ਦੇਖਿਆ ਹੈ। ਤੁਸੀਂ ਗਲਤ ਕੰਮ ਛੇੜ ਬੈਠੇ। ਜਿਨ੍ਹਾਂ ਫ਼ਕੀਰਾਂ ਉਪਰ ਮੁਕੱਦਮੇ ਦਾਇਰ ਕੀਤੇ, ਉਨ੍ਹਾਂ ਤੋਂ ਮੁਰਾਦਾਂ ਮੰਗਦੇ ਤਾਂ ਠੀਕ ਸੀ। ਉਹ ਨੇਕਬਖ਼ਤ ਇਨਸਾਨ ਜਿਨ੍ਹਾਂ ਦੀ ਬਦੌਲਤ ਤੁਸੀਂ ਦੁਨੀਆਂ ਦੀ ਰੋਸ਼ਨੀ ਦੇਖੀ, ਤੁਸੀਂ ਉਨ੍ਹਾਂ ਉਪਰ ਮੁਕੱਦਮੇ ਕੀਤੇ, ਦਿਮਾਗ਼ ਹੱਲ ਜਾਣ ਵਰਗੇ ਬਦ ਇਲਜ਼ਾਮ ਲਾਏ। ਸਰਦਾਰ ਰਾਇ ਬੁਲਾਰ ਖ਼ਾਨ ਸਾਹਿਬ ਦਾ ਦਿਮਾਗ਼ ਅੱਧਾ ਤਾਂ ਕਾਇਮ ਰਿਹਾ ਜੋ ਅੱਧੀ ਜ਼ਮੀਨ ਬਚਾ ਲਈ। ਜਿਸ ਫ਼ਕੀਰ ਦੇ ਨਾਮ ਅੱਧੀ ਜ਼ਮੀਨ ਦਾ ਇੰਤਕਾਲ ਕਰਵਾਇਆ, ਉਸ ਨੇ ਕਦੇ ਇਸ ਜ਼ਮੀਨ ਵੱਲ ਦੇਖਿਆ ਭੀ ਨਹੀਂ। ਉਸ ਦੀ ਔਲਾਦ ਨੇ ਇਸ ਉਪਰ ਹੱਕ ਨਹੀਂ ਜਮਾਇਆ। ਸਿੱਖਾਂ ਨੇ ਕਦੀ ਨਾ ਇਹ ਜ਼ਮੀਨ ਰੋਕੀ, ਨਾ ਦਾਅਵੇ ਅਦਾਲਤਾਂ ਵਿੱਚ ਕੀਤੇ। ਤੁਸੀਂ ਇਸ ਉਪਰ ਪੁਸ਼ਤਾਂ ਤੋਂ ਕਬਜ਼ੇ ਕੀਤੇ ਹੋਏ ਹਨ, ਹੁਣ ਅਦਾਲਤਾਂ ਵਿੱਚ ਦਾਅਵੇ ਕੀਤੇ। ਦਸ ਬਾਰਾਂ ਸਾਲਾਂ ਤੋਂ ਤੁਸੀਂ ਵੱਡਿਆਂ ਦੀ ਬੇਅਦਬੀ ਕਰਦੇ ਆਏ ਹੋ, ਕਿਸੇ ਨੇ ਅਕਲ ਨਹੀਂ ਦਿੱਤੀ ਕਿ ਗੁਨਾਹ ਨਾ ਕਰੋ? ਜ਼ਮੀਨ ਤੋਂ ਵਧੀਕ ਉਹ ਤੁਹਾਨੂੰ ਪਿਆਰ ਕਰਦੇ ਸਨ। ਤੁਸੀਂ ਉਨ੍ਹਾਂ ਦਰਵੇਸ਼ਾਂ ਨੂੰ ਨਫ਼ਰਤ ਕਰਦੇ ਹੋ ਤੇ ਜ਼ਮੀਨ ਨਾਲ ਪਿਆਰ ਪਾ ਲਿਆ। ਤੁਹਾਡੇ ਕੋਲ ਹੀ ਰਹੇਗੀ ਜ਼ਮੀਨ। ਮੁਕੱਦਮਾ ਨਾ ਕਰਦੇ ਤਾਂ ਠੀਕ ਹੁੰਦਾ।
ਅਸੀਂ ਕਿਹਾ, ਜੀ ਜ਼ਮੀਨ ਸਾਡੇ ਈ ਕਬਜ਼ੇ ਵਿੱਚ ਹੈ, ਪਰ ਰਿਕਾਰਡ ਮਾਲ ਵਿੱਚ ਸਾਡਾ ਨਾਮ ਨਹੀਂ। ਜੱਜਾਂ ਨੇ ਕਿਹਾ, ਨਾਮ ਨਹੀਂ ਰਹੇਗਾ। ਨਾ ਤੁਹਾਡਾ, ਨਾ ਸਾਡਾ। ਨਾਮ ਰਹੇਗਾ ਅੱਲਾਹ ਪਰਵਰਦਗਾਰ ਦਾ। ਨਾਮ ਰਹੇਗਾ ਉਸ ਦੀ ਬੰਦਗੀ ਕਰਨ ਵਾਲਿਆਂ ਦਰਵੇਸ਼ਾਂ ਦਾ। ਉਹ ਜਿਹੜੇ ਚੰਦ ਤਾਰਿਆਂ ਦੇ ਮਾਲਕ ਹਨ, ਉਹੀ ਰਹਿਣਗੇ, ਹੋਰ ਨਹੀਂ ਰਹੇਗਾ ਕੋਈ। ਸਾਡੀ ਤੁਹਾਨੂੰ ਇਹੀ ਸਲਾਹ ਹੈ ਕਿ ਮੁਕੱਦਮਾ ਵਾਪਸ ਲੈ ਲਉ। ਅਸੀਂ ਕਿਹਾ, ਜੀ ਬਾਹਰ ਸਾਡਾ ਭਾਈਚਾਰਾ ਖਲੋਤਾ ਹੈ, ਉਸ ਨਾਲ ਸਲਾਹ ਕਰ ਲਈਏ। ਜੱਜਾਂ ਨੇ ਕਿਹਾ, ਜ਼ਰੂਰ ਕਰੋ। ਹੁਣ ਸਾਢੇ ਗਿਆਰਾਂ ਵੱਜੇ ਹਨ। ਸ਼ਾਮੀਂ ਚਾਰ ਵਜੇ ਤਕ ਸਲਾਹ ਕਰ ਲਉ। ਜੇ ਮੁਕੱਦਮਾ ਵਾਪਸ ਨਾ ਲਿਆ ਤਾਂ ਫਿਰ ਅਸੀਂ ਫ਼ੈਸਲਾ ਸੁਣਾ ਦਿਆਂਗੇ। ਅਦਾਲਤ ਤੋਂ ਬਾਹਰ ਤੁਹਾਨੂੰ ਅਸੀਂ ਇਹ ਇੱਕ ਸਲਾਹ ਦਿੱਤੀ ਹੈ। ਇਹ ਸਲਾਹ ਮੰਨਣ ਦੇ ਤੁਸੀਂ ਪਾਬੰਦ ਨਹੀਂ। ਫ਼ੈਸਲਾ ਸ਼ਾਮੀਂ ਸੁਣਾਵਾਂਗੇ।
ਅਸੀਂ ਬਾਹਰ ਆ ਗਏ। ਭਾਈਚਾਰਾ ਉਡੀਕ ਰਿਹਾ ਸੀ। ਸਾਰੀ ਗੱਲ ਦੱਸੀ। ਸੋਚਣ ਵਿਚਾਰਨ ਲੱਗੇ। ਦਿਮਾਗ਼ ਰਿੜਕੇ। ਅਖ਼ੀਰ ਵਿੱਚ ਫ਼ੈਸਲਾ ਹੋਇਆ ਕਿ ਦੋਵਾਂ ਵਿੱਚੋਂ ਇੱਕ ਦੀ ਚੋਣ ਕਰਨੀ ਹੈ। ਅਪੀਲ ਵਾਪਸ ਲੈਣੀ ਹੈ ਕਿ ਮੁਕੱਦਮਾ ਹਾਰਨ ਦੀ ਜੱਜਮੈਂਟ ਲੈਣੀ ਹੈ। ਜੱਜਾਂ ਦੀਆਂ ਗੱਲਾਂ ਤੋਂ ਦਿਸ ਗਿਆ ਸੀ ਕਿ ਜਿੱਤਣ ਦਾ ਸਵਾਲ ਨਹੀਂ ਪੈਦਾ ਹੁੰਦਾ। ਅਸਾਂ ਸਾਰਿਆਂ ਨੇ ਮੁਕੱਦਮਾ ਵਾਪਸ ਲੈਣ ਦਾ ਫ਼ੈਸਲਾ ਕੀਤਾ। ਸ਼ਾਮੀਂ ਚਾਰ ਵਜੇ ਵਕੀਲਾਂ ਸਣੇ ਹਾਜ਼ਰ ਹੋ ਕੇ ਅਪੀਲ ਵਾਪਸ ਲੈ ਲਈ। ਅਸੀਂ ਬਚ ਗਏ ਸਰਦਾਰ ਜੀ। ਅਪੀਲ ਵਾਪਸ ਨਾ ਲੈਂਦੇ ਤਾਂ ਹਾਰਨਾ ਸੀ। ਦੁਨੀਆਂ ਵੀ ਜਾਣੀ ਸੀ, ਦੀਨ ਵੀ। ਹੁਣ ਦੋਵੇਂ ਬਚ ਗਏ। ਅਗਲੀ ਦਰਗਾਹ ਵਿੱਚ ਇਨ੍ਹਾਂ ਦਰਵੇਸ਼ਾਂ ਸਾਹਮਣੇ ਖਲੋ ਕੇ ਗੁਨਾਹਾਂ ਦੀ ਮੁਆਫ਼ੀ ਮੰਗਣ ਜੋਗੇ ਰਹਿ ਗਏ। ਉਹ ਬੜੇ ਰਹਿਮਦਿਲ ਹਨ ਜੀ। ਆਪਣੀ ਔਲਾਦ ਦੀਆਂ ਗਲਤੀਆਂ ਮਾਪੇ ਬਖਸ਼ ਦਿਆ ਕਰਦੇ ਹਨ।
ਦੇਖੋ ਭਰਾ ਜੀ, ਕਿੰਨੀਆਂ ਤਾਕਤਾਂ ਦੇ ਮਾਲਕ ਹਨ ਹਜ਼ਰਤ ਬਾਬਾ ਨਾਨਕ। ਸਦੀਆਂ ਬੀਤ ਗਈਆਂ ਪਰ ਨੇਕੀ ਕਰਨ ਦਾ ਹੁਕਮ ਅਜੇ ਕਿਸੇ ਨਾ ਕਿਸੇ ਜ਼ਰੀਏ ਪੁਚਾ ਰਹੇ ਹਨ। ਸੁਪਰੀਮ ਕੋਰਟ ਨੂੰ ਕਿਹਾ ਕਿ ਇਨ੍ਹਾਂ ਨੂੰ ਗਲਤ ਰਸਤੇ ਭਟਕਣ ਤੋਂ ਰੋਕ। ਸੁਪਰੀਮ ਕੋਰਟ ਨੇ ਰੋਕਿਆ। ਬਾਬਾ ਜੀ ਨੇ ਸੁਪਰੀਮ ਕੋਰਨ ਤੋਂ ਸਾਡੀ ਹੱਤਕ ਨਹੀਂ ਕਰਵਾਈ। ਵਰਜਿਆ ਵੀ, ਇੱਜ਼ਤ ਵੀ ਰੱਖੀ। ਉਸ ਦੇ ਨਾਮ ਨੂੰ ਲੱਖ ਸਲਾਮ। ਅੱਜ ਵੀ ਮਾਲ ਰਿਕਾਰਡ ਅਨੁਸਾਰ ਇਨ੍ਹਾਂ ਮੁਰੱਬਿਆਂ ਵਿੱਚ ਗੁਰੂ ਬਾਬਾ ਨਾਨਕ ਖੇਤੀ ਕਰਦਾ ਹੈ…!

Leave a Reply

Your email address will not be published. Required fields are marked *