ਦਿਲਜੀਤ ਸਿੰਘ ਬੇਦੀ
ਸਿੱਖਾਂ ਦਾ ਧਾਰਮਿਕ ਤੇ ਰਾਜਸੀ ਪੱਖ ਤੋਂ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਅੱਠੇ ਪਹਿਰ ਗੁਰਬਾਣੀ ਦੇ ਕੀਰਤਨ ਦਾ ਪ੍ਰਵਾਹ ਹੋਣ ਕਰਕੇ ਸਿੱਖ ਕੌਮ ਦਾ ਸ਼੍ਰੋਮਣੀ ਸਰਵਉੱਚ ਧਾਰਮਿਕ ਅਸਥਾਨ ਹੈ। ਸਿੱਖਾਂ ਨੇ ਇਸ ਤੋਂ ਸ਼ਕਤੀ ਊਰਜਾ ਤੇ ਪ੍ਰੇਰਨਾ ਲੈ ਕੇ ਹਮੇਸ਼ਾ ਦੁਸ਼ਮਣ ਸ਼ਕਤੀਆਂ ਦਾ ਟਾਕਰਾ ਕੀਤਾ ਹੈ।
ਦੁਸ਼ਮਣ ਹਮਲਾਵਰਾਂ ਨੇ ਸਿੱਖ ਕੌਮ ਨੂੰ ਖਤਮ ਕਰਨ ਲਈ ਸਮੇਂ ਸਮੇਂ ਸ੍ਰੀ ਹਰਿਮੰਦਰ ਸਾਹਿਬ ਨੂੰ ਨੇਸਤੋਨਬੂਦ ਕਰਨ ਦੇ ਕੋਝੇ ਯਤਨ ਕੀਤੇ, ਪਰ ਸਿੱਖਾਂ ਨੇ ਦੂਣ ਸਵਾਏ ਹੋ ਕੇ ਇਸ ਦੀ ਆਭਾ ਨੂੰ ਹੋਰ ਲਿਸ਼ਕਾਇਆ ਹੈ। ਹਰਿਮੰਦਰ ਦੀ ਆਭਾ ਤੇ ਸੋਭਾ ਦੁਨਿਆਵੀ ਸ਼ਬਦਾਂ ਦੇ ਕਲਾਵੇ ਵਿੱਚ ਨਹੀਂ ਸਮਾਅ ਸਕਦੇ। ਇਸ ਦੀ ਖੇਡ ਨਿਰਾਲੀ, ਅਪਰੰਪਾਰ ਤੇ ਵੱਡ ਪ੍ਰਤਾਪੀ ਹੈ। ਇਹ ਸੁਭਾਗੀ ਭੂਮੀ `ਤੇ ਜਿੱਥੇ ਦਸ ਵਿੱਚੋਂ ਅੱਠ ਸਿੱਖ ਗੁਰੂ ਸਾਹਿਬਾਨ ਦੇ ਚਰਨ ਪਏ ਹਨ, ਆਦਿ ਗ੍ਰੰਥ ਸਾਹਿਬ ਦਾ ਪ੍ਰਥਮ ਪ੍ਰਕਾਸ਼ ਹੋਇਆ ਹੈ।
ਲਖਪਤ ਰਾਇ ਵੱਲੋਂ ਹਮਲਾ: “ਬਿਜੈ ਖਾਂ ਸੂਬਾ ਲਾਹੌਰ ਦੇ ਸਮੇਂ ਦੀਵਾਨ ਲਖਪਤ ਰਾਇ ਨੇ ਸਿੰਘਾਂ ਵੱਲੋਂ ਆਪਣੇ ਭਰਾ ਜਸਪਤ ਨੂੰ ਮਾਰ ਦੇਣ `ਤੇ ਸਿੱਖਾਂ ਦਾ ਖੁਰਾ-ਖੋਜ ਮਿਟਾ ਦੇਣ ਦਾ ਪ੍ਰਣ ਕਰ ਲਿਆ, ਜਿਸ ਦੇ ਫਲਸਰੂਪ ਸਿੰਘਾਂ ਉੱਪਰ ਬਿਪਤਾ ਦੇ ਪਹਾੜ ਟੁੱਟ ਪਏ। 1751 ਈਸਵੀ ਦੇ ਆਰੰਭ ਵਿੱਚ ਲਖਪਤ ਰਾਇ ਨੇ ਸ੍ਰੀ ਅੰਮ੍ਰਿਤਸਰ ਸਰੋਵਰ ਨੂੰ ਮਿੱਟੀ ਨਾਲ ਭਰਵਾ ਦਿੱਤਾ ਅਤੇ ਅੰਮ੍ਰਿਤਸਰ ਸ਼ਹਿਰ ਵਿੱਚ ਸਿੱਖਾਂ ਦੇ ਦਾਖਲੇ ਉੱਪਰ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ, ਪਰ ਥੋੜ੍ਹੇ ਹੀ ਸਮੇਂ ਬਾਅਦ ਖਾਲਸਾ ਦਲ ਦੀਆਂ ਅਕਾਲੀ ਫੌਜਾਂ ਨੇ ਤੁਰਕਾਂ ਦੀਆਂ ਫੌਜਾਂ ਨੂੰ ਕਰਾਰੀ ਹਾਰ ਦੇ ਕੇ ਸ਼ਹਿਰ ਉੱਪਰ ਆਪਣਾ ਕਬਜ਼ਾ ਕਰ ਲਿਆ। ਸਭ ਤੋਂ ਪਹਿਲਾਂ ਸਰੋਵਰ ਵਿੱਚ ਭਰੀ ਮਿੱਟੀ ਨੂੰ ‘ਕਾਰ-ਸੇਵਾ’ ਰਾਹੀਂ ਦਲ ਖਾਲਸਾ ਦੀਆਂ ਅਕਾਲੀ ਸਿੰਘਾਂ ਦੀਆਂ ਫੌਜਾਂ ਤੇ ਸ਼ਹਿਰ ਅਤੇ ਦੂਰ-ਦੁਰਾਡੇ ਤੋਂ ਸੇਵਾ ਤੇ ਦਰਸ਼ਨਾਂ ਹਿਤ ਪੁੱਜੀਆਂ ਸੰਗਤਾਂ ਨੇ ਬੜੀ ਸ਼ਰਧਾ, ਪ੍ਰੇਮ ਭਾਵਨਾ ਤੇ ਸਿਦਕ ਨਾਲ ਬਾਹਰ ਕੱਢਿਆ। ਸਰੋਵਰ ਦੀ ਚਾਰ ਚੁਫੇਰਿਉਂ ਚੰਗੀ ਤਰ੍ਹਾਂ ਸਫਾਈ ਕੀਤੀ ਗਈ। ਬਾਅਦ ਵਿੱਚ ਹਰਟਾਂ ਵਾਲੇ ਖੂਹਾਂ ਤੋਂ ਸਾਫ, ਸਵੱਛ ਤੇ ਨਿਰਮਲ ਜਲ, ਸਰੋਵਰ ਵਿੱਚ ਪਾਇਆ ਗਿਆ।” (ਗਿਆਨੀ ਗਿਆਨ ਸਿੰਘ, ਸ਼ਮਸ਼ੇਰ ਖਾਲਸਾ ਛਾਪਾ ਪੱਥਰ, ਪੰਨਾ 112 `ਤੇ ਲਿਖਦੇ ਹਨ)
ਮੀਰ ਮੰਨੂ ਵੱਲੋਂ ਹਮਲਾ: ਮਾਰਚ 1752 ਈ: ਵਿੱਚ ਅਹਿਮਦ ਸ਼ਾਹ ਦੇ ਚੌਥੇ ਹੱਲੇ ਸਮੇਂ ਹੋਏ ਜੰਗ ਵਿੱਚ ਕੌੜਾ ਮੱਲ ਮਾਰਿਆ ਗਿਆ। ਮੀਰ ਮੰਨੂ ਨੇ ਸਿੰਘਾਂ ਉੱਪਰ ਜੋ ਜ਼ੁਲਮ ਕੀਤੇ, ਉਹ ਬਿਆਨ ਤੋਂ ਬਾਹਰ ਹਨ। ਜੋ ਸਿੰਘ ਮਿਲਿਆ ਕਤਲ ਕਰ ਦਿੱਤਾ। ਮਾਈਆਂ ਬੀਬੀਆਂ ਨੂੰ ਜੇਲ੍ਹਾਂ ਵਿੱਚ ਪਾ ਦਿੱਤਾ ਤੇ ਉਨ੍ਹਾਂ ਤੋਂ ਸਵਾ-ਸਵਾ ਮਣ ਪੀਸਣੇ ਪਿਸਾਏ, ਉਨ੍ਹਾਂ ਨੇ ਖੰਨੀ-ਖੰਨੀ ਰੋਟੀ `ਤੇ ਗੁਜ਼ਾਰਾ ਕੀਤਾ। ਜ਼ਾਲਮਾਂ ਨੇ ਉਨ੍ਹਾਂ ਦੇ ਬੱਚਿਆਂ ਨੂੰ ਟੋਟੇ-ਟੋਟੇ ਕਰ ਕੇ ਉਨ੍ਹਾਂ ਦੀਆਂ ਝੋਲੀਆਂ `ਚ ਪਾਏ, ਪਰ ਉਨ੍ਹਾਂ ਸਿੰਘਣੀਆਂ ਨੇ ਸਿਦਕ ਨਾ ਹਾਰਿਆ ਤੇ ਆਪਣੇ ਧਰਮ `ਚ ਪੱਕੀਆਂ ਰਹੀਆਂ। ਉਦੋਂ ਦੀ ਇਹ ਕਹਾਵਤ ਮਸ਼ਹੂਰ ਹੈ: ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ। ਜਿਉਂ ਜਿਉਂ ਸਾਨੂੰ ਵੱਢਦਾ, ਅਸੀਂ ਦੂਣ ਸਵਾਏ ਹੋਏ।
1753 ਈ: ਦੇ ਆਰੰਭ ਵਿੱਚ ਸਿੱਖਾਂ ਦਾ ਬੀਜ ਨਾਸ਼ ਕਰਨ ਦੇ ਮਨੋਰਥ ਨਾਲ ਸੂਬਾ ਲਾਹੌਰ ਮੀਰ ਮੰਨੂ ਨੇ ਸਿੱਖੀ ਦਾ ਸੋਮਾ ਸੁਕਾਉਣ ਲਈ ਸ੍ਰੀ ਅੰਮ੍ਰਿਤਸਰ ਸਰੋਵਰ ਨੂੰ ਮਿੱਟੀ ਨਾਲ ਭਰਵਾ ਦਿੱਤਾ ਤੇ ਅੰਮ੍ਰਿਤਸਰ ਸ਼ਹਿਰ ਅੰਦਰ ਸਿੰਘਾਂ ਦੇ ਦਾਖਲੇ `ਤੇ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ। ਜਵਾਬ ਵਜੋਂ ਸਿੰਘਾਂ ਨੇ ਇਕੱਠੇ ਹੋ ਕੇ ਅਜਿਹਾ ਜ਼ਬਰਦਸਤ ਹਮਲਾ ਕੀਤਾ ਕਿ ਤੁਰਕੀ ਫ਼ੌਜ ਅੰਮ੍ਰਿਤਸਰ ਛੱਡ ਕੇ ਲਾਹੌਰ ਜਾ ਵੜੀ। ਸਿੰਘਾਂ ਨੇ ਸ਼ਹਿਰ `ਤੇ ਕਬਜ਼ਾ ਕਰ ਕੇ ਅੰਮ੍ਰਿਤਸਰ ਸਰੋਵਰ ਦੀ ਕਾਰ-ਸੇਵਾ ਆਰੰਭ ਕੀਤੀ। ਪਕੜੇ ਹੋਏ ਮੁਸਲਮਾਨਾਂ ਪਾਸੋਂ ਉਨ੍ਹਾਂ ਦੇ ਹੀ ਹੱਥਾਂ ਨਾਲ ਸਰੋਵਰ ਦੀ ਸਫਾਈ ਕਰਵਾਈ, ਜਿਨ੍ਹਾਂ ਹੱਥਾਂ ਨਾਲ ਉਨ੍ਹਾਂ ਨੇ ਸਰੋਵਰ ਨੂੰ ਮਿੱਟੀ ਨਾਲ ਪੂਰ ਕੇ ਬੇ-ਅਦਬੀ ਕੀਤੀ ਸੀ। ਇਸ ਸਮੇਂ ਸੰਗਤਾਂ ਅਤੇ ਬੁੱਢਾ ਦਲ ਦੇ ਨਿਹੰਗ ਸਿੰਘਾਂ ਨੇ ਵੀ ਭਾਰੀ ਗਿਣਤੀ ਵਿੱਚ ਸ਼ਾਮਲ ਹੋ ਕੇ ਪਾਵਨ ਸਰੋਵਰ ਦੀ ਕਾਰ-ਸੇਵਾ ਨੂੰ ਬੜੇ ਸਿਦਕ, ਸ਼ਰਧਾ ਤੇ ਪ੍ਰੇਮ ਨਾਲ ਸਿਰੇ ਚੜ੍ਹਾਅ ਕੇ ਸਰੋਵਰ ਨੂੰ ਸਵੱਛ ਜਲ ਨਾਲ ਭਰਿਆ ਅਤੇ ਖੁਲ੍ਹੇ ਦਰਸ਼ਨ-ਇਸ਼ਨਾਨ ਕਰ ਕੇ ਜਨਮ ਸਫਲਾ ਕੀਤਾ। (ਕਰਮ ਸਿੰਘ ਹਿਸਟੋਰੀਅਨ, ਇਤਿਹਾਸਕ ਖੋਜ, ਪੰਨਾ 93)
ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ: ਅਹਿਮਦ ਸ਼ਾਹ ਦੁਰਾਨੀ ਸੰਮਤ 1814 ਬਿ: (28 ਜਨਵਰੀ 1757 ਈ:) ਨੂੰ ਲੁੱਟਣ ਦੇ ਖਿਆਲ ਨਾਲ ਦਿੱਲੀ ਦਾਖਲ ਹੋਇਆ। ਜਿਹੜਾ ਲੁੱਟ ਦਾ ਮਾਲ ਇਕੱਠਾ ਕਰ ਕੇ ਕਾਬਲ ਨੂੰ ਭੇਜਿਆ, ਉਸ ਨੂੰ ਅੰਬਾਲੇ ਤੇ ਸਮਾਣੇ ਦੇ ਵਿਚਕਾਰ ਆਲਾ ਸਿੰਘ ਪਟਿਆਲਾ ਨੇ ਖੋਹ ਲਿਆ। ਬਾਕੀ ਬਚਦਾ ਮਾਲ ਸਿੰਘਾਂ ਨੇ ਦੁਆਬੇ ਤੇ ਮਾਝੇ ਦੇ ਇਲਾਕਿਆਂ ਵਿੱਚ ਲੁੱਟ ਲਿਆ। ਅਹਿਮਦ ਸ਼ਾਹ ਆਪ 2 ਅਪ੍ਰੈਲ 1757 ਈ: ਨੂੰ ਦਿੱਲੀ ਤੋਂ ਚੱਲਿਆ, ਜਦ ਪੰਜਾਬ ਆਇਆ ਤਾਂ ਸਿੰਘਾਂ ਉੱਪਰ ਖਿੱਝ ਕੇ ਅੰਮ੍ਰਿਤਸਰ ਆ ਕੇ ਸ੍ਰੀ ਹਰਿਮੰਦਰ ਸਾਹਿਬ ਅਤੇ ਅੰਮ੍ਰਿਤ ਸਰੋਵਰ ਦੀ ਬੇ-ਅਦਬੀ ਕੀਤੀ। ਇਸ ਬੇ-ਅਦਬੀ ਨੂੰ ਦੂਰ ਕਰਾਉਣ ਲਈ ਮਾਲਵੇ ਤੋਂ ਬਾਬਾ ਦੀਪ ਸਿੰਘ ਜੀ ਸਮੇਤ ਬਹੁਤ ਸਾਰੇ ਸਿੰਘ ਦੀਵਾਲੀ ਦੇ ਸਮੇਂ ਸ੍ਰੀ ਅੰਮ੍ਰਿਤਸਰ ਇਕੱਠੇ ਹੋਏ। ਤੈਮੂਰ ਸ਼ਾਹ ਸੂਬਾ ਲਾਹੌਰ ਨੇ ਜਹਾਨ ਖਾਨ ਨੂੰ ਫੌਜ ਦੇ ਕੇ ਅੰਮ੍ਰਿਤਸਰ ਭੇਜਿਆ। ਨਵੰਬਰ 1757 ਈ: ਵਿੱਚ ਬਹੁਤ ਭਾਰੀ ਜੰਗ ਹੋਇਆ, ਜਿਸ ਵਿੱਚ ਬਾਬਾ ਦੀਪ ਸਿੰਘ ਜੀ ਬਹੁਤ ਸਾਰੇ ਸਿੰਘਾਂ ਸਮੇਤ ਸ਼ਹੀਦ ਹੋ ਗਏ। ਜਹਾਨ ਖਾਨ ਨੇ ਸ਼ਹਿਰ `ਤੇ ਕਬਜ਼ਾ ਕਰ ਕੇ ਬਹੁਤ ਸਾਰੀਆਂ ਸੁੰਦਰ ਇਮਾਰਤਾਂ ਢਾਹ ਦਿੱਤੀਆਂ। ਅੰਮ੍ਰਿਤ-ਸਰੋਵਰ ਦੀ ਬੇ-ਅਦਬੀ ਕੀਤੀ ਤੇ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ।
ਸਿੰਘਾਂ ਨੇ ਛੇਤੀ ਹੀ ਮੁੜ ਇਕੱਠੇ ਹੋ ਕੇ ਅੰਮ੍ਰਿਤਸਰ ਸ਼ਹਿਰ ਉੱਪਰ ਕਬਜ਼ਾ ਕਰ ਲਿਆ ਤੇ ਹਮਲਾ ਕਰ ਕੇ ਤੈਮੂਰ ਸ਼ਾਹ ਤੇ ਜਹਾਨ ਖਾਨ ਨੂੰ ਲਾਹੌਰੋਂ ਭੱਜਾ ਦਿੱਤਾ। 19 ਅਪ੍ਰੈਲ 1858 ਈ: ਨੂੰ ਏਮਨਾਬਾਦ ਝਨਾ ਨਦੀ ਦੇ ਕੰਢੇ ਸਿੰਘਾਂ ਨੇ ਦੁਰਾਨੀਆਂ ਦੀ ਫ਼ੌਜ ਨੂੰ ਹਾਰ ਦੇ ਕੇ ਕੁਝ ਪਠਾਣ ਫ਼ੌਜੀਆਂ ਨੂੰ ਕੈਦੀ ਬਣਾ ਲਿਆ ਤੇ ਉਨ੍ਹਾਂ ਨੂੰ ਨਾਲ ਲੈ ਕੇ ਖਾਲਸਾਈ ਫੌਜਾਂ ਅੰਮ੍ਰਿਤਸਰ ਆ ਗਏ। ਸਰੋਵਰ ਦੀ ਜਿਤਨੀ ਬੇ-ਅਦਬੀ ਅਹਿਮਦ ਸ਼ਾਹ, ਤੈਮੂਰ ਸ਼ਾਹ ਤੇ ਜਹਾਨ ਖਾਨ ਨੇ ਕੀਤੀ ਸੀ, ਉਤਨੀ ਹੀ ਟਹਿਲ ਸੇਵਾ ਇਨ੍ਹਾਂ ਦੁਰਾਨੀ ਪਠਾਣਾਂ ਪਾਸੋਂ ਕਰਵਾਈ। ਬੁੱਢਾ ਦਲ, ਗੁਰੂ ਕੀਆਂ ਸਿੱਖ ਸੰਗਤਾਂ ਨੇ ਕਾਰ-ਸੇਵਾ ਵਿੱਚ ਪੂਰੀ ਸਰਧਾ ਭਾਵਨਾ ਨਾਲ ਆਪਣਾ ਪੂਰਾ ਯੋਗਦਾਨ ਪਾਇਆ। ਪੂਰੀ ਸਫਾਈ ਤੋਂ ਬਾਅਦ ਟੁੱਟ-ਭੱਜ ਦੀ ਮੁਰੰਮਤ ਕਰ ਕੇ ਬਾਅਦ ਵਿੱਚ ਸਾਫ ਸਵੱਛ ਅੰਮ੍ਰਿਤ ਜਲ ਭਰ ਕੇ ਖੁੱਲ੍ਹੇ ਇਸ਼ਨਾਨ ਕੀਤੇ।” (ਹਰੀ ਰਾਮ ਗੁਪਤਾ, ਹਿਸਟਰੀ ਆਫ ਦੀ ਸਿਖਸ)
ਅਹਿਮਦ ਸ਼ਾਹ ਦੁਰਾਨੀ ਦਾ ਅਠਵਾਂ ਹਮਲਾ: 1819 ਬਿ: ਵਿੱਚ ਅਹਿਮਦ ਸ਼ਾਹ ਦੁਰਾਨੀ ਨੇ ਭਾਰਤ ਉੱਪਰ ਆਪਣਾ ਅੱਠਵਾਂ ਹੱਲਾ ਕੀਤਾ। 5 ਫਰਵਰੀ ਸੰਨ 1762 ਈਸਵੀ ਨੂੰ ਮਾਲਵੇ ਵਿੱਚ ਕੁੱਪ ਰਹੀੜੇ ਦੇ ਮੈਦਾਨ ਵਿੱਚ ਸਿੰਘਾਂ ਨਾਲ ਵੱਡਾ ਘਲੂਘਾਰਾ ਹੋਇਆ, ਜਿਸ ਵਿੱਚ ਇੱਕੋ ਦਿਨ 30 ਹਜ਼ਾਰ ਸਿੰਘ ਸ਼ਹੀਦ ਹੋਇਆ। ਵਾਪਸ ਮੁੜਦਿਆਂ ਲਾਹੌਰ ਨੂੰ ਜਾਂਦਿਆਂ ਸਿੰਘਾਂ ਉੱਪਰ ਖਿਝੇ ਹੋਏ ਅਹਿਮਦ ਸ਼ਾਹ ਨੇ ਸਿੰਘਾਂ ਦਾ ਬੀਜ ਨਾਸ ਕਰਨ ਲਈ ਸ੍ਰੀ ਅੰਮ੍ਰਿਤਸਰ ਦਾ ਪਵਿੱਤਰ ਸਰੋਵਰ ਮਿੱਟੀ ਨਾਲ ਭਰਵਾ ਦਿੱਤਾ। 1819 ਬਿ: (10 ਅਪ੍ਰੈਲ 1762 ਈ:) ਨੂੰ ਅੰਦਰ ਬਾਰੂਦ ਦੇ ਕੁੱਪੇ ਰਖਵਾ ਕੇ ਤੇ ਅੱਗ ਲਗਵਾ ਕੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਇਮਾਰਤ ਨੂੰ ਉੱਡਵਾ ਦਿੱਤਾ। ਇਸ ਸਮੇਂ ਇੱਕ ਇੱਟ ਉੱਡ ਕੇ ਅਹਿਮਦ ਸ਼ਾਹ ਦੇ ਨੱਕ `ਤੇ ਜਾ ਵੱਜੀ, ਜੋ ਉਸ ਲਈ ਜਾਨ-ਲੇਵਾ ਸਾਬਤ ਹੋਈ। ਫਿਰ ਥੋੜ੍ਹੇ ਹੀ ਸਮੇਂ ਬਾਅਦ ਸਿੰਘਾਂ ਨੇ ਇੱਕਠੇ ਹੋ ਕੇ ਅੰਮ੍ਰਿਤਸਰ ਸ਼ਹਿਰ ਉੱਪਰ ਕਬਜਾ ਕਰ ਲਿਆ। ਸ੍ਰੀ ਅੰਮ੍ਰਿਤਸਰ ਸਰੋਵਰ ਦੀ ਕਾਰ-ਸੇਵਾ ਆਪ ਕੀਤੀ ਤੇ ਸੰਗਤਾਂ ਪਾਸੋਂ ਕਰਵਾਈ।
ਡਾ. ਸਰੂਪ ਸਿੰਘ ‘ਸ੍ਰੀ ਹਰਿਮੰਦਰ ਸਾਹਿਬ ਦਰਸ਼ਨ’ ਵਿੱਚ ਲਿਖਦੇ ਹਨ, “ਹਰ ਸਿੱਖ ਇਸ ਅਸਥਾਨ ਦੇ ਦਰਸ਼ਨ ਦੀਦਾਰਿਆਂ ਅਤੇ ਇਸ਼ਨਾਨ ਲਈ ਨਿੱਤ ਅਰਦਾਸਾਂ ਕਰਦਾ ਰਹਿੰਦਾ ਹੈ ਅਤੇ ਆਪਣੀ ਜਾਨ ਹੂਲ ਕੇ ਵੀ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਵਿੱਚ ਪਰਮਾਤਮਾ ਦੀ ਮਿਹਰ ਸਮਝਦਾ ਹੈ। ਉਹ ਤਾਂ ਹਰਿਮੰਦਰ ਸਰੋਵਰ ਵਿੱਚ ਇਵੇਂ ਇਸ਼ਨਾਨ ਕਰਨ ਆਉਂਦਾ ਹੈ, ਜਿਵੇਂ ਪਰਵਾਨਾ ਆਪਣੇ ਇਸ਼ਟ, ਸਮਾਂ ਤੇ ਕੁਰਬਾਨ ਹੋਣ ਹਿਤ ਚਾਈਂ ਚਾਈਂ ਆਉਂਦਾ ਹੈ। ਇਹ ਗੱਲ ਮੁਗ਼ਲ ਹਾਕਮਾਂ ਨੂੰ ਜਦੋਂ ਸਮਝ ਆਈ ਤਾਂ ਉਨ੍ਹਾਂ ਨੇ ਸਿੱਖਾਂ ਦੇ ਦਰਬਾਰ ਸਾਹਿਬ ਵਿੱਚ ਪ੍ਰਵੇਸ਼ ਨੂੰ ਰੋਕਣ ਲਈ ਸਖਤ ਪਹਿਰ ਬਣਾ ਦਿੱਤੇ। ਜਿੱਥੇ ਕਿਧਰੋਂ ਸਿੱਖ ਮਿਲਦਾ, ਬਿਨਾ ਕਸੂਰ ਕਰਨ ਦੇ ਵੀ ਉਸ ਨੂੰ ਸ਼ਹੀਦ ਕਰ ਦਿੱਤਾ ਜਾਂਦਾ। ਸਿੱਖ ਹੋਣਾ ਹੀ ਉਸ ਦਾ ਸਭ ਤੋਂ ਵੱਡਾ ਕਸੂਰ ਹੋ ਗਿਆ। ਉਹ ਸਿੱਖਾਂ ਦੇ ਨਾਲ ਇਨ੍ਹਾਂ ਦੀ ਪਵਿੱਤਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਅੰਮ੍ਰਿਤਮਈ ਤਲਾਬ (ਸਰੋਵਰ ਸਾਹਿਬ) ਦੇ ਵੀ ਦੁਸ਼ਮਣ ਹੋ ਗਏ। ਪਰ ਸਮੇਂ ਸਮੇਂ ਸਖ਼ਤੀਆਂ ਤੇ ਅੱਤਿਆਚਾਰਾਂ ਦੇ ਬਾਵਜੂਦ ਸਿੱਖ ਆਪਣੇ ਇਸ ਗੁਰਧਾਮ ਨਾਲ ਆਪਣਾ ਅਟੁੱਟ ਰਿਸ਼ਤਾ ਬਣਾਈ ਰੱਖਣ ਵਿੱਚ ਸਫਲ ਰਹੇ। ਜੇ ਅਬਦਾਲੀ ਨੇ ਸਿੱਖਾਂ ਨੂੰ ਨਿਰਬਲ ਤੇ ਕਮਜ਼ੋਰ ਕਰਨ ਲਈ ਹਰਿਮੰਦਰ ਸਾਹਿਬ ਨੂੰ ਢਾਹ ਦਿੱਤਾ, ਸਰੋਵਰ ਨੂੰ ਪੂਰ ਦਿੱਤਾ ਤਾਂ ਵੀ ਉਹ ਸਿੱਖਾਂ ਦਾ ਮਨੋਬਲ ਗੇਰਨ ਵਿੱਚ ਸਫਲ ਨਾ ਹੋ ਸਕਿਆ। ‘ਜਬੈ ਬਾਣ ਲਾਗਯੋ ਤਬੈ ਰੋਸ ਜਾਗਯੋ’ ਦੀ ਭਾਵਨਾ `ਤੇ ਆਧਾਰਤ ਜੀਵਨ ਬਤੀਤ ਕਰਦਿਆਂ ਆਪਣੀਆਂ ਵਡਮੁੱਲੀਆਂ ਪਰੰਪਰਾਵਾਂ ਦੀ ਸ਼ੋਭਾ ਵਧਾਉਂਦਿਆਂ ਸਿੱਖਾਂ ਨੇ ਉਸ ਨੂੰ ਚੈਨ ਨਾਲ ਇੱਕ ਪਲ ਵੀ ਨਹੀਂ ਰਹਿਣ ਦਿੱਤਾ। ਉਸ ਨੂੰ ਵਾਪਸ ਕਾਬਲ ਜਾਂਦਿਆਂ ਕਰਾਰੀ ਹਾਰ ਦਿੱਤੀ। ਉਸ ਦਾ ਲੜਕਾ ਜੰਗ ਵਿੱਚ ਮਾਰਿਆ ਗਿਆ। ਅਬਦਾਲੀ ਨੇ ਸੂਕਦੇ ਝਨਾ ਦਰਿਆ ਵਿੱਚ ਛਾਲ ਮਾਰ ਕੇ ਆਪਣੀ ਜਾਨ ਬਚਾਈ। ਹਰਿਮੰਦਰ ਵੱਲ ਮਾੜੀ ਅੱਖ ਰੱਖਣ ਵਾਲਾ ਜਰਵਾਣਾ ਅਹਿਮਦ ਸ਼ਾਹ ਅਬਦਾਲੀ ਆਪਣਾ ਬਾਦਸ਼ਾਹੀ ਜਲੌਅ ਗਵਾ ਬੈਠਾ। ਸਿੱਖਾਂ ਨੇ ਉਸ ਦੇ ਪੈਰਾਂ ਥੱਲੇ ਧਮੂਚੇ ਡਾਹੀ ਰੱਖੇ, ਉਸ ਨੂੰ ਇੰਨਾ ਡਰਾਇਆ ਕਿ ਉਹ ਮੁੜ ਭਾਰਤ `ਤੇ ਹਮਲਾ ਕਰਨ ਜੋਗਾ ਨਾ ਰਿਹਾ। ਭਾਰਤ ਵੱਲ ਲਲਚਾਈਆਂ ਅੱਖਾਂ ਨਾਲ ਵੇਖਦਾ ਵੇਖਦਾ ਹੀ ਉਹ 1772 ਈ. ਵਿੱਚ ਮਰ ਗਿਆ। ਸਿੱਖ ਸੂਰਮਿਆਂ ਨੇ ਹਰਿਮੰਦਰ ਸਾਹਿਬ ਤੋਂ ਪ੍ਰੇਰਨਾ ਲੈ ਕੇ ਇਸ ਜਰਵਾਣੇ ਨੂੰ ਉਹ ਚਣੇ ਚਬਾਏ ਕਿ ਉਸ ਦੇ ਸਾਰੇ ਮਨਸੂਬੇ ਖਾਕ ਵਿੱਚ ਮਿਲ ਗਏ ਤੇ ਖਾਲਸੇ ਦੇ ਸ਼ਾਨ ਰੂਪੀ ਨਿਸ਼ਾਨ ਸਾਹਿਬ, ਅਬਦਾਲੀ ਦੇ ਘਰ ਤਕ `ਤੇ ਝੂਲਣ ਲੱਗ ਪਏ। ਇਵੇਂ ਹਰਿਮੰਦਰ (ਸਾਹਿਬ) ਨੂੰ ਢਾਹੁਣ ਵਾਲਾ ਖੁਦ ਢਹਿ ਢੇਰੀ ਹੋ ਗਿਆ, ਪਰ ਹਰਿਮੰਦਰ ਤਾਂ ਅੱਜ ਵੀ ਜੀਵਤ ਹੈ, ਸੁਜਿੰਦ ਹੈ ਤੇ ਕਿਆਮਤ ਤੱਕ ਇਵੇਂ ਹੀ ਰਹੇਗਾ।”
1821 ਬਿਕ੍ਰਮੀ ਦੀ ਦੀਵਾਲੀ (17 ਅਕਤੂਬਰ 1764 ਈਸਵੀ) ਨੂੰ 60 ਹਜ਼ਾਰ ਸਿੰਘ ਅੰਮ੍ਰਿਤਸਰ ਇਕੱਠਾ ਹੋ ਗਿਆ। ਪੰਥ ਦੇ ਜਥੇਦਾਰ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਹੱਥੋਂ ਸ੍ਰੀ ਹਰਿਮੰਦਰ ਸਾਹਿਬ ਦੀ ਨਵੀਂ ਉਸਾਰੀ ਦਾ ਨੀਂਹ ਪੱਥਰ ਰਖਵਾਇਆ। ਭਾਈ ਦੇਸ ਰਾਜ ਸੁਰ ਸਿੰਘ ਵਾਲੇ ਨੂੰ ਇਸ ਪਾਵਨ ਸ੍ਰੀ ਹਰਿਮੰਦਰ ਸਾਹਿਬ ਦੀ ਸੁੰਦਰ ਇਮਾਰਤ ਨੂੰ ਨਵੇਂ ਸਿਰਿਉਂ ਦੋਬਾਰਾ ਤਿਆਰ ਕਰਨ ਲਈ ਸਾਰੇ ਖਜ਼ਾਨੇ ਦਾ ਮੋਦੀ ਬਣਾਇਆ ਗਿਆ। (ਪ੍ਰਸਿੱਧ ਇਤਿਹਾਸਕਾਰ ਗੰਡਾ ਸਿੰਘ, ਅਹਿਮਦ ਸ਼ਾਹ ਅਬਦਾਲੀ; ਅੰਗ੍ਰੇਜ਼ੀ)
ਤਾਜੀਏ ਨਿਕਲਣੇ ਬੰਦ ਹੋਏ: 25 ਫਰਵਰੀ 1809 ਨੂੰ ਮੁਹੱਰਮ ਦਾ ਦਿਨ ਸੀ। ਇਤਫਾਕ ਐਸਾ ਹੋਇਆ ਕਿ ਉਸ ਦਿਨ ਹੋਲਾ-ਮਹੱਲਾ ਮਨਾਉਣ ਲਈ ਬਹੁਤ ਸਾਰੇ ਨਿਹੰਗ ਸਿੰਘ ਵੀ ਅੰਮ੍ਰਿਤਸਰ ਇਕੱਠੇ ਹੋਏ ਸਨ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦੁਪਹਿਰ ਬਾਅਦ ਦਾ ਦੀਵਾਨ ਸਜਿਆ ਹੋਇਆ ਸੀ ਤੇ ਕਥਾ ਕੀਰਤਨ ਦਾ ਪਰਵਾਹ ਜਾਰੀ ਸੀ। ਮੈਟਕਾਫ਼ ਦੇ ਨਾਲ ਆਏ ਕੁਝ ਸ਼ੀਆ ਮੁਸਲਮਾਨ ਤਾਜੀਏ ਕੱਢ ਕੇ ਦਰਬਾਰ ਸਾਹਿਬ ਦੇ ਕੋਲੋਂ ਲੰਘ ਰਹੇ ਸਨ। ਉਨ੍ਹਾਂ ਦੇ ਅਲੀ ਯਾ ਹੁਸੈਨ ਦੇ ਨਾਹਰਿਆਂ ਨਾਲ ਭਾਰੀ ਸ਼ੋਰ ਪੈ ਗਿਆ। ਬੁੱਢਾ ਦਲ ਦੇ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਵੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸਜੇ ਦੀਵਾਨ ਵਿੱਚ ਬੈਠੇ ਸਨ। ਬਾਹਰਲੇ ਸ਼ੋਰ ਸ਼ਰਾਬੇ ਕਾਰਨ ਸਜੇ ਹੋਏ ਦੀਵਾਨ ਵਿੱਚ ਵਿਘਨ ਪੈ ਗਿਆ। ਅਕਾਲੀ ਜੀ ਨੇ ਦੋ-ਤਿੰਨ ਨਿਹੰਗਾਂ ਨੂੰ ਬਾਹਰ ਭੇਜਿਆ ਕਿ ਉਹ ਜਾ ਕੇ ਜਲੂਸ ਵਾਲਿਆਂ ਨੂੰ ਬੇਨਤੀ ਕਰਨ ਕਿ ਉਹ ਦਰਬਾਰ ਸਾਹਿਬ ਦੇ ਲਾਗੋਂ ਸ਼ਾਂਤੀ ਨਾਲ ਲੰਘ ਜਾਣ। ਅਕਾਲੀ ਸਿੰਘਾਂ ਦੀ ਬੇਨਤੀ ਮੰਨਣ ਦੀ ਬਜਾਇ ਮੈਟਕਾਫ ਦੇ ਸਿਪਾਹੀ ਸਿੰਘਾਂ ਦੇ ਗਲ ਪੈ ਗਏ ਤੇ ਆਪੋ ਵਿੱਚ ਹਥੋ-ਪਾਈ ਸ਼ੁਰੂ ਹੋ ਗਈ। ਇਸ ਰੌਲੇ-ਗੌਲੇ ਵਿੱਚ ਇੱਕ ਸਿੰਘ ਦੀ ਦਸਤਾਰ ਹੇਠਾਂ ਡਿੱਗ ਪਈ। ਜਦੋਂ ਇਸ ਘਟਨਾ ਦੀ ਖਬਰ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਨੂੰ ਪਹੁੰਚੀ ਤਾਂ ਉਹ ਕੁਝ ਕੁ ਅਕਾਲੀ ਸਿੰਘਾਂ ਨੂੰ ਨਾਲ ਲੈ ਕੇ ਮੌਕੇ `ਤੇ ਪਹੁੰਚ ਗਏ। ਅਕਾਲੀ ਸਿੰਘਾਂ ਕੋਲ ਬਹੁਤਾ ਕਰਕੇ ਤਲਵਾਰਾਂ ਤੇ ਭਾਲੇ ਹੀ ਸਨ, ਜਦਕਿ ਮੈਟਕਾਫ ਦੇ ਸੈਨਿਕ ਬੰਦੂਕਾਂ ਤੇ ਗੋਲੀਆਂ ਨਾਲ ਲੈਸ ਸਨ। ਪਲੋ-ਪਲੀ ਦੋਹਾਂ ਪਾਸੋਂ ਵੱਡਾ ਨੁਕਸਾਨ ਹੋਇਆ, ਕਈ ਬੰਦੇ ਮਾਰੇ ਗਏ। ਸਿੱਕਾ ਬਾਰੂਦ ਕੋਲ ਨਾ ਹੋਣ ਕਰਕੇ ਬਹੁਤਾ ਜਾਨੀ ਨੁਕਸਾਨ ਨਿਹੰਗ ਸਿੰਘ ਅਕਾਲੀਆਂ ਦਾ ਹੋਇਆ; ਪਰ ਮੈਟਕਾਫ ਦੇ ਸਿਪਾਹੀ ਆਪਣੀ ਹਾਲਤ ਵਿਗੜਦੀ ਵੇਖ ਕੇ ਉਥੋਂ ਭੱਜ ਗਏ। ਕੁਝ ਇੱਕ ਨੇ ਇਸ ਘਟਨਾ ਦੀ ਖਬਰ ਮਹਾਰਾਜਾ ਰਣਜੀਤ ਸਿੰਘ ਨੂੰ ਜਾ ਦਿਤੀ, ਜੋ ਉਸ ਸਮੇਂ ਗੋਬਿੰਦਗੜ੍ਹ ਦੇ ਕਿਲੇ ਵਿੱਚ ਠਹਿਰਿਆ ਹੋਇਆ ਸੀ। ਖਬਰ ਮਿਲਦਿਆਂ ਹੀ ਮਹਾਰਾਜਾ ਤੁਰੰਤ ਉਥੇ ਪਹੁੰਚ ਗਿਆ ਤੇ ਉਸ ਨੇ ਬੜੀ ਮੁਸ਼ਕਲ ਨਾਲ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਨੂੰ ਸ਼ਾਂਤ ਕਰਕੇ ਉਨ੍ਹਾਂ ਨੂੰ ਡੇਰੇ ਭੇਜਿਆ ਤੇ ਮੈਟਕਾਫ ਨੂੰ ਮਿਲ ਕੇ ਇਸ ਗੱਲ ਦਾ ਅਫਸੋਸ ਪ੍ਰਗਟ ਕੀਤਾ ਕਿ ਉਸ ਦੇ ਕੁਝ ਸਾਥੀਆਂ ਨਾਲ ਇਹ ਅਣਸੁਖਾਵੀਂ ਘਟਨਾ ਵਾਪਰੀ ਹੈ। ਇਸ ਝਗੜੇ ਦਾ ਫੌਰੀ ਤੇ ਇੱਕ ਸਥਾਈ ਅਸਰ ਇਹ ਜ਼ਰੂਰ ਹੋਇਆ ਕਿ ਉਸ ਦਿਨ ਤੋਂ ਸ੍ਰੀ ਦਰਬਾਰ ਸਾਹਿਬ ਲਾਗਿਉਂ ਤਾਜੀਏ ਨਿਕਲਣੇ ਬੰਦ ਹੋ ਗਏ।
1848 ਵਿੱਚ ਨਿਹੰਗ ਅਕਾਲੀਆਂ ਨੂੰ ਫਾਂਸੀ: ਈਸਟ ਇੰਡੀਆਂ ਕੰਪਨੀ ਦੀ ਕੋਰ ਰੈਜਮੈਂਟ ਦੀ ਫੌਝ ਜੁੱਤੀਆਂ ਪਾ ਕੇ ਸ੍ਰੀ ਹਰਿਮੰਦਰ ਸਾਹਿਬ ਦਾਖਲ ਹੋਣ `ਤੇ ਬੁੱਢਾ ਦਲ ਦੇ ਨਿਹੰਗ ਸਿੰਘ ਅਕਾਲੀਆਂ ਨੇ ਉਨ੍ਹਾਂ ਨੂੰ ਘੇਰ ਲਿਆ। ਉਹ ਅਕਾਲੀਆਂ ਦੇ ਰੋਸ ਅਤੇ ਮਰਯਾਦਾ ਸਬੰਧੀ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ ਸਨ। ਇਹ ਮਾਮਲਾ ਬੁੰਗਾ ਸ੍ਰੀ ਅਕਾਲ ਤਖ਼ਤ ਸਾਹਿਬ ਨਜ਼ਦੀਕ ਹੋਰ ਭੱਖ ਗਿਆ। ਇਸ ਝਗੜੇ ਵਿੱਚ ਈਸਟ ਇੰਡੀਆ ਕੰਪਨੀ ਦੀ ਫੌਜ ਦਾ ਇੱਕ ਸੂਬੇਦਾਰ ਮਾਰਿਆ ਗਿਆ। ਕੋਰ ਦਾ ਕਮਾਂਡੈਂਟ ਤੇ ਕੁਝ ਹੋਰ ਸਿਪਾਹੀ ਜ਼ਖ਼ਮੀ ਹੋ ਗਏ। ਇਨ੍ਹਾਂ ਸਾਰੇ ਨਿਹੰਗ ਸਿੰਘ ਅਕਾਲੀਆਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਦਰਬਾਰ ਵਿੱਚ ਪੇਸ਼ ਕੀਤਾ ਗਿਆ। ਇਸ ਸਬੰਧੀ ਨਿਹੰਗ ਅਕਾਲੀ ਗੰਡਾ ਸਿੰਘ ਅਤੇ ਉਸ ਦੇ ਦੋ ਸਾਥੀਆਂ ਤੇ ਸੂਬੇਦਾਰ ਦਾ ਕਤਲ, ਕੋਰ ਕਮਾਂਡੈਂਟ ਤੇ ਉਸ ਦੇ ਸਾਥੀਆਂ ਨੂੰ ਜ਼ਖ਼ਮੀ ਕਰਨ ਦੇ ਦੋਸ਼ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਅਤੇ ਦੋਸ਼ ਸਾਬਤ ਹੋਣ `ਤੇ ਨਿਹੰਗ ਗੰਡਾ ਸਿੰਘ ਤੇ ਉਸ ਦੇ ਦੋ ਹੋਰ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਬਾਕੀ ਬਚੇ ਛੇ ਕੈਦੀਆਂ- ਬਿਬੇਕ ਸਿੰਘ, ਖੁਰਗ ਸਿੰਘ, ਹੀਰਾ ਸਿੰਘ, ਹੁਕਮ ਸਿੰਘ ਗੌਰ, ਮਸਤਾਨ ਸਿੰਘ ਤੇ ਸਥਾਨ ਸਿੰਘ ਨੂੰ ਸੱਤ-ਸੱਤ ਸਾਲ ਲਈ ਬਾਮੁਸ਼ਕਤ ਕੈਦ ਸੁਣਾਈ ਗਈ। ਨਿਹੰਗ ਅਕਾਲੀ ਗੰਡਾ ਸਿੰਘ ਦੇ ਨਾਲ ਦੋ ਹੋਰ ਫਾਂਸੀ ਚੜ੍ਹ ਕੇ ਸ਼ਹੀਦ ਹੋਣ ਵਾਲੇ ਸਿੰਘਾਂ ਦੇ ਨਾਂਵਾਂ ਦਾ ਵੇਰਵਾ ਨਹੀਂ ਮਿੱਲ ਸਕਿਆ। ਨਿਹੰਗ ਅਕਾਲੀ ਗੰਡਾ ਸਿੰਘ ਬਾਰੇ ਇਹ ਵੀ ਵੇਰਵਾ ਮਿਲਦਾ ਹੈ ਕਿ ਮਾਝੇ ਦੇਸ਼ ਦੇ ਮਰਹੂਮ ਗਵਰਨਰ ਸ. ਲਹਿਣਾ ਸਿੰਘ ਮਜੀਠੀਏ ਨਾਲ ਵੀ ਉਸ ਦਾ ਝਗੜਾ ਰਿਹਾ ਤੇ ਮਜੀਠੀਏ ਨੇ ਉਸ ਦੀ ਜਾਇਦਾਦ ਵੀ ਲੁੱਟ ਲਈ ਸੀ। ਬਾਕੀ ਛੇ ਨਿਹੰਗ ਸਿੰਘ ਅਕਾਲੀਆਂ ਨੂੰ ਵਿਸ਼ੇਸ਼ ਤੌਰ `ਤੇ ਬਰੇਲੀ ਜੇਲ੍ਹ ਵਿੱਚ ਸਖ਼ਤ ਪਹਿਰੇ ਹੇਠ ਰੱਖਿਆ ਗਿਆ, ਜੋਹਨ ਲਾਰੈਸ ਨੇ ਆਪਣੇ ਪੱਤਰ ਵਿੱਚ ਇਨ੍ਹਾਂ ਨੂੰ ਜਲਾਵਤਨੀ ਕਰਨ ਦੀ ਸਿਫਾਰਸ਼ ਭੇਜੀ ਸੀ।
ਅੰਗਰੇਜ਼ ਅਫਸਰਾਂ ਦੀਆਂ ਕੁਰਸੀਆਂ: ਨਨਕਾਣਾ ਸਾਹਿਬ ਦੇ ਸਾਕੇ ਦੇ ਰੋਸ ਵਜੋਂ ਜਥੇਦਾਰ ਤੇਜਾ ਸਿੰਘ ਭੁੱਚਰ ਨੇ ਸਾਰੀ ਜ਼ਿੰਦਗੀ ਕਾਲੇ ਬਸਤਰ ਪਹਿਨਣ ਦਾ ਫੈਸਲਾ ਕੀਤਾ ਤੇ ਸਾਰੀ ਜ਼ਿੰਦਗੀ ਕਾਲੇ ਬਸਤਰ ਪਹਿਨੇ। ਮਹੰਤਾਂ-ਪੁਜਾਰੀਆਂ ਸਮੇਂ ਅੰਗਰੇਜ਼ ਅਫਸਰ ਸ੍ਰੀ ਦਰਬਾਰ ਸਾਹਿਬ ਦੀ ਘੰਟਾ ਘਰ ਬਾਹੀ ਵਿਖੇ ਕੁਰਸੀਆਂ `ਤੇ ਬੈਠ ਕੇ ਦੀਵਾਲੀ ਵੇਖਿਆ ਕਰਦੇ ਸਨ। ਇਸ ਪਰੰਪਰਾ ਦਾ ਵੀ ਜਥੇਦਾਰ ਭੁੱਚਰ ਨੇ ਸਖ਼ਤ ਵਿਰੋਧ ਹੀ ਨਹੀਂ ਕੀਤਾ, ਸਗੋਂ ਆਪ ਠੁੱਡੇ ਮਾਰ ਕੇ ਕੁਰਸੀਆਂ ਵਗਾਹ ਮਾਰੀਆਂ ਤੇ ਉਨ੍ਹਾਂ ਨੂੰ ਦਰੀਆਂ `ਤੇ ਬੈਠਣ ਲਈ ਕਹਿ ਦਿੱਤਾ। ਫਿਰ ਅੰਗਰੇਜ਼ ਸਰਕਾਰ ਦਾ ਤਸ਼ੱਦਦ ਜਥੇਦਾਰ `ਤੇ ਢਹਿ ਪਿਆ। ਉਸ `ਤੇ ਕਈ ਕੇਸ ਬਣਾ ਕੇ ਜੇਲ੍ਹ ਵਿੱਚ ਡੱਕ ਦਿੱਤਾ। ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ ਵਿੱਚ 16-17 ਜੂਨ 1921 ਦੀ ਦਰਮਿਆਨੀ ਰਾਤ ਨੂੰ ਪੁਲਿਸ ਨੇ ਅਚਨਚੇਤ ਛਾਪਾ ਮਾਰਿਆ, ਤਦ ਤੇਜਾ ਸਿੰਘ ਭੁੱਚਰ ਨੇ ਆਪਣੇ ਗੜਗਜ ਅਕਾਲੀ ਦੀਵਾਨ ਦੇ ਸਿੰਘਾਂ ਨੂੰ ਨਾਲ ਲੈ ਕੇ 5-6 ਮਹੀਨੇ ਐਜੀਟੇਸ਼ਨਲ ਕੀਤੀ ਤੇ ਕਰਵਾਈ, ਜਿਸਦੇ ਅਸਰ ਨਾਲ ਗੌਰਮਿੰਟ ਨੂੰ ਸਭ ਦੇ ਸਭ ਨਿਹੰਗ ਸਿੰਘਾਂ ਨੂੰ ਬਿਨਾ ਸ਼ਰਤ ਛੱਡਣਾ ਪਿਆ ਤੇ ਉਨ੍ਹਾਂ ਦਾ ਅਸਬਾਬ ਆਦਿ ਵਾਪਸ ਕਰ ਕੇ ਮੁਆਫੀ ਮੰਗਣੀ ਪਈ। (ਖਾਲਸਾ ਸੇਵਕ ਅੰਮ੍ਰਿਤਸਰ, 10 ਨਵੰਬਰ 1939)
ਭਾਰਤੀ ਫੌਜ ਵੱਲੋਂ ਹਮਲਾ: 4, 5 ਤੇ 6 ਜੂਨ 1984 ਈ: ਨੂੰ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਉੱਪਰ ਭਾਰਤੀ ਫ਼ੌਜ ਵੱਲੋਂ ਕੀਤੇ ‘ਨੀਲਾ ਤਾਰਾ` ਫੌਜੀ ਹਮਲੇ ਸਮੇਂ ਹੋਏ ਵੱਡੇ ਨੁਕਸਾਨ ਤੋਂ ਇਲਾਵਾ ਜਿਥੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦਰਸ਼ਨੀ ਡਿਉਢੀ ਦੇ ਦਰਮਿਆਨ ਸਿਹਨ ਵਿੱਚ ਅਤੇ ਸਰੋਵਰ ਦੇ ਚੌਗਿਰਦੇ ਪਰਿਕਰਮਾ ਵਿੱਚ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਤੇ ਬੱਚੇ-ਬੱਚੀਆਂ ਦਾ ਖੂਨ ਡੁੱਲਿ੍ਹਆ, ਉਥੇ ਸਰੋਵਰ ਦੇ ਵਿੱਚ ਵੀ ਸ਼ਹੀਦਾਂ ਦੀਆਂ ਲਾਸ਼ਾਂ ਡਿੱਗਣ, ਮਾਰੂ ਹਥਿਆਰ ਤੇ ਸਿੱਕਾ ਬਾਰੂਦ ਵਿੱਚ ਸੁੱਟਣ, ਫ਼ੌਜੀਆਂ ਵੱਲੋਂ ਕੱਪੜੇ ਧੋਣ ਨਾਲ ਸਰੋਵਰ ਦਾ ਅੰਮ੍ਰਿਤ-ਜਲ ਵੀ ਗੰਧਲਾ ਤੇ ਅਪਵਿੱਤਰ ਹੋ ਗਿਆ ਸੀ। 29 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਅਖੰਡ ਪਾਠ ਅਰੰਭ ਕਰਕੇ ਪਹਿਲੀ ਅਕਤੂਬਰ ਨੂੰ ਭੋਗ ਪੈਣ ਉਪਰੰਤ ਸਰੋਵਰ ਵਿੱਚੋਂ ਜਲ ਕੱਢਣ ਦੀ ਅਰੰਭਤਾ ਹੋਈ ਅਤੇ 12 ਅਕਤੂਬਰ 11 ਵਜੇ ਪੰਜ ਪਿਆਰਿਆਂ ਵੱਲੋਂ ਕਾਰਸੇਵਾ ਦੀ ਅਰੰਭਤਾ ਕੀਤੀ ਗਈ।