ਖਿਡਾਰੀ ਪੰਜ-ਆਬ ਦੇ (4)
ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫੇਰ ਲਹਿੰਦਾ ਪੰਜਾਬ। ਖਿਡਾਰੀ ਹੱਦਾਂ-ਸਰਹੱਦਾਂ ਤੋਂ ਪਾਰ ਹੁੰਦੇ ਹਨ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾਵੇਗੀ। ਇਸ ਕਾਲਮ ਵਿੱਚ 110 ਮੀਟਰ ਹਰਡਲਜ਼ ਦੌੜ ਵਿੱਚ ਏਸ਼ੀਆ ਤੇ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਅਤੇ ਤਿੰਨ ਵਾਰ ਦੇ ਓਲੰਪੀਅਨ ਪਾਕਿਸਤਾਨ ਦੇ ਗੁਲਾਮ ਰਾਜ਼ਿਕ ਦਾ ਜ਼ਿਕਰ ਹੈ।
ਨਵਦੀਪ ਸਿੰਘ ਗਿੱਲ
ਫੋਨ: +91-9780036216
ਖੇਡਾਂ ਦੇ ਖੇਤਰ ਵਿੱਚ ਭਾਰਤ ਤੇ ਪਾਕਿਸਤਾਨ ਵਿੱਚ ਜਿੱਥੇ ਦੋਵੇਂ ਦੇਸ਼ਾਂ ਦੇ ਪੰਜਾਬਾਂ ਦਾ ਅਹਿਮ ਯੋਗਦਾਨ ਹੈ, ਉਥੇ ਹਾਕੀ ਤੇ ਅਥਲੈਟਿਕਸ ਵਿੱਚ ਤਾਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਖਿਡਾਰੀਆਂ ਦਾ ਕੋਈ ਸਾਨੀ ਨਹੀਂ। ਅਥਲੈਟਿਕਸ ਖੇਡ ਵਿੱਚ ਤਾਂ ਦੋਵਾਂ ਪੰਜਾਬਾਂ ਦੇ ਕਈ ਸਮਕਾਲੀ ਖਿਡਾਰੀ ਹੋਏ ਹਨ ਅਤੇ ਖੇਡਾਂ ਦੇ ਵੱਡੇ ਕੌਮਾਂਤਰੀ ਮੰਚ ਉਤੇ ਸਿਖਰਲੀਆਂ ਪੁਜੀਸ਼ਨਾਂ ਲਈ ਮੁਕਾਬਲਾ ਦੋਵੇਂ ਪੰਜਾਬਾਂ ਦੇ ਖਿਡਾਰੀਆਂ ਵਿਚਕਾਰ ਦੇਖਣ ਨੂੰ ਮਿਲਿਆ। ਜਿਵੇਂ ਕਿ 200 ਮੀਟਰ ਦੌੜ ਵਿੱਚ ਮਿਲਖਾ ਸਿੰਘ ਤੇ ਅਬਦੁਲ ਖਾਲਿਕ, 110 ਮੀਟਰ ਹਰਡਲਜ਼ ਦੌੜ ਵਿੱਚ ਗੁਰਬਚਨ ਸਿੰਘ ਰੰਧਾਵਾ ਤੇ ਗੁਲਾਮ ਰਾਜ਼ਿਕ ਅਤੇ ਜੈਵਲਿਨ ਥਰੋਅ ਵਿੱਚ ਨੀਰਜ ਚੋਪੜਾ ਤੇ ਅਰਸ਼ਦ ਨਦੀਮ।
ਗੁਲਾਮ ਰਾਜ਼ਿਕ ਭਾਰਤ ਦੇ ਗੁਰਬਚਨ ਸਿੰਘ ਰੰਧਾਵਾ ਦਾ ਸਮਕਾਲੀ ਰਿਹਾ। ਦੋਹਾਂ ਵਿਚਾਲੇ ਦੌੜ ਵਿੱਚ ਮੁਕਾਬਲੇਬਾਜ਼ੀ ਦੇਖਣ ਤੋਂ ਇਲਾਵਾ ਸਾਂਝ ਵੀ ਬਹੁਤ ਰਹੀ ਹੈ, ਜਿਸ ਬਾਰੇ ਰੰਧਾਵਾ ਸਾਹਿਬ ਨੇ ਬਹੁਤ ਹੀ ਭਾਵੁਕ ਤਰੀਕੇ ਨਾਲ ਜ਼ਿਕਰ ਕੀਤਾ, ਜੋ ਉਨ੍ਹਾਂ ਦੀ ਜੀਵਨੀ ਦਾ ਹਿੱਸਾ ਹੈ। ਗੁਰਬਚਨ ਸਿੰਘ ਰੰਧਾਵਾ ਦੀ ਜੀਵਨੀ ਲਿਖਦਿਆਂ ਮੈਂ ਉਸ ਦਾ ਟਾਈਟਲ ‘ਉੱਡਣਾ ਬਾਜ਼’ ਰੱਖਿਆ ਸੀ। ਇਸੇ ਲਈ ਗੁਲਾਮ ਰਾਜ਼ਿਕ ਨੂੰ ਅਸੀਂ ਲਹਿੰਦੇ ਪੰਜਾਬ ਦਾ ‘ਉੱਡਣਾ ਬਾਜ਼’ ਕਹਾਂਗੇ।
ਗੁਲਾਮ ਰਾਜ਼ਿਕ ਦਾ ਜਨਮ 11 ਨਵੰਬਰ 1932 ਨੂੰ ਪਾਕਿਸਤਾਨ ਵਿਚਲੇ ਪੰਜਾਬ ਦੇ ਜੇਹਲਮ ਜ਼ਿਲ੍ਹੇ ਦੇ ਪਿੰਡ ਨਥੌਟ ਵਿਖੇ ਹੋਇਆ। ਰਾਜ਼ਿਕ ਨੇ ਵੀਹ ਵਰਿ੍ਹਆਂ ਦੀ ਉਮਰੇ ਖੇਡਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰਦਿਆਂ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ। ਪਾਕਿਸਤਾਨ ਆਰਮੀ ਦੇ ਜਵਾਨ ਰਾਜ਼ਿਕ ਦਾ ਮੁੱਖ ਈਵੈਂਟ 110 ਮੀਟਰ ਹਰਡਲਜ਼ ਸੀ, ਜਦੋਂ ਕਿ 100 ਮੀਟਰ ਫਰਾਟਾ ਦੌੜ ਅਤੇ 4 ਗੁਣਾਂ 100 ਮੀਟਰ ਰਿਲੇਅ ਦੌੜ ਵਿੱਚ ਵੀ ਹਿੱਸਾ ਲਿਆ। ਛੇ ਫੁੱਟ ਲੰਬੇ ਰਾਜ਼ਿਕ ਨੇ ਤਿੰਨ ਓਲੰਪਿਕ ਖੇਡਾਂ (ਮੈਲਬਰਨ 1956, ਰੋਮ 1960 ਤੇ ਟੋਕੀਓ) ਵਿੱਚ ਹਿੱਸਾ ਲਿਆ। ਇਨ੍ਹਾਂ ਤਿੰਨਾਂ ਓਲੰਪਿਕ ਖੇਡਾਂ ਵਿੱਚ ਹੀ ਮਿਲਖਾ ਸਿੰਘ ਨੇ ਵੀ ਹਿੱਸਾ ਲਿਆ ਸੀ, ਜਦੋਂ ਕਿ ਗੁਰਬਚਨ ਸਿੰਘ ਰੰਧਾਵਾ ਨੇ 1960 ਵਿੱਚ ਰੋਮ ਤੇ 1964 ਵਿੱਚ ਟੋਕੀਓ ਓਲੰਪਿਕਸ ਵਿੱਚ ਹਿੱਸਾ ਲਿਆ ਸੀ। 1956 ਦੀਆਂ ਮੈਲਬਰਨ ਓਲੰਪਿਕਸ ਵਿੱਚ ਰਾਜ਼ਿਕ ਨੇ 100 ਮੀਟਰ, 110 ਮੀਟਰ ਹਰਡਲਜ਼ ਦੌੜ ਤੇ 4 ਗੁਣਾਂ 100 ਮੀਟਰ ਰਿਲੇਅ ਦੌੜ, 1960 ਵਿੱਚ ਰੋਮ ਵਿਖੇ 110 ਮੀਟਰ ਹਰਡਲਜ਼ ਦੌੜ ਤੇ 4 ਗੁਣਾਂ 100 ਮੀਟਰ ਰਿਲੇਅ ਦੌੜ ਅਤੇ 1964 ਵਿੱਚ ਟੋਕੀਓ ਵਿਖੇ 110 ਮੀਟਰ ਹਰਡਲਜ਼ ਦੌੜ ਵਿੱਚ ਹਿੱਸਾ ਲਿਆ।
ਰਾਜ਼ਿਕ ਨੇ ਆਪਣੀ ਪਹਿਲੀ ਕੌਮਾਂਤਰੀ ਪ੍ਰਾਪਤੀ 1957 ਵਿੱਚ ਏਥਨਜ਼ ਵਿਖੇ ਵਿਸ਼ਵ ਮਿਲਟਰੀ ਮੀਟ ਵਿੱਚ ਸੋਨੇ ਦਾ ਤਮਗ਼ਾ ਜਿੱਤ ਕੇ ਪ੍ਰਾਪਤ ਕੀਤੀ। ਏਸ਼ੀਅਨ ਤੇ ਕਾਮਨਵੈਲਥ ਗੇਮਜ਼ ਵਿੱਚ ਕੁੱਲ ਮਿਲਾ ਕੇ ਗੁਲਾਮ ਰਾਜ਼ਿਕ ਨੇ ਛੇ ਤਮਗ਼ੇ ਜਿੱਤੇ ਹਨ, ਜਿਨ੍ਹਾਂ ਵਿੱਚ ਤਿੰਨ ਸੋਨੇ, ਇੱਕ ਚਾਂਦੀ ਤੇ ਦੋ ਕਾਂਸੀ ਦੇ ਤਮਗ਼ੇ ਸ਼ਾਮਲ ਹਨ। ਏਸ਼ੀਅਨ ਗੇਮਜ਼ ਵਿੱਚ ਰਾਜ਼ਿਕ ਨੇ 1958 ਵਿੱਚ ਟੋਕੀਓ ਤੇ 1966 ਬੈਂਕਾਕ ਵਿੱਚ ਸੋਨੇ ਅਤੇ 1962 ਵਿੱਚ ਜਕਾਰਤਾ ਵਿਖੇ ਚਾਂਦੀ ਦਾ ਤਮਗ਼ਾ ਜਿੱਤਿਆ। ਕਾਮਨਵੈਲਥ ਗੇਮਜ਼ ਵਿੱਚ ਰਾਜ਼ਿਕ ਨੇ 1962 ਵਿੱਚ ਪਰਥ ਵਿਖੇ ਚਾਂਦੀ ਅਤੇ 1958 ਵਿੱਚ ਕਾਰਡਿਫ ਅਤੇ 1966 ਵਿੱਚ ਕਿੰਗਸਟਨ ਵਿੱਚ ਕਾਂਸੀ ਦੇ ਤਮਗ਼ੇ ਜਿੱਤੇ।
ਇਸ ਤੋਂ ਇਲਾਵਾ ਹੋਰਨਾਂ ਕੌਮਾਂਤਰੀ ਖੇਡ ਮੁਕਾਬਲਿਆਂ ਵਿੱਚ ਰਾਜ਼ਿਕ ਨੇ ਅਨੇਕਾਂ ਤਮਗ਼ੇ ਜਿੱਤੇ ਹਨ, ਜਿਨ੍ਹਾਂ ਵਿੱਚ 1959 ਵਿੱਚ ਡਬਲਿਨ ਵਿਖੇ ਕੌਮਾਂਤਰੀ ਮੀਟ ਵਿੱਚ ਸੋਨੇ ਦਾ ਤਮਗ਼ਾ, ਐਮੇਚਿਓਰ ਅਥਲੈਟਿਕਸ ਮੀਟ ਵਿੱਚ ਸੋਨੇ ਦਾ ਤਮਗ਼ਾ, ਕਾਰਡਿਫ ਵਿਖੇ ਇੰਟਰਨੈਸ਼ਨਲ ਮੀਟ ਵਿੱਚ ਸੋਨੇ ਦਾ ਤਮਗ਼ਾ, 1959 ਵਿੱਚ ਇੰਟਰਨੈਸ਼ਨਲ ਟਰੈਕ ਮੀਟ ਵਿੱਚ ਸੋਨੇ ਦਾ ਤਮਗ਼ਾ, ਸਵੀਡਨ, ਸਟਾਕਹੋਮ ਤੇ ਬੋਰਾਸ ਦੀਆਂ ਤਿੰਨੇ ਮੀਟਾਂ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ। ਮਿਲਟਰੀ ਦੀਆਂ ਵਿਸ਼ਵ ਖੇਡਾਂ ਵਿੱਚ 1961 ਤੇ 1963 ਵਿੱਚ ਬਰੱਸਲਜ਼ ਵਿਖੇ ਸੋਨੇ ਅਤੇ 1963 ਵਿੱਚ ਬੈਲਜੀਅਮ ਵਿਖੇ ਕਾਂਸੀ ਦਾ ਤਮਗ਼ਾ ਜਿੱਤਿਆ।
ਗੁਲਾਮ ਰਾਜ਼ਿਕ ਨੇ 100 ਮੀਟਰ ਦੌੜ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ 1958 ਵਿੱਚ 10.5 ਸਕਿੰਟ ਅਤੇ 110 ਮੀਟਰ ਹਰਡਲਜ਼ ਦੌੜ ਵਿੱਚ 1963 ਵਿੱਚ 13.9 ਸਕਿੰਟ ਦਾ ਸਮਾਂ ਕੱਢ ਕੇ ਕੀਤਾ। ਪਾਕਿਸਤਾਨ ਸਰਕਾਰ ਨੇ 1964 ਵਿੱਚ ਗੁਲਾਮ ਰਾਜ਼ਿਕ ਨੂੰ ਦੇਸ਼ ਦਾ ਸਰਵਉੱਚ ਲਿਟਰੇਰੀ ਪੁਰਸਕਾਰ ‘ਪਰਾਈਡ ਆਫ਼ ਪ੍ਰਫਾਰਮੈਂਸ’ ਦੇ ਸਨਮਾਨ ਨਾਲ ਨਿਵਾਜ਼ਿਆ। ਗੁਲਾਮ ਰਾਜ਼ਿਕ ਦਾ ਇੰਤਕਾਲ 24 ਜੂਨ 1989 ਵਿੱਚ ਰਾਵਲਪਿੰਡੀ ਵਿਖੇ ਹੋਇਆ।
ਭਾਰਤ ਤੇ ਪਾਕਿਸਤਾਨ ਦੀਆਂ ਸਾਂਝਾ ਅਤੇ ਗੁਲਾਮ ਰਾਜ਼ਿਕ ਤੇ ਗੁਰਬਚਨ ਸਿੰਘ ਰੰਧਾਵਾ ਵਿਚਾਲੇ ਇੱਕ ਭਾਵੁਕ ਸਾਂਝ ਦਾ ਜ਼ਿਕਰ ਜ਼ਰੂਰ ਕਰਾਂਗੇ। ਖੇਡ ਦੇ ਮੈਦਾਨ ਵਿੱਚ ਭਾਰਤ ਤੇ ਪਾਕਿਸਤਾਨੀ ਖਿਡਾਰੀ ਭਾਵੇਂ ਕਿੰਨੇ ਵੀ ਰਵਾਇਤੀ ਵਿਰੋਧੀ ਰਹੇ, ਪਰ ਕਈ ਖਿਡਾਰੀਆਂ ਦੇ ਮੈਦਾਨ ਤੋਂ ਬਾਹਰ ਆਪਸ ਵਿੱਚ ਬਹੁਤ ਗੂੜ੍ਹੇ ਰਿਸ਼ਤੇ ਰਹੇ ਹਨ। ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਖਿਡਾਰੀਆਂ ਦੀ ਤਾਂ ਇੱਕੋ ਬੋਲੀ, ਸੱਭਿਆਚਾਰ ਹੋਣ ਕਰਕੇ ਖੇਡ ਮੈਦਾਨ ਵਿੱਚ ਦੇਸੀ ਭਾਸ਼ਾ ਵਿੱਚ ਵੀ ਇੱਕ-ਦੂਜੇ ਨੂੰ ਵੰਗਾਰਦੇ ਦੇਖੇ ਜਾ ਸਕਦੇ ਹਨ। 1964 ਦੀਆਂ ਟੋਕੀਓ ਓਲੰਪਿਕਸ ਵਿਚ ਰੰਧਾਵਾ ਤੇ ਰਾਜ਼ਿਕ 110 ਮੀਟਰ ਹਰਡਲਜ਼ ਵਿੱਚ ਹਿੱਸਾ ਲੈ ਰਹੇ ਸਨ। ਰਾਜ਼ਿਕ ਦੀ ਇਹ ਤੀਜੀ ਓਲੰਪਿਕਸ ਸੀ, ਜਦੋਂ ਕਿ ਰੰਧਾਵਾ ਦੀ ਦੂਜੀ। ਰਾਜ਼ਿਕ ਨੇ 1956 ਵਿੱਚ ਮੈਲਬਰਨ ਅਤੇ 1960 ਵਿੱਚ ਰੋਮ ਵਿਖੇ ਵੀ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਸੀ। 110 ਮੀਟਰ ਹਰਡਲਜ਼ ਰਾਜ਼ਿਕ ਦਾ ਮੁੱਖ ਈਵੈਂਟ ਸੀ, ਜਿਸ ਵਿੱਚ ਉਹ 1958 ਦੀਆਂ ਟੋਕੀਓ ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ ਜਿੱਤ ਚੁੱਕਾ ਸੀ। 1962 ਦੀਆਂ ਪਰਥ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਉਸ ਨੇ ਸੋਨ ਤਮਗਾ ਜਿੱਤਿਆ ਸੀ। ਦੂਜੇ ਪਾਸੇ ਰੰਧਾਵਾ 1962 ਦੀਆਂ ਜਕਾਰਤਾ ਦੀਆਂ ਏਸ਼ਿਆਈ ਖੇਡਾਂ ਵਿੱਚ ਬੈਸਟ ਅਥਲੀਟ ਬਣਨ ਤੋਂ ਬਾਅਦ ਦੂਜੀ ਵਾਰ ਓਲੰਪਿਕ ਅਖਾੜੇ ਵਿੱਚ ਉੱਤਰਿਆ ਸੀ। ਉਹ ਪਹਿਲੀ ਵਾਰ ਵੱਡੇ ਮੁਕਾਬਲੇ ਵਿੱਚ 110 ਮੀਟਰ ਹਰਡਲਜ਼ ਦੌੜ ਵਿੱਚ ਹਿੱਸਾ ਲੈ ਰਿਹਾ ਸੀ। ਏਸ਼ੀਆਡ ਵਿੱਚ ਉਸ ਨੇ ਡਿਕੈਥਲਨ ਵਿੱਚ ਸੋਨ ਤਮਗਾ ਜਿੱਤਿਆ ਸੀ।
ਟੋਕੀਓ ਵਿਖੇ ਰਾਜ਼ਿਕ ਦੂਜੀ ਹੀਟ ਵਿੱਚ ਦੌੜਿਆ, ਜਦੋਂ ਕਿ ਰੰਧਾਵਾ ਪੰਜਵੀਂ ਹੀਟ ਵਿੱਚ। ਰਾਜ਼ਿਕ 14.7 ਸਕਿੰਟ ਦੇ ਸਮੇਂ ਨਾਲ ਪੰਜਵੇਂ ਨੰਬਰ ਉਤੇ ਰਹਿਣ ਕਰਕੇ ਪਹਿਲੇ ਹੀ ਰਾਊਂਡ ਵਿੱਚੋਂ ਬਾਹਰ ਹੋ ਗਿਆ। ਰੰਧਾਵਾ ਨੇ 14.3 ਸਕਿੰਟ ਦਾ ਸਮਾਂ ਕੱਢ ਕੇ ਭਾਵੇਂ ਚੌਥਾ ਸਥਾਨ ਹਾਸਲ ਕੀਤਾ, ਪਰ ਉਹ ਬੈਸਟ ਲੂਜ਼ਰ ਹੋਣ ਕਰਕੇ ਸੈਮੀ ਫਾਈਨਲ ਲਈ ਕੁਆਲੀਫਾਈ ਹੋਣ ਵਾਲਾ ਆਖਰੀ 16ਵਾਂ ਅਥਲੀਟ ਸੀ। ਰਾਜ਼ਿਕ ਤੋਂ ਰਿਹਾ ਨਾ ਗਿਆ ਅਤੇ ਉਸ ਨੇ ਰੰਧਾਵਾ ਕੋਲ ਆ ਕੇ ਵਿਅੰਗ ਕਰਦਿਆਂ ਆਖਿਆ, “ਅੱਜ ਤਾਂ ਤੂੰ ਕਿਸਮਤ ਵਾਲਾ ਰਿਹਾ, ਪਰ ਭਲਕੇ ਦੀ ਸੈਮੀ ਫਾਈਨਲ ਹੀਟ ਵਿੱਚ ਤੂੰ ਆਖ਼ਰੀ ਸਥਾਨ ਉਤੇ ਆਵੇਗਾ।” ਸੈਮੀ ਫਾਈਨਲ ਵਿੱਚ ਰੰਧਾਵੇ ਨੂੰ ਸ਼ਾਇਦ ਇਹੋ ਬੋਲ ਕੰਨਾਂ ਵਿੱਚ ਗੂੰਜ ਰਹੇ ਸਨ, ਜਿਹੜਾ ਉਹ ਅਜਿਹਾ ਵਾ-ਵਰੋਲਾ ਬਣ ਕੇ ਦੌੜਿਆ ਕਿ 14 ਸਕਿੰਟ ਨਾਲ ਨਵਾਂ ਕੌਮੀ ਰਿਕਾਰਡ ਰੱਖਦਾ ਹੋਇਆ ਸੈਮੀ ਫਾਈਨਲ ਵਿੱਚ ਦੂਜੇ ਸਥਾਨ ਉਤੇ ਆਇਆ ਅਤੇ ਫ਼ਾਈਨਲ ਲਈ ਕੁਆਲੀਫਾਈ ਹੋ ਗਿਆ।
ਰੰਧਾਵਾ ਓਲੰਪਿਕ ਖੇਡਾਂ ਵਿੱਚ 110 ਮੀਟਰ ਹਰਡਲਜ਼ ਦੇ ਫਾਈਨਲ ਵਿੱਚ ਪਹੁੰਚਣ ਵਾਲਾ ਪਹਿਲਾ ਏਸ਼ਿਆਈ ਅਥਲੀਟ ਵੀ ਬਣ ਗਿਆ ਸੀ, ਜਿਸ ਦੀ ਇਸ ਇਤਿਹਾਸਕ ਪ੍ਰਾਪਤੀ ਉਤੇ ਉਸ ਨੂੰ ਸਭ ਤੋਂ ਪਹਿਲੀ ਵਧਾਈ ਵੀ ਗੁਆਂਢੀ ਮੁਲਕ ਪਾਕਿਸਤਾਨ ਦੇ ਗੁਲਾਮ ਰਾਜ਼ਿਕ ਨੇ ਹੀ ਦਿੱਤੀ, ਜਿਸ ਨੇ ਉਸ ਨੂੰ ਆਖਰੀ ਨੰਬਰ ਉਤੇ ਆਉਣ ਦਾ ਤਾਅਨਾ ਮਾਰਿਆ ਸੀ। ਰਾਜ਼ਿਕ ਨੇ ਰੰਧਾਵਾ ਕੋਲ ਆ ਕੇ ਨਾ ਸਿਰਫ਼ ਸਾਬਾਸ਼ ਦਿੱਤੀ, ਸਗੋਂ ਫਾਈਨਲ ਲਈ ਉਸ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਉਹ ਜ਼ਰੂਰ ਮੈਡਲ ਜਿੱਤੇਗਾ। ਰਾਜ਼ਿਕ ਦਾ ਬਦਲਿਆ ਨਜ਼ਰੀਆ ਇਕੱਲਾ ਗੱਲੀਬਾਤੀ ਨਹੀਂ ਸੀ, ਸਗੋਂ ਉਸ ਨੇ ਬੁਰੀ ਤਰ੍ਹਾਂ ਥੱਕ-ਟੁੱਟ ਚੁੱਕੇ ਰੰਧਾਵਾ ਦੀ ਮਾਲਸ਼ ਵੀ ਕੀਤੀ। ਵਰ੍ਹਦੇ ਮੀਂਹ ਤੇ 14 ਡਿਗਰੀ ਸੈਂਟੀਗ੍ਰੇਟ ਵਿੱਚ ਹੋਈ ਦੌੜ ਵਿੱਚ ਬੁਰੀ ਤਰ੍ਹਾਂ ਭਿੱਜ ਚੁੱਕੇ ਰੰਧਾਵਾ ਦੀਆਂ ਲੱਤਾਂ ਦੀ ਮਾਲਸ਼ ਕਰਦਾ ਹੋਇਆ ਰਜ਼ੀਕ ਆਪਣੇ ਮਿੱਤਰ ਨੂੰ ਫਾਈਨਲ ਲਈ ਤਿਆਰ ਕਰ ਰਿਹਾ ਸੀ। ਫਾਈਨਲ ਵੀ ਤਿੰਨ ਘੰਟੇ ਦੇ ਅੰਦਰ ਹੋਣ ਵਾਲਾ ਹੋਣ ਕਰਕੇ ਰੰਧਾਵਾ ਨੇ ਉਸੇ ਭਿੱਜੀ ਨਿੱਕਰ-ਬੁਣੈਨ, ਬੂਟ-ਜ਼ੁਰਾਬਾਂ ਵਿੱਚ ਦੌੜਨਾ ਸੀ। ਆਖਰ ਰਾਜ਼ਿਕ ਦੀ ਮੱਦਦ ਨਾਲ ਰੰਧਾਵਾ ਇਤਿਹਾਸਕ ਫਾਈਨਲ ਰੇਸ ਦੌੜ ਸਕਿਆ, ਜਿਸ ਵਿੱਚ ਉਸ ਨੇ ਫੇਰ 14 ਸਕਿੰਟ ਦਾ ਸਮਾਂ ਕੱਢ ਕੇ ਪੰਜਵਾਂ ਸਥਾਨ ਹਾਸਲ ਕੀਤਾ।
2021 ਵਿੱਚ ਟੋਕੀਓ ਓਲੰਪਿਕ ਖੇਡਾਂ ਦੌਰਾਨ ਵੀ ਰੰਧਾਵਾ ਤੇ ਰਾਜ਼ਿਕ ਦਾ ਕਿੱਸਾ ਯਾਦ ਆਇਆ, ਜਦੋਂ ਜੈਵਲਿਨ ਥਰੋਅ ਮੁਕਾਬਲੇ ਵਿੱਚ ਭਾਰਤ ਦਾ ਨੀਰਜ ਚੋਪੜਾ ਤੇ ਪਾਕਿਸਤਾਨ ਦਾ ਅਰਸ਼ਦ ਨਦੀਮ ਹਿੱਸਾ ਲੈ ਰਹੇ ਸਨ। ਨੀਰਜ ਨੇ ਪਹਿਲਾ ਸਥਾਨ ਹਾਸਲ ਕਰਦਿਆਂ ਸੋਨੇ ਦਾ ਤਮਗਾ ਜਿੱਤਿਆ, ਜਦੋਂ ਕਿ ਨਦੀਮ ਪੰਜਵੇਂ ਸਥਾਨ ਉਤੇ ਆਇਆ। ਨੀਰਜ ਨੇ ਜਿੱਤਣ ਤੋਂ ਬਾਅਦ ਇਹੋ ਗੱਲ ਕਹੀ ਕਿ ਬਹੁਤ ਚੰਗਾ ਹੁੰਦਾ ਜੇ ਨਦੀਮ ਵੀ ਪੋਡੀਅਮ (ਵਿਕਟਰੀ ਸਟੈਂਡ) ਉਤੇ ਹੁੰਦਾ। ਉਧਰੋਂ ਨਦੀਮ ਨੇ ਨੀਰਜ ਨੂੰ ਸੋਨ ਤਮਗਾ ਜਿੱਤਣ ’ਤੇ ਵਧਾਈ ਦਿੱਤੀ। ਭਾਰਤ-ਪਾਕਿਸਤਾਨ ਦੇ ਅਥਲੀਟਾਂ ਵੱਲੋਂ ਇੱਕ-ਦੂਜੇ ਪ੍ਰਤੀ ਦਿਖਾਏ ਸਤਿਕਾਰ ਨੇ ਰੰਧਾਵਾ ਤੇ ਰਾਜ਼ਿਕ ਦੀ ਯਾਦ ਦਿਵਾ ਦਿੱਤੀ, ਜਿਨ੍ਹਾਂ ਸਤਵੰਜਾ ਸਾਲ ਪਹਿਲਾਂ ਟੋਕੀਓ ਵਿਖੇ ਹੀ ਓਲੰਪਿਕਸ ਦੌਰਾਨ ਇੱਕ-ਦੂਜੇ ਪ੍ਰਤੀ ਅਪਣੱਤ ਦਿਖਾਉਂਦਿਆਂ ਖੇਡ ਭਾਵਨਾ ਦਾ ਮੁਜ਼ਾਹਰਾ ਕੀਤਾ ਸੀ।