ਮਿੱਲਟਸ ਦਾ ਅੰਤਰਰਾਸ਼ਟਰੀ ਸਾਲ 2023

Uncategorized

ਸਿਹਤਮੰਦ ਮਿੱਲਟਸ ਤੇ ਸਿਹਤਮੰਦ ਲੋਕ
ਡਾ. ਪੀ. ਐੱਸ. ਤਿਆਗੀ
ਫੋਨ: +91-9855446519
ਡਾ. ਸ਼ਾਲੂ ਵਿਆਸ
ਫੋਨ: +91-9996692444
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਜਲੰਧਰ
ਇੱਕ ਪਾਸੇ ਦੁਨੀਆਂ ਸਿਹਤਮੰਦ ਖਾਣਿਆਂ ਦੀ ਭਾਲ਼ ਵਿੱਚ ਅੱਜ ਬੜੀ ਜੱਦੋਜਹਿਦ ਕਰ ਰਹੀ ਹੈ ਤੇ ਦੂਜੇ ਪਾਸੇ ਸਾਡੇ ਮਨਾਂ ਵਿੱਚੋਂ ਭੁੱਲੇ ਵਿਸਰੇ ਤੇ ਆਪਣੀ ਅਹਿਮੀਅਤ ਗੁਆ ਚੁੱਕੇ ਬੜੇ ਹੀ ਪੁਰਾਣੇ ਖਾਣੇ, ਮੁੜ ਸਾਡੀ ਰਸੋਈ ਵਿੱਚ ਦਾਖਲ ਹੋਣ ਲਈ, ਸਾਡੀ ਰਜ਼ਾਮੰਦੀ ਦੀ ਉਡੀਕ ਕਰ ਰਹੇ ਹਨ। ਅਜਿਹੇ ਖਾਣਿਆਂ ਨੂੰ ਅੰਗਰੇਜ਼ੀ ਵਿੱਚ ਬੇਸ਼ਕ ਸਾਂਝੇ ਤੌਰ `ਤੇ ਮਿੱਲਟਸ ਕਿਹਾ ਜਾਂਦਾ ਹੈ, ਪਰ ਪੰਜਾਬੀ ਵਿੱਚ ਇਨ੍ਹਾਂ ਦੇ ਕਈ ਨਾਂ ਹਨ, ਜਿਨ੍ਹਾਂ ਵਿੱਚ ਬਾਜਰਾ ਬੜਾ ਹੀ ਪ੍ਰਸਿੱਧ ਹੈ, ਜਿਸ ਦੀ ਪ੍ਰਸਿੱਧੀ ਦਾ ਸਬੂਤ ਇਹ ਹੈ ਕਿ ਪੰਜਾਬੀ ਦੇ ਗੀਤਾਂ ਦਾ ਸਭ ਤੋਂ ਪੁਰਾਣਾ ਟੱਪਾ ਬਾਜਰੇ ਦੇ ਸਿੱਟੇ ਨਾਲ ਹੀ ਸਬੰਧਤ ਹੈ:

ਬਾਜਰੇ ਦਾ ਸਿੱਟਾ ਨੀ ਅਸਾਂ ਤਲੀ ‘ਤੇ ਮਰੋੜਿਆ,
ਰੁੱਠੜਾ ਜਾਂਦਾ ਮਾਹੀ ਨੀਂ ਅਸੀਂ ਗਲੀ ਵਿੱਚੋਂ ਮੋੜਿਆ।
ਨਵਵਿਆਹੇ ਅਨਾੜੀ ਤੇ ਅਨੋਭੜ ਮੁੰਡਾ-ਕੁੜੀ ਨਿੱਕੀ ਨਿੱਕੀ ਗੱਲ ‘ਤੇ ਰੁੱਠਦੇ ਹਨ ਤੇ ਉਸੇ ਤਰ੍ਹਾਂ ਦੀਆਂ ਗੱਲਾਂ ਨਾਲ ਮੰਨ ਵੀ ਜਾਂਦੇ ਹਨ। ਮੁੰਡਾ ਜਿਸ ਗੱਲ ਲਈ ਬੜਾ ਬੇਸਬਰ ਹੁੰਦਾ ਹੈ, ਕੁੜੀ ਉਸੇ ਗੱਲ ਲਈ ਉਸ ਨੂੰ ਸਬਰ ਦੇ ਸਬਕ ਸਿਖਾਉਂਦੀ ਰਹਿੰਦੀ ਹੈ। ਸਬਰ ਬੇਸਬਰੀ ਦੀ ਅਜਿਹੀ ਕਸ਼ਮਕਸ਼ ਵਿੱਚ ਕੋਈ ਮੁੰਡਾ ਆਪਣੀ ਨਖਰੇਲੋ ਦੇ ਕਿਸੇ ਸ਼ਰਾਰਤੀ ਪੱਜ ਬਹਾਨੇ ਤੋਂ ਰੁੱਸ ਗਿਆ ਹੋਵੇਗਾ, ਜਿਸ ਨੂੰ ਕੁੜੀ ਨੇ ਆਪਣੀ ਤਲੀ ‘ਤੇ ਬਾਜਰੇ ਦਾ ਸਿੱਟਾ ਮਰੋੜ ਕੇ ਗਲੀ ਵਿੱਚੋਂ ਹੀ ਮੋੜ ਲਿਆ ਹੋਵੇਗਾ। ਜਿਨ੍ਹਾਂ ਨੇ ਬਾਜਰੇ ਦਾ ਸਿੱਟਾ ਕਦੇ ਆਪਣੇ ਹੱਥ ਵਿੱਚ ਫੜ ਕੇ ਦੇਖਿਆ ਹੋਵੇ, ਉਹੀ ਇਸ ਟੱਪੇ ਦੇ ਸਾਹਿਤਕ ਸੁਹਜ ਅਤੇ ਰੋਮਾਂਸ ਨੂੰ ਸਮਝ ਸਕਦੇ ਹਨ। ਪਰ ਸਾਡਾ ਮਨੋਰਥ ਸਿਰਫ ਇਹ ਦੱਸਣਾ ਹੈ ਕਿ ਜਿਸ ਫ਼ਸਲ ਦਾ ਸਿੱਟਾ ਸਾਡੇ ਮੁਢਲੇ ਲੋਕ ਗੀਤਾਂ ਦਾ ਸ਼ਿੰਗਾਰ ਬਣਿਆ, ਉਹ ਬਾਜਰੇ ਦਾ ਸਿੱਟਾ ਹੈ, ਕਣਕ ਦਾ ਨਹੀਂ।
ਕਣਕ ਸਾਡੀ ਰੂਹ ਵਿੱਚ ਖ਼ੁਦ-ਬਖ਼ੁਦ ਉਕਰੇ ਲੋਕ ਗੀਤਾਂ ਵਿੱਚ ਨਹੀਂ ਆਈ, ਬਲਕਿ ਰੂਹ ‘ਤੇ ਜ਼ੋਰ ਪਾ ਕੇ ਲਿਖੇ ਗਏ ਗੀਤਾਂ ਵਿੱਚ ਲਿਆਂਦੀ ਗਈ। ਅਸੀਂ ਆਪਣੀ ਸਮਝ ਦੇ ਅਨਾੜੀ ਤੇ ਅਨੋਭੜਪੁਣੇ ਵਿੱਚ ਲੋਕ ਗੀਤਾਂ ਨੂੰ ਛੱਡ ਕੇ ਹਲਕੇ-ਫੁਲਕੇ ਗੀਤਾਂ ਮਗਰ ਲੱਗ ਗਏ ਤੇ ਬਾਜਰੇ ਨੂੰ ਬਾਹਰ ਕੱਢ ਕੇ ਕਣਕ ਨੂੰ ਆਪਣੀ ਰਸੋਈ ਦੀ ਮਹਾਰਾਣੀ ਬਣਾ ਲਿਆ। ਇਹ ਮਹਾਰਾਣੀ ਹੁਣ ਸਾਨੂੰ ਆਪਣੇ ਜਲਵੇ ਦਿਖਾ ਰਹੀ ਹੈ, ਜਿਸ ਦਾ ਉਦੋਂ ਪਤਾ ਲਗਦਾ ਹੈ, ਜਦ ਡਾਕਟਰ ਸਾਡੇ ਖਾਣਿਆਂ ਵਿਚੋਂ ਕਣਕ ‘ਤੇ ਗਲੂਟਨ ਕਹਿ ਕੇ ਕਾਂਟਾ ਮਾਰ ਦਿੰਦੇ ਹਨ। ਫਿਰ ਅਸੀਂ ਸੋਚਦੇ ਹਾਂ ਕਿ ਹੁਣ ਖਾਈਏ ਕੀ?
ਗਲੂਟਨ ਲੇਸ ਜਿਹਾ ਪਦਾਰਥ ਹੁੰਦਾ ਹੈ ਤੇ ਗਲੂਟਨ ਸ਼ਬਦ ਵੀ ਗਲੂ ਅਰਥਾਤ ਗੂੰਦ ਤੋਂ ਬਣਿਆ ਹੈ। ਗਲੂਟਨ ਕਣਕ ਵਿੱਚ ਹੁੰਦਾ ਹੈ ਤੇ ਕਣਕ ਵਿਚਲੇ ਗਲੂ ਕਰਕੇ ਹੀ ਕਣਕ ਦੀ ਪਤਲੀ ਤੋਂ ਪਤਲੀ ਰੋਟੀ ਵੀ ਟੁੱਟਦੀ ਨਹੀਂ; ਪਰ ਇਸ ਦੇ ਉਲਟ ਬਾਜਰੇ ਵਿੱਚ ਰੇਸ਼ਾ ਅਰਥਾਤ ਫਾਈਬਰ ਹੁੰਦਾ ਹੈ, ਜਿਸ ਕਰਕੇ ਉਹਦੀ ਮੋਟੀ ਤੋਂ ਮੋਟੀ ਰੋਟੀ ਵੀ ਹਰ ਕਿਸੇ ਤੋਂ ਜੁੜਦੀ ਨਹੀਂ। ਲੇਸ ਅਤੇ ਰੇਸ਼ੇ ਵਿੱਚ ਇਹੀ ਫਰਕ ਹੈ। ਲੇਸ ਟੁੱਟਦੀ ਨਹੀਂ ਤੇ ਰੇਸ਼ਾ ਜੁੜਦਾ ਨਹੀਂ। ਲੇਸਦਾਰ ਪਦਾਰਥ ਸਿਹਤ ਲਈ ਬੇਹੱਦ ਹਾਨੀਕਾਰਕ ਹੁੰਦੇ ਹਨ ਤੇ ਰੇਸ਼ੇਦਾਰ ਪਦਾਰਥ ਸਿਹਤ ਲਈ ਬੜੇ ਲਾਭਕਾਰੀ ਹੁੰਦੇ ਹਨ। ਪੁਰਾਣੇ ਸਮੇਂ ਵਿੱਚ ਅਸੀਂ ਆਪਣੇ ਘਰਾਂ ਵਿੱਚ ਕਦੇ ਕੋਧਰੇ ਦੀ ਤੇ ਕਦੇ ਬਾਜਰੇ ਦੀ ਰੋਟੀ ਖਾਂਦੇ ਸਾਂ। ਝੱਟੇ ਦੀ ਖੀਰ ਤਾਂ ਕਦੇ ਮੂੰਹੋਂ ਨਹੀਂ ਸੀ ਲੱਥਦੀ ਤੇ ਹੁਣ ਇਹੋ ਜਿਹੇ ਖਾਣੇ ਹੋ ਗਏ ਜਾਂ ਆ ਗਏ ਹਨ ਕਿ ਮੂੰਹ ਲਾਉਣ ਨੂੰ ਚਿੱਤ ਨਹੀਂ ਕਰਦਾ।
ਮਿੱਲਟਸ ਸ਼ਬਦ ਮਿੱਲ ਤੋਂ ਬਣਿਆ ਹੈ ਤੇ ਮਿੱਲ ਦਾ ਅਰਥ ਹੈ, ਦਾਣੇ ਪੀਹਣ ਵਾਲੀ ਚੱਕੀ। ਭਾਸ਼ਾਈ ਨੇਮ ਮੁਤਾਬਕ ਮਿੱਲ ਵਿੱਚ ਪੀਸੇ ਜਾਣ ਵਾਲੇ ਦਾਣਿਆਂ ਦਾ ਨਾਂ ਮਿੱਲਟਸ ਹੋ ਗਿਆ। ਪਰ ਇਹ ਉਹ ਦਾਣੇ ਹੁੰਦੇ ਹਨ, ਜਿਹੜੇ ਖੁਸ਼ਕ ਜ਼ਮੀਨ ਵਿੱਚ ਹੁੰਦੇ ਹਨ, ਜਿੱਥੇ ਬਾਰਿਸ਼ ਵੀ ਬਹੁਤ ਥੋੜ੍ਹੀ ਹੁੰਦੀ ਹੈ। ਅੰਗਰੇਜ਼ੀ ਵਿੱਚ ਅਜਿਹੇ ਦਾਣਿਆਂ ਲਈ ਇੱਕ ਹੀ ਨਾਂ ਮਿੱਲਟਸ ਪ੍ਰਚੱਲਤ ਹੈ; ਪਰ ਪੰਜਾਬੀ ਵਿੱਚ ਇਨ੍ਹਾਂ ਦਾਣਿਆਂ ਲਈ ਕੋਈ ਇੱਕ ਨਾਂ ਨਹੀਂ ਹੈ। ਇਸ ਲਈ ਪੰਜਾਬੀ ਵਿੱਚ ਅਸੀਂ ਚਰ੍ਹੀ, ਜਵਾਰ, ਕੋਧਰੇ ਅਤੇ ਬਾਜਰੇ ਜਿਹੇ ਹਰੇਕ ਦਾਣੇ ਨੂੰ ਮਿੱਲਟਸ ਕਹਿਣ ਲਈ ਮਜਬੂਰ ਹਾਂ।
ਸਾਡੇ ਦੇਸ਼ ਵਿੱਚ ਸਦੀਆਂ ਤੋਂ ਮਿੱਲਟਸ ਸਾਡੀ ਖੁਰਾਕ ਦਾ ਅਹਿਮ ਅੰਗ ਰਹੇ ਹਨ; ਪਰ 1960 ਦੇ ਦਹਾਕੇ ਵਿੱਚ ਆਈ ਹਰੀ ਕ੍ਰਾਂਤੀ ਦੇ ਕਾਰਨ ਕਣਕ ਅਤੇ ਚੌਲਾਂ ਦੀਆਂ ਵਧੇਰੇ ਉਪਜ ਵਾਲੀਆਂ ਕਿਸਮਾਂ ਦੀ ਵਰਤੋਂ ਕਰਕੇ ਅਨਾਜ ਦੇ ਉਤਪਾਦਨ ਵਿੱਚ ਵਾਧਾ ਕਰਨ `ਤੇ ਜ਼ੋਰ ਦਿੱਤਾ ਗਿਆ। ਫਿਰ ਮਿੱਲਟਸ ਦੀ ਖੇਤੀ ਦੇ ਬਹੁਤ ਸਾਰੇ ਫ਼ਾਇਦਿਆਂ ਨੂੰ ਦੇਖਦੇ ਹੋਏ, ਭਾਰਤ ਸਰਕਾਰ ਨੇ ਅਪ੍ਰੈਲ 2018 ਵਿੱਚ ਇਨ੍ਹਾਂ ਨੂੰ ਸਿਹਤਮੰਦ ਅਨਾਜ ਵਜੋਂ ਤਸਲੀਮ ਕੀਤਾ, ਜਿਸ ਵਿੱਚ ਪ੍ਰਮੁੱਖ ਮਿੱਲਟਸ ਜੁਆਰ, ਚਰ੍ਹੀ, ਬਾਜਰਾ, ਰਾਗੀ, ਕੰਗਣੀ, ਸਾਨਵਾ, ਕੁਟਕੀ ਅਤੇ ਕੱਟੂ ਨੂੰ ਸ਼ਾਮਿਲ ਕੀਤਾ ਗਿਆ।
ਭਾਰਤ ਸਰਕਾਰ ਨੇ ਬਹੁਤ ਸਾਰੇ ਦੇਸ਼ਾਂ ਨਾਲ ਮਿਲ ਕੇ ਯੂ. ਐਨ. ਓ. ਵਲੋਂ ਸਾਲ 2023 ਨੂੰ ਮਿੱਲਟਸ ਦਾ ਅੰਤਰਰਾਸ਼ਟਰੀ ਸਾਲ ਐਲਾਨ ਕਰਵਾਇਆ, ਜਿਸ ਦਾ ਮੁੱਖ ਸੰਕਲਪ ਹੈ: ਸਿਹਤਮੰਦ ਮਿੱਲਟਸ ਤੇ ਸਿਹਤਮੰਦ ਲੋਕ। ਸਦੀਆਂ ਤੋਂ ਮਿੱਲਟਸ ਭਾਰਤ, ਅਫਰੀਕਾ ਅਤੇ ਮੱਧ ਪੂਰਬੀ ਖੇਤਰਾਂ ਦੀ ਖੁਰਾਕ ਵਿੱਚ ਪ੍ਰਮੁਖ ਰਹੇ ਹਨ। ਹਜ਼ਾਰਾਂ ਸਾਲ ਪੁਰਾਣੀ ਭਾਰਤੀ ਸੱਭਿਆਚਾਰਕ ਵਿਰਾਸਤ ਦੇ ਸੰਦਰਭ ਵਿੱਚ ਵੀ ਇਨ੍ਹਾਂ ਦੀ ਬਹੁਤ ਮਹੱਤਤਾ ਹੈ। ਇਹ ਭਾਰਤ ਵਿੱਚ ਸਭ ਤੋਂ ਪੁਰਾਣੀਆਂ ਉਗਾਈਆਂ ਜਾਣ ਵਾਲੀਆਂ ਫਸਲਾਂ ਵਿੱਚੋਂ ਹਨ ਤੇ ਸਦੀਆਂ ਤੋਂ ਭਾਰਤੀ ਖਾਣੇ ਦਾ ਹਿੱਸਾ ਰਹੇ ਹਨ। ਇਹ ਸਾਡੇ ਧਾਰਮਿਕ ਰੀਤੀ-ਰਿਵਾਜਾਂ, ਸੱਭਿਆਚਾਰਕ ਰੀਤਾਂ-ਰਸਮਾਂ ਤੇ ਤਿਉਹਾਰਾਂ ਦਾ ਅਨਿੱਖੜਵਾਂ ਅੰਗ ਰਹੇ ਹਨ। ਭਾਵੇਂ ਇਹ ਸਥਾਨਕ ਮਾਹੌਲ ਦੇ ਅਨੁਕੂਲ ਹਨ ਅਤੇ ਇਨ੍ਹਾਂ ਦੀ ਪੈਦਾਵਾਰ ਲਈ ਬਹੁਤ ਥੋੜ੍ਹੇ ਸਾਧਨਾਂ ਦੀ ਲੋੜ ਹੈ, ਪਰ ਫਿਰ ਵੀ ਪਤਾ ਨਹੀਂ ਕਿਉਂ ਇਨ੍ਹਾਂ ਨੂੰ ਕਣਕ-ਝੋਨੇ ਨਾਲੋਂ ਘੱਟ ਲਾਭਦਾਇਕ ਮੰਨਿਆ ਜਾਂਦਾ ਹੈ।
ਮੁਨਸ਼ੀ ਪ੍ਰੇਮਚੰਦ ਦੀ ਕਹਾਣੀ ‘ਸਵਾ ਸੇਰ ਗੇਹੁੰ’ ਵਿੱਚ ਵੀ ਦੱਸਿਆ ਗਿਆ ਹੈ ਕਿ ਗਰੀਬ ਕਿਸਾਨ ਆਪਣੇ ਘਰ ਵਿੱਚ ਹਮੇਸ਼ਾ ਮਿੱਲਟਸ ਹੀ ਖਾਂਦੇ ਸਨ, ਪਰ ਆਏ ਸਾਧੂ ਮਹਿਮਾਨ ਲਈ ਹੀ ਸਵਾ ਸੇਰ ਗੇਹੂੰ (ਕਣਕ) ਉਧਾਰ ਲਿਆਉਂਦੇ ਹਨ। ਇੱਕ ਸਾਖੀ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਵੀ ਗਰੀਬ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਵਿੱਚੋਂ ਦੁੱਧ ਅਤੇ ਅਮੀਰ ਮਲਿਕ ਭਾਗੋ ਦੇ ਕਣਕ ਦੇ ਫੁਲਕੇ ਵਿੱਚੋਂ ਲਹੂ ਨਿਕਲਦਾ ਦਿਖਾ ਕੇ ਇਹ ਸਿੱਖਿਆ ਦਿੱਤੀ ਸੀ ਕਿ ਇਮਾਨਦਾਰੀ, ਪਿਆਰ, ਦਿਆਲਤਾ ਅਤੇ ਸ਼ਰਧਾ ਨਾਲ ਤਿਆਰ ਕੀਤੀ ਗਈ ਕੋਧਰੇ ਦੀ ਸਧਾਰਣ ਰੋਟੀ, ਅਮੀਰ ਮਲਿਕ ਭਾਗੋ ਦੀ ਕਣਕ ਦੀ ਰੋਟੀ ਨਾਲੋਂ ਵਧੇਰੇ ਸੁਆਦ ਅਤੇ ਸਿਹਤਮੰਦ ਹੈ। ਗੁਰੂ ਨਾਨਕ ਦੇਵ ਜੀ ਨੇ ਦੱਸਿਆ:
ਬਾਬਾ ਹੋਰੁ ਖਾਣਾ ਖੁਸੀ ਖੁਆਰੁ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥
ਅਰਥਾਤ ਅਜਿਹੇ ਖਾਣੇ ਆਪਣੀ ਖ਼ੁਸ਼ੀ ਖਤਮ ਵਾਲੀ ਗੱਲ ਹੁੰਦੀ ਹੈ, ਜਿਹੜੇ ਖਾਣੇ ਸਾਡੀ ਸਿਹਤ ਲਈ ਮਾੜੇ ਹੋਣ ਤੇ ਜਿਨ੍ਹਾਂ ਨਾਲ ਮਨ ਵਿੱਚ ਵੀ ਬੁਰੇ ਵਿਚਾਰ ਆਉਣ ਲੱਗ ਪੈਣ। ਕਿੰਨੀ ਪਤੇ ਦੀ ਗੱਲ ਹੈ ਕਿ ਖਾਣੇ ਸਾਡੀ ਦੇਹ ‘ਤੇ ਅਸਰ ਤਾਂ ਕਰਦੇ ਹੀ ਹਨ, ਇਹ ਸਾਡੇ ਮਨ ‘ਤੇ ਵੀ ਪ੍ਰਭਾਵ ਪਾਉਂਦੇ ਹਨ। ਮਿੱਲਟਸ ਦੀ ਥਾਂ ਕਣਕ ਅਤੇ ਚੌਲ਼ ਆਦਿ ਖਾਣ ਨਾਲ ਇੱਕ ਤਾਂ ਸਾਡਾ ਸਰੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਦੂਜਾ ਉਸ ਦਾ ਮਨ ‘ਤੇ ਵੀ ਬੁਰਾ ਅਸਰ ਪੈਂਦਾ ਹੈ। ਅੱਜ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਲੋਕ ਕਣਕ ਦੀ ਐਲਰਜੀ ਦੇ ਬੁਰੇ ਅਸਰ ਤੋਂ ਬੇਹੱਦ ਦੁਖੀ ਹਨ। ਬੜੀ ਹੈਰਾਨੀ ਹੁੰਦੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਸ ਦੇ ਬੁਰੇ ਅਸਰ ਤੋਂ ਸੈਂਕੜੇ ਸਾਲ ਪਹਿਲਾਂ ਹੀ ਸੰਕੇਤ ਕਰ ਦਿੱਤਾ ਹੋਇਆ ਹੈ।
ਪ੍ਰਾਚੀਨ ਭਾਰਤੀ ਸੱਭਿਆਚਾਰ ਵਿੱਚ ਵੀ ਮਿੱਲਟਸ ਸਾਡੇ ਖਾਣੇ ਦਾ ਅਨਿੱਖੜ ਅੰਗ ਰਹੇ ਹਨ ਤੇ ਇਹ ਸਾਡੀ ਧਾਰਮਿਕ ਰਹੁ ਰੀਤਾਂ ਨਾਲ ਵੀ ਜੁੜੇ ਹੋਏ ਹਨ। ਮਿੱਲਟਸ ਲਗਭਗ 131 ਦੇਸ਼ਾਂ ਵਿੱਚ ਪੈਦਾ ਕੀਤੇ ਜਾਂਦੇ ਹਨ ਤੇ ਭਾਰਤ ਇਸ ਦਾ ਵਿਸ਼ਵ ਭਰ ਦਾ ਸਭ ਤੋਂ ਵੱਡਾ ਉਤਪਾਦਕ ਹੈ। ਭਾਰਤ ਵਿੱਚ ਪੈਦਾ ਕੀਤੇ ਜਾਣ ਵਾਲੇ ਮਿੱਲਟਸ ਇਹ ਹਨ: ਮੋਤੀ ਬਾਜਰਾ 60%, ਸੋਰਘਮ, ਜੁਆਰ ਜਾਂ ਚਰ੍ਹੀ 27%, ਰਾਗੀ 11% ਤੇ ਕੁਟੂਕੀ 2%। ਇਸ ਤੋਂ ਇਲਾਵਾ ਕੰਗਣੀ (ਫੌਕਸਟੇਲ), ਬਾਰੀ (ਪ੍ਰੋਸੋ), ਕੋਧਰਾ (ਕੋਡੋ) ਅਤੇ ਸਨਵਾ (ਬਾਰਨਯਾਰਡ) ਵੀ ਕੁਝ ਮਾਤਰਾ ਵਿੱਚ ਪੈਦਾ ਕੀਤੇ ਜਾਂਦੇ ਹਨ। ਮਿੱਲਟਸ ਲਈ ਹੁਣ ਬਹੁਤ ਹੀ ਢੁਕਵਾਂ ਸਮਾਂ ਹੈ, ਜਦੋਂ ਜਲਵਾਯੂ ਪਰਿਵਰਤਨ, ਮਿੱਟੀ ਵਿੱਚ ਆ ਰਹੀ ਉਪਜਾਊ ਕਮਜ਼ੋਰੀ ਅਤੇ ਪਾਣੀ ਦੀ ਕਿੱਲਤ ਰਵਾਇਤੀ ਖੇਤੀਬਾੜੀ ਨੂੰ ਖਤਰੇ ਵਿੱਚ ਪਾ ਰਹੀ ਹੈ। ਇਸ ਲਈ ਮਿੱਲਟਸ ਆਪਣੀ ਘੱਟ ਤੋਂ ਘੱਟ ਪਾਣੀ ਦੀ ਲੋੜ ਅਤੇ ਖੁਸ਼ਕ ਜ਼ਮੀਨ ਵਿੱਚ ਵਧਣ-ਫੁੱਲਣ ਦੀ ਯੋਗਤਾ ਦੇ ਨਾਲ ਅਤੇ ਪ੍ਰੋਟੀਨ ਦੇ ਉੱਚ ਪੱਧਰ ਦੇ ਕਾਰਨ ਪੌਸ਼ਟਿਕ ਤੌਰ `ਤੇ ਕਣਕ ਅਤੇ ਚੌਲਾਂ ਨਾਲੋਂ ਕਿਤੇ ਵੱਧ ਉੱਤਮ ਹਨ।
ਮਿੱਲਟਸ ਗਲੂਟਨ-ਮੁਕਤ ਹੁੰਦੇ ਹਨ ਅਤੇ ਉਨ੍ਹਾਂ ਦਾ ਗਲਾਈਸੈਮਿਕ ਪੱਧਰ ਘੱਟ ਹੁੰਦਾ ਹੈ, ਜੋ ਉਨ੍ਹਾਂ ਨੂੰ ਖੁਰਾਕ ਸਬੰਧੀ ਪਾਬੰਦੀਆਂ ਵਾਲੇ ਲੋਕਾਂ ਅਤੇ ਸ਼ੂਗਰ ਕਾਬੂ ਰੱਖਣ ਲਈ ਤਰੱਦਦ ਕਰਦੇ ਲੋਕਾਂ ਲਈ ਲਾਹੇਵੰਦ ਬਣਾਉਂਦੇ ਹਨ। ਇਸ ਕਰਕੇ ਇਨ੍ਹਾਂ ਦਾ ਉਤਪਾਦਨ ਕਿਸਾਨਾਂ ਲਈ ਆਰਥਿਕ ਤੌਰ `ਤੇ ਹੋਰ ਵਧੇਰੇ ਫ਼ਾਇਦੇਮੰਦ ਹੋ ਸਕਦਾ ਹੈ। ਸਰਕਾਰ, ਵਿਦਿਅਕ ਸੰਸਥਾਵਾਂ ਅਤੇ ਗੈਰ-ਸਰਕਾਰੀ ਸੰਗਠਨਾਂ ਦੁਆਰਾ ਕੀਤੇ ਗਏ ਯਤਨਾਂ ਸਦਕਾ ਮਿੱਲਟਸ ਦੇ ਉਤਪਾਦਨ ਵਿੱਚ ਹਾਲ ਹੀ ਵਿੱਚ ਕਾਫ਼ੀ ਵਾਧਾ ਹੋਇਆ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਦਾ ਮਿੱਲਟਸ ਨੂੰ ਭਵਿੱਖ ਲਈ ਇੱਕ ਭੋਜਨ ਵਿਕਲਪ ਬਣਾਉਣ `ਤੇ ਜ਼ੋਰ ਦੇਣਾ, ਕਿਸਾਨ ਭਲਾਈ ਮੰਤਰਾਲੇ ਵੱਲੋਂ ਸੰਸਦ ਮੈਂਬਰਾਂ ਲਈ ਵਿਸ਼ੇਸ਼ ਤੌਰ `ਤੇ ਮਿੱਲਟਸ ਦੇ ਖਾਣੇ ਦਾ ਪ੍ਰਬੰਧ ਕਰਨਾ, ਵਿਸਾਖੀ ਦੇ ਮੌਕੇ ‘ਤੇ ਗੁਰਦੁਆਰਾ ਸਰਾਭਾ ਨਗਰ, ਲੁਧਿਆਣਾ ਵਿਖੇ ਸੰਗਤਾਂ ਲਈ ਮਿੱਲਟਸ ਦੇ ਫੂਡ ਸਟਾਲ ਲਗਾਉਣਾ, ਵਿਦਿਅਕ ਸੰਸਥਾਵਾਂ ਦੁਆਰਾ ਰੈਲੀਆਂ ਅਤੇ ਮਿੱਲਟਸ ਨਾਲ ਤਿਆਰ ਕੀਤੇ ਗਏ ਹੋਰ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਉਣਾ ਵੀ ਇਸ ਵਿਚਾਰ ਨੂੰ ਉਤਸ਼ਾਹਿਤ ਕਰਦੇ ਹਨ ਕਿ ਮਿੱਲਟਸ ਆਧੁਨਿਕ ਖੁਰਾਕਾਂ ਵਿੱਚ ਇੱਕ ਸੁਆਦੀ ਅਤੇ ਪੌਸ਼ਟਿਕ ਵਿਕਲਪ ਹੋ ਸਕਦਾ ਹੈ।
ਆਪਣੀ ਖੁਰਾਕ ਵਿੱਚ ਮਿੱਲਟਸ ਨੂੰ ਅਪਨਾ ਕੇ ਅਤੇ ਉਨ੍ਹਾਂ ਦੀ ਪੈਦਾਵਾਰ ਨੂੰ ਉਤਸ਼ਾਹਿਤ ਕਰਕੇ, ਅਸੀਂ ਸਿਹਤਮੰਦ ਸਮਾਜ ਦੇ ਨਿਰਮਾਣ ਵਿੱਚ ਯੋਗਦਾਨ ਪਾ ਸਕਦੇ ਹਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਭੋਜਨ ਸੁਰੱਖਿਆ ਨੂੰ ਯਕੀਨੀ ਬਣਾ ਸਕਦੇ ਹਾਂ। ਇਹ ਆਧੁਨਿਕ ਕਮੀਆਂ ਤੇ ਲੋੜਾਂ ਨੂੰ ਪੂਰਾ ਕਰਨ ਵਾਲੀ ਪੁਰਾਤਨ ਸੂਝ-ਬੂਝ ਦਾ ਕਮਾਲ ਹੈ, ਜਿਸ ਦਾ ਪ੍ਰਭਾਵ ਚਿਰਕਾਲ ਤੱਕ ਕਾਇਮ ਰਹੇਗਾ ਤੇ ਮਨੁੱਖ ਨੂੰ ਖੁਸ਼ਹਾਲ ਸਿਹਤਯਾਬੀ ਨਾਲ ਜੀਣ-ਥੀਣ ਦਾ ਹੋਰ ਮੌਕਾ ਪ੍ਰਦਾਨ ਕਰੇਗਾ।

Leave a Reply

Your email address will not be published. Required fields are marked *