ਵੁਹ ਜਾ ਰਹਾ ਹੈ ਕੋਈ
ਸ਼ਬੇ ਗ਼ਮ ਗੁਜ਼ਾਰ ਕੇ…
-ਸਾਜਿਦ ਇਸਹਾਕ
ਨਵਾਬ ਸ਼ੇਰ ਮੁਹੰਮਦ ਖਾਨ ਦੀ ਵਾਰਿਸ ਅਤੇ ਰਿਆਸਤ ਮਲੇਰਕੋਟਲਾ ਦੇ ਆਖਰੀ ਨਵਾਬ ਮੁਹੰਮਦ ਇਫਤਿਖਾਰ ਅਲੀ ਅਹਿਮਦ ਖਾਨ ਦੀ ਆਖਰੀ ਬੇਗਮ ਮੁਨੱਵਰ ਉਲ ਨਿਸਾ ਨੇ ਬੀਤੀ 29 ਅਕਤੂਬਰ ਨੂੰ ਮੁਬਾਰਕ ਮੰਜ਼ਿਲ ਵਿੱਚ ਆਖਰੀ ਸਾਹ ਲਏ। ਇੰਜ ਰਿਆਸਤ ਮਲੇਰਕੋਟਲਾ ਦੀ ਆਖਰੀ ਨਿਸ਼ਾਨੀ ਵੀ ਮਣਾਂ ਮੂੰਹੀਂ ਮਿੱਟੀ ਹੇਠਾਂ ਦਫਨ ਹੋ ਕੇ ਰਹਿ ਗਈ।
ਰੁਖਸਤ ਹੂਈ ਤੋ ਆਂਖ ਮਿਲਾ ਕਰ ਨਹੀਂ ਗਈ।
ਵੁਹ ਕਿਉਂ ਗਈ ਹੈ, ਯਹ ਭੀ ਬਤਾ ਕਰ ਨਹੀਂ ਗਈ।
ਬੇਗਮ ਮੁਨੱਵਰ ਉਲ ਨਿਸਾ ਇਸ ਰਿਆਸਤ ਦੀ ਅੰਤਿਮ ਨਿਸ਼ਾਨੀ ਸਨ ਅਤੇ 103 ਸਾਲ ਦੀ ਉਮਰ ਵਿੱਚ ਆਖਿਰ ਇਸ ਦੌਰ ਦਾ ਅੰਤ ਹੋ ਗਿਆ। ਟੌਂਕ ਰਿਆਸਤ ਦੇ ਪਰਿਵਾਰ ਵਿੱਚੋਂ ਇਹ ਸ਼ਹਿਜ਼ਾਦੀ ਵਿਆਹ ਪਿੱਛੋਂ 1950 ਵਿੱਚ ਮਲੇਰਕੋਟਲਾ ਆਏ। ਰਿਆਸਤ ਦੇ ਆਖਰੀ ਨਵਾਬ ਇਫਤਿਖਾਰ ਅਲੀ ਅਹਿਮਦ ਖਾਨ ਦੀਆਂ ਪੰਜ ਬੇਗਮਾਂ ਵਿੱਚੋਂ ਇਹ ਚੌਥੇ ਨੰਬਰ ਵਾਲੀ ਬੇਗਮ ਸਨ। ਬੇਗਮ ਯੂਸਫ ਜ਼ਮਾਂ ਅਤੇ ਬੇਗਮ ਸਾਜ਼ਿਦਾ ਵਾਂਗ ਇਨ੍ਹਾਂ ਦੀ ਸਿਆਸਤ ਵਿੱਚ ਕੋਈ ਰੁਚੀ ਨਹੀਂ ਸੀ; ਪਰ ਕਲਾਤਮਕ ਰੁਚੀਆਂ ਅਤੇ ਸਮਾਜੀ ਰਹੁ-ਰੀਤਾਂ ਨੂੰ ਨਿਭਾਉਣ ਵਾਲੀ ਇਹ ਬੇਗਮ ਆਪਣੇ ਸਮੇਂ ਦੀ ਬੇਹੱਦ ਖੂਬਸੂਰਤ ਔਰਤ ਸਨ। ਉਨ੍ਹਾਂ ਨੂੰ ਰਿਆਸਤ ਦੇ ਲੋਕ ਬਹੁਤ ਪਿਆਰ ਕਰਦੇ ਸਨ। ਆਪਣੀ ਆਖਰੀ ਉਮਰ ਵਿੱਚ ਸਹਾਰੇ ਲਈ ਉਹ ਆਪਣੇ ਸੇਵਾਦਾਰਾਂ ‘ਤੇ ਹੀ ਮੁਨੱਸਰ ਕਰਦੇ ਸਨ। ਬੇਗਮ ਸਾਹਿਬਾ ਆਪਣੇ ਆਖਰੀ ਸਮੇਂ ਵਿੱਚ ਬਹੁਤਾ ਬੋਲਚਾਲ ਨਹੀਂ ਸਕਦੇ ਸਨ, ਪਰ ਉਨ੍ਹਾਂ ਦੀ ਮਿੱਠੜੀ ਜਿਹੀ ਮੁਸਕਾਨ ਕਈਆਂ ਦੇ ਦਿਲਾਂ ਨੂੰ ਮੋਹ ਮੁਹੱਬਤ ਦੀਆਂ ਰਮਜ਼ਾਂ ਸਮਝਾਉਂਦੀ ਨਜ਼ਰ ਆਉਂਦੀ ਸੀ। ਇਸ ਲੇਖਕ ਨੇ ਕੁਝ ਸਮਾਂ ਪਹਿਲਾਂ ਉਨ੍ਹਾਂ ਨਾਲ ਮੁਲਾਕਾਤ ਕਰਕੇ ਕੁਝ ਜਾਨਣਾ ਚਾਹਿਆ ਸੀ, ਪਰ ਉਨ੍ਹਾਂ ਦਾ ਬੋਲਿਆ ਕੁਝ ਸਮਝ ਨਾ ਆਉਣ ਕਰਕੇ ਇਹ ਗੱਲਬਾਤ ਦਸਤਾਵੇਜ਼ੀ ਇਤਿਹਾਸ ਦਾ ਹਿੱਸਾ ਨਾ ਬਣ ਸਕੀ,
ਏਕ ਲਮਹੇ ਮੇ ਸਿਮਟ ਆਇਆ ਹੈ ਸਦੀਓਂ ਕਾ ਸਫਰ
ਜ਼ਿੰਦਗੀ ਬਹੁਤ ਤੇਜ਼ ਬਹੁਤ ਤੇਜ਼ ਚਲੀ ਹੈ ਜੈਸੇ।
ਪਟਿਆਲਾ ਰਿਆਸਤ ਨਾਲ ਮਲੇਰਕੋਟਲਾ ਰਿਆਸਤ ਦੇ ਸਬੰਧ ਸਕੇ ਸਬੰਧੀਆਂ ਵਾਲੇ ਸਨ। ਕੈਪਟਨ ਅਮਰਿੰਦਰ ਸਿੰਘ ਨੇ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਸਮੇਂ ਮਲੇਰਕੋਟਲਾ ਨਾਲ ਆਪਣੇ ਨਜ਼ਦੀਕੀ ਸਬੰਧਾਂ ਦਾ ਜ਼ਿਕਰ ਕੀਤਾ ਸੀ ਅਤੇ ਕਿਹਾ ਸੀ ਕਿ ਮੈਂ ਛੋਟਾ ਹੁੰਦਾ ਮੁਬਾਰਕ ਮੰਜ਼ਿਲ ਵਿੱਚ ਖੇਡਦਾ ਰਿਹਾ ਹਾਂ। ਜੂਨ 2021 ਵਿੱਚ ਜਦੋਂ ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਐਲਾਨਿਆ ਗਿਆ ਤਾਂ ਮੁੱਖ ਮੰਤਰੀ ਵੱਲੋਂ ਇਸ ਸ਼ਾਹੀ ਪਰਿਵਾਰ ਦਾ ਜ਼ਿਕਰ ਖਾਸ ਤੌਰ ‘ਤੇ ਕੀਤਾ ਗਿਆ ਸੀ। ਬੇਗਮ ਸਾਹਿਬਾਂ ਨੂੰ ਉਹ ਹਮੇਸ਼ਾ ‘ਚਾਚੀ ਬੇਗਮ’ ਨਾਲ ਯਾਦ ਕਰਦੇ ਸਨ।
ਰਿਆਸਤ ਮਲੇਰਕੋਟਲਾ ਦੀ ਆਖਰੀ ਬੇਗਮ ਹੋਣ ਦੇ ਨਾਤੇ ਬੇਗਮ ਮੁਨੱਵਰ ਉਲ ਨਿਸਾ ਨੂੰ ਜੇ ‘ਮਾਦਰੇ ਮਲੇਰਕੋਟਲਾ’ ਕਿਹਾ ਜਾਵੇ ਤਾਂ ਇਹ ਕੋਈ ਅਤਿ ਕਥਨੀ ਨਹੀਂ ਹੋਏਗੀ। ਜਾਣੇ-ਅਣਜਾਣੇ ਵਿੱਚ ਸ਼ਹਿਰ ਦੇ ਲੋਕਾਂ ਦਾ ਜੋ ਰੁਝਾਨ ਮੁਬਾਰਕ ਮੰਜ਼ਿਲ ਵੱਲ ਜਾਂਦਾ ਸੀ, ਹੁਣ ਉਹ ਵੀ ਕਿਸੇ ਇਤਿਹਾਸ ਦਾ ਹਿੱਸਾ ਬਣ ਕੇ ਰਹਿ ਜਾਵੇਗਾ। ਇਸ ਇਤਿਹਾਸ ਨੂੰ ਜੀਵਤ ਰੱਖਣ ਲਈ ਜ਼ਰੂਰਤ ਹੈ ਕਿ ਇਨ੍ਹਾਂ ਇਤਿਹਾਸਕ ਥਾਂਵਾਂ ਨੂੰ ਯਾਦਗਾਰੀ ਸਮਾਰਕਾਂ ਵਜੋਂ ਸਾਂਭਿਆ ਜਾਵੇ। ਇਸ ਕਿਸਮ ਦੇ ਕਾਰਜ ਤਾਂ ਸਮੇਂ ਦੀਆਂ ਸਰਕਾਰਾਂ ਹੀ ਕਰ ਸਕਦੀਆਂ ਹਨ। ਬੇਗਮ ਸਾਹਿਬਾ ਧੁਰ ਜਹਾਨਾਂ ਵੱਲ ਤੁਰ ਗਈ ਹੈ। ਕੋਈ ਵਾਰਸ ਨਹੀਂ ਬਚਿਆ, ਹੁਣ ਕੀ ਹੋਵੇਗਾ? ਵਿਰਾਸਤ ਦਾ ਕੀ ਬਣੇਗਾ? ਰਿਆਸਤ ਦਾ ਨਵਾਂ ਇਤਿਹਾਸ ਕੀ ਹੋਵੇਗਾ? ਇਹੋ ਜਿਹੇ ਕਈ ਸਵਾਲ ਜ਼ਰੂਰ ਲੋਕਾਂ ਦੇ ਜ਼ਿਹਨਾਂ ਵਿੱਚ ਉਪਜਦੇ ਰਹਿਣਗੇ। ਲੋਕੀ ਆਏ, ਜਨਾਜ਼ਾ ਪੜ੍ਹਿਆ, ਸਲਾਮੀ ਹੋਈ ਅਤੇ ਸ਼ਾਹੀ ਮਕਬਰਿਆਂ ਵਿੱਚ ਆਖਰੀ ਨਵਾਬ ਦੀ ਕਬਰ ਦੇ ਦੂਜੇ ਪਾਸੇ ਉਨ੍ਹਾਂ ਨੂੰ ਦਫਨਾ ਦਿੱਤਾ ਗਿਆ। ਇਹੋ ਹੀ ਇੱਕ ਸੱਚਾਈ ਹੈ,
ਲੋਹ ਜੋਕ, ਦਰ ਜੋਕ ਚਲੇ ਜਾਤੇ ਹੈਂ
ਨਹੀਂ ਮਾਲੂਮ ਤਹਿ ਖਾਕ
ਤਮਾਸ਼ਾ ਕਿਆ ਹੈ।
ਹਾਅ ਦਾ ਨਾਅਰਾ ਮਾਰਨ ਵਾਲਾ ਨਵਾਬ ਸੇLਰ ਮੁਹੰਮਦ ਖਾਨ
ਮਹਿਤਾਬ-ਉਦ-ਦੀਨ
ਸਰਹਿੰਦ ਦਾ ਸੂਬੇਦਾਰ ਵਜ਼ੀਰ ਖਾਨ 1704 ਈਸਵੀ ਵਿੱਚ ਜਦੋਂ ਆਪਣੀ ਕਚਹਿਰੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਦਿਆਂ, ਬਾਬਾ ਜ਼ੋਰਾਵਰ ਸਿੰਘ (9 ਸਾਲ) ਅਤੇ ਬਾਬਾ ਫਤਹਿ ਸਿੰਘ (7 ਸਾਲ) ਨੂੰ ਕੰਧਾਂ ਵਿੱਚ ਚਿਣਾਉਣ ਦਾ ਤਾਨਾਸ਼ਾਹੀ ਹੁਕਮ ਸੁਣਾ ਰਿਹਾ ਸੀ ਤਾਂ ਉਥੇ ਮਲੇਰਕੋਟਲਾ ਦੇ ਉਦੋਂ ਦੇ ਨਵਾਬ ਸੇLਰ ਮੁਹੰਮਦ ਖਾਨ ਵੀ ਮੌਜੂਦ ਸਨ। ਉਨ੍ਹਾਂ ਗੁਰੂ ਸਾਹਿਬ ਦੇ ਬੱਚਿਆਂ ਨੂੰ ਸੁਣਾਈ ਗਈ ਇਸ ਸਜ਼ਾ ਦਾ ਜ਼ੋਰਦਾਰ ਵਿਰੋਧ ਕੀਤਾ। ਦਰਅਸਲ ਸੂਬੇਦਾਰ ਦੋਵਾਂ ਸਾਹਿਬਜ਼ਾਦਿਆਂ ਨੂੰ ਇਸਲਾਮ ਧਰਮ ਗ੍ਰਹਿਣ ਕਰਨ ਲਈ ਆਖ ਰਿਹਾ ਸੀ। ਉਸ ਨੇ ਕਿਹਾ ਕਿ ਜੇ ਦੋਨੋਂ ਬਾਲ ਹੁਕਮ ਮੰਨ ਲੈਣਗੇ ਤਾਂ ਉਨ੍ਹਾਂ ਨੂੰ ਬਖਸ਼ ਦਿੱਤਾ ਜਾਵੇਗਾ, ਨਹੀਂ ਤਾਂ ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਪਰ ਸਾਹਿਬਜ਼ਾਦੇ ਟੱਸ ਤੋਂ ਮੱਸ ਨਹੀਂ ਸਨ ਹੋ ਰਹੇ। ਤਦ ਨਵਾਬ ਸ਼ੇਰ ਮੁਹੰਮਦ ਖ਼ਾਨ ਨੇ ਸੂਬੇਦਾਰ ਨੂੰ ਆਖਿਆ ਸੀ ਕਿ ਸਾਹਿਬਜ਼ਾਦਿਆਂ ਨਾਲ ਅਜਿਹਾ ਵਿਹਾਰ ਕਤੱਈ ਨਹੀਂ ਕੀਤਾ ਜਾਣਾ ਚਾਹੀਦਾ। ਇਹ ਇਨਸਾਨੀਅਤ ਨਹੀਂ ਹੋਵੇਗੀ ਅਤੇ ਇਸਲਾਮ ਵਿਰੋਧੀ ਕਾਰਵਾਈ ਹੋਵੇਗੀ। ਨਵਾਬ ਸੇLਰ ਮੁਹੰਮਦ ਖਾਨ ਦੀ ਇਹ ਦਲੀਲ ਸੁਣ ਕੇ ਕਚਹਿਰੀ ਵਿੱਚ ਸੱਨਾਟਾ ਛਾ ਗਿਆ, ਕਿਉਂਕੇ ਇਸ ਤੋਂ ਪਹਿਲਾਂ ਸੂਬੇਦਾਰ ਦੇ ਖਿਲਾਫ ਕਿਸੇ ਨੇ ਵੀ ਇਸ ਕਿਸਮ ਦੀ ਆਵਾਜ਼ ਚੁੱਕਣ ਦੀ ਜੁਰਅਤ ਨਹੀਂ ਸੀ ਕੀਤੀ। ਗੁੱਸੇ ਨਾਲ ਲਾਲ ਸੁਰਖ ਹੋਏ ਵਜ਼ੀਰ ਖਾਨ ਨੇ ਕਿਹਾ ਕਿ ਉਹ ਇਹ ਨਾ ਭੁੱਲਣ ਕਿ ਸਿੱਖ ਫੌਜ ਨਾਲ ਹੋਈ ਲੜਾਈ ਵਿੱਚ ਉਨ੍ਹਾਂ (ਨਵਾਬ ਸ਼ੇਰ ਮੁਹੰਮਦ ਖਾਨ) ਦਾ ਸਕਾ ਭਰਾ ਵੀ ਮਾਰਿਆ ਗਿਆ ਹੈ। ਤਦ ਨਵਾਬ ਨੇ ਤੁਰੰਤ ਜਵਾਬ ਦਿੱਤਾ ਕਿ ਉਹ ਦੋ ਫੌਜਾਂ ਵਿਚਕਾਰ ਜੰਗ ਸੀ ਤੇ ਦੋਨਾਂ ਧਿਰਾਂ ਦਾ ਨੁਕਸਾਨ ਹੋਇਆ, ਪਰ ਇਨ੍ਹਾਂ ਬੱਚਿਆਂ ਦਾ ਕੀ ਕਸੂਰ ਹੈ? ਉਨ੍ਹਾਂ ਕਿਹਾ ਸੀ ਕਿ ਜੰਗ ਦਾ ਬਦਲਾ ਜੰਗ ਵਿੱਚ ਹੀ ਲਿਆ ਜਾਣਾ ਚਾਹੀਦਾ ਹੈ, ਨਾ ਕਿ ਮਾਸੂਮ ਬੱਚਿਆਂ ਦੀ ਜਾਨ ਲੈ ਕੇ।
ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਅਤੇ ਸੂਬੇਦਾਰ ਵਜ਼ੀਰ ਖਾਨ ਵਿਚਕਾਰ ਏਸੇ ਬਹਿਸ ਨੂੰ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਮਾਰਿਆ ਗਿਆ ‘ਹਾਅ ਦਾ ਨਾਅਰਾ’ ਸਮਝਿਆ ਜਾਂਦਾ ਹੈ। ਰੋਹ ਵਿੱਚ ਆਏ ਸੂਬੇਦਾਰ ਨੇ ਤਦ ਨਵਾਬ ਦੀ ਇੱਕ ਨਾ ਸੁਣੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੰਧਾਂ ਵਿੱਚ ਚਿਣਵਾ ਦਿੱਤੇ ਜਾਣ ਦਾ ਨਾਦਰਸ਼ਾਹੀ ਫਰਮਾਨ ਸੁਣਾ ਦਿੱਤਾ। ਮਲੇਰਕੋਟਲੇ ਦੇ ਨਵਾਬ ਦੇ ਇਸ ‘ਹਾਅ ਦੇ ਨਾਅਰੇ’ ਦਾ ਸਤਿਕਾਰ ਸਮੁੱਚੀ ਸਿੱਖ ਕੌਮ ਦਿਲੋਂ ਕਰਦੀ ਹੈ। ਖੁਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਮੌਕੇ ਚਿੱਠੀ ਲਿਖ ਕੇ ਨਵਾਬ ਸ਼ੇਰ ਮੁਹੰਮਦ ਖਾਨ ਦਾ ਸ਼ੁਕਰੀਆ ਅਦਾ ਕੀਤਾ ਸੀ ਅਤੇ ਇਹ ਵੀ ਆਖਿਆ ਸੀ ਕਿ ਹੁਣ ਕਦੇ ਵੀ ਕੌਈ ਸਿੱਖ ਫੌਜ ਮਲੇਰਕੋਟਲਾ ‘ਤੇ ਹਮਲਾ ਨਹੀਂ ਕਰੇਗੀ, ਸਗੋਂ ਲੋੜ ਪੈਣ ‘ਤੇ ਉਸ ਦੀ ਰਾਖੀ ਲਈ ਡਟੇਗੀ। ਭਾਰਤ-ਪਾਕਿ ਵੰਡ ਸਮੇਂ ਪੰਜਾਬ ਵਿੱਚ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਦਾ ਕਤਲੇਆਮ ਹੋ ਰਿਹਾ ਸੀ, ਪਰ ਮਲੇਰਕੋਟਲਾ ਬਿਲਕੁਲ ਸਾਂਤ ਰਿਹਾ। ਇਸ ਨੂੰ ਦਸਮ ਪਿਤਾ ਦਾ ਅਸ਼ੀਰਵਾਦ ਹੀ ਮੰਨਿਆ ਜਾਂਦਾ ਹੈ। ਇਸ ਕਤਲੇਆਮ ਮੌਕੇ ਬਹੁਤ ਸਾਰੇ ਮੁਸਲਮਾਨਾਂ ਨੇ ਮਲੇਰਕੋਟਲਾ ਵਿੱਚ ਜਾ ਕੇ ਪਨਾਹ ਲਈ ਸੀ।