ਛੱਤੀਸਗੜ੍ਹ ਵਿੱਚ 71 ਅਤੇ ਮੀਜ਼ੋਰਮ ‘ਚ 78 ਫੀਸਦੀ ਵੋਟਿੰਗ ਹੋਈ
2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਲਈ ਸੈਮੀਫਾਈਨਲ ਵਜੋਂ ਵੇਖੀਆਂ ਜਾ ਰਹੀਆਂ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਤੇਲੰਗਾਨਾ ਅਤੇ ਮੀਜ਼ੋਰਮ ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ਦਾ ਅਮਲ ਸ਼ੁਰੂ ਹੋ ਗਿਆ ਹੈ। ਪਹਿਲੇ ਗੇੜ ਵਿੱਚ ਮੀਜ਼ੋਰਮ ਅਤੇ ਛੱਤੀਸਗੜ੍ਹ ਦੀਆਂ ਕੁਝ ਸੀਟਾਂ ‘ਤੇ ਵੋਟਾਂ ਪਈਆਂ ਹਨ। ਛੱਤੀਸਗੜ੍ਹ ਅਸੈਂਬਲੀ ਦੀਆਂ 20 ਸੀਟਾਂ ‘ਤੇ ਪਈਆਂ ਵੋਟਾਂ ਦੌਰਾਨ ਬੀਤੇ ਮੰਗਲਵਾਰ 71 ਫੀਸਦੀ ਮਤਦਾਨ ਹੋਇਆ, ਜਦਕਿ ਮੀਜ਼ੋਰਮ ਵਿਧਾਨ ਸਭਾ ਦੀਆਂ ਸਾਰੀਆਂ 40 ਸੀਟਾਂ ‘ਤੇ ਪਈਆਂ ਵੋਟਾਂ ਦੌਰਾਨ 78 ਫੀਸਦੀ ਵੋਟਿੰਗ ਹੋਈ।
ਮੀਜ਼ੋਰਮ ਦੀ ਚੋਣ ਤਾਂ ਭਾਵੇਂ ਅਮਨ-ਅਮਾਨ ਨਾਲ ਸਿਰੇ ਚੜ੍ਹ ਗਈ, ਪਰ ਛੱਤੀਸਗੜ੍ਹ ਵਿੱਚ ਬਹੁਤ ਸਾਰੀਆਂ ਥਾਂਵਾਂ ‘ਤੇ ਸੁਰੱਖਿਆ ਦਸਤਿਆਂ ਨੂੰ ਨਕਸਲੀ ਹਿੰਸਾ ਨਾਲ ਨਿਪਟਣਾ ਪਿਆ। ਮੀਜ਼ੋਰਮ ਵਿੱਚ ਵੋਟਾਂ ਪੈਣ ਦਾ ਅਮਲ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਚੱਲਿਆ। ਮੀਜ਼ੋਰਮ ਦੇ ਕਈ ਇਲਾਕਿਆਂ ਵਿੱਚ 85 ਫੀਸਦੀ ਦੇ ਕਰੀਬ ਵੋਟਿੰਗ ਹੋਈ। ਇਹ ਉਤਸ਼ਾਹੀ ਵੋਟਿੰਗ ਇਸ ਰਾਜ ਵਿੱਚ ਦਿਲਚਸਪ ਨਤੀਜੇ ਕੱਢ ਸਕਦੀ ਹੈ। ਯਾਦ ਰਹੇ, ਮੀਜ਼ੋਰਮ ਵਿੱਚ ਕੁੱਲ 8.57 ਲੱਖ ਵੋਟਰ ਹਨ, ਜਿਨ੍ਹਾਂ ਵਿੱਚੋਂ 4.39 ਲੱਖ ਮਹਿਲਾਵਾਂ ਹਨ। ਮੀਜ਼ੋਰਮ ਅਸੈਂਬਲੀ ਚੋਣ ਲਈ ਕੁੱਲ 174 ਉਮੀਦਵਾਰ ਮੈਦਾਨ ਵਿੱਚ ਸਨ। ਸੱਤਾਧਾਰੀ ਮੀਜ਼ੋ ਨੈਸ਼ਨਲ ਫਰੰਟ, ਮੁੱਖ ਵਿਰੋਧੀ ਪਾਰਟੀ ਜ਼Lੋਰਾਮ ਪੀਪਲਜ਼ (ਜੈਡ.ਪੀ.ਐਮ) ਮੂਵਮੈਂਟ ਅਤੇ ਕਾਂਗਰਸ ਨੇ 40 ਸੀਟਾਂ ‘ਤੇ ਆਪੋ ਆਪਣੇ ਉਮੀਦਵਾਰ ਉਤਾਰੇ ਸਨ। ਭਾਜਪਾ ਨੇ 23 ਸੀਟਾਂ ਅਤੇ ਆਮ ਆਦਮੀ ਪਾਰਟੀ ਨੇ 4 ਵਿਧਾਨ ਸਭਾ ਹਲਕਿਆਂ ਵਿੱਚ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਸਨ। ਛੱਤੀਸਗੜ੍ਹ ਵਿੱਚ ਨਾ ਸਿਰਫ ਵੋਟਿੰਗ ਫੀਸਦੀ ਘੱਟ ਹੋਈ ਹੈ, ਸਗੋਂ ਕਈ ਥਾਂਈਂ ਹੋਈ ਨਕਸਲੀ ਹਿੰਸਾ ਨੇ ਵੀ ਚੋਣ ਅਮਲ ਨੂੰ ਪ੍ਰਭਾਵਤ ਕੀਤਾ।
ਰਾਜ ਦੇ ਸੁਕਮਾ ਜ਼ਿਲ੍ਹੇ ਵਿੱਚ ਨਕਸਲੀਆਂ ਵੱਲੋਂ ਕੀਤੇ ਗਏ ਇੱਕ ਆਈ.ਈ.ਡੀ. ਧਮਾਕੇ ਵਿੱਚ ਸੀ.ਆਰ.ਪੀ.ਐਫ. ਦਾ ਇਕ ਕਮਾਂਡੋ ਜ਼ਖਮੀ ਹੋ ਗਿਆ। ਇਸੇ ਜ਼ਿਲ੍ਹੇ ਦੇ ਬਾਂਦਾ ਪੋਲਿੰਗ ਸਟੇਸ਼ਨ ਨੇੜੇ ਮਿੰਪਾ ਅਤੇ ਦੁਲੇੜ ਪਿੰਡਾਂ ਵਿਚਾਲੇ ਜੰਗਲੀ ਇਲਾਕੇ ਵਿੱਚ ਸੁਰੱਖਿਆ ਦਸਤਿਆਂ ਅਤੇ ਨਕਸਲੀਆਂ ਵਿਚਾਲੇ ਇੱਕ ਮੁਕਾਬਲਾ ਹੋਇਆ, ਜਿਸ ਵਿੱਚ ਸਰੱਖਿਆ ਦਸਤਿਆਂ ਦੇ ਚਾਰ ਜਵਾਨ ਜ਼ਖਮੀ ਹੋ ਗਏ। ਇਨ੍ਹਾਂ ਵਿੱਚ ਕੋਬਰਾ ਯੂਨਿਟ ਦੇ ਦੋ ਜਵਾਨ ਵੀ ਸ਼ਾਮਲ ਸਨ। ਇਸੇ ਤਰ੍ਹਾਂ ਨਰਾਇਣਪੁਰ ਜ਼ਿਲ੍ਹੇ ਵਿੱਚ ਓਰਛਾ ਪੁਲਿਸ ਥਾਣੇ ਵਿੱਚ ਪੈਂਦੇ ਇੱਕ ਇਲਾਕੇ ਵਿੱਚ ਵੀ ਸੁਰੱਖਿਆ ਦਸਤਿਆਂ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ।
ਯਾਦ ਰਹੇ, ਪਿਛਲੇ ਹਫਤੇ ਨਕਸਲੀਆਂ ਨੇ ਭਾਜਪਾ ਆਗੂ ਰਤਨ ਦੂਬੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਛੱਤੀਸਗੜ੍ਹ ਅਸੈਂਬਲੀ ਦੀਆਂ ਕੁੱਲ 90 ਸੀਟਾਂ ਹਨ, ਜਿਨ੍ਹਾਂ ਵਿੱਚੋਂ 20 ‘ਤੇ ਵੋਟਿੰਗ ਹੋਈ ਹੈ। ਇਨ੍ਹਾਂ 20 ਸੀਟਾਂ ‘ਤੇ 25 ਔਰਤਾਂ ਸਮੇਤ 223 ਉਮੀਦਵਾਰ ਚੋਣਾਂ ਲੜ ਰਹੇ ਹਨ। ਪੰਜ ਰਾਜਾਂ ਵਿੱਚ ਹੋਣ ਵਾਲੀਆਂ ਇਨ੍ਹਾਂ ਚੋਣਾਂ ਦੇ ਨਤੀਜੇ 3 ਦਸੰਬਰ ਨੂੰ ਆਉਣਗੇ। ਇਹ ਨਤੀਜੇ ਹੀ ਸ਼ਾਇਦ ਕੋਈ ਸੂਹ ਦੇਣਗੇ ਕਿ 2024 ਦੀਆਂ ਲੋਕ ਸਭਾ ਚੋਣਾਂ ਦਾ ਊਠ ਕਿਸ ਕਰਵਟ ਬੈਠ ਰਿਹਾ ਹੈ।
ਕੁਝ ਸਮਾਂ ਪਹਿਲਾਂ ਹੋਏ ਸਰਵੇਖਣ ਭਾਜਪਾ ਲਈ ਮਾੜੇ ਸੰਦੇਸ਼ ਦਿੰਦੇ ਵਿਖਾਈ ਦਿੱਤੇ ਅਤੇ ਕਾਂਗਰਸ ਪਾਰਟੀ ਇਨ੍ਹਾਂ ਚੋਣਾਂ ਨੂੰ ਲੈ ਕੇ ਆਸਵੰਦ ਵਿਖਾਈ ਦੇ ਰਹੀ ਹੈ, ਪਰ ਅਗਲੇ ਸਾਲ ਦੇ ਸ਼ੁਰੂ ਵਿੱਚ ਹੋ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਨਤੀਜੇ ਇੱਕ ਕਿਸਮ ਦਾ ਸੈਮੀਫਾਈਨਲ ਸਮਝੇ ਜਾਣਗੇ। ਇਨ੍ਹਾਂ ਨਤੀਜਿਆਂ ਤੋਂ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਦੇ ਉਤਸ਼ਾਹ ਤੇ ਪ੍ਰਭਾਵਤ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਲੋਕ ਸਭਾ ਚੋਣਾਂ ਦੀ ਜੰਗ ਲਈ ਇਨ੍ਹਾਂ ਚੋਣਾਂ ਦੇ ਨਤੀਜੇ ਵੋਟਿੰਗ ਪਿੱਚ ਨੂੰ ਪੂਰੀ ਤਰ੍ਹਾਂ ਤਿਆਰ ਕਰ ਸਕਦੇ ਹਨ।