ਅਮਰੀਕਾ ਵਿੱਚ ਵੱਡਾ ਨਾਮ ਤੇ ਨਾਮਾ ਕਮਾਉਣ ਵਾਲੇ ਪੰਜਾਬੀਆਂ ਦੀ ਸੂਚੀ ਅੱਜ ਦੇ ਦੌਰ ਵਿੱਚ ਕਾਫੀ ਲੰਮੀ ਹੈ, ਜਿਨ੍ਹਾਂ ਨੇ ਵੱਖ ਵੱਖ ਖੇਤਰਾਂ ਵਿੱਚ ਆਪਣੀ ਥਾਂ ਹੀ ਨਹੀਂ ਬਣਾਈ, ਸਗੋਂ ਸਥਾਨਕ ਪ੍ਰਸ਼ਾਸਨਿਕ ਪ੍ਰਣਾਲੀ ਵਿੱਚ ਆਪਣੇ ਭਾਈਚਾਰੇ ਦਾ ਜ਼ਿਕਰ ਵੀ ਬੁਲੰਦ ਕੀਤਾ ਹੈ। ਸ਼ਾਇਦ ਹੀ ਅਮਰੀਕਾ ਦਾ ਕੋਈ ਸੂਬਾ ਬਚਿਆ ਹੋਵੇ, ਜਿੱਥੇ ਕਿਸੇ ਪੰਜਾਬੀ (ਸਿੱਖ, ਹਿੰਦੂ ਜਾਂ ਮੁਸਲਿਮ) ਨੇ ਭੱਲ ਨਾ ਖੱਟੀ ਹੋਵੇ।
ਇਸ ਲੇਖ ਵਿੱਚ ਲੇਖਕ ਨੇ ਕੁਝ ਕੁ ਪੰਜਾਬੀਆਂ ਦੇ ਸੰਖੇਪ ਹਵਾਲੇ ਨਾਲ ਪੰਜਾਬੀਆਂ ਦੀ ਅਮਰੀਕਾ ਨਾਲ ਸਾਂਝ ਦੀ ਗੱਲ ਕੀਤੀ ਹੈ। ਉਂਜ ਪੰਜਾਬੀ ਹੁਣ ਨਿੱਜੀ ਤੌਰ `ਤੇ ਅਤੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਜਾਂ ਕਾਰੋਬਾਰੀਆਂ ਵਜੋਂ ਅਮਰੀਕੀ ਸਮਾਜ ਵਿੱਚ ਸਫਲਤਾ ਨਾਲ ਸ਼ੁਮਾਰ ਹਨ। ਪੇਸ਼ ਹੈ, ਅਮਰੀਕਾ ਵਿੱਚ ਆ ਵੱਸਣ ਅਤੇ ਇੱਥੇ ਸਖਤ ਘਾਲਣਾ ਘਾਲ ਕੇ ਆਪਣਾ ਮੁਕਾਮ ਪਾਉਣ ਵਾਲੇ ਪੰਜਾਬੀਆਂ ਬਾਰੇ ਇਹ ਲੇਖ…
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ: +91-9781646008
ਪੰਜਾਬੀਆਂ ਦੀ ਤਾਂ ਬਾਤ ਹੀ ਨਿਰਾਲੀ ਹੈ। ਇਨ੍ਹਾਂ ਦੇ ਹੱਥਾਂ ‘ਚ ਬੰਜਰ ਜ਼ਮੀਨਾਂ ਨੂੰ ਆਬਾਦ ਕਰਨ ਦੀ ਤਾਕਤ, ਦਿਮਾਗ ਵਿੱਚ ਉਚੇਰੀਆਂ ਬੁਲੰਦੀਆਂ ਛੂਹਣ ਦੀ ਯੋਜਨਾਬੰਦੀ ਅਤੇ ਮਨ ਵਿੱਚ ਸਰਬੱਤ ਦਾ ਭਲਾ ਮੰਗਣ ਤੇ ਕਰਨ ਦਾ ਜਜ਼ਬਾ ਵੱਸਿਆ ਹੋਇਆ ਹੈ। ਇਹ ਕਿਸੇ ਤੋਂ ਵੀ ਨਾ ਡਰਨ ਵਾਲੀ ਅਤੇ ਆਪਣੇ ਹੱਕਾਂ ਲਈ ਹੱਸਦਿਆਂ-ਹੱਸਦਿਆਂ ਜਾਨਾਂ ਵਾਰ ਦੇਣ ਵਾਲੀ ਨਿਰਾਲੀ ਕੌਮ ਹੈ। ਪੰਜਾਬੀਆਂ ਨੇ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਜਾ ਕੇ ਆਪਣੀ ਮਿਹਨਤ, ਦਿਆਨਤਦਾਰੀ ਅਤੇ ਸਮਰਪਣ ਸਦਕਾ ਵੱਡੇ ਮੁਕਾਮ ਹਾਸਿਲ ਕੀਤੇ ਹਨ ਤੇ ਕੁੱਲ ਦੁਨੀਆਂ ਨੂੰ ਦਰਸਾ ਦਿੱਤਾ ਹੈ ਕਿ ਪੰਜਾਬੀ ਆਪਣੀ ਫ਼ਸਲ, ਨਸਲ, ਵਸਲ ਅਤੇ ਅਸਲ ਦੀ ਰਾਖੀ ਲਈ ਸਭ ਕੁਝ ਦਾਅ ‘ਤੇ ਲਾ ਦੇਣ ਦਾ ਮਾਦਾ ਰੱਖਦੇ ਹਨ। ਆਓ, ਅੱਜ ਇਹ ਜਾਣਨ ਦਾ ਯਤਨ ਕਰੀਏ ਕਿ ਪੰਜਾਬੀਆਂ ਨੇ ਦੁਨੀਆਂ ਦੀ ‘ਮਹਾਂਸ਼ਕਤੀ’ ਆਖੇ ਜਾਂਦੇ ਅਮਰੀਕਾ ਵਿੱਚ ਕਿਸ ਕਦਰ ਆਪਣੀ ਧਾਕ ਜਮਾਈ ਹੈ ਤੇ ਵੱਡੇ ਅਹੁਦੇ ਪ੍ਰਾਪਤ ਕਰਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।
ਅਮਰੀਕਾ ਦਾ ਇਤਿਹਾਸ ਦੱਸਦਾ ਹੈ ਕਿ ਇੱਥੇ ਸਭ ਤੋਂ ਪਹਿਲਾ ਭਾਰਤੀ ਵਿਅਕਤੀ ਸੰਨ 1670 ਵਿੱਚ ਮਦਰਾਸ ਤੋਂ ਆਇਆ ਸੀ ਤੇ ਉਸ ਨੂੰ ਇੱਕ ਸਮੁੰਦਰੀ ਜਹਾਜ਼ ਦਾ ਕਪਤਾਨ ਆਪਣੇ ਨਾਲ ਮੈਸਾਚੂਸੈਟਸ ਇਲਾਕੇ ਵਿੱਚ ਲੈ ਕੇ ਆਇਆ ਸੀ। ਸੰਨ 1670 ਤੋਂ ਲੈ ਕੇ ਸੰਨ 1900 ਤੱਕ ਕੋਈ ਵਿਰਲਾ ਵਿਰਲਾ ਭਾਰਤੀ ਹੀ ਅਮਰੀਕਾ ਪੁੱਜਿਆ ਸੀ। ਸੰਨ 1903 ਤੋਂ ਬਾਅਦ ਅਮਰੀਕਾ ਵਿੱਚ ਦੱਖਣ ਏਸ਼ੀਆਈ ਲੋਕਾਂ ਤੇ ਖ਼ਾਸ ਕਰਕੇ ਭਾਰਤੀਆਂ ਦੀ ਆਮਦ ਨੇ ਥੋੜ੍ਹੀ ਰਫ਼ਤਾਰ ਫੜ੍ਹੀ ਸੀ। ਜੇ ਅਮਰੀਕਾ ਵਿੱਚ ਪੰਜਾਬੀਆਂ ਦੀ ਆਮਦ ਦੀ ਗੱਲ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਸੰਨ 1903 ਤੋਂ ਸੰਨ 1908 ਤੱਕ ਲਗਪਗ 6 ਹਜ਼ਾਰ ਪੰਜਾਬੀ ਉੱਤਰੀ ਅਮਰੀਕਾ ਭਾਵ ਕੈਨੇਡਾ ਵਿੱਚ ਦਾਖ਼ਲ ਹੋਏ ਸਨ ਤੇ ਉਨ੍ਹਾਂ ਵਿੱਚੋਂ 3 ਹਜ਼ਾਰ ਪੰਜਾਬੀ ਕੈਨੇਡਾ ਲੰਘ ਕੇ ਅਮਰੀਕਾ ਜਾ ਪੁੱਜੇ ਸਨ। ਇੱਥੇ ਆ ਕੇ ਪੰਜਾਬੀਆਂ ਨੇ ਉੱਤਰੀ ਕੈਲੀਫ਼ੋਰਨੀਆ ਵਿੱਚ ਖੇਤੀਬਾੜੀ ਦੇ ਨਾਲ-ਨਾਲ ਨਿਰਮਾਣ ਅਧੀਨ ਰੇਲਵੇ ਲਾਈਨ ਵਿਛਾਉਣ ਦਾ ਕੰਮ ਕੀਤਾ ਸੀ। ਸੰਨ 1903 ਤੋਂ ਸੰਨ 1908 ਤੱਕ ਦੇ ਇਨ੍ਹਾਂ ਛੇ ਸਾਲਾਂ ਵਿੱਚ ਦੋ ਹਜ਼ਾਰ ਦੇ ਕਰੀਬ ਪੰਜਾਬੀਆਂ ਨੇ ਓਕਲੈਂਡ ਤੇ ਸਾਲਟ ਲੇਕ ਸਿਟੀ ਦੇ ਦਰਮਿਆਨ ਸੱਤ ਸੌ ਮੀਲ ਲੰਮੀ ਸੜਕ ਦੇ ਨਿਰਮਾਣ ਵਿੱਚ ਵੀ ਹਿੱਸਾ ਪਾਇਆ ਸੀ। ਅਗਲੇ ਦੋ ਸਾਲ ਇਨ੍ਹਾਂ ਪੰਜਾਬੀਆਂ ਨੇ ਵੱਖ-ਵੱਖ ਪੁਲਾਂ ਅਤੇ ਸੁਰੰਗਾਂ ਦੇ ਨਿਰਮਾਣ ਵਿੱਚ ਲਗਾ ਦਿੱਤੇ ਸਨ ਤੇ ਉਪਰੰਤ ਇਹ ਪੰਜਾਬੀ ਲੋਕ ਔਰੇਗਨ, ਵਾਸ਼ਿੰਗਟਨ ਅਤੇ ਕੈਲੀਫ਼ੋਰਨੀਆ ਵਿਖੇ ਸਥਿਤ ਵੱਖ-ਵੱਖ ਮਿੱਲਾਂ ਵਿੱਚ ਕੰਮ ‘ਤੇ ਲੱਗ ਗਏ ਸਨ। ਚੇਤੇ ਰਹੇ, ਅਮਰੀਕਾ ਪੁੱਜੇ ਇਨ੍ਹਾਂ ਲੋਕਾਂ ਵਿੱਚ ਬਹੁਤੇ ਅਨਪੜ੍ਹ ਜਾਂ ਘੱਟ ਪੜ੍ਹੇ ਪੰਜਾਬੀ ਸਨ, ਜਿਨ੍ਹਾਂ ਦਾ ਪਿਛੋਕੜ ਖੇਤੀਬਾੜੀ ਜਾਂ ਜੰਗਾਂ ਵਿੱਚ ਬਤੌਰ ਸੈਨਿਕ ਭਾਗ ਲੈਣ ਵਾਲਾ ਸੀ ਤੇ ਇਹ ਮਜ਼ਦੂਰੀ ਕਰਨ ਵਾਲੇ ਬਹੁਤੇ ਪੰਜਾਬੀ, ਪੰਜਾਬ ਦੇ ਦੁਆਬਾ ਤੇ ਮਾਲਵਾ ਖਿੱਤਿਆਂ ‘ਚੋਂ ਆਏ ਸਨ।
ਅਮਰੀਕਾ ਵਿੱਚ ਖ਼ੂਨ-ਪਸੀਨਾ ਇੱਕ ਕਰਕੇ ਰੋਜ਼ੀ-ਰੋਟੀ ਕਮਾਉਣ ਵਾਲੇ ਇਨ੍ਹਾਂ ਮਿਹਨਤਕਸ਼ ਪੰਜਾਬੀਆਂ ਨੂੰ ਕਈ ਦੁਖਦਾਇਕ ਦੁਸ਼ਵਾਰੀਆਂ ਦਾ ਸਾਹਮਣਾ ਵੀ ਕਰਨਾ ਪਿਆ ਸੀ। 5 ਸਤੰਬਰ 1907 ਨੂੰ ਛੇ ਸੌ ਦੇ ਕਰੀਬ ਯੂਰਪੀ ਮਜ਼ਦੂਰਾਂ ਦੀ ਭੀੜ ਨੇ ਪੰਜਾਬੀਆਂ ਦੇ ਘਰਾਂ ‘ਤੇ ਹੱਲਾ ਬੋਲ ਦਿੱਤਾ ਸੀ ਤੇ ਉਨ੍ਹਾਂ ਦੀ ਮਾਰਕੁੱਟ ਕਰਕੇ ਉਨ੍ਹਾਂ ਦਾ ਕੀਮਤੀ ਸਮਾਨ ਲੁੱਟ ਲਿਆ ਸੀ। ਇਸ ਹਮਲੇ ਕਰਕੇ ਕੁਝ ਪੰਜਾਬੀ ਕੈਨੇਡਾ ਵੱਲ ਭੱਜ ਗਏ ਸਨ ਤੇ ਕੁਝ ਇੱਕ ਨੂੰ ਅਮਰੀਕਾ ਵਿੱਚ ਹੀ ਜੇਲ੍ਹ ਅੰਦਰ ਡੱਕ ਦਿੱਤਾ ਗਿਆ ਸੀ। ਇੱਥੇ ਇਹ ਦੱਸਣਯੋਗ ਹੈ ਕਿ ਉੱਥੋਂ ਪੰਜਾਬੀਆਂ ਨੂੰ ਜ਼ਬਰਦਸਤੀ ਕੱਢਣ ਵਾਲੇ ਦੰਗਾਈਆਂ ਨੂੰ ਸਥਾਨਕ ਪੁਲਿਸ ਦਾ ਲੁਕਵਾਂ ਸਮਰਥਨ ਹਾਸਿਲ ਸੀ ਅਤੇ ਸਥਾਨਕ ਪੱਤਰਕਾਰ ਤੇ ਅਮਰੀਕੀ ਲੋਕ ਪੰਜਾਬੀਆਂ ਦੇ ਇਸ ਦੁਖ਼ਾਤ ਪ੍ਰਤੀ ਪੂਰੀ ਤਰ੍ਹਾਂ ਸੰਵੇਦਨਹੀਣ ਰਹੇ ਸਨ।
ਸਥਾਨਕ ਮਜ਼ਦੂਰਾਂ ਤੋਂ ਘੱਟ ਮਜ਼ਦੂਰੀ ‘ਤੇ ਕੰਮ ਕਰਨ ਨੂੰ ਤਿਆਰ ਪੰਜਾਬੀ ਮਜ਼ਦੂਰਾਂ ਨੂੰ ਕਈ ਅਮਰੀਕੀ ਮਜ਼ਦੂਰ ਸੰਗਠਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਤੇ ਉਨ੍ਹਾਂ ਨੂੰ ਔਰੇਗਨ, ਵਾਸ਼ਿੰਗਟਨ ਅਤੇ ਉੱਤਰੀ ਕੈਲੀਫ਼ੋਰਨੀਆ ਵਿੱਚੋਂ ਖਦੇੜ ਦਿੱਤਾ ਗਿਆ ਸੀ। ਇਸੇ ਸੰਘਰਸ਼ ਨੇ ਸੰਨ 1908 ਵਿੱਚ ‘ਏਸ਼ੀਆਟਿਕ ਐਕਸਕਲੂਜ਼ਨ ਲੀਗ’ ਨਾਮਕ ਅਮਰੀਕੀ ਲੋਕਾਂ ਦੇ ਸੰਗਠਨ ਦੀ ਨੀਂਹ ਰੱਖ ਦਿੱਤੀ ਸੀ, ਜੋ ਭਾਰਤੀਆਂ ਦੇ ਅਮਰੀਕਾ ਵਿੱਚ ਦਾਖ਼ਲੇ ਦਾ ਵਿਰੋਧ ਕਰਦਾ ਸੀ ਤੇ ਸੰਨ 1910 ਵਿੱਚ ਇਹ ਸੰਗਠਨ ਭਾਰਤੀਆਂ ਦੇ ਅਮਰੀਕਾ ਵਿੱਚ ਦਾਖ਼ਲੇ ‘ਤੇ ਪਾਬੰਦੀ ਲਗਵਾਉਣ ਵਿੱਚ ਸਫ਼ਲ ਰਿਹਾ ਸੀ।
ਉਧਰ ਪੰਜਾਬੀਆਂ ਨੇ ਵੀ ਸੰਨ 1909 ਵਿੱਚ ਅਮਰੀਕਾ ਵਿਖੇ ‘ਖ਼ਾਲਸਾ ਦੀਵਾਨ ਸੁਸਾਇਟੀ’ ਦਾ ਗਠਨ ਕਰ ਲਿਆ ਸੀ ਤੇ ਆਪਣੀਆਂ ਧਾਰਮਿਕ ਲੋੜਾਂ ਦੀ ਪੂਰਤੀ ਲਈ ਸੰਨ 1912 ਵਿੱਚ ਬਾਬਾ ਵਿਸਾਖਾ ਸਿੰਘ ਦਦੇਹਰ ਅਤੇ ਬਾਬਾ ਜਵਾਲਾ ਸਿੰਘ ਦੇ ਉੱਦਮ ਸਦਕਾ ਪਹਿਲਾ ਗੁਰਦੁਆਰਾ ਵੀ ਸਥਾਪਿਤ ਕਰ ਦਿੱਤਾ ਸੀ। ਪ੍ਰਸਿੱਧ ਲੇਖਕ ਪ੍ਰੋ. ਬਰੂਸ ਲਾ ਬਰੈਕ ਲਿਖ਼ਦਾ ਹੈ, “ਸਟਾਕਟਨ ਵਿਖੇ ਸਥਾਪਿਤ ਕੀਤਾ ਗਿਆ ਗੁਰਦੁਆਰਾ ਭਾਰਤੀਆਂ ਲਈ ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਦਾ ਕੇਂਦਰ ਬਣ ਗਿਆ ਸੀ। ਇੱਥੇ ਸਿੱਖ, ਹਿੰਦੂ, ਮੁਸਲਿਮ, ਕੈਥੋਲਿਕ, ਮੈਕਸੀਕਨ ਲੋਕ ਅਕਸਰ ਇਕੱਠੇ ਹੁੰਦੇ ਸਨ।”
ਸਰਕਾਰੀ ਰਿਕਾਰਡ ਦੱਸਦਾ ਹੈ ਕਿ ਅਮਰੀਕਾ ਦੇ ਔਰੇਗਨ ਖੇਤਰ ਦੇ ਅਸਟੋਰੀਆ ਵਿਖੇ 15 ਜੁਲਾਈ 1913 ਨੂੰ ਭਾਰਤੀਆਂ ਨੇ ‘ਗ਼ਦਰ ਪਾਰਟੀ’ ਦਾ ਗਠਨ ਕੀਤਾ ਸੀ ਤੇ ਇਹ ਪਾਰਟੀ ਭਾਰਤ ਵਿੱਚ ਬਰਤਾਨਵੀ ਹਕੂਮਤ ਦਾ ਤਖ਼ਤਾ ਪਲਟਣ ਲਈ ਬਣਾਈ ਗਈ ਸੀ। ਨਵੰਬਰ 1913 ਵਿੱਚ ਇੱਥੇ ‘ਗ਼ਦਰ ਅਖ਼ਬਾਰ’ ਪ੍ਰਕਾਸ਼ਿਤ ਕਰਕੇ ਉੱਤਰੀ ਅਮਰੀਕਾ ਵਿੱਚ ਵੱਸਦੇ ਸਮੂਹ ਭਾਰਤੀਆਂ ਤੱਕ ਪਹੁੰਚਾਇਆ ਗਿਆ ਸੀ ਤੇ ਫਿਰ ਭਾਰਤ ਅਤੇ ਯੂਰਪ ਵਿੱਚ ਵੀ ਇਹ ਅਖ਼ਬਾਰ ਪੁੱਜਦਾ ਕੀਤਾ ਗਿਆ ਸੀ।
ਪੰਜਾਬੀਆਂ ਨਾਲ ਅਮਰੀਕਾ ਵਿੱਚ ਵਾਪਰੇ ਵੱਡੇ ਦੁਖਾਂਤਾਂ ਵਿੱਚ ਇੱਕ ਦੁਖਾਂਤ ਇਹ ਸੀ ਕਿ ਸੰਨ 1923 ਵਿੱਚ ਸਾਹਮਣੇ ਆਏ ‘ਥਿੰਦ ਕੇਸ’ ਵਿਚ ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਲਈ ਇਸ ਕਰਕੇ ਅਯੋਗ ਕਰਾਰ ਦੇ ਦਿੱਤਾ ਗਿਆ ਸੀ, ਕਿਉਂਕਿ ‘ਉਹ ਗੋਰੇ ਨਹੀਂ ਸਨ।’ ਸੰਨ 1946 ਤੱਕ ਆਉਂਦਿਆਂ-ਆਉਂਦਿਆਂ ਇਹ ਪਾਇਆ ਗਿਆ ਕਿ ਕੈਲੀਫ਼ੋਰਨੀਆ ਵਿੱਚ 400 ਪੰਜਾਬੀ ਪਰਿਵਾਰ ਵੱਸਦੇ ਸਨ ਤੇ ਇੱਥੇ ਰਹਿੰਦੇ ਕੁਝ ਪੰਜਾਬੀ ਮਰਦਾਂ ਨੇ ਮੈਕਸੀਕਨ ਔਰਤਾਂ ਨਾਲ ਵਿਆਹ ਕਰਵਾਏ ਸਨ ਤੇ ਇਨ੍ਹਾਂ ਔਰਤਾਂ ਨੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਅਮਰੀਕੀ ਸੱਭਿਆਚਾਰ ਅਨੁਸਾਰ ਹੀ ਕੀਤਾ ਸੀ ਤੇ ਉਨ੍ਹਾਂ ਨੂੰ ਅੰਗਰੇਜ਼ੀ ਅਤੇ ਸਪੈਨਿਸ਼ ਭਾਸ਼ਾਵਾਂ ਸਿਖਾਈਆਂ ਸਨ। ਵਿਦੇਸ਼ ਵਿੱਚ ਰਹਿੰਦੇ ਇਨ੍ਹਾਂ ਪੰਜਾਬੀਆਂ ਨੇ ਇਸ ਸੱਭਿਆਚਾਰਕ ਅਤੇ ਭਾਸ਼ਾਈ ਵਿਤਕਰੇ ਨੂੰ ਬੇਹੱਦ ਸਹਿਣਸ਼ੀਲ ਹੋ ਕੇ ਸਹਿਆ ਸੀ।
ਅਮਰੀਕਾ ਵਿੱਚ ਵੱਸਦੇ ਪੰਜਾਬੀਆਂ ਬਾਬਤ ਅੰਕੜੇ ਦੱਸਦੇ ਹਨ ਕਿ ਸੰਨ 2021 ਵਿੱਚ ਇਥੇ ਪੰਜਾਬੀਆਂ ਦੀ ਆਬਾਦੀ 3,18,588 ਸੀ, ਜਦੋਂ ਕਿ ਸੰਨ 2010 ਵਿੱਚ ਇਹ ਸੰਖਿਆ ਸਿਰਫ 2,43,773 ਸੀ। ਸਿੱਖ ਪੰਜਾਬੀਆਂ ਦੀ ਸਭ ਤੋਂ ਵੱਧ ਜਨਸੰਖਿਆ ਕੈਲੀਫ਼ੋਰਨੀਆ ਵਿੱਚ ਪਾਈ ਗਈ ਸੀ, ਜੋ ਕਿ 1,56,763 ਦੇ ਕਰੀਬ ਬਣਦੀ ਸੀ। ਇੱਥੇ ਅੰਗਰੇਜ਼ੀ ਅਤੇ ਸਪੈਨਿਸ਼ ਭਾਸ਼ਾਵਾਂ ਤੋਂ ਬਾਅਦ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਪੰਜਾਬੀ ਹੈ। ਨਿਊ ਯਾਰਕ ਅਤੇ ਵਾਸ਼ਿੰਗਟਨ ਵਿੱਚ ਵੱਸਦੇ ਪੰਜਾਬੀ ਸਿੱਖਾਂ ਦੀ ਸੰਖਿਆ ਕ੍ਰਮਵਾਰ 30,341 ਅਤੇ 19,292 ਸੀ। ਯੂਬਾ ਸਿਟੀ ਵਿਖੇ ਪਹਿਲਾ ਪੰਜਾਬੀ ਵਿਅਕਤੀ ਸੰਨ 1906 ਵਿੱਚ ਪੁੱਜਾ ਸੀ ਤੇ ਸੰਨ 2021 ਵਿੱਚ ਇਥੇ ਪੰਜਾਬੀਆਂ ਦੀ ਸੰਖਿਆ 10,638 ਸੀ। ਅਮਰੀਕਾ ਦਾ ‘ਰਿਚਮੰਡ ਹਿਲ’ ਇਲਾਕਾ ਤਾਂ ‘ਲਿਟਲ ਪੰਜਾਬ’ ਵਜੋਂ ਜਾਣਿਆ ਜਾਣ ਲੱਗ ਪਿਆ ਸੀ। ਸੰਨ 2020 ਵਿੱਚ ਇਥੇ 101 ਤੋਂ 111 ਸਟਰੀਟ ਅਤੇ 123 ਸਟਰੀਟ ਵਿਚਲੇ ਇਲਾਕੇ ਨੂੰ ‘ਪੰਜਾਬ ਐਵਨਿਊ’ ਆਖਿਆ ਜਾਣ ਲੱਗ ਪਿਆ ਸੀ ਤੇ 97 ਤੋਂ 117 ਸਟਰੀਟ ਦੇ ਇਲਾਕੇ ਨੂੰ ਵੀ ਸਥਾਨਕ ਨਿਵਾਸੀ ‘ਗੁਰਦੁਆਰਾ ਸਟਰੀਟ’ ਦੇ ਨਾਂ ਨਾਲ ਜਾਣਨ ਲੱਗ ਪਏ ਸਨ।
ਜਿਵੇਂ ਕਿ ਅਸੀਂ ਪਹਿਲਾਂ ਜਾਣ ਚੁੱਕੇ ਹਾਂ ਕਿ ਸ਼ੁਰੂਆਤ ਵਿੱਚ ਅਮਰੀਕਾ ਆਏ ਪੰਜਾਬੀਆਂ ਨੇ ਕਿਸਾਨਾਂ ਅਤੇ ਨਿਰਮਾਣ ਮਜ਼ਦੂਰਾਂ ਵਜੋਂ ਹੱਡ-ਭੰਨ੍ਹਵੀਂ ਮਿਹਨਤ ਕੀਤੀ ਸੀ ਤੇ ਫਿਰ ਸਮਾਂ ਬੀਤਣ ਨਾਲ ਉਹ ਜ਼ਮੀਨਾਂ ਅਤੇ ਵਪਾਰਕ ਅਦਾਰਿਆਂ ਦੇ ਸਫ਼ਲ ਮਾਲਕ ਬਣਦੇ ਗਏ ਸਨ। ਇੱਥੇ ਹੀ ਬਸ ਨਹੀਂ, ਸਿਆਸਤ ਵਿੱਚ ਕਦਮ ਰੱਖਦਿਆਂ ਪੰਜਾਬੀ ਸ਼ਖ਼ਸ ਸ. ਦਲੀਪ ਸਿੰਘ ਸੌਂਦ ਨੇ ਸੰਨ 1956 ਵਿੱਚ ਅਮਰੀਕੀ ਸੰਸਦ ਦੇ ਪਹਿਲੇ ਏਸ਼ੀਆਈ-ਅਮਰੀਕੀ ਸੰਸਦ ਮੈਂਬਰ ਹੋਣ ਦਾ ਸ਼ਰਫ਼ ਹਾਸਿਲ ਕੀਤਾ ਸੀ। ਇਸੇ ਤਰ੍ਹਾਂ ਅਗਲੇਰੇ ਸਮੇਂ ਵਿੱਚ ਸ. ਅਮਰਜੀਤ ਸਿੰਘ ਬੁੱਟਰ ਨੂੰ ਵੀ ਦਸੰਬਰ 2001 ਵਿੱਚ ਸਿੱਖਿਆ ਬੋਰਡ ਦਾ ਉੱਚ ਅਹੁਦੇਦਾਰ ਚੁਣ ਲਿਆ ਗਿਆ ਸੀ ਤੇ ਫਿਰ ਉਹ ਇਸ ਬੋਰਡ ਦਾ ਪ੍ਰਧਾਨ ਬਣਨ ਵਿੱਚ ਕਾਮਯਾਬ ਰਹੇ ਸਨ। ਪੰਜਾਬੀ ਪਿਛੋਕੜ ਦੇ ਸ੍ਰੀ ਬੌਬੀ ਜਿੰਦਲ ਜਿੱਥੇ ਲੁਇਸੀਆਨਾ ਸਟੇਟ ਦੇ ਗਵਰਨਰ ਬਣੇ ਸਨ, ਉੱਥੇ ਹੀ ਨਿੱਕੀ ਹੇਲੀ ਨੂੰ ਵੀ ਦੱਖਣੀ ਕੈਰੋਲਾਈਨਾ ਦੀ ਗਵਰਨਰ ਅਤੇ ਸੰਯੁਕਤ ਰਾਸ਼ਟਰ ਸੰਘ ਵਿੱਚ ਅਮਰੀਕੀ ਰਾਜਦੂਤ ਹੋਣ ਦਾ ਮਾਣ ਹਾਸਿਲ ਹੋ ਚੁੱਕਾ ਹੈ। ਸ੍ਰੀ ਕਸ਼ਮੀਰ ‘ਕਾਸ਼’ ਗਿੱਲ ਨੇ ਵੀ ਯੂਬਾ ਸਿਟੀ ਦੇ ਮੇਅਰ ਬਣ ਕੇ ਪੰਜਾਬੀਆਂ ਦੀ ਸ਼ਾਨ ਵਧਾਈ ਹੈ। ਇਸੇ ਤਰ੍ਹਾਂ ਸ੍ਰੀ ਰਵਿੰਦਰ ਰਵੀ ਭੱਲਾ ਨੇ ਵੀ ਨਿਊ ਜਰਸੀ ਇਲਾਕੇ ਦੇ ‘ਹੌਬਕਨ’ ਖਿੱਤੇ ਦੇ ਮੇਅਰ ਬਣ ਕੇ ਪਹਿਲੇ ਦਸਤਾਰਧਾਰੀ ਸਿੱਖ ਮੇਅਰ ਹੋਣ ਦਾ ਮਾਣ ਹਾਸਿਲ ਕੀਤਾ ਹੈ।
ਅਮਰੀਕਾ ਦੀ ਤਰੱਕੀ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਪੰਜਾਬੀਆਂ ਦੀ ਜੇ ਗੱਲ ਕੀਤੀ ਜਾਵੇ ਤਾਂ ਇਸ ਵਕਤ ‘ਵਰਲਡ ਬੈਂਕ’ ਦੇ ਮੁਖੀ ਸ. ਅਜੇ ਬੰਗਾ, ‘ਪੈਂਟੀਅਮ ਪ੍ਰੋਸੈਸਰ’ ਦੇ ਨਿਰਮਾਣ ਵਿੱਚ ਵੱਡੀ ਭੂਮਿਕਾ ਅਦਾ ਕਰਨ ਵਾਲੇ ਵਿਨੋਦ ਧੰਮ, ‘ਹੌਟਮੇਲ’ ਦੇ ਸਹਿ-ਸੰਸਥਾਪਕ ਵਿਨੋਦ ਖੋਸਲਾ ਅਤੇ ਸਬੀਰ ਭਾਟੀਆ, ਅਮਰੀਕੀ ਰਾæਸਟਰਪਤੀ ਰਹੇ ਸ੍ਰੀ ਬਰਾਕ ਓਬਾਮਾ ਵੱਲੋਂ ਨਿਯੁਕਤ ਕੀਤੇ ਪਹਿਲੇ ‘ਚੀਫ਼ ਟੈਕਨਾਲੋਜੀ ਅਫ਼ਸਰ’ ਸ੍ਰੀ ਅਨੀਸ਼ ਚੋਪੜਾ, ਇਮੀਗ੍ਰੇਸ਼ਨ ਐਕਟੀਵਿਸਟ ਸ੍ਰੀ ਕਾਲਾ ਬਾਗ਼ੀ, ਨਾਗਰਿਕਤਾ ਅਧਿਕਾਰਾਂ ਲਈ ਲੜ੍ਹਨ ਵਾਲੇ ਸ. ਭਗਤ ਸਿੰਘ ਥਿੰਦ, ਸੰਗੀਤਕਾਰ ਤੇ ਗੀਤਕਾਰ ਰਵੀਨਾ ਅਰੋੜਾ, ਸਿਆਸੀ ਐਕਟੀਵਿਸਟ ਸ੍ਰੀ ਜੇ.ਜੇ. ਸਿੰਘ ਤੇ ਉਨ੍ਹਾਂ ਦੀ ਪੋਤਰੀ ਸਬਰੀਨਾ ਸਿੰਘ ਜੋ ‘ਪੈਂਟਾਗਨ ਪ੍ਰੈੱਸ ਸਕੱਤਰ’ ਬਣਨ ‘ਚ ਸਫ਼ਲ ਹੋਈ, ‘ਹਾਲੀਵੁੱਡ ਵੈਕਸ ਮਿਊਜ਼ੀਅਮ’ ਦੇ ਸੰਸਥਾਪਕ ਸ੍ਰੀ ਸਪੂਨੀ ਸਿੰਘ, ਮੈਡੀਕਲ ਖੋਜੀ ਸ੍ਰੀ ਤੇਗ ਸੋਖੀ, ਅਟਾਰਨੀ ਸ੍ਰੀ ਪ੍ਰੀਤ ਭਰਾਣਾ, ਕਾਰੋਬਾਰੀ ਸ੍ਰੀ ਸੰਤ ਸਿੰਘ ਛਤਵਾਲ, ਵਿਕਰਮ ਛਤਵਾਲ, ਨਿਊ ਜਰਸੀ ਦੇ ਅਟਾਰਨੀ ਜਨਰਲ ਸ੍ਰੀ ਗੁਰਬੀਰ ਗਰੇਵਾਲ, ਫ਼ਾਈਬਰ ਆੱਪਟਿਕਸ ਦੀ ਕਾਢ ਕੱਢਣ ਵਾਲੇ ਮਹਾਨ ਭੌਤਿਕ ਵਿਗਿਆਨੀ ਸ. ਨਰਿੰਦਰ ਸਿੰਘ ਕਪਾਨੀ, ਮਨੁੱਖੀ ਅਧਿਕਾਰ ਵਕੀਲ ਅਤੇ ਕਾਨੂੰਨ ਦੇ ਪ੍ਰੋਫ਼ੈਸਰ ਸ. ਅਰਜਨ ਸਿੰਘ ਸੇਠੀ, ਅਮਰੀਕੀ ਫ਼ੌਜ ਦੇ ਪਹਿਲੇ ਦਸਤਾਰਧਾਰੀ ਸੈਨਿਕ ਸ. ਜੀ.ਬੀ. ਸਿੰਘ, ਉੱਘੇ ਅਧਿਆਤਮਵਾਦੀ ਸ. ਹਰਭਜਨ ਸਿੰਘ ਯੋਗੀ, ਯੂਬਾ ਸਿਟੀ ਦੀ ਪਹਿਲੀ ਸਿੱਖ ਮੇਅਰ ਹੋਣ ਦਾ ਸ਼ਰਫ਼ ਮਾਣਨ ਵਾਲੀ ਪ੍ਰੀਤ ਡਿਡਬਲ ਦੇ ਨਾਲ-ਨਾਲ ਸ੍ਰੀ ਮੋਨਿਕਾ ਢੀਂਗਰਾ, ਸੰਦੀਪ ਧਾਲੀਵਾਲ, ਟੀ.ਐਸ. ਅਨੰਦ ਅਤੇ ਕਰਨ ਬਰਾੜ ਆਦਿ ਸਣੇ ਕਈ ਹੋਰ ਮਾਣਮੱਤੇ ਪੰਜਾਬੀ ਸ਼ਾਮਿਲ ਹਨ। ਚਲਦੇ-ਚਲਦੇ ਇਹ ਵੀ ਜਾਣ ਲਈਏ ਕਿ ਹਾਲੀਵੁੱਡ ਦੀਆਂ ਸੁਪਰਹਿਟ ਫ਼ਿਲਮਾਂ ‘ਸੰਨਜ਼ ਆਫ਼ ਅਨਾਰਕੀ’, ‘ਵੂਈ ਵਰ ਸੋਲਜਰਜ਼’ ਅਤੇ ‘ਦਿ ਵਾਕਿੰਗ ਡੈੱਡ’ ਦੇ ਮੁੱਖ ਅਦਾਕਾਰ ਸ੍ਰੀ ਰੇਆਨ ਹਰਸਟ, ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਸਿੰਘ ਸੱਜ ਗਏ ਸਨ ਤੇ ਉਨ੍ਹਾਂ ਨੂੰ ‘ਗੋਬਿੰਦ ਸੇਵਾ ਸਿੰਘ’ ਦੇ ਨਾਂ ਨਾਲ ਜਾਣਿਆ ਜਾਣ ਲੱਗ ਪਿਆ ਸੀ।