ਗੱਲਾਂ ਗੱਲਾਂ ਵਿੱਚ ਸਿਹਤ ਨੁਸਖਿਆਂ ਦੀ ਇਬਾਰਤ

Uncategorized

ਜੁਗ ਜੁਗ ਜੀਓ… (2)
ਡਾ. ਹਰਬੰਸ ਕੌਰ ਦਿਓਲ
“ਪ੍ਰੀਤ, ਕਿਉਂ ਬਈ ਕੀ ਹਾਲ ਹੈ ਤੇਰਾ?” ਚੰਨੀ ਨੇ ਅੰਦਰ ਵੜਦਿਆਂ ਕਿਹਾ।
“ਦੀਦੀ, ਮੈਂ ਤਾਂ ਸਵੇਰ ਤੋਂ ਤੁਹਾਡੀ ਉਡੀਕ ਕਰਦੀ ਆਂ ਤੁਹਾਨੂੰ ਦੱਸਣ ਲਈ, ਮੈਂ ਤਾਂ ਅੱਠ ਪੌਂਡ ਵਜ਼ਨ ਘਟਾ ਲਿਆ ਆਪਣਾ ਪਿਛਲੇ ਦੋ ਹਫਤਿਆਂ ਦੇ ਵਿੱਚ। ਥਕਾਵਟ ਵੀ ਘੱਟ ਮਹਿਸੂਸ ਹੁੰਦੀ ਏ। ਮੈਂ ਤਾਂ ਬਹੁਤ ਖੁਸ਼ ਹਾਂ, ਤੁਹਾਡਾ ਨੁਸਖਾ ਕੰਮ ਕਰ ਰਿਹੈ। ਮੇਰੇ ਕਈ ਸਵਾਲ ਨੇ।”

“ਪ੍ਰੀਤ, ਪਹਿਲਾਂ ਇਹ ਦੱਸ ਤੈਨੂੰ ਕਿੰਨਾ ਕੁ ਯਾਦ ਹੈ ਆਪਣੀ ਪਿਛਲੀ ਡਿਸਕਸ਼ਨ ਤੋਂ?”
“ਅੱਛਾ ਜੀ, ਤਾਂ ਤੁਸੀਂ ਮੇਰਾ ਇਮਤਿਹਾਨ ਲੈਣ ਲੱਗੇ ਓਂ!”
“ਕਿਉਂ ਨਹੀਂ, ਤੇਰੀ ਗੱਡੀ ਨੂੰ ਪਟੜੀ ਉੱਤੇ ਲਿਆਉਣ ਦੀ ਜ਼ਿੰਮੇਵਾਰੀ ਜੋ ਹੈ। ਤੈਨੂੰ ਯਾਦ ਹੈ ਨਾ ਚਾਚੀ ਦਾ ਡੰਡਾ!”
“ਦੀਦੀ, ਮੈਨੂੰ ਸੱਚੀਂ ਚਾਚੀ ਤੋਂ ਬਹੁਤ ਡਰ ਲੱਗਦਾ। ਅਜੇ ਵੀ ਮੈਨੂੰ ਪ੍ਰੀਤ ਦੀ ਥਾਂ ‘ਭੜੋਲੀ’ ਕਹਿ ਕੇ ਬੁਲਾਉਂਦੇ ਨੇ।”
“ਪ੍ਰੀਤ, ਤੇਰਾ ਉਨ੍ਹਾਂ ਨੂੰ ਬਹੁਤ ਫਿਕਰ ਹੈ ਅਤੇ ਤੈਨੂੰ ਪਿਆਰ ਵੀ ਹੱਦ ਤੋਂ ਵੱਧ ਕਰਦੇ ਨੇ, ਉਹ ਤਾਂ ਤੇਰਾ ਭਲਾ ਹੀ ਚਾਹੁੰਦੇ ਨੇ। ਚੱਲ ਫਿਰ ਹੋ ਜਾ ਤਿਆਰ, ਇਮਤਿਹਾਨ ਮੈਂ ਦਿੰਨੀਂ ਆਂ, ਗਰੇਡਿੰਗ ਚਾਚੀ ਤੋਂ ਕਰਵਾਉਂਦੇ ਆਂ।”
“ਫਿਰ ਨਾ ਪਾਸ ਹੋਈ ਮੈਂ!”
“ਦੱਸ! ਚਾਚੀ ਹੋਰੀਂ ਨਜ਼ਰ ਨਹੀਂ ਆਉਂਦੇ, ਕਿੱਥੇ ਨੇ?”
“ਉਹ ਤਾਂ ਗੁਆਂਢੀਆਂ ਦੇ ਗਏ ਨੇ, ਘੰਟੇ ਕੁ ਲਈ।”
“ਚਲ ਦੱਸ, ਕੀ ਪੱਲੇ ਪਿਆ ਤੇਰੇ ਪਿਛਲੀ ਵਾਰੀ ਤੋਂ?” ਚੰਨੀ ਨੇ ਪੁੱਛਿਆ।
“ਲੈ ਸੁਣੋ ਫੇਰ।” ਪ੍ਰੀਤ ਨੇ ਚੈਲੰਜ ਅਸੈਪਟ ਕਰਦਿਆਂ ਕਿਹਾ,
1. ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ, ਆਪਣੀ ਅਤੇ ਆਪਣੇ ਕੀਟਾਣੂਆਂ ਦੀ ਸਿਹਤ ਲਈ!
2. ਦੂਸਰਾ, ਖਾਣਾ ਕਿਵੇਂ ਪਕਾਉਣਾ ਚਾਹੀਦੈ- ਪਕਾਓ ਘੱਟ ਵਕਤ ਲਈ ਅਤੇ ਘੱਟ ਤਾਪਮਾਨ `ਤੇ; ਸਟੀਮ ਕਰਕੇ, ਉਬਾਲ ਕੇ, ਓਵਨ ਵਿੱਚ ਜਾਂ ਬਲੈਂਚ (blanch) ਕਰਕੇ ਬਣਾਉਣਾ ਸਿਹਤ ਲਈ ਫਾਇਦੇਮੰਦ ਹੈ। ਫਰਾਈ ਅਤੇ ਗਰਿੱਲ ਕਰਨ ਨਾਲ ਹਾਨੀਕਾਰਕ ਟੌਕਸਿਨਜ਼ (toxins) ਬਣਦੇ ਹਨ। ਜਿੰਨਾ ਹੋ ਸਕੇ, ਇਹ ਦੋ ਤਰੀਕੇ ਨਾ ਵਰਤੋ। ਮਾਈਕਰੋਵੇਵ ਦਾ ਇਸਤੇਮਾਲ ਵੀ ਘੱਟ ਹੀ ਕਰੋ।
ਵੈਜੀਟੇਬਲ ਤੇਲ, ਜਿਸ ਤਰ੍ਹਾਂ ਕਨੋਲਾ, ਪੀਨਟ, ਕੌਰਨ, ਸਨਫਲਾਵਰ ਅਤੇ ਕੌਰਨਸੀਡ ਤੇਲ ਦਾ ਇਸਤੇਮਾਲ ਬਿਲਕੁਲ ਨਾ ਕਰੋ।
3. ਤੀਜਾ, ਕਿਵੇਂ ਖਾਣਾ ਚਾਹੀਦਾ ਏ? ਖਾਣਾ ਘਰ ਬਣਾ ਕੇ, ਰੈਸਟੋਰੈਂਟ ਤੋਂ ਨਾ ਖਾਓ।
ਇੱਕ ਗਲਾਸ ਪਾਣੀ, ਖਾਣ ਤੋਂ 30 ਮਿੰਟ ਪਹਿਲਾਂ ਪੀ ਲਵੋ।
ਐਪਲ ਸਾਈਡਰ ਵਿਨੇਗਰ ਅਤੇ ਉਸ ਨਾਲ ਅੱਧੀ ਪਲੇਟ ਸੈਲਡ, ਚੌਥਾ ਹਿੱਸਾ ਪ੍ਰੋਟੀਨ ਅਤੇ ਫੈਟ ਵਾਲਾ ਤਕਰੀਬਨ 3 ਔਂਸ ਮੀਲ ਅਤੇ ਚੌਥਾ ਹਿੱਸਾ ਕੌਮਪਲੈਕਸ ਕਾਰਬਜ਼ ਖਾਓ।
ਦੀਦੀ, ਤੁਸੀਂ ਦੁਬਾਰਾ ਦੱਸ ਦਓ ਇਹ ਪ੍ਰੋਟੀਨ ਅਤੇ ਫੈਟੀ ਖੁਰਾਕ ਬਾਰੇ।”
“ਪ੍ਰੀਤ, ਪ੍ਰੋਟੀਨ ਵਾਲੀ ਖੁਰਾਕ `ਚ ਆ ਜਾਂਦੈ: ਚਿਕਨ, ਫਿਸ਼, ਟਰਕੀ, ਚੀਜ਼ (cheese), ਕੌਟੇਜ਼ ਚੀਜ਼, ਟੋਫੂ, ਹੰਮਸ ਅਤੇ ਅੰਡੇ। ਹੈਲਦੀ ਫੈਟਜ਼ ਹਨ: ਔਲਿਵ ਆਇਲ, ਫਿਸ਼, ਐਵਾਕਾਡੋ, ਨਟਸ, ਸੀਡਜ਼ ਅਤੇ ਨੱਟ ਬਟਰਜ਼।”
“ਕਿਹੜੇ ਕਾਰਬਜ਼ ਅੱਛੇ ਨੇ?”
“ਹੋਲ ਬੀਨਜ਼, ਵਾਇਲਡ ਜਾਂ ਬਰਾਊਨ ਰਾਈਸ, ਕੀਨਵਾ ਅਤੇ ਸ਼ਕਰਕੰਦੀ, ਖਾਸ ਕਰਕੇ ਪਰਪਲ, ਪਰ ਥੋੜ੍ਹੀ ਮਿਕਦਾਰ ਵਿੱਚ ਖਾਓ।”
“ਪ੍ਰੀਤ, ਤੈਨੂੰ ਕਈ ਗੱਲਾਂ ਭੁੱਲ ਗਈਆਂ, ਖਾਣ ਬਾਰੇ।”
“ਓਹ ਹਾਂ! ਖਾਣ ਤੋਂ ਬਾਅਦ 15-20 ਮਿੰਟ ਲਈ ਸੈਰ ਕਰਨੀ ਚਾਹੀਦੀ ਏ। ਖਾਣਾ ਸਿਰਫ 8-9 ਘੰਟੇ ਦੇ ਵਿੱਚ ਵਿੱਚ ਹੀ ਦੋ ਜਾਂ ਤਿੰਨ ਮੀਲ ਵਿੱਚ ਵੰਡ ਕੇ ਖਾਣਾ ਚਾਹੀਦੈ; ਕੋਈ ਸਨੈਕ ਨਹੀਂ ਖਾਣਾ ਵਿਚਾਲੇ ਵਾਲੇ ਸਮੇਂ ਵਿੱਚ। ਹਫਤੇ ਵਿੱਚ ਇੱਕ ਵਾਰੀ 24 ਘੰਟੇ ਦਾ ਵਰਤ ਰੱਖਣਾ ਚਾਹੀਦਾ ਏ। ਵਰਤ ਵੇਲੇ ਪਾਣੀ ਜਾਂ ਚਾਹ ਜਾਂ ਕੌਫੀ ਬਿਨਾ ਸ਼ੂਗਰ ਦੇ ਪੀ ਸਕਦੇ ਹੋ।”
“ਵਾਹ ਬਈ ਵਾਹ! ਤੈਨੂੰ ਤਾਂ ਤੋਤੇ ਵਾਂਗ ਰਟਿਆ ਪਿਆ ਸਭ ਕੁਝ। ਦੱਸ ਕੀ ਸਵਾਲ ਨੇ?”
“ਦੀਦੀ, ਪਹਿਲਾਂ ਇਹ ਦੱਸੋ ਜਦੋਂ ਮੀਲਸ ਦੇ ਵਿਚਾਲੇ ਭੁੱਖ ਲੱਗਦੀ ਏ, ਕੀ ਕਰੀਏ? ਸਨੈਕ ਤਾਂ ਲੈ ਨਹੀਂ ਸਕਦੇ!”
“ਭੁੱਖ ਤਾਂ ਤਕਰੀਬਨ 20 ਕੁ ਮਿੰਟ ਲਈ ਰਹਿੰਦੀ ਏ। ਗਰਮ ਪਾਣੀ ਹੌਲੀ ਹੌਲੀ ਘੁੱਟ-ਘੁੱਟ ਕਰਕੇ ਪੀਓ, ਜੇ ਚਾਹੋ ਤਾਂ ਠੰਡਾ ਪਾਣੀ ਪੀ ਸਕਦੇ ਹੋ। ਕਿਸੇ ਨਾਲ ਫੋਨ `ਤੇ ਗੱਲ ਕਰੋ ਜਾਂ ਐਕਸਰਸਾਈਜ਼ ਜਾਂ ਕੰਮ ਵਿੱਚ ਬਿਜ਼ੀ ਕਰ ਲਓ ਆਪਣੇ ਆਪ ਨੂੰ, ਜਾਂ ਫਿਰ ਟੀ.ਵੀ. ਦੇਖਣ ਲੱਗ ਜਾਓ। ਕੁਝ ਦਿਨਾਂ ਬਾਅਦ ਇਹ ਭੁੱਖ ਲੱਗਣੀ ਬੰਦ ਹੋ ਜਾਂਦੀ ਹੈ।”
“ਦਿਨ ਵਿੱਚ ਕਿੰਨਾ ਪਾਣੀ ਪੀਣਾ ਚਾਹੀਦੈ?”
“ਹਰ ਇੱਕ ਦੀ ਜ਼ਰੂਰਤ ਵੱਖਰੀ ਵੱਖਰੀ ਹੁੰਦੀ ਹੈ, ਇਹ ਨਿਰਭਰ ਹੈ ਤੁਹਾਡੇ ਲਾਈਫ ਸਟਾਈਲ ਉੱਤੇ, ਖੁਰਾਕ ਉੱਤੇ, ਐਕਸਰਸਾਈਜ਼ ਅਤੇ ਬਾਹਰ ਦੇ ਮੌਸਮ ਉੱਤੇ; ਪਰ ਅੰਦਾਜ਼ਨ ਕਿਹਾ ਜਾਂਦਾ ਤੁਹਾਡੇ ਵਜ਼ਨ (ਪਾਊਂਡ ਵਿੱਚ) ਤੋਂ ਅੱਧਾ ਹੋਣਾ ਚਾਹੀਦਾ (ਔਂਸ ਵਿੱਚ)।”
“ਦੀਦੀ, ਤੁਹਾਡਾ ਕਹਿਣੈ, ਜੇ ਕੋਈ 200 ਪੌਂਡ ਦਾ ਹੋਵੇ ਤਾਂ ਉਸ ਨੂੰ ਸੌ ਔਂਸ ਪਾਣੀ ਪੀਣਾ ਚਾਹੀਦੈ?”
“ਹਾਂ, ਪਰ ਇਸ ਵਿੱਚ ਹਰ ਤਰ੍ਹਾਂ ਦਾ ਲਿਕੁਇਡ (liquid) ਸ਼ਾਮਿਲ ਹੈ, ਜਿਵੇਂ ਕੌਫੀ, ਟੀ ਅਤੇ ਇਹਦਾ 20% ਖਾਣੇ ਤੋਂ ਵੀ ਆਉਂਦਾ ਏ। ਤੁਸੀਂ ਆਪਣੀ ਪਿਆਸ ਅਤੇ ਯੂਰਿਨ (ਪਿਸ਼ਾਬ) ਦੇ ਕਲਰ (ਰੰਗ) ਦੇ ਹਿਸਾਬ ਨਾਲ ਵੀ ਚੱਲ ਸਕਦੇ ਹੋ। ਯੂਰਿਨ ਦਾ ਰੰਗ ਬਿਲਕੁਲ ਫਿੱਕਾ ਜਿਹਾ ਪੀਲਾ ਹੋਣਾ ਚਾਹੀਦਾ ਏ।”
“ਦੀਦੀ, ਮੈਂ ਤਾਂ ਤੁਹਾਨੂੰ ਦੱਸਣਾ ਹੀ ਭੁੱਲ ਗਈ ਮੇਰੇ ਨਾਲ ਕੀ ਬੀਤੀ! ਸਾਡੇ ਘਰ ਪਾਲੀ ਹੁਣਾਂ ਦੇ ਘਰੋਂ ਬੇਸਣ ਦੀ ਬਰਫੀ ਦਾ ਡੱਬਾ ਆਇਆ ਸੀ, ਪਰਸੋਂ। ਉਨ੍ਹਾਂ ਦੇ ਘਰ ਕਈ ਸਾਲਾਂ ਦੇ ਇਲਾਜ ਬਾਅਦ ਇੱਕ ਨੰਨੀ-ਮੁੰਨੀ ਆਈ ਏ। ਚਾਚੀ ਨੇ ਡੱਬਾ ਰੱਖ ਦਿੱਤਾ ਮੇਜ `ਤੇ। ਮੈਂ ਜਦੋਂ ਲੰਘਦੀ ਨੇ ਦੇਖਿਆ ਤਾਂ ਮੈਂ ਉੱਥੇ ਹੀ ਖੜ੍ਹੀ ਦੀ ਖੜ੍ਹੀ ਰਹਿ ਗਈ। ਤੁਹਾਨੂੰ ਪਤਾ ਏ, ਬੇਸਣ ਦੀ ਬਰਫੀ ਤਾਂ ਮੇਰੀ ਜਾਨ ਹੈ। ਸੱਚ ਦੱਸਾਂ, ਮੇਰਾ ਬਹੁਤ ਜੀਅ ਕੀਤਾ ਬਰਫੀ ਖਾਣ ਨੂੰ, ਪਰ ਮੈਂ ਮਨ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ, ਉਨੇ ਵਿੱਚ ਚਾਚੀ ਆ ਗਈ ਅਤੇ ਡੱਬਾ ਚੁੱਕ ਕੇ ਲੈ ਗਈ। ਮੇਰੇ ਵੱਲ ਦੇਖਦੀ ਹੋਈ ਜਿਵੇਂ ਕਹਿ ਰਹੀ ਹੋਵੇ, ਤੂੰ ਇਹਨੂੰ ਖਾ ਕੇ ਦੇਖ ਕਿਵੇਂ ਖਾਂਦੀ ਏ? ਤੁਸੀਂ ਨਹੀਂ ਸਮਝ ਸਕੋਗੇ ਉਸ ਵਕਤ ਮੇਰੇ ਦਿਲ ਉੱਤੇ ਕੀ ਵਾਪਰ ਰਹੀ ਸੀ। ਸਾਰਾ ਦਿਨ ਉਹ ਡੱਬਾ ਮੇਰੀਆਂ ਅੱਖਾਂ ਦੇ ਅੱਗੇ ਆਉਂਦਾ ਰਿਹਾ।”
“ਫਿਰ ਅੱਜ ਕੀ ਹਾਲ ਹੈ?” ਚੰਨੀ ਨੇ ਹੱਸਦੀ ਨੇ ਕਿਹਾ।
“ਅੱਜ ਤਾਂ ਠੀਕ ਐ, ਮੈਂ ਤਾਂ ਤਕਰੀਬਨ ਭੁੱਲ ਗਈ ਸੀ ਉਸ ਡੱਬੇ ਬਾਰੇ।”
“ਪ੍ਰੀਤ, ਇਹ ਸ਼ੂਗਰ ਅਡਿਕਸ਼ਨ ਹੈ ਅਤੇ ਹੌਲੀ ਹੌਲੀ ਇਹ ਠੀਕ ਹੋ ਜਾਂਦੀ ਹੈ।”
“ਦੀਦੀ, ਇੱਕ ਹੋਰ ਗੱਲ ਮੈਨੂੰ ਸਮਝ ਨਹੀਂ ਆਉਂਦੀ, ਮੇਰਾ ਬਾਕੀ ਦਾ ਸਰੀਰ ਇੰਨਾ ਮੋਟਾ ਨਹੀਂ, ਜਿੰਨਾ ਮੇਰਾ ਪੇਟ। ਮੇਰਾ ਬਹੁਤਾ ਵਜ਼ਨ ਪੇਟ `ਤੇ ਹੀ ਹੈ, ਇਹ ਹਲਵਾਈ ਦੇ ਗੋਗੜ ਵਾਂਗ ਵਧੀ ਜਾਂਦੈ।”
“ਇਨਸੁਲਿਨ ਰਜਿਸਟੈਂਸ (insulin resistance) ਕਰਕੇ ਲਿਵਰ ਤੇ ਪੈਨਕਰੀਆਜ ਅਤੇ ਪੇਟ ਵਿੱਚ ਤੇ ਉੱਤੇ ਚਰਬੀ ਜਮ੍ਹਾਂ ਹੋ ਜਾਂਦੀ ਹੈ। ਲਿਵਰ ਅਤੇ ਪੈਨਕਰੀਆਜ ਦਾ ਸਾਈਜ਼ ਵਧ ਜਾਂਦਾ। ਇਸ ਕਰਕੇ ਅਤੇ ਪੇਟ ਦੀ ਚਰਬੀ ਕਰਕੇ ਪੇਟ ਵਧ ਜਾਂਦੈ, ਲਿਵਰ ਦਾ ਕੰਮ ਮੈਟਾਬੋਲਿਜਮ ਦਾ ਅਤੇ ਸਰੀਰ `ਚੋਂ ਟੌਕਸਿਨਜ਼ ਕੱਢਣ ਦਾ ਕੰਮ ਵੀ ਠੱਪ ਹੋ ਜਾਂਦੈ। ਉਧਰ ਪੈਨਕਰੀਆਜ ਇਨਸੁਲਿਨ ਪੈਦਾ ਕਰਨੀ ਬੰਦ ਕਰ ਦਿੰਦੀ ਹੈ। ਇਸ ਤੋਂ ਬਾਅਦ ਸਾਰੀਆਂ ਕਰੌਨਿਕ ਬਿਮਾਰੀਆਂ ਸ਼ੁਰੂ ਹੁੰਦੀਆਂ ਨੇ।”
“ਦੀਦੀ, ਤੁਸੀਂ ਦੱਸਿਆ ਸੀ ਆਦਮੀਆਂ ਦੀ ਕਮਰ 40 ਇੰਚ ਅਤੇ ਇਸਤਰੀਆਂ ਦੀ 35 ਇੰਚ ਤੋਂ ਘੱਟ ਚਾਹੀਦੀ ਹੈ ਜਾਂ ਹਾਈਟ (ਲੰਬਾਈ) ਤੋਂ ਅੱਧੀ ਹੋਣੀ ਚਾਹੀਦੀ ਹੈ। ਮੇਰੀ ਤਾਂ 38 ਇੰਚ ਹੈ। ਭੁੱਲ ਨਾ ਜਾਵਾਂ, ਮੈਂ ਲਿਖ ਕੇ ਸਰਹਾਣੇ ਥੱਲੇ ਪਰਚੀ ਲੁਕਾ ਦਿੱਤੀ, ਘਰ ਵਿੱਚ ਕਿਸੇ ਨੂੰ ਨਹੀਂ ਪਤਾ। ਮਹੀਨੇ ਕੁ ਬਾਅਦ ਫਿਰ ਦੇਖਾਂਗੀ ਮਿਣ ਕੇ, ਕੀ ਫਰਕ ਪੈਂਦੈ। ਕੀ ਤੁਹਾਨੂੰ ਲੱਗਦਾ ਇਹ ਘੱਟ ਕੇ ਪਹਿਲਾਂ ਵਾਂਗ ਹੋ ਜਾਏਗੀ?”
“ਪ੍ਰੀਤ, ਮੈਨੂੰ ਪੂਰਾ ਯਕੀਨ ਹੈ! ਜੇ ਤੂੰ ਇਸੇ ਤਰ੍ਹਾਂ ਪ੍ਰੋਗਰੈਸ ਕਰਦੀ ਰਹੀ।”
“ਦੀਦੀ, ਇਹ ਸ਼ੂਗਰ ਦੀ ਇੰਨੀ ਜ਼ਿਆਦਾ ਕਰੇਵਿੰਗ ਕਿਉਂ ਹੁੰਦੀ ਏ?”
“ਜਦੋਂ ਤੁਸੀਂ ਸ਼ੂਗਰ ਜਾਂ ਹੋਰ ਅਲਟਰਾ ਰਿਫਾਇੰਡ (ultra refined) ਖੁਰਾਕ ਖਾਂਦੇ ਹੋ ਤਾਂ ਗੁਲੂਕੋਜ਼ ਇੱਕਦਮ ਕਾਫੀ ਮਿਕਦਾਰ ਵਿੱਚ ਖੂਨ ਵਿੱਚ ਚਲੀ ਜਾਂਦੀ ਹੈ, ਜਲਦੀ ਹਜ਼ਮ ਹੋ ਕੇ ਉਸ ਦੀ ਰਿਸਪਾਂਸ (response) ਵਿੱਚ ਢੇਰ ਸਾਰੀ ਇਨਸੁਲਿਨ ਖੂਨ ਵਿੱਚ ਆ ਜਾਂਦੀ ਹੈ। ਇਨਸੁਲਿਨ ਦਾ ਕੰਮ ਹੈ ਜ਼ਿਆਦਾ ਗੁਲੂਕੋਜ਼ ਨੂੰ ਖੂਨ ਵਿੱਚੋਂ ਕੱਢ ਕੇ ਸਰੀਰ ਦੇ ਹਿੱਸਿਆਂ ਤੱਕ ਪਹੁੰਚਾਉਣਾ; ਬਾਕੀ ਦੀ ਲਿਵਰ ਵਿੱਚ ਜਮ੍ਹਾਂ ਕਰ ਦੇਣਾ। ਫਾਲਤੂ ਸ਼ੂਗਰ ਯਾਨੀ ਕਿ ਗੁਲੂਕੋਜ਼ ਤਾਂ ਚਲੀ ਗਈ, ਪਰ ਐਕਸਟਰਾ ਇਨਸੁਲਿਨ ਅਜੇ ਵੀ ਬਾਕੀ ਹੈ, ਜੋ ਨਾਰਮਲ ਸ਼ੂਗਰ `ਤੇ ਕੰਮ ਕਰਕੇ ਉਸ ਨੂੰ ਵੀ ਘਟਾ ਦਿੰਦੀ ਹੈ, ਖੂਨ ਵਿੱਚ। ਦਿਮਾਗ ਨੂੰ ਇਸ ਦਾ ਸਿਗਨਲ ਜਾਂਦਾ ਕਿ ਹੋਰ ਸ਼ੂਗਰ ਦੀ ਜ਼ਰੂਰਤ ਹੈ ਅਤੇ ਬਹੁਤ ਭੁੱਖ ਦਾ ਸਿਗਨਲ ਸਟਮਕ ਨੂੰ ਜਾਂਦਾ ਤੇ ਤੁਹਾਨੂੰ ਕੁਝ ਖਾਣ ਦੀ ਬਹੁਤ ਜ਼ਿਆਦਾ ਤਮੰਨਾ ਹੁੰਦੀ ਹੈ, ਜਿਸ ਨੂੰ ਆਪਾਂ ਕਰੇਵਿੰਗ ਕਹਿੰਦੇ ਆਂ। ਇਸ ਵੇਲੇ ਜਿਹੜੀ ਜਲਦੀ ਸੌਖੀ ਹੀ ਖੁਰਾਕ ਮਿਲ ਸਕਦੀ ਹੈ, ਉਹ ਆਪਾਂ ਖਾ ਲੈਂਦੇ ਆਂ। ਇਹ ਸੌਖੀ ਮਿਲ ਸਕਣ ਵਾਲੀ ਖੁਰਾਕ ਆਮ ਤੌਰ `ਤੇ ਅਲਟਰਾ ਪ੍ਰੋਸੈਸ ਹੀ ਹੁੰਦੀ ਹੈ, ਜੋ ਬਹੁਤ ਜਲਦੀ ਹਜ਼ਮ ਹੋਣ ਵਾਲੀ ਖੁਰਾਕ ਹੁੰਦੀ ਹੈ। ਸਾਰਾ ਦਿਨ ਇਸ ਤਰ੍ਹਾਂ ਹੀ ਚਲਦਾ ਰਹਿੰਦਾ ਹੈ, ਮੁੜ ਮੁੜ ਸ਼ੂਗਰ ਅਤੇ ਇਨਸੁਲਿਨ ਸਪਾਈਕਜ਼ ਹੁੰਦੀਆਂ ਹਨ ਤੇ ਮੁੜ ਮੁੜ ਫੈਟ ਬਣ ਕੇ ਜਮ੍ਹਾਂ ਹੁੰਦੀ ਜਾਂਦੀ ਹੈ।”
“ਦੀਦੀ, ਤੁਸਾਂ ਅੰਡਿਆਂ ਦਾ ਹੈਲਦੀ ਫੈਟ ਵਿੱਚ ਜ਼ਿਕਰ ਕੀਤਾ ਏ, ਪਰ ਮੈਂ ਤਾਂ ਸੁਣਿਆ ਸੀ ਕਿਸੇ ਤੋਂ ਕਿ ਅੰਡੇ ਖਾਣ ਨਾਲ ਕੋਲੈਸਟਰੋਲ ਵਧ ਜਾਂਦੀ ਹੈ।”
“ਪ੍ਰੀਤ ਇਹ ਗਲਤ ਹੈ, ਜੇ ਤੁਸੀਂ ਅੰਡੇ ਠੀਕ ਤਰੀਕੇ ਨਾਲ ਖਾਓ।”
“ਉਹ ਕਿਵੇਂ?”
“ਅੰਡੇ ਵਿੱਚ ਸਿਹਤ ਦੇ ਲਈ ਬਹੁਤ ਸਾਰੀਆਂ ਫਾਇਦੇਮੰਦ ਚੀਜ਼ਾਂ ਹੁੰਦੀਆਂ ਨੇ, ਜਿਸ ਤਰ੍ਹਾਂ ਵਿਟਾਮਿਨ ਏ, ਈ, ਡੀ ਅਤੇ ਬੀ, ਈਸੈਨਸ਼ਲ ਅਮੀਨੋ ਐਸਿਡਜ਼ (essential amino acids) ਜਿਹੜੇ ਆਪਣਾ ਸਰੀਰ ਬਣਾਉਣ ਦੇ ਕਾਬਲ ਨਹੀਂ ਅਤੇ ਦਿਮਾਗ ਲਈ ਜ਼ਰੂਰੀ ਫੈਟ, ਕੋਲੀਨ ਅਤੇ ਲੈਸੀਥੀਨ (choline and lecithin); ਤੁਹਾਨੂੰ ਅੰਡੇ ਉਬਾਲ ਕੇ ਸਨੀ ਸਾਈਡ ਅਪ ਜਾਂ ਪੋਚ (poach) ਕਰਕੇ ਖਾਣੇ ਚਾਹੀਦੇ ਹਨ, ਮਤਲਬ ਜਿਹੜੇ ਤਰੀਕੇ ਨਾਲ ਤੁਸੀਂ ਐੱਗ ਯੋਕ ਨੂੰ ਤੋੜੇ ਬਿਨਾਂ ਅੰਡੇ ਨੂੰ ਪਕਾ ਕੇ ਖਾ ਸਕਦੇ ਹੋ। ਪਕਾਉਣ ਤੋਂ ਪਹਿਲਾਂ ਐੱਗ ਯੋਗ ਤੋੜਨ `ਤੇ ਕੋਲੈਸਟਰੋਲ ਔਕਸੀਡਾਈਜ਼ ਹੋ ਜਾਂਦੀ ਹੈ ਅਤੇ ਉਹ ਕਾਫੀ ਹਾਨੀਕਾਰਕ ਹੈ। ਇਸ ਲਈ ਅੰਡਿਆਂ ਦਾ ਪੂਰਾ ਫਾਇਦਾ ਲੈਣ ਲਈ ਆਮਲੇਟ ਅਤੇ ਭੁਰਜੀ ਬਣਾਉਣ ਦੀ ਥਾਂ ਉੱਪਰ ਦੱਸੇ ਤਰੀਕਿਆਂ ਦਾ ਇਸਤੇਮਾਲ ਕਰੋ। ਇੱਕ ਜਾਂ ਦੋ ਅੰਡੇ ਰੋਜ਼ਾਨਾ ਖਾ ਸਕਦੇ ਹੋ। ਅੰਡੇ ਇਸਤੇਮਾਲ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਧੋ ਲੈਣਾ ਚਾਹੀਦਾ ਹੈ।”
“ਦੀਦੀ, ਹੈਲਦੀ ਲਾਈਫ ਸਟਾਈਲ ਲਈ ਹੋਰ ਨੁਸਖੇ ਦੱਸੋ। ਇਹ ਸਾਰੀ ਜਾਣਕਾਰੀ ਦਿਲਚਸਪ ਹੈ।”
“ਤੇਰੀ ਕਾਪੀ ਪੈਨਸਿਲ ਤਿਆਰ ਹੈ? ਤੈਨੂੰ ਲਿਖਣਾ ਪੈਣਾ, ਨਹੀਂ ਤਾਂ ਤੂੰ ਭੁੱਲ ਜਾਣੈ, ਲੰਮੀ ਲਿਸਟ ਹੈ।”
“ਮੈਂ ਤਾਂ ਪੂਰੀ ਤਿਆਰੀ ਕੀਤੀ ਹੋਈ ਹੈ। ਚਲੋ ਸ਼ੁਰੂ ਹੋ ਜਾਓ।”
“ਲੈ ਸੁਣ ਫਿਰ! ਲੋਅ ਫੈਟ ਫੂਡ ਬਣਾਉਣ ਲਈ ਖੁਰਾਕ ਵਾਲੀਆਂ ਕੰਪਨੀਆਂ ਖੁਰਾਕ ਵਿੱਚ ਐਕਸਟਰਾ ਸ਼ੂਗਰ ਪਾਉਂਦੀਆਂ ਨੇ। ਇਸ ਦਾ ਨਤੀਜਾ ਇਹ ਹੋਇਆ ਕਿ ਘੱਟ ਫੈਟ ਵਾਲੀ ਖੁਰਾਕ ਤਾਂ ਖਾ ਲਈ, ਪਰ ਜ਼ਿਆਦਾ ਸ਼ੂਗਰ ਖਾਣ ਨਾਲ ਸ਼ੂਗਰ ਵਧਾਉਣ ਦਾ ਵੀ ਹੀਲਾ ਕਰ ਲਿਆ, ਜੋ ਜ਼ਿਆਦਾ ਨੁਕਸਾਨਦਾਇਕ ਐ।
-ਹਰੇ ਰੰਗ ਦੇ ਆਲੂ ਨਹੀਂ ਖਾਣੇ ਚਾਹੀਦੇ, ਉਨ੍ਹਾਂ ਵਿੱਚ ਜ਼ਹਿਰੀਲੀ ਚੀਜ਼ ਸੋਲੇਨੀਨ (solanine) ਹੁੰਦੀ ਏ।
-ਬੀਨਜ਼ ਲੈਨਟਿਲਜ ਵਗੈਰਾ ਨੂੰ ਫਾਇਦੇਮੰਦ ਬਣਾਉਣ ਲਈ ਇਨ੍ਹਾਂ ਨੂੰ ਚਾਰ ਘੰਟਿਆਂ ਤੋਂ ਜ਼ਿਆਦਾ ਲਈ ਪਾਣੀ ਵਿੱਚ ਭਿਉਂ ਕੇ ਰੱਖ ਦੇਵੋ, ਫਿਰ ਧੋ ਕੇ ਕੁੱਕ ਕਰ ਲਵੋ। ਜਦ ਠੰਡੇ ਹੋ ਜਾਣ ਤਾਂ ਫਰਿੱਜ ਵਿੱਚ ਰੱਖਣ ਨਾਲ ਕੁਝ ਘੰਟਿਆਂ ਲਈ ਇਨ੍ਹਾਂ ਦੀ ਸਟਾਰਚ, ਰਜਿਸਟੈਂਟ ਸਟਾਰਚ (resistant starch) ਵਿੱਚ ਬਦਲ ਜਾਂਦੀ ਹੈ, ਜੋ ਆਪਣੀ ਬਾਡੀ ਹਜ਼ਮ ਨਹੀਂ ਕਰ ਸਕਦੀ (ਇਸ ਕਰਕੇ ਖੂਨ ਵਿੱਚ ਸ਼ੂਗਰ ਅਤੇ ਇਨਸੁਲਿਨ ਜ਼ਿਆਦਾ ਨਹੀਂ ਵਧੇਗੀ), ਪਰ ਇਹ ਤੁਹਾਡੇ ਚੰਗੇ ਕੀਟਾਣੂਆਂ ਲਈ ਡਿਜਰਟ (dessert) ਦਾ ਕੰਮ ਕਰਦਾ ਹੈ ਅਤੇ ਉਹ ‘ਸ਼ਾਰਟ ਚੇਨ ਫੈਟੀ ਐਸਿਡ’ (SCFA) ਬਣਾ ਕੇ ਆਪਣੇ ਸਰੀਰ ਵਿੱਚ ਵਿਟਾਮਿਨ ਬੀ ਅਤੇ ਕੇ ਬਣਾਉਣ ਵਿੱਚ ਮਦਦ ਕਰਦੇ ਨੇ। ਇਸੇ ਲਈ ਤੁਸੀਂ ਵੀ ਆਲੂਆਂ ਅਤੇ ਹੋਰ ਸਟਾਰਚੀ ਚੀਜ਼ਾਂ ਦੀ ਸਟਾਰਚ ਵੀ ਬਦਲ ਸਕਦੇ ਹੋ।”
“ਆਹ ਤਰੀਕਾ ਵਧੀਆ ਦੀਦੀ! ਚਲੋ ਹੋਰ ਦੱਸੋ ਇਸ ਤਰ੍ਹਾਂ ਦੇ ਨੁਸਖੇ।”
“ਖੁਰਾਕ, ਜਿਸ ਵਿੱਚ ਫਰੱਕਟੋਜ (fructose) ਹੋਵੇ, ਉਹ ਵੀ ਘੱਟ ਕਰ ਦੇਵੋ ਕਿਉਂਕਿ ਇਹ ਲਿਵਰ ਨੂੰ ਫੈਟੀ ਕਰਦੀ ਹੈ। ਫਰੱਕਟੋਜ ਫਲਾਂ ਤੇ ਫਲਾਂ ਦੇ ਜੂਸ ਵਿੱਚ ਅਤੇ ਕੌਰਨ ਸਿਰਪ (syrup) ਵਿੱਚ ਪਾਈ ਜਾਂਦੀ ਹੈ। ਖੁਰਾਕ ਬਣਾਉਣ ਵਾਲੀਆਂ ਕੰਪਨੀਆਂ ਫਰੱਕਟੋਜ ਕਾਰਨ ਸਿਰਪ ਨੂੰ ਪੈਕੇਜ ਕੀਤੀ ਖੁਰਾਕ ਵਿੱਚ ਕਾਫੀ ਇਸਤੇਮਾਲ ਕਰਦੀਆਂ ਹਨ, ਇਹ ਸਸਤੀ ਹੈ। ਇੱਥੋਂ ਤੱਕ ਕਿ ਇਹ ਬੇਬੀ ਫੂਡ ਵਿੱਚ ਵੀ ਪਾ ਦਿੰਦੇ ਨੇ। ਇਸ ਕਰਕੇ ਕਈ ਬੱਚਿਆਂ ਨੂੰ ਲਿਵਰ ਦੀ ਬਿਮਾਰੀ ਯਾਨੀ ਕਿ ਫੈਟੀ ਲੀਵਰ ਹੋਣਾ ਸ਼ੁਰੂ ਹੋ ਗਿਆ, ਜੋ ਪੰਜ-ਛੇ ਸਾਲ ਤੋਂ ਪਹਿਲਾਂ ਕਿਸੇ ਨਹੀਂ ਸੀ ਦੇਖਿਆ। ਇਸ ਕਰਕੇ ਪੈਕੇਜ ਕੀਤੀ ਖੁਰਾਕ ਦੇ ਲੇਬਲ ਧਿਆਨ ਨਾਲ ਪੜ੍ਹ ਕੇ ਇਹ ਚੀਜ਼ਾਂ ਸੋਚ ਸਮਝ ਕੇ ਖਰੀਦੋ। ਕਈ ਖੁਰਾਕਾਂ ਵਿੱਚ ਸ਼ੂਗਰ ਵੱਖਰੇ ਵੱਖਰੇ ਨਾਂਵਾਂ ਨਾਲ ਪਾਈ ਜਾਂਦੀ ਏ, ਜਿਵੇਂ ਡੈਕਸਟਰੋਜ (dextrose), ਮਾਲਟੋਜ (moltose), ਫਰੱਕਟੋਜ (fructose), ਸੂਕਰੋਜ (sucrose), ਬਾਰਲੇ ਮਾਲਟ (barley malt) ਆਦਿ।
ਕਿਸੇ ਕਿਸੇ ਖੁਰਾਕ ਵਿੱਚ ਸ਼ੂਗਰ ਛੁਪੀ ਵੀ ਹੋ ਸਕਦੀ ਹੈ, ਜਿਵੇਂ ਕੈਚਪ, ਬਾਰਬੀਕਿਊ ਸੌਸ (barbeque sauce); ਇਨ੍ਹਾਂ ਵਿੱਚ ਇੱਕ ਟੇਬਲ ਸਪੂਨ ਵਿੱਚ ਇੱਕ ਟੀ-ਸਪੂਨ ਜਿੰਨੀ ਸ਼ੂਗਰ ਹੁੰਦੀ ਹੈ। ਇੱਕ ਗਲਾਸ ਜੂਸ ਜਾਂ ਇੱਕ ਕੇਨ ਸੋਡੇ ਵਿੱਚ 8-9 ਚਮਚ ਸ਼ੂਗਰ ਹੁੰਦੀ ਏ। ਇੱਕ ਸਰਵਿੰਗ ਮੀਡੀਅਮ ਚਿੱਟੇ ਚੌਲਾਂ ਵਿੱਚ 10 ਚਮਚ ਦੇ ਬਰਾਬਰ ਸ਼ੂਗਰ ਹੁੰਦੀ ਹੈ ਅਤੇ ਸੈਲਡ ਡਰੈਸਿੰਗਸ (salad dressings) ਵਗੈਰਾ ਵਿੱਚ ਕਾਫੀ ਮਿਕਦਾਰ ਵਿੱਚ ਸ਼ੂਗਰ ਹੋ ਸਕਦੀ ਹੈ। ਜਦੋਂ ਤੁਸੀਂ ਪੈਕੇਜ ਜਾਂ ਕੇਨ ਉੱਤੇ ਲੇਬਲ ਪੜ੍ਹਦੇ ਹੋ ਤਾਂ ਕੁੱਲ ਕਾਰਬੋਹਾਈਡਰੇਟ ਵਿੱਚੋਂ ਫਾਈਬਰ ਕੱਢ ਦਿਓ ਤੇ ਬਾਕੀ ਨੰਬਰ ਸ਼ੂਗਰ ਹੁੰਦੀ ਹੈ, ਤੁਹਾਡੇ ਸਰੀਰ ਵਿੱਚ ਜਾਣ ਵਾਲੀ। ਖੁਰਾਕ, ਜਿਸ ਵਿੱਚ ਟਰਾਂਸ ਫੈਟ ਹੁੰਦੀ ਹੈ, ਉਸ ਦਾ ਇਸਤੇਮਾਲ ਤਾਂ ਬਿਲਕੁਲ ਹੀ ਨਾ ਕਰੋ, ਜਿਵੇਂ ਕਰਿਸਕੋ ਅਤੇ ਮਾਰਜਰੀਨ (margerine)
ਪ੍ਰੀਤ, ਕਈ ਸਬਜ਼ੀਆਂ ਕੱਚੀਆਂ ਵੀ ਖਾਧੀਆਂ ਜਾ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਕੱਚਿਆਂ ਖਾਣ ਨਾਲ ਸਰੀਰ ਨੂੰ ਬਹੁਤ ਫਾਇਦਾ ਹੁੰਦੈ, ਕਿਉਂਕਿ ਕਈ ਵਿਟਾਮਨ ਕੁੱਕ ਕਰਨ ਨਾਲ ਖਤਮ ਹੋ ਜਾਂਦੇ ਹਨ, ਜਿਵੇਂ ਗਾਜਰਾਂ, ਪਾਲ਼ਕ, ਸ਼ਲਗਮ, ਬੀਟਸ ਅਤੇ ਬਰੌਕਲੀ। ਇਨ੍ਹਾਂ ਨੂੰ ਕੱਟ ਕੇ ਇਨ੍ਹਾਂ ਉੱਤੇ ਜੇ ਥੋੜ੍ਹਾ ਜਿਹਾ ਐਕਸਟਰਾ ਵਰਜਿਨ ਔਲਿਵ ਆਇਲ (extra virgin olive oil) ਪਾ ਲਵੋ ਤਾਂ (ਫੈਟ ਸੌਲੂਬਲ) ਤੇਲ ਵਿੱਚ ਘੁਲਣ ਵਾਲੇ ਵਿਟਾਮਿਨ ਜ਼ਿਆਦਾਤਰ ਏ, ਈ, ਡੀ ਅਤੇ ਕੇ ਵੀ ਹਜ਼ਮ ਹੋ ਕੇ ਸਰੀਰ ਵਿੱਚ ਜਾ ਸਕਦੇ ਨੇ। ਤੇਲ ਤੁਸੀਂ ਕੋਲਡ ਪਰੈਸਡ (cold pressed) ਚੰਗੀ ਕੁਆਲਿਟੀ ਦਾ, ਲੇਵਲ ਪੜ੍ਹ ਕੇ ਹੀ ਖਰੀਦੋ। ਕਈ ਵਾਰੀ ਔਲਿਵ ਆਇਲ ਵਿੱਚ ਹੋਰ ਹਾਨੀਕਾਰਕ ਤੇਲ ਮਿਲਾਏ ਹੁੰਦੇ ਹਨ ਉਸ ਨੂੰ ਸਸਤਾ ਬਣਾਉਣ ਲਈ, ਉਹ ਬਿਲਕੁਲ ਨਾ ਇਸਤੇਮਾਲ ਕਰੋ।
ਪ੍ਰੀਤ, ਕਈ ਚੀਜ਼ਾਂ ਕੱਚੀਆਂ ਨਹੀਂ ਖਾਣੀਆਂ ਚਾਹੀਦੀਆਂ ਜਿਵੇਂ ਕੱਚੇ ਆਲੂ, ਲਾਲ ਕਿਡਨੀ ਬੀਨਜ਼, ਲੀਮਾਂ ਬੀਨਜ਼ ਅਤੇ ਐਪਲ ਸੀਡਜ਼; ਟੌਕਸਕ ਨੇ।
“ਦੀਦੀ, ਤੁਸੀਂ ਕਿਹਾ ਫਲਾਂ ਵਿੱਚ ਵੀ ਫਰੱਕਟੋਜ ਹੁੰਦੀ ਹੈ ਅਤੇ ਇਹ ਆਪਣੇ ਲਈ ਅੱਛੀ ਨਹੀਂ।”
“ਨਹੀਂ ਪ੍ਰੀਤ, ਫਲ ਖਾਣੇ ਚਾਹੀਦੇ ਹਨ, ਇਹ ਸਿਹਤ ਲਈ ਬਹੁਤ ਚੰਗੇ ਨੇ, ਪਰ ਹਿਸਾਬ ਨਾਲ ਖਾਓ (in moderation) ਅਤੇ ਜੂਸ ਨਹੀਂ, ਪੂਰਾ ਫਲ ਖਾਓ। ਉਸ ਵਿੱਚ ਜੋ ਫਾਈਬਰ ਹੁੰਦੀ ਹੈ, ਉਸ ਨਾਲ ਫਲ ਦੀ ਸ਼ੂਗਰ ਹੌਲੀ ਹੌਲੀ ਸਰੀਰ ਵਿੱਚ ਜਾਂਦੀ ਹੈ ਅਤੇ ਇਸ ਕਰਕੇ ਸ਼ੂਗਰ ਅਤੇ ਇਨਸੁਲਿਨ ਸਪਾਈਕ (insulin Spike) ਘੱਟ ਹੀ ਹੁੰਦੀ ਏ।”
“ਅੱਛਾ ਜੀ, ਆ ਗਈ ਸਮਝ।”
“ਪ੍ਰੀਤ, ਤੇਰੇ ਲਈ ਅੱਜ ਇੰਨਾ ਹੀ ਕਾਫੀ ਹੈ। ਹੋਰ ਜ਼ਿਆਦਾ ਸੁਣ ਕੇ ਕਿਤੇ ਬਦਹਜ਼ਮੀ ਨਾ ਹੋ ਜਾਵੇ।”
“ਦੀਦੀ, ਜਲਦੀ ਮੁੜ ਆਇਆ ਕਰੋ, ਮੇਰਾ ਬਹੁਤ ਦਿਲ ਲੱਗਦਾ ਏ ਤੁਹਾਡੀਆਂ ਗੱਲਾਂ ਸੁਣ ਕੇ ਅਤੇ ਬਹੁਤ ਨਵੀਂ ਜਾਣਕਾਰੀ ਵੀ ਮਿਲਦੀ ਏ।”
“ਹਾਂ ਬਈ, ਸਾਡੀ ਪ੍ਰੀਤ ਤਾਂ ਬਹੁਤ ਸਿਆਣੀ ਹੋ ਚੱਲੀ। …ਅੱਛਾ ਪ੍ਰੀਤ, ਮੈਂ ਹੁਣ ਚਲਦੀ ਆਂ। ਅਗਲੀ ਵਾਰ ਤੱਕ ਧਿਆਨ ਰੱਖੀਂ, ਆਪਣਾ ਗੋਲ (ਟੀਚਾ) ਨਾ ਭੁੱਲੀਂ। ਦੇਖਦੇ ਆਂ ਕਿੰਨਾ ਭਾਰ ਘਟਾ ਸਕਦੀ ਐਂ ਤੂੰ। ਗੁੱਡ ਲੱਕ!”

ਨੋਟ: ਇਸ ਲੇਖ ਵਿਚਲੇ ਤੱਥ ਸਿਰਫ ਜਾਣਕਾਰੀ ਲਈ ਛਾਪੇ ਜਾ ਰਹੇ ਹਨ। ਕਿਸੇ ਵੀ ਤਰ੍ਹਾਂ ਦਾ ਘਰੇਲੂ ਆਹਰ-ਪਾਹਰ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਮਸ਼ਵਰਾ ਜ਼ਰੂਰ ਕਰੋ।

Leave a Reply

Your email address will not be published. Required fields are marked *