“ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੌਜਵਾਨ ਲੇਖਕ ਅਲੀ ਰਾਜਪੁਰਾ ਦੀ ਭਾਈਚਾਰਕ ਸਾਂਝ ਸਬੰਧੀ ਇੱਕ ਪੜ੍ਹਨਯੋਗ ਪੁਸਤਕ ਹੈ। ਅਸੀਂ ਸੁਹਿਰਦ ਪਾਠਕਾਂ ਲਈ ਇਹ ਪੁਸਤਕ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਛਾਪ ਰਹੇ ਹਾਂ। ਇਸ ਅੰਕ ਵਿੱਚ ਗੁਰੂ ਕੀ ਮਸੀਤ, ਸਾਈਂ ਫ਼ਤਹਿ ਸ਼ਾਹ ਅਲੀ, ਅਬਦੁੱਲਾ ਖ਼ਵਾਜ਼ਾ, ਦਾਰਾ ਸ਼ਿਕੋਹ, ਨਵਾਬ ਰਹੀਮ ਬਖ਼ਸ਼ ਤੇ ਕਰੀਮ ਬਖ਼ਸ਼ ਅਤੇ ਨਵਾਬ ਸ਼ਾਇਸਤਾ ਖ਼ਾਂ ਬਾਰੇ ਸੰਖੇਪ ਵੇਰਵਾ ਹੈ…
ਅਲੀ ਰਾਜਪੁਰਾ
ਫੋਨ:+91-9417679302
ਗੁਰੂ ਕੀ ਮਸੀਤ
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ‘ਹਰਿਗੋਬਿੰਦਪੁਰ’ ਸ਼ਹਿਰ ਵਸਾਇਆ ਸੀ ਤੇ ਇਸੇ ਸ਼ਹਿਰ ਅੰਦਰ ਗੁਰੂ ਜੀ ਨੇ ਆਪਣੇ ਮੁਸਲਮਾਨ ਸੇਵਕਾਂ ਅਤੇ ਤਿੰਨ ਪੀਰਾਂ- ਸ਼ਾਹ ਈਮਾਨ, ਜਾਨੀ ਸ਼ਾਹ ਅਤੇ ਗੋਦੜੀਵਾਲ ਵਾਸਤੇ ਮਸੀਤ ਦੀ ਉਸਾਰੀ ਆਪਣੀ ਦੇਖ-ਰੇਖ ਹੇਠ ਕਰਵਾਈ। ਇਹ ਤਿੰਨੇ ਪੀਰ ਮਸੀਤ ਵਿੱਚ ਰਹਿੰਦੇ ਹੋਏ ਗੁਰੂ ਸਾਹਿਬ ਨਾਲ ਵਿਚਾਰ-ਚਰਚਾ ਕਰਿਆ ਕਰਦੇ ਸਨ। ਇਹ ਮਸੀਤ ਬਿਆਸ ਦਰਿਆ ਦੇ ਕਿਨਾਰੇ 120 ਫੁੱਟ ਉੱਚੀ ਹੈ, ਜਿਸ ਨੂੰ ਹੁਣ ਗੁਰੂ ਕੀ ਮਸੀਤ ਜਾਂ ਸ਼ਾਹੀ ਮਸੀਤ ਨਾਲ ਜਾਣਿਆ ਜਾਂਦਾ ਹੈ। ਇਸ ਸ਼ਹਿਰ ਵਿੱਚ ਇਨ੍ਹਾਂ ਤਿੰਨਾਂ ਪੀਰਾਂ ਦੇ ਆਪਣੇ-ਆਪਣੇ ਮਕਬਰੇ ਵੀ ਹਨ। ਪੀਰ ਸ਼ਾਹ ਈਮਾਨ ਤੇ ਜਾਨੀ ਸ਼ਾਹ ਦੀ ਮਜ਼ਾਰ ’ਤੇ ਹਰ ਵੀਰਵਾਰ ਨੂੰ ਮੇਲਾ ਲੱਗਦਾ ਹੈ। ਇਸ ਮਸੀਤ ਦੀ ਮੁਰੰਮਤ 2003 ਵਿੱਚ ਯੂਨੈਸਕੋ ਨੇ ਕੀਤੀ ਸੀ। ਇਸੇ ਮਸੀਤ ’ਚ ਗੁਰੂ ਜੀ ਨੇ ਪੀਰਾਂ ਦੇ ਇਸ਼ਨਾਨ ਲਈ ਹਮਾਮ ਵੀ ਬਣਾਇਆ ਸੀ। ਇਹ ਮਸੀਤ ਸਾਂਝੀਵਾਲਤਾ ਦਾ ਪ੍ਰਤੀਕ ਹੈ। ਚਮਾਸੇ ਦੇ ਦਿਨਾਂ ਵਿੱਚ ਗੁਰੂ ਜੀ ਇਨ੍ਹਾਂ ਪੀਰਾਂ ਕੋਲ਼ ਆ ਕੇ ਬੈਠਦੇ ਸਨ। ਹੁਣ ਇਸ ਮਸੀਤ ਦੀ ਦੇਖ-ਭਾਲ ਇੱਕ ਨਿਹੰਗ ਸਿੰਘ ਕਰਦਾ ਹੈ।
ਇਸ ਮਸਜਿਦ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ।
ਸਾਈਂ ਫ਼ਤਹਿ ਸ਼ਾਹ ਅਲੀ (ਨੂਰਮਹਿਲ)
ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਤਹਿਸੀਲ ਫਗਵਾੜਾ ਦੇ ਪਿੰਡ ਸੰਗਤਪੁਰਾ (ਦੁਆਬ) ’ਚ ਇੱਕ ਫ਼ਕੀਰ ਰਹਿੰਦਾ ਸੀ, ਜਿਸ ਦਾ ਪਿਛੋਕੜ ਬਗ਼ਦਾਦ (ਅਰਬ) ਤੋਂ ਸੀ। ਉਸ ਨੂੰ ਆਪਣੀ ਭਗਤੀ-ਸ਼ਕਤੀ ’ਤੇ ਬੇਅੰਤ ਮਾਣ ਸੀ। ਉਸ ਦੀ ਰਹਿਣੀ-ਬਹਿਣੀ ਫ਼ਕੀਰਾਂ ਵਾਲ਼ੀ ਸੀ ਤੇ ਉਹ ਖੁੱਲ੍ਹੇ ਦਿਲ ਨਾਲ ਹਰ ਕਿਸੇ ਨੂੰ ਕਹਿ ਦਿੰਦਾ ਸੀ ਕਿ, “ਜੇ ਮੇਰੇ ਕੋਈ ਦੋ ਜਾਂ ਵੱਧ ਟੁਕੜੇ ਵੀ ਕਰ ਦੇਵੇ, ਮੈਂ ਤਾਂ ਵੀ ਮਰ ਨਹੀਂ ਸਕਦਾ।” ਭੋਲ਼ੀ ਜਨਤਾ ਉਸ ਦੀਆਂ ਕਰਾਮਾਤਾਂ ਤੋਂ ਭੈਅ ਖਾਂਦੀ ਸੀ। ਇੱਕ ਵਾਰ ਗੁਰੂ ਹਰਿਗੋਬਿੰਦ ਸਾਹਿਬ ਪਿੰਡ ਸੰਗਤਪੁਰਾ ਵੱਲ ਗੁਜ਼ਰ ਰਹੇ ਸਨ, ਉਨ੍ਹਾਂ ਨੂੰ ਸਾਈਂ ਫ਼ਤਹਿ ਬਾਰੇ ਪਤਾ ਲੱਗਿਆ। ਗੁਰੂ ਜੀ ਸਾਈਂ ਕੋਲ ਜਾ ਪਹੁੰਚੇ। ਗੁਰੂ ਸਾਹਿਬ ਨੇ ਗੱਲਾਂ ਕੀਤੀਆਂ ਤਾਂ ਉਸਨੇ ਆਪਣੀ ਰੂਹਾਨੀਅਤ ਤਾਕਤ ਨਾਲ ਗੁਰੂ ਸਾਹਿਬ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ; ਪਰ ਉਸ ਦੀ ਪੇਸ਼ ਨਾ ਚੱਲੀ। ਗੁਰੂ ਸਾਹਿਬ ਨੇ ਸਾਹਮਣੇ ਵਿਛੀ ਚੌਪੜ ਖੇਡਣ ਲਈ ਕਿਹਾ ਤਾਂ ਉਹ ਚੌਪੜ ਖੇਡ ਦਾ ਮਾਹਰ ਹੋਣ ਕਰਕੇ ਵੀ ਚਾਰ ਵਾਰ ਗੁਰੂ ਜੀ ਪਾਸੋਂ ਮਾਤ ਖਾ ਗਿਆ। ਉਸ ਨੂੰ ਗੁਰੂ ਜੀ ਨੇ ਬਚਨ ਕੀਤੇ ਕਿ ਮਨੁੱਖ ਨੂੰ ਨੀਵਾਂ ਹੋ ਕੇ ਰੱਬ ਦੀ ਬੰਦਗੀ ਕਰਨੀ ਚਾਹੀਦੀ ਹੈ। ਹੰਕਾਰ ਦੇ ਘੋੜੇ ’ਤੇ ਸਵਾਰ ਹੋ ਕੇ ਕੋਮਲ ਮਨ ਨਹੀਂ ਮਿੱਧਣੇ ਚਾਹੀਦੇ…। ਤੁਸੀਂ ਸੇਵਾ ਕਰਿਆ ਕਰੋ। ਅੱਲ੍ਹਾ-ਪਾਕ ਦੇ ਰੂਬਰੂ ਹੋਣ ਲਈ ਬੰਦਗੀ ਵੀ ਪਾਕ ਹੋਣੀ ਚਾਹੀਦੀ ਹੈ। ਸਾਈਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ। ਉਸ ਨੇ ਸੰਗਤਪੁਰਾ ਛੱਡ ਨੂਰਮਹਿਲ ਦਾ ਵਾਸਾ ਕਰ ਲਿਆ।
ਕਰਤਾਰਪੁਰ ਵਿਖੇ ਬਾਬਾ ਆਲਾਰ ਸ਼ਾਹ ਜੀ ਦਾ ਇੰਤਕਾਲ ਹੋ ਗਿਆ ਸੀ। ਸੱਤਵੀਂ ਪਾਤਸ਼ਾਹੀ ਗੁਰੂ ਹਰਿ ਰਾਇ ਜੀ ਉਨ੍ਹਾਂ ਨੂੰ ਸਪੁਰਦ-ਏ-ਖ਼ਾਕ ਕਰਕੇ ਜਦੋਂ ਨੂਰਮਹਿਲ ਵਿੱਚੋਂ ਗੁਜ਼ਰੇ ਤਾਂ ਉਨ੍ਹਾਂ ਦਾ ਮੇਲ ਸਾਈਂ ਜੀ ਨਾਲ ਹੋਇਆ। ਗੁਰੂ ਜੀ ਨੇ ਸਾਈਂ ਜੀ ਨੂੰ ਕਿਹਾ ਕਿ, “ਅਜੇ ਵੀ ਸ਼ੌਕ ਹੈ ਇੱਕ ਪਾਸਾ ਖੇਡਣ ਦਾ…?” ਸਾਈਂ ਜੀ ਹੈਰਾਨ ਰਹਿ ਗਏ। ਗੁਰੂ ਜੀ ਉਨ੍ਹਾਂ ਦੇ ਚਿਹਰੇ ਵੱਲ ਤੱਕ ਰਹੇ ਸਨ, ਸਾਈਂ ਨੇ ਨਿਮਰਤਾ ਸਹਿਤ ਕਿਹਾ, “ਮੈਨੂੰ ਤੁਸੀਂ ਹਮੇਸ਼ਾ ਆਪਣੇ ਨਾਲ ਰੱਖ ਲਵੋ। ਮੈਂ ਆਪ ਜੀ ਦਾ ਸੇਵਕ ਹਾਂ।”
ਗੁਰੂ ਜੀ ਨੇ ਬਚਨ ਦਿੱਤਾ ਕਿ ਤੁਸੀਂ ਹਮੇਸ਼ਾ ਸਾਡੇ ਅੰਗ-ਸੰਗ ਰਹੋਗੇ। ਅੱਜ ਵੀ ਸਾਈਂ ਜੀ ਦਾ ਮਕਬਰਾ, ਗੁਰਦੁਆਰਾ ਸੱਤਵੀਂ ਪਾਤਸ਼ਾਹੀ ਨੂਰਮਹਿਲ ਸਾਹਮਣੇ ਸਥਾਪਿਤ ਹੈ।
ਅਬਦੁੱਲਾ ਖ਼ਵਾਜ਼ਾ
ਅਬਦੁੱਲਾ ਖ਼ਵਾਜ਼ਾ ਧਾਰਮਿਕ ਬਿਰਤੀ ਵਾਲ਼ਾ ਵਿਅਕਤੀ ਸੀ। ਇਹ ਚਾਂਦਨੀ ਚੌਂਕ ਵਿਚਲੀ ਕੋਤਵਾਲੀ ਜੇਲ੍ਹ ਦੀ ਨਿਗਰਾਨੀ ਕਰਦਾ ਸੀ। ਮਨੀਮਾਜਰਾ (ਚੰਡੀਗੜ੍ਹ+ਪੰਚਕੂਲਾ) ਦਾ ਰਹਿਣ ਵਾਲ਼ਾ ਸੀ। ਜਦੋਂ ਔਰੰਗਜ਼ੇਬ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਚਾਂਦਨੀ ਚੌਂਕ ਵਿਚਲੀ ਜੇਲ੍ਹ ਵਿੱਚ ਕੈਦ ਕਰ ਰੱਖਿਆ ਸੀ ਤਾਂ ਇਸ ਦੀ ਡਿਊਟੀ ਨਿਗਰਾਨੀ ’ਤੇ ਲੱਗੀ ਹੋਈ ਸੀ। ਔਰੰਗਜ਼ੇਬ ਦੀ ਇਸ ਹਰਕਤ ਨਾਲ ਉਸ ਦੇ ਕੋਮਲ ਮਨ ’ਤੇ ਝਰੀਟ ਵੱਜੀ ਕਿ ਔਰੰਗਜ਼ੇਬ ਨੇ ਗੁਰੂ ਸਾਹਿਬ ’ਤੇ ਇਹ ਜ਼ੁਲਮ ਕਮਾਇਆ। ਉਹ ਆਪ ਗੁਰੂ ਸਾਹਿਬ ਦਾ ਪ੍ਰਭਾਵਿਤ ਸ਼ਰਧਾਲੂ ਸੀ। ਗੁਰੂ ਸਾਹਿਬ ਦੇ ਸ਼ਹੀਦੀ ਪਾ ਜਾਣ ਪਿੱਛੋਂ ਆਪਣੇ ਸਾਥੀਆਂ ਸਮੇਤ ਨੌਕਰੀ ਤੋਂ ਅਸਤੀਫ਼ਾ ਦੇ ਕੇ ਗੁਰੂ ਹਰਿਗੋਬਿੰਦ ਸਾਹਿਬ ਦੇ ਦਰਬਾਰ ਹਾਜ਼ਰ ਹੋਇਆ। ਹੋਰ ਸਿਪਾਹੀ ਗੁਰੂ ਸਾਹਿਬ ਦੀ ਫ਼ੌਜ ਵਿੱਚ ਭਰਤੀ ਹੋ ਗਏ ਅਤੇ ਇਹ ਆਪ ਹਕੀਮਤ ਜਾਣਨ ਕਰਕੇ ਹਕੀਮਤ ਕਰਨ ਲੱਗਿਆ ਤੇ ਪੱਕੇ ਤੌਰ ’ਤੇ ਗੁਰੂ ਸਾਹਿਬ ਨਾਲ ਜੁੜ ਗਿਆ। ਅਬਦੁੱਲਾ ਖ਼ਵਾਜ਼ਾ ਦਾ ਸਪੁੱਤਰ ਗ਼ੁਲਾਮ-ਅੱਬਾਸ ਵੀ ਜਥੇਦਾਰ ਨਵਾਬ ਕਪੂਰ ਸਿੰਘ ਜੀ ਸਮੇਂ ਖ਼ਾਲਸਾ ਫ਼ੌਜ ਦੀ ਹਕੀਮਤ ਜ਼ਰੀਏ ਸੇਵਾ ਨਿਭਾਉਂਦਾ ਰਿਹਾ। ਇਸ ਤੋਂ ਅੱਗੇ ਗ਼ੁਲਾਮ ਅੱਬਾਸ ਦੇ ਸਪੁੱਤਰ ਨੇ ਵੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪੂਰਾ ਸਾਥ ਦਿੱਤਾ। ਚਮਕੌਰ ਦੀ ਪਹਿਲੀ ਲੜਾਈ ਤੋਂ ਤੀਜੀ ਲੜਾਈ ਤੱਕ ਇਹ ਗੁਰੂ ਜੀ ਨਾਲ ਰਹੇ ਤੇ ਤੀਜੇ ਯੁੱਧ ’ਚ ਸ਼ਹੀਦੀ ਪਾ ਗਏ ਸਨ।
ਦਾਰਾ ਸ਼ਿਕੋਹ
1627 ਈ. ਵਿੱਚ ਸ਼ਹਿਨਸ਼ਾਹ ਜਹਾਂਗੀਰ ਜਹਾਨੋਂ ਕੂਚ ਕਰ ਗਿਆ। ਗੁਰੂ ਹਰਿਗੋਬਿੰਦ ਸਿੰਘ ਜੀ ਦੇ ਸਬੰਧ ਉਸ ਦੇ ਜਾਨਸ਼ੀਨ ਨਾਲ ਚੰਗੇ ਰਹੇ। ਗੁਰੂ ਜੀ ਅਕਸਰ ਲਾਹੌਰ ਆਇਆ ਕਰਦੇ ਸਨ, ਜਿੱਥੇ ਉਨ੍ਹਾਂ ਦੀ ਮੁਲਾਕਾਤ ਸ਼ਾਹਜਹਾਂ ਦੇ ਸਭ ਤੋਂ ਵੱਡੇ ਸ਼ਹਿਜ਼ਾਦੇ ਦਾਰਾ ਸ਼ਿਕੋਹ ਨਾਲ ਹੋਈ, ਜੋ ਉਸ ਸਮੇਂ ਪੰਜਾਬ ਦਾ ਗਵਰਨਰ ਸੀ। ਦਾਰਾ ਸ਼ਿਕੋਹ ਬੜਾ ਸੰਤ ਸੁਭਾਅ, ਪਰਹੇਜ਼ਗਾਰ, ਨਰਮ, ਮੋਮ-ਦਿਲ, ਇੱਕ ਉਦਾਰ ਫ਼ਕੀਰ ਸੁਭਾਅ ਵਾਲ਼ਾ ਸੀ ਅਤੇ ਹਰ ਵੇਲ਼ੇ ਪਰਮਾਤਮਾ ਦੀ ਬੰਦਗੀ ਵਿੱਚ ਰਹਿੰਦਾ ਸੀ। ਕਈ ਉਪਨਿਸ਼ਦਾਂ ਦਾ ਤਰਜਮਾ ਇਸ ਨੇ ਫ਼ਾਰਸੀ ਵਿੱਚ ਕਰਵਾਇਆ। ਇਹ ਗੁਰੂ ਹਰਿਗੋਬਿੰਦ ਸਾਹਿਬ ਦੇ ਸੰਤ ਸੁਭਾਅ ਤੇ ਬਹਾਦਰੀ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਨ੍ਹਾਂ ਦਾ ਗੂੜ੍ਹਾ ਮਿੱਤਰ ਬਣ ਗਿਆ। ਦਾਰਾ ਸ਼ਿਕੋਹ ਦੇ ਕਹਿਣ ਉੱਤੇ ਗੁਰੂ ਜੀ ਨੇ ਆਪਣਾ ਬਹੁਤਾ ਸਮਾਂ ਲਾਹੌਰ ਵਿੱਚ ਬਤੀਤ ਕੀਤਾ। ਉਹ ਜਦੋਂ ਵੀ ਕਸ਼ਮੀਰ ਘੁੰਮਣ ਜਾਂਦਾ ਤਾਂ ਗੁਰੂ ਜੀ ਨੂੰ ਆਪਣੇ ਨਾਲ ਜਾਣ ਦੀ ਬੇਨਤੀ ਜ਼ਰੂਰ ਕਰਦਾ।
ਸ਼ਾਹਜਹਾਂ ਦੇ ਅਖ਼ੀਰਲੇ ਦਿਨਾਂ ਵਿੱਚ ਸਾਰਾ ਰਾਜ ਪ੍ਰਬੰਧ ਦਾਰਾ ਸ਼ਿਕੋਹ ਨੇ ਹੀ ਸੰਭਾਲ ਰੱਖਿਆ ਸੀ, ਕਿਉਂਕਿ ਸ਼ਾਹਜਹਾਂ ਇਤਨਾ ਨਿਢਾਲ ਹੋ ਚੁਕਾ ਸੀ ਕਿ ਉਹ ਰੋਜ਼ਾਨਾ ਦੇ ਕੰਮਾਂ-ਕਾਜਾਂ ਦਾ ਧਿਆਨ ਨਹੀਂ ਰੱਖ ਸਕਦਾ ਸੀ। ਉਸਨੇ ਅਜਿਹਾ ਪ੍ਰਬੰਧ ਕੀਤਾ ਕਿ ਰਾਜਧਾਨੀ ਦੀਆਂ ਖ਼ਬਰਾਂ ਕਿਸੇ ਸੂਬੇ ਵਿੱਚ ਨਾ ਪਹੁੰਚ ਸਕਣ। ਆਪਣੇ ਬੰਦੇ ਮੁੱਖ ਰਸਤਿਆਂ ਉੱਤੇ ਤਾਇਨਾਤ ਕਰ ਦਿੱਤੇ, ਪਰ ਬਾਕੀ ਤਿੰਨ ਭਰਾਵਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ।
ਦਾਰਾ ਸ਼ਿਕੋਹ ਰਾਜ ਦੇ ਘਾਟੇ-ਵਾਧੇ ਦਾ ਜ਼ਿੰਮੇਵਾਰ ਸੀ, ਪਰ ਉਹ ਔਰੰਗਜ਼ੇਬ ਤੋਂ ਭੈਅ ਖਾਂਦਾ ਸੀ, ਔਰੰਗਜ਼ੇਬ ਦੇ ਖ਼ਿਲਾਫ਼ ਸਾਰਾ ਬੰਦੋਬਸਤ ਕਰਨ ਦੇ ਬਾਵਜੂਦ ਵੀ ਉਹ ਔਰੰਗਜ਼ੇਬ ਨੂੰ ਮਾਤ ਨਾ ਪਾ ਸਕਿਆ। ਔਰੰਗਜ਼ੇਬ ਨੇ ਪਹਿਲਾਂ ਆਪਣੇ ਪਿਤਾ ਸ਼ਾਹਜਹਾਂ ਨੂੰ ਆਗਰੇ ਦੇ ਕਿਲ੍ਹੇ ਵਿੱਚ ਕੈਦ ਕਰ ਲਿਆ, ਫਿਰ ਉਸ ਨੇ ਤਖ਼ਤ ਦੇ ਵਾਰਿਸ ਦਾਰਾ ਸ਼ਿਕੋਹ ਦੀ ਜਾਨ ਵੀ ਲੈਣੀ ਚਾਹੀ। ਇਹ ਪਤਾ ਲੱਗਣ ’ਤੇ ਦਾਰਾ ਸ਼ਿਕੋਹ ਕਾਬਲ ਪਹੁੰਚਣ ਵਾਸਤੇ ਭੱਜ ਤੁਰਿਆ ਅਤੇ ਦਰਿਆ ਬਿਆਸ ਲੰਘ ਕੇ ਗੋਇੰਦਵਾਲ ਸਾਹਿਬ ਵਿਖੇ ਗੁਰੂ ਹਰਿ ਰਾਇ ਜੀ ਪਾਸ ਪੁੱਜਾ। ਦਾਰਾ ਸ਼ਿਕੋਹ ਦੇ ਸਬੰਧ ਸ਼ੁਰੂ ਤੋਂ ਹੀ ਗੁਰੂ ਹਰਿ ਰਾਇ ਜੀ ਨਾਲ ਵੀ ਚੰਗੇ ਸਨ। ਇੱਕ ਤਾਂ ਦਾਰਾ ਸ਼ਿਕੋਹ ਵੈਸੇ ਵੀ ਸਾਧੂ ਸੰਤਾਂ ਦਾ ਸਤਿਕਾਰ ਕਰਨ ਵਾਲ਼ਾ ਸੀ ਅਤੇ ਦੂਜਾ ਉਸ ਨੂੰ ਇੱਕ ਭਿਆਨਕ ਬੀਮਾਰੀ ਤੋਂ ਗੁਰੂ ਜੀ ਵੱਲੋਂ ਭੇਜੀ ਦਵਾਈ ਨਾਲ ਆਰਾਮ ਆਇਆ ਸੀ। ਦਾਰਾ ਸ਼ਿਕੋਹ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮੈਨੂੰ ਔਰੰਗਜ਼ੇਬ ਦੀ ਫ਼ੌਜ ਫੜਨ ਆਈ ਹੋਈ ਹੈ। ਜੇ ਤੁਸੀਂ ਇਨ੍ਹਾਂ ਨੂੰ ਦੋ ਪਹਿਰ ਦਰਿਆ ਨਾ ਪਾਰ ਹੋਣ ਦਿੱਤਾ ਤਾਂ ਮੇਰੀ ਜਾਨ ਬਚ ਜਾਵੇਗੀ। ਗੁਰੂ ਜੀ ਨੇ ਦਇਆ ਕਰਕੇ ਆਪਣੇ ਬਾਈ ਸੌ ਅਸਵਾਰ ਅਤੇ ਤਿੰਨ ਤੋਪਾਂ ਭੇਜ ਕੇ ਬਿਆਸ ਦਰਿਆ ਨੇੜੇ ਚਾਰੇ ਪਾਸੇ ਫੈਲਾਅ ਦਿੱਤੀਆਂ ਤੇ ਬੇੜੀਆਂ ਰੋਕ ਦਿੱਤੀਆਂ। ਦਾਰਾ ਸ਼ਿਕੋਹ ਨਾਲ ਉਸ ਦੀ ਆਪਣੀ ਵੀਹ ਹਜ਼ਾਰ ਦੀ ਸੈਨਾ ਵੀ ਸੀ, ਪਰ ਅਸਲ ਵਿੱਚ ਦਾਰਾ ਸ਼ਿਕੋਹ ਪੰਜਾਬ ਵਿੱਚ ਔਰੰਗਜ਼ੇਬ ਦਾ ਮੁਕਾਬਲਾ ਕਰਨ ਦੇ ਵਿਚਾਰ ਨਾਲ ਨਹੀਂ ਆਇਆ ਸੀ ਅਤੇ ਨਾ ਹੀ ਉਹ ਇੰਨੀ ਹਿੰਮਤ ਰੱਖਦਾ ਸੀ, ਕਿਉਂਕਿ ਇਸ ਤੋਂ ਪਹਿਲਾਂ ਵੀ ਦਾਰਾ ਸ਼ਿਕੋਰ ਹਾਰ ਚੁਕਾ ਸੀ ਤੇ ਹੁਣ ਉਹ ਮੁੜ ਹਾਰ ਦਾ ਮੂੰਹ ਨਹੀਂ ਦੇਖਣਾ ਚਾਹੁੰਦਾ ਸੀ। ਗੁਰੂ ਦੀਆਂ ਫ਼ੌਜਾਂ ਨੇ ਦਰਿਆ ਦੇ ਕੰਢੇ ਉੱਪਰ ਬੇੜੀਆਂ ਰੋਕ ਦਿੱਤੀਆਂ ਅਤੇ ਔਰੰਗਜ਼ੇਬ ਦੀ ਫ਼ੌਜ ਦਰਿਆ ਪਾਰ ਨਾ ਕਰ ਸਕੀ। ਇੱਕ ਦਿਨ ਫ਼ੌਜ ਰੁਕਣ ਪਿੱਛੋਂ ਵਾਪਿਸ ਮੁੜ ਗਈ। ਗੁਰੂ ਜੀ ਦਾ ਉਸ ਨਾਲ ਚੰਗਾ ਪ੍ਰੇਮ ਹੋਣ ਕਰਕੇ ਉਸ ਨੂੰ ਲਾਹੌਰ ਤੱਕ ਛੱਡਣ ਨਾਲ ਗਏ ਅਤੇ ਜਦੋਂ ਦਾਰਾ ਸ਼ਿਕੋਹ ਲਾਹੌਰ ਪਹੁੰਚ ਗਿਆ ਤਾਂ ਗੁਰੂ ਜੀ ਵਾਪਿਸ ਮੁੜ ਆਏ। ਇਸ ਗੱਲ ਦਾ ਔਰੰਗਜ਼ੇਬ ਨੇ ਬੁਰਾ ਮਨਾਇਆ ਤੇ ਉਸ ਦੇ ਅਹਿਲਕਾਰਾਂ ਨੇ ਬਾਦਸ਼ਾਹ ਦੀ ਨਾਰਾਜ਼ਗੀ ਤੋਂ ਗੁਰੂ ਜੀ ਨੂੰ ਜਾਣੂੰ ਕਰਾਇਆ। ਗੁਰੂ ਜੀ ਨੇ ਦੱਸਿਆ ਕਿ ਗੁਰੂ ਨਾਨਕ ਦਾ ਦਰ ਤਾਂ ਹਰ ਕਮਜ਼ੋਰ ਤੇ ਬੇ-ਸਹਾਰਿਆਂ ਲਈ ਖੁੱਲ੍ਹਾ ਹੈ।
ਇਸੇ ਤਰ੍ਹਾਂ ਸਰੂਪ ਦਾਸ ਭੱਲਾ ਮਹਿਮਾ ਪ੍ਰਕਾਸ਼ ਸਾਖ਼ੀ ਸੱਤਵੇਂ ਮਹਿਲ ਕੀ, ਸਾਖੀ ਨੰ: 3 ’ਚ ਦਰਜ ਮਿਲਦਾ ਹੈ:
“ਤਿਨ ਜਾਇ ਲਿਖਾ ਸਤਿਗੁਰ ਕਉ ਦੀਆ
ਪੜ੍ਹ ਦੀਵਾਨ ਅਰਦਾਸ ਗੁਰਿ ਕੀਆ”
“ਇਕ ਗਜਮੋਤੀ ਅਰ ਲੌਂਗ ਹਰੀੜ,
ਮਾਂਗੀ ਬਾਦਸ਼ਾਹ ਕਾਰਜ ਹੈ ਭੀੜ।
ਜੋ ਦੇਵੇ ਦਿਆਲ ਦੇਖ ਤਿਸ ਚਾਹ,
ਉਚਿਤ ਨਾਹੀ ਦੇਨਾ ਬਾਦਸ਼ਾਹ।”
ਨਵਾਬ ਰਹੀਮ ਬਖ਼ਸ਼ ਤੇ ਕਰੀਮ ਬਖ਼ਸ਼
ਔਰੰਗਜ਼ੇਬ ਦੇ ਸ਼ਾਸਨ-ਕਾਲ ਦੌਰਾਨ ਨਵਾਬ ਰਹੀਮ ਬਖ਼ਸ਼ ਪਟਨਾ ਦਾ ਮਾਲਕ ਸੀ। ਦੂਜਾ ਭਰਾ ਨਵਾਬ ਕਰੀਮ ਬਖ਼ਸ਼ ਫ਼ੌਜ ਦਾ ਇੰਚਾਰਜ ਸੀ। ਲੇਖਕ ਇਕਬਾਲ ਸਿੰਘ ਦੀ ਪੁਸਤਕ ‘ਮੁਸਲਮਾਣੁ ਕਹਾਵਣੁ ਮੁਸਕਲੁ’ ਅਨੁਸਾਰ ਅਸਾਮ ਦੀ ਬਗ਼ਾਵਤ ਸਮੇਂ ਔਰੰਗਜ਼ੇਬ ਨੇ ਰਾਜਾ ਰਾਮ ਸਿੰਘ ਨੂੰ ਭੇਜਿਆ ਕਿ ਅਸਾਮ ਸਰ ਕਰਕੇ ਆਓ। ਉਸੇ ਸਮੇਂ ਸਾਹਿਬ ਗੁਰੂ ਤੇਗ਼ ਬਹਾਦਰ ਜੀ ਤੀਰਥ ਯਾਤਰਾ ਕਰਦੇ ਸਮੇਂ ਪਟਨਾ ਪਹੁੰਚੇ ਤਾਂ ਨਵਾਬ ਰਹੀਮ ਬਖ਼ਸ਼ ਦੇ ਸੁੱਕੇ-ਉਜੜੇ ਬਾਗ਼ ਵਿੱਚ ਜਾ ਉਤਾਰਾ ਕੀਤਾ। ਆਸਾ ਦੀ ਵਾਰ ਦੇ ਕੀਰਤਨ ਉਪਰੰਤ ਬਾਗ਼ ਹਰਾ-ਭਰਾ ਹੋ ਗਿਆ। ਨਵਾਬ ਰਹੀਮ ਬਖ਼ਸ਼ ਨੂੰ ਜਦੋਂ ਪਤਾ ਲੱਗਿਆ ਤਾਂ ਉਹ ਚੰਗੀ ਭੇਟਾ ਲੈ ਕੇ ਹਾਜ਼ਰ ਹੋਇਆ। ਭਾਈ ਜੈਤਾ ਉਨ੍ਹਾਂ ਨੂੰ ਆਪਣੇ ਘਰ ਲੈ ਗਿਆ। ਨਿਤਾਪ੍ਰਤੀ ਦੀਵਾਨ ਲੱਗਣ ਲੱਗੇ। ਅੰਮ੍ਰਿਤ ਵੇਲ਼ੇ ਆਸਾ ਕੀ ਵਾਰ ਦਾ ਕੀਰਤਨ ਤੇ ਦੁਪਹਿਰੇ ਦੀਵਾਨ ਵਿੱਚ ਗੁਰੂ ਗਾਥਾ ਉਪਰੰਤ ਸੋਦਰ ਦਾ ਪਾਠ ਹੁੰਦਾ। ਦਿਨੋਂ-ਦਿਨ ਸੰਗਤ ਵਧਦੀ ਗਈ। ਦੀਵਾਨ ਵਿੱਚ ਨਵਾਬ ਭਰਾ ਵੀ ਹਾਜ਼ਰ ਹੁੰਦੇ। ਸੰਗਤ ਦੇ ਭਾਰੀ ਇਕੱਠ ਵਜੋਂ ਭਾਈ ਜੈਤੇ ਨੂੰ ਛੋਟਾ ਭਰਾ ਸਮਝ ਰਹੀਮ ਬਖ਼ਸ਼ ਨੇ ਗੰਗਾ ਕੰਢੇ ਗੁਰੂ ਜੀ ਨੂੰ ਆਪਣੀ ਹਵੇਲੀ ਅਰਦਾਸ ਕਰਵਾ ਦਿੱਤੀ। ਚਮਾਸਾ ਕੱਟ ਕੇ ਗੁਰੂ ਤੇਗ਼ ਬਹਾਦਰ ਸਾਹਿਬ ਨੇ ਢਾਕਾ ਜਾਣ ਦੀ ਤਿਆਰੀ ਕੀਤੀ।
ਨਵਾਬ ਸ਼ਾਇਸਤਾ ਖ਼ਾਂ
ਸ਼ਾਹਜਹਾਂ ਦੇ ਦਰਬਾਰ ਵਿੱਚ ਆਸਮ ਖ਼ਾਨ ਵਜ਼ੀਰ ਸੀ, ਦੂਜੇ ਪਾਸੇ ਬੇਗ਼ਮ ਨੂਰਜਹਾਂ ਦਾ ਰਿਸ਼ਤੇ ’ਚ ਭਰਾ ਸੀ। ਉਸ ਦਾ ਇੱਕ ਪੁੱਤਰ ਸੀ ਨਵਾਬ ਸ਼ਾਇਸਤਾ ਖ਼ਾਨ, ਜੋ ਔਰੰਗਜ਼ੇਬ ਦਾ ਰਿਸ਼ਤੇ ਵਿੱਚ ਮਾਮਾ ਲੱਗਦਾ ਸੀ। ਇਹ ਸਭ ਧਰਮਾਂ ਨੂੰ ਸਤਿਕਾਰਦਾ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਸ਼ਾਇਸਤਾ ਖ਼ਾਨ, ਅਕਬਰ ਤੋਂ ਬਾਅਦ ਅਜਿਹਾ ਇਨਸਾਨ ਹੋਇਆ, ਜਿਹੜਾ ਸਭ ਧਰਮਾਂ ਦਾ ਸਤਿਕਾਰ ਕਰਦਾ ਸੀ। ਇਸ ਨੂੰ 1648 ਵਿੱਚ ਬਰਾਰ ਹਾਕਮ ਥਾਪਿਆ ਗਿਆ ਤੇ 1652 ਈ. ਵਿੱਚ ਇਸ ਨੂੰ ਗੁਜਰਾਤ ਦੇ ਹਾਕਮ ਦੀ ਉਪਾਧੀ ਮਿਲੀ। ਇਸ ਦੇ ਦਰਬਾਰ ’ਚ ਕਈ ਉੱਚ ਪਦਵੀਆਂ ’ਤੇ ਹਿੰਦੂ ਜਾਤੀ ਨਾਲ ਸਬੰਧਿਤ ਵਫ਼ਾਦਾਰ ਵਿਅਕਤੀ ਬਿਰਾਜਮਾਨ ਸਨ, ਜਿਵੇਂ ਰਾਜਾ ਭਗਵੰਤ ਦਾਸ, ਰਾਏ ਨੰਦ ਲਾਲ, ਕਾਂਸ਼ੀ ਦਾਸ, ਮੁਰਲੀਧਰ, ਪ੍ਰਬਲ ਦਾਸ ਨੂੰ ਮੁਨਸ਼ੀ ਤੇ ਰਾਜਾ ਸੁਬਲ ਸਿੰਘ ਸਸੋਧੀਆ ਨੂੰ ਫ਼ੌਜਦਾਰ ਬਣਾਇਆ ਹੋਇਆ ਸੀ। 1664 ਵਿੱਚ ਢਾਕਾ ਦਾ ਸੂਬੇਦਾਰ ਬਣਨ ਤੋਂ ਬਾਅਦ ਇਸ ਨੇ ਆਪਣੀ ਸਾਰੀ ਜ਼ਿੰਦਗੀ ਢਾਕਾ ਵਿੱਚ ਗੁਜ਼ਾਰੀ। ਔਰੰਗਜ਼ੇਬ ਹਿੰਦੂਆਂ ਦੇ ਵਿਰੁੱਧ ਹੋਣ ਕਰਕੇ ਇਸ ਨੂੰ ਹਿੰਦੂ ਅਮਲੇ ਦੀ ਛਾਂਟੀ ਕਰਨ ਦਾ ਹੁਕਮ ਦਿੱਤਾ ਗਿਆ, ਪਰ ਇਸ ਧਰਮ ਨਿਰਪੱਖ ਇਨਸਾਨ ਨੇ ਔਰੰਗਜ਼ੇਬ ਦੀ ਇੱਕ ਨਾ ਮੰਨੀ।
ਗੁਰੂ ਤੇਗ਼ ਬਹਾਦਰ ਜੀ ਦੀ ਢਾਕਾ ਯਾਤਰਾ ਦੌਰਾਨ ਇਹ ਗੁਰੂ ਜੀ ਦੇ ਸੰਪਰਕ ਵਿੱਚ ਆਇਆ। ਗੁਰੂ ਜੀ ਦੀ ਵਿਚਾਰਧਾਰਾ ਤੋਂ ਬੇਹੱਦ ਪ੍ਰਭਾਵਿਤ ਹੋ ਕੇ ਗੁਰੂ ਤੇਗ਼ ਬਹਾਦਰ ਜੀ ਦਾ ਪੱਕਾ ਸੇਵਾਦਾਰ ਬਣ ਗਿਆ। ਜਿੰਨਾ ਸਮਾਂ ਗੁਰੂ ਜੀ ਢਾਕਾ ਯਾਤਰਾ ’ਤੇ ਰਹੇ ਤਾਂ ਇਹ ਨਿਰੰਤਰ ਹਾਜ਼ਰੀ ਭਰਦਾ ਰਿਹਾ ਤੇ ਇਸ ਨੇ ਆਪਣੀ ਜਗੀਰ ’ਚੋਂ ਇੱਕ ਤਿਹਾਈ ਹਿੱਸਾ ਨਾਨਕ ਪੰਥੀ ਅਖਾੜੇ ਦੇ ਨਾਂ ਕੀਤੀ, ਜਿੱਥੇ ਭਗਵਾਨ ਦਾਸ ਨਾਨਕ ਪੰਥੀ ਸੀ। ਉਸੇ ਜ਼ਮੀਨ ’ਤੇ ਅੱਜ ਕੱਲ੍ਹ ਢਾਕਾ ਯੂਨੀਵਰਸਿਟੀ, ਮੈਡੀਕਲ ਕਾਲਜ-ਹਸਪਤਾਲ ਅਤੇ ਸੰਗਤ ਤੋਲਾ ਗੁਰਦੁਆਰਾ ਬਣਿਆ ਹੋਇਆ ਹੈ। ਦੂਜੇ ਧਰਮਾਂ ਕਰਕੇ ਹੀ ਇਹ ਔਰੰਗਜ਼ੇਬ ਨੂੰ ਰੜਕਦਾ ਸੀ। 93 ਸਾਲ ਉਮਰ ਹੰਢਾ ਕੇ 31 ਮਈ 1694 ਈ. ਨੂੰ ਨਵਾਬ ਸ਼ਾਇਸਤਾ ਖਾਂ ਅੱਲ੍ਹਾ ਨੂੰ ਪਿਆਰਾ ਹੋ ਗਿਆ।