ਸੁਪਰੀਮ ਕੋਰਟ ਵੱਲੋਂ ਪਰਾਲੀ ਦੀ ਸਾੜ-ਫੂਕ ਫੌਰੀ ਰੋਕਣ ਦੀ ਹਦਾਇਤ
ਦਿੱਲੀ ਸਰਕਾਰ ਨੇ ਸਕੂਲਾਂ ਵਿੱਚ ਛੁੱਟੀਆਂ ਕੀਤੀਆਂ
-ਜਸਵੀਰ ਸਿੰਘ ਸ਼ੀਰੀ
ਉੱਤਰੀ ਭਾਰਤ, ਖਾਸ ਕਰਕੇ ਦਿੱਲੀ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਪੰਜਾਬ ਵਿੱਚ ਸੰਘਣੇ ਹਵਾ ਪ੍ਰਦੂਸ਼ਣ ਦਾ ਕਹਿਰ ਜਾਰੀ ਹੈ। ਇਸੇ ਦੌਰਾਨ ਸੁਪਰੀਮ ਕੋਰਟ ਦੇ ਇੱਕ ਬੈਂਚ ਨੇ ਪ੍ਰਦੂਸ਼ਣ ਦੇ ਮਾਮਲੇ ‘ਤੇ ਸੁਣਵਾਈ ਕਰਦਿਆਂ ਬੀਤੇ ਮੰਗਲਵਾਰ ਕੇਂਦਰੀ ਕੈਬਨਿਟ ਸਕੱਤਰ ਨੂੰ ਹਦਾਇਤ ਦਿੱਤੀ ਕਿ ਪਰਾਲੀ ਸਾੜਨ ਦੇ ਮੁੱਦੇ ਨੂੰ ਲੈ ਕੇ ਸੰਬੰਧਤ ਰਾਜਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਸੱਦੀ ਜਾਵੇ ਅਤੇ ਇਸ ਅਮਲ ਨੂੰ ਫੌਰੀ ਰੋਕਿਆ ਜਾਵੇ।
ਜਸਟਿਸ ਸੰਜੇ ਕਿਸ਼ਨ ਕੌਲ ਦੀ ਅਗਵਾਈ ਵਾਲੇ ਬੈਂਚ, ਜਿਸ ਵਿੱਚ ਜਸਟਿਸ ਸਿਧਾਂਸ਼ੂ ਧੂਲੀਆ ਵੀ ਸ਼ਾਮਲ ਹਨ, ਨੇ ਇਸ ਮਾਮਲੇ ‘ਤੇ ਸੁਣਵਾਈ ਕਰਦਿਆਂ ਪੰਜਾਬ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਨੁਮਾਇੰਦਿਆਂ ਦੀ ਵੀ ਝਾੜ-ਝੰਬ ਵੀ ਕੀਤੀ। ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੂੰ ਸੰਬੋਧਨ ਹੁੰਦਿਆਂ ਅਦਾਲਤ ਨੇ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਲਾ ਫੌਰੀ ਬੰਦ ਹੋਵੇ। ਭਾਵੇਂ ਸਖਤੀ ਕਰੋ ਜਾਂ ਇਨਸੈਂਟਿਵ ਦਿਉ, ਪਰ ਇਹ ਸਾੜ-ਫੂਕ ਰੁਕਣੀ ਚਾਹੀਦੀ ਹੈ। ਇੰਨਾ ਜ਼ਿਆਦਾ ਪ੍ਰਦੂਸ਼ਣ ਲੋਕਾਂ ਦੀ ਹੱਤਿਆ ਕਰਨ ਵਾਂਗ ਹੈ।” ਅਦਾਲਤ ਨੇ ਇਸ ਮਸਲੇ ਉਤੇ ਰਾਜਨੀਤਿਕ ਤੋਹਮਤਬਾਜ਼ੀ ਨੂੰ ਬੰਦ ਕਰਨ ਲਈ ਵੀ ਕਿਹਾ ਹੈ। ਅਦਾਲਤ ਵੱਲੋਂ ਇਸ ਮਸਲੇ ‘ਤੇ ਅਗਲੀ ਸੁਣਵਾਈ 10 ਨਵੰਬਰ ਨੂੰ ਰੱਖੀ ਗਈ ਹੈ।
ਯਾਦ ਰਹੇ, ਪਿਛਲੇ ਤਕਰੀਬਨ ਇੱਕ ਹਫਤੇ ਤੋਂ ਦਿੱਲੀ ਅਤੇ ਇਸ ਦੇ ਆਸਪਾਸ ਦੇ ਖੇਤਰ ਸੰਘਣੀ ਸਮੋਗ (ਸਮੋਕ+ਫੋਗ) ਦੀ ਮਾਰ ਹੇਠ ਹਨ। ਇਸ ਦਰਮਿਆਨ ਇਸ ਮਾਮਲੇ ਨੂੰ ਲੈ ਕੇ ਵੀ ਰਾਜਨੀਤਿਕ ਮਿਹਣੇਬਾਜ਼ੀ ਵੀ ਹੋਣ ਲੱਗੀ। ਜਿੱਥੇ ਕੇਂਦਰ, ਹਰਿਆਣਾ ਸਰਕਾਰ ਅਤੇ ਭਾਜਪਾ ਦੇ ਨੁਮਾਇੰਦੇ ਹਵਾ ਵਿੱਚ ਫੈਲੇ ਇਸ ਸੰਘਣੇ ਧੁੰਦ-ਧੂਏਂ ਲਈ ਪੰਜਾਬ ਅਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ, ਉਥੇ ਦਿੱਲੀ ਅਤੇ ਪੰਜਾਬ ਸਰਕਾਰਾਂ ਆਪਣਾ ਬਚਾਅ ਕਰਨ ਦਾ ਯਤਨ ਕਰ ਰਹੀਆਂ ਹਨ।
ਪੰਜਾਬ ਸਰਕਾਰ ਦੀ ਜ਼ਿਆਦਾ ਕਿਰਕਰੀ ਉਦੋਂ ਸਾਹਮਣੇ ਆਈ, ਜਦੋਂ ਬਠਿੰਡਾ ਜ਼ਿਲੇ੍ਹ ਦੇ ਪਿੰਡ ਨੇਹੀਆਂਵਾਲ ਅਤੇ ਮਹਿੰਮਾ ਸਰਜਾ ਦੀ ਹੱਦ ‘ਤੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਆਏ ਸਰਕਾਰੀ ਮੁਲਾਜ਼ਮਾਂ ਤੋਂ ਹੀ ਖੇਤਾਂ ਵਿੱਚ ਪਈ ਪਰਾਲੀ ਨੂੰ ਅੱਗ ਲਵਾਈ ਗਈ ਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਗਈ।
ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਆਏ ਪੀ.ਡਬਲਿਊ.ਡੀ. ਦੇ ਅਧਿਕਾਰੀ ਅਤੇ ਨੋਡਲ ਅਫਸਰ ਹਰਪ੍ਰੀਤ ਸਿੰਘ ਸਾਗਰ ਤੋਂ ਕਿਸਾਨਾਂ ਨੇ ਜ਼ਬਰਦਸਤੀ ਪਰਾਲੀ ਨੂੰ ਅੱਗ ਲਗਵਾਈ। ਇਸ ਮਾਮਲੇ ਦੀ ਵੀਡੀਉ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਪਿੱਛੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਾ ਨੋਟਿਸ ਲਿਆ ਅਤੇ ਐਕਸ ‘ਤੇ ਇੱਕ ਟਵੀਟ ਕੀਤਾ। ਇਸ ਤੋਂ ਬਾਅਦ ਸੰਬੰਧਤ ਪੁਲਿਸ ਵੱਲੋਂ ਕਿਸਾਨਾਂ ਖਿਲਾਫ ਕੇਸ ਦਰਜ ਕੀਤੇ ਗਏ।
ਇਸੇ ਕਿਸਮ ਦੀ ਘਟਨਾ ਮਾਨਸਾ ਜ਼ਿਲ੍ਹੇ ਦੇ ਪਿੰਡ ਬਰਨਾਲਾ ਵਿੱਚ ਵੀ ਵਾਪਰੀ, ਜਿੱਥੇ ਪਰਾਲੀ ਸਾੜਨ ਤੋਂ ਰੋਕਣ ਲਈ ਆਏ ਅਧਿਕਾਰੀਆਂ ਨੂੰ ਕਿਸਾਨਾਂ ਨੇ ਬੰਦੀ ਬਣਾ ਲਿਆ। ਪਹਿਲੀ ਘਟਨਾ ਨੂੰ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਕਾਰਕੁੰਨਾਂ ਨੇ ਅੰਜਾਮ ਦਿੱਤਾ, ਜਦੋਂਕਿ ਦੂਜੀ ਘਟਨਾ ਵਿੱਚ ਉਗਰਾਹਾਂ ਗਰੁੱਪ ਦੇ ਕਾਰਕੁੰਨ ਸ਼ਾਮਲ ਸਨ। ਅਧਿਕਾਰੀਆਂ ਨੂੰ ਬੰਦੀ ਬਣਾਉਣ ਸੰਬੰਧੀ ਜਾਣਕਾਰੀ ਕਿਸਾਨ ਆਗੂ ਜਗੀਰ ਸਿੰਘ ਜਵਾਹਰਕੇ ਵਲੋਂ ਦਿੱਤੀ ਗਈ। ਮਾਨਸਾ ਦੇ ਨਾਇਬ ਤਹਿਸੀਲਦਾਰ ਸੁਖਦੇਵ ਸਿੰਘ ਵੱਲੋਂ ਕਿਸਾਨ ਨੂੰ ਪਰਾਲੀ ਦੀਆਂ ਗੰਢਾਂ ਬਣਾਉਣ ਵਾਲੇ ਬੇਲਰ ਮੁਹੱਈਆ ਕਰਵਾਉਣ ਦਾ ਯਕੀਨ ਦਵਾਉਣ ਤੋਂ ਬਾਅਦ ਹੀ ਅਧਿਕਾਰੀਆਂ ਨੂੰ ਛੱਡਿਆ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੀ ਕਾਰਵਾਈ ਨੂੰ ਅਣਮਨੁੱਖੀ ਕਿਹਾ। ਉਨ੍ਹਾਂ ਆਪਣੇ ਟਵੀਟ ਵਿੱਚ ਸੰਬੰਧਤ ਕਿਸਾਨਾਂ ‘ਤੇ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ। ਇਸ ਤੋਂ ਪਿੱਛੋਂ ਸੰਬੰਧਤ ਕਿਸਾਨਾਂ ਖਿਲਾਫ ਸਥਾਨਕ ਪ੍ਰਸ਼ਾਸ਼ਨ ਵਲੋਂ ਕੇਸ ਦਰਜ ਕੀਤੇ ਗਏ, ਪਰ ਕਿਸਾਨ ਯੂਨੀਅਨਾਂ ਵਲੋਂ ਥਣਿਆਂ ਅੱਗੇ ਦਿੱਤੇ ਧਰਨਿਆਂ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਇਸ ਮਾਮਲੇ ਵਿੱਚ ਕਿਸਾਨ ਆਗੂ ਦਲੀਲ ਦੇ ਰਹੇ ਹਨ ਕਿ ਕਣਕ ਬੀਜਣ ਲਈ ਕਿਸਾਨਾਂ ਕੋਲ ਸਮਾਂ ਬਹੁਤ ਥੋੜ੍ਹਾ ਹੈ ਅਤੇ ਪ੍ਰਸ਼ਾਸਨ ਵੱਲੋਂ ਲੋੜੀਂਦੀ ਮਸ਼ੀਨਰੀ ਵੀ ਮੁਹੱਈਆ ਨਹੀਂ ਕਰਵਾਈ ਜਾ ਰਹੀ। ਇਸ ਲਈ ਕਿਸਾਨਾਂ ਕੋਲ ਪਰਾਲੀ ਨੂੰ ਅੱਗ ਲਾਉਣ ਤੋਂ ਬਿਨਾ ਕੋਈ ਚਾਰਾ ਨਹੀਂ ਹੈ। 6 ਨਵੰਬਰ ਵਾਲੇ ਦਿਨ 2060 ਥਾਂਵਾਂ ‘ਤੇ ਪੰਜਾਬ ਵਿੱਚ ਪਰਾਲੀ ਨੂੰ ਅੱਗ ਲੱਗੀ। ਪਿਛਲੇ ਇੱਕ ਹਫਤੇ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਤੇਜ਼ੀ ਨਾਲ ਵਧੀਆਂ ਹਨ। ਇਸ ਮਾਮਲੇ ਵਿੱਚ ਬੀਤੇ ਦਿਨ ਅੰਮ੍ਰਿਤਸਰ ਦਾ ਏਅਰ ਕੁਆਲਿਟੀ ਇੰਡੈਕਸ 316 ਨੂੰ ਪਹੁੰਚ ਗਿਆ। ਬਠਿੰਡਾ ਦਾ ਏ.ਕਿਊ.ਆਈ. 288 ਅਤੇ ਲੁਧਿਆਣਾ ਦਾ 282 ਨੋਟ ਕੀਤਾ ਗਿਆ। ਨਵੀਂ ਦਿੱਲੀ ਵਿੱਚ ਏਅਰ ਕੁਆਲਿਟੀ ਇੰਡੈਕਸ ਸਭ ਤੋਂ ਮਾੜੀ ਸਥਿਤੀ ਨੂੰ ਪੁਜਾ। ਇੱਥੇ ਕੌਮੀ ਰਾਜਧਾਨੀ ਦੇ ਕਈ ਖੇਤਰਾਂ ਵਿੱਚ ਏਅਰ ਕੁਆਲਿਟੀ ਇੰਡੈਕਸ 474 ਨੂੰ ਛੁਹ ਗਿਆ। ਮਨੁੱਖੀ ਅਤੇ ਹੋਰ ਜੀਵ ਜੰਤੂਆਂ ਦੀ ਸਿਹਤ ਲਈ ਇਹ ਬੇਹੱਦ ਮਾੜੀ ਸਥਿਤੀ ਹੈ।
ਦਿੱਲੀ ਐਨ.ਸੀ.ਆਰ. ਵਿੱਚ ਹਵਾ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਜਿਸਤ/ਟਾਂਕ ਫਾਰਮੂਲਾ ਮੁੜ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਫਾਰਮੂਲਾ ਰਾਜਧਾਨੀ ਵਿੱਚ 13 ਨਵੰਬਰ ਤੋਂ 20 ਨਵੰਬਰ ਤੱਕ ਲਾਗੂ ਰਹੇਗਾ। ਇਸ ਫਾਰਮੂਲੇ ਨਾਲ ਚਾਰ ਪਹੀਆ ਵਾਹਨਾਂ ਵਿੱਚੋਂ ਤਕਰੀਬਨ ਅੱਧੀਆਂ ਗੱਡੀਆਂ ਸੜਕਾਂ ਤੋਂ ਲੱਥ ਜਾਣਗੀਆਂ। 7 ਨਵੰਬਰ ਦੀ ਸਵੇਰ ਨੂੰ ਰਾਜਧਾਨੀ ਵਿੱਚ ਪ੍ਰਦੂਸ਼ਣ ਦਾ ਪੱਧਰ ਸਾਰਕਾਰੀ ਤੌਰ ‘ਤੇ ਨਿਰਧਾਰਤ ਸੀਮਾਂ ਨਾਲੋਂ 8 ਗੁਣਾਂ ਵੱਧ ਨੋਟ ਕੀਤਾ ਗਿਆ। ਰਾਜਧਾਨੀ ਖੇਤਰ ਦੇ ਸਕੂਲਾਂ ਵਿੱਚ 10 ਨਵੰਬਰ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਇਮਤਿਹਾਨਾਂ ਕਾਰਨ ਪਲੱਸ-1 ਅਤੇ ਪਲੱਸ-2 ਦੇ ਬੱਚਿਆਂ ਦੀਆਂ ਕਲਾਸਾਂ ਲੱਗਣਗੀਆਂ। ਦਿੱਲੀ ਦੇ ਵਾਤਾਵਰਣ ਮੰਤਰੀ ਸ੍ਰੀ ਗੋਪਾਲ ਰਾਏ ਨੇ ਇਸ ਦੌਰਾਨ ਆਪਣੀ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਦਿੱਲੀ ਵਿੱਚ ਪ੍ਰਦੂਸ਼ਣ ਲਈ ਕੇਂਦਰ ਸਰਕਾਰ ਪੰਜਾਬ ਨੂੰ ਬਲੀ ਦਾ ਬੱਕਰਾ ਬਣਾ ਰਹੀ ਹੈ, ਜਦਕਿ ਭਾਜਪਾ ਦੀ ਆਪਣੀ ਸਰਕਾਰ ਵਾਲੇ ਰਾਜ ਹਰਿਆਣਾ ਅਤੇ ਉੱਤਰ ਪ੍ਰਦੇਸ਼ ਪਾਬੰਦੀ ਦੇ ਬਾਵਜੂਦ ਦਿੱਲੀ ਵਿੱਚ ਡੀਜ਼ਲ ਬੱਸਾਂ ਚਲਾ ਰਹੇ ਹਨ। ਜਦਕਿ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਪਿਛਲੇ ਸਾਲ ਨਾਲੋਂ 50 ਫੀਸਦੀ ਕਮੀ ਆਈ ਹੈ।
ਪੰਜਾਬ ਵਿੱਚ ਇਨ੍ਹੀਂ ਦਿਨੀਂ ਕਿਸਾਨ ਭਾਵੇਂ ਤੇਜ਼ੀ ਨਾਲ ਕਣਕ ਦੀ ਬਿਜਾਈ ਵਿੱਚ ਰੁੱਝੇ ਹੋਏ ਹਨ, ਪਰ 25 ਕੁ ਫੀਸਦੀ ਝੋਨੇ ਦੀ ਫਸਲ ਵੀ ਹਾਲੇ ਨਿਪਟਾਰੇ ਖੁਣੋਂ ਖੜ੍ਹੀ ਹੈ। ਅਕਤੂਬਰ ਦੇ ਅਖੀਰ ਵਿੱਚ ਹੋਈ ਭਰਵੀਂ ਬਾਰਸ਼ ਨੇ ਝੋਨੇ ਦੀ ਫਸਲ ਨੂੰ ਭਾਵੇਂ ਕਾਫੀ ਨੁਕਸਾਨ ਪਹੁੰਚਾਇਆ, ਪਰ ਹਿੰਮਤੀ ਕਿਸਾਨਾਂ ਨੇ ਮੀਂਹ ਨਾਲ ਬਣੀ ਸਿੱਲ੍ਹ ਕਾਰਨ ਖੇਤਾਂ ਨੂੰ ਵਾਹ ਕੇ ਉਸੇ ਨਮੀ ਵਿੱਚ ਕਣਕ ਬੀਜਣੀ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਖੇਤੀ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਅਨੁਸਾਰ ਝੋਨੇ ਦੀ ਪਰਾਲੀ ਦੇ ਸਾੜ ਅਤੇ ਹਵਾ ਪ੍ਰਦੂਸ਼ਣ ਦੀ ਦ੍ਰਿਸ਼ਟੀ ਤੋਂ ਅਗਲੇ 10 ਦਿਨ ਬੇਹੱਦ ਮਹੱਤਵਪੂਰਨ ਹਨ। ਝੋਨੇ ਦੇ ਨਾੜ ਦੀ ਸਾੜ-ਫੂਕ ਤੋਂ ਇਲਾਵਾ ਆਉਂਦੇ ਦਿਨਾਂ ਵਿੱਚ ਦੀਵਾਲੀ ਦੇ ਕਾਰਨ ਵੀ ਹਵਾ ਪ੍ਰਦੂਸ਼ਣ ਦੇ ਵਧਣ ਦੇ ਆਸਾਰ ਹਨ। ਪਿਛਲੇ ਕਈ ਸਾਲਾਂ ਤੋਂ ਪਟਾਕੇ ਘੱਟ ਵਜਾਉਣ ਦੀ ਸਰਕਾਰੀ ਪ੍ਰੇਰਣਾ ਦੇ ਬਾਵਜੂਦ ਇਸ ਰੁਝਾਨ ਨੂੰ ਠੱਲ੍ਹ ਨਹੀਂ ਪੈ ਰਹੀ। ਦੀਵਾਲੀ ਤੋਂ ਅਗਲੇ ਦਿਨਾਂ ਵਿੱਚ ਆਮ ਤੌਰ ‘ਤੇ ਹੀ ਹਵਾ ਦਾ ਪ੍ਰਦੂਸ਼ਣ ਵਧ ਜਾਂਦਾ ਹੈ। ਇਸ ਵਾਰ ਦੀਵਾਲੀ 13 ਨਵੰਬਰ ਵਾਲੇ ਦਿਨ ਮਨਾਈ ਜਾ ਰਹੀ ਹੈ। ਪੰਜਾਬ ਵਿੱਚ ਇਸ ਤੋਂ ਪਹਿਲਾਂ ਹੀ ਸੰਘਣੇ ਧੂਏਂ-ਧੁੰਦ ਦਾ ਪ੍ਰਛਾਵਾਂ ਪੈ ਰਿਹਾ ਹੈ। ਧੂਏਂ ਕਾਰਨ ਆਸਮਾਨ ਭੂਰਾ (ਹੇਜ਼ੀ) ਦਿਸਣ ਲੱਗਾ ਹੈ ਅਤੇ ਦਿਨ ਵੇਲੇ ਦੀ ਧੁੱਪ ਵੀ ਮਰੀਅਲ ਜਿਹੀ ਹੋ ਗਈ ਹੈ। ਸ਼ਾਮ ਨੂੰ ਛਿਪਣ ਤੋਂ ਪਹਿਲਾਂ ਹੀ ਸੂਰਜ ਧੁੰਦ-ਧੂਏਂ ਦੀ ਚਾਦਰ ਵਿੱਚ ਅਲੋਪ ਹੋ ਜਾਂਦਾ ਹੈ।
ਸਿਹਤ ਮਾਹਿਰਾਂ ਅਤੇ ਡਾਕਟਰਾਂ ਅਨੁਸਾਰ ਇਨ੍ਹਾਂ ਦਿਨਾਂ ਵਿੱਚ ਨਾ ਸਿਰਫ ਸਾਹ ਅਤੇ ਫੇਫੜਿਆਂ ਦੀਆਂ ਹੋਰ ਬੀਮਾਰੀਆਂ ਨਾਲ ਗ੍ਰਸਤ ਲੋਕਾਂ ਦੀਆਂ ਸਮੱਸਿਆਵਾਂ ਵਧਣਗੀਆਂ, ਸਗੋਂ ਤੰਦਰੁਸਤ ਵਿਅਕਤੀ ਵੀ ਹਵਾ ਪ੍ਰਦੂਸ਼ਣ ਦੀ ਮਾਰ ਵਿੱਚ ਆ ਸਕਦੇ ਹਨ। ਹਵਾ ਪ੍ਰਦੂਸ਼ਣ ਨਾਲ ਇੱਕ ਪਾਸੇ ਤਾਂ ਫੇਫੜਿਆਂ ਦੀ ਆਕਸੀਜਨ ਗ੍ਰਹਿਣ ਕਾਰਨ ਦੀ ਸ਼ਕਤੀ ਵਿੱਚ ਕਮੀ ਆ ਜਾਂਦੀ ਹੈ। ਦੂਜੇ ਪਾਸੇ ਇਸ ਨਾਲ ਮਨੁੱਖੀ ਸਰੀਰ ਦਾ ਸੁਰੱਖਿਆ ਪ੍ਰਬੰਧ ਵੀ ਕਮਜੋLਰ ਹੁੰਦਾ ਹੈ। ਇਸ ਲਈ ਹੋਰ ਬਿਮਾਰੀਆਂ ਵੀ ਲੋਕਾਂ ਨੂੰ ਘੇਰ ਸਕਦੀਆਂ ਹਨ। ਰਾਜਧਾਨੀ ਦੇ ਹਸਪਤਾਲਾਂ ਵਿੱਚ ਤਾਂ ਫੇਫੜਿਆਂ ਅਤੇ ਸਾਹ ਨਾਲ ਸੰਬੰਧਤ ਕੇਸਾਂ ਦੇ ਵਧਣ ਦੀਆਂ ਰਿਪੋਰਟਾਂ ਪਹਿਲਾਂ ਹੀ ਆ ਰਹੀਆਂ ਹਨ।