“ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੌਜਵਾਨ ਲੇਖਕ ਅਲੀ ਰਾਜਪੁਰਾ ਦੀ ਭਾਈਚਾਰਕ ਸਾਂਝ ਸਬੰਧੀ ਇੱਕ ਪੜ੍ਹਨਯੋਗ ਪੁਸਤਕ ਹੈ। ਅਸੀਂ ਸੁਹਿਰਦ ਪਾਠਕਾਂ ਲਈ ਇਹ ਪੁਸਤਕ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਛਾਪ ਰਹੇ ਹਾਂ। ਇਸ ਅੰਕ ਵਿੱਚ ਹਸਨ ਖ਼ਾਂ, ਚੂਹੜ ਰਬਾਬੀ, ਸਾਈਂ ਦੌਲੇ ਸ਼ਾਹ, ਬਾਬਕ ਰਬਾਬੀ, ਖ਼ਵਾਜ਼ਾ ਰੌਸ਼ਨ ਬਾਰੇ ਸੰਖੇਪ ਵੇਰਵਾ ਹੈ…
ਅਲੀ ਰਾਜਪੁਰਾ
ਫੋਨ:+91-9417679302
ਹਸਨ ਖ਼ਾਂ
ਹਸਨ ਖ਼ਾਂ ਇੱਕ ਸੂਹੀਆ ਸੀ। ਲਲਾਬੇਗ ਨੇ ਬਾਦਸ਼ਾਹ ਜਹਾਂਗੀਰ ਦੇ ਹੁਕਮ ਨਾਲ ਗੁਰੂ ਜੀ ਅਤੇ ਉਨ੍ਹਾਂ ਦੀਆਂ ਫ਼ੌਜਾਂ ਦੀ ਸੂਹ ਲੈਣ ਤੋਰਿਆ ਸੀ। ਇਹ ਸਿੱਖੀ ਭੇਖ ’ਚ ਅੰਮ੍ਰਿਤਸਰ ਵਿਖੇ ਲੰਮਾ ਸਮਾਂ ਰਿਹਾ। ਇਹ ਘਟਨਾ ਕੁਝ ਇਸ ਤਰ੍ਹਾਂ ਘਟੀ ਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਇੱਕ ਸਿੱਖ ਸਾਧਾ ਨੂੰ ਚੰਗੀ ਨਸਲ ਦੇ ਘੋੜੇ ਲੈਣ ਲਈ ਤੋਰਿਆ ਸੀ, ਜੋ ਘੋੜਿਆਂ ਦੀ ਭਾਲ ਕਰਦਾ-ਕਰਦਾ ਇਰਾਕ ਜਾ ਪਹੁੰਚਿਆ। ਉਥੋਂ ਉਸ ਨੇ ਦੋ ਵਧੀਆ ਨਸਲ ਦੇ ਘੋੜੇ ਖ਼ਰੀਦ ਕੇ ਵਾਪਸੀ ਲਈ ਚਾਲੇ ਪਾ ਦਿੱਤੇ। ਜਦੋਂ ਉਹ ਲਾਹੌਰ ਪਹੁੰਚਿਆ ਤਾਂ ਉਥੋਂ ਦੇ ਗਵਰਨਰ ਖ਼ਲੀਲ ਬੇਗ਼ ਦੇ ਸਿਪਾਹੀ ਕਾਸ਼ਮ ਬੇਗ਼ ਨੇ ਇਹ ਘੋੜੇ ਖੋਹ ਕੇ ਸ਼ਾਹੀ ਤਬੇਲੇ ਵਿੱਚ ਬੰਨ੍ਹ ਦਿੱਤੇ। ਸਾਧਾ ਨੇ ਸਾਰੀ ਘਟਨਾ ਗੁਰੂ ਸਾਹਿਬ ਨਾਲ ਸਾਂਝੀ ਕੀਤੀ ਤਾਂ ਗੁਰੂ ਜੀ ਨੇ ਆਪਣੇ ਸਿੱਖ ਬਿਧੀ ਚੰਦ ਨੂੰ ਇਹ ਘੋੜੇ ਵਾਪਿਸ ਆਪਣੇ ਕੋਲ਼ ਲਿਆਉਣ ਦਾ ਹੁਕਮ ਦਿੱਤਾ। ਬਿਧੀ ਚੰਦ ਨੇ ਚਲਾਕੀ ਨਾਲ ਲਾਹੌਰ ਦੇ ਸ਼ਾਹੀ ਤਬੇਲੇ ਵਿੱਚ ਨੌਕਰੀ ਕਰ ਲਈ, ਜਿੱਥੇ ਉਹ ਮੌਕਾ ਮਿਲਦਿਆਂ ਹੀ ਘੋੜਿਆਂ ਨੂੰ ਲੈ ਕੇ ਗੁਰੂ ਸਾਹਿਬ ਕੋਲ ਪਹੁੰਚਿਆ। ਜਦੋਂ ਲਾਹੌਰ ਦੇ ਗਵਰਨਰ ਖ਼ਲੀਲ ਬੇਗ ਨੂੰ ਪਤਾ ਲੱਗਿਆ ਕਿ ਤਬੇਲੇ ਵਿੱਚੋਂ ਦੋ ਘੋੜੇ ਗੁਰੂ ਦਾ ਸਿੱਖ ਲੈ ਗਿਆ ਹੈ ਤਾਂ ਉਸ ਨੇ ਕਾਬਲ ਦੇ ਸੂਬੇਦਾਰ ਲਲਾਬੇਗ ਨੂੰ ਹੁਕਮ ਦਿੱਤਾ ਕਿ ਉਹ ਸ਼ਾਹੀ ਫ਼ੌਜ ਨਾਲ ਲਿਜਾ ਕੇ ਉਹ ਘੋੜੇ ਮੁੜ ਤਬੇਲੇ ਵਿੱਚ ਲੈ ਕੇ ਆਵੇ। ਸੂਬੇਦਾਰ ਲਲਾਬੇਗ ਗਵਰਨਰ ਦੇ ਹੁਕਮ ਦੀ ਪਾਲਣਾ ਕਰਦਾ ਹੋਇਆ ਗੁਰੂ ਜੀ ਦੇ ਪਿੱਛੇ ਮਹਿਰਾਜ (ਬਠਿੰਡਾ) ਕੋਲ਼ ਆਣ ਪਹੁੰਚਿਆ ਤੇ ਉਸ ਨੇ ਸ਼ਾਹੀ ਫ਼ੌਜ ਦੇ ਸੂਹੀਏ ਹਸਨ ਖ਼ਾਂ ਰਾਹੀਂ ਗੁਰੂ ਜੀ ਅਤੇ ਫ਼ੌਜਾਂ ਦੀ ਸੂਹ ਲੈਣੀ ਚਾਹੀ, ਪਰ ਜੋਧ ਸ਼ਾਹ ਸਿੱਖ ਨੇ ਹਸਨ ਖ਼ਾਂ ਨੂੰ ਭੇਦ ਇਕੱਠੇ ਕਰਦੇ ਹੋਏ ਰੰਗੇ ਹੱਥੀਂ ਫੜ ਲਿਆ ਤੇ ਗੁਰੂ ਸਾਹਮਣੇ ਪੇਸ਼ ਕੀਤਾ। ਜਦੋਂ ਹਸਨ ਖ਼ਾਂ ਨੂੰ ਗੁਰੂ ਸਾਹਮਣੇ ਪੇਸ਼ ਕੀਤਾ ਗਿਆ ਤਾਂ ਗੁਰੂ ਹਰਿਗੋਬਿੰਦ ਸਾਹਿਬ ਨੇ ਕਿਹਾ ਕਿ “ਸਾਡਾ ਕੋਈ ਭੇਦ ਗੁੱਝਾ ਨਹੀਂ, ਆਹ ਫ਼ੌਜ ਕਮਜ਼ੋਰਾਂ ਦੀ ਰਾਖੀ ਲਈ ਹੈ, ਜਿਹੜੇ ਭੇਦ ਤੂੰ ਹੁਣ ਤੱਕ ਦੇਖੇ ਹਨ ਉਹ ਸੱਚੋ-ਸੱਚ ਆਪਣੇ ਮਾਲਕ ਨੂੰ ਦੱਸ ਦੇਵੀਂ…।”
ਹਸਨ ਖ਼ਾਂ ਨੇ ਜੋ ਦੇਖਿਆ ਉਹ ਹੂਬਹੂ ਲਲਾਬੇਗ ਨੂੰ ਦੱਸਿਆ ਕਿ ਉਹ ਨਿਡਰ-ਨਿਰਭੈਅ ਸੂਰਬੀਰ ਹਨ ਤੇ ਉਹ ਹਰ ਧਰਮ, ਮਨੁੱਖ ਨੂੰ ਇੱਕ ਸਮਾਨ ਦੇਖਦੇ ਹਨ। ਉਨ੍ਹਾਂ ਦੀਆਂ ਫ਼ੌਜਾਂ ਹਰ ਭੈੜੀ ਵੱਡੀ ਤੋਂ ਵੱਡੀ ਮੁਸੀਬਤ ਨਾਲ ਵੀ ਲੜਨ ਲਈ ਤਿਆਰ-ਬਰ-ਤਿਆਰ ਰਹਿੰਦੀਆਂ ਹਨ। ਉਨ੍ਹਾਂ ਦੇ ਮਨਾਂ ’ਚ ਕਿਸੇ ਪ੍ਰਕਾਰ ਦਾ ਕੋਈ ਭੈਅ ਨਹੀਂ ਹੈ, ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ।
ਸੂਬੇਦਾਰ ਲਲਾਬੇਗ ਮਹਾਂ-ਜ਼ਿੱਦੀ ਸੀ। ਜਦੋਂ ਹਸਨ ਖ਼ਾਂ ਦੇ ਮੂੰਹੋਂ ਗੁਰੂ ਦੀ ਪ੍ਰਸ਼ੰਸਾ ਸੁਣੀ ਤਾਂ ਉਹ ਗੁੱਸੇ ਵਿੱਚ ਲਾਲ-ਪੀਲ਼ਾ ਹੋ ਗਿਆ। ਲੱਗਦੇ ਹੱਥੀਂ ਨਾਲ ਹੀ ਕਾਜ਼ੀ ਬਹਿਲੋਲ ਖ਼ਾਨ ਨੇ ਬਲ਼ਦੀ ’ਤੇ ਤੇਲ ਪਾਉਂਦਿਆਂ ਕਿਹਾ, “ਇਹ ਦੇਖੋ ਕਾਫ਼ਰਾਂ ਦੀ ਤਾਰੀਫ਼ ਕਰ ਰਿਹਾ ਹੈ, ਇਹ ਵੀ ਕਾਫ਼ਰ ਹੀ ਬਣ ਗਿਆ ਹੈ।” ਦੁਸ਼ਮਣਾਂ ਪਾਸੋਂ ਵੱਢੀ ਲੈ ਕੇ ਉਨ੍ਹਾਂ ਦੀਆਂ ਸਿਫ਼ਤਾਂ ਦੇ ਪੁਲ਼ ਬੰਨ੍ਹ ਕੇ ਸਾਡੀਆਂ ਫ਼ੌਜਾਂ ਦਾ ਹੌਸਲਾ ਪਸਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।”
ਨਵਾਬ ਪਹਿਲਾਂ ਹੀ ਮੱਚਿਆ ਬੈਠਾ ਸੀ, ਉੱਤੋਂ ਹਸਨ ਖ਼ਾਂ ਨੇ ਗੁਰੂ ਦੀ ਮਹਿਮਾ ਸੁਣਾ ਕੇ ਹੋਰ ਗੁੱਸਾ ਚੜ੍ਹਾਅ ਦਿੱਤਾ। ਨਵਾਬ ਨੇ ਹਸਨ ਖ਼ਾਂ ਦੇ ਚਾਬਕਾਂ ਮਾਰੀਆਂ ਤੇ ਸ਼ਾਹੀ ਫ਼ੌਜ ਵਿੱਚੋਂ ਕੱਢ ਦਿੱਤਾ। ਹਸਨ ਖ਼ਾਂ ਨੂੰ ਕਾਫ਼ੀ ਦੁੱਖ ਲੱਗਾ ਤੇ ਉਹ ਦੁਖੀ ਹੋਇਆ। ਗੁਰੂ ਹਰਿਗੋਬਿੰਦ ਸਾਹਿਬ ਦੀ ਸ਼ਰਨ ’ਚ ਜਾ ਪਹੁੰਚਿਆ ਤਾਂ ਗੁਰੂ ਸਾਹਿਬ ਨੇ ਉਸਨੂੰ ਹੌਸਲਾ ਦਿੱਤਾ ਕਿ ਤੂੰ ਦੁੱਖ ਨਾ ਮੰਨਾਅ, ਅਸੀਂ ਤੈਨੂੰ ਲਲਾਬੇਗ ਦੀ ਜਗ੍ਹਾ ਕਾਬਲ ਦਾ ਸੂਬੇਦਾਰ ਬਣਾਵਾਂਗੇ। ਹਸਨ ਖ਼ਾਂ ਗੁਰੂ ਜੀ ਦੀ ਫਰਾਖ਼ਦਿਲੀ ਦੇਖ ਕੇ ਉਨ੍ਹਾਂ ਦਾ ਪੱਕਾ ਮੁਰੀਦ ਬਣ ਗਿਆ।
ਚੂਹੜ ਰਬਾਬੀ
ਦੱਸਿਆ ਜਾਂਦਾ ਹੈ ਕਿ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਕੀਰਤਪੁਰ ਤੋਂ ਹੁੰਦੇ ਹੋਏ ਲੰਘ ਰਹੇ ਸੀ ਤਾਂ ਜੰਗਲ ਵਿੱਚੋਂ ਗਰਨੇ ਦਾ ਸੁੱਕਾ ਛਾਪਾ ਗੁਰੂ ਜੀ ਦੇ ਝੋਲ਼ੇ ਨੂੰ ਲੱਗ ਗਿਆ। ਗੁਰੂ ਜੀ ਉੱਥੇ ਹੀ ਘੋੜੇ ਤੋਂ ਉਤਰ ਕੇ ਸਾਥੀਆਂ ਨੂੰ ਹੁਕਮ ਦਿੱਤਾ ਕਿ ਇਸ ਗਰਨੇ ਦੇ ਛਾਪੇ ਨੂੰ ਜ਼ਮੀਨ ਵਿੱਚ ਗੱਡ ਦਿਓ ਤੇ ਜਦੋਂ ਉਹ ਗੱਡਿਆ ਗਿਆ ਤਾਂ ਗੁਰੂ ਹਰਿਗੋਬਿੰਦ ਸਾਹਿਬ ਨੇ ਬਚਨ ਦਿੱਤਾ, “ਕਿ ਤੂੰ ਸਾਨੂੰ ਅਟਕਾਇਆ ਹੈ ਤੇ ਹਰਾ ਹੋਵੇਂਗਾ ਤੇ ਸੰਸਾਰਕ ਜੀਵਾਂ ਦੀਆਂ ਰੁਕਾਵਟਾਂ ਕੱਟੇਂਗਾ।”
ਗੁਰੂ ਜੀ ਅੱਗੇ ਨਿਕਲ ਗਏ। ਵਕਤ ਚਲਦਾ ਰਿਹਾ। ਮੁੜ ਜਦੋਂ ਅੱਠ ਸਾਲ ਮਗਰੋਂ ਗੁਰੂ ਜੀ ਉਸ ਥਾਂ ਤੋਂ ਗੁਜ਼ਰੇ ਤਾਂ ਉਹ ਗਰਨਾ ਹਰਾ ਹੋ ਕੇ ਰੁੱਖ ਬਣ ਚੁਕਾ ਸੀ। ਇਸ ਥਾਂ ਗੁਰੂ ਜੀ ਲੰਮਾਂ ਸਮਾਂ ਰੁਕੇ ਤੇ ਕੀਰਤਨ ਕੀਤਾ ਅਤੇ ਉਨ੍ਹਾਂ ਨਾਲ ਰਬਾਬ ਵਜਾਉਣ ਵਾਲਾ ਪਿੰਡ ਬੋਦਲ ਤਹਿਸੀਲ ਦਸੂਹਾ ਤੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਚੂਹੜ ਰਬਾਬੀ ਸੀ। ਗੁਰੂ ਜੀ ਨੇ ਖ਼ੁਸ਼ ਹੋ ਕੇ ਇੱਕ ਰਬਾਬ ਚੂਹੜ ਨੂੰ ਦੇ ਦਿੱਤੀ। ਉਂਜ ਚੂਹੜ ਮੀਰਆਲਮ ਘਰਾਣੇ ਨਾਲ ਸਬੰਧ ਰੱਖਦਾ ਸੀ। ਹੁਣ ਉਨ੍ਹਾਂ ਦੀਆਂ ਪੀੜ੍ਹੀਆਂ ਸਿੰਘ ਸਜ ਚੁੱਕੀਆਂ ਹਨ। ਅੱਜਕੱਲ੍ਹ ਇਹ ਪਰਿਵਾਰ ਪੰਥ ਦੀ ਸੇਵਾ ਨਿਭਾਅ ਰਿਹਾ ਹੈ। ਗਰਨੇ ਵਾਲ਼ੀ ਥਾਂ ਗੁਰਦੁਆਰਾ ਗਰਨਾ ਸਾਹਿਬ ਬਣਿਆ ਹੋਇਆ ਹੈ।
ਸਾਈਂ ਦੌਲੇ ਸ਼ਾਹ
ਪਾਕਿਸਤਾਨ ਦੇ ਮਸ਼ਹੂਰ ਸ਼ਹਿਰ ਗੁਜਰਾਤ ਦਾ ਵਾਸੀ ਸੀ ਸਾਈਂ ਦੌਲੇ ਸ਼ਾਹ, ਜਿਨ੍ਹਾਂ ਦਾ ਜਨਮ ਅਬਦੁਲ ਰਹੀਮ ਖ਼ਾਂ ਲੋਧੀ ਦੇ ਘਰ 1581 ਈ. ਨੂੰ ਹੋਇਆ। ਉਸ ਵੇਲ਼ੇ ਪੀਰ ਦੌਲੇ ਸ਼ਾਹ ਦੀ ਕਾਫ਼ੀ ਮੰਨਤ ਸੀ ਅਤੇ ਇਨ੍ਹਾਂ ਦੇ ਵਰ ਨਾਲ ਮਾਂਵਾਂ ਦੀ ਕੁੱਖ ਸੁਲੱਖਣੀ ਹੁੰਦੀ ਸੀ ਅਤੇ ਪੈਦਾ ਹੋਇਆ ਬੱਚਾ ਮਾਪੇ ਸਾਈਂ ਦੌਲੇ ਸ਼ਾਹ ਕੋਲ਼ ਛੱਡ ਜਾਂਦੇ ਸਨ। ਨਵੇਂ ਬਾਜ਼ਾਰ ਨੇੜੇ ਇਨ੍ਹਾਂ ਦਾ ਮਕਬਰਾ ਸੀ, ਜਿੱਥੇ ਕਾਫ਼ੀ ਮਜਾਵਰ ਰਹਿੰਦੇ ਸਨ। ਪੈਦਾ ਹੋਏ ਬੱਚਿਆਂ ਨੂੰ ਮਜਾਵਰ ਆਪਣੇ ਨਾਲ ਲਿਜਾ ਕੇ ਪਿੰਡਾਂ ’ਚੋਂ ਉਗਰਾਹੀ ਕਰਕੇ ਮਕਬਰੇ ’ਚ ਲੰਗਰ ਦਾ ਪ੍ਰਬੰਧ ਕਰਦੇ ਸਨ। ਜਦੋਂ 1621 ਈ. ਨੂੰ ਗੁਰੂ ਹਰਿਗੋਬਿੰਦ ਸਾਹਿਬ ਦੇ ਕਸ਼ਮੀਰ ਨੂੰ ਜਾਂਦੇ ਹੋਏ ਗੁਜਰਾਤ ਸ਼ਹਿਰ ਵਿਚੋਂ ਲੰਘਣ ਦੀ ਖ਼ਬਰ ਸਾਈਂ ਦੌਲੇ ਸ਼ਾਹ ਨੂੰ ਹੋਈ ਤਾਂ ਉਸ ਨੇ ਚੌਖਟਾ ਰੁਪਿਆ ਰੱਖ ਕੇ ਖ਼ਿਮਾ ਮੰਗੀ ਤੇ ਕਿਹਾ ਕਿ “ਮੈਨੂੰ ਆਪਣੇ ਲੜ ਲਾ ਲਓ…।” ਗੁਰੂ ਸਾਹਿਬ ਨੇ ਬੇਨਤੀ ਪ੍ਰਵਾਨ ਕਰਦਿਆਂ ਬਖ਼ਸ਼ਿਸ਼ ਕੀਤੀ ਅਤੇ ਕਿਹਾ ਕਿ ਭੋਲ਼ੀ-ਭਾਲੀ ਜਨਤਾ ਨੂੰ ਵਹਿਮਾਂ-ਭਰਮਾਂ ’ਚੋਂ ਕੱਢਿਆ ਕਰੋ।
ਬਾਬਕ ਰਬਾਬੀ
ਬਾਬਕ ਰਬਾਬੀ ਦਾ ਗੁਰੂ ਘਰ ਨਾਲ ਬੇਅੰਤ ਸਨੇਹ ਸੀ, ਭਾਵੇਂ ਉਹ ਮੁਸਲਮਾਨ ਧਰਮ ਨਾਲ ਸਬੰਧ ਰੱਖਦਾ ਸੀ। ਉਂਝ ਫਾਰਸੀ ਭਾਸ਼ਾ ਅਨੁਸਾਰ ਬਾਬਕ ਦਾ ਅਰਥ ਵਿਸ਼ਵਾਸ ਪਾਠਕ ਬਣਦਾ ਹੈ। ਗੁਰੂ ਹਰਿਗੋਬਿੰਦ ਸਾਹਿਬ ਜਿੱਥੇ ਵੀ ਕੀਰਤਨ ਕਰਦੇ ਤਾਂ ਉਨ੍ਹਾਂ ਦਾ ਗੁਰੂ ਜੀ ਨਾਲ ਪਿਆਰ ਦੇਖਣ ਵਾਲ਼ਾ ਹੁੰਦਾ ਸੀ। ਯੁੱਧ ਦੇ ਮੈਦਾਨ ਦੌਰਾਨ ਵੀ ਬਾਬਕ ਰਬਾਬੀ ਜੀ ਗੁਰੂ ਸਾਹਿਬ ਨਾਲ ਰਹੇ। ਗੁਰੂ ਹਰਿਗੋਬਿੰਦ ਸਾਹਿਬ ਨੂੰ ਬੀਬੀ ਵੀਰੋ ਦੀ ਸ਼ਾਦੀ ਸਮੇਂ ਮੁਗ਼ਲ ਫ਼ੌਜਾਂ ਦੇ ਹਮਲੇ ਕਾਰਨ ਸ਼ਾਦੀ ਵਿੱਚ ਕਿਸੇ ਤਰ੍ਹਾਂ ਦੀ ਵਿਘਨ ਪੈਣ ਤੋਂ ਬਚਾਉਣ ਲਈ ਅੰਮ੍ਰਿਤਸਰ ਤੋਂ ਝਬਾਲ ਭੇਜਣ ਲਈ ਆਪਣਾ ਸਭ ਤੋਂ ਵੱਧ ਵਿਸ਼ਵਾਸ ਪਾਤਰ ਬਾਬਕ ਰਬਾਬੀ ਨਜ਼ਰ ਆਇਆ ਸੀ ਤੇ ਗੁਰੂ ਸਾਹਿਬ ਨੇ ਬਹੁਤ ਸੁਹਣਾ ਤੇ ਕੀਮਤੀ ਘੋੜਾ ਦੇ ਕੇ ਇਹ ਜ਼ਿੰਮੇਵਾਰੀ ਬਾਬਕ ਰਬਾਬੀ ਨੂੰ ਸੌਂਪੀ ਅਤੇ ਬਾਬਕ ਨੇ ਪੂਰੀ ਇਮਾਨਦਾਰੀ ਤੇ ਵਫ਼ਾਦਾਰੀ ਨਾਲ ਆਪਣੀ ਜਾਨ ਦੀ ਪ੍ਰਵਾਹ ਨਾ ਕੀਤੇ ਬਿਨਾਂ ਨਿਭਾਈ। ਬੀਬੀ ਵੀਰੋ ਨੂੰ ਮੁਗ਼ਲਾਂ ਦੇ ਘੇਰੇ ਵਿੱਚੋਂ ਕੱਢ ਕੇ ਗੁਰੂ ਕੇ ਮਹਿਲ ਅੰਮ੍ਰਿਤਸਰ ਤੋਂ ਝਬਾਲ ਪਹੁੰਚਾ ਦਿੱਤਾ।
ਬਾਬਕ ਜੀ ਦੇ ਚਾਰੋਂ ਪੁੱਤਰਾਂ ਦਾ ਵੀ ਗੁਰੂ ਘਰ ਨਾਲ ਪਿਆਰ ਸੀ। ਬਾਬਕ ਰਬਾਬੀ ਨੂੰ ਸਿੱਖ ਇਤਿਹਾਸ ਵਿੱਚ ਬਹੁਤ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਗੁਰੂ ਸਾਹਿਬ ਨੂੰ ਕੋਮਲ ਕਲਾ ਸੰਗੀਤ ਦੀ ਵੀ ਸੂਝ ਸੀ, ਉਨ੍ਹਾਂ ਦੀਆਂ ਨੌਂ ਵਾਰਾਂ ਦੀਆਂ ਧੁਨੀਆਂ ਦਰਜ ਕੀਤੀਆਂ ਮਿਲਦੀਆਂ ਹਨ। ਬਾਬਕ ਨੂੰ ਗੁਰੂ ਜੀ ਦਾ ਸੱਚਾ-ਸੁੱਚਾ ਸਿੱਖ ਕਹਿ ਲੈਣਾ ਅਤਿਕਥਨੀ ਨਹੀਂ ਹੋਵੇਗੀ। ਭਾਈ ਬਾਬਕ ਜੀ ਦਾ ਅੰਤਿਮ ਸਮਾਂ ਨੇੜੇ ਆਇਆ ਤਾਂ ਉਨ੍ਹਾਂ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੇ ਚਾਰੇ ਪੁੱਤਰਾਂ ’ਤੇ ਵੀ ਇਸੇ ਤਰ੍ਹਾਂ ਹੱਥ ਰੱਖਣ ਜਿਵੇਂ ਮੇਰੇ ਸਿਰ ’ਤੇ ਰੱਖਿਆ ਹੈ।” ਗੁਰੂ ਜੀ ਨੇ ਹੌਸਲਾ ਦਿੰਦਿਆਂ ਕਿਹਾ ਸੀ ਕਿ “ਇਹ ਦਿਨ ਹਰ ਕਿਸੇ ’ਤੇ ਆਉਣਾ ਐ, ਇਥੇ ਕਿਸੇ ਨੇ ਨਹੀਂ ਰਹਿਣਾ, ਬਸ ਨਾਮ-ਸਿਮਰਨ ਨਾਲ ਹੀ ਸੁਖ ਭੋਗਿਆ ਜਾ ਸਕਦਾ ਹੈ। ਜੇ ਤੇਰੇ ਪੁੱਤਰ ਵੀ ਗੁਰੂ ਲੜ ਲੱਗਣਗੇ ਤਾਂ ਸੁਖ ਹੰਢਾਉਣਗੇ। ਜਿਨ੍ਹਾਂ ਕੋਲ ਗੁਰੂ ਦਾ ਸ਼ਬਦ ਐ, ਉਨ੍ਹਾਂ ਨੂੰ ਕੋਈ ਕਮੀ ਨਹੀਂ ਆਵੇਗੀ..।”
ਬਾਬਕ ਰਬਾਬੀ ਨੇ 1642 ਈ. ਵਿੱਚ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਗੁਰੂ ਦੇ ਚਰਨਾਂ ’ਚ ਪ੍ਰਾਣ ਤਿਆਗੇ ਅਤੇ ਬਾਬਕ ਨੂੰ ਬਿਆਸ ਦਰਿਆ ਦੇ ਕੰਢੇ ਦਫ਼ਨਾਇਆ ਗਿਆ। ਦੱਸਿਆ ਜਾਂਦਾ ਹੈ ਕਿ ਬਾਬਕ ਰਬਾਬੀ ਦਾ ਪਰਿਵਾਰ ਲਾਹੌਰ (ਪਾਕਿਸਤਾਨ) ਵਿੱਚ ਰਹਿ ਰਿਹਾ ਹੈ।
ਖ਼ਵਾਜ਼ਾ ਰੌਸ਼ਨ
ਮੁਸਲਮਾਨ ਫ਼ਕੀਰ ਸੀ, ਖ਼ਵਾਜ਼ਾ ਰੌਸ਼ਨ। ਉਹ ਗੁਰੂ ਹਰਿਗੋਬਿੰਦ ਸਾਹਿਬ ਦੀ ਮਹਿਮਾ ਸੁਣ ਕੇ ਆਇਆ ਸੀ ਤੇ ਗੁਰੂ ਜੀ ਪਾਸੋਂ ਗੁਰੂ ਘਰ ਦੀ ਸੇਵਾ ਮੰਗੀ ਤਾਂ ਗੁਰੂ ਸਾਹਿਬ ਨੇ ਉਸ ਨੂੰ ਘੋੜਿਆਂ ਦੀ ਸੇਵਾ ਸੌਂਪੀ। ਉਹ ਚਾਹੁੰਦਾ ਸੀ ਕਿ ਗੁਰੂ ਜੀ ਦਾ ਨੂਰਾਨੀ ਚਿਹਰਾ ਹਮੇਸ਼ਾ ਉਸ ਦੀਆਂ ਨਜ਼ਰਾਂ ਸਾਹਮਣੇ ਰਵੇ੍ਹ। ਉਹ ਹਮੇਸ਼ਾ ਗੁਰੂ ਜੀ ਨੂੰ ਦੇਖ ਕੇ ਖ਼ੁਸ਼ ਰਹਿੰਦਾ ਸੀ। ਗੁਰੂ ਜੀ ਦੇ ਘੋੜੇ ਦਾ ਵਿਸ਼ੇਸ਼ ਧਿਆਨ ਰੱਖਦਾ। ਇੱਕ ਦਿਨ ਗੁਰੂ ਜੀ ਤਿਆਰ ਹੋ ਕੇ ਜਾਣ ਲੱਗੇ ਤਾਂ ਦੱਸਿਆ ਜਾਂਦਾ ਹੈ, ਖ਼ਵਾਜ਼ਾ ਰੌਸ਼ਨ ਨੂੰ ਇਉਂ ਮਹਿਸੂਸ ਹੋਇਆ ਕਿ ਗੁਰੂ ਜੀ ਉਸ ਤੋਂ ਦੂਰ ਹੋਣ ਜਾ ਰਹੇ ਹਨ। ਉਹ ਗੁਰੂ ਜੀ ਦੇ ਪਿੱਛੇ-ਪਿੱਛੇ ਦੌੜਨ ਲੱਗਾ। ਉਹ ਇਸ ਤਰ੍ਹਾਂ ਕਈ ਮੀਲ ਭੱਜਦਾ ਰਿਹਾ। ਜਦੋਂ ਗੁਰੂ ਜੀ ਨੇ ਉਸ ਨੂੰ ਪੁੱਛਿਆ ਕਿ ਉਹ ਪਿੱਛੇ-ਪਿੱਛੇ ਕਿਉਂ ਭੱਜਿਆ ਆ ਰਿਹਾ ਹੈ? ਉਸ ਨੇ ਆਪਣੇ ਦਿਲ ਵਿਚਲੇ ਝੋਰੇ ਨੂੰ ਜ਼ਾਹਰ ਕੀਤਾ। ਗੁਰੂ ਜੀ ਨੇ ਇੰਨਾ ਸੁਣ ਆਪਣੀ ਛਾਤੀ ਨਾਲ ਲਾਇਆ ਤੇ ਉਸ ਨੂੰ ਧਰਮ ਪ੍ਰਚਾਰ ਲਈ ਦੁਆਬੇ ਵੱਲ ਤੋਰਿਆ ਤਾਂ ਜੋ ਖ਼ਵਾਜ਼ਾ ਰੌਸ਼ਨ ਪਰਮਾਤਮਾ ਦੀ ਰੌਸ਼ਨੀ ਨਾਲ ਅੰਧ-ਵਿਸ਼ਵਾਸ ਤੇ ਭਟਕਣਾਂ ਦੇ ਘੇਰੇ ਨੂੰ ਦੂਰ ਕਰ ਸਕੇ। ਖ਼ਵਾਜ਼ਾ ਰੌਸ਼ਨ ਨੇ ਗੁਰੂ ਜੀ ਦੇ ਹੁਕਮ ਦੀ ਤਾਮੀਰ ਕਰਦਿਆਂ ਨਗਰ-ਨਗਰ, ਦਰ-ਦਰ ਫਿਰ ਕੇ ਪਰਮਾਤਮਾ ਦੀ ਬਾਤ ਪਾਈ। ਜ਼ਿਲ੍ਹਾ ਜਲੰਧਰ ਤੇ ਫਿਲੌਰ ਤਹਿਸੀਲ ਦੇ ਮਸ਼ਹੂਰ ਪਿੰਡ ਮਾਊ ਸਾਹਿਬ ਵਿਖੇ ਇਸ ਨੇ ਪੱਕਾ ਟਿਕਾਣਾ ਬਣਾ ਲਿਆ, ਜਿੱਥੇ ਅੱਜਕਲ੍ਹ ਇਸ ਦੀ ਮਜ਼ਾਰ ਬਣੀ ਹੋਈ ਹੈ।