ਖਿਡਾਰੀ ਪੰਜ-ਆਬ ਦੇ (3)
ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫੇਰ ਲਹਿੰਦਾ ਪੰਜਾਬ। ਖਿਡਾਰੀ ਹੱਦਾਂ-ਸਰਹੱਦਾਂ ਤੋਂ ਪਾਰ ਹੁੰਦੇ ਹਨ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾਵੇਗੀ। ਹਥਲੇ ਲੇਖ ਵਿੱਚ ‘ਫਲਾਈਂਗ ਸਿੱਖ ਮਿਲਖਾ ਸਿੰਘ’ ਦਾ ਜ਼ਿਕਰ ਛੋਹਿਆ ਹੈ ਕਿ ਮਿਲਖਾ ਸਿੰਘ ਦੀਆਂ ਪ੍ਰਾਪਤੀਆਂ ਪਿੱਛੇ ਉਸ ਦੀ ਕਠਿਨ ਤਪੱਸਿਆ ਸੀ। ਮਿਲਖਾ ਸਿੰਘ ਦਾ ਖੇਡ ਜੀਵਨ ਅਤੇ ਸੰਘਰਸ਼ ਆਉਣ ਵਾਲੇ ਅਥਲੀਟਾਂ ਲਈ ਪ੍ਰੇਰਨਾਮਈ ਰਹੇਗਾ।
ਨਵਦੀਪ ਸਿੰਘ ਗਿੱਲ
ਫੋਨ: +91-9780036216
ਮਿਲਖਾ ਸਿੰਘ ਭਾਰਤੀ ਖੇਡਾਂ ਖ਼ਾਸ ਕਰਕੇ ਅਥਲੈਟਿਕਸ ਦੇ ਸੁਨਹਿਰੀ ਯੁੱਗ ਦਾ ਆਰੰਭ ਹੈ, ਜਿਸ ਨੇ ਭਾਰਤੀ ਖਿਡਾਰੀਆਂ ਨੂੰ ਓਲੰਪਿਕਸ ਵਿੱਚ ਕੁਝ ਕਰ ਗੁਜ਼ਰਨ ਦੀ ਉਮੀਦ ਪੈਦਾ ਕੀਤੀ, ਜੋ ਨੀਰਜ ਚੋਪੜਾ ਦੀ ਸੁਨਹਿਰੀ ਪ੍ਰਾਪਤੀ ਨਾਲ ਪੂਰੀ ਹੋਈ। ਸਧਾਰਣ ਪਰਿਵਾਰ ਅਤੇ ਤੰਗੀਆਂ ਤੁਰਸ਼ੀਆਂ ਵਿੱਚ ਪੈਦਾ ਤੇ ਪਲੇ ਮਿਲਖਾ ਸਿੰਘ ਨੇ ਅਸਧਾਰਣ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਉਹ ਭਾਰਤੀ ਅਥਲੈਟਿਕਸ ਦਾ ਧਰੂ ਤਾਰਾ ਸੀ, ਜਿਸ ਦੀਆਂ ਪ੍ਰਾਪਤੀਆਂ ਦੀ ਚਮਕ ਸਦਾ ਲਈ ਭਾਰਤੀ ਖੇਡਾਂ ਨੂੰ ਰੁਸ਼ਨਾਉਂਦੀ ਰਹੇਗੀ। ਭਾਰਤੀ ਖੇਡਾਂ ਦੇ ਆਧੁਨਿਕ ਕਾਲ ਵਿੱਚ ਸਭ ਤੋਂ ਵੱਧ ਦੰਦ ਕਥਾਵਾਂ ਦੇ ਪਾਤਰ ਅਤੇ ਚਰਚਾਵਾਂ ਦੇ ਕੇਂਦਰ ਬਿੰਦੂ ਰਹੇ ਮਿਲਖਾ ਸਿੰਘ ਸਿਰ ਆਜ਼ਾਦੀ ਤੋਂ ਬਾਅਦ ਦੇਸ਼ ਵਿੱਚ ਖੇਡ ਲਹਿਰ ਪੈਦਾ ਕਰਨ ਦਾ ਸਿਹਰਾ ਬੱਝਦਾ ਹੈ।
ਮਿਲਖਾ ਸਿੰਘ ਨੇ ਆਪਣੇ ਇੱਕ ਦਹਾਕਾ ਖੇਡ ਕਰੀਅਰ ਦੌਰਾਨ 70 ਮੁਲਕਾਂ ਵਿੱਚ 82 ਦੌੜਾਂ ਦੌੜੀਆਂ ਤੇ 79 ਵਿੱਚ ਜਿੱਤ ਹਾਸਲ ਕੀਤੀ। ‘ਉੱਡਣਾ ਸਿੱਖ’ ਵਜੋਂ ਮਸ਼ਹੂਰ ਮਿਲਖਾ ਸਿੰਘ ਓਲੰਪਿਕ ਫਾਈਨਲ ਵਿੱਚ ਦੌੜਨ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲਾ ਦੇਸ਼ ਦਾ ਪਹਿਲਾ ਅਥਲੀਟ ਹੈ। ਪੰਜਾਹਵੇਂ ਤੇ ਸੱਠਵੇਂ ਦਹਾਕੇ ਵਿੱਚ ਪੰਜਾਬ ਦੇ ਤਿੰਨ ਵੱਡੇ ਅਥਲੀਟਾਂ- ਪ੍ਰਦੁੱਮਣ ਸਿੰਘ, ਮਿਲਖਾ ਸਿੰਘ ਤੇ ਗੁਰਬਚਨ ਸਿੰਘ ਰੰਧਾਵਾ ਦੀ ਤਿੱਕੜੀ ਨੇ ਏਸ਼ੀਆ ਵਿੱਚ ਆਪਣੀਆਂ ਧੁੰਮਾਂ ਪਾਈਆਂ, ਜਿਨ੍ਹਾਂ ਦੇ ਬਰਾਬਰ ਦਾ ਏਸ਼ੀਆ ਵਿੱਚ ਕੋਈ ਅਥਲੀਟ ਨਹੀਂ ਸੀ।
ਬਚਪਨ ਤੋਂ ਜਵਾਨੀ ਤੱਕ ਸੰਘਰਸ਼ ਕਰਨ ਵਾਲੇ ਮਿਲਖਾ ਸਿੰਘ ਨੇ ਰਿਟਾਇਰਮੈਂਟ ਉਪਰੰਤ ਆਪਣੇ ਪਰਿਵਾਰ ਨਾਲ ਚੰਡੀਗੜ੍ਹ ਵਿਖੇ ਸ਼ਾਨਦਾਰ ਜ਼ਿੰਦਗੀ ਬਤੀਤ ਕੀਤੀ। ਮਿਲਖਾ ਸਿੰਘ ਦੀਆਂ ਪ੍ਰਾਪਤੀਆਂ ਪਿੱਛੇ ਉਸ ਦੀ ਕਠਿਨ ਤਪੱਸਿਆ ਸੀ। ਉਹ ਪ੍ਰੈਕਟਿਸ ਕਰਦਿਆਂ 50 ਹਜ਼ਾਰ ਕਿਲੋਮੀਟਰ ਤੋਂ ਵੱਧ ਦੌੜਿਆ। ਇਨਕਲਾਬੀ ਕਵੀ ਪਾਸ਼ ਦੀ ਕਲਮ ਨਾਲ ਲਿਖੀ ਮਿਲਖਾ ਸਿੰਘ ਦੀ ਸਵੈਜੀਵਨੀ ‘ਫਲਾਈਂਗ ਸਿੱਖ ਮਿਲਖਾ ਸਿੰਘ’ ਉਸ ਦੇ ਸੰਘਰਸ਼ ਦੀ ਗਾਥਾ ਬਿਆਨਦੀ ਹੈ। ਪ੍ਰਿੰਸੀਪਲ ਸਰਵਣ ਸਿੰਘ ਨੇ ਮਿਲਖਾ ਸਿੰਘ ਦੀ ਸੰਖੇਪ ਬਾਲ ਸਾਹਿਤ ਦੀ ਜੀਵਨੀ ਲਿਖੀ ਹੈ।
ਮਿਲਖਾ ਸਿੰਘ ਦੇ ਪਰਿਵਾਰ ਵਿੱਚ ਚਾਰ ਖਿਡਾਰੀ ਸਨ, ਜਿਨ੍ਹਾਂ ਵਿੱਚੋਂ ਦੋ ਪਦਮਾਸ਼੍ਰੀ ਸਨ। ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ ਭਾਰਤੀ ਵਾਲੀਬਾਲ ਦੀ ਕਪਤਾਨ ਰਹੀ ਹੈ। ਮਿਲਖਾ ਸਿੰਘ ਦਾ ਬੇਟਾ ਜੀਵ ਮਿਲਖਾ ਸਿੰਘ ਦੇਸ਼ ਦਾ ਚੋਟੀ ਦਾ ਗੌਲਫਰ ਅਤੇ ਪਦਮਾਸ਼੍ਰੀ ਜੇਤੂ ਹੈ ਅਤੇ ਪੋਤਾ ਹਰਜਾਈ ਵੀ ਉੱਭਰਦਾ ਗੌਲਫਰ ਹੈ। 90 ਸਾਲ ਦੀ ਉਮਰ ਤੱਕ ਰਿਸ਼ਟ-ਪੁਸ਼ਟ ਰਹਿਣ ਵਾਲੇ ਮਿਲਖਾ ਸਿੰਘ ਨੂੰ ਆਪਣੇ ਆਖਰੀ ਸਮੇਂ ਕੋਰੋਨਾ ਦੀ ਮਹਾਂਮਾਰੀ ਨਾਲ ਜੰਗ ਲੜਨੀ ਪਈ, ਜਿੱਥੇ ਉਹ 18 ਜੂਨ 2021 ਦੀ ਰਾਤ ਪੀ.ਜੀ.ਆਈ. ਚੰਡੀਗੜ੍ਹ ਵਿਖੇ ਹਾਰ ਕੇ ਸਦਾ ਲਈ ਅਲਵਿਦਾ ਆਖ ਗਿਆ। 13 ਜੂਨ 2021 ਨੂੰ ਨਿਰਮਲ ਮਿਲਖਾ ਸਿੰਘ ਅਲਵਿਦਾ ਆਖ ਗਈ ਸੀ। ਪੰਜ ਦਿਨਾਂ ਦੇ ਅੰਦਰ ਮਿਲਖਾ ਸਿੰਘ ਜੋੜੀ ਦਾ ਤੁਰ ਜਾਣਾ ਜਿੱਥੇ ਪਰਿਵਾਰ ਲਈ ਅਸਹਿ ਤੇ ਅਕਹਿ ਸੀ, ਉੱਥੇ ਖੇਡ ਜਗਤ ਲਈ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਸੀ।
ਮਿਲਖਾ ਸਿੰਘ ਦਾ ਜਨਮ 20 ਨਵੰਬਰ 1929 ਨੂੰ ਲਹਿੰਦੇ ਪੰਜਾਬ ਦੇ ਪਿੰਡ ਗੋਬਿੰਦਪੁਰਾ (ਹੁਣ ਪਾਕਿਸਤਾਨ) ਵਿਖੇ ਸੰਪੂਰਨ ਸਿੰਘ ਦੇ ਘਰ ਮਾਤਾ ਵਧਾਵੀ ਕੌਰ ਦੀ ਕੁੱਖੋਂ ਹੋਇਆ ਸੀ। ਛੋਟੇ ਹੁੰਦੇ ਸਕੂਲ ਪੜ੍ਹਨ ਜਾਂਦਿਆਂ ਤਪਦੇ ਰੇਤਿਆਂ ਉਤੇ ਇੱਕ ਦਰੱਖਤ ਤੋਂ ਦੂਜੇ ਦਰੱਖਤ ਤੱਕ ਨਿੱਕੇ ਮਿਲਖੇ ਨੇ ਆਪਣੀ ਜ਼ਿੰਦਗੀ ਦੀਆਂ ਮੁੱਢਲੀਆਂ ਦੌੜਾਂ ਦੌੜੀਆਂ, ਜਿਨ੍ਹਾਂ ਨੇ ਅੱਗੇ ਜਾ ਕੇ ਵੱਡੀਆਂ ਦੌੜਾਂ ਦੀ ਨੀਂਹ ਰੱਖੀ। ਮਿਲਖਾ ਹਾਲੇ ਸਕੂਲ ਹੀ ਪੜ੍ਹਦਾ ਸੀ, ਜਦੋਂ ਦੇਸ਼ ਆਜ਼ਾਦ ਹੋਇਆ। ਆਜ਼ਾਦੀ ਕਾਹਦੀ ਮਿਲੀ, ਦੇਸ਼ ਦੋ ਮੁਲਕਾਂ ਵਿੱਚ ਵੰਡਿਆਂ ਗਿਆ, ਜਿਸ ਦਾ ਸਭ ਤੋਂ ਵੱਧ ਸੰਤਾਪ ਪੰਜਾਬ ਤੇ ਬੰਗਾਲ ਨੇ ਝੱਲਿਆ। ਪੰਜਾਬ ਦੋ ਹਿੱਸਿਆਂ ਵਿੱਚ ਵੰਡਿਆ ਗਿਆ, ਪੂਰਬੀ ਹਿੱਸਾ ਭਾਰਤ ਅਤੇ ਪੱਛਮੀ ਹਿੱਸਾ ਪਾਕਿਸਤਾਨ ਵਿੱਚ ਰਹਿ ਗਿਆ। ਲੱਖਾਂ ਪਰਿਵਾਰਾਂ ਦੀ ਹਿਜ਼ਰਤ ਹੋਈ, ਵੱਡੀ ਗਿਣਤੀ ਵਿੱਚ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ। ਘਰ-ਬਾਰ, ਜਾਇਦਾਦਾਂ, ਪੈਲੀਆਂ ਛੱਡਣੀਆਂ ਪਈਆਂ। ਮਿਲਖਾ ਸਿੰਘ ਦੇ ਪਰਿਵਾਰ ਨੂੰ ਉਜਾੜੇ ਦਾ ਸੰਤਾਪ ਝੱਲਣ ਦੇ ਨਾਲ ਬਹੁ ਗਿਣਤੀ ਪਰਿਵਾਰਕ ਮੈਂਬਰਾਂ ਨੂੰ ਜਾਨ ਤੋਂ ਵੀ ਹੱਥ ਧੋਣਾ ਪਿਆ। ਮਿਲਖਾ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਂਦਾ ਹੋਇਆ ਧੱਕੇ ਧੌਲੇ ਖਾਂਦਾ ਦਿੱਲੀ ਪੁੱਜਿਆ। ਰੇਲ ਗੱਡੀ ਦੇ ਜ਼ਨਾਨਾ ਡੱਬੇ ਵਿੱਚ ਕਿਵੇਂ ਨਾ ਕਿਵੇਂ ਉਸ ਨੇ ਆਪਣੀ ਜਾਨ ਬਚਾਈ। ਉਸ ਸਮੇਂ ਜੇ ਕੁੱਝ ਔਰਤਾਂ ਨੂੰ ਉਸ ਉਤੇ ਤਰਸ ਨਾ ਆਇਆ ਹੁੰਦਾ ਤਾਂ ਭਾਰਤ ਆਪਣੇ ਮਹਾਨ ਅਥਲੀਟ ਤੋਂ ਵਿਰਵਾ ਰਹਿ ਜਾਂਦਾ।
ਮਿਲਖਾ ਸਿੰਘ ਨੂੰ ਸ਼ੁਰੂਆਤੀ ਦੌਰ ਵਿੱਚ ਬਹੁਤ ਜੂਝਣਾ ਪਿਆ, ਜਿੱਥੇ ਉਸ ਨੂੰ ਆਪਣੀ ਭੈਣ ਦੇ ਸਹੁਰੇ ਘਰ ਦੋ ਡੰਗ ਦੀ ਰੋਟੀ ਲਈ ਵੀ ਤਾਹਨੇ-ਮਿਹਣੇ ਸੁਣਨੇ ਪਏ। ਇਸੇ ਦੌਰ ਵਿੱਚ ਉਸ ਨੇ ਛੋਟੀਆਂ ਛੋਟੀਆਂ ਚੋਰੀਆਂ ਵੀ ਕੀਤੀਆਂ, ਜਿਸ ਕਾਰਨ ਹਵਾਲਾਤ ਵੀ ਜਾਣਾ ਪਿਆ। ਮਿਲਖਾ ਸਿੰਘ ਭਾਰਤੀ ਸੈਨਾ ਵਿੱਚ ਭਰਤੀ ਤਾਂ ਆਪਣੀ ਰੋਜ਼ੀ ਰੋਟੀ ਲਈ ਹੋਇਆ ਸੀ, ਪਰ ਉੱਥੇ ਉਹ ਚੰਗੀ ਖ਼ੁਰਾਕ ਦੀ ਤਾਂਘ ਵਿੱਚ ਖੇਡਾਂ ਵਾਲੇ ਪਾਸੇ ਜੁੜ ਗਿਆ। ਇਸ ਤੋਂ ਬਾਅਦ ਮਿਲਖਾ ਸਿੰਘ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਸਿਕੰਦਰਾਬਾਦ ਦੇ ਈ.ਐਮ.ਈ. ਸੈਂਟਰ ਤੋਂ ਰੋਮ ਦੇ ਓਲੰਪਿਕਸ ਸਟੇਡੀਅਮ ਤੱਕ ਮਿਲਖਾ ਸਿੰਘ ਨੇ ਆਪਣੀ ਸਖ਼ਤ ਮਿਹਨਤ, ਨਿੱਤ ਦੀ ਸਾਧਨਾ ਅਤੇ ਦ੍ਰਿੜ ਇਰਾਦੇ ਨਾਲ ਸ਼ੋਹਰਤ ਦੀ ਬੁਲੰਦੀ ਨੂੰ ਛੋਹਿਆ।
ਮਿਲਖਾ ਸਿੰਘ ਨੇ 1958 ਦੀਆਂ ਕਾਰਡਿਫ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤ ਕੇ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਬਣਨ ਵਾਲੇ ਪਹਿਲੇ ਭਾਰਤੀ ਅਥਲੀਟ ਦਾ ਮਾਣ ਹਾਸਲ ਕੀਤਾ। 1958 ਵਿੱਚ ਹੀ ਟੋਕੀਓ ਏਸ਼ਿਆਈ ਖੇਡਾਂ ਵਿੱਚ ਮਿਲਖਾ ਸਿੰਘ ਨੇ ਦੋ ਸੋਨ ਤਮਗੇ ਜਿੱਤ ਕੇ ਬੈੱਸਟ ਅਥਲੀਟ ਦਾ ਖਿਤਾਬ ਹਾਸਲ ਕੀਤਾ। ਉਹ 200 ਤੇ 400 ਮੀਟਰ ਦੌੜ ਦਾ ਚੈਂਪੀਅਨ ਬਣਿਆ। 200 ਮੀਟਰ ਫਾਈਨਲ ਵਿੱਚ ਉਸ ਨੇ ਏਸ਼ੀਆ ਦਾ ਤੂਫ਼ਾਨ ਕਹੇ ਜਾਣ ਵਾਲੇ ਅਬਦੁਲ ਖਾਲਿਕ ਨੂੰ ਕਰੜੇ ਮੁਕਾਬਲੇ ਵਿੱਚ ਫੋਟੋ ਫਿਨਿਸ਼ ਰਾਹੀਂ ਹਰਾਇਆ। ਉਸ ਵੇਲੇ ਮਿਲਖਾ ਸਿੰਘ ਤੇ ਭਗਤਾ ਭਾਈਕਾ ਵਾਲੇ ਏਸ਼ੀਆ ਦੇ ਮਹਾਨ ਥਰੋਅਰ ਪ੍ਰਦੁੱਮਣ ਸਿੰਘ ਦਾ ਪਟਿਆਲਾ ਪੁੱਜਣ ਉਤੇ ਟੈਂਕਾਂ ਉਤੇ ਬਿਠਾ ਕੇ ਸਵਾਗਤ ਹੋਇਆ ਸੀ।
ਮਿਲਖਾ ਸਿੰਘ ਨੇ ਭਾਰਤ ਵੱਲੋਂ ਤਿੰਨ ਓਲੰਪਿਕਸ (1956 ਮੈਲਬਰਨ, 1960 ਰੋਮ ਤੇ 1964 ਟੋਕੀਓ) ਵਿੱਚ ਹਿੱਸਾ ਲਿਆ। 1960 ਦੀਆਂ ਰੋਮ ਓਲੰਪਿਕ ਖੇਡਾਂ ਵਿੱਚ ਮਿਲਖਾ ਸਿੰਘ ਨੇ ਇਤਿਹਾਸਕ ਦੌੜ ਦੌੜੀ ਜੋ ਕਿ ਓਲੰਪਿਕ ਖੇਡਾਂ ਦੇ 125 ਸਾਲਾਂ ਇਤਿਹਾਸ ਵਿੱਚ ਕਿਸੇ ਵੀ ਭਾਰਤੀ ਅਥਲੀਟ ਦਾ ਸਰਵਸ੍ਰੇਸ਼ਟ ਪ੍ਰਦਰਸ਼ਨ ਹੈ। ਮਿਲਖਾ ਸਿੰਘ ਨੇ 400 ਮੀਟਰ ਦੌੜ ਦੇ ਫਾਈਨਲ ਵਿੱਚ ਦੌੜਦਿਆਂ ਚੌਥਾ ਸਥਾਨ ਹਾਸਲ ਕੀਤਾ। ਉਸ ਵੇਲੇ ਉਹ ਸਕਿੰਟ ਦੇ ਦਸਵੇਂ ਹਿੱਸੇ ਨਾਲ ਤਮਗ਼ੇ ਤੋਂ ਖੁੰਝ ਗਿਆ, ਜਿਸ ਦਾ ਮਲਾਲ ਉਸ ਨੂੰ ਸਾਰੀ ਉਮਰ ਰਿਹਾ। ਮਿਲਖਾ ਸਿੰਘ ਨੇ 45.6 ਸਕਿੰਟਾਂ ਵਿੱਚ ਦੌੜ ਪੂਰੀ ਕਰਕੇ ਉਸ ਵੇਲੇ ਦਾ ਵਿਸ਼ਵ ਰਿਕਾਰਡ ਤੋੜਿਆ ਸੀ। ਮਿਲਖਾ ਸਿੰਘ ਦਾ ਇਹ ਨੈਸ਼ਨਲ ਰਿਕਾਰਡ 40 ਸਾਲ ਤੱਕ ਕਾਇਮ ਰਿਹਾ। ਮਿਲਖਾ ਸਿੰਘ ਦੀ ਇਸ ਦੌੜ ਬਾਰੇ ਮਿੱਥ ਵੀ ਹੈ ਕਿ ਉਸ ਨੇ ਸਿਖਰਲੀ ਲੇਨ ਵਿੱਚ ਦੌੜਦਿਆਂ ਸਭ ਤੋਂ ਅੱਗੇ ਜਾਂਦਿਆਂ ਇੱਕ ਵਾਰੀ ਪਿੱਛੇ ਮੁੜ ਕੇ ਵੇਖ ਲਿਆ, ਜਿਸ ਨਾਲ ਉਸ ਦੀ ਸਪੀਡ ਹੌਲੀ ਹੋ ਗਈ ਅਤੇ ਤਮਗ਼ੇ ਤੋਂ ਵਾਂਝਾ ਰਹਿ ਗਿਆ। ਇਸ ਦੌੜ ਦੀ ਹਕੀਕਤ ਗੁਰਬਚਨ ਸਿੰਘ ਰੰਧਾਵਾ ਦੀ ਜੀਵਨੀ ‘ਉੱਡਣਾ ਬਾਜ਼’ ਵਿੱਚ ਸਪੱਸ਼ਟ ਕੀਤੀ ਗਈ ਹੈ ਕਿ ਮਿਲਖਾ ਸਿੰਘ ਦੌੜ ਵਿੱਚ ਕਿਸੇ ਵੀ ਸਮੇਂ ਪਹਿਲੇ ਤਿੰਨ ਸਥਾਨਾਂ ਵਿੱਚ ਨਹੀਂ ਸੀ, ਪਰ ਉਹ ਦੌੜ ਭਾਰਤੀ ਅਥਲੀਟਾਂ ਦੀ ਸਿਖਰਲੀਆਂ ਦੌੜਾਂ ਵਿੱਚੋਂ ਇੱਕ ਹੈ।
ਮਿਲਖਾ ਸਿੰਘ ਨੇ ਅਬਦੁਲ ਖ਼ਾਲਿਕ ਨੂੰ 1960 ਵਿੱਚ ਦੋ ਸਾਲ ਬਾਅਦ ਲਾਹੌਰ ਵਿਖੇ ਹੋਈ ਭਾਰਤ-ਪਾਕਿਸਤਾਨ ਦੁਵੱਲੀ ਅਥਲੈਟਿਕਸ ਮੀਟ ਵਿੱਚ ਵੱਡੇ ਫਾਸਲੇ ਨਾਲ ਹਰਾਇਆ, ਜਿਸ ਤੋਂ ਬਾਅਦ ਪਾਕਿਸਤਾਨ ਦੇ ਤੱਤਕਾਲੀ ਰਾਸ਼ਟਰਪਤੀ ਅਯੂਬ ਖਾਨ ਨੇ ਮਿਲਖਾ ਸਿੰਘ ਨੂੰ ‘ਫਲਾਈਂਗ ਸਿੱਖ’ ਦਾ ਖ਼ਿਤਾਬ ਦਿੱਤਾ, ਜਿਸ ਦਾ ਕਹਿਣਾ ਸੀ ਕਿ ਮਿਲਖਾ ਸਿੰਘ ਨੇ ਇਹ ਦੌੜ ਭੱਜ ਕੇ ਨਹੀਂ ਸਗੋਂ ਉੱਡ ਕੇ ਪੂਰੀ ਕੀਤੀ ਹੈ। ਮਿਲਖਾ ਸਿੰਘ ਉੱਪਰ ਬਣੀ ਬਾਲੀਵੁੱਡ ਫ਼ਿਲਮ ‘ਭਾਗ ਮਿਲਖਾ ਭਾਗ’ ਦਾ ਕਲਾਈਮੈਕਸ ਦ੍ਰਿਸ਼ ਇਸੇ ਦੌੜ ਉਤੇ ਫਿਲਮਾਇਆ ਗਿਆ। ਮਿਲਖਾ ਸਿੰਘ ਬਾਰੇ ਇਸ ਸਬੰਧੀ ਦੰਦ ਕਥਾ ਬਣੀ ਕਿ ਉਸ ਨੇ ਕਿਹਾ ਸੀ ਕਿ ਜੇ ਉਸ ਦਿਨ ਅਬਦੁਲ ਖ਼ਾਲਿਕ ਨੂੰ ਜਹਾਜ਼ ਦੀ ਪੂਛ ਨਾਲ ਵੀ ਬੰਨ੍ਹ ਕੇ ਦੌੜਾਇਆ ਜਾਂਦਾ ਤਾਂ ਵੀ ਉਸ ਨੇ ਹਰਾ ਦੇਣਾ ਸੀ।
1962 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਵਿੱਚ ਮਿਲਖਾ ਸਿੰਘ ਨੇ ਦੋ ਸੋਨ ਤਮਗੇ ਜਿੱਤੇ- ਇੱਕ 400 ਮੀਟਰ ਤੇ ਦੂਜਾ 4 ਗੁਣਾਂ 400 ਮੀਟਰ ਰਿਲੇਅ ਦੌੜ ਵਿੱਚ। ਮਿਲਖਾ ਸਿੰਘ ਨੇ 1964 ਵਿੱਚ ਟੋਕੀਓ ਓਲੰਪਿਕ ਖੇਡਾਂ ਵਿੱਚ ਵੀ ਵੱਡਾ ਹਿੱਸਾ ਲਿਆ। ਮਿਲਖਾ ਸਿੰਘ ਬਾਰੇ ਵੈਸੇ ਇੱਕ ਹੋਰ ਵੀ ਦੰਦ ਕਥਾ ਹੈ ਕਿ ਇੱਕ ਵਾਰ ਉਸ ਦੇ ਘਰ ਚੋਰੀ ਹੋ ਗਈ ਹੈ ਅਤੇ ਚੋਰ ਭੱਜ ਨਿਕਲੇ। ਮਿਲਖਾ ਸਿੰਘ ਪਿੱਛੇ ਦੌੜਿਆ ਤਾਂ ਉਨ੍ਹਾਂ ਨੂੰ ਪਿੱਛੇ ਛੱਡ ਕੇ ਅੱਗੇ ਪਹੁੰਚ ਗਿਆ। ਅੱਗਿਓ ਮਿਲਣ ਵਾਲੇ ਕਹਿੰਦੇ ਕਿ ਚੋਰ ਤਾਂ ਪਿੱਛੇ ਰਹਿ ਗਏ। ਮਿਲਖਾ ਸਿੰਘ ਬਾਰੇ ਜੁੜੇ ਕਿੱਸੇ ਉਸ ਦੀ ਮਹਾਨਤਾ ਨੂੰ ਹੀ ਪ੍ਰਗਟਾਉਂਦੇ ਹਨ ਜਿਵੇਂ ਕਿ ‘ਭਾਗ ਮਿਲਖਾ ਭਾਗ’ ਫ਼ਿਲਮ ਵਿੱਚ ਉਹ ਆਪਣੇ ਸੀਨੀਅਰ ਅਫਸਰ ਦੇ ਘਰ ਆਈਸ ਕਰੀਮ ਬਿਨਾ ਪਿਘਲਾਏ ਦੌੜ ਕੇ ਲੈ ਕੇ ਪਹੁੰਚਦਾ ਹੈ। ਸੈਨਾ ਵਿੱਚ ਉਹ ਨਾਇਬ ਸੂਬੇਦਾਰ ਸੀ, ਜਦੋਂ ਪੰਜਾਬ ਸਰਕਾਰ ਨੇ ਸੂਬੇ ਵਿੱਚ ਲਿਆਂਦਾ ਜਿੱਥੇ ਉਸ ਨੂੰ ਸਿੱਖਿਆ ਵਿਭਾਗ ਵਿੱਚ ਬਤੌਰ ਡਿਪਟੀ ਡਾਇਰੈਕਟਰ (ਖੇਡਾਂ) ਨਿਯੁਕਤ ਕੀਤਾ। ਉਹ ਯੁਵਕ ਸੇਵਾਵਾਂ ਵਿਭਾਗ ਵਿੱਚੋਂ ਬਤੌਰ ਐਡੀਸ਼ਨਲ ਡਾਇਰੈਕਟਰ ਸੇਵਾ ਮੁਕਤ ਹੋਏ।
ਮਿਲਖਾ ਸਿੰਘ ਨੂੰ 1958-59 ਵਿੱਚ ਭਾਰਤ ਸਰਕਾਰ ਨੇ ਦੇਸ਼ ਦੇ ਚੌਥੇ ਸਰਵਉੱਚ ਨਾਗਰਿਕ ਸਨਮਾਨ ਪਦਮਾਸ਼੍ਰੀ ਨਾਲ ਸਨਮਾਨਤ ਕੀਤਾ। ਵੀਹ-ਬਾਈ ਵਰ੍ਹੇ ਪਹਿਲਾਂ ਮਿਲਖਾ ਸਿੰਘ ਨੂੰ ਜਦੋਂ ਅਰਜੁਨਾ ਐਵਾਰਡ ਨਾਲ ਸਨਮਾਨਤ ਕੀਤਾ ਤਾਂ ਉਸ ਨੇ ਇਹ ਕਹਿ ਕੇ ਐਵਾਰਡ ਠੁਕਰਾ ਦਿੱਤਾ ਕਿ ਬੀ.ਏ. ਦੀ ਡਿਗਰੀ ਤੋਂ ਬਾਅਦ ਦਸਵੀਂ ਦੀ ਡਿਗਰੀ ਦਾ ਕੋਈ ਮਹੱਤਵ ਨਹੀਂ। ਅਰਜੁਨਾ ਐਵਾਰਡ ਤੋਂ ਵੱਡਾ ਪੁਰਸਕਾਰ ਪਦਮਾਸ਼੍ਰੀ ਤਾਂ ਉਸ ਨੂੰ ਚਾਲੀ ਸਾਲ ਪਹਿਲਾ ਹੀ ਮਿਲ ਗਿਆ ਸੀ। ਹਾਲਾਂਕਿ ਉਹ ਖੇਡ ਐਵਾਰਡਾਂ ਲਈ ਚੋਣ ਕਮੇਟੀ ਦਾ ਮੁਖੀ ਜ਼ਰੂਰ ਰਿਹਾ।
ਅਮਰੀਕਾ ਵੱਲੋਂ ਮਿਲਖਾ ਸਿੰਘ ਨੂੰ ਹੈਲਮਜ਼ ਵਰਲਡ ਟਰਾਫੀ ਨਾਲ ਸਨਮਾਨਿਆ ਗਿਆ, ਇਹ ਵੱਕਾਰੀ ਖਿਤਾਬ ਸਿਰਫ ਤਿੰਨ ਭਾਰਤੀ ਖਿਡਾਰੀਆਂ ਨੇ ਹੀ ਜਿੱਤਿਆ ਹੈ। ਦੂਜੇ ਦੋ ਖਿਡਾਰੀ ਰਾਮ ਕ੍ਰਿਸ਼ਨਨ (ਟੈਨਿਸ) ਤੇ ਕੇਡੀ ਬਾਬੂ ਸਿੰਘ (ਹਾਕੀ) ਹਨ। ਪੰਜਾਬ ਸਰਕਾਰ ਨੇ ਇਸ ਮਹਾਨ ਅਥਲੀਟ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕੀਤਾ। ਹਾਲ ਹੀ ਵਿੱਚ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਉਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਬਣਾਈ ਨਵੀਂ ਖੇਡ ਨੀਤੀ ਵਿੱਚ ਪੰਜਾਬ ਵਿੱਚ ਖੇਡ ਪ੍ਰੋਮੋਟਰਾਂ ਲਈ ਮਿਲਖਾ ਸਿੰਘ ਪ੍ਰਮੋਸ਼ਨ ਐਵਾਰਡ ਸ਼ੁਰੂ ਕੀਤਾ ਗਿਆ।
ਮਿਲਖਾ ਸਿੰਘ ਨੇ ਖ਼ੁਦ ਆਪਣੀ ਸਵੈ-ਜੀਵਨੀ ਵਿੱਚ ਲਿਖਿਆ ਹੈ, “ਜ਼ਿੰਦਗੀ ਸ਼ਾਇਦ ਧਰਤੀ ਉਪਰ ਵਾਪਰਨ ਵਾਲੀ ਸਭ ਤੋਂ ਵੱਡੀ ਕਰਾਮਾਤ ਹੈ। ਅਸੰਖ ਤਾਰਿਆਂ, ਧਰਤੀਆਂ ਤੇ ਸੂਰਜਾਂ ਦੀ ਅਨੰਤ ਕਾਲ ਤੋਂ ਖੇਡੀ ਜਾ ਰਹੀ ਇਸ ਖੇਡ ਵਿੱਚ ਮਨੁੱਖ ਬੱਸ ਇੱਕ ਛੋਟਾ ਜਿਹਾ ਖਿਡਾਰੀ ਹੈ। ਮਨੁੱਖੀ ਦਿਲ ਦੀ ਇੱਕ-ਇੱਕ ਧੜਕਣ ਵਿੱਚ ਓੜਕਾਂ ਦੀ ਤਾਕਤ, ਫੁਰਤੀ ਤੇ ਸੰਭਾਵਨਾਵਾਂ ਹਨ। ਕੁਦਰਤ ਦੇ ਇਸ ਭੇਦ ਨੂੰ ਸਮਝ ਕੇ ਮਨ ‘ਚ ਵਸਾਉਣ ਵਾਲਾ ਵਿਅਕਤੀ ਜ਼ਰੂਰੀ ਨਹੀਂ ਕਿ ਮਿਲਖਾ ਸਿੰਘ ਹੀ ਹੋਵੇ, ਕੋਈ ਹੋਰ ਵੀ ਹੋ ਸਕਦਾ ਹੈ। ਜ਼ਿੰਦਗੀ ਦੀ ਇਹ ਖੇਡ ਨਾ ਹੀ ਮੈਂ ਸ਼ੁਰੂ ਕੀਤੀ ਹੈ ਤੇ ਨਾ ਹੀ ਇਹ ਮੇਰੇ ਨਾਲ ਖਤਮ ਹੋਣੀ ਹੈ। ਮੈਂ ਤਾਂ ਸਿਰਫ਼ ਇੱਕ ਸਦੀ ਦਾ ਕੁਝ ਹਿੱਸਾ ਇਸ ਦੇ ਵਿਸ਼ਾਲ ਸਟੇਡੀਅਮ ਵਿਚ ਆਪਣੇ ਜਿਸਮ ਨੂੰ ਲੈ ਕੇ ਧੜਕਿਆ ਹਾਂ ਤੇ ਕਿਸੇ ਦਿਨ ਹੋਰਨਾਂ ਖਿਡਾਰੀਆਂ ਨੂੰ ਕੰਮਾਂ ਕਾਰਾਂ ਵਿਚ ਰੁੱਝੇ ਹੋਏ ਛੱਡ ਕੇ ਮਲਕੜੇ ਜਿਹੇ ਇਸ ਸਟੇਡੀਅਮ ਵਿੱਚੋਂ ਨਿਕਲ ਜਾਵਾਂਗਾ।”
ਮਿਲਖਾ ਸਿੰਘ ਰੋਮ ਓਲੰਪਿਕਸ ਵਿੱਚ ਅਜਿਹਾ ਤਮਗ਼ੇ ਤੋਂ ਖੁੰਝਿਆ ਸੀ ਕਿ ਸਾਰੀ ਉਮਰ ਪਛਤਾਉਂਦਾ ਰਿਹਾ। ਉਸ ਦਾ ਕਹਿਣਾ ਸੀ ਕਿ ਉਹ ਜਿਉਂਦੇ ਜੀਅ ਕਿਸੇ ਭਾਰਤੀ ਨੂੰ ਅਥਲੈਟਿਕਸ ਵਿੱਚ ਤਮਗ਼ਾ ਜਿੱਤਦਾ ਦੇਖਣਾ ਚਾਹੁੰਦਾ ਹੈ, ਪਰ ਉਸ ਦੀ ਇਹ ਇੱਛਾ ਪੂਰੀ ਨਹੀਂ ਹੋਈ ਕਿਉਂਕਿ ਨੀਰਜ ਚੋਪੜਾ ਵੱਲੋਂ ਟੋਕੀਓ ਓਲੰਪਿਕਸ-2021 ਵਿੱਚ ਸੋਨ ਤਮਗ਼ਾ ਜਿੱਤਣ ਤੋਂ ਦੋ ਮਹੀਨੇ ਪਹਿਲਾਂ ਉਹ ਸਾਨੂੰ ਸਦੀਵੀਂ ਵਿਛੋੜਾ ਦੇ ਗਿਆ ਸੀ। ਜੇਕਰ 7 ਅਗਸਤ 2021 ਨੂੰ ਮਿਲਖਾ ਸਿੰਘ ਜਿਉਂਦਾ ਹੁੰਦਾ ਤਾਂ ਨੀਰਜ ਚੋਪੜਾ ਦੀ ਸੁਨਹਿਰੀ ਪ੍ਰਾਪਤੀ ਦੇ ਜਸ਼ਨ ਦੇਖਣ ਵਾਲੇ ਹੁੰਦੇ। ਮਿਲਖਾ ਸਿੰਘ ਦਾ ਖੇਡ ਜੀਵਨ ਅਤੇ ਸੰਘਰਸ਼ ਆਉਣ ਵਾਲੇ ਅਥਲੀਟਾਂ ਲਈ ਪ੍ਰੇਰਨਾਮਈ ਰਹੇਗਾ।