ਬਲਵਿੰਦਰ ਕੌਰ ਦੀ ਖੁਦਕਸ਼ੀ ਬਣੀ ਪੰਜਾਬ ਸਰਕਾਰ ਲਈ ਸਮੱਸਿਆ

Uncategorized

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਗ੍ਰਿਫਤਾਰੀ ਦੀ ਮੰਗ
ਪੰਜਾਬੀ ਪਰਵਾਜ਼ ਬਿਊਰੋ
ਹਰ ਆਏ ਦਿਨ ਪੰਜਾਬ ਦੀ ‘ਆਪ’ ਸਰਕਾਰ ਨਵੇਂ-ਨਵੇਂ ਵਿਵਾਦਾਂ ਦੇ ਘੇਰੇ ਵਿੱਚ ਘਿਰਦੀ ਜਾ ਰਹੀ ਹੈ। ਹਾਲੇ ਐਸ.ਵਾਈ.ਐਲ. ਦੇ ਮਾਮਲੇ ਵਿੱਚ ਪੰਜਾਬ ਸਰਕਾਰ ਦੀ ਭੂਮਿਕਾ, ਗੈਰ-ਕਾਨੂੰਨੀ ਖਣਨ ਵਿਵਾਦ ਅਤੇ ਲਗਾਤਾਰ ਵਧ ਰਹੇ ਨਸ਼ਿਆਂ ਦੇ ਪਸਾਰੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਚਰਚੇ ਚੱਲ ਹੀ ਰਹੇ ਸਨ ਕਿ

ਹੁਣ ਸਿੱਖਿਆ ਮੰਤਰੀ ਖਿਲਾਫ ਉਨ੍ਹਾਂ ਦੇ ਪਿੰਡ ਗੰਭੀਰਪੁਰ ਵਿੱਚ 60 ਦਿਨਾਂ ਤੋਂ ਧਰਨਾ ਦੇ ਰਹੇ ਬਰਖਾਸਤ ਅਸਿਸਟੈਂਟ ਪ੍ਰੋਫੈਸਰਾਂ ਵਿੱਚੋਂ ਇੱਕ ਬਲਵਿੰਦਰ ਕੌਰ ਵੱਲੋਂ ਖੁਦਕੁਸ਼ੀ ਕਰ ਲਏ ਜਾਣ ਦੇ ਮਾਮਲੇ ਨੇ ਤੂਲ ਫੜ ਲਈ ਹੈ। ਯਾਦ ਰਹੇ, ਇੱਕ ਲਕੀਰਦਾਰ ਪੰਨੇ ਦੇ ਸੁਸਾਇਡ ਨੋਟ ‘ਤੇ ਆਪਣੇ ਖੂਨ ਨਾਲ ਅੰਗੂਠੇ ਲਗਾ ਕੇ ਅਤੇ ਇੱਕ ਵੋਇਸ ਮੈਸੇਜ ਛੱਡ ਕੇ ਬਲਵਿੰਦਰ ਕੌਰ ਨੇ ਰੋਪੜ ਵਿਖੇ ਬੀਤੇ ਸ਼ਨਿਚਰਵਾਰ ਸਰਹਿੰਦ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ। ਪੁਲਿਸ ਵੱਲੋਂ ਲਗਤਾਰ ਭਾਲ ਪਿੱਛੋਂ ਬੀਤੇ ਸੋਮਵਾਰ ਦੁਪਹਿਰ ਬਾਅਦ ਉਸ ਦੀ ਲਾਸ਼ ਬਰਾਮਦ ਕਰ ਲਈ ਗਈ। ਉਸ ਦੀ ਲਾਸ਼ ਰੋਪੜ ਦੇ ਬਾਈਪਾਸ ਪੁਲ ਨੇੜਿਉਂ ਝਾੜੀਆਂ ਵਿੱਚ ਫਸੀ ਮਿਲੀ। ਬਲਵਿੰਦਰ ਕੌਰ ਦੀ ਲਾਸ਼ ਰੋਪੜ ਦੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖੀ ਗਈ ਹੈ।
‘1158 ਸਹਾਇਕ ਪ੍ਰੋਫੈਸਰ ਤੇ ਲਾਇਬਰੇਰੀਅਨ ਸਰਕਾਰੀ ਕਾਲਜ ਫਰੰਟ’ ਵਲੋਂ ਬਲਵਿੰਦਰ ਦੀ ਆਖਰੀ ਇੱਛਾ ਅਨੁਸਾਰ ਉਸ ਦੀ ਲਾਸ਼ ਇੱਕ ਦਿਨ ਲਈ ਫਰੰਟ ਨੂੰ ਦੇਣ ਦੀ ਮੰਗ ਕੀਤੀ ਗਈ, ਪਰ ਪੁਲਿਸ ਨੇ ਲਾਸ਼ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਸਰਕਾਰ ਵਲੋਂ ਸਿਵਲ ਹਸਪਤਾਲ ਰੋਪੜ ਵਿੱਚ ਵੱਡੀ ਪੱਧਰ ‘ਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਬਲਵਿੰਦਰ ਕੌਰ ਦੇ ਇੱਕ ਚਚੇਰੇ ਭਰਾ ਦੇ ਕਹਿਣ ‘ਤੇ ਪੁਲਿਸ ਨੇ ਬਲਵਿੰਦਰ ਦੇ ਸਹੁਰਾ ਪਰਿਵਾਰ ਖਿਲਾਫ ਤੰਗ ਪ੍ਰੇਸ਼ਾਨ ਕਰਨ ਦਾ ਕੇਸ ਦਰਜ ਕਰ ਲਿਆ ਸੀ, ਪਰ ਬਾਅਦ ਖੁਦਕਸ਼ੀ ਨੋਟ ਸਾਹਮਣੇ ਆਉਣ ਅਤੇ ਵੋਇਸ ਮੈਸੇਜ ਵਿੱਚ ਆਪਣੀ ਆਖਰੀ ਇੱਛਾ ਦਾ ਪ੍ਰਗਟਾਵਾ ਸਾਹਮਣੇ ਆਉਣ ਤੋਂ ਬਾਆਦ ਪੇਕਾ ਪਰਿਵਾਰ ਵਲੋਂ ਆਪਣਾ ਬਿਆਨ ਅਤੇ ਕੇਸ ਵਾਪਸ ਲੈ ਲਿਆ ਗਿਆ ਹੈ। ਆਪਣੇ ਸੁਸਾਇਡ ਨੋਟ ਵਿੱਚ ਬਲਵਿੰਦਰ ਕੌਰ ਨੇ ਦੋ ਵਾਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਨਾਮ ਲਿਖ ਕੇ ਉਸ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ। ਉਸ ਨੇ ਲਿਖਿਆ ਕਿ ਨੌਕਰੀ ਚਲੀ ਜਾਣ ਕਾਰਨ ਉਸ ਨੂੰ ਦੋ ਵਾਰ ਗਰਭਪਾਤ ਕਰਵਾਉਣਾ ਪਿਆ। ਉਸ ਨੇ ਲਿਖਿਆ, ਮੇਰੇ ਬੱਚੇ ਦੀ ਮੌਤ ਲਈ ਵੀ ਸਿੱਖਿਆ ਮੰਤਰੀ ਬੈਂਸ ਜ਼ਿੰਮੇਵਾਰ ਹੈ। ਇਸ ਮਾਮਲੇ ਨੂੰ ਲੈ ਕੇ ਸਾਰੀਆਂ ਵਿਰੋਧੀ ਪਾਰਟੀਆਂ ਵੀ ਸਰਕਾਰ ਖਿਲਾਫ ਸਰਗਰਮ ਹੋ ਗਈਆਂ ਹਨ।
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਸਾਬਕਾ ਸਿੱਖਿਆ ਮੰਤਰੀ ਅਤੇ ਸਿਟਿੰਗ ਐਮ.ਐਲ.ਏ. ਪ੍ਰਗਟ ਸਿੰਘ ਨੇ ਵੀ ਹਰਜੋਤ ਬੈਂਸ ਖਿਲਾਫ ਕੇਸ ਦਰਜ ਕਰਨ ਦੀ ਮੰਗ ਉਠਾਈ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਸਿਰਫ ਬਲਵਿੰਦਰ ਕੌਰ ਦਾ ਕੇਸ ਨਹੀਂ, ਸਾਡੇ ਬਹੁਤੇ ਬੱਚੇ ਇਸ ਕਿਸਮ ਦੀ ਮਾਨਸਿਕ ਹਾਲਤ ਵਿੱਚ ਹੀ ਜੀ ਰਹੇ ਹਨ। ਇਸ ਦੌਰਾਨ ਅਕਾਲੀ ਆਗੂ ਤਾਂ ਰੋਪੜ ਦੇ ਥਾਣਾ ਸਿਟੀ ਅੱਗੇ ਧਰਨਾ ਲਾ ਕੇ ਬੈਠ ਗਏ। ਉਨ੍ਹਾਂ ਕਿਹਾ ਕਿ ਉਹ ਉਦੋਂ ਤੱਕ ਇੱਥੇ ਹੀ ਬੈਠਣਗੇ, ਜਦੋਂ ਤੱਕ ਸੁਸਾਇਡ ਨੋਟ ਅਨੁਸਾਰ ਹਰਜੋਤ ਸਿੰਘ ਬੈਂਸ ਖਿਲਾਫ ਕੇਸ ਦਰਜ ਨਹੀਂ ਹੋ ਜਾਂਦਾ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਸੁਸਾਇਡ ਨੋਟ ਮ੍ਰਿਤਕ ਦੀ ਡਾਈਂਗ ਡੈਕਲੇਰੇਸ਼ਨ ਹੁੰਦਾ ਹੈ। ਡਾਈਂਗ ਡੈਕਲੇਰੇਸ਼ਨ ਦੋਸ਼ੀ ਖਿਲਾਫ ਪੱਕਾ ਤੇ ਅੰਤਿਮ ਸਬੂਤ ਮੰਨੀ ਜਾਂਦੀ ਹੈ। ਅਜਿਹੇ ਕੇਸਾਂ ਵਿੱਚ ਕਿਸੇ ਪ੍ਰਾਈਵੇਟ ਗਵਾਹੀ ਦੀ ਵੀ ਲੋੜ ਨਹੀਂ ਹੁੰਦੀ। ਯਾਦ ਰਹੇ, ਇਸ ਤੋਂ ਪਹਿਲਾਂ ਰੇਤ ਦੇ ਨਾਜਾਇਜ਼ ਖਣਨ ਵਿੱਚ ਵੀ ਸਿੱਖਿਆ ਮੰਤਰੀ ਬੈਂਸ ਦਾ ਨਾਂ ਚਰਚਾ ਵਿੱਚ ਹੈ।
ਬਲਵਿੰਦਰ ਕੌਰ ਦੀ ਲਾਸ਼ ਮਿਲਣ ਤੋਂ ਬਾਅਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ, ਦਲਜੀਤ ਸਿੰਘ ਚੀਮਾ ਅਤੇ ਭਾਜਪਾ ਆਗੂ ਅਜੈਵੀਰ ਸਿੰਘ ਲਾਲਪੁਰਾ ਪਰਿਵਾਰ ਨੂੰ ਦਿਲਾਸਾ ਦੇਣ ਲਈ ਸਿਵਲ ਹਸਪਤਾਲ ਪੁੱਜ ਗਏ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਪਰਿਵਾਰ ਨਾਲ ਹਮਦਰਦੀ ਪਰਗਟ ਕਰਨ ਲਈ ਰੋਪੜ ਪੁੱਜੇ। ਅਕਾਲੀ ਆਗੂ ਅਮਰਜੀਤ ਸਿੰਘ ਚਾਵਲਾ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਗੋਗੀ ਅਤੇ ਪਰਮਜੀਤ ਸਿੰਘ ਮੱਕੜ ਆਦਿ ਵੀ ਇਸ ਮੌਕੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਡਟੇ ਹੋਏ ਸਨ। ਇੱਥੇ ਇਕੱਤਰ ਹੋਏ ਸਾਰੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਮੰਤਰੀ ਮੰਡਲ ਵਿੱਚੋਂ ਫਾਰਗ ਕਰਕੇ ਉਨ੍ਹਾਂ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ।
ਇਸੇ ਦੌਰਾਨ ਸਮਾਜਿਕ-ਮਨੋਵਿਗਿਆਨ ਦੇ ਮਾਹਿਰਾਂ ਦਾ ਇਸ ਸਬੰਧ ਵਿੱਚ ਕਹਿਣਾ ਹੈ ਕਿ ਇਸ ਕਿਸਮ ਦੀ ਖੁਦਕੁਸ਼ੀਆਂ ਇਸ ਤੱਥ ਦਾ ਸੁਰਾਗ ਦਿੰਦੀਆਂ ਹਨ ਕਿ ਸਮਾਜਿਕ ਹਾਲਤ ਬੇਹੱਦ ਮਾੜੀ ਹੈ। ਇੱਕ ਸੁਸਾਇਡ ਇਕੱਲਾ ਮਨੋਵਿਗਿਆਨਕ ਵਿਕਾਰ ਜਾਂ ਦਬਾਅ ਦਾ ਸਿੱਟਾ ਨਹੀਂ ਹੁੰਦਾ, ਇਹ ਸਮਾਜਿਕ ਘਟਨਾਕ੍ਰਮ ਤੇ ਵਰਤਾਰਾ ਹੈ। ਇਸ ਆਪਣੀਆਂ ਸਮਾਜਿਕ, ਵਿਦਿਅਕ ਅਤੇ ਆਰਥਿਕ ਸੰਸਥਾਵਾਂ ਬਾਰੇ ਵਿਆਪਕ ਪੜਾਤਲ ਕਰਨ ਦੀ ਲੋੜ ਹੈ। ਯਾਦ ਰਹੇ, ਸਰਕਾਰੀ ਅਸਿਸਟੈਂਟ ਪ੍ਰੋਫੈਸਰ ਅਤੇ ਲਾਇਬਰੇਰੀਅਨ ਪਿਛਲੇ 60 ਦਿਨਾਂ ਤੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿੱਚ ਧਰਨਾ ਦੇ ਰਹੇ ਹਨ। ਬਲਵਿੰਦਰ ਕੌਰ ਵੀ ਇਨ੍ਹਾਂ ਵਿੱਚ ਸ਼ਾਮਲ ਸੀ। ਬਲਵਿੰਦਰ ਕੌਰ ਦੀ ਖੁਦਕੁਸ਼ੀ ਨਾਲ ਇਹ ਮਾਮਲਾ ਹੁਣ ਰਾਜਨੀਤਿਕ ਰੰਗਤ ਅਖਤਿਆਰ ਕਰ ਗਿਆ ਹੈ ਅਤੇ ਤਕਰੀਬਨ ਸਾਰੀਆਂ ਰਾਜਨੀਤਿਕ ਪਾਰਟੀ ਹੁਣ ਸ਼ੰਘਰਸ ਕਰ ਰਹੇ ਇਨ੍ਹਾਂ ਲਾਇਬਰੇਰੀਅਨਾਂ ਅਤੇ ਅਸਿਸਟੈਂਟ ਪ੍ਰੋਫੈਸਰਾਂ ਨਾਲ ਆ ਖਲੋਈਆਂ ਹਨ।

Leave a Reply

Your email address will not be published. Required fields are marked *